ਮਰਦ ਪ੍ਰਧਾਨ ਇਸ ਸਮਾਜ ਅੰਦਰ ਨਾਰੀ ਸ਼ੁਰੂ ਤੋਂ ਹੀ ਲਤਾੜੀ ਜਾਂਦੀ ਹੈ। ਅੱਜ ਜਦੋਂ ਕਿ ਅਸੀਂ 21ਵੀਂ ਸਦੀ ਗਿਆਨ-ਵਿਗਿਆਨ ਦੇ ਇਸ ਯੁੱਗ ਵਿੱਚ ਪ੍ਰਵੇਸ਼ ਕਰ ਗਏ ਹਾਂ ਤਾਂ ਔਰਤ ਮਰਦ ਦੀ ਬਰਾਬਰੀ ਦਾ ਫੋਕਾ ਨਾਅਰਾ ਲਗਾਉਣ ਵਾਲੇ ਸਾਡੇ ਸਮਾਜ ਦੀ ਕੁੜੀਆਂ ਪ੍ਰਤੀ ਸੋਚ ਪਹਿਲਾਂ ਵਾਲੀ ਹੀ ਹੈ ਭਾਵ ਨਾਂਹ ਪੱਖੀ ਹੀ ਹੈ। ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਂ ਦੇ ਪੇਟ ਵਿਚ ਮਾਰ ਮੁਕਾਉਣ ਵਾਲੀ ਗੱਲ ਅੱਜ ਕਿਸੇ ਤੋਂ ਲੁਕੀ ਨਹੀਂ ਹੈ। ਪਾਬੰਦੀਆਂ ਦੇ ਬਾਵਜੂਦ ਭਰੂਣ ਹੱਤਿਆਵਾਂ ‘ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ ਜੋ ਕਿ ਆਧੁਨਿਕ ਪੜ੍ਹੇ-ਲਿਖੇ ਸਮਾਜ ਦੇ ਮੱਥੇ ‘ਤੇ ਕਲੰਕ ਹੈ, ਮਨੁੱਖਤਾ ਦੇ ਹਾਮੀ ਹੋਣ ਦੇ ਨਾਤੇ ਸਾਨੂੰ ਲੜਕਾ ਅਤੇ ਲੜਕੀ ਵਿਚ ਕੋਈ ਭੇਦ ਨਹੀਂ ਰੱਖਣਾ ਚਾਹੀਦਾ। ਕੁਦਰਤ ਨੇ ਹਰ ਜੀਵ ਨੂੰ ਜਿਉਣ ਦਾ ਹੱਕ ਦਿੱਤਾ ਹੈ ਪਰ ਕੁਝ ਗਲਤ ਧਾਰਨਾਵਾਂ ਵਿਚ ਫਸਿਆ ਸਾਡਾ ਸਮਾਜ ਲੜਕੀਆਂ ਦੇ ਜਿਉਣ ਦਾ ਹੱਕ ਖੋਹ ਕੇ ਪੁੱਤਰ ਪ੍ਰਾਪਤੀ ਦੇ ਜਨੂੰਨ ਵਿਚ ਧੀਆਂ ਨੂੰ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਹੀ ਖਤਮ ਕਰਨ ਦਾ ਕੁਕਰਮ ਕਰ ਰਿਹਾ ਹੈ। ਮੇਰੇ ਖਿਆਲ ਮੁਤਾਬਕ ਨਿੱਤ ਦਿਨ ਹੁੰਦੀਆਂ ਇੰਨ੍ਹਾਂ ਭਰੂਣ ਹੱਤਿਆਵਾਂ ਨੂੰ ਉਦੋਂ ਤੱਕ ਠੱਲ੍ਹ ਨਹੀਂ ਪਾਈ ਜਾ ਸਕਦੀ ਜਦੋਂ ਤੱਕ ਅਸੀਂ ਲੜਕੀਆਂ ਪ੍ਰਤੀ ਸਾਕਾਰਤਾਮਕ ਸੋਚ ਨਹੀਂ ਅਪਨਾ ਲੈਂਦੇ। ਜਦੋਂ ਅਸੀਂ ਸਾਰੇ ਇਹ ਪ੍ਰਣ, ਕਰ ਲਵਾਂਗੇ ਕਿ ਅਸੀਂ ਆਪਣੇ ਆਲੇ-ਦੁਆਲੇ, ਆਂਢ-ਗੁਆਂਢ ਵਿਚ ਅਜਿਹਾ ਕੁਕਰਮ ਹੋਣ ਨਹੀਂ ਦੇਣਾ ਤਾਂ ਭਰੂਣ ਹੱਤਿਆਵਾਂ ਆਪੇ ਹੱਟ ਜਾਣਗੀਆਂ। ਵਧਦੀ ਹੋਈ ਦਾਜ-ਦਹੇਜ ਦੀ ਭੁੱਖ ਨੇ ਭਰੂਣ ਹੱਤਿਆ ਵਿਚ ਵਾਧਾ ਕੀਤਾ ਹੈ। ਵਿਆਹਾਂ ‘ਤੇ ਦਾਜ ਲੈਣ ਅਤੇ ਦੇਣ ਦਾ ਰਿਵਾਜ਼ ਬਹੁਤ ਜ਼ਿਆਦਾ ਵਧ ਗਿਆ ਹੈ, ਜਿਸ ਤੇ ਬਹੁਤ ਜ਼ਿਆਦਾ ਖਰਚ ਆਉਂਦਾ ਹੈ। ਏਨਾ ਜ਼ਿਆਦਾ ਦਾਜ ਦੇਣ ਦੇ ਡਰੋਂ ਅਤੇ ਵਿਆਹ ਤੇ ਹੋਣ ਵਾਲੇ ਖਰਚੇ ਦੇ ਡਰ ਕਾਰਨ ਲੋਕੀਂ ਆਪਣੀਆਂ ਲੜਕੀਆਂ ਨੂੰ ਕੁੱਖ ਵਿੱਚ ਹੀ ਮਾਰ ਮੁਕਾਉਣ ਲਈ ਸੋਚਦੇ ਹਨ ਪ੍ਰੰਤੂ ਗੱਲ ਕਹਿਣੀ ਤਾਂ ਨਹੀਂ ਸੀ ਚਾਹੁੰਦਾ ਪਰ ਸੱਚ ਮੱਲੋ ਮੱਲੀ ਅੰਦਰੋਂ ਫਟ ਕੇ ਬਾਹਰ ਨਿਕਲ ਹੀ ਆਉਂਦਾ ਹੈ ਕਿ ਜੇਕਰ ਦੂਸਰੇ ਪਾਸੇ ਜਵਾਨ ਹੋ ਚੁੱਕੀਆਂ ਧੀਆਂ ਜਿੰਨ੍ਹਾਂ ਨੂੰ ਜਨਮ ਦੇਣ ਤੋਂ ਤਾਂ ਅਸੀਂ ਡਰਦੇ ਹਾਂ ਪਰ ਉਨ੍ਹਾਂ ਦੀਆਂ ਡੋਲੀਆਂ ਤੇ ਲੱਖਾਂ ਰੁਪਏ ਮੈਰਿਜ ਪੈਲਿਸਾਂ ਵਿੱਚ ਖਰਚ ਕੇ ਅਸੀਂ ਪੈਸੇ ਨੂੰ ਪਾਣੀ ਵਾਂਗ ਵਹਾਈ ਜਾ ਰਹੇ ਹਾਂ। ਅੱਜ ਦੇ ਸਮੇਂ ਵਿੱਚ ਜਿੱਥੇ ਇਹ ਵੀ ਬੇਹੱਦ ਚਿੰਤਾ ਦਾ ਵਿਸ਼ਾ ਹੈ ਉੱਥੇ ਮੇਰਾ ਖਿਆਲ ਹੈ ਕਿ ਭਰੂਣ ਹੱਤਿਆਵਾਂ ਨੂੰ ਉਦੋਂ ਹੀ ਰੋਕਿਆ ਜਾ ਸਕਦਾ ਹੈ ਜਦੋਂ ਇਸ ਸਾਰੇ ਲਈ ਜ਼ਿੰਮੇਵਾਰ ਲੋਕ ਯਾਨੀ ਕਿ ਪੈਸੇ ਦੇ ਲਾਲਚ ਚੋਂ ਆਪਣੇ ਪੇਸ਼ੇ ਨਾਲ ਧਰੋਹ ਕਮਾਉਣ ਵਾਲੇ ਡਾਕਟਰਾਂ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ। ਭਾਂਵੇਂ ਕਿ ਸਰਕਾਰ ਨੇ ਪੀ.ਐਨ.ਡੀ.ਟੀ ਐਕਟ 1994 ਅਨੁਸਾਰ ਲਿੰਗ ਨਿਰਧਾਰਨ ਕਰਨ ਤੇ ਪੂਰਨ ਪਾਬੰਦੀ ਲਗਾਈ ਹੈ ਅਤੇ 50 ਹਜ਼ਾਰ ਰੁਪਏ ਜੁਰਮਾਨਾ ਅਤੇ ਇਕ ਸਾਲ ਦੀ ਕੈਦ ਵਿਵਸਥਾ ਕੀਤੀ ਹੈ ਪਰ ਸਰਕਾਰ ਦੁਆਰਾ ਕੋਈ ਸਾਰਥਕ ਕਦਮ ਨਾ ਚੁੱਕੇ ਜਾਣ ਦੀ ਅਣਹੋਂਦ ਵਿੱਚ ਅਜਿਹਾ ਸਭ ਕੁਝ ਡਾਕਟਰ ਬਿਨਾਂ ਕਿਸੇ ਝਿੱਜਕ ਦੇ ਕਰੀ ਜਾ ਰਹੇ ਹਨ। ਅੱਜ ਦੁੱਖ ਦੀ ਗੱਲ ਤਾਂ ਇਹ ਹੈ ਕਿ ਅਲਟਰਾਸਾਊਂਡ ਕਰਨ ਵਾਲੇ ਡਾਕਟਰਾਂ ਨੇ ਆਪਣੇ ਦੌਲਤਖਾਨਿਆਂ (ਹਸਪਤਾਲਾਂ) ਦੇ ਮੂਹਰੇ ਜੋ ਵੱਡੇ-ਵੱਡੇ ਬੋਰਡ ਇਹ ਲਿਖ ਕੇ ਲਮਕਾਏ ਹੋਏ ਹਨ ਕਿ ਇੱਥੇ ‘ਲਿੰਗ ਨਿਰਧਾਰਿਤ ਟੈਸਟ’ ਨਹੀਂ ਕੀਤਾ ਜਾਂਦਾ, ਪ੍ਰੰਤੂ ਇੱਥੇ ਵਰਨਣਯੋਗ ਇਹ ਹੈ ਕਿ ਬੋਰਡ ਸਿਰਫ ਤੇ ਸਿਰਫ ਇੱਕ ਸ਼ੋਸ਼ਿਆ ਦਾ ਸ਼ੋਅ ਪੀਸ ਹੀ ਹਨ, ਜੋ ਇਸ ਅਖਾਣ ਨੂੰ ‘ਹਾਥੀ ਕੇ ਦਾਂਤ ਖਾਨੇ ਕੇ ਔਰ, ਦਿਖਾਣੇ ਕੇ ਔਰ’ ਨੂੰ ਸਿੱਧ ਕਰਦੇ ਹਨ। ਰੱਬ ਦਾ ਰੂਪ ਅਖਵਾਉਣ ਵਾਲੇ ਕੁਝ ਫਨੀਅਰ ਕਾਲੇ ਕੁਬੇਰ ਡਾਕਟਰ ਆਪਣੀਆਂ ਚੋਰ-ਮੋਰੀਆਂ ਰਾਂਹੀ ਧੀ ਦੇ ਭਰੂਣ ਤੇ ਅੰਨਾ ਵਾਰ ਬੇਝਿਜਕ ਹੋ ਕੇ ਕਰ ਰਹੇ ਹਨ। ਇੱਕ ਵਾਰ ਮੇਰੇ ਇੱਕ ਦੋਸਤ ਨੇ ਦੱਸਿਆ ਕਿ ਉਸਨੇ ਆਪਣੀ ਜਾਣ ਪਹਿਚਾਣ ਵਾਲੇ ਅਲਟਰਾਸਾਊਂਡ ਕਰਨ ਵਾਲੇ ਡਾਕਟਰ ਨੂੰ ਜਦੋਂ ਇਹ ਸਵਾਲ ਕਰਦਿਆਂ ਪੁੱਛਿਆ ਕਿ ਡਾਕਟਰ ਸਾਹਿਬ ਹੁਣ ਮੁੰਡੇ ਕੁੜੀ ਚੈੱਕ ਕਰਨ ਤੇ ਤਾਂ ਪਾਬੰਦੀ ਹੈ। ਪਹਿਲਾਂ ਜਦੋਂ ਇਹ ਧੰਦਾ ਖੁੱਲ੍ਹੇ ਆਮ ਚੱਲਦਾ ਸੀ ਤਾਂ ਤੁਹਾਨੂੰ ਚੋਖੀ ਕਮਾਈ ਹੁੰਦੀ ਸੀ, ਹੁਣ ਤਾਂ ਤੁਹਾਡੀਆਂ ਮਸ਼ੀਨਾਂ ਨੂੰ ਜੰਗਾਲ ਹੀ ਲੱਗ ਗਿਆ ਹੋਵੇਗਾ। ਤਾਂ ਅੱਗੋਂ ਡਾਕਟਰ ਨੇ ਮੁਸਕੜੀਆਂ ਹੱਸਦਿਆਂ ਕਿਹਾ ਕਿ ਯਾਰ ਓਦੋਂ ਘੱਟੋ-ਘੱਟ ਵੀਹ ਮਰੀਜ਼ਾਂ ਦੇ ਟੈਸਟ ਕਰਕੇ ਉਨੀ ਰਕਮ ਬਣਦੀ ਸੀ, ਹੁਣ ਸਿਰਫ ਇੱਕ ਦੋ ਟੈਸਟ ਕਰਕੇ ਹੀ ਘਰ ਪੂਰਾ ਹੋ ਜਾਂਦਾ ਹੈ। ਦੂਜੇ ਪਾਸੇ ਦੁੱਖ ਦੀ ਗੱਲ, ਮੇਰੇ ਕਹਿਣ ਦਾ ਭਾਵ ਕਿ ਅੱਜ ਔਰਤ ਹੀ ਔਰਤ ਦੀ ਦੁਸ਼ਮਣ ਹੋਈ ਪਈ ਹੈ, ਜੋ ਆਪਣੀ ਮਮਤਾ ਦੀ ਕੋਈ ਪ੍ਰਵਾਹ ਨਹੀਂ ਕਰ ਰਹੀ।
ਇਸ ਦਾ ਇਕ ਹੋਰ ਕਾਰਨ ਔਰਤ ਦਾ ਸਿੱਖਿਅਤ ਨਾ ਹੋਣਾ ਵੀ ਹੈ ਸੋ ਅੱਜ ਲੜਕੀਆਂ ਨੂੰ ਪੜ੍ਹਾਉਣਾ ਸਿਖਾਉਣਾ ਅਤੀ ਜ਼ਰੂਰੀ ਹੈ ਤਾਂ ਜੋ ਉਹ ਜਾਗਰੂਕ ਹੋ ਕੇ ਆਪਣੇ ਹੱਕਾਂ ਪ੍ਰਤੀ ਅਵਾਜ਼ ਬੁਲੰਦ ਕਰ ਸਕਣ। ਜੇਕਰ ਔਰਤ ਚਾਹੇ ਤਾਂ ਉਹ ਭਰੂਣ ਹੱਤਿਆਵਾਂ ਦੇ ਜੁਰਮ ਨੂੰ ਰੋਕਣ ਲਈ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਇੱਥੇ ਜੇਕਰ ਅਸੀਂ ਪੜ੍ਹੀਆਂ ਲਿਖੀਆਂ ਲੜਕੀਆਂ ਦਾ ਜ਼ਿਕਰ ਕਰੀਏ ਜਿੰਨ੍ਹਾਂ ‘ਚ ਪੁਲੀਸ ਵਿਭਾਗ ਵਿੱਚ ਉੱਚ ਅਧਿਕਾਰੀ ਵਜੋਂ ਸੇਵਾਵਾਂ ਨਿਭਾਅ ਚੁੱਕੀ ਕਿਰਨ ਬੇਦੀ ਦਾ ਨਾਂਅ ਵੀ ਇੱਕ ਸਲਾਹੁਣਯੋਗ ਹੈ ਅਤੇ ਦੂਸਰੀ ਕਲਪਨਾ ਚਾਵਲਾ ਦਾ ਨਾਂਅ ਵੀ ਇੱਥੇ ਵਰਨਣਯੋਗ ਹੈ, ਉਹ ਵੀ ਇੱਕ ਲੜਕੀਆ ਹੀ ਸਨ। ਜਿੰਨ੍ਹਾਂ ਵੱਲ ਧਿਆਨ ਮਾਰ ਕੇ ਸਾਨੂੰ ਬੁੱਧੀਮਾਨ ਹੋਣ ਦੀ ਸਾਨੂੰ ਅਜੇ ਹੋਰ ਵੀ ਲੋੜ ਹੈ।