ਜਦੋਂ ਮੈਨੂੰ ਫੌਜੀ ਅਫਸਰ ਸਮਝਿਆ
(ਪਿਛਲ ਝਾਤ )
ਸੰਨ 1993 ਦੀ ਗੱਲ ਹੈ, ਉਦੋਂ ਭਾਜੀ ਸੁਖਦੇਵ ਸਿੰਘ ਸਿੱਕਮ ਵਿਖੇ ਸੀਨੀਅਰ ਇੰਜੀਨੀਅਰ ਸਨ ਅਤੇ ਉਥੇ ਉਹ ਪਰਿਵਾਰ ਸਮੇਤ ਰਹਿੰਦੇ ਸੀ। ਇਕ ਦਿਨ ਭਾਜੀ ਦਾ ਫੋਨ ਆਇਆ ਕਿ ਐਤਕੀਂ ਤੁਸੀਂ ਗਰਮੀਆਂ ਦੀਆਂ ਛੁੱਟੀਆਂ ਸਾਡੇ ਕੋਲ ਆ ਕੇ ਰਹੋ ਅਤੇ ਸਿੱਕਮ ਪਹਾੜੀ ਇਲਾਕਾ ਹੈ, ਮੌਸਮ ਠੰਢਾ ਹੈ, ਰੋਜ਼ਾਨਾ ਬਾਰਸ਼ ਹੁੰਦੀ ਹੈ, ਇਹੋ ਜਿਹਾ ਸਥਾਨ ਕਿਤੇ ਵੀ ਨਹੀਂ ਮਿਲਣਾ, ਹੁਣ ਮੌਕਾ ਹੈ ਅਤੇ ਇਥੇ ਬਹੁਤ ਮਜ਼ਾ ਆਏਗਾ। ਉਨ੍ਹਾਂ ਦੱਸਿਆ ਕਿ ਰੇਲ ਰਾਹੀਂ ਤਿੰਨ ਕੁ ਦਿਨ ਦਾ ਸਫਰ ਹੈ ਅਤੇ ਉਨ੍ਹਾਂ ਸਾਰਾ ਸਮਝਾ ਦਿੱਤਾ ਅਤੇ ਇਹ ਵੀ ਕਿਹਾ ਕਿ ਰਸਤੇ ਵਿਚ ਕਿਤੇ ਵੀ ਦਿੱਕਤ ਨਹੀਂ ਆਵੇਗੀ। ਚਲੋ ਮੈਂ ਆਪਣੀ ਪਤਨੀ ਨਾਲ ਗੱਲ ਕੀਤੀ ਅਤੇ ਸਿੱਕਮ ਜਾਣ ਦਾ ਪ੍ਰੋਗਰਾਮ ਬਣਾ ਲਿਆ। ਮੇਰੇ ਬੇਟੀ ਸਵਾ ਕੁ ਸਾਲ ਦੀ ਸੀ ਅਤੇ ਘਰ ਛੱਡ ਕੇ ਜਾਣ ਨੂੰ ਵੀ ਮਨ ਨਹੀਂ ਕਰਦਾ ਸੀ। ਫਿਰ ਮਨ ਕੀਤਾ ਕਿਉਂ ਨਾ ਭਾਪਾ ਜੀ ਨੂੰ ਵੀ ਨਾਲ ਲੈ ਚੱਲੀਏ ਅਤੇ ਉਹ ਵੀ ਆਪਣੇ ਨੂੰਹ ਪੁੱਤ ਨੂੰ ਮਿਲ ਆਉਣਗੇ। ਜਦੋਂ ਭਾਪਾ ਜੀ ਨਾਲ ਸੰਪਰਕ ਕੀਤਾ ਤਾਂ ਉਹ ਵੀ ਤਿਆਰ ਹੋ ਗਏ। ਫਿਰ ਕੀ ਸੀ ਅਸੀਂ ਬ੍ਰਹਮਪੁੱਤਰਾ ਐਕਸਪ੍ਰੈਸ ’ਚ ਰੇਲਵੇ ਦੀਆਂ ਟਿਕਟਾਂ ਬੁੱਕ ਕਰਵਾ ਲਈਆਂ ਅਤੇ ਛੁੱਟੀਆਂ ਦੀ ਉਡੀਕ ਕਰਨ ਲੱਗ ਪਏ।
ਖੈਰ ਸਮਾਂ ਆਇਆ ਤੇ ਅਸੀਂ ਪੂਰੀ ਤਿਆਰੀ ਵੱਟਕੇ ਮੋਗਾ ਤੋਂ ਲੁਧਿਆਣੇ ਨੂੰ ਚੱਲ ਪਏ। ਸਵੇਰੇ ਅਸੀਂ ਲੁਧਿਆਣਾ ਤੋਂ ਰੇਲ ਰਾਹੀਂ ਨਵੀਂ ਦਿੱਲੀ ਪਹੁੰਚ ਗਏ। ਇਥੇ ਸਾਨੂੰ ਕਈ ਘੰਟੇ ਬਹਿਣਾ ਪਿਆ ਕਿਉਂਕਿ ਸਾਡੀ ਅਗਲੀ ਗੱਡੀ ਦਾ ਸਮਾਂ ਛੇ ਵਜੇ ਸ਼ਾਮ ਦਾ ਸੀ। ਛੇ ਵੱਜ ਗਏ ਤੇ ਉਡੀਕ ਖਤਮ ਹੋ ਗਈ। ਸਾਡੀ ਟਰੇਨ ਆ ਗਈ ਅਤੇ ਅਸੀਂ ਟਰੇਨ ਵਿਚ ਬੈਠ ਗਏ ਅਤੇ 36 ਘੰਟਿਆਂ ਬਾਅਦ ਗੱਡੀ ਨਿਊ ਜਲਪਈ ਗੁੜੀ ਦੇ ਸਟੇਸ਼ਨ ਤੇ ਪਹੁੰਚ ਗਈ। ਉ੍ਯੱਥੇ ਭਾਜੀ ਪਹਿਲਾਂ ਹੀ ਖੜੇ ਸਨ ਅਤੇ ਸਾਨੂੰ ਲੈਣ ਵਾਸਤੇ ਆਏ ਹੋਏ ਸਨ ਅਤੇ ਅਸੀਂ ਸਿੱਲੀਗੁੜੀ ਪਹੁੰਚ ਕੇ ਹੋਟਲ ਵਿਚ ਪਾਣਾ ਖਾਧਾ। ਫਿਰ ਭਾਜੀ ਦੇ ਨਾਲ ਜਿਪਸੀ ਗੱਡੀ ਵਿਚ ਬੈਠ ਕੇ ਸਿੱਕਮ ਲਈ ਰਵਾਨਾ ਹੋ ਗਏ ਅਤੇ ਇਥੋਂ ਵੀ ਕਰੀਬ 6-7 ਘੰਟੇ ਦਾ ਰਸਤਾ ਸੀ। ਮੌਸਮ ਬੜਾ ਸੁਹਾਵਨਾ ਸੀ ਅਤੇ ਇਕ ਪਾਸੇ ਖੱਡ ਅਤੇ ਦੂਸਰੇ ਪਾਸੇ ਪਹਾੜ ਅਤੇ ਛੇ ਘੰਟੇ ਕਿਵੇਂ ਗੁਜ਼ਰ ਗਏ ਪਤਾ ਨਹੀਂ ਚੱਲਿਆ ਅਤੇ ਘਰ ਪਹੁੰਚ ਗਏ। ਭਾਜੀ ਦਾ ਘਰ ਰਾਜਧਾਨੀ ਦੀ ਮੁੱਖ ਸੜਕ ਸੀ ਅਤੇ ਤੀਸਰੀ ਮੰਜ਼ਲ ਤੇ ਰਹਿੰਦੇ ਸੀ। ਘਰ ਪਹੁੰਚ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਤਰੋ ਤਾਜ਼ਾ ਹੋ ਗਏ ਤੇ ਚਾਹ ਪਾਣੀ ਪੀ ਕੇ ਅਰਾਮ ਕੀਤਾ।
ਅਗਲੀ ਸੁਭਾ ਅਰਾਮ ਨਾਲ ਉ੍ਯੱਠੇ ਅਤੇ ਆਸਾ ਪਾਸਾ ਦੇਖਿਆ ਅਤੇ ਘਰ ਦੇ ਨੇੜੇ ਤੇੜੇ ਪੈਦਲ ਘੁੰਮ ਕੇ ਆਏ। ਸਭ ਤੋਂ ਹੇਠਲੀ ਮੰਜ਼ਲ ਤੇ ਇਕ ਮਾਤਾ ਦੀ ਦੁਕਾਨ ਸੀ ਅਤੇ ਭਾਜੀ ਦੇ ਬੱਚੇ ਉਸ ਕੋਲ ਚਲੇ ਜਾਂਦੇ ਅਤੇ ਬੱਚਿਆਂ ਨਾਲ ਮੇਰੀ ਬੇਟੀ ਚਲੀ ਜਾਂਦੀ ਅਤੇ ਉਹ ਵੀ ਬੱਚਿਆਂ ਨੂੰ ਪਿਆਰ ਕਰਦੀ। ਬੱਚਿਆਂ ਵਿਚ ਘੁਲਮਿਲ ਗਈ। ਭਾਜੀ ਦਾ ਘਰ ਤਾਦੁੰਗ ਸ਼ਹਿਰ ਵਿਖੇ ਸੀ ਜਿਹੜਾ ਤਾਦੁੰਗ-ਗੈਂਗਟਾਕ ਮੁੱਖ ਮਾਰਗ ਤੇ ਸੀ ਅਤੇ ਇਥੋਂ ਸਿੱਕਮ ਸ਼ਹਿਰ 5 ਕਿਲੋਮੀਟਰ ਦੂਰ ਸੀ। ਘਰ ਦੇ ਬਾਹਰੋਂ ਟੈਕਸੀਆਂ ਮਿਲਦੀਆਂ ਅਤੇ 10 ਰੁਪਏ ਵਿਚ ਸਿੱਕਮ ਲਾ ਦਿੰਦੀਆਂ ਸਨ। ਮੈਂ ਅਕਸਰ ਹੀ ਭਾਜੀ ਨਾਲ ਪਰਿਵਾਰ ਸਮੇਤ ਗੈਂਗਟਾਕ ਵਿਖੇ ਜਾਂਦਾ ਅਤੇ ਖਰੀਦੋ ਫਿਰੋਕਤ ਅਤੇ ਮੌਜ ਮਸਤੀ ਕਰਕੇ ਵਾਪਸ ਆ ਜਾਂਦੇ ਅਤੇ ਇਹ ਰੋਜ਼ਾਨਾ ਦਾ ਸਿਲਸਲਾ ਸੀ। ਗੈਂਗਟਾਕ ਰਾਜਧਾਨੀ ਕਰਕੇ ਚਹਿਲ ਪਹਿਲ ਜਿਆਦਾ ਸੀ ਅਤੇ ਇਥੇ ਵਧੇਰੇ ਕਰਕੇ ਸਿੱਕਮੀ ਹੀ ਸਨ। ਜਿਆਦਾਤਰ ਲੋਕ ਬੁੱਧ ਧਰਮ ਨੂੰ ਮੰਨਦੇ ਸਨ। ਪੰਜਾਬੀ ਤਾਂ ਕਿਤੇ ਦਿਸਦਾ ਹੀ ਨਹੀਂ ਸੀ। ਇਕ ਦਿਨ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਲਈ ਸਾਰਾ ਪਰਿਵਾਰ ਗਿਆ ਅਤੇ ਉ੍ਯੱਥੇ ਸਿਰਫ਼ ਇਕ ਹੀ ਪੰਜਾਬੀ ਫੌਜੀ ਜਵਾਨ ਮਿਲਿਆ ਅਤੇ ਉਸਨੇ ਪੰਜਾਬ ਦੀਆਂ ਗੱਲਾਂ ਕੀਤੀਆਂ। ਉਹ ਪੰਜਾਬ ਦਾ ਨਿਵਾਸੀ ਹੋਣ ਕਰਕੇ ਉਸ ਨਾਲ ਕਾਫੀ ਨੇੜਤਾ ਹੋ ਗਈ। ਫਿਰ ਉਹ ਅਕਸਰ ਹੀ ਮਿਲਦਾ।
ਗੱਲ ਕੀ, ਲੱਗਦਾ ਹੈ ਕੁਦਰਤ ਸਿਰਫ ਏਥੇ ਹੀ ਵੱਸਦੀ ਹੈ ਸਾਰਿਆਂ ਦਾ ਮਨ ਪੂਰਾ ਲੱਗਿਆ ਹੋਇਆ ਸੀ। ਕਈ ਵਾਰ ਸਿੱਕਮ ਜਾਣ ਲਈ ਅਸੀਂ ਪਹਾੜਾਂ ਤੇ ਚੜ੍ਹਕੇ ਸਿੱਧਾ ਹੀ ਪਹੁੰਚ ਜਾਂਦੇ ਅਤੇ ਇਹ ਰਸਤਾ ਵੀ ਵਧੀਆ ਸੀ ਅਤੇ ਸਾਡੀ ਕਸਰਤ ਚੰਗੀ ਹੋ ਜਾਂਦੀ। ਇਕ ਦਿਨ ਅਸੀਂ ਸਾਰੇ ਪੈਦਲ ਪਹਾੜੀ ਰਸਤੇ ਤੇ ਜਾ ਰਹੇ ਸੀ ਅਤੇ ਸਿੱਕਮ ਦੀਆਂ ਬੱਚੀਆਂ ਜੋ ਸ਼ਾਇਦ ਨੌਵੀਂ ਦਸਵੀਂ ਵਿਚ ਪੜ੍ਹਦੀਆਂ ਸਨ ਅਤੇ ਉਹ ਸਕੂਲੋਂ ਪੜ੍ਹਕੇ ਆਪਣੇ ਘਰਾਂ ਨੂੰ ਜਾ ਰਹੀਆਂ ਸਨ ਅਤੇ ਮੇਰੀ ਬੇਟੀ ਵੀ ਬਿਲਕੁੱਲ ਉਨ੍ਹਾਂ ਵਰਗੀ ਸੀ ਅਤੇ ਉਨ੍ਹਾਂ ਬੱਚੀਆਂ ਨੇ ਮੇਰੀ ਬੇਟੀ ਨੂੰ ਦੇਖਕੇ ਬਹੁਤ ਹੀ ਲਾਡ ਪਿਆਰ ਕੀਤਾ ਅਤੇ ਉਸਨੂੰ ਚੁੱਕ ਲਿਆ। ਜਦੋਂ ਵੀ ਮੈਨੂੰ ਸਿੱਕਮ ਦੀ ਯਾਦ ਆਉਂਦੀ ਹੈ ਤਾਂ ਉਹ ਬੱਚੀਆਂ ਮੈਨੂੰ ਹਮੇਸ਼ਾ ਯਾਦ ਆਉਂਦੀਆਂ ਹਨ।
ਤਾਦੁੰਗ-ਗੈਂਗਟਾਕ ਜਾਣ ਲਈ ਸ਼ਾਰਟ ਕੱਟ ਰਸਤੇ ਦੇ ਦੌਰਾਨ ਇਕ ਫੌਜੀ ਕੈਂਪ ਸੀ ਅਤੇ ਇਥੇ ਹੀ ਫੌਜੀਆਂ ਅਤੇ ਅਫ਼ਸਰਾਂ ਲਈ ਸਿਨੇਮਾ ਹਾਲ ਸੀ ਜਿਹੜਾ ਖਾਸ ਫੌਜੀਆਂ ਲਈ ਸੀ ਅਤੇ ਭਾਜੀ ਦਾ ਵੱਡਾ ਬੇਟਾ ਦਲਬੀਰ ਮੇਰੇ ਨਾਲ ਅਕਸਰ ਹੀ ਜਾਂਦਾ ਸੀ ਅਤੇ ਉਹ ਵੀ ਛੋਟਾ ਸੀ ਕਰੀਬ 9 ਕੁ ਸਾਲ ਦਾ ਹੋਵੇਗਾ ਪਰ ਬਜ਼ਾਰ ਜਾਣ ਅਤੇ ਤੁਰਨ ਫਿਰਨ ਦਾ ਸ਼ੌਂਕੀਨ ਸੀ। ਵਿਹਲੇ ਸਮੇਂ ਵਿਚ ਅਸੀਂ ਸਿਨੇਮਾ ਚਲੇ ਜਾਂਦੇ। ਭਾਜੀ ਦੀ ਡਿਊਟੀ 9 ਤੋਂ 5 ਸੀ ਅਤੇ ਉਹ ਆਪਣੀ ਡਿਊਟੀ ਤੇ ਵਿਅਸਥ ਰਹਿੰਦੇ। ਪਹਿਲੀ ਵਾਰ ਜਦ ਮੈਂ ਦਲਬੀਰ ਨਾਲ ਫਿਲਮ ਦੇਖਣ ਦਾ ਮਨ ਬਣਾਇਆ। ਅਸੀਂ ਦੋਨੋ ਸਿਨੇਮਾ ਹਾਲ ਵੱਲ ਨੂੰ ਚੱਲ ਪਏ। ਚੜ੍ਹਾਈ ਕਾਫੀ ਸੀ ਤੇ ਅਸੀਂ ਥੱਕ ਗਏ ਤੇ ਫਿਰ ਦਮ ਲੈ ਕੇ ਚੜ੍ਹਦੇ ਰਹੇ। ਕੁੱਝ ਸਮੇਂ ਬਾਅਦ ਅਸੀਂ ਸਿਨੇਮਾ ਹਾਲ ਪਹੁੰਚ ਗਏ। ਟਿਕਟਾਂ ਵਾਲੀ ਖਿੜਕੀ ਤੇ ਇਕ ਫੌਜੀ ਜਵਾਨ ਟਿਕਟਾਂ ਕੱਟ ਰਿਹਾ ਸੀ। ਮੈਂ ਵੀ ਪੂਰਾ ਤਿਆਰ ਬਰ ਤਿਆਰ ਹੋ ਕੇ ਗਿਆ ਸੀ ਅਤੇ ਸਰਦਾਰਾਂ ਦੀ ਇਕ ਵੱਖਰੀ ਸ਼ਾਨ ਹੁੰਦੀ ਹੈ। ਟਿਕਟ ਕੱਟਣ ਵਾਲੇ ਫੌਜੀ ਨੇ ਮੈਨੂੰ ਦੇਖ ਕੇ ਕਿਹਾ,‘‘ ਸਰ! ਆਹ ਲਓ ਤੁਹਾਡੀ ਲਈ ਦੋ ਟਿਕਟਾਂ’’ ਉਸਨੇ ਸਾਨੂੰ ਦੋ ਟਿਕਟਾਂ ਦੇ ਦਿੱਤੀਆਂ ਅਤੇ ਇਕ ਟਿਕਟ ਸਿਰਫ਼ ਦੋ ਰੁਪਏ ਸੀ। ਮੈਂ ਚਾਰ ਰੁਪਏ ਫੜਾ ਦਿੱਤੇ। ਸਿਨੇਮਾ ਘਰ ਦੇ ਵਿਚ ਸਿਰਫ਼ ਇਕ ਹੀ ਹਾਲ ਸੀ ਅਤੇ ਅਗਲੀਆਂ ਸੀਟਾਂ ਆਮ ਫੌਜੀਆਂ ਲਈ ਸਨ ਅਤੇ ਪਿਛਲੀਆਂ ਅਫ਼ਸਰਾਂ ਲਈ ਸਨ। ਅੰਦਰਲੇ ਇਕ ਹੋਰ ਫੌਜੀ ਨੇ ਸਾਨੂੰ ਪਿਛਲੇ ਪਾਸੇ ਵੱਲ ਬੈਠਨ ਲਈ ਇਸ਼ਾਰਾ ਕੀਤਾ ਅਤੇ ਬੈਠ ਗਏ। ਅਸੀਂ ਦੋਹਾਂ ਨੇ ਫਿਲਮ ਦੇਖ ਕੇ ਖੂਬ ਆਨੰਦ ਮਾਣਿਆ ਅਤੇ ਘਰ ਨੂੰ ਚੱਲ ਪਏ। ਮੈਂ ਰਸਤੇ ਵਿਚ ਇਹ ਸੋਚ ਰਿਹਾ ਸੀ ਕਿ ਮੇਰੇ ਉਮਰ 24 ਕੁ ਸਾਲ ਦੀ ਸੀ ਅਤੇ ਦਾੜੀ ਬੰਨੀ ਹੋਈ ਤੇ ਫੌਜੀਆਂ ਅਫ਼ਸਰਾਂ ਵਰਗਾ ਚੈਨ ਚੱਕਰ ਸੀ ਅਤੇ ਸ਼ਾਇਦ ਟਿਕਟ ਵਿੰਡੋ ਤੇ ਬੈਠੇ ਫੌਜੀ ਨੇ ਮੈਨੂੰ ਜਰੂਰ ਫੌਜੀ ਅਫ਼ਸਰ ਸਮਝਿਆ ਹੋਣਾ।