ਚੀਕ-ਬੁਲਬਲੀ (ਕਹਾਣੀ)

ਲਾਲ ਸਿੰਘ ਦਸੂਹਾ   

Email: voc_lect2000@yahoo.com
Phone: +91 1883 285731
Cell: +91 94655 74866
Address: ਨੇੜੇ ਸੈਂਟ ਪਾਲ ਕਾਨਵੈਂਟ ਸਕੂਲ ਪਿੰਡ ਨਿਹਾਲਪੁਰ , ਦਸੂਹਾ
ਹੁਸ਼ਿਆਰਪੁਰ India 144205
ਲਾਲ ਸਿੰਘ ਦਸੂਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲੈ , ਏਨ੍ਹਾਂ ਤੋਂ ਕੀ ਪੁੱਛਣਾ ! ਮੇਤੋਂ ਪੁੱਛ ! ਮੈਂ ਦਸਦੀ ਆਂ ਤੈਨੂੰ ਵਿਚਲੀ ਗੱਲ ! ਮੈਂ ਈ ਜ਼ੋਰ ਪਾ ਕੇ ਬੁਣਾਆਇਆ । ਸਾਡੇ ਏਹ ਤਾਂ ਮੰਨਦੇ ਈ ਨਈਂ ਸੀ । ਕਹਿੰਦੇ ਸੀ – ‘ ਛੱਡ ਕਰ ਚਰਨ ਕੋਰੇ , ਏਹ ਕੇੜ੍ਹੇ ਕੰਮਾਂ ਚੋਂ ਕੰਮ ਆਂ । ਵਾਫ਼ਰ ਜਿਆ । ਵਾਧੂ ਦਾ ਖ਼ਰਚ-ਖ਼ਰਾਬਾ । ਏਹ ਕਹਿਣ-ਓਹੀਂ ਪੈਹੇ ਹੋਰ ਕਿਤੇ ਲਾਅ । ਟੈਲਾਂ ਲੁਆ ਗੁਰਦੁਆਰੇ ।ਵਾਗਲਾ ਕੁਰਆ ਸ਼ਹੀਦੀਂ । ਹੋਰ ਥਾਮਾਂ ਥੋੜੀਆਂ ਪਿੰਡ ‘ਚ ਸੁਆਰਨ ਨੂੰ । ਮਸਾਣਾਂ ਆਂ , ਸਕੂਲ ਵੀ ਹੈਗਾ ਢੱਠਾ ਜਿਆ ! ਕਮਰਾ ਬੁਣਆ ਦੇ ਓਥੇ । ਦੇਖਣ ਆਲੇ ਦੇਖਣਗੇ , ਯਾਦ ਕਰਨਗੇ । ਪੁੰਨਦਾਨ ਹੋ ਜਾਊ , ਨਾਲੇ ਅੱਗਾ ਸੰਵਰੂੰ ‘ । ਏਹ ਤਾਂ ਮੈਂ ਈ ਨੀਂ ਮੰਨੀ । ਮੈਂ ਈ ਅੜੀ ਰਈ । ਮੈਂ ਖਿਆ – ‘ ਅੱਗਾ ਜਿਸਲੇ ਆਊ ਉਸਲੇ ਦੇਖੀ ਜਾਊ । ਪਹਿਲਾਂ ਆਹ ਜੂਨ ਤਾਂ ਸੁਧਰੇ ! ‘ ਮੈਨੂੰ ਤਾਂ ਜਾਣੋਂ ਜੀਣਾ ਹਰਾਮ ਲੱਗਣਾ ਸੀ ਓਦਣ ਦਾ । ਜਿੱਦਣ ਦੀ ਹਾਅ ਖੇਹ ਘੋਲੀ ਆ ਕੰਜਰ ਦੇ ਬੀਅ ਨੇ । ਹਾ ਜੇੜ੍ਹਾ ਵੜਾ-ਵਕੀਲ ਜਿਆ ਬਣਿਆ ਫਿਰਦਾ , ਪਾਲਾ ਘੜਾਲਾ ਜਿਆ । ਹੈਂਅ ਦੱਸ ! ਨੀ ਸਾਡੇ ਘਰੋਂ ਖਾਂਦਾ ਰਿਆ । ਐਥੇ ਈ ਸੌਂਦਾ –ਮਰਦਾ ਰਿਆ । ਹਜੇ ਕਲ੍ਹ ਦੀਆਂ ਗੱਲਾਂ । ਹੁਣ ਜੇ ਮਾੜੀ-ਮੋਟੀ ਸੁਰਤ ਆ ਈ ਗਈ ਆ , ਤਾਂ ਆਕੜ ਦੇਖ ਲਾਅ ਔਂਤ-ਜਾਣੇ ਦੀ । ਮੈਂ ਤਾਂ ਕਹਿੰਨੀ ਆਂ ਨਿੱਜ ਹੋਮੇਂ ਐਹਾ ਜਿਆ । ਮੈਂ ਤਾਂ ਪੱਛੋਤਾਓਨੀ ਆਂ ਓਸ ਘੜੀ ਨੂੰ ਜਿੱਦਣ ਹਾਂ ਕਰ ਬੈਠੀ । ਚੱਲ ਜੇ ਕਰ ਈ ਬੈਠੀਂ ਆਂ ਤਾਂ ਹੇਠਾ-ਉੱਤਾ ਵੀ ਮੈਂ ਕੀ ਕਰੂੰ । ਸੁਧਾਰੂੰ ਵੀ ਮੈਂ ਈ ! ਲੱਤ ਹੇਠੋਂ ਦੀ ਲੰਘਾਊ ਵੱਡੇ ਲਾਟ ਸਾਬ੍ਹ ਨੂੰ । ਮੈਨੂੰ ਤਾਂ ਹਜੇ ਅਗਲੀਓ ਈ ਨਈਂ ਭੁੱਲਦੀ ! ਮੈਂ ਤਾਂ ਓਦੋਂ ਮੀਂ ਕਹਿੰਦੀ ਸੀ , ਏਹ ਸਾਰੀ ਕਾਰਸਤਾਨੀ ਹੈ ਈ ਏਸੇ ਗੋਲੀ-ਲੱਗੜੇ ਦੀ । ਨਈਂ , ਅੱਗੇ ਨਈਂ ਹਿੱਲੀ ਸਰਪੰਚੀ ! ਜਦ ਦੀ ਮੈਂ ਆਈ ਆਂ , ਪਹਿਲਾਂ ਏਨਾਂ ਦੇ ਬਾਪੂ ਜੀ ਹੁੰਦੇ ਸੀ ਸਰਪੰਚ । ਫੇਏ  ਏਹ ਆਪੂੰ ਰਏ ਐਨੀ ਫੇਰਾਂ । ਏਹ ਤਾਂ ਆਹ ਪੂਰੇ-ਪਰਾਰ ਜਏ ਪਤਆ ਨਈਂ ਕੀ ਪਾਇਆ ਏਸ ਖੇਹ-ਪੈਣੇ ਨੇ ਸਾਰੇ ਪਿੰਡ ਦੇ ਸਿਰ ‘ਚ , ਪਤਾ ਨਈਂ ਕੀ ਟੂਣਾ ਕੀਤਾ , ਸਾਰਾ ਪਿੰਡ ਈ ਏਦੇ ਪਿੱਛੇ ਲੱਗ ਤੁਰਿਆ । ਉਹ ਲੰਙੀ ਜੇਈ ਬਣਾਤੀ ਸਰਪੰਚਣੀ । ਕੀ ਨਾਂ ਓਦ੍ਹਾ ਈਸਰੀ-ਈਸਰੀ । ਸਾਡੇ ਏਹ ਤਾਂ ਓਦੋਂ ਮੀਂ ਹੈਦਾਂ ਈ ਆਖੀ ਜਾਣ ਮੈਨੂੰ । ਕਹਿਣ-‘ਛੱਡ ਪਰ੍ਹਾਂ ਚਰਨ ਕੋਰੇ , ਕਿਉਂ ਕਲਪੀ ਜਾਨੀ ਆਂ । ਏਦ੍ਹੇ ‘ਚ ਨਾ ਪਿੰਡ ਦਾ  ਕਸਰੂ ਆ ਨਾ ਓਦ੍ਹਾ । ਏਹ ਤਾਂ ਸਰਕਾਰੂ ਹੁਕਮ ਸੀ ਮੰਨਣਾ ਪੈਣਾ ਸੀ । ਨਾਲੇ ਜਾਤਾਂ ਪਾਤਾਂ ‘ਚ ਕੀ ਰੱਖਿਆ । ਉਹ ਕੇੜ੍ਹਾ ਓਪਰੀ ਆ । ਅਪਣੀ  ਦਿਹਾੜੀਦਾਰ ਈ ਆ । ਆਪਣਾ ਈ ਮੁੰਡਾ ਓਦ੍ਹੀ ਪਿੱਠ ‘ਤੇ ਆ , ਪਾਲ ਸੂੰਹ । ਉਹ ਪੜ੍ਹਿਆ-ਲਿਖਿਆ ਆ । ਊਂ ਮੀਂ ਸਿਆਣਾ । ਕੰਮ ਤਾਂ ਉਨ੍ਹੇ ਕਰਨੇ। ਕ੍ਹਾਨੂੰ ਵਗਾੜਨੀ ਆਂ ਕਿਸੇ ਨਾਂ । ‘ ਚੱਲ੍ਹ ਉਹ ਵੀ ਸਾਡੇ ਏਨ੍ਹਾਂ ਨੇ ਜਿੱਦਾਂ ਕੇਹੀ ਮੈਂ ਮੰਨ ਲਈ । ਸਬਰ ਕਰ ਲਿਆ ਔਖੀ-ਸੌਖੀ ਨੇ । ਹੁਣ ਦੇਖ ਲਾਅਕੀ ਚੰਦ ਚਾੜਿਆ ! ਟੁੱਟ –ਪੈਣੇ ਨੇ । ਓਦਾਂ ਸੱਚੀ ਗੱਲ ਆਂ ਉਨ੍ਹੇ ਐਦਾ ਕਦੀ ਕੀਤੀ ਨਈਂ ਸੀ । ਅੱਜ ਤਾਈਂ ਨੀ ਕੀਤੀ । ਏਹ ਓਦ੍ਹੀ ਪਿੱਠ ਸੁਣਦੀ ਆ ।ਜੇ ਉਨ੍ਹੇ ਨਈਂ ਕੀਤੀ ਤਾਂ ਮੈਂ ਮੀਂ ਉਦ੍ਹੇ ਨਾਲ ਕੋਈ ਤੇਰ-ਮੇਰ ਨਈਂ ਰੱਖੀ । ਅੱਜ ਤਾਈਂ ਨਈਂ ਰੱਖੀ ।ਏਹ ਤਾਂ ਜਿੱਦਣ ਦੀ ਆਹ ਨਮੀਓਂ ਗੱਲ ਦੱਸੀ ਆ ਏਨ੍ਹਾਂ ਤਸੀਲੋਂ ਆਕੇ ,ਮੇਰੇ ਤਾਂ ਅੰਦਰੋਂ ਬਲ਼-ਬਲ਼ ਉਠਦੀਆਂ। ਸਾਡੇ ਏਹ ਤਾਂ ਹਜੇ ਵੀ ਕੈਹੀ ਜਾਂਦੇ ਆ – ‘ਚੱਲ ਜੇ ਕਰ ਈ ਬੈਠਾ , ਤਾਂ ਛੱਡ ਪਰ੍ਹਾਂ । ਹੈ ਤਾਂ ਫੇਏ ਵੀ ਤੇਰਾ ਈ । ‘ ਮੈਂ ਖਿਆ –‘ਨਾ ਜੀ ਨਾ , ਹੁਣ ਨਾ ਆਖੋ । ਹੁਣ ਤਾਂ ਮੈਂ ਸੁਣਨੀ ਨਈਂ ਇੱਕ ਵੀ ਹੁਣ ਤਾਂ ਅੜੀ ਪੂਰੀ ਕਰਕੇ ਹਟੂੰ । ਹੁਣ ਤਾ ਕੁਢਆਊਂ ਮੈਂ ਨੱਕ ਨਾ ‘ ਲਕੀਰਾਂ । ਓਸ ਕੱਲਗਦੇ ਤੋਂ ਮੀਂ ,ਸਾਡੇ ਪਿੰਡ ਤੋਂ ਮੀਂ । ਹੁਣ ਦੇਖੀਂ ਤੂੰ ਨੱਕ ਨੀਮਾਂ ਹੁੰਦਾ ਕਿ ਨਈਂ ਹੁੰਦਾ ! ਵਿਚੇਈ ਜੱਟਾਂ ਦਾ , ਵਿਚੇਈ ਚਮਾੜ੍ਹਲੀ ਦਾ , ਵਿਚੇਈ ਓਦਾ । ਉਹ ਜੇੜ੍ਹਾ ਵਕੀਲ-ਵਕੂਲ ਜੇਆ ਬਣਿਆ ਫਿਰਦਾ .....।‘
“ ਕੀ ਕਿਹਾ-ਵਕੀਲੋਂ ਉੱਪਰ ਹੋ ਗਿਆ । ਜੱਜ ਬਣ ਗਿਆ ? ਛਾਰਪੁਰ ਚਲੇ ਗਿਆ । ? “ ਹਾਅ ਕੁੜੇ ਤੈਨੂੰ ਕਿੰਨ੍ਹੇ ਦੱਸਿਆ । ਸੱਚੀ ਗੱਲ ਆ , ਮਛਗੂਲਾ ਤਾਂ ਨਈਂ ਕਰਦੀ ? ...ਅੱਛਇਆ ਏ ਗੱਲ ਆ ।ਮੈਂ ਨਾ ਆਖਾਂ ਚਮਾੜ੍ਹਲੀ ਆਫ਼ਰੀ ਕਾਤੋਂ ਫਿਰਦੀ ਆ ।ਵੇਹੜਾ ਆਕੜ-ਆਕੜ ਕਾਹਤੋਂ ਤੁਰਦਾ ਆ ਪਰਸੋਂ ਚੌਥ ਤੋਂ  । ਲਾਜੋ ਵੀ ਖ਼ਬਰਿਆ ਤਾਈਉਂ ਨੀ ਆਈ । ...ਹੁੰਦਾ ਈ ਆ ,ਭੈਣ ਮੇਰੀਏ ਚਾਅ ਤਾਂ ਹੁੰਦਾ ਈ ਆ । ਖੁਰਸੀ ਤਾਂ ਐਥੇ ਪਿੰਡ ਦੀ ਨਈਂ ਮਾਣ । ਉਹ ਤਾਂ ਭਲਾ ਹੈਗੀ  ਈ ਅਫਸਰੀ । ਦੇਖ ਲਾਅ ਅੜੀਏ ਟੈਮ ਟੈਮ ਦੀਆਂ ਗੱਲਾਂ । ਨਿੱਕਾ ਹੁੰਦਾ ਐਥੇ ਈ ਪੈ ਜਿਹਾ ਕਰੇ , ਪੜ੍ਹ-ਪੁੜ੍ਹ ਕੇ । ਸੁਖੇ ਸਾਡੇ ਲਾਗੇ ਹਰੋਜ਼ । ਹਾਰ ਕੇ ਇਕ ਦਿਨ ਮੈਂ ਗੁੱਸੇ ਹੋਈ ਸੁੱਖ ਨੂੰ । ਮੈਂ ਕਿਆ – ‘ਰਾਹ ਰਾਹ ਦੀ ਗੱਲ ਚੰਗੀ ਲੱਗਦੀ ਆ । ਏਦ੍ਹੇ ਬਿਨਾਂ ਜੇ ਪੜ੍ਹ ਨੀ ਸਕਦਾ ਤੂੰ , ਤਾਂ ਏਦ੍ਹਾ ਮਤਬੱਲ ਏਹ ਤਾਂ ਨੀ , ਪਈ , ਏਹ ਸੌਮੇਂ ਵੀ ਤੇਰੇ ਲਾਗੇ , ਬਰੋਬਰ ਮੰਜੀ ਡਾਹ ਕੇ । ‘ ਮੁੰਡਾ ਮੇਰਾ ਤਾਂ ਕੁਸ਼ ਨੀ ਬੋਲਿਆ , ਸਾਡੇ ਏਨ੍ਹਾਂ ਮੈਨੂੰ ਓਸਲੇ ਟੋਕ ਦਿੱਤਾ । ਕਹਿਣ ਲੱਗੇ – “ ਚਰਨ ਕੋਰੇ , ਤੂੰ ਮੀਂ ਹੱਦ ਕਰਦੀ ਆਂ । ਕਿੱਥੇ ਜਾਦੇਂ ਫਿਰੂ ਅੱਧੀ ਰਾਤੀਂ । ਸੌਣਾ ਈ ਹੁੰਦਾ ਦੋ ਘੜੀਆਂ । ਚੱਲ ਜੇ ਮੰਜੀ ਨਈਂ ਤਾਂ ਫੱਟਾ ਜੁ ਪਿਆ ਕੰਧ ਲਾਗੇ ਬੈਠਣ ਆਲਾ । ਉਹਤੇ ਪੈ ਜਿਆ ਕਰੂ । ਓਹ ਕੋਈ ਮਾੜਾ ਕੰਮ ਕਰਦਾ । ਚਾਰ ਅੱਖਰ ਦੱਸਦਾ ਈ ਨਲੈਕ ਤੇਰੇ ਨੂੰ । ਓਂ ਤਾਂ ਏਨੂੰ ਇੱਲ ਦਾ ਨਾਂ ਕੁੱਕੜ ਨੀ ਆਉਂਣਾ । “ ਲੈ ਅੜੀਏ , ਉਹ ਦਿਨ ਜਾਏ ਅੱਜ ਦਾ ਆਏ , ਮੈਂ ਨੀਂ ਰੋਕਿਆ ਉਨੂੰ ਕਿਸੇ ਵੀ ਗੱਲੋਂ । ਸੱਚੀ ਗੱਲ ਆ । ਬੰਦੇ ਫੇਏ  ਵੀ ਬੰਦੇ ਹੁੰਦੇ ਆ ।ਸਾਡੀ ਜਨਾਨੀਆਂ ਦੀ ਤਾਂ ਜਿੱਦਾਂ ਕਹਿੰਦੇ ਆ ਮੱਤ ਗੁੱਤ ਪਿੱਛੇ ਹੁੰਦੀ ਆ । ਸਾਨੂੰ ਨੀ ਅਹੁੰੜਦੀ ਲੰਮੀ ਚੌੜੀ । ਓਦਾਂ ਵੀ ਸਾਡੇ ਏਨ੍ਹਾਂ ਦਾ ਸੁਭਾ ਈ ਐਹਾ-ਜਿਹਾ । ਏਹ ਨੀਂ ਕਿਸੇ ਨੂੰ ਦੁੱਖ ਦੇ ਕੇ ਰਾਜ਼ੀ । ਓਦਣ ਮੈਂ ਜੇ ਹੁੜ-ਮੱਤ ਕਰਦੀ ਤਾਂ ਕ੍ਹਾਨੂੰ ਕਰ ਹੋਣੀਆਂ ਸੀ ਦਸ ਜਮਾਤਾਂ ਸੁੱਖੇ ਸਾਡੇ ਤੋਂ । ਸੱਚੀ ਦੱਸਾਂ , ਪਾਲੇ ਆਸਰੇ ਈ ਹੋਇਆ ਸੁੱਖਾ ਬਾਅਰ ਜਾਣ ਜੋਗਾ । ਨਈਂ ਦੂਜੇ ਹੈਗੇ ਈ , ਦੋਨੋ ਬੁਲਡਓਂਗ । ਸਾਡੇ ਏਹ ਟਿਟਕ ਕੇ ਮਰ ਗਏ ਏਨ੍ਹਾਂ ਪਿੱਛੇ  ਹਰੋਜ਼ ਕਿਹਾ ਕਰਨ , “ ਕੰਜਰੋ , ਹਰਾਮ ਦਿਓ ਪੜ੍ਹ ਲਓ ਚਾਰ ਅੱਖਰ ਪੜ੍ਹ ਲਓ । “ ਪਰ ਜੀ ਕਿੱਥੇ । ਸਮਝਾ-ਬੁਝਾ ਕੇ ਵੀ ਦੇਖਿਆ ਪੇਏ ਨੇ । ਪਰ ਨਈਂ । ਇਲਮ-ਵਿੱਦਿਆ ਜਾਣੋਂ  ਏਨ੍ਹਾਂ ਦੇ ਕਰਮਾਂ ‘ਚ ਈ ਹੈ ਨੀਂ ਸੀ । ਜੇ ਹੁੰਦੀ ਤਾਂ ਆਹੀ ਕੁਸ਼ ਕਰਦੇ । ਹੁਣ ਐਥੇ ਈ ਖੇਹ ਛਾਣਦੇ ਆ । ਸੌ ਐਬ ਲੱਗਇਆ ਆ । ਜੋ ਹੱਥ ਲਗਦਾ ਖਾਈ ਤੁਰੀ ਜਾਂਦੇ ਆ । ਫੀਮ , ਭੁੱਕੀ , ਜਰਦਾ । ਅੱਗ-ਲੱਗੜੀ ਛੜੀ ਛਰਾਬ ਨੇ ਤਾਂ ਜਾਣੋ ਏਨ੍ਹਾਂ ਦੀ ਪੱਟੀ ਈ ਮੇਸਤੀ । ਜੇ ਪੱਲੇ ਹੁੰਦੇ ਚਾਰ ਅੱਖਰ , ਤਾਂ ਹੁਣ ਨੂੰ ਕਿਸੇ ਸਿਰੇ ਲੱਗੇ ਹੋਣਾ ਸੀ । ਜਿੱਦਾਂ ਹੱਥ ਅੜਦਾ ਸੀ ਮੇਰਾ । ਤੈਨੂੰ ਪਤਾ ਈ ਆ , ਭਰਾ ਮੇਰੇ ਦੋਨੋਂ ਬਾਅਰ ਆ , ‘ ਮਰੀਕੇ-ਕਨੇਡੇ ‘ । – ਭੈਣ ਤੂੰ ਮੀਂ ਪੁੱਜ ਐਥੇ , ਭਾਈਏ  ਸਮੇਤ । ਮੈਂ ਕਹਿੰਨੀ ਆਂ ,ਪੱਕੇ ਪੈਰੀਂ ਹੋ ਕੇ ਜਾਮਾਂ । ਪਿੱਛੇ ਕੀ ਪਤਆ , ਸਾਰੀ ਖੇਹ ਖਰਾਬ ਕਰ ਸੁੱਟਣ , ਟੁੱਟ ਪੈਣੇ ਵੱਡੇ । ਇਕ ਗੱਲ ਦੱਸਾਂ , ਐਹੋ ਜਏ ਕੰਮਾਂ ‘ਚ ਬੜੀ ‘ਮਦਾਦ ਕੀਤੀ ਆ ਸਾਡੇ ਪਾਲੇ –ਗੁਲਾਲੇ ਨੇ । ਊਂ ਵੀ ਧੇਲਾ ਨੀ ਲਿਆ ਸਾਤੋਂ । ਹੁਣ ਤਾਈਂ ਨਈਂ ਲਿਆ । ਏਹ ਉਦ੍ਹੀ ਪਿੱਠ ਸੁਣਦੀ ਆ । ਮੈਂ ਤਾਂ ਕਹਿਨੀ ਆਂ ਜੇ ਉਨੂੰ ਜੱਜੀ ਮਿਲ ਗਈ ਆ , ਤਾਂ ਖਰਾ ਈ ਹੋਇਆ ਇਕ ਗੱਲੋਂ । ਛਾਰਪੁਰ ਕੇੜ੍ਹਾ ਦੂਰ ਆ ! ਜਿੰਨਾ ਐਸ ਵੰਨੇ ਨਮਾਂ-ਸ਼ੈਅਰ , ਓਨਾਂ ਈ ਓਅਸ ਵੰਨੇ ਛਾਰਪੁਰ । ਮੈਂ ਕਹੂੰ , ਸਾਡੇ ਏਨ੍ਹਾਂ ਨੂੰ ਪਈ ਉਨੂੰ ਕੱਲ੍ਹ ਨੂੰ ਈ ਜਾ ਮਿਲੋ । ...ਓਥੇ ਬੈਠਾ ਤਾਂ ਸਗੋਂ ਬਓਤੀ ‘ਮਦਾ ਕਰੂ ਸਾਡੀ ।
“ ਕੀ ਕਿਹਾ ! ਏਦ੍ਹਾਂ ਨਈਂ ਕਰਦੇ ਹੁੰਦੇ ਏਹ ....?” ਕਿਉਂ ਨਈਂ ਕਰਦੇ ? ਹੋਰ ਕਰਨ ਨਾ ਕਰਨ , ਮੇਰਾ ਪਾਲ ਸੂੰਹ ਬਰ-ਜ਼ਰੂਰ ਕਰੂ । ਸਾਡੇ ਏਹ ਕਹਿਣ ਨਾ ਕਹਿਣ  , ਮੈਂ ਕਹੂੰ ਆਪੂੰ , ਮੈਂ ਦੱਸੂ ਸਾਰੀ ਗੱਲ । ਨਾਲੇ ਕਹੂੰ – ਏਹ ਕੰਮ ਕਰਨਾ ਈ ਕਰਨਾ । ਦੇਖੀਂ ਤਾਂ ਸਈ ਤੂੰ । ਮੈਨੂੰ ਪਤਆ ਉਦ੍ਹੇ ਸੁਭਾ ਦਾ । ਉਹ ਨੀਂ ਭੁੱਲਦਾ ਕਿਸੇ ਦੀ ਕੀਤੀ ਕੱਤਰੀ । ਏਹ ਉਦ੍ਹੀ ਪਿੱਠ ਸੁਣਦੀ ਆ । ਜਦ ਮੈਂ ਨੀਂ ਰੱਖੀ ਉਦ੍ਹੇ ਨਾ ‘ ਕੋਈ ਤੇਰ ਮੇਰ , ਉਹ ਕਿਉਂ ਰੱਖੂ ? ਜਿਹੋ ਜਿਆ ਮੇਰਾ ਸੁਖਵਿੰਦਰ , ਉਹੋ ਜਿਹਾ ਪਾਲਾ । ....ਆ ਤਾਂ ਲੈਣ ਦੇ ਉਨੂੰ ਪਿੰਡ ...ਮੈਂ ਫੜੂ ਉਨੂੰ ਕੰਨੋਂ ...।
“ ਹੈਂਅ...ਆਇਆ  ਸੀਈ ਕੱਲ-ਪਰਸੋਂ ...! ਵੱਡੀ ਸਾਰੀ ਮੋਟਰ ਕਾਰ ਹੇਠਾਂ ਸੀ ਈ ...!! ਮੱਥਾ ਵੀ ਟੇਕ ਗਿਆ ਸ਼ਹੀਦੀਂ...!!ਹੈਤ ਤੇਰੇ ਰੱਖੇ ਜਾਣ ਕੁੱਤੀਏ ਜਾਤੇ । ਨਿੱਜ ਹੋਮੇਂ ਤੂੰ ਐਹੇ ਜਿਆ । ਦਿਖਾ ਤਾਂ ਨਾ ਅਸਲ ਆਪਾ । ਐਂਮੇਂ ਨਈਂ ਕਿਅ ਸਿਆਣਿਆਂ ! ਪਈ-ਡੰਗਰ, ਸ਼ੂਦਰ , ਢੋਅਰ , ਤੀਮੀਂ ...। ਭਲ ਕਿੱਦਾਂ ਬੋਲੀਦਾ ਅਖਾਉਣ ? ...ਚੱਲ ਜਿੱਦਾਂ ਵੀ ਹੋਇਆ । .....ਏਹ ਜਾਤ ਨਈਂ ਕਿਸੇ ਦੀ ਮਿੱਤ । ਏਹ ਤਾਂ ਅਸੀਂ ਆਂ ਜੱਟ-ਬੂਟ , ਸੌ ਮੂਰਖਾਂ ਦੇ ਮੂਰਖ । ਐਮੇਈ ਪੱਲਿਓਂ ਲਾਉਂਦੇ ਰਏ ਐਨਾ ਚਿਰ ! ਨਾਲੇ ਏਨੂੰ ਤੂਸਦੇ ਰਏ , ਨਾਲੇ ਉਨੂੰ ਝੁਲਕਾ ਦਿੰਦੇ ਰਏ , ਕਮਜਾਤ ਜਈ ਨੂੰ , ਨਾਨੀ ਏਦ੍ਹੀ ਨੂੰ । ...ਤੂੰ ਆਪੂੰ ਦੱਸ , ਕੰਮ ਕਰਨ ਜੋਗੀ ਹੈ ਸਈ ਉਹ । ਜਾਨ ਤਾਂ ਉਦ੍ਹੇ ‘ਚ ਰਈ ਨਈਂ । ਉਮਰੋਂ ਪਤਾ ਨਈਂ ਕਿੱਥੇ ਪੁੱਜੀਓ ਆ ! ਕੰਮ ਉਹਤੋਂ ਸੁਆਹ ਹੁੰਦਾ ਨਾਲੇ ਖੇਹ । ਏਹ ਤਾਂ ਸਾਡੇ ਏਨ੍ਹਾਂ ਦਾ ਸੁਭਾ ਈ ਐਹਾ ਜਿਆ । ਏਹ ਨੀਂ ਦੇਖ ਸਕਦੇ ਕਿਸੇ ਨੂੰ ਰੋਂਦਾ-ਚੀਕਦਾ । ਫੱਟ ਤਰਸ ਕਰ ਬਹਿੰਦੇ ਆ । ਫੱਟ ਪੱਲਾ ਖੋਲ੍ਹ ਦਿੰਦੇ ਆ । ਏਹ ਕਹਿੰਦੇ ਹੁੰਦੇ ਆ –ਗਰੀਬ-ਗੁਰਬੇ ਨੂੰ ਦਿੱਤਿਆਂ ਸੀਸਾਂ ਐਥੇ ਮਿਲਦੀਆਂ, ਕੀਤਾ ਪੁੰਨਦਾਨ ਅਗਲੇ ਜਰਮ ‘ਚ । ਖਬਰੇ ਕਿੰਨੇ ਗੁਣਾਂ ਵਧ ਕੇ ਦੱਸਦੇ ਹੁੰਦੇ ਆ । ...ਲੈ ਕੁੜੇ ਏਹ ਤਾਂ ਸੀ ਈ ਐਹੇ ਜੇਏ । ਮੈਂ ਮੀਂ ਸੁਦੇਣ ਬਣ ਰਈ । ਏਨ੍ਹਾਂ ਪਿੱਛੇ ਲੱਗ ਕੇ ਘਰ ਉਜਾੜਦੀ ਰਈ । ਖਾਣ-ਪੀਣ, ਪਹਿਨਣ-ਪਰਚਣ ਜਿਹੇ ਗਿਆ ਸੁਖੇ ਲਈ, ਉਹੋ ਜਿਆ ਪਾਲੇ ਲਈ । ਦੱਸ ਕੀ ਲੱਭਾ ? ...ਛਿੱਕੂ ! ਅਗਲਾ ਦੇਖ ਲਾਅ ਕੀ ਕਰ ਗਿਆ । ਗੂਠਾ ਦਿਖਾ ਕੇ ਗਿਆ ਕਿ ਨਈਂ, ਐਂ ਕਰਕੇ । ਹੈਤ ਤੇਰੇ ਰੱਖੇ ਜਾਣ । ਨਿੱਜ ਹੋਮੇਂ ਤੂੰ ਐਹਾ ਜਿਹਾ । ਦੱਸ ਕੁੜੇ ਦੇਖਦਾ-ਸੁਣਦਾ ਦੀ ਕਹਿੰਦਾ ਹੋਊ ! ਆਹੀ ਪਈ –ਲੰਬੜ ਦਾ ਲਾਡਲਾ , ਉਨੂੰ ਮਿਲ ਕੇ ਵੀ ਨਈਂ ਗਿਆ । ਪਾ ਤੀ ਕਨਾ ਕੀਤੀ ਕਰਾਈ ਖੂਹ ‘ਚ , ਖੇਹ ਪੈਣੇ ਨੇ । ਹਾਲੀਂ ਮੈਂ ਸੋਚਦੀ ਸੀ , ਹੁਣ ਜਿਦੱਣ ਵੀ ਆਊ , ਮੈਂ ਤੈਨੂੰ ਸੱਦੂੰ ਘਰੋਂ । ਫੇਅਰ ਆਖੂੰ- ਲੈ ਦੇਖ ਆਹ ਆ ਮੇਰਾ ਛਿੰਦ । ਹੈ ਕਿ ਨਈਂ ਗੋਰਾ ਚਿੱਟਾ , ਗਰੇਜਾਂ ਅਰਗਾ । ਜਮਾਂ ਈ ਸੁੱਖੇ ਸਾਡੇ ਅਰਗਾ , ਕਹਿੰਦਾ ਕੋਈ  ਏਨੂੰ ਚਮਾਰ ! ...ਹੁਣ ਦੇਖ ਲਾਅ , ਕਰਤੀ ਨਾ ਓਹੀ ਗੱਲ ਚਮਾਰਾਂ ਆਲੀ । ਹੈਂਅ ਦੱਸ, ਆਇਆ ਵੀ ਤਾਂ ਬਾਅਰੋਂ ਬਾਅਰ ਮੁੜ ਗਿਆ । ਚੱਲ ਕੋਈ ਨਾ , ਆ ਲੈਣ ਦੇ ਏਨ੍ਹਾਂ ਨੂੰ ਸ਼ੈਅਰੋਂ । ਮੈਂ ਦੱਸੂੰ ਠੋਕ –ਵਜਾ ਕੇ । ਨਾਲੇ ਕਰਦੀਂ ਆ ਟੱਲੀਫੂਨ ਸੁੱਖੇ ਨੂੰ ਕਨੇਡੇ । ਉਨੂੰ ਦੱਸੂੰ , ਪਈ ਆਹ ਚੰਦ ਚਾੜ੍ਹਿਆ ਬੁਲਡਓਂਗ ਜਿਏ ਲੇ । ਨਾ ਮੂੰਹ ਨਾ ਮੱਥਾ , ਜਿੰਨ ਪਹਾੜੋਂ ਲੱਥਾ । ਮੈਂ ਤਾਂ ਕਹਿਨੀ ਆਂ , ਰੈਅ ਕਰਨੀ ਈ ਨਈਂ ਚਾਹੀਦੀ ।ਕੰਮੀਆਂ-ਕਮੀਣਾਂ ਦੀ ਤਾਂ ਭੁੱਲ ਕੇ ਨਈਂ ਕਰਨੀ ਚਾਹੀਦੀ । ਦੇਖ ਈ ਲਿਆ ਤੂੰ ! ...ਚੱਲ ਕੋਈ  ਨਾ , ਉੱਪਰ ਆਲੇ ਨੂੰ ਸਭ ਪਤੇ ਆ –ਕੌਣ ਚੰਗਾ ,ਕੌਣ ਮੰਦਾ । ਉਹ ਦੇਖਦਾ ਸਾਰਾ ਕੁਸ਼ । ...ਚਾਰ ਮਣ ਦਾਣੇ ਈ ਸੀ , ਵਰ੍ਹੇ ਛਮਾਹੀ । ਚਿੜੀਆਂ –ਚੂਹੇ ਵੀ ਕਰਦੇ ਈ ਆ ਖੇਹ ਖਰਾਬੀ । ਕੁੱਤੇ ਬਿੱਲੀਆਂ ਨੂੰ ਵੀ ਪਾਈਦਾ ਆ ਟੁੱਕ । ਮੈਂ ਸਮਝੂੰ ਏਹ ਦੋਨੋਂ ਵੀ ....! ਆ ਲੈਣ ਦੇ ਬੁੱਢੜੀ ਨੂੰ । ਉਦ੍ਹੀ ਮੈਂ ਪੱਟੂੰ ਚੂੰਡੀ ।
“ ਕੀ ਕਿਹਾ ....? ਨਾਲ ਲੈ ਗਿਆ ਬੁੱਢੀ ਨੂੰ...! “ ਹੈਹਾ ਵੇ ਤੇਰੇ ਰੱਖੇ ਜਾਣ ਐਹੋ ਜੇਏ ਦੇ । ਮੈਂ ਨਾ ਆਖਾਂ ਬੁੱਢੜੀ ਆਉਂਦੀ ਕ੍ਹਾਤੋਂ ਨਈਂ ਪਰਸੋਂ ਚੌਥ ਦੀ । ...ਹਾਅ ਦੇਖ  ਲਾਅ ਕੋਠੀ ਦਾ ਹਾਲ । ਕਿੱਦਾਂ ਧੂੜ-ਘੱਟਾ ਚੜ੍ਹਿਆ ਪਿਆ । ਖਬਰੇ ਕਿੰਨੇ ਦਿਨ ਹੋ ਗਏ ਆ ਖ਼ਰਕਾ ਵੱਜੇ ਨੂੰ । ਪੋਚਾ ਤਾਂ ਨੀਂ ਲੱਗਾ ਕਿਸੇ ਵੀ ਅੰਦਰ । ਓਹ ਦੇਖ, ਢੇਰ ਲੱਗਾ ਪਿਆ ਕੱਪੜਿਆਂ ਦਾ । ਸਾਡੇ ‘ਚੋਂ ਭਾਲ ਦੱਸ ਕੌਣ ਆ ਧੌਣ ਆਲੀ । ਮੇਰੇ ਤਾਂ ਅੱਗ-ਲੱਗੜੇ ਗੋਡੇ ਈ ਨੀਂ ਤੁਰਦੇ । ਨਈਂ ਤੈਨੂੰ ਪਤਆ  ਈ ਆ ਕਿੰਨਾ ਕਰਦੀ ਹੁੰਦੀ ਸੀ  ਮੈਂ ਪੇਕਿਆਂ ਦੇ । ਅੰਦਰ ਦਾ ਵੀ ਬਾਅਰ ਦਾ ਵੀ । ਖੇਤੀਂ ਪੁੱਜ ਕੇ ਸੌ ‘ਮਦਾਦ ਕਰੀਦੀ ਸੀ । ਪੱਠੇ ਵੱਢੀਦੇ ਸੀ । ਗੋਡੀ-ਫਾਡੀ ਕਰੀਦੀ ਸੀ ਬਾਪੂ ਹੋਣਾਂ ਨਾ ‘ ।-‘ ਚਰਨ ਕੋਰੇ ਤੂੰ ਕੰਮ ਨੂੰ ਹੱਥ ਨੀਂ ਲਾਉਣਾ । ਕੰਮੀ-ਕਮੀਣ ਥੋੜੇ ਆ । ਤੇਰਾ ਤਾਂ ਪੈਰ ਈ ਭਾਗਾਂ ਆਲਾ । ਨੌਂ ਨਿਧਾਂ , ਬਾਰਾਂ ਸਿਧਾਂ ਹੋਈਆਂ ਪਈਆਂ ਜਦ ਦੀ ਤੂੰ ਆਈ ਆਂ । ‘ ਤੈਨੂੰ ਪਤਆ ਈ ਆ , ਭਰਾਮਾਂ ਮੇਰਿਆਂ ਕੋਈ ਕਸਰ ਛੱਡੀ ਸੀ ਮੇਰੇ ਵਿਆਹ ਵੇਲੇ । ਸੁਖ ਨਾ ‘ ਦੋ ਟਰੱਕ ਤੋਰੇ ਸੀ ਮੇਰੇ ਨਾ’ , ਭਰੇ –ਭਰੂਤੇ । ਐਥੇ ਆ ਕੇ ਅੜੀਏ ਮੈਂ ਤਾਂ ਜਮਾਂ ਈ ਹੱਡ-ਹਰਾਮ ਹੋ ਗਈ । ਕਰ-ਪੈਰ ਤਾਂ ਫੇਏ ਜੁੜਨੇ ਈ ਜੁੜਨੇ ਸੀ । ਅਗੋਂ ਆਹ ਭਾਗਾਂ ਆਲੀਆਂ ਨੋਹਾਂ ਮੇਰੀਆਂ , ਮੇਤੋਂ ਦੋ ਰੱਤੀਆਂ ਤਾਹਾਂ ਆਂ । ਏਨ੍ਹਾਂ  ਤਾਂ ਕਦੀ ਸੁਆਹ ਨੂੰ ਹੱਥ ਈ ਲਾਇਆ । ਸਾਬਣ ਤਾਂ ਨੀਂ ਲਗਦਾ ਏਨ੍ਹਾਂ ਤੋਂ । ਭਾਂਡੇ –ਟੀਂਡੇ ਨੂੰ ਨਾ ਕੱਪੜੇ ਲੱਤੇ ਨੂੰ । ਕਹਿਣਗੀਆਂ –ਖਾਜ ਹੁੰਦੀ ਆ ਹੱਥਾਂ ‘ਤੇ । ਥਾਪੀ ਏਹ ਊਂ ਨੀ ਮਾਰ ਸਕਦੀਆਂ । ਬਾਹਾਂ ‘ਚ ਜਾਨ ਹੋਵੇ ਤਾਂ ਮਾਰਨ ! ਆਹ ਖਸਮਾਂ ਖਾਣੇ ਡੱਬੇ ਜਏ ਦੋ ਆ ਕੱਪੜੇ ਧੋਣ ਆਲੇ । ਏਹ ਭਾਮਾਂ ਕਿਤੇ ਚਲਾ-ਚੁਲੂ ਕੇ ਕਰਨ ਕੁਸ ਹੇਠਾਂ ਉੱਤਾ । ਉਹ ਵੀ ਆਪਣੇ ਜੋਗਾ । ਮੈਨੂੰ ਅੱਗ-ਲੱਗੜਾ ਏਨ੍ਹਾਂ ਦਾ ਰੁਕ ਢੰਗ ਨੀਂ ਆਉਂਦਾ । ਨਈਂ ਮੈਂ ਤਾਂ ਰਹਿਣ ਨ ਦਿਆਂ ਰਤਾ ਵੀ ਮੈਲ-ਕੁਚੈਲ ਕਿਸੇ ਵੀ ਕੱਪੜੇ –ਲੀੜੇ ‘ਤੇ । ਤੈਨੂੰ ਪਤਆ  ਕੱਪੜਾ ਈ ਅੱਜ-ਕੱਲ ਇੱਜਤ ਮਾਣ ਆ । ਬਾਅਰ-ਅੰਦਰ ਗਏ ਬੰਦੇ ਦੀ ਸੌ ਥਾਈਂ ਸੋਭਾ ਬਣਦੀ ਆ । ਸਾਡੇ ਏਹ ਤਾਂ ਤੈਨੂੰ ਪਤਾ ਤੁਰੇ ਈ ਰਹਿੰਦੇ ਆ ਤਸੀਲੀਂ-ਕਚੈਂਰੀਂ !ਹਜੇ ਦੋ ਦਿਨ  ਨੀਂ ਆਈ ਰੰਡ , ਨਰਕ ਈ ਨਰਕ ਦੀਹਦਾ ਚਾਰੇ ਬੰਨੇ । ਮੈਨੂੰ ਤਾਂ ਹੁਣ ਅਗਲੀ ਚਿੰਤਾ ਚੁਮੜੀਓ ਆ , ਪਈ ਹੋਰ ਜੇ ਚਾਰ ਦਿਨ ਨਾ ਮੁੜੀ ਤਾਂ ਬਣੂ ਕੀ ਸਾਡਾ ......!
“ ਹੈਹਾ ਮੈਂ ਮਰ ਜਾਂ ....ਹੁਣ ਨੀਂ ਆਉਣਾ ਉਨ੍ਹੇ ....? ਤੈਨੂੰ ਕਿਨ੍ਹੇ ਦੱਸਿਆ ....। ? ਨਾਮੇ ਪੰਚ ਨੇ ....! “ ਲੈ ਮੈਂ ਪੁੱਛਦੀ ਆਂ ਉਨੂੰ ਨੱਪਲ ਜੇਏ ਨੂੰ ! ਨਾਲੇ ਮਾਰਦੀ ਆਂ ਉਦ੍ਹੇ ਚਾਰ ਲਿੱਤਰ ਐਥੇ ਸੱਦ ਕੇ । ਆਖੂੰ-ਤੂੰ ਤਾਂ ਬਾਅਲਾ ਈ ਚੱਕ ਹੋਇਆ ਆ ਸੀ । ਕਹਿੰਦਾ ਸੀ –ਬੁੱਢੀ ਦੀ ‘ਮਦਦ ਜਰੂਰ ਕਰੋ । ਏਨੂੰ ਰੱਖੋ ਪਿੰਡ ‘ਚ । ਏਹ ਸਾਂਭੂ ਪਾਲੇ ਨੂੰ । ਤੁਆਡੇ ਘਰੀਂ ਗੋਹਾ-ਕੂੜਾ ਕਰ ਲੂ ਗੀ ਏਹ । ਭਾਈ ਨੂੰ ਕੱਢੋ ਬਾਅਰ । ਰੱਖੇ ਨੇ ਤਾਂ ਮੂੰਹ ਕਾਲਾ ਕਰਾਤਾ ਸਾਰੇ ਵਿਹੜੇ ਦਾ ।
“ ਹੈਂਅ ....! ਕੀ ਕਹਿੰਨੀ ਆਂ ...? ਕੁੜੇ ਤੈਨੂੰ ਨੀਂ ਪਤਆ ...?
ਤੂੰ ਕਿੱਥੇ ਮਰੀਓ ਸੀ ਉਨੀਂ ਦਿਨੀ ...?? ਹਾਂਆਂ ਸੱਚ ਤੂੰ ਤਾਂ ਹਜੇ ਆਈ ਨੀਂ ਸੀ । ਤੇਰਾ ਤਾਂ ਵਿਆਹ ਈ ਚਿਰਕਾ ਹੋਇਆ ...। ਲੈ ਮੈਂ ਦੱਸਦੀ ਆਂ ਤੈਨੂੰ । ਸੁਣਾਊਨੀ ਤੈਨੂੰ ਸਾਰੀ ਰਮੈਣ । ਹਾਅ ਜੇੜ੍ਹਾ ਪਾਲਾ-ਘਟਾਲਾ ਆ ਨਾ , ਏਹ ਹੈਸ ਬੁੜ੍ਹੀ ਦਾ ਦੋਹਤਾ ਆ । ਏਦ੍ਹੀ ਮਾਂ ਦਾ ਨਾਂ ਰਤਨੀ , ਖ਼ਬਨੀ  ਰਤਨੋਂ ਸੀਈ । ਊਂ ਰੰਗ ਰੂਪ ਸੋਹਣਾ ਫਬਦਾ ਸੀ ਉਹਤੇ । ਉਹ ਪਾਲੇ ਨੂੰ ਜਰਮ ਦੇਣ ਤੋਂ ਮੀਨ੍ਹਾ ਕੁ ਪਿੱਛੋਂ ਮਰ ਗੀ । ਕਿੱਦਾਂ ਮਰੀ ? ਏਦ੍ਹੇ ਬਾਰੇ ਕੋਈ ਕੁਸ ਕਹਿੰਦਾ ਕੋਈ ਕੁਸ । ਕੋਈ ਕਹਿੰਦਾ –ਓਪਰੀ ਕਸਰ ਸੀ ਉਨੂੰ  । ਕੋਈ ਕਹਿੰਦਾ – ਖੜਕੀ  ਤਾਂ ਪਹਿਲੋਂ ਈ ਪਈ  ਸੀ , ਉਪਰੋਂ ਮੁੰਡਾ ਜੰਮਣਾ ਪੈ ਗਿਆ , ਮੋਟਾ-ਤਾਜਾ ਪੇਏ  ਅਰਗਾ । ਸੱਚੀਉਂ ਅੜੀਏ , ਭਾਈ ਰੱਖਾ ਸੂੰਹ ਸੀਗਾ ਬੜਾ ਤਕੜਾ । ਹੁਣ ਵੀ ਓਦਾ ਦਾ ਈ ਆ । ਧੜਕ-ਧੂਸ ਦਾ ਧੜਕ-ਧੂਸ । ਫੇਏ ਕੰਮ ਵੀ ਉਦ੍ਹਾ ਐਹਾ ਜਿਹਾ ਈ ਆ ,ਵੇਹਲਿਆਂ ਅਰਗਾ । ਖਾਣ ਪੀਣ ਨੂੰ ਚੰਗਾ , ਘਰੋਂ ਨਈਂ ਬਾਅਰੋਂ । ਆਹੀ ਭਾਈ-ਪੁਣਾ ਕਰਦਾ ਉਹ , ਅੱਜ ਕਲ੍ਹ ਜੇਹੜੇ ਸੰਤ-ਬਾਬੇ ਬਣੇ ਫਿਰਦੇ ਆ । ਊਂ ਅੜੀਏ ਏਨ੍ਹਾਂ ਦੀ ਸੇਵਾ ਵੀ ਵਾਲ੍ਹੀਓ ਕਰਦੇ ਆ ਲੋਕੀਂ । ਸਾਡੇ ਏਹ ਨਈਂ ਏਹ ਜਹੇ । ਏਹ ਨਈਂ ਵਾਫ਼ਰ ਦਾ ਕਰਨ ਦਿੰਦੇ ਸਾਨੂੰ । ਤੈਨੂੰ ਪਤਾ ਈ ਆ ਆਏ ਸਾਲ ਤਾਂ ਖੰਡ-ਪਾਠ ਧਰਾਉਂਨੇ ਆਂ । ਲੋਕੀਂ ਤਾਂ ਮਾਰ ਫੜ ਕੇ ਤੂਸ ਚਾੜ੍ਹੀ ਰੱਖਦੇ ਆ , ਏਨਾਂ ਮੂਹਰੇ ।  ਪੀਣ-ਡੱਫਣ ਨੂੰ ਦੁੱਧ-ਸਰਦਾਰੀਆਂ , ਲੌਗਾਂ-ਲੈਚੀਆਂ ਆਲੀਆਂ ਚਾਹਾਂ । ਮਿਸਰੀ , ਕਾਜੂ ,ਬਦਾਮ , ਖਰੋਟ ਚੱਬਣ ਨੂੰ । ਤਾਜ਼ਾ ਦਸੌਰੀ ਘੇਏ ਦਾਲਾਂ-ਭਾਜੀਆਂ ‘ਚ  ਤਰਮਾਂ । ਕੋਈ ਮਾੜ੍ਹਤ-ਤੁਮ੍ਹਾਤੜ ਕਿਧਰੇ ਢਿੱਠ-ਮੱਠ ਕਰੇ ਵੀ ਤਾਂ ਭਾਈ-ਪਾਠੀ ਮੂੰਹੋਂ ਮੰਗ ਲੈਂਦੇ ਆ । ਕਹਿੰਦੇ ਆ – ‘ਵਾਜ਼ ਰਮਾਂ ਨੀਂ ਹੁੰਦੀ । ਹੇਕ ਨੀ ਲਗਦੀ । ਰੌਲ ‘ਤੇ ਬੈਠਿਆਂ । ਤੂੰ ਆਪਣੇ ਜੱਟਾਂ ਆਲੇ ਭਾਈ ਅਲਾਂ ਦੇਖ ਲਾਆਂ ਹੈ ਕਿ ਨਈਂ ਢੋਲ ਦਾ ਢੋਲ । ਜਿੱਥੋਂ ਜੋ ਲੱਭਦਾ ਸਭ ਅੰਦਰ । ਏਦੂ ਅਰਗਾ ਈ ਰੱਖਾ ਆ । ਸੇਵਾ ਉਦ੍ਹੀ ਵੀ ਬੜੀ ਕਰਦੀਆਂ ਸੀ ਚਮਾਰੀਆਂ । ਆਪੂੰ ਨੂੰ ਭਾਮੇਂ ਲੱਭੇ ਨਾ ਲੱਭੇ ,ਉਦ੍ਹੇ ਖਾਣ-ਪੀਣ ‘ਚ ਫ਼ਰਕ ਨਹੀਂ ਸੀ ਆਉਣ ਦਿੰਦੀਆਂ । ਮੰਗ-ਚੰਗ ਕੇ ਵੀ ਕਰਦੀਆਂ ਸੀ , ਇਕ ਤੋਂ ਇਕ ਵਧ ਕੇ । ਆਪੂੰ ਨੂੰ ਸਭਿਆਰ ਨੂੰ ਭਾਮਾਂ ਸੁੱਥਣ-ਝੱਗਾ ਮਿਲੇ ਨਾ ਮਿਲੇ । ਤੂੰ ਐਨ੍ਹਾਂ, ਆਪਣੇ  ਪਿੰਡ ਦੇ ਘਰਾਂ ਅਲ ਈ ਦੇਖ ਲਾਅ , ਕਿੱਦਾਂ ਸਾਰਦੀਆਂ ਡੰਗ-ਬੁੱਤਾ । ਨਾ ਖਾਣ ਦੀ ਸੁਰਤ ਏਨ੍ਹਾਂ ਨੂੰ , ਨਾ ਪਹਿਨਣ ਦੀ ,ਨਾ ਨਾਹੁਣ-ਧੋਣ ਦੀ । ਹੋਵੇ ਵੀ ਕਿੱਦਾਂ । ਸਵੇਰੇ ਤਕਾਲੀਂ ਤਾਂ ਏਹ ਸਾਡੇ ਤ੍ਹਾਡੇ ਘਰੀਂ ਹੁੰਦੀਆਂ ਜਾਂ ਖੇਤੀਂ । ਗੋਹਾ-ਕੂੜਾ , ਝਾੜੂ-ਬਹਾਰੀ ,ਧੋਣ-ਪੋਚਣ ਤੋਂ ਲੈ ਕੇ ਦਿਹਾੜੀ-ਦੱਪੇ ਤੱਕ ਦਾ ਕਰਦੀਆਂ ਕਿ ਨਈਂ ਕਰਦੀਆਂ । ਐਂ ਤੇਰੇ –ਮੇਰੇ ਆਂਗੂ ਘਰੀਂ ਵਿਹਲੇ ਬੈਠਿਆਂ ਥੋੜਾ ਸਰਦਾ ਏਨਾਂ ਦਾ । ਓਦਾਂ ਜਿਹੋ ਜੇਈਆਂ ਏਹ ਆ , ਏਨਾਂ ਦੇ ਬੰਦੇ ਨੀ ਐਹੋ ਜੇਏ । ਲਾਵੀਆਂ-ਡਗਾਰੇ ਕਰਦੇ ਤਾਂ ਹੈਗੇ , ਪਰ ਵੈਲੀ ਸੌਹਰੇ ਸਿਰੇ ਦੇ ਆ । ਨਿੱਕੇ ਤੋਂ ਲੈ ਕੇ ਵੱਡੇ ਤੱਕ। ਕੋਈ ਸਿਰਗਟਾਂ ਬੀੜੀਆਂ ਚੁੰਘੀ ਜਾਊ, ਕੋਈ ਤਮਾਖੂ ਖਾਈ ਜਾਊ । ਆਹ ਦੇਸੀ –ਦਸੌਰੀ ਦਾਰੂ ਤਾਂ ਜਾਣੋ ਏਨ੍ਹਾਂ ਦੇ ਹੱਡਾਂ ‘ਚ ਬਹਿ ਗਿਆ ਲੱਗਦਾ । ਸਾਡੇ ਅਲ੍ਹ ਨੂੰ ਲਾਂਘਾ ਆ ਨਾ ਏਨਾਂ ਦਾ । ਅੜੀ-ਥੁੜੀ ਨੂੰ ਐਥੇ । ਹਰੋਜ਼ ਦੇਖਦੀ ਆਂ ਮੈਂ , ਸਵੇਰੇ ਤਕਾਲੀਂ । ਹਰੋਜ਼ ਸੁਣਦੀ ਆਂ ਚੀਕਾਂ-ਕਿਲਕਾਰੀਆਂ ।ਸੁੱਧ-ਬੁੱਧ ਗੁਮਾਈਂ ਕੋਈ ਐਥੇ ਪਿਆ ਹੁੰਦਾ ਕੋਈ ਓਥੇ । ਪਤਾ ਨਈਂ ਕਦੋਂ ਸੁਰਤ ਕਰਦੇ ਆ , ਕਦ ਘਰੀਂ ਜਾਂਦੇ ਆ ।ਮੈਂ ਬਥੇਰਾ ਕਹਿੰਨੀ  ਆਂ , ਏਨਾਂ ਕੰਜਰਾਂ ਦਾ ਹੁੱਕਾ-ਪਾਣੀ ਬੰਦ ਕਰੋ । ਐਮੇਂ ਨਾ ਦੇਈ ਜਾਇਆ ਕਰੋ ਹੱਥ-ਹੁਧਾਰ । ਸਾਡੇ ਏਹ ਨੀ ਮੰਨਦੇ । ਕਹਿਣਗੇ – “ ਭਾਗਵਾਨੇ , ਰੰਗ-ਤਮਾਸ਼ੇ ਦੇਖੀ ਜਾ ,ਰੰਗ-ਤਮਾਸ਼ਾ । ਏਨਾਂ ਅੱਲ ਗਿਆ ਮਰਦਾ ਨਈਂ । ਦੂਣੀ-ਚੌਣੀ ਹੋ ਕੇ ਮੁੜਦੀ ਆ ਰਕਮ । ਓਦਾਂ ਵੀ ਕਿਸੇ ਨੂੰ ਕਹਿਣ-ਟੋਕਣ ਦਾ ਸਮਾਂ ਨਈਂ । ਕੋਈ ਨੀ ਸੁਣਦਾ । ਰਹਿਣ ਦੇ ਏਨ੍ਹਾਂ ਨੂੰ ਜਿੱਥੇ ਕੁ ਹੈਗੇ । ਸੁਰਤ ਸਿਰ ਹੋ ਕੇ ਏਨ੍ਹਾਂ ਤੇਰੇ-ਮੇਰੇ ਸਿਰ ਨੂੰ ਆਉਣਾ । “ ਪਹਿਲਾਂ ਤਾਂ ਮੈਂ ਤਰਸ ਕਰ ਲਿਆ ਕਰਦੀ ਸੀ  , ਵਿੱਚੇ ਬੰਦਿਆਂ ‘ਤੇ , ਵਿੱਚੇ ਈ ਏਨ੍ਹਾਂ ਦੀਆਂ ਬੁੜ੍ਹੀਆਂ ‘ਤੇ । ਫੇਏ ਸੱਚੀ ਗੱਲ ਆ ਮੈਨੂੰ ਸਮਝ ਆ ਗਈ ਛੇਤੀ , ਪਈ ਏਹ ਜਾਤ ਹੈ ਈ ਐਸੇ ਥਾਂ ਰੱਖਣ ਆਲੀ । ਏਹ ਲੋਕ ਨੀਂ ਕਿਸੇ ਦੇ ਮਿੱਤ । ਆਹ ਦੇਖ ਈ ਲਿਆ ਤੂੰ । ਹਜੇ ਇਕ ਦਾ ਭਲਾ ਕੀਤਾ ਮੈਂ । ਲੱਭਾ ਕੁਸ਼ । ਐਨਾ ਚਿਰ ਰੱਖੀ ਰੱਖਿਆ ਮੈਂ ਆਪਣੇ ਕੋਅਲ  । ਟਹਿਲ ਸੇਵਾ ਵੱਖ ਕਰਦੀ ਰਈ । ਕੀ ਕਦਰ ਪਾਈ ? .....ਆਪੂੰ ਲਾਟ ਸਾਬ੍ਹ ਦਾ ਪੁੱਤ ਖੁਰਸੀ ‘ਤੇ , ਤੇ ਸਾਡੇ ਏਨਾਂ ਲਈ ਲੱਕੜ ਦਾ ਬੈਂਚ । ਮੈਂ ਕਹਿੰਨੀ ਆਂ ‘ਸਮਾਨ ਕਿਉਂ ਨਈਂ ਡਿੱਗਿਆ ਉਪਰੋਂ । ਧਰਤੀ ਕਿਉਂ ਨਈਂ ਪਾਟ ਗਈ ਹੋਠੋਂ ...!!
“ਕੇਦ੍ਹੀ ਗੱਲ ਕਰਦੀ ਆਂ ..?”
ਓਸੇ ਪਾਲੇ-ਘੜਾਲੇ ਦੀ ....। ਹਾਅ ਕੁੜੇ। ਮੇਰਾ ਖਬਨੀ ਡਮਾਕ ਈ ਹਿੱਲ ਗਿਆ । ਮੈਂ ਕੇੜ੍ਹੇ ਪਾਸੇ ਤੁਰ ਪਈ । ਦੱਸਣ ਤਾਂ ਲੱਗੀ ਸੀ , ਖ਼ਸਮਾਂ ਖਾਣੇ ਪੇਏ ਏਦ੍ਹੇ ਬਾਰੇ ....। ਅੜੀਏ ਉਹ ਨਈਂ ਸੀ ਐਦਾਂ ਕਰਦਾ , ਐਸ ਚਮਾੜਲੀ ਆਂਗੂੰ । ਉਦ੍ਹਾ ਖਾਣ-ਪੀਣ , ਪਹਿਨਣ-ਪਰਚਣ ਚੰਗਾ ਸੀ , ਸਾਫ਼ ਸੁਥਰਾ । ਉਨ੍ਹੇ ਅੰਮ੍ਹਿਤ ਵੇਲੇ ਉੱਠਣਾ, ‘ਸ਼ਨਾਨ ਕਰਨਾ । ਰਵਦਾਸ ਡੇਰੇ ਪੁੱਜ ਕੇ ਪੰਜ ਤਾਂ ਨਈਂ ਤਿੰਨਾਂ ਕੁ ਬਾਣੀਆਂ ਦਾ ਪਾਠ ਜ਼ਰੂਰ ਕਰਨਾ । ਸਵੇਰੇ ਤਕਾਲੀਂ । ਦਿਨੇ ਸਾਰਾ ਦਿਨ ਵੇਹਲਾ । ਓਦਾਂ ਵੇਹਲਾ ਵੀ ਕੋਈ ਨਾ । ਪਾਠ-ਪੂਠ ਵਥੇਰੇ ਧਰਿਓ ਹੁੰਦੇ ਸੀ  । ਕਈ ਸਾਰੇ ਫੌਜੀ ਹੈਗੇ ਆ ਏਨ੍ਹਾਂ ਵੇਹੜੇ । ਮਾਸਟਰ ਵੀ ਹੈਗੇ ਪੰਜ-ਚਾਰ । ਸ਼ੈਅਰੀਂ ਥਾਈਂ ਵੀ ਜਾਂਦੇ ਕਈ ਜਣੇ । ਛੋਟੀ-ਮੋਟੀ ਦੁਕਾਨਦਾਰੀ ਆ ਕਈਆਂ ਦੀ । ਏਨ੍ਹਾਂ ‘ਚੋਂ ਕਿਸੇ ਦੇ ਘਰ ਖੁਸ਼ੀ , ਕਿਸੇ ਦੇ ਗ਼ਮੀ । ਕਿਸੇ ਦੇ ਜੰਮਣ , ਕਿਸੇ ਦੇ ਮਰਨ । ਕਈ ਜਣੇ ਊਈਂ ਦੇਖਾ ਦੇਖੀ । ਰੱਖਾਂ ਸੂੰਹ ਭਾਈ ਦੀਆਂ ਸਾਰੀ ਗੱਲੀਂ ਪੌਂ-ਬਾਰਾਂ । ਵੇਹੜੇ ਆਲੀਆਂ ਉਦ੍ਹੀ ਸੇਵਾ ਵੀ ਰੱਜ ਕੇ ਕਰਦੀਆਂ ਰਹੀਆਂ । ਹੈਗਾ ਵੀ ਅੜੀਏ ਸੋਹਣਾ-ਸੁਨੱਖਾ ਉਹ । ਹੱਡ-ਪੈਰ ਮੋਕਲ੍ਹੇ ,ਦੇਹ-ਜਾਨ ਤਕੜੀ ਆ ਉਦ੍ਹੀ । ਉੱਪਰੋਂ ਲੌਗਾਂ-ਲੈਚੀਆਂ ,ਦੁੱਧਾਂ-ਬਦਾਮਾਂ ਦਾ ਤਾਅ ਹੋਰ ਵੀ ਚੜ੍ਹਦਾ ਹੋਣਾਂ । ਉਦ੍ਹਾ ਗੋਰਾ-ਨਿਛੋਹ ਰੰਗ ਜਾਣੋ ਲਿਸ਼ਕਾਂ ਮਾਰਿਆਂ ਕਰੇ ਚਾਰੇ –ਬੰਨੇ । ਚਮਾਰ-ਚਮੂਰ ਤਾਂ ਲੱਗਦਾ ਈ ਨਈਂ । ਅੱਵਲ ਹੈ ਈ ਨਈਂ । ਪੱਕੀ ਗੱਲ ਆ । ਸਾਡੇ ਏਨ੍ਹਾਂ ਦੇ ਬਾਪੂ ਹੋਣੀਂ ਹੁੰਦੇ ਸੀਗੇ ਐਨੇ ਗੋਰੇ । ਮੈਨੂੰ ਤਾਂ ਪੱਕੀ ਸ਼ੰਕਾ , ਕਿਧਰੇ ਓਹੀ ਗੱਲ ਹੋਈ ਹੋਣੀ ਆ । .....ਏਹ ਤੀਮੀਂ ਜਾਤ ਨੀਂ ਕਿਸੇ ਦੇ ਸਾਂਭਣ ਦੀ ।
“ ਸੁਣਿਆ ਤੇਰੀ ਵੀ ਬੜੀ ਰੈਅ ਰਲਦੀ ਸੀ , ਰੱਖਾਂ ਸੂੰਹ ਨਾ ‘........।“
ਦੁਰ-ਫਿੱਟੇ ਮੂੰਹ ......। ਤੈਨੂੰ ਕਿੰਨ੍ਹੇ ਦੱਸਿਆ ਲੁੱਚੀਏ ...? ਜੇ ਲੰਘਦਾ-ਵੜਦਾ ਮੇਰੀ ਅਲ੍ਹ ਦੇਖ ਈ ਲੈਂਦਾ ਸੀਈ , ਤਾਂ ਏਦਾ ਮਤਬਲ ਏਹ ਤਾਂ ਨਈਂ ਪਈ ....। ਲੈ , ਮੈਂ ਦੱਸਦੀ ਆਂ ਕਿੱਥੋਂ ਉਡੀ ਹਾਅ ਗੱਲ । ....ਚਲ ਆਪੋ ਚੀ ਆਂ , ਐਥੇ ਕੇੜ੍ਹਾ ਕੋਈ ਸੁਣਦਾ । ਇਕ ਦਿਨ ਬੱਦਲ-ਬਾਈ ਜੇਈ ਸੀਗੀ , ਸਾਡੇ ਏਹ ਖ਼ਬਨੀ ਕਿੱਥੇ ਗਏਓ ਸੀ , ਸ਼ੈਂਤ ਤਰੀਕ-ਤਰੂਕ ਸੀ ਕੋਈ । ਭਾਈ ਰੱਖਾ ਸੂੰਹ ਸਾਮਣਿਉਂ ਤੁਰਿਆ ਆਵੇ । ਮੈਂ ਬਾਅਰ ਖੜ੍ਹੀ ਸੀ ਵਾੜ੍ਹੇ ‘ਚ । ਉਦੋਂ ਆਹ ਕੋਠੀ ਨਹੀਂ ਸੀ ਹੈਗੀ । ਮੈਂਥੋਂ ਪਤਾ ਨੀਂ ਕਿੱਦਾਂ ‘ ਵਾਜ ਮਾਰੀ ਗਈ ,ਕਿੱਦਾਂ ਐਡੀ ਗੱਲ ਆਖੀ ਗਈ,ਉਨੂੰ ।ਕਿਹਾ ਪਤਾ ਕੀ ? ...ਮੈਂ ਕੇੜ੍ਹਾ ਆਪੂੰ ਆਖੀ ਸੀ , ਅਪਣੇ ਕੋਲੋਂ । ਰੰਨ ਉਦ੍ਹੀ ਨੇ ਜਿੱਦਾਂ ਦੱਸਅਇਆ ਸੀ , ਓਦਾਂ ਈ ਮੇਤੋਂ ਪੁੱਛਿਆ ਗਿਆ । ਮੈਂ ਵੀ ਹਜੇ ਨਮੀਂ-ਨਮੀਂ ਆਈ ਸੀ । ਓਦਾਂ ਵੀ ਮੇਰੇ ਹੱਡ-ਪੈਰ ਨਰੋਏ ਸੀ ਸ਼ੁਰੂ ਤੋਂ । ਪਹਿਲੋਂ ਪਹਿਲ ਭਾਮੇਂ ਗਰੀਬੀ ਸੀ ਮੇਰੇ ਪੇਕਿਆਂ ‘ਤੇ , ਪਰ ਪੇਏ ਸਾਡਾ ਦੁੱਧ-ਘੇਏ  ਨਈਂ ਸੀ ਮੁੱਕਣ ਦਿੰਦਾ ਘਰੋਂ। ਐਥੇ ਪੁੱਜ ਕੇ ਤਾਂ ਵਾਹਲੀਓ ਖੁੱਲ੍ਹ ਹੋ ਗਈ । ਖਾਣ-ਪੀਣ ਖੁੱਲਾ ,ਕੰਮ ਕਾਰ ਕੋਈ ਨਾ । ਮੇਰੀ ਧੜ ਰਹਿੰਦੀ ਵੀ ਭਾਰੀ ਹੋ ਗਈ । ਭਾਈਆਣੀ ਮੇਰੇ ਲਾਗੇ ਚਿੜੀ ਜਿਹੀ ਲੱਗਿਆ ਕਰੇ । ਸਰੀਰ ਐਹਾ ਜਿਹਾ ਪਈ ਫੂਕ ਮਾਰਿਆਂ ਉੜਦਾ ਫਿਰੇ । ਓਦਾਂ ਰੰਗ-ਰੂਪ,ਨੈਣ-ਨਕਸ਼ ਖ਼ਰੇ ਸੀ। ਮੈਂ ਉਨੂੰ ਐਨੀਂ ਗੱਲੀਂ ਛੇੜ-ਛੂੜ ਵੀ ਲਿਆ ਕਰਾਂ । ਉਹ ਅੱਗੋਂ ਆਪਣਾ ਈ ਬਿਲੀਪਾਪ ਲੈ ਬਿਆ ਕਰੇ । ਕਿਹਾ ਕਰੇ – ‘ ਲੰਬੜਦਾਰਨੀਏ ,ਕੀ ਕਰਾਂ ਮੈਂ ਤੇ ਕੀ ਕਰੇ ਮੇਰੀ ਦੇਹ । ਮੇਰੇ ਆਲਾ ਕੜਾਹ-ਖਾਣਾ ਤਾਂ ਚੱਤੇ-ਪੈਹਰ ਪੈਲਾਂ ਈ ਪਾਈ ਰੱਖਦਾ । ਨਾ ਰਾਤ ਦੇਖਦਾ ਨਾ ਦਿਨ । ਪਤਾ ਨੀਂ ਏਨਾਂ ਸੇਕ ਕਿੱਥੋਂ ਆ ਵੜਦਾ ਏਦ੍ਹੇ ‘ਚ । ਮੈਂ ਤਾਂ ਪਹਿਲਾਂ ਨਾਲੋਂ ਵੀ ਰਹਿ ਗਈ । ‘ ਲੈ ਅੜੀਏ ਮੈਨੂੰ ਜਾਣੀ ਤਰਸ ਆ ਜਾਇਆ ਕਰੇ ਉਹ ਤੇ । ਕਦੇ ਕਦੇ ਤਾਂ ਉਦ੍ਹੇ ਹੰਝੂ ਈ ਨਾ ਬੰਦ ਹੋਇਆ ਕਰਨ ।ਲੈ .... ਆਹੀ ਗੱਲ ਪਤਾ ਨੀਂ ਕਿੱਦਾਂ ਪੁੱਛ ਹੋ ਗਈ ਓਦਣ ਭਾਈ ਰੱਖੇ ਤੋਂ । ਆਉਣ ਜਾਣ ਤਾਂ ਹੈਗਾ ਈ ਸੀ ਸਾਡੇ  ਉਦ੍ਹਾ । ਲੰਘਦਾ-ਵੜਦਾ ਵੀ ਪੈਰੀਂ-ਪੈਣਾ ਆਖ ਜਾਂਦਾ ਸੀ ਸਾਨੂੰ ਦੋਨਾਂ ਨੂੰ । ਹੈ ਤਾਂ ਉਹ ਸਾਡੀ ਕੁ ਉਮਰ ਦਾ ਓਦਾਂ ਸਾਨੂੰ ਇਕ ਪੀੜ੍ਹੀ ਵਡੇਰੇ ਗਿਣਦਾ । ਸਾਡੇ ਏਨ੍ਹਾਂ ਦੇ ਬਾਪੂ ਜੀ ਨੂੰ ‘ਬਾਬਾ ਜੀ ’ ਕਹਿੰਦਾ ਸੀ ,ਹੁਣ ਸਾਡੇ ਏਨ੍ਹਾਂ ਨੂੰ ਚਾਚਾ ਤੇ ਮੈਨੂੰ ਚਾਚੀ । ਓਦਣ ਵੀ ਕੋਲੋਂ ਲੰਘਣ ਨੇ ਉਨ੍ਹੇ ਪੈਰੀਂ-ਪੈਣਾ ਕਿਹਾ । ਓਦਣ ਜਾਣੋ ਮੇਤੇਂ ਉਨੂੰ ਜੀਂਦਾ-ਰਹੁ  ਨੀਂ ਆਖਿਆ ਗਿਆ । ਮੇਰੇ ਮੂੰਹੋਂ ਪਤਾ ਨਈਂ ਕਿੱਦਾਂ ਨਿਕਲ ਗਿਆ – ‘ ਵੇ ਭਾਈ , ਚਾਚੀ ਮੈਂ ਤੇਰੀ ਕਿੱਦਾਂ ਬਣੀ । ਮੈਂ ਕੋਈ ਬੁੱਢੀ-ਠੇਰੀ ਆਂ । ਤੇਰੀ ਕੁ ਉਮਰ ਦੀ ਆਂ । ਸਾਲ ਖੰਡ ਘੱਟ ਹੋਊਂ , ਵੱਧ ਨਈਂ । ‘ ਐਦ੍ਹੇ ਨਾਲ ਈ ਮੇਤੋਂ ਦੂਜੀ ਗੱਲ ਜੋੜੀ ਗਈ । ਉਹ ਵੀ ਤਾਂ , ਉਨੇ ਮੇਰ ਕੰਨੀਂ ਹੋਰ ਈ ਤਰ੍ਹਾਂ ਦੇਖਿਆ ਸੀ ਓਦਣ । ਨਾਲੇ ਮਾੜਾ-ਮਾੜਾ ਹੱਸੀ ਜਾਵੇ , ਨਾਲ ਦੇਖੀ ਜਾਵੇ । ਓਸਲੇ ਜਾਣੀ ਉਹ ਮੈਨੂੰ ਵਾਅਲਾ ਈ ਓਹੋ ਜਿਆ ਲੱਗਾ , ਚੰਗਾ-ਚੰਗਾ ਜਿਆ । ਐਸੇ ਗੱਲੇ ਮੇਤੋਂ ਭਾਈਆਣੀ ਦੀ ਤਕਲੀਪ ਦੱਸੀ ਗਈ । ਮੇਤੋਂ ਕਹਿ ਹੋ ਗਿਆ – ‘ਵੇਏ ...ਤੂੰ ਬਾਅਰ  ਤਾਂ ਬੜੀਆਂ ਸਿੱਖ-ਮੱਤਾਂ ਦਿੰਨਾਂ ਲੋਕਾਂ ਨੂੰ , ਬੜੀਆਂ ਹੇਕਾਂ ਲਾਉਨਾਂ ਕਥਾ-ਕੀਰਤਨ ਕਰਦਾ । ਆਪੂੰ ਵੀ ਸਬਰ ਕਰਿਆ ਕਰ ਕੁਸ਼ ...ਘਰ ਪੁੱਜ ਕੇ । ‘ ਅੜੀਏ , ਉਨ੍ਹੇ ਅੱਗੋਂ ਕਿਹਾ – ਕੁਹਾ ਤਾਂ ਕੁਸ਼ ਨੀ , ਬੱਸ ਉਦ੍ਹਾ ਮੂੰਹ ਦੇਖਣ ਆਲਾ ਸੀ ਓਸਲੇ , ਲਾਲ –ਸੁਰਖ਼ । ਮੈਨੂੰ ਲੱਗਾ ਉਨ੍ਹੇ ਸੰਗਾ ਜੇਈ ਬਓਤ ਮੰਨੀ ਆਂ । ਨਾ ਉਤ੍ਹੋਂ ਕੁਸ਼ ਬੋਲਿਆ ਗਿਆ ,ਨਾ ਅੱਖਾਂ ਤਾਹਾਂ ਚੁੱਕ ਹੋਈਆਂ । ਜਿੱਥੇ ਖੜ੍ਹਾ ਸੀ , ਕਿੰਨਾ ਚਿਰ ਖੜ੍ਹਾਂ ਰਿਆ । ਹਾਰ ਕੇ ਮੈਂ ਈ , ਉਨੂੰ ਕਿਹਾ – ‘ਚੱਲ ਜਾਹ ਹੁਣ , ਡੀਕਦੀ ਹੋਣੀ ਆਂ ਤੈਨੂੰ ....।‘ ਲੈ ਕੁੜੇ , ਹਾਅ ਗੱਲ ਹਜੇ ਵਿਚੇ ਹੀ ਸੀ , ਉਹ ਫੇਟ ਜੇਈ , ਕੀ ਨਾਂ ਉਦ੍ਹਾ ਰੱਖੇ ਦੀ ਗੁਆਂਢਣ ,ਚਿੰਤੀ –ਚਿੰਤੀ ਉਹ ਪਤਾ ਨਈਂ ਕਿਧਰੋਂ ਨਿੱਕਲ ਆਈ , ਵੱਡੀ ਗਲੀ ਅੱਲੋਂ । ਰੱਬ ਜਾਣੇ ਉਨੂੰ ਸੁਣੀ ਕਿ ਨਈਂ ਸੁਣੀ ਗੱਲ, ਉਨ੍ਹੇ ਖੜ੍ਹਿਆਂ ਨੂੰ ਜ਼ਰੂਰ ਦੇਖ ਲਿਆ ਦੋਨਾਂ ਨੂੰ ਸਾਨੂੰ ਲਾਗੇ ਲਾਗੇ । ...ਓਨ੍ਹੇ ਜਾਂਦੀ ਨੇ ਚੰਦ ਚਾੜ੍ਹ ਤਾਂ ਚਮਾਰਾਂ ਵੇਹੜੇ। ਕਿਸੇ ਨੇ ਸੱਚ ਮੰਨਿਆ ਹਊ , ਕਿਸੇ ਨੇ ਝੂਠ । ...ਲੈ , ਹਾਅ ਗੱਲ ਸੀ ਤੇ ਹਾਅ ਬਾਤ ।
“ ਦੇਖਿਆ ਫੇਏ ਵਿਚੋਂ ਗੱਲਬਾਤ ਨਿਕਲ ਈ ਆਈ ਨਾ ਕੋਈ ਨਾ ਕੋਈ....। “ ਸੁਆਹ ਨਿਕਲ ਨਿਕਲ ਆਈ ਤੇ ਨਾਲੇ ਖੇਹ ....। ਓਦਾਂ ਸੱਚ ਦੱਸਾਂ , ਰੂਹ ਜੇਈ ਰਾਜ਼ੀ ਹੋ ਜਾਂਦੀ ਸੀ ਉਨੂੰ ਦੇਖ ਕੇ , ਬਾਕੀ ਐਮੇਂ ਰੌਲਾ-ਗੌਲਾ ਈ ਸੀ ਵਾਧੂ ਦਾ ।
“ ਚੱਲ ਛੱਡ ਐਂ ਤਾਂ ਹਰ ਕਿਸੇ ਨਾ ‘ ਹੁੰਦੀ ਆ , ਏਹ  ਦੱਸ ਭਾਈ ਰੱਖਾ ਔਰੈਟ ਹੋਇਆ ਕਿ ਨਾ ਅੱਗੇ ਤੋਂ ..?”
ਕਿੱਥੇ ਹੋਇਆ ,ਜੇੜ੍ਹੀ ਇੱਲਤ ਪੈ ਜਏ ਉਹ ਹਟਦੀ ਕਿਤੇ । ਬਾਅਰ ਅੰਦਰ ਤਾਂ ਕਦੀ ਕੋਈ ਸੁਣੀ ਨੀ ਉਦ੍ਹੀ , ਘਰੇ ਉਦ੍ਹਾ ਉਹੀ ਹਾਲ ਰਿਆ । ਦਿਨਾਂ ‘ਤੇ ਪੁੱਜੀ ਨੂੰ ਵੀ ਉਨ੍ਹੇ ਘਰ-ਆਲੀ ਨੂੰ ਸਾਹ ਨੀਂ ਆਉਣ ਦਿੱਤਾ , ਬਚਾਰੀ ਨੂੰ । ਫੇਏ ਪਤਆ ਕੀ , ਇਕੋ ਮੁੰਡਾ ਜੰਮ ਕੇ ਚਲਦੀ ਹੋਈ । ਹਾਅ ਈ ਪਾਲਾ –ਘੜਾਲਾ ....। ਲੈ ਸੱਚ, ਉਹ ਗੱਲ ਤਾਂ ਵਿਚੇ ਈ ਰਹਿ ਗਈ , ਦੱਸਣ ਆਲੀ । ਰਤਨੀ ਦੇ ਮਰਨ ਆਲੀ । ...ਕੋਈ ਆਖੇ , ਸੂਤਕੀ ਤਾਪ ਲੈ ਡੁੱਬਾ । ਕੋਈ ਕਹਿੰਦਾ, ਉਦ੍ਹਾ ਅੰਦਰ ਈ ਬਾਅਰ ਆ ਗਿਆ ਸੀ ਮੁੰਡਾ ਜੰਮਦੀ ਦਾ । ਕੋਈ ਕੁਸ਼ ਬੋਲੇ , ਕੋਈ ਕੁਸ਼ । ...ਓਹ ਕੰਜਰੀ ਹੋਰ ਈ ਦੱਸਦੀ ਫਿਰੇ ਹਰੇਕ ਨੂੰ ।
“ ਉਹ ਕੌਣ ....?”
“ਓਹੀ ਚਿੰਤੀ ਜੇਦ੍ਹੀ ਹੁਣੇ ਈ ਗੱਲ ਕਰਦੀਆਂ ਹਟੀਆਂ । ਉਨ੍ਹੇ ਦਿਨ ਚੜ੍ਹਦਿਆਂ ਸਾਰ ਕਈਆਂ ਤੱਕ ਅਪੱੜਦੀ ਕਰ ‘ਤੀ । ਹੋਰ ਈ ਸ਼ੁਰਲੀ ਜੇਈ । ਨਾਲੇ ਸੌਹਾਂ ਖਾਈ ਜਾਏ । ਆਖੇ – “ ਲੈ ਭਾਈ , ਮੂੰਹ ਸੜ ਜੇ , ਜੀਭ ਕੁਤਰੀ ਜਏ , ਮੈਂ ਜੇ ਝੂਠ ਬੋਲਾਂ ਤਾਂ । ਲੈਅ....ਮੈਂ ਆਪੂੰ ਦੇਖਿਆ ਝੀਥਾਂ ਥਾਣੀ । ਐਨ੍ਹਾਂ ਦੀਦਿਆਂ ਨਾ ‘ । ਉਹ ਐਂ ਪਈ ਸੀ ਸਿੱਧੀ-ਸਤੀਰ । ਚਿੜੀ ਕੁ ਜਿੰਨਾ ਬੋਟ ਲਾਗੇ ਪਿਆ ਸੀ । ਓਸ ਸਾਈਂ ਲੋਕ ਨੂੰ ਭਲਾ  ਕਾਦ੍ਹੀ ਸੁਰਤ । ਹਾਅ ਕੜਾਅ-ਖਾਣਾ ਧੈਅ ਕਰਦਾ ਜਾ ਪਿਆ ਉਪਰ । ਜਾਨ ਤਾਂ ਉਦ੍ਹੇ ‘ਚ ਪਹਿਲੋਂ ਹੈ ਨਈਂ ਸੀ । ਅੰਦਰ-ਬਾਅਰ ਤਾਂ ਹਜੇ ਅੱਲਾ ਪਿਆ ਸੀ , ਛਿੱਲ ਹੋਇਆ । ਇਕ ਅੱਧ ਵਾਰੀ ਤਾਂ ਅਗਲੀ ਨੇ ਸਹਿ ਸਹਾਰ ਲਿਆ ਹੋਊ । ਓਦਾਂ ਸੱਚੀ ਗੱਲ ਆ , ਮੈਂ ਨਈਂ ਦੇਖਿਆ । ਮੈਂ ਕਿਉਂ ਝੂਠ ਮਾਰਾਂ । ਓਦਾਂ ਹਾਏ-ਹਾਏ  ਹੁੰਦੀ ਜ਼ਰੂਰ ਸੁਣੀ ਰਾਤੀਂ ਸੌਣ ਲੱਗਿਆਂ । ਮੈਂ ਸੋਚਿਆ ਕੋਈ ਤਕਲੀਪ ਹੋਊ ਬਚਾਰੀ ਨੂੰ । ਏਹ ਤਾਂ ਫੇਅਰ ਸਮਝ ਆਈ ਵਿਚਲੀ ਗੱਲ। ਸਵੇਰੇ ਤੜਕਸਾਰ , ਭਾਈ ਹੋਣੀ ਫੇਅਰ ਪੈਲਾਂ ਪਾਉਂਦੇ ਫਿਰਨ । ਬੱਤੀ ਜਗਦੀ ਸੀ ਏਨ੍ਹਾਂ ਆਲੀ । ਮੈਂ ਆਪੂੰ ਦੇਖੀ ਝੀਥਾਂ ਥਾਣੀਂ । ਉਹ ਸ਼ੈਂਤ ਬਚ-ਬਚਾਅ ਕਰਨ  ਲਈ ਉਠੀ ਹੋਊ , ਔਖੀ-ਸੌਖੀ ਹੋ ਕੇ । ਉਹ ਬਾਅਰ ਅਲ੍ਹ ਨੂੰ ਜ਼ਰੂਰ ਨੱਠਦੀ ਦੇਖੀ ਮੈਂ , ਨੰਗੇ –ਪੈਰ ਨੰਗਾ-ਸਿਰ । ਫੇਅਰ ਪਤਾ ਨੀਂ ਚੱਕਰ ਆਇਆ ਪਤਾ ਨਈਂ ਧੱਕਾ ਦਿੱਤਾ ਏਨ੍ਹੇ । ਸਮਝ ਨੀ ਲੱਗੀ । ਕਾੜ੍ਹ ਕਰਦਾ ਸਿਰ ਵੱਜਾ ਪੱਕੀ ਸਰਦਲ ‘ਚ । ਲੈ ਭੈਣ ,ਥਾਏਂ ਲੜਕ ਗਈ । ਫੇਅਰ ਨਾ ਬੋਲੀ ਨਾ ਉੱਠੀ । “
“ ਹਾਅ  ਕੁੜੇ , ਫੇਅਰ ਤਾਂ ਸੱਚੀਓਂ ਗੁੱਡ ਬੰਦਾ ਆ ਭਾਈ ਤੇਰਾ ....ਫੇਅਰ ਤਾਂ ਤੈਨੂੰ ਵੀ ਮਿਲਦਾ-ਗਿਲਦਾ ਹੋਣਾ ਵੇਲੇ-ਕੁਵੇਲੇ ...।“
ਫਿੱਟੇ ਮੂੰਹ ਤੇਰਾ ਲੁੱਚੀ ਦਾ ...ਤੂੰ ਮੀਂ ਲੱਗ ਤੁਰੀ ਓਸੇ  ਲੀਹੇ ! ਮੈਂ ਤੈਨੂੰ ਭਾਈਆਣੀ ਦਾ ਦੁੱਖ-ਤਕਲੀਪ ਦੱਸੀ ਜਾਨੀ ਆਂ , ਤੂੰ ...ਤੂੰ ਆਪਣੀਆਂ ਈ ਭੋਰੀ ਜਾਨੀ ਆਂ । ...ਏਹ ਮਸ਼ਗੂਲਾ ਆ ਕੋਈ । ਹਰ ਕਿਸੇ ਨੇ ਜੰਮੇਂ ਆ ਧੀਆਂ ਪੁੱਤ । ਤੂੰ –ਮੈਂ ਨੀਂ ਜੰਮੇ । ਦੱਸ ਆਉਂਦੀ ਆ ਸੁਰਤ ਮੀਨ੍ਹਾ-ਦੋ ਮੀਨ੍ਹੇ । ਏਹ ਤਾਂ ਐਓਂ ਕੌਹ , ਅਸੀਂ ਨਮੀਂ ਜੂਨੇ ਪੈਨੀਆਂ । ਮੈਂ ਤਾਂ ਕਹਿੰਨੀ ਆਂ , ਧੰਨ ਦੀਆਂ ਚਮਾਰੀਆਂ  ।ਉਨ੍ਹਾਂ ਨੂੰ ਜਾਣੋ ਸਬਰ ਈ ਨਈਂ ਆਉਂਦਾ । ਨਿਆਣੇ ਤੇ ਨਿਆਣਾ ਚੜ੍ਹਿਆ ਪਿਆ , ਘਰੋ ਘਰ । ਅੱਠ-ਅੱਠ , ਦਸ-ਦਸ । ਚਾਰ-ਪੰਜ-ਛੇ ਤੋਂ ਕੋਈ ਵੀ ਘੱਟ ਨਈਂ । ‘ ਪਤਾ ਨਈਂ ਕੀ ਬੀੜ ਹੋਇਆ ਆ ਅੰਦਰ । ਨਿਖ਼ਸਮੀਆਂ ਥੱਕਦੀਆਂ –ਰੱਜਦੀਆਂ  ਈ ਨਈਂ ।‘ ਮੇਰੀ ਤਾਂ ਸੱਚੀ ਆ ਤਿੰਨਾਂ ਨੇ ਬੱਸ ਕਰਾਤੀ । ਤੇਰਾ ਮੈਨੂੰ ਪਤਾ ਨਈਂ ...!
“ ਲੈ ਮੇਰਾ ਕੀ ਨਈਂ ਪਤਆ ! ਕੀ ਲੁਕਿਆ ਆ ਤੇਤੋਂ !! ਦੱਸਿਆ ਤਾਂ ਸੀ ਤੈਨੂੰ । ਮੈਂ ਤਾਂ ਇਕੋ ਇਕ ਜੰਮ ਕੇ ਪਰੇਸ਼ਾਨ ਕੁਰਆ ਲਿਆ । ਕੋਈ ਬੈਅਡ ਕੰਮ ਨਈਂ ਕੀਤਾ । ਕੁੜੀ ਆ ਕੁੜੀ ਸਈ । ਮੈਂ ਖਿਆ ਕੌਣ ਵਖਤਾਂ ‘ਚ ਫਸਿਆ ਰਏ ਹਰ ਘੜੀ । ਤੇਰੀ ਭਾਈਆਣੀ ਨਾ’ ਸੱਚੀਓਂ ਬੈਰੀ ਬੈਅਡ ਹੋਈ ਆ , ਜੱਗੋਂ ਬਾਅਰੀ । “ਬਾਅਰੀ ਜਈ ਬਾਅਰੀ ! ਮੈਂ ਤਾਂ ਕਹਿੰਨੀ ਆਂ , ਐਹੋ ਜਏ ਬੰਦਿਆ ਨੂੰ ਊਈਂ ਦੇਸ਼ ਨਕਾਲਾ ਦੇਣਾ ਚਾਹੀਦਾ , ਜਿੱਥੇ ਤੀਮੀਂ ਦਿਸੇ ਈ ਕੋਈ ਨਾ । ਜਾਂ ਫੇਏ ਪੱਕਾ ‘ਲਾਜ ਕਰਾ ਦੇਣਾ ਚਾਹੀਦਾ , ਡੰਗਰ-ਡਾਕਟਰ ਸੱਦ ਕੇ । ......ਏਹ ਬਚਾਰੀ ਬਥੇਰੀ ਵਿਲਕ ਹਟੀ , ਆਹੀ ਥੁੜ੍ਹੀ ਜੇੜ੍ਹੀ ਕੰਮ ਕਰਦੀ ਆ ਸਾਡੇ , ਲਾਜੋ । ਏਹ ਬਥੇਰਾ ਕਹਿ ਹਟੀ , ਪਈ ਏਨੂੰ ਮੇਰੇ ਨਾ’ ਭੇਜ ਕੇ ਪੇਂਕੀ ਮੀਨ੍ਹਾ-ਦੋ ਮੀਨ੍ਹੇ ਪਹਿਲਾਂ । ਇਕ ਪਾਸੇ ਸਿਕਦੀ ਤਾਂ ਰੋਟੀ ਵੀ ਸੜ-ਸੁੱਕ ਜਾਂਦੀ ਆ , ਤਵੇ ਤੇ । ਪਰ ,ਧੱਕੜ ਜਿਆ ਭਾਈ ਨੀਂ ਮੰਨਿਆ । ਅਖੇ ਰੋਟੀ-ਟੁੱਕ ਦੀ ਔਖ ਹੁੰਦੀ ਆ । ਫੇਏ ਦੱਸ ਏਹ ਬਚਾਰੀ ਕਰਦੀ ਵੀ ਕੀ । ਹਾਰ ਕੇ ਮੁੜਦੀ ਰਈ ਖਾਲੀ ਹੱਥ ।ਪਿੰਡ ਜਾ ਕੇ ਵੀ ਓਦ੍ਹਾ ਚਿੱਤ ਜਿਆ ਟਿਕਿਆ ਨਾ ਕਰੇ । ਪੰਦਰੀਂ-ਵੀਂਹੀ ਗੇੜਾ ਜਰੂਰ ਮਾਰਿਆ ਕਰੇ । ਮਾਂ ਸੀ ਨਾ ਫੇਅਰ  ਵੀ । ਮਾਂ ਤੋਂ ਬਿਨਾਂ ਹੋਰ ਕਰਦਾ ਵੀ ਕੌਣ ਆ । ਧੀ ਪੇਕੇ ਹੋਵੇ ਜਾਂ ਸੌਹਰੇ , ਚਿੰਤਾ ਜਰਮ ਦੇਣ ਆਲੀ ਮਾਂ ਨੂੰ ਈ ਹੁੰਦੀ ਆ ।..ਏਹ ਤਾਂ ਚਿਰੀ ਜਾ ਕੇ ਪਤਾ ਲੱਗਾ ਪਈ ਉਨ੍ਹੇ ਬਓਤਾ ਜ਼ੋਰ ਪਾਇਆ ਵੀ ਨਈਂ ਸੀ । ਰਤਨੀ ਨੂੰ ਨਾਲ ਲੈ ਜਾਣ ਲਈ । ਖਰਚਾ ਓਦ੍ਹੀ ਵਿਤੋਂ ਬਾਅਰਾ ਸੀ , ਪਹਿਲੇ ਜਣੇਪੇ ਦਾ । ਓਦ੍ਹੇ ਵਿਆਏ-ਵਰੇ ਪੰਜ –ਛੇ ਮੁੰਡੇ ਓਦ੍ਹੀ ਊਈਂ ਬਾਤ ਨਈਂ ਸੀ ਪੁੱਛਦੇ । ਟੱਬਰੀਆਂ ਸਾਂਭ ਕੇ, ਕੋਈ ਕਿਸੇ ਖੂੰਜੇ ਦਬਕਿਆਂ ਪਿਆ ਸੀ ਕੋਈ ਕਿਸੇ ।ਲਾਜੋ ਦਾ ਰੋਟੀ ਪਾਣੀ ਵੰਡਮਾਂ ਮੀਨ੍ਹਾ ਇਕ ਨਾਲ , ਮੀਨ੍ਹਾ ਦੂਜੇ ਨਾ ‘....।  ਈ ਐਥੇ । ਸੁਣਿਆ , ਉਨ੍ਹੇ ਪੁੱਜ  ਕੇ ਸੇਵਾ ਕੀਤੀ ਧੀ ਦੀ । ਹੱਥ ਸਾਫ਼ ਸੀ ਉਦਾਂ। ਔਖੀ –ਸੌਖੀ ਹੋ ਕੇ ਉਨ੍ਹੇ ਹੱਡੀਆਂ ਦੀ ਮੁੱਠ ‘ਚੋਂ ਜੀਂਦਾ-ਜਾਗਦਾ ਪਾਲਾ ਕੱਢ ਲਿਆ ਬਾਅਰ । ਮੁੰਡਾ ਰੱਖੇ ‘ਤੇ ਸੀ । ਹੱਡੋਂ-ਪੈਰੋਂ ਮੋਕਲਾ , ਨਿਰਾ ਈ ਪੇਏ ਅਰਗਾ । ਉਹ ਤਾਂ ਛੇਤੀ ਈ ਲੱਤਾਂ ਬਾਹਾਂ ਮਾਰਨ ਲੱਗ ਪਿਆ , ਰਤਨੀ ਦੇ ਖੜਕਿਓ ਹੱਡ ਮੀਨ੍ਹਾ ਭਰ ਓਦਾਂ ਦੇ ਓਦਾਂ । ਇਕ ਦਿਨ ਸੁਭਾਕੀ ਲਾਜੋ ਬੁੜ੍ਹੀ ਘਰ ਚਲੇ ਗਈ , ਪਿੰਡ ਅਪਣੇ । ਉਸੇ ਰਾਤ ਰੱਖਾ ਸੂੰਹ ਭਾਈ ਨੇ ਹਾਅ ਚੰਦ ਚਾੜ੍ਹ ਤਾ । ਉਹ ਬਚਾਰੀ ਉਨ੍ਹੀਂ ਪੈਰੀਂ ਫੇਏ ਐਥੇ । ਉਨੂੰ ਸਮਝ ਨਾ ਲੱਗੇ ਕੀ ਕਰੇ ਕੀ ਨਾ । ਕੇਦ੍ਹੀ ਸੁਣੇ ਕੇਦ੍ਹੀ ਨਾ ਸੁਣੇ । ਭਾਂਤ-ਸੁਭਾਂਤੀ ਗੱਲਾਂ , ਭਾਂਤ-ਸਭਾਂਤੀ ਸਲਾਹਾਂ । ਕੋਈ ਕੁਸ਼ ਕਹੇ ਕੋਈ ਕੁਸ਼ । ਹਾਰ ਕੇ ਉਨ੍ਹੇ ਦੜ ਈ ਵੱਟੀ ਰੱਖੀ ਕਿੰਨੇ ਦਿਨ । ਬੋਲੀ ਚਾਲੀ ਕੁਸ਼ ਨਾ ,ਡਰਦੀ ਮਾਰੀ । “ ਦੜ ਵੱਟੀ ਰੱਖੀ ! ਬੋਲੀ ਚਾਲੀ ਕੁਸ਼ ਨਾ ਡਰਦੀ ...!? ਓਦੋਂ ਤੂੰ ਦੱਸਦੀ ਸੀ ਪਈ ਬੁੱਢੀ ਬੁੜ੍ਹੀ ਨੇ ਬੜਾ ਹੌਸਲਾ ਰੱਖਿਆ , ਬੜੀ ਦਲੇਰੀ ਕੀਤੀ । ਉਨ੍ਹੇ ਰਤੀ ਭਰ ਵੀ ਕਿਸੇ ਦੀ ਪ੍ਰਵਾਹ ਨੀਂ ਕੀਤੀ । ਧੀ ਦੀ ਮਿੱਟੀ ਸਮੇਟ ਕੇ ਉਨ੍ਹੇ ਥੋੜ੍ਹੇ ਕੁ ਦਿਨੀਂ ਚਮਾੜਲੀ ਸਮੇਤ ਪਿੰਡ ਦੇ ਕਈ ਸਾਰੇ ਗੱਲਕਾਰ ਬੰਦੇ ‘ਕੱਠੇ ਕਰ ਲਏ । ਪਹਿਲਾਂ ਤਾਂ ਉਨ੍ਹੇ ਰੋਂਦੀ-ਡੁਸਕਦੀ ਨੇ ਪਿਛਵਾੜੇ ਰਹਿੰਦੀ ਚਿੰਤੀ ਦੀ ਆਖੀ-ਦੱਸੀ ਥੋੜ੍ਹਾ ਕੁ ਸਹਿਜ-ਧੀਰਜ ਨਾ’ ਆਖ ਸੁਣਾਈ ਸਾਰੀ ਪਰਇਆ ਨੂੰ ,ਫੇਅਰ ਰੱਖਾ ਸੂੰਹ ਬਾਰੇ ਲਿਆ ਫੈਸਲਾ ਪੂਰੇ ਗੜ੍ਹਕੇ ਨਾਲ ਐਲਾਨ ਕਰ ਮਾਰਿਆ । ਅਖੇ – ‘ ਏਨੂੰ ਆਖੋ , ਦਫਾ ਹੋ ਜਏ ਮੇਰੇ ਸਾਹਮਣਿਉਂ। ਪਿੰਡ ਛੱਡ ਕੇ ਦੂਰ –ਪਾਰ ਨਿਕਲ ਜਏ ਕਿਧਰੇ । ਕਿਸੇ ਡੇਰੇ-ਦੁਆਰੇ ਚਲਿਆ ਜਾਏ , ਜਾਂ ਖੂਹ-ਖਾਤੇ ‘ਚ ਜਾ ਮਰੇ । ਨਈਂ ਮੈਂ ਅਗਲੀ ਕਾਰਵਾਈ ਪਾਊਂ ਸਿੱਧੀ ਹੋ ਕੇ । ਪਹਿਲਾਂ ਤੁੜਆਊਂ ਏਦ੍ਹੀਆਂ ਪੱਸਲੀਆਂ , ਵੱਡੇ ਸਾਬ੍ਹ ਕੋਅਲ ਪੇਸ਼ ਹੋ ਕੇ , ਫੇਏ ਕਰਆਊਂ ਏਨੂੰ ਫਾਂਸੀ , ਝੋਟੇ ਜਏ ਨੂੰ ...।“
ਤੂੰ ਆਪੂੰ ਈ ਦੱਸਦੀ ਸੀ ਪਈ ਏਨ੍ਹੇ ਸ਼ੇਰ ਦੀ ਬੱਚੀ ਨੇ ਐਹੋ ਜੇਈ ਗੱਲ ਬਣਾਈ , ਐਹੋ ਜਿਆ ਰਾਹ ਲੱਭਿਆ ਪਈ ਇਕ ਤਾਂ ਏਦ੍ਹੇ ਜੁਆਈ ਦੀ ਜਾਨ ਬਚ ਗਈ , ਦੂਜੇ ਪਿੰਡ ਦੀ ਇੱਜ਼ਤ –ਪੱਤ ਰੱਖੀ ਗਈ । ਨਈਂ ਸੌ ਥਾਈਂ ਹੋਏ-ਹੋਏ  ਹੋਣੀ ਸੀ ।ਪਿੰਡ ਵੱਖ ਤਰੀਕਾਂ ਭੁਗਤਦਾ , ਆਪੂੰ ਏਹ ਵੱਖ ਖੱਜਲ-ਖੁਆਰ ਹੁੰਦੀ । ਹੋਰ ਤਾਂ ਹੋਰ ਭਾਈਆਂ-ਪਾਠੀਆਂ ਦੀ ਮਿੱਟੀ ਰਹਿੰਦੀ ਵੀ ਪੱਟੀ ਜਾਣੀ ਸੀ । ...ਤੂੰ ਈ ਦੱਸਦੀ ਸੀ ਪਈ ਰੱਖਾ ਸੂੰਹ ਭਾਈ ਨੇ ਰਤੀ ਭਰ ਵੀ ਚੂੰ-ਚੜਿਕ ਨਈਂ ਕੀਤੀ । ਓਸਲੇ ਕਛੈਰਾ-ਪਰਨਾ ਚੁੱਕ ਕੇ ਪਤਾ ਨਈਂ ਕਿੱਧਰ ਨੂੰ ਚਲੇ ਗਿਆ । “
ਹਾਅ ਕੁੜੇ , ਮੈਂ ਪਹਿਲੋਂ ਵੀ ਦੱਸਿਆ ਸਾਰਾ ਕੁਸ਼ ਤੈਨੂੰ ,ਪਿਛਲੀ ਵੇਰਾਂ ਆਈ ਨੂੰ । ਮੈਨੂੰ ਤਾਂ ਸੌਂਹ ਗੁਰੂ ਦੀ ਰਤਾ ਮਾਸਾ ਵੀ ਚੇਤਾ ਨਈਂ । ਮੇਰਾ ਤਾਂ ਅੱਗ-ਲੱਗੜਾ ਡਮਾਕ ਈ ਹਿੱਲ ਗਿਆ ਲੱਗਦਾ । ਤੂੰ ਲੁੱਚੀਏ ਪਹਿਲੋਂ ਕ੍ਹਾਤੋਂ ਨਈਂ ਬੋਲੀ । ਐਨਾ ਚਿਰ ਐਮੇਂ ਲਾਈ ਰੱਖਿਆ ਮੈਨੂੰ ਹੇਕਾਂ ਲਾਉਣ ।
“ ਤਾਂ ਕੀ ਹੋਇਆ ਫੇਏ , ਮੈਂ ਕੋਈ  ਦੁੱਪਰਆਰੀ ਆਂ । ਆਪੋ ਵਿਚਦੀ ਆਂ ਆਪਾਂ ਦੋਨੇ ਜਣੀਆਂ । ਨਾਲੇ ਹਾਅ ਗੱਲ ਤੂੰ ਪਹਿਲੋਂ ਓਦਾਂ ਨਈਂ ਦੱਸੀ , ਜਿੱਦਾਂ ਐਤਕੀਂ ਦੱਸੀ ਆ । ਰੱਖਾ ਸੂੰਹ ਦੇ ਲਵ ਆਲੀਂ । ਪਈ ਰੱਖਾ ਸੂੰਹ ਭਾਈ ਨਾਲ ਮੇਰੀ ਗਿੱਟ-ਮਿੱਟ ਅੰਦਰੋਂ ਅੰਦਰ ਸੱਚੀਂ ਹੈਗੀ ਸੀ । “
ਫੋਅਟ ਬਸ਼ਰਮਣ ਨਾ ਹੋਏ ਤਾਂ। ਤੂੰ ਤਾਂ ਗਰੇਜ਼ੀ ਈ ਬੜੀ ਭੋਰਨ ਲੱਗ ਪਈ ਆਂ । ਲੈ ਦੱਸ ...ਏਦ੍ਹੇ ‘ਚ ਰੱਖਾ ਸੂੰਹ ਨਾ ‘ ਗਿੱਟ-ਮਿੱਟ ਕਿੱਥੋਂ ਆ ਵੜੀ । ਉਹ ਤਾਂ ਜਿੱਦਾਂ ਬੁੜ੍ਹੀ ਨੇ ਕੀਤੀ ਸੀ, ਓਦਾਂ ਈ ਦੱਸੀ ਹੋਣੀ ਆਂ । ਮੈਂ ਨੀ ਮੁੱਕਰਦੀ । ਮੁੱਕਰਾਂ ਵੀ ਕਿਉਂ ? ਮੈਂ ਕ੍ਹੇੜਾ ਓਥੇ ਸੀ । ਏਹ ਤਾਂ ਸਾਡੇ ਏਨਾਂ ਜਿੱਦਾਂ ਦੇਖਿਆ , ਓਸਲੇ ਆ ਦੱਸਿਆ ਮੈਨੂੰ । ਪਈ , ਪਰਇਆ ਸਾਰੀ ਬੁੜ੍ਹੀ ਦੇ ਗੜ੍ਹਕੇ ਅਲ੍ਹ ਉੱਠ ਉੱਠ ਦੇਖੇ । ਉਹ ਕਹੇ –“ਮੈਂ ਨੀਂ ਪੈਣ ਦੇਣਾ ਪਰਛਾਮਾਂ ਧੱਕੜ ਜਏ ਦਾ ਐਸ ਪੁੱਤ ‘ਤੇ । ਨਾ ਮੈਂ ਖੜਨਾ ਏਨੂੰ ਐਥੋਂ ਹੋਰਥੇ । ਏਹ ਤੁਆਡੇ ਪਿੰਡ ਦੀ ਅੰਸ਼ ਆ , ਐਥੇ ਰਹੁ । ਆਹ ਸੁਣਦਾ ਸਾਰਾ ਪਿੰਡ । ਮੇਰੇ ਹਜੇ ਕਰ-ਪੈਰ ਚਲਦੇ ਆ । ਮੈਂ ਮੰਗਣ ਨੀ ਜਾਂਦੀ ਕਿਸੇ ਦੇ ਵੀ । ਹਾਂ, ਕਾਰ-ਕਿੱਤਾ ਜੇਹੋ ਜੇਆ ਵੀ ਕੋਈ ਦੇਊ ,ਕਰ ਲਿਆ ਕਰੂੰ । ਘਰ-ਬਾਰ ਦਾ ਹੋਵੇ ,ਭਾਮੇਂ ਖੇਤ ਬੰਨੇ ਦਾ । ‘ ਲੈ ਭੈਣ , ਸਾਡੇ ਏਹ ਆ ਕੇ ਦੱਸਣ ਪਈ ਚਮਾੜਲੀ ਤਾਂ ਊਈਂ ਹਿੜ-ਹਿੜ ਕਰੀ ਜਾਏ । ਸਾਡੇ ਜੱਟਾਂ ‘ਚੋਂ ਬਖ਼ਸ਼ੀ ਹੋਣੀ ,ਤਾਰੇ ਹੋਣੀ , ਸੁਰੈਣੇ ਦਾ ਟੱਬਰ ਸਾਰੇ ਨੀਮੀਂ ਪਾਈ ਬੈਠੇ , ਐਧਰ ਓਧਰ ਦੇਖੀ ਜਾਣ । ਫੇਏ ਕਹਿੰਦੇ , ਪਈ ਸੱਚੀ ਗੱਲ ਆ ਮੇਤੋਂ ਰਿਹਾ ਨੀਂ ਗਿਆ । ਮੈਂ ਓਸਲੇ ਈ ਭਰੀ ਪਰ੍ਹੇ ‘ਚ ਆਖ ਦਿੱਤਾ – ‘ ਕੱਲ੍ਹ ਤੋਂ ਲਾਜੋ ਬੁੜ੍ਹੀ ਸਾਡੇ ਕੰਮ ਕਰੂ , ਝਾੜੂ ਬਹਾਰੀ , ਲਿੱਪਾ-ਪੋਚੀ , ਹੋਰ ਜੇਏ ਜੇਆ  ਵੀ ਘਰਾਂ ‘ਚ ਹੁੰਦਾ ਆ । ‘ ਸਾਡੇ ਏਹ ਮੈਨੂੰ ਆ ਕੇ ਦੱਸਣ , ਪਈ ਸੱਦੇ ਤਾਂ ਉਨ੍ਹੇ ਟਾਮੇਂ-ਟਾਮੇਂ ਬੰਦੇ ਸੀ ਪਿੰਡ ਚੋਂ । ਪਰ ਉਦ੍ਹੇ ਘਰ ਸਾਹਮਣਲੇ ਖੁੱਲੇ ਤੌੜ ‘ਚ ਹਰ ਕੋਈ ਆ ਪੁੱਜਿਆ । ਨਾ ਕੋਈ ਵੱਡਾ ਪਿੱਛੇ ਰਿਆ , ਨਾ ਛੋਟਾ । ਨਾ ਕੋਈ ਬੰਦਾ ਨਾ ਤੀਮੀਂ । ਜਿੱਦਾਂ ਸਾਰੇ ਰਾਸ-ਲੀਲ੍ਹਾ ਦੇਖਣ ਆਇਓ ਹੋਣ । ਸਾਡੇ ਏਹ ਦੱਸਣ ,ਚਿੰਤੀ ਰੰਡ ਤਾਂ ਓਥੇ ਕਿਤੇ ਦਿਸੇ ਨਾ , ਓਦਾਂ ਉਦ੍ਹੀ ਛੁਰਲੀ ਹਰੇਕ ਨੂੰ ਚੇਤੇ । ਪਚੈਤ ਜੁੜਨੋਂ ਪਹਿਲਾਂ , ਕਿੰਨਾ ਈ ਚਿਰ ਏਹੋ ਮਸ਼ਗੂਲਾ ਚਲਦਾ ਰਿਆ । ਕੋਈ ਕਹੇ – ‘ਚੱਕਰ-ਚੁੱਕਰ ਆਉਣ ਦੀ ਤਾਂ ਐਮੋਂ ਝੂਠੀ-ਮੂਠੀ ਦੀਓ ਗੱਲ ਬਣਾਈ ਆ ਚਿੰਤੀ ਨੇ । ਅਸਲ ‘ਚ ਭਾਈਆਣੀ ਤੋਂ ਰੱਖਾ ਸੂੰਹ ਦਾ ਭਾਰ ਈ ਨਈਂ ਝੱਲ ਹੋਇਆ ਹੋਣਾ । ਸਾਢੇ ਛੇ ਮਣੀ ਬੋਰੀ ਤਾਂ ਬਣਿਆ ਪਿਆ ਸੌਹਰੀ ਦਾ ਕੜ੍ਹਾਹ ਖਾ ਖਾ ਕੇ । ‘ ਕੋਈ ਆਖੇ – ‘ ਮੈਂ ਤਾਂ ਕਹਿਨਾਂ ਕਸੂਰ ਈ ਸਾਰਾ ਚਿੰਤੀ –ਘੜਿੰਤੀ ਦਾ ਆ । ਹੋਰ ਜੁ ਤੁਰੀਂ ਰਹਿੰਦੀ ਆ ਛੜਿਆਂ ਮਲੰਗਾਂ ਆਲੇ ਪਾਸੇ । ਭਾਈ ਕਿਤੇ ਦੂਰ-ਪਾਰ ਸੀਗਾ । ਗੁਆਂਢ ਮੱਥਾ ਆ ।ਝੀਥਾਂ ਥਾਣੀ ਜੁ ਦੇਖਦੀ ਰਈ ਰੀਣ ਕੁ ਤਾਂ ਕੰਧ ਆ ਵਿਚਾਲੇ , ਟੱਪ ਕੇ ਆਉਂਦੀ ਐਧਰ , ਭਾਈਆਣੀ ਨੂੰ ਦੁਆਉਂਦੀ ਸਾਹ । ਉਦ੍ਹੀ ਜਾਨ ਬਚਦੀ , ਏਦਾ ਡੰਗ ਸਰਦਾ ....। ਕੋਈ ਕੁਸ਼ ਆਖੀ ਜਾਏ ਕੋਈ ਕੁਸ਼ ...।
ਲੈ ਭੈਣ ਮੇਰੀਏ , ਸਾਡੇ ਏਹ ਘਰ ਆ ਕੇ ਨਾਲੇ ਤਾਂ ਹੱਸਣ ਨਾਲੇ ਖ਼ਫਾ ਹੋਣ  । ਆਖਣ – ‘ਹੋਈ ਤਾਂ ਭਾਮਾਂ ਚਮਾੜ੍ਹਲੀ ਵੰਨੇ ਈ ਆਂ , ਪਰ ਹੈਅ ਤਾਂ ਮਾੜੀ । ਲੋਕੀਂ ਕੀ ਕਹਿਣਗੇ ? ਏਹੋ ਕਿ ਭਾਈ-ਛਾਈ ਹੁੰਦੇ ਹੀ ਐਹੋ ਜਏ ਆ ।ਆਹੀ ਖੇਹ ਘੋਲਦੇ ਆ ਹਰ ਥਾਂ । ਲੱਚਕਰ ਤਾਂ ਬੜਾ ਕਰਨਗੇ ਜੁੜੇ ‘ ਕੱਠਾਂ ਨੂੰ । ਏਨਾਂ ਦੀ ਸਿੱਖ ਮੱਤ , ਆਪੂੰ ‘ਤੇ ਅਸਰ ਨੀ ਕਰਦੀ ।‘ ਸਾਡੇ ਏਹ ਹਿਰਖ਼ ਕਰਨ ਪਈ – ‘ਰੱਖੇ ਨੂੰ ਤਾਂ ਮਾਰੋ ਗੋਲੀ । ਏਦ੍ਹੇ ‘ਚ ਜੇੜ੍ਹੀ ਗੁਰੂ ਘਰ ਦੀ ਬਦਨਾਮੀ ਹੋਈ ਆ , ਸਾਡੀ ਹੋਈ ਆ । ਏਹ ਬਾਲ੍ਹੀਓ ਨਿਮੋਸ਼ੀ ਆਲੀ ਗੱਲ ਆ , ਸਾਡੇ ਜੱਟਾਂ ਲਈ । ਕਿਉਂ ਪਈ ਅਸੀਂ ਜੱਟ ਈ ਤਾਂ ਹੈਗੇ ਆਂ ਗੁਰੂ ਘਰ ਦੇ , ਸਿੱਖ ਕੌਮ ਦੇ ਅਸਲ ਵਾਲੀ-ਵਾਰਸ ।‘
“ ਹਾਅ ਗੱਲ ਸੋਲਾਂ ਆਨੇ ਸੱਚ ਆਖੀ ਭਾਈਏ ਨੇ। ਦੇਖਣ ਨੂੰ ਤਾਂ ਜੇਠ ਮੇਰਾ ਐਹਾ ਜੇਈ ਲੱਗਦਾ ਝੱਲ ਵਲੱਲਾ ਜਿਆ ,ਗੱਲ ਬੜੇ ਪਤੇ ਦੀ  ਆਖੀ ਆ । ਲੈ ਮੈਂ ਹੋਰ ਦੱਸਦੀ ਤੈਨੂੰ – ਸਾਡੇ ‘ਮਰੀਕਾ ‘ਚ ਵੀ ਹਾਅ ਰਗੜਾ ਪਿਆ ਰਹਿੰਦਾ ਸੀ ਦੂਏ –ਚੌਥੇ । ਏਹ ਤਖਾਣ ਹੋਏ , ਲਬਾਣੇ ਹੋਏ, ਝੀਰ ਚਮਾਰ ਬਾਹਤੀ ਸੈਣੀ , ਹੋਰ ਪਤਆ ਨਈਂ ਕਿੰਨੀਆਂ ਵੱਢੀਆਂ-ਟੁੱਕੀਆਂ ਜਾਤਾਂ ਦਾ ਖ਼ਬਨੀ ਇਕ-ਇਕ ਬੰਦਾ ਬਾਅਰ ਆ , ਖ਼ਬਨੀ ਦੋ-ਦੋ ਤਿੰਨ-ਤਿੰਨ । ਸਾਡੇ ਤਾਂ ਜੱਟਾਂ ਦੇ ਟੱਬਰਾਂ ਦੇ ਟੱਬਰ ਓਧਰ ਆ। ਸਾਡੇ ਲੋਕੀਂ ਨਈਂ ਸੀ ਪ੍ਰਵਾਹ ਕਰਦੇ । ਏਹ ਨੀਮੀਆਂ ਜਾਤਾਂ ਆਲੇ ਪਤਾ ਕੀ ਕਰਦੇ ਸੀ ?ਏਹ ਜਿੱਥੇ ਵੀ ਚਾਰ ਕੁ ਜਣੇ ਕੱਠੇ ਹੋਣ , ਨਮੇਂ ਤੋਂ ਨਮਾਂ ਗੁਰਦੁਆਰਾ ਬਣਾ ਕੇ ਆਪੋ ਆਪਣਾ ਪ੍ਰਧਾਨ ਜਿਹਾ ਬਣਾ ਬਹਿਣ ।ਫੇਏ ਪਤਾ ਕੀ ਹੋਇਆ ? ਫੇਅਰ ਜਦ ਆਹ ਰੌਲਾ-ਗੌਲਾ ਜਿਆ ਬਓਤਾ ਈ ਪੈ ਗਿਆ ਨਾ ਐਥੇ ਪੰਜਾਬ ‘ਚ ਭਿੰਡਰਾਂਅਲੇ ਦਾ । ਸੁਣਿਆ ਬਓਤੇ ਮੁੰਡੇ ਤਾਂ ਐਧਰ ਈ ਫੜੇ ਫੁੜੇ ਗਏ । ਮਾਰ ਮੂਰ ਵੀ ਦਿੱਤੇ ਸੀ ਸੁਣਿਆ ਬਓਤੇ ਸਾਰੇ ਖਸਮਾਂ ਖਾਣੇ ਪੁਲਸੀਆਂ-ਫੌਜੀਆਂ ਨੇ । ਤਾਂ ਮੀਂ ਬਚ-ਬਚ ਕੇ ਜੇੜ੍ਹੇ ਪੁੱਜ ਗਏ ਸੀ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਕੋਲ , ਉਨ੍ਹਾਂ ਓਥੇ ਆਹੀ ਗੱਲ ਫੜ ਲੀ ਜਾਂਦਿਆਂ ਸਾਰ , ਪਈ-ਸਿੱਖ ਕੌਮ ਦੇ ਅਸਲੀ ਵਾਰਸ ਅਸੀਂ ਆ ਅਸੀਂ ਜੱਟ ਸਿੱਖ । ਗੁਰੂਘਰ ,ਗੁਰਦੁਆਰੇ ਸੱਭ ਅਸੀਂ ਰੱਖਣੇ ਆਂ ,ਕੰਮੀ-ਕਮੀਣਾਂ ਕੋਅਲ ਨਈਂ ਰਹਿਣ ਦੇਣੇ । ਫੇਏ ਭੈਣ ਸਾਡੇ ਬੰਦਿਆਂ , ਕਿਸੇ ਤੋਂ ਓਦਾਂ ਖੋਹ ਕੇ , ਕਿਸੇ ਨੂੰ ਫੈਂਟਾ ਚਾੜ੍ਹ ਕੇ ਸਾਰੇ ਈ ਕਾਬੂ ਕਰ ਲਏ । ਹੁਣ ਸਾਰੇਈ ਗੁਰੂ ਘਰ ਆਪਣੇ ਬੰਦਿਆਂ ਕੋਅਲ ਆ ! ਮੈਂ ਵੀ ਹੈਗੀ ਆਂ ਇਕ ਦੀ ਮੈਂਬਰ । ਦੇਅਰ ਤੇਰਾ ਤਾਂ ਸੁੱਖ ਨਾ ‘ ਸਾਰਿਆਂ ਨਾਲੋਂ ਵੱਡੇ ਗੁਰਦਵਾਰੇ ਦਾ ਪ੍ਰਧਾਨ ਵੀ ਆ , ਤੇ ਹੋਰਨਾਂ ਪ੍ਰਧਾਨਾਂ ਦਾ ਪ੍ਰਧਾਨ ਵੀ । “
ਆਲੇ ਹਾਏ ...ਏ...। ਨੀਂ ਚੰਦਰੀਏ , ਏਹ ਗੱਲ ਤਾਂ ਤੂੰ ਦੱਸੀਂ ਈ ਨਈਂ ਕਦੀ , ਐਨੀ ਵੇਰਾਂ ਆਈ ਆਂ ! ....ਹੁਣ ਜਾਂਦੀਓ ਮੁਮਾਰਕਾਂ ਦੇਈਂ ਮੇਰੀ ਅਲੋਂ ।ਨਾਲੇ ਆਖੀ ਭਾਬੀ ਯਾਦ ਕਰਦੀ ਸੀ ।
“ ਓਏ ਮੈਂ ਮਰ ਜਾਂ , ਹੁਣੇ ਹੁਣੇ ਤਾਂ ਭਾਬੀ ਰੱਖਾ ਸੂੰਹ ਭਾਈ ‘ਤੇ ਡੁੱਲ੍ਹੀ ਪਈ ਸੀ, ਹੁਣੇ ਹੁਣੇ ਦੇਅਰ ਆਪਣੇ ‘ਤੇ ਲੋਟੂ ਹੋ ਗਈ ।....ਚੱਲ ਕੋਈ ਨਾ ਐਸ ਉਮਰੇ ਏਦਾਂ ਈ ਹੁੰਦਾ । ਚਿੰਤਾ ਨਾ ਕਰ । ਮੈਂ ਜਾਂਦੀਓ ਸੁਨੇਹਾ ਦੇਊਂ । ਆਖੇਂ ਤਾਂ ਭੇਜ ਵੀ ਦਊਂ ਮੀਨ੍ਹੇ ਦੋ-ਮੀਨ੍ਹੇ ਲਈ । ਕਰ ਲਈ ਰੂਹ ਰਾਜ਼ੀ ।“
ਕਰ ਲੂੰ ਗੀ , ਮੈਨੂੰ ਕੋਈ ਉਲ੍ਹਾਮਾ ! ਓਹ ਕੋਈ ਓਪਰਾ ਥੋੜ੍ਹੀ ਆ । ਮੇਰਾ ਸੋਹਣਾ-ਛਿੰਦਾ ਦੇਅਰ ਆ । ਐਸੇ ਕਰਕੇ ਤਾਂ ਮੈਂ ਸਾਕ ਲਿਆਈ ਸੀ ਤੇਰਾ....।
“ਅੱਛਇਆ , ਮੈਂ ਨਾ ਆਖਾਂ ਕ੍ਹਾਤੋਂ ਨੀ ਆਉਂਦਾ ਮੇਰੇ ਨਾ ‘ ਏਥੇ । ਜਦ ਆਊ ‘ਕੱਲਾ ਈ ਆਊ । ਓਅਥੇ ਬੈਠਾ ਵੀ ਨਾਂ ਜਪਦਾ ਰਊ ਤੇਰਾ । ਕਦੀ ਆਖੂ , ਭਾਬੀ ਲਈ ਆਹ-ਆਹ ਥਿੰਗਾਂ ਜਰੂਰ ਭੇਜੀਂ । ਕਦੀ ਆਖੂ ,ਓਅਹ-ਓਹਅ ਆਪੂੰ ਲੈ ਕੇ ਜਾਈਂ । ...ਚੱਲ ਕੋਈ ਨਾ ਏਦ੍ਹੇ ‘ਚ ਮਾੜੀ ਗੱਲ ਵੀ ਕੋਈ ਨੀ । ਦਿਲ ਮਿਲੇ ਦੀਆਂ ਗੱਲਾਂ ...। ਚੱਲ , ਐਂ ਦੱਸ ਰੱਖਾ ਸੂੰਹ ਭਾਈ ਆਇਆ ਨੀਂ ਮੁੜ ਕੇ , ਨਾ ਪਿੰਡ ਨਾ ਤੇਰੇ ਕੋਅਲ ..? “ਆਇਆ ਕਿਉਂ ਨੀਂ , ਆਉਂਦਾ ਰਿਆ ਵਿਚ-ਵਿਚਾਲੇ , ਪਹਿਲੀ ਫੇਰਾਂ ਤਾਂ ਚਿਰਕੇ  ਜੇਏ ਆਇਆ ਰੌਲਾ-ਰੱਪਾ ਮੁੱਕੇ ਤੇਏ । ਫੇਏ ਉਨ੍ਹੇ ਮੁੰਡੇ ਆਪਣੇ ਦੀ ਬੜੀ ਪੌਰਖ ਰੱਖੀ । ਬੁੜੀ ਨੂੰ ਬਓਤਾ ਮੂੰਹ ਨੀਂ ਲਾਇਆ । ਐਧਰ ਵੀ ਆ ਜਾਂਦਾ ਸੀ ਸਾਡੀ ਅਲਾਂ ਮਿਲ਼-ਗਿਲ਼ ਜਾਂਦਾ ਸੀ । ਦੱਸਦਾ ਸੀ –ਸਿਰਸੇ ਆਂ ਮੈਂ , ਡੇਰੇ ‘ਚ ਗ੍ਰੰਥੀ । ਕਹਿੰਦਾ ਸੀ – ਬੜ ਵੱਡਾ ਡੇਰਾ ਆ , ਬੜੀ ਆਮਦਣ ਆ , ਓਸ ਥਾਂ ਨੂੰ । ਪੈਹੇ ਮੈਨੂੰ ਵੀ ਚੰਗੇ ਬਣ ਜਾਂਦੇ ਆ । ਰਹਿਣ ਨੂੰ ਵੱਡਾ ਸਾਰਾ ਕਾਟਰ ਮਿਲਿਆ ਆ । ਟੱਬਰੀ ਨਾਲ ਰਹਿੰਦੀ ਆ । ਨਿਆਣੇ –ਨਿੱਕੇ ਵੀ ਦੱਸਦਾ ਸੀ ਹੈਗੇ ਆ ਦੂਜੀ ‘ਚੋਂ ।
“ ਦੂਜੀ ਬਚੀਓ ਆ ? ਉਹ ਤਾਂ ਨਈਂ ਤੋਰਤੀ ਉਨ੍ਹੇ ਪਹਿਲੀ ਆਂਗੂ । ਪੁੱਛਿਆ ਨੀਂ ਤੈਂ ...? “
ਐਂ ਤਾਂ ਨੀਂ ਪੁੱਛਿਆ , ਜਿੱਦਾਂ ਤੂੰ ਕਹਿੰਨੀ ਆਂ । ਓਦਾਂ ਦੱਸਦਾ ਹੁੰਦਾ ਪਈ , ਭਾਈਆਣੀ ਉਦ੍ਹੇ ਜੋੜ-ਮੇਲ ਦੀ ਆ ਪੂਰੀ । ਉਹ ਵੀ ਸੇਵਾ ਕਰਦੀ ਆ ਡੇਰੇ ਝਾੜੂ-ਪੋਚੇ ਦੀ । ਪਹਿਲਾਂ ਤਾਂ ਉਨ੍ਹੇ ਗੱਲ ਨੀ ਕੀਤੀ । ਆਹ ਪਿੱਛੇ ਜਏ ਆਇਆ ਦੱਸਦਾ ਸੀ, ਪਈ ਉਹ ਵੀ ਐਉਂਈ ਨਿਕਲੀਊ ਆ ਘਰੋਂ , ਉਦ੍ਹੇ ਆਂਗੂ । ਪਹਿਲਾਂ ਬੰਦਾ ਉਦ੍ਹਾ ਐਹਾ ਜਿਆ ਈ ਸੀ ਮਰੀਅਲ ਜਿਆ । ਉਦ੍ਹੇ ਨਾਲ ਕਿਧਰੇ ਸਾਲ-ਖੰਡ ਰਈ ਹੋਊ , ਫੇਏ ਉਹ ਡੇਰੇ ਆਈ ਮੁੜੀ ਈ ਨੀਂ ਘਰ । ਉਦ੍ਹੇ ਬੰਦੇ ਨੇ ਉਦ੍ਹਾ ਮਿੰਨਤ-ਤਰਲਾ ਵੀ ਕੀਤਾ , ਵੱਡੇ ਸੰਤਾਂ ਕੋਅਲ ਫ਼ਰਿਆਦ ਲੈ ਕੇ ਵੀ ਗਿਆ । ਓਹ ਪੇਏ ਦੀ ਧੀ ਨੀਂ ਮੰਨੀ । ਆਖੇ-ਮਾਂਰਾਜ੍ਹ ਮੈਨੂੰ ਵੱਢ ਦਿਓ , ਮਾਰ ਦਿਓ । ਮੈਂ ਨੀਂ ਜਾਣਾ ਅਮਲੀ ਜਏ ਦੇ । ਦੱਸਦਾ ਸੀ ,ਵੱਡੇ ਸੰਤਾਂ ਨੇ ਉਨੂੰ ਸਮਝਾਇਆ ਵੀ –ਬੀਬਾ ,ਏਦ੍ਹੇ ‘ ਚ ਡੇਰੇ ਦੀ ਬਦਨਾਮੀਂ ਆਂ । ਤੇਰੀ ਅੱਲ ਨੂੰ ਸੌ ਉਂਗਲਾਂ ਉੱਠਣਗੀਆਂ ,ਕਿੰਨੂੰ ਕਿੰਨੂੰ ਰੋਕੇਂਗੀ । ਉਨ੍ਹੇ ਅੱਗੋਂ ਫੇਏ ਜਿਗਰਾ ਕੀਤਾ । ਕਿਹਾ – ਮਾਂਰਾਜ੍ਹ ਜਦ ਐਹੀ ਜਈ ਨੌਬਤ ਆਈ , ਮੈਂ ਖੂਹ ‘ਚ ਛਾਲ ਮਾਰ ਕੇ ਮਰ ਜਊਂ , ਡੇਰਾ ਦਾਗੀ ਨੀ ਕਰਦੀ । ਭਾਈ ਰੱਖਾ ਸੂੰਹ ਦੱਸੇ , ਪਈ ਮੈਨੂੰ ਉਦ੍ਹੀ ਆਹ ਗੱਲ ਬਓਤ ਈ ਚੰਗੀ ਲੱਗੀ । ਫੇਏ ਮੈਂ ਈ ਸੰਤਾਂ ਨੂੰ ਇਕ-ਦੋ ਬੇਨਤੀਆਂ ਕਰਦੇ ਆਪਣੇ ਲਈ ਮੰਗ ਲਈ ।
ਚੱਲ ਏਹ ਤਾਂ ਭਲਾ ਈ ਕੀਤਾ , ਆਪਣਾ ਵੀ ਅਗਲੀ ਦਾ ਵੀ ....। ਮੈਂ ਤਾਂ ਕਹਿੰਨੀ ਆਂ ਬਾਹਲੀਓ ਅਕਲ ਕੀਤੀ ਭਾਈ ਤੇਰੇ ਨੇ । ਇੱਜ਼ਤ ਰੱਖ ਲੀ ਉਦ੍ਹੀ ਵੀ, ਆਪਣੀ ਵੀ । ਉਸ ਬਚਾਰੀ ਦਾ ਵੀ ਝੱਟ ਲੰਘਦਾ ਹੋ ਗਿਆ । ਓਦਾਂ ਵੀ ਔਖਾ ਈ ਹੁੰਦਾ , ਬੰਦਾ ਹੋਵੇ ਚਾਹੇ ਜਨਾਨੀ । ਲੈ , ਮੈਂ ਦੱਸਦੀ ਆਂ ਤੈਨੂੰ । ਸਾਡਾ ਜੇੜ੍ਹਾ ਗੁਰਦੁਆਰਾ ਆ ਨਾ ‘ਮਰੀਕਾ । ਉਦ੍ਹੇ ਲਈ ਭਾਈ ਮੈਂ ਐਥੋਂ ਲੈ ਗਈ ਪਿਛਲੀ ਤੋਂ ਪਿਛਲੀ ਵੇਰਾਂ । ਉਹੀ ਜੀਦ੍ਹੀ ਘਰਆਲੀ ਨੇ ਸਕੂਲ ਖੋਲ੍ਹਿਆ ਮਾਲ੍ਹਪੁਰ । ਲੈ ਭੈਣ ਮੈਂ ਤਾਂ ਜਾਣੋਂ ਆਪਣੇ ਗਲ੍ਹ ਆਪ ਈ  ਫਾਹਾ ਪਾ ਲਿਆ । ਮੈਂ ਸੋਚਿਆ ਬਾਲ-ਬੱਚੇਦਾਰ ਆ , ਪੋਤਿਆ ਪੜੋਤਿਆਂ ਆਲਾ, ਏਦ੍ਹਾ ਨੀ ਉਲਾਮ੍ਹਾ ਆਉਂਦਾ । ਪਰ ਕੀ ਦੱਸਾਂ ਉਹ...ਉਹਿ ਪੈਲ੍ਹਿਆਂ ਨਾਲੋਂ ਵੀ ਦੋ ਰੱਤੀਆਂ ਤਾਹਾਂ । ਪਹਿਲੇ ਤਾਂ ਮੰਨਿਆਂ ਮੁੰਡੇ-ਖੁੰਡੇ ਸੀਗੇ । ਐਧਰੋਂ ਖ਼ਬਨੀ ਕਿੱਦਾਂ ਗਇਓ ਸੀ ਜੈਜ਼ ਨਜ਼ੈਜ਼ । ਉਨ੍ਹਾਂ ਪਤਾ ਕੀ ਕਰਨਾ ! ਦੇਹ ਤੇਰੇ ਦੀ ਰਾਉਂਡੀ ਤੇ ਰਾਉਂਡੀ ਸਾਰਾ ਦਿਨ। ਕਦੀ ਇਕ ਅੱਡੇ ਕਦੀ ਦੂਜੇ ਅੱਡੇ । ਕੰਮ ਸਾਡੇ ਕੋਈ ਹੁੰਦਾ ਨੀ ਭਾਈ ਨੂੰ ਬਓਤਾ । ਬੱਸ,ਸਵੇਰੇ ਮਾਂਰਾਜ੍ਹ ਦਾ ਪ੍ਰਕਾਸ਼ ਕਰਨਾ ਸ਼ਾਮੀਂ ਸਤੋਖਣਾਂ । ਪਾਠ-ਪੂਠ ਕਰਨ ਨੂੰ ਹੋਰ ਵਥੇਰੇ ਹੁੰਦੇ ਆ ਬੁੱਢੇ ਠੇਰੇ ।ਅਵੱਲ ਮਾਈਆਂ-ਬੀਬੀਆਂ ਨੀਂ ਸਾਹ ਲੈਣ ਦਿੰਦੀਆਂ । ਫੇਏ ਦੇਅਰ ਤੇਰਾ ਪਤਾ ਕੀ ਕਰਦਾ ? ਵਾਰੀਆਂ ਲਾਉਂਦਾ ,ਕਿਸੇ ਦੀ ਸਵੇਰੇ ਕਿਸੇ ਦੀ ਤਕਾਲੀਂ । ਪੱਕਾ ਭਾਈ ਫੇਏ ਵੇਹਲੇ ਦਾ ਵੇਹਲਾ ।ਤੈਨੂੰ ਪਤਆ ਵੇਹਲਾ ਬੰਦਾ ਕੋਈ ਨਾ ਕੋਈ ਉਲਟ-ਪੰਗਾ ਕਰੂ ਈ ਕਰੂ । ਦੋਂਹ ਕੁ ਨੇ ਤਾਂ ਸਾਡੀ ਵਾਹਲੀਓ ਹੇਠੀ ਕੁਰਆਈ । ਇਕ ਜਣਾ ਤਾਂ ਕਿਸੇ ਰਾਂਡ ਜੇਈ ਨੂੰ ਨਾਲ ਲੈ ਆਇਆ ਰੂਮ ‘ਚ । ਉਸਤੋਂ ਜਾਨ ਛੁਡਾਈ ਦੂਜਾ ਬਾਅਰ ਈ ਫੜਿਆ ਗਿਆ ਟੈਕਸੀ ਆਲੇ ਨਾ’ । – ‘ ਭਾਈ ਜਦੋਂ ਸ਼ਬਦ ਗਾਉਂਦਾ ਆ , ਮੂੰਹ ‘ਚੋਂ ਹੋਰਏ ਤਰ੍ਹਾ ਦੀ ਹਵਾੜ ਜੇਈ ਆਉਂਦੀ । ਮੈਂ ਅੱਗਿਉਂ ਸੱਚ ਨਾ ਮੰਨਾਂ । ਸਗੋਂ ਗੁੱਸੇ ਹੋਮਾਂ ਉਨ੍ਹਾਂ ਨੂੰ । ਆਖਾਂ –ਤੁਸੀਂ ਰੰਡੀਓ ਉਦ੍ਹਾ ਮੂੰਹ ਸੁੰਘਦੀਆਂ ਕਿ ਗਾਉਣ ਸਿੱਖਦੀਆਂ । ਉਨ੍ਹਾਂ ਕਹਿਣਾ-ਬਾਜਾ ਸਿੱਖਣ ਲਈ ਬੈਠਣਾ ਤਾਂ ਨਾਲ ਨਾਲ ਈ ਪੈਂਦਾ , ਜੁੜ ਕੇ । ਫੇਅਰ ਉਹ ਦੱਸਣ , ਸੁਰਾਂ ਨੱਪਣੀਆਂ ਦੱਸਦਾ ਭਾਈ ਸਾਡੇ ਪੋਟੇ ਵੀ ਨੱਪਦਾ । ਲੈ ਭੈਣ ਫੇਏ ਮੈਨੂੰ ਪਿਆ ਡਓਟ ।ਮੈਂ ਉਦ੍ਹੀ ਬਿੜਕ ਰੱਖੀ । ਆਨੀਂ-ਬਹਾਨੀਂ ਟੋਹਿਆ –ਪਰਖਿਆ । ਪਰ , ਪਤਾ ਕੁਸ਼ ਨਾ ਲੱਗੇ । ਫੇਏ ਇਕ ਵੀਕ ਵਾਲੇ ਦਿਨ ਮੈਂ ਤਪੈਰੇ ਜਾ ਪੁੱਜੀ ਉਦ੍ਹੇ ਕੁਆਟਰ । ਉਹੀ ਗੱਲ ਹੋਈ । ਡੋਰਾਂ ਭਿੜੀਆਂ ਹੋਈਆਂ ਸੀ ਦੋਨੋਂ । ਉਹ ਘੁੱਕ ਸੁੱਤਾ ਪਿਆ , ਕੰਬਲ ਲਪੇਟ ਕੇ । ਮੈਂ ਰਤਾ ਕੁ ਡੋਰਾਂ ਸਰਕਾ ਦੇ ਦੇਖਿਆ , ਬੋਤਲ ਖ਼ਬਨੀ ਕੇੜ੍ਹੀ ਸੀ , ਅੱਗ-ਲੱਗੜੀ ਖਾਲੀ ਪਈ ਸੀ ਮੇਜ ‘ਤੇ । ਲੈ ਭੈਣ ਮੈਂ ਉਨ੍ਹੀ ਪੈਰੀਂ ਮੁੜ ਆਈ ਘਰੇ । ਨਾ ਤੇਰੇ ਦੇਅਰ ਨੂੰ ਦੱਸਿਆ ਆ ਕੇ ਨਾ ਕਿਸੇ ਹੋਰਸ ਨੂੰ । ਮੈਂ ਸੋਚਿਆ – ਤਾਂ ਕੀ ਆ ਸਾਰੇ ਈ ਪੀਂਦੇ –ਖਾਂਦੇ ਆ । ਸਾਡੇ ਕੇੜ੍ਹਾ ਘੱਟ ਕਰਦੇ ਆ । ਰ੍ਹੋਜ਼ ਈ ਚੱਲ ਸੋ ਚੱਲ । ਉਹ ਵੀ ਆਖਿਰ ਬੰਦਾ । ਫੇਏ ਕੱਲਾ-ਕਹਿਰਾ । ਟੈਮ-ਪਾਸ ਕਰ ਈ ਲਿਆ ਜੇ ਵੇਲੇ-ਕੁਵੇਲੇ , ਤਾਂ ਕੀ ਆਖਿਰ ਆ ਗਈ । ਮੈਨੂੰ ਨਹੀਂ ਸੀ ਪਤਾ ਏਹ ਬਾਦੀ ਗਾਹਾਂ ਵੀ ਤੁਰੂ । ਲੈ ਭੈਣ , ਉਨ੍ਹੇ ਵੀ ਉਹੀ ਚਾਲੇ ਫੜ ਲਏ ਮੁੰਡਿਆਂ ਆਲੇ । ਉਹ ਵੀ ਘੁੰਮਣ ਲੱਗ ਪਿਆ ਗਰੇਜਣੀਆਂ ਪਿੱਛੇ । ਐਹੀਆਂ ਜੇਈਆਂ ਬੜੀਆਂ ਓਥੇ ਵੀ, ਜਿੱਦਾਂ ਦੀਆਂ ਐਧਰ ਆ । ਧੰਨੀ ਸਰ੍ਹੈੜੀ ਅਰਗੀਆਂ । ਉਹ ਰੰਡਾ ਨਾ ਬੁੱਢਾ ਦੇਖਦੀਆ ਨਾ ਮੁੰਡਾ । ਬੱਸ ਡਾਲੇ ਚਾਹੀਦੇ ਆ , ਜਿੱਧਰ ਕੋਈ ਮਰਜ਼ੀ  ਲਈ ਫਿਰੇ । ਐਹੀ ਜੇਈ ਦੇ ਅੜਿੱਕੇ ਇਕ ਦਿਨ ਸਾਡੇ ਭਾਈ  ਹੋਣੀ ਵੀ ਆ ਗਏ । ਆਪੂੰ ਈ ਉਨ੍ਹੇ ਰੰਡ ਨੇ ਟੈਕਸੀ ਹੈਅਰ ਕਰਲੀ । ਫੇਏ ਕਹੇ – ਚੱਲ ਜਿੱਥੇ ਚੱਲਣਾ । ਭਾਈ ਹੋਣਾ ਨੂੰ ਪਤਾ ਨਾ ਲੱਗੇ ਕੀ ਕਹਿੰਦੀ ਆ ।ਗੁਣੀ –ਗਿਆਨੀ ਤਾਂ ਬਥੇਰਾ ਸੀ , ਗਰੇਜੀ ਨਈਂ ਸੀ ਆਉਂਦੀ । ਡਰੈਵਰ ਆਪਣੀ ਥਾਂ ਔਖਾ । ਉਹ ਕਹੇ –ਦੱਸੋ ਕਿੱਥੇ ਪੁੱਜਣਾ ,ਮੈਨੂੰ ਕ੍ਹਾਨੂੰ ਬੰਨਿਆ ਆਂ । ਸੀ ਤਾਂ ਉਹ ਗਰੇਜ , ਪਰ ਪੰਜਾਬੀ ਜਾਣਦਾ ਸੀ ਥੋੜੀ ਕੁ । ਲੈ ਭੈਣ ਉਨ੍ਹੇ ਬਚਾਅ ਕੀਤਾ ਨਾਲੇ ਸਾਡਾ , ਨਾਲੇ ਭਾਈ ਦਾ । ਉਨ੍ਹੇ ਟੁੱਲੇ-ਟੱਲੇ ਮਾਰ ਕੇ ਭਾਈ ਤੋਂ ਪੁੱਛ ਲਿਆ ਦੇਅਰ ਤੇਰੇ ਦਾ ਨਾਂ । ਓਥੇ ਖੜ੍ਹੇ ਨੇ ਫੂਨ ਕਰਤਾ , ਪਈ ਐਦਾਂ ਹੋਈ , ਦੱਸੋ ਕੀ ਕਰਾਂ । ਲੈ ਭੈਣ ਦੇਅਰ ਤੇਰੇ ਨੇ ਬੜੀ ਅਕਲ ਕੀਤੀ । ਡਰੈਵਰ ਨੂੰ ਕਿਹਾ – ਰੰਡ ਨੂੰ ਕਿਧਰੇ ਲਾਹ ਕੇ ਏਨੂੰ ਐਥੇ ਪੁੱਜਦਾ ਕਰਦੇ , ਮੇਰੇ ਕੋਅਲ । ਅੱਗੋਂ ਮੈਂ ਸਾਂਭ ਲੂੰ । ਸਾਂਭਣਾ ਤਾਂ ਪੈਣਾ ਸੀ , ਨਈਂ ਹੋਏ ਹੋਏ ਹੋਣੀ ਸੀ ਸਾਡੀ । ਲੈ ਭੈਣ , ਉਨੂੰ ਅਗਲੇ ਦਿਨ ਈ ਬਰੰਗ ਕਰਤਾ ਐਥੇ ਨੂੰ । ਪਤਾ ਤਕ ਨੀਂ ਲੱਗਣ ਦਿੱਤਾ ਕਿਸੇ ਵੀ ਮੈਂਬਰ ਨੂੰ । ਹੁਣ ਫੇਏ ਹੈਨੀਂ ਕੋਈ ਵੀ ਸਾਡੇ ਕੋਅਲ । ਮੇਰਾ ਤਾਂ ਜੀਅ ਕਰਦਾ ਤੇਰਾ ਰੱਖਾ ਸੂੰਹ ਲੈ ਜਮਾਂ ਆਪਣੇ ਨਾਲ ....।“
ਨਾਅ...ਨਾ...ਨਾ ....। ਹਾਅ ਕੰਮ ਨਾ ਕਰੀਂ । ਭੁੱਲ ਕੇ ਵੀ ਨਾ ਕਰ ਵੈਈਂ । ਲਿਜਾਣਾ ਤਾਂ ਇਕ ਪਾਸੇ ਰਿਆ , ਐਹੀ ਜੇਈ ਗੱਲ ਦਾ ਭੋਗ ਤੱਕ ਨਾ ਪਾਈਂ ਮੁੜ ਕੇ । ਉਹ ਜਿੱਥੇ ਹੈਗਾ , ਓਥੇਈ ਰਹਿਣ ਦੇ ਉਨੂੰ ....।
“ ਦੇਖਿਆ ਫੇਏ ਨਿਕਲ ਈ ਆਈ ਸੱਚੀ ਗੱਲ ਅੰਦਰੋਂ । ਨਈਂ ਰਹਿ ਹੋਇਆ ਨਾ ਫੇਏ ਬੀਬੀ ਸਾਡੀ ਤੋਂ । ਭੈਣੋ ਤੇਰਾ ਕਸੂਰ ਨਹੀਂ ਏਦ੍ਹੇ ‘ਚ ਕੋਈ ਵੀ । ਏਦਾਂ ਹੁੰਦੀ ਈ ਹੁੰਦੀ । ਚਾਹੇ ਕੋਈ ਬੰਦਾ ਹੋਵੇ ਚਾਹੇ ਜ਼ਨਾਨੀ । ਚੰਗੀ ਚੀਜ਼ ਕੋਈ ਨੀ ਛੱਡਦਾ । ...ਚੱਲ ਠੀਕ ਆ ਜਿੱਦਾਂ ਤੂੰ ਕਹੇਂ ਉਦਾਂ ਈ ਸਈ । ਤੂੰ ਰੱਖ ਅਪਣਾ ਰੱਖਾ ਆਪਣੇ ਕੋਅਲ । ਮੈਂ ਹੋਰ ਦੇਖ ਲੈਨੀਂ ਆ ਬੁੱਢਾ-ਠੇਰਾ ! “
ਦੁਰ ਫਿੱਟੇ ਮੂੰਹ , ਤੈਨੂੰ ਮਸ਼ਗੂਲੇ ਸੁਝਦੇ ਆ , ਐਥੇ ਜਾਨ ‘ਤੇ ਬਣੀ ਪਈ ਆ । ਮੈਂ ਤਾਂ ਏਹ ਕਹਿੰਨੀ ਆਂ ਪਈ ਐਥੇ ਤਾਂ ਇਕ ਨੇ ਵਖ਼ਤ ਪਾਇਆ ਆ ,ਦੂਜਾ ਹੋਰ ਰਲ੍ਹ ਕੇ ਤਾਂ ਹੋਰ ਵੀ ਭੜਥੂ ਪਾਉਣਗੇ । ਗੂਠਾ ਦਖਾਉਣਗੇ ਸਾਡੇ ਪਿੰਡ ਨੂੰ ,ਵਿੱਚੇ ਈ ਤੈਨੂੰ –ਮੈਨੂੰ । ਮੈਂ ਤਾਂ ਪਛੋਤਾਓਨੀ ਆਂ ਓਸ ਘੜੀ ਨੂੰ ਜਦ ਮੈਂ ਹਾਂ ਕਰ ਬੈਠੀ । ਨਾ ਮੈਂ ਬੁੱਢੜੀ ਨੂੰ ਆਪਣੇ ਮੱਥੇ ਮੜ੍ਹਦੀ , ਨਾ ਏਦ੍ਹਾ ਛਲਾਰੂ ਜੇਆ ਕਿਸੇ ਬੰਨੇ ਲਗਦਾ । ਰੁਲ੍ਹਦਾ ਖੁਲ੍ਹਦਾ ਰਹਿੰਦਾ, ਬਾਕੀ ਚਮਾੜ੍ਹਲੀ ਆਂਗੂ । ਦਿਹਾੜੀ –ਦੱਪਾ ਕਰਦਾ ਜਾਂ ਹੋਰ ਜੋ ਮਰਜ਼ੀ ਖੇਹ ਖਾਂਦਾ । ਘੱਟੋ –ਘੱਟ ਪੜ੍ਹਦਾ ਤਾਂ ਨਾ । ਐਈਥੇ , ਮੋਮੋਠਗਣਾ ਜੇਆ ਬਣਕੇ ਲੱਗਾ ਰਿਆ । ਪਤਾ ਸੀ ਪਈ ਲੱਭੀ ਜਾਣਾ ਆ ਟੁੱਕਰ ਦੋਨੋਂ ਵੇਲੇ । ਜੇ ਹੁੰਦਾ ਸੰਸਾ ਝੁਲਕਾ ਦੇਣ ਦਾ ਢਿੱਡ ਨੂੰ , ਤਾਂ ਕਾਨੂੰ ਹੋਣੀਆਂ ਸੀ ਐਨੀਆਂ ਪੜ੍ਹਾਈਆਂ । ਨਾ ਅੱਗ ਲੱਗੜਾ ਐਥੇ ਪੁੱਜਦਾ , ਨਾ ਸਾਨੂੰ ਆਹ ਦਿਨ ਦੇਖਣੇ ਪੈਂਦੇ । ਬੱਸ ਆਹੀ ਹਿਰਖ਼ ਕਰਦੇ ਆ ਸਾਡੇ ਏਹ ਜਦ ਵੀ ਮੁੜਦੇ ਆ ਸ਼ੈਅਰੋਂ । ਆ ਕੇ ਕਹਿਣਗੇ – ‘ ਚਰਨ ਕੋਰੇ , ਦੇਖ ਲਾਅ ਸਮੇਂ ਦਾ ਗੇੜ । ਜੇੜ੍ਹਾ ਐਨਾ ਚਿਰ ਸਾਡੇ ਟੁਕੜਿਆਂ ‘ਤੇ ਪਲ੍ਹਦਾ ਰਿਆ । ਪੈਂਦਾ ਵੀ ਐਥੇ ਹੀ ਰਿਆ ਤੇਰੇ ਕੋਅਲ ,ਲੱਕੜ ਦੇ ਫੱਟੇ