ਹਰਫਾਂ ਦੀ ਚਾਨਣੀ’ ਲੋਕ ਅਰਪਣ
(ਖ਼ਬਰਸਾਰ)
ਸ੍ਰੀ ਮੁਕਤਸਰ ਸਾਹਿਬ -- ਕੰਵਰਜੀਤ ਸਿੰਘ ਸਿੱਧੂ ਦੀ ਕਾਵਿ -ਪੁਸਤਕ ‘ਹਰਫਾਂ ਦੀ ਚਾਨਣੀ’ ਇੱਥੇ ਪ੍ਰੋ. ਲੋਕ ਨਾਥ ਦੇ ਘਰ ਲੋਕ ਅਰਪਣ ਕੀਤੀ ਗਈ ਹੈ। ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਦੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਢੀਂਗਰਾ, ਪ੍ਰੋ. ਨਛੱਤਰ ਸਿੰਘ ਖੀਵਾ, ਡਾ. ਹਰਜਿੰਦਰ ਸਿੰਘ ਸੂਰੇਵਾਲੀਆ, ਰੰਗ ਕਰਮੀ ਬੰਟੀ ਅਗਨੀਹੋਤਰੀ ਅਤੇ ਕਹਾਣੀਕਾਰ ਗੁਰਸੇਵਕ ਸਿੰਘ ਪ੍ਰੀਤ ਵੀ ਮੌਜੂਦ ਸਨ। ਸ੍ਰੀ ਸਿੱਧੂ ਨੇ ਪੁਸਤਕ ਬਾਰੇ ਕਿਹਾ ਕਿ ਇਹ ਉਨ੍ਹਾਂ ਦੇ ਪਿਛਲੇ ਸੱਤ ਵਰ੍ਹਿਆਂ ਦੌਰਾਨ ਹੋਏ ਅਹਿਸਾਸਾਂ ਦੀ ਪੇਸ਼ਕਾਰੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਚਨਾਵਾਂ ਰਾਹੀਂ ਉਨ੍ਹਾਂ ਨਿੱਜੀ ਜਜ਼ਬਾਤ ਤੇ ਸਮਾਜਿਕ ਮੁੱਦਿਆਂ ਨੂੰ ਉਭਾਰਨ ਦਾ ਯਤਨ ਕੀਤਾ ਹੈ।
ਗੁਰਸੇਵਕ ਸਿੰਘ ਪ੍ਰੀਤ ਨੇ ਦੱਸਿਆ ਕਿ ਸ੍ਰੀ ਸਿੱਧੂ ਇਸ ਤੋਂ ਪਹਿਲਾਂ ਕਾਵਿ ਪੁਸਤਕ ‘ਸਿਰਲੇਖ ਤੂੰ ਜੋ ਮਰਜ਼ੀ ਰੱਖ ਲਵੀਂ’ ਅਤੇ ਵਾਰਤਕ ਦੀਆਂ ਦੋ ਕਿਤਾਬਾਂ ‘ਸ਼ਹੀਦ ਭਗਤ ਸਿੰਘ- ਜੀਵਨ ਤੇ ਸੰਘਰਸ਼’ ਤੇ ‘ਸ਼ਹੀਦ ਕਰਤਾਰ ਸਿੰਘ ਸਰਾਭਾ- ਜੀਵਨ ਤੇ ਸੰਘਰਸ਼’ ਸਾਹਿਤ ਦੀ ਝੋਲੀ ਪਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸ੍ਰੀ ਸਿੱਧੂ ਸੰਘਰਸ਼ ਦੀ ਉਪਜ ਹਨ। ਉਨ੍ਹਾਂ ਦੱਸਿਆ ਕਿ ਪੁਸਤਕਾਂ ਜਾਰੀ ਕਰਨ ਦੀ ਰਸਮ ਨੂੰ ਅੱਗੇ ਤੋਰਦਿਆਂ ਇਹ ਪੁਸਤਕ ਰਿਲੀਜ਼ ਕੀਤੀ ਗਈ ਹੈ ਤੇ ਜਲਦ ਇਸ ’ਤੇ ਚਰਚਾ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਢੀਂਗਰਾ, ਪ੍ਰੋ. ਲੋਕ ਨਾਥ ਤੇ ਸੂਰੇਵਾਲੀਆ ਨੇ ਕੰਵਰਜੀਤ ਸਿੱਧੂ ਨੂੰ ਮੁਬਾਰਕਬਾਦ ਦਿੰਦਿਆਂ ‘ਹਰਫਾਂ ਦੀ ਚਾਨਣੀ’ ਦਾ ਸਵਾਗਤ ਕੀਤਾ। ਕੰਵਰਜੀਤ ਨੇ ਆਪਣੀਆਂ ਚੋਣਵੀਆਂ ਰਚਨਾਵਾਂ ਵੀ ਪੜ੍ਹੀਆਂ।