ਪਿਸਤੌਲ ਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ,
ਬਲਕਿ ਇਨਕਲਾਬ ਦੀ ਤਲਵਾਰ
ਵਿਚਾਰਾਂ ਦੀ ਸਾਣ 'ਤੇ ਤਿੱਖੀ ਹੁੰਦੀ ਹੈ । - ਭਗਤ ਸਿੰਘ
ਇਹ ਵੀ ਰੱਬ ਦੀ ਲੀਲ੍ਹਾ ਹੈ, ਜੋ ਏਦਾਂ ਦੇ ਬੰਦੇ ਪੈਦਾ ਕਰਦਾ ਹੈ, ਜਿਹੜੇ ਛੋਟੀ ਉਮਰੇ ਹੀ ਵੱਡਾ ਨਾਮਣਾ ਖੱਟ ਜਾਂਦੇ ਹਨ। ਅੱਜ ਸਾਰੀ ਲੋਕਾਈ ਹੀ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ 'ਤੇ ਤੁਰਨ ਦੀ ਕੋਸ਼ਿਸ਼ ਕਰ ਰਹੀ ਹੈ । ਭਗਤ ਸਿੰਘ ਵਰਗੇ ਤਾਂ ਕਦੇ-ਕਦਾਏ ਹੀ ਇਸ ਧਰਤੀ 'ਤੇ ਜਨਮ ਲੈਂਦੇ ਹਨ, ਅਰਥਾਤ ਜਦੋਂ ਜ਼ੁਲਮ ਦਾ ਘੜਾ ਨੱਕੋ-ਨੱਕ ਭਰ ਜਾਂਦਾ ਹੈ । ਬਾਰੇ ਜਾਵਾਂ ਉਨ੍ਹਾਂ ਖੋਜ ਕਰਤਾਵਾਂ ਦੇ, ਜਿਨ੍ਹਾਂ ਨੇ ਉਸ ੨੩ ਵਰ੍ਹਿਆਂ ਦੇ ਨੌਜਵਾਨ, ਸਰਦਾਰ ਭਗਤ ਸਿੰਘ ਦੀ ਜੇਲ੍ਹ-ਡਾਇਰੀ ( ਜੋ ੧੨ ਸਤੰਬਰ, ੧੯੨੯ ਤੋਂ ਲੈ ਕੇ ਆਪਣੀ ਸ਼ਹਾਦਤ ਤੱਕ, ਹੱਥੀਂ ਲਿਖੀ ਸੀ), ਚਿੱਠੀਆਂ, ਇਸ਼ਤਿਹਾਰਾਂ, ਕੰਧਾਂ 'ਤੇ ਲਿਖਿਆ ਉਤਾਰਿਆ ਅਤੇ ਸਾਰੇ ਸੰਸਾਰ ਨੂੰ ਜਾਣੂ ਕਰਵਾਇਆ ਕਿ ਉਹ 'ਕੱਲਾ ਇੱਕ ਮਹਾਨ ਸੰਘਰਸ਼ੀ ਯੋਧਾ ਹੀ ਨਹੀਂ, ਸਗੋਂ ਮਹਾਨ ਚਿੰਤਕ ਤੇ ਦਾਰਸ਼ਨਿਕ ਵੀ ਸਨ । ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਕਥਨ ਹੈ :
"ਔਖ ਤੋਂ ਭੱਜਣਾ ਬੁਜ਼ਦਿਲੀ ਹੈ"
ਇਹ ਗੱਲ ਉਦੋਂ ਦੀ ਹੈ, ਜਦੋਂ ਭਗਤ ਸਿੰਘ ਨੇ ਸੁਖਦੇਵ ਦੀ ਉਸ ਚਿੱਠੀ ਦਾ ਜਵਾਬ ਦਿੱਤਾ ਸੀ, ਜਿਸ ਵਿੱਚ ਸੁਖਦੇਵ ਨੇ ਲਿਖਿਆ ਸੀ ਕਿ ਜੇ ਉਸ ਨੂੰ ਕਾਲੇਪਾਣੀ ਦੀ ਸਜ਼ਾ ਹੋਈ ਜਾਂ ੨੦ ਸਾਲ ਜੇਲ੍ਹ ਵਿੱਚ ਰਹਿਣਾ ਪਿਆ ਤਾਂ ਉਹ ਆਤਮਹੱਤਿਆ ਕਰ ਲਵੇਗਾ। ਭਗਤ ਸਿੰਘ ਦਾ ਕਹਿਣਾ ਸੀ ਕਿ ਆਪਣੇ ਵਤਨ ਦੀ ਸੇਵਾ ਕਰਨ ਦੇ ਲਈ ਤਕਲੀਫ਼ ਤਾਂ ਝੱਲਣੀ ਹੀ ਪੈਂਦੀ ਹੈ, ਫਿਰ ਹੀ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚਾਂਗੇ ਅਤੇ ਚੰਗੇ ਦੇਸ਼ ਭਗਤ ਹੋਣ ਦੇ ਫਰਜ਼ ਨਿਭਾ ਸਕਾਂਗੇ । ਆਤਮਹੱਤਿਆ ਕਰਨਾ ਇੱਕ ਬੁਜ਼ਦਿਲੀ ਹੈ। ਇਹ ਗੱਲ ਕਿਰਸਾਨੀ ਦੇ ਸੰਦਰਭ ਵਿੱਚ ਬਿਲਕੁਲ ਢੁੱਕਦੀ ਹੈ, ਕਿਉਂਕਿ ਕੌਮੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਹੁਣੇ ਹੀ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ੧੯੯੫ ਤੋਂ ਲੈ ਕੇ ੨੦੧੦ ਦੇ ਦਰਮਿਆਨ ੨,੫੬,੯੧੩ ਕਿਸਾਨਾਂ ਨੇ ਆਤਮਹੱਤਿਆ ਕੀਤੀ ਹੈ। ਸਾਨੂੰ ਕਦੇ ਵੀ ਇਹੋ ਜਿਹੇ ਵਿਚਾਰ ਮਨ ਵਿੱਚ ਨਹੀਂ ਲਿਆਉਣੇ ਚਾਹੀਦੇ, ਜਿਨ੍ਹਾਂ ਕਰਕੇ ਸਾਡਾ ਸਿਰ ਸ਼ਰਮ ਨਾਲ ਨੀਵਾਂ ਹੋ ਜਾਵੇ । ਕਿਸੇ ਸ਼ਾਇਰ ਨੇ ਠੀਕ ਹੀ ਲਿਖਿਆ ਹੈ :
ਹਰ ਘਰ ਵਿੱਚ ਭਗਤ ਸਿੰਘ ਦਾ ਇੱਕ ਬੁੱਤ ਹੋਵੇ,
ਹਰ ਘਰ ਵਿੱਚ ਉਸ ਦੇ ਵਿਚਾਰਾਂ ਤੇ
ਚੱਲਣ ਵਾਲਾ ਇੱਕ ਪੁੱਤ ਹੋਵੇ ।
ਇਸ ਪਰਮਗੁਣੀ ਭਗਤ ਦਾ ਜਨਮ ੨੮ ਸਤੰਬਰ, ੧੯੦੭ ਨੂੰ ਬੰਗਾ, ਚੱਕ ਨੰਬਰ-੧੦੫, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿੱਚ ਮਾਤਾ ਵਿਦਿਆਵਤੀ ਦੀ ਕੁੱਖੋਂ ਸਰਦਾਰ ਕਿਸ਼ਨ ਸਿੰਘ ਦੇ ਘਰ ਹੋਇਆ । ਉਨ੍ਹਾਂ ਦੇ ਪਰਿਵਾਰ ਦਾ ਜੱਦੀ ਪਿੰਡ ਖਟਕੜ ਕਲਾਂ, ਨੇੜੇ ਬੰਗਾ (ਜ਼ਿਲ੍ਹਾ ਨਵਾਂ ਸ਼ਹਿਰ, ਹੁਣ ਜਿਸ ਦਾ ਨਾਮ 'ਸ਼ਹੀਦ ਭਗਤ ਸਿੰਘ ਨਗਰ' ) ਹੈ । ਆਪ ਜੀ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਨੂੰ 'ਪਗੜੀ ਸੰਭਾਲ ਜੱਟਾ' ਦੀ ਲਹਿਰ ਚਲਾਉਣ ਵਾਲਾ ਅਜੀਤ ਸਿੰਘ ਵੀ ਆਖਿਆ ਜਾਂਦਾ ਹੈ । ਇਹ ਗੱਲ ੧੯੦੩-੦੪ ਦੀ ਹੈ ਜਦੋਂ ਕਿਰਸਾਣੀ ਦੀ ਹਾਲਤ ਵਿੱਚ ਬਹੁਤ ਨਿਘਾਰ ਆਇਆ ਸੀ, ਉਸ ਸਮੇਂ ਲਾਇਲਪੁਰ ਤੋਂ ਛੱਪਦੇ ਅਖ਼ਬਾਰ 'ਝੰਗ-ਸਿਆਲ' ਦੇ ਸੰਪਾਦਕ ਸ੍ਰੀ ਬਾਂਕੇ ਦਿਆਲ ਵਲੋਂ 'ਪਗੜੀ ਸੰਭਾਲ ਓ ਜੱਟਾ' ਦੇ ਸਿਰੇਲਖ ਹੇਠ ਗੀਤ ਛਾਪਿਆ ਸੀ । ਦੂਸਰੇ ਚਾਚਾ ਜੀ ਸਰਦਾਰ ਸਵਰਨ ਸਿੰਘ ਜੋ ਚੜ੍ਹਦੀ ਉਮਰੇ ਹੀ ਇਨਕਲਾਬੀ ਦੇਸ਼ ਭਗਤਾਂ ਦਾ ਸਾਥ ਦਿੰਦੇ ਹੋਏ ਵਿਦੇਸ਼ੀ ਸਰਕਾਰ ਵੱਲੋਂ ਜੇਲ੍ਹ ਵਿੱਚ ਦਿੱਤੇ ਜਾਂਦੇ ਤਸੀਹੇ ਅਤੇ ਤਸ਼ੱਦਦ ਦਾ ਮੁਕਾਬਲਾ ਕਰਦੇ ਹੋਏ ੧੯੧੦ ਵਿੱਚ ਜੇਲ੍ਹ ਵਿੱਚ ਹੀ ਸ਼ਹੀਦੀ ਪਾ ਗਏ ਸਨ। ਸ੍ਰ. ਅਰਜਣ ਸਿੰਘ ਜੋ ਭਗਤ ਦੇ ਦਾਦਾ ਜੀ ਅਤੇ ਪਿਤਾ ਸ੍ਰ. ਕਿਸ਼ਨ ਸਿੰਘ ਵੀ ਊਘੇ ਕ੍ਰਾਂਤੀਕਾਰੀ ਸਨ। ਗੱਲ ਕੀ, ਭਗਤ ਸਿੰਘ ਨੂੰ ਇਨਕਲਾਬ ਦੀ ਗੁੜਤੀ ਆਪਣੇ ਘਰੋਂ ਹੀ ਮਿਲੀ ਸੀ । ਉਨ੍ਹਾਂ ਦੇ ਘਰ ਵਿੱਚ ਕ੍ਰਾਂਤੀਕਾਰੀਆਂ ਦਾ ਆਉਣਾ-ਜਾਣਾ ਹਮੇਸ਼ਾ ਰਹਿੰਦਾ ਸੀ । ਇੱਥੋਂ ਤੱਕ ਕਿ ਸਰਦਾਰ ਕਰਤਾਰ ਸਿੰਘ ਸਰਾਭਾ ਵੀ ਇਨ੍ਹਾਂ ਇਕੱਤਰਤਾਵਾਂ ਵਿੱਚ ਆਉਂਦੇ ਸਨ । ਭਗਤ ਸਿੰਘ ਸਰਾਭੇ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੂੰ ਆਪਣਾ ਗੁਰੂ ਮੰਨ ਲਿਆ ।
ਜਦੋਂ ਵਿਸਾਖੀ ਵਾਲੇ ਦਿਨ, ੧੩ ਅਪ੍ਰੈਲ਼, ੧੯੧੯ ਨੂੰ ਜੱਲ੍ਹਿਆਂਵਾਲੇ ਬਾਗ ਦੀ ਧਰਤੀ ਦੇਸ਼ ਭਗਤਾਂ ਦੇ ਖ਼ੂਨ ਨਾਲ ਲਾਲ ਹੋ ਗਈ ਸੀ, ਭਗਤ ਸਿੰਘ ਸਕੂਲੋਂ ਸਿੱਧਾ ਉੱਥੇ ਆਇਆ ਤੇ ਆਪਣੇ ਨਾਲ ਲਹੂ ਨਾਲ ਸਿੰਜੀ ਹੋਈ ਮਿੱਟੀ ਨੂੰ ਇੱਕ ਸ਼ੀਸ਼ੀ ਵਿਚ ਪਾ ਕੇ ਆਪਣੇ ਨਾਲ ਲੈ ਗਿਆ, ਓਦੋਂ ਉਸ ਦੀ ਉਮਰ ਸਿਰਫ਼ ੧੨ ਸਾਲ ਦਾ ਸੀ ।
ਸਰਦਾਰ ਭਗਤ ਸਿੰਘ ਨੂੰ ਦੇਸ਼ ਭਗਤੀ ਦੀ ਭਾਵਨਾ ਵਿਰਾਸਤ ਵਿਚੋਂ ਮਿਲੀ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਆਪਣੀਆਂ ਦੋਵਾਂ ਇਨਕਲਾਬੀ ਚਾਚੀਆਂ ਪਾਸੋਂ ਉਹ ਦੇਸ਼-ਭਗਤੀ ਦੇ ਕਿੱਸੇ-ਕਹਾਣੀਆਂ ਅਕਸਰ ਹੀ ਸੁਣਦਾ ਰਹਿੰਦਾ ਸੀ । ਇਸ ਤੋਂ ਪ੍ਰਭਾਵਤ ਹੋ ਕੇ ਉਹ ਜਲਦੀ ਹੀ ਪੰਜਾਬ ਦੀਆਂ ਕ੍ਰਾਂਤੀਕਾਰ ਜਥੇਬੰਦੀਆਂ ਨਾਲ ਜੁੜ ਗਿਆ।
ਸ੍ਰ. ਭਗਤ ਸਿੰਘ ਆਪਣੇ ਖੇਤਾਂ ਵਿੱਚ ਛੋਟੇ-ਛੋਟੇ ਤੀਲੇ ਬੀਜਦਾ ਅਤੇ ਕਹਿੰਦਾ ਹੁੰਦਾ ਸੀ ਕਿ ਚਾਚਾ ਇਨ੍ਹਾਂ ਦਮੂਖਾਂ (ਬੰਦੂਕਾਂ) ਨਾਲ ਗੋਰਿਆਂ ਨੂੰ ਮਾਰਾਂਗੇ । ਉਨ੍ਹਾਂ ਨੇ ਦਸਵੀਂ ਦੀ ਪ੍ਰੀਖਿਆ ਡੀ.ਏ.ਵੀ. ਸਕੂਲ, ਲਾਹੌਰ ਅਤੇ ਬੀ.ਏ. ਦੀ ਪੜ੍ਹਾਈ ਜੋ ਨੈਸ਼ਨਲ ਕਾਲਜ, ਲਾਹੌਰ ਤੋਂ ਕਰ ਰਿਹਾ ਸੀ, ਵਿੱਚੇ ਛੱਡਣੀ ਪਈ, ਜਦਕਿ ਮੁੱਢਲੀ ਵਿੱਦਿਆ ਆਪਣੇ ਪਿੰਡ ਤੋਂ ਹੀ ਪ੍ਰਾਪਤ ਕੀਤੀ ਸੀ । ਕਾਲਜ ਵਿਚ ਹੀ ਭਗਤ ਸਿੰਘ ਨੇ ੧੯੨੬ ਵਿੱਚ ਕ੍ਰਾਂਤੀਕਾਰੀ ਨੌਜਵਾਨਾਂ ਦੀ ਇੱਕ ਵੱਖਰੀ 'ਨੌਜਵਾਨ ਭਾਰਤ ਸਭਾ' ਬਣਾਈ, ਜਿਸ ਦੀ ਪਹਿਲੀ ਇਕੱਤਰਤਾ ੧੧ ਤੋਂ ੧੩ ਅਪ੍ਰੈਲ, ੧੯੨੮ ਨੂੰ ਜੱਲ੍ਹਿਆਂਵਾਲਾ ਬਾਗ਼ ਵਿੱਚ ਹੋਈ । ਕਾਮਰੇਡ ਸੋਹਣ ਸਿੰਘ ਜੋਸ਼ ਅਤੇ ਭਗਤ ਸਿੰਘ ਇਸ ਦੇ ਕਰਤਾ-ਧਰਤਾ ਸਨ ।
ਸ੍ਰ. ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੇ ਸ੍ਰ. ਭਗਤ ਸਿੰਘ ਦੇ ਮਨ 'ਤੇ ਡੂੰਘਾ ਪ੍ਰਭਾਵ ਪਾਇਆ । ੧੯੨੪ ਵਿੱਚ ਆਪ ਕਾਨਪੁਰ ਆ ਗਏ ਅਤੇ ਪ੍ਰਤਾਪ ਨਾਮਕ ਅਖ਼ਬਾਰ ਵਿੱਚ ਬਲਵੰਤ ਨਾਂ ਹੇਠ ਕੰਮ ਕਰਦੇ ਰਹੇ । ਇੱਥੇ ਹੀ ਆਪ ਜੀ ਦਾ ਮੇਲ ਬੀ ਕੇ ਦੱਤ, ਸ਼ਿਵ ਸ਼ਰਮਾ, ਜੈਦੇਵ ਕਪੂਰ ਅਤੇ ਚੰਦਰ ਸ਼ੇਖਰ ਆਜ਼ਾਦ ਵਰਗੇ ਮਹਾਨ ਕ੍ਰਾਂਤੀਕਾਰੀਆਂ ਨਾਲ ਹੋਇਆ।
ਸੰਨ ੧੯੨੮ ਵਿੱਚ 'ਸਾਈਮਨ ਕਮਿਸ਼ਨ' ਭਾਰਤ ਆਇਆ। ਦੇਸ਼ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਲਾਲਾ ਲਾਜਪਤ ਰਾਏ ਜੀ ਇਸ ਜਲੂਸ ਦੀ ਅਗਵਾਈ ਕਰ ਰਹੇ ਸਨ। ਗੋਰਿਆਂ ਨੇ ਏਨੀਆਂ ਡਾਂਗਾਂ ਵਰ੍ਹਾਈਆਂ ਕਿ ਲਾਲਾ ਜੀ ਗੰਭੀਰ ਜ਼ਖ਼ਮੀ ਹੋ ਗਏ ਤੇ ੧੭ ਨਵੰਬਰ ੧੯੨੮ ਨੂੰ ਸ਼ਹੀਦੀ ਪ੍ਰਾਪਤ ਕਰ ਗਏ । ਸ. ਭਗਤ ਸਿੰਘ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਉਸ ਸਮੇਂ ਲਿਆ ਜਦੋਂ ਸਾਂਡਰਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ।
ਜਦੋਂ ਭਗਤ ਸਿੰਘ ਅਤੇ ਬੀ ਕੇ ਦੱਤ ਨੇ ੮ ਅਪਰੈਲ, ੧੯੨੯ ਨੂੰ ਕੌਮੀ ਅਸੈਂਬਲੀ (ਦਿੱਲੀ ਦੀ ਵੱਡੀ ਅਸੈਂਬਲੀ) ਅੰਦਰ ਬੰਬ ਸੁੱਟਿਆ ਤਾਂ ਇਹ ਖਿਆਲ ਪਹਿਲਾਂ ਹੀ ਮਨ ਵਿੱਚ ਰੱਖ ਲਿਆ ਸੀ ਕਿ ਇਸ ਨਾਲ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ । ਸਿਰਫ਼ ਪਟਾਕੇ ਵਾਲਾ ਬੰਬ ਹੀ ਸੁੱਟ ਕੇ ਵਿਦੇਸ਼ੀ ਹਕੂਮਤ ਦੇ ਬੋਲੇ ਕੰਨਾਂ ਤੱਕ ਭਾਰਤ ਦੇ ਲੋਕਾਂ ਦੀ ਆਵਾਜ਼ ਪਹੁੰਚਾਉਣਾ ਸੀ । ਬੰਬ ਸੁੱਟ ਕੇ ਆਪ ਦੌੜੇ ਨਹੀਂ ਸਨ, ਸਗੋਂ 'ਇਨਕਲਾਬ-ਜ਼ਿੰਦਾਬਾਦ' ਦੇ ਨਾਅਰੇ ਲਾਉਂਦਿਆਂ ਹੋਇਆਂ ਇਸ ਦੀ ਜ਼ਿੰਮੇਵਾਰੀ ਆਪਣੇ ਸਿਰ 'ਤੇ ਲੈ ਲਈ ਤੇ ਗ੍ਰਿਫਤਾਰ ਹੋ ਗਏ। ਇੱਥੋਂ ਤੱਕ ਕਿ ਉਨ੍ਹਾਂ ਦੇਸ਼ ਭਗਤਾਂ ਨੇ ਆਪਣੀ ਸਾਰੀ ਜਾਇਦਾਦ ਵੀ ਆਪਣੇ ਦੇਸ਼ ਉੱਤੋਂ ਕੁਰਬਾਨ ਕਰ ਦਿੱਤੀ। ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਸ਼ਹੀਦ ਭਗਤ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ । ਇਸ ਲਈ ਉਨ੍ਹਾਂ ਨੂੰ ਕ੍ਰਾਂਤੀਕਾਰੀ ਲਹਿਰ ਦਾ ਮਾਲਕ ਕਿਹਾ ਜਾਂਦਾ ਹੈ ।
ਸਾਡੇ ਦੇਸ਼ ਦੀ ਆਜ਼ਾਦੀ ਦਾ ਇਤਿਹਾਸ ਬਹੁਤ ਲੰਮਾ ਹੈ, ਜਿਸ ਦੀ ਗਿਣਤੀ-ਮਿਣਤੀ ਕਰਨਾ ਅਸੰਭਵ ਹੈ । ਇਸ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਲਈ ਅਣਗਿਣਤ ਯੋਧਿਆਂ ਤੇ ਸੂਰਬੀਰਾਂ ਨੇ ਕੁਰਬਾਨੀਆਂ ਦਿੱਤੀਆਂ । ਜਦੋਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਫਾਂਸੀ ਦੇ ਤਖ਼ਤੇ 'ਤੇ ਚੜ੍ਹਨ ਤੋਂ ਪਹਿਲਾਂ "ਮੇਰਾ ਰੰਗ ਦੇ ਬਸੰਤੀ ਚੋਲਾ" ਗੀਤ ਗਾਇਆ ਤਾਂ ਜੇਲ੍ਹ ਦੇ ਸਾਰੇ ਕੈਦੀ ਵੀ ਉਨ੍ਹਾਂ ਨਾਲ ਆਪਣੀ ਆਵਾਜ਼ ਮਿਲਾ ਕੇ ਗਾਉਣ ਲੱਗੇ ਤੇ ਇਸ ਨੂੰ ਇੱਕ ਕੌਮੀ ਤਰਾਨੇ ਦਾ ਰੂਪ ਦੇ ਦਿੱਤਾ ।
ਅਨੇਕਾਂ ਕਿਤਾਬਾਂ ਦੀ ਘੋਖ-ਪੜਤਾਲ ਕਰਨ ਤੋਂ ਬਾਅਦ ਭਗਤ ਸਿੰਘ ਨੇ ਭਾਰਤ ਦੇ ਭਵਿੱਖ ਦਾ ਐਲਾਨ ਕੀਤਾ ਸੀ ਕਿ "ਸਾਡੇ ਵਾਅਦੇ ਸਿਰਫ਼ ਸ਼ੋਰਬੇ ਅਤੇ ਅੱਧੀ ਰੋਟੀ ਦੇ ਨਹੀਂ ਹੋਣਗੇ"।
ਇੱਕ ਵਿਸ਼ੇਸ਼ ਅਦਾਲਤ ਨੇ ੭ ਅਕਤੂਬਰ, ੧੯੩੦ ਨੂੰ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ। ਗਾਂਧੀ-ਇਰਵਨ ਸਮਝੋਤੇ ਨਾਲ ਮਹਾਤਮਾ ਗਾਂਧੀ ਜੀ ਦੁਆਰਾ ਚਲਾਇਆ 'ਲੂਣ ਦਾ ਮੋਰਚਾ' ਖ਼ਤਮ ਹੋ ਗਿਆ । ਲੋਕ ਤਾਂ ਇਹੀ ਆਸ ਲਗਾਈ ਬੈਠੇ ਸਨ ਕਿ ਬਾਕੀ ਕੈਦੀਆਂ ਦੇ ਨਾਲ ਹੀ ਇਨ੍ਹਾਂ ਸਿਰਲੱਥ ਸੂਰਮਿਆਂ ਨੂੰ ਵੀ ਰਿਹਾ ਕਰ ਦਿੱਤਾ ਜਾਵੇਗਾ, ਪਰ ਇਸ ਤਰ੍ਹਾਂ ਨਹੀਂ ਹੋਇਆ । ਅੰਗਰੇਜ਼ ਸਰਕਾਰ ਨੇ ਲੋਕਾਂ ਤੋਂ ਡਰਦਿਆਂ ਹੀ ੨੩ ਮਾਰਚ, ੧੯੩੧ ਨੂੰ ਰਾਤ ਦੇ ਸਮੇਂ ਉਨ੍ਹਾਂ ਸੂਰਮਿਆਂ ਨੂੰ ਫਾਂਸੀ ਟੰਗ ਦਿੱਤਾ ਅਤੇ ਲਾਸ਼ਾਂ ਨੂੰ ਚੋਰ-ਦਰਵਾਜ਼ੇ ਥਾਣੀਂ ਕੱਢ ਕੇ ਫ਼ਿਰੋਜ਼ਪੁਰ ਲੈ ਗਏ । ਸਤਲੁਜ ਦੇ ਕੰਢੇ ਤਿੰਨਾਂ ਦੀ ਇੱਕ ਹੀ ਚਿਖਾ ਬਣਾ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ਅਤੇ ਅੱਧਸੜੀਆ ਲਾਸ਼ਾਂ ਨੂੰ ਸਤਲੁਜ ਵਿੱਚ ਵਹਾ ਦਿੱਤਾ । ਇੱਥੇ ਹੁਸੈਨੀਵਾਲਾ ਵਿਖੇ ਹੀ ਇਨ੍ਹਾਂ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਹੈ । ਉਨ੍ਹਾਂ ਦੀਆਂ ਕਬਰਾਂ 'ਤੇ ਹਮੇਸ਼ਾ ਮੇਲੇ ਲੱਗਦੇ ਅਤੇ ਦੀਵੇ ਜਗਦੇ ਰਹਿਣਗੇ । ਉਘੇ ਗ਼ਜ਼ਲਗੋ ਸ੍ਰੀ ਓਮ ਪ੍ਰਕਾਸ਼ ਬਿਸਮਿਲ ਦਾ ਇੱਕ ਸ਼ਿਅਰ ਇਸ ਤਰ੍ਹਾਂ ਹੈ :
ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ,
ਵਤਨ ਪੇ ਮਿਟਨੇ ਵਾਲੇ ਕਾ ਯਹੀਂ ਬਾਕੀ ਨਿਸ਼ਾਂ ਹੋਗਾ ।
ਸਰਦਾਰ ਭਗਤ ਸਿੰਘ ਇੱਕ ਵਿਅਕਤੀ ਨਹੀਂ, ਸਗੋਂ ਇੱਕ ਸੰਸਥਾ ਸੀ। ਉਹ ਪਰਮਗੁਣੀ ਤਾਂ ਆਪਣੇ ਸੁਪਨਿਆਂ ਦਾ ਭਾਰਤ ਅਰਥਾਤ ਬਰਾਬਰੀ ਦਾ ਸਮਾਜ ਚਾਹੁੰਦੇ ਸਨ। ਪਰ, ਅੱਜ-ਕੱਲ੍ਹ ਦੇਖੋ ਕੀ ਹੋ ਰਿਹਾ ਹੈ ? ਅਮੀਰ-ਗ਼ਰੀਬ ਦਾ ਪਾੜਾ ਵੱਧ ਰਿਹਾ ਹੈ, ਬੇਰੁਜ਼ਗਾਰ ਧੀਆਂ-ਪੁੱਤ ਆਪਣੇ ਮਾਪਿਆਂ ਦਾ ਸਹਾਰਾ ਬਣਨ ਦੀ ਬਜਾਏ ਉਨ੍ਹਾਂ 'ਤੇ ਬੋਝ ਬਣੇ ਹਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਚੰਗੇ ਨਾਗਰਿਕ ਬਣਾਉਣ ਦੀ ਥਾਂ ਸਰੇਆਮ ਕੁੱਟਿਆ ਜਾ ਰਿਹਾ ਹੈ । ਇੱਥੇ ਹੀ ਬੱਸ ਨਹੀਂ, ਮਸ਼ੀਨੀ ਯੁੱਗ ਆਉਣ ਕਰਕੇ ਮਜ਼ਦੂਰਾਂ ਕੋਲੋਂ ਕੰਮ ਖੁਸਦਾ ਜਾ ਰਿਹਾ ਹੈ, ਜਿਸ ਦੇ ਫਲਸਰੂਪ ਉਨ੍ਹਾਂ ਨੂੰ ਦੋ ਵੇਲੇ ਦੀ ਰੋਟੀ ਵੀ ਬੜੀ ਮੁਸ਼ਕਲ ਨਾਲ ਜੁੜਦੀ ਹੈ। ਛੋਟੇ ਕਿਸਾਨ ਤੇ ਮਜ਼ਦੂਰ ਤਾਂ ਖ਼ੁਦਕੁਸ਼ੀਆਂ ਦੇ ਰਾਹ ਤੁਰ ਪਏ ਹਨ । ਫਿਰਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਦਾ ਦੈਂਤ ਮੂੰਹ ਅੱਡੀ ਖੜ੍ਹਾ ਹੈ। ਲਾ-ਇਲਾਜ ਬੀਮਾਰੀਆਂ ਜਿਵੇਂ ਏਡਜ਼, ਕੈਂਸਰ, ਸ਼ੂਗਰ, ਆਦਿ ਜ਼ੋਰਾਂ 'ਤੇ ਹਨ ਅਤੇ ਦਵਾਈਆਂ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ। ਜੋ ਮਿਲਦੀਆ ਹਨ, ਉਹ ਵੀ ਨਕਲੀ। ਗੱਲ ਕੀ, ਜਵਾਨੀ ਤਾਂ ਨਸ਼ਿਆਂ ਵਿੱਚ ਗਰਕ ਹੋ ਰਹੀ ਹੈ ਅਤੇ ਕੰਮ ਭ੍ਰਿਸ਼ਟਾਚਾਰ ਦੇ ਸਹਾਰੇ ਚੱਲਦੇ ਹਨ। ਇਹ ਤਸਵੀਰ ਉਨ੍ਹਾਂ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਦੀ ਨਹੀਂ, ਸਗੋਂ ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਨਤੀਜਾ ਹੈ।
ਇਹ ਵੀ ਕਹਿਣਾ ਠੀਕ ਹੋਵੇਗਾ ਕਿ ੧੯੪੭ ਵਿੱਚ ਤਾਂ ਵਿਅਕਤੀਆਂ ਦੀ ਤਬਦੀਲੀ ਹੋਈ ਸੀ, ਨਾ ਕਿ ਨੀਤੀਆਂ ਦੀ । ਇਨ੍ਹਾਂ ੬੩ ਸਾਲਾਂ ਵਿੱਚ ਕੋਈ ਵੀ ਉਸਾਰੂ ਨੀਤੀ ਨਹੀਂ ਘੜੀ ਗਈ । ਇੱਥੋਂ ਤੱਕ ਕਿ ਮਿਹਨਤੀ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਜਿਵੇਂ ਰੋਟੀ, ਕੱਪੜਾ, ਮਕਾਨ, ਸਿਹਤ ਸਹੂਲਤਾਂ, ਪੜ੍ਹਾਈ, ਬਿਜਲੀ, ਆਦਿ ਹੱਲ ਹੋਣ ਦੀ ਬਜਾਏ ਹੋਰ ਪੇਚੀਦਾ ਰੂਪ ਧਾਰ ਰਹੀਆਂ ਹਨ । ਸੂਬੇ ਦੀ ਸਰਕਾਰ ਤਾਂ ਪਹਿਲਾਂ ਹੀ ਠਣ-ਠਣ ਗੋਪਾਲ ਕਰੀਂ ਬੈਠੀ ਹੈ ।
ਸਰਦਾਰ ਭਗਤ ਸਿੰਘ ਦਾ ਕਹਿਣਾ ਹੈ ਕਿ ਇਨਕਲਾਬ ਲਈ ਨਾ ਤਾਂ ਜਜ਼ਬਾਤੀ ਹੋਣ ਦੀ ਲੋੜ ਹੈ ਤੇ ਨਾ ਹੀ ਮੌਤ ਦੀ, ਸਗੋਂ ਲਾਜ਼ਮੀ ਸੰਘਰਸ਼, ਕਸ਼ਟਾਂ ਤੇ ਕੁਰਬਾਨੀਆਂ ਭਰੀ ਜ਼ਿੰਦਗੀ ਦੀ ਲੋੜ ਹੈ । ਮਨੁੱਖ ਨੂੰ ਆਪਣਾ ਫਰਜ਼ ਕਦੇ ਨਹੀਂ ਭੁੱਲਣਾ ਚਾਹੀਦਾ । ਸ਼੍ਰਮੋਣੀ ਭਗਤ ਕਬੀਰ ਜੀ ਫ਼ੁਰਮਾਉਂਦੇ ਹਨ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
- ( ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ : ੧੧੦੫ )
ਸਾਹਿੱਤ ਦੀ ਅਹਿਮੀਅਤ ਦਾ ਵੀ ਉਸ ਸਮੇਂ ਪਤਾ ਚਲਦਾ ਹੈ, ਜਦੋਂ ਭਗਤ ਸਿੰਘ ਨੇ 'ਹਿੰਦੀ ਸਾਹਿਤਯ ਸੰਮੇਲਨ' ਵੱਲੋਂ ਕਰਵਾਏ ਗਏ ਮੁਕਾਬਲੇ ਲਈ ਲੇਖ 'ਪੰਜਾਬ ਦੀ ਭਾਸ਼ਾ ਅਤੇ ਲਿੱਪੀ ਦਾ ਮਸਲਾ' ਲਿਖਿਆ ਸੀ । ਇਸ ਲੇਖ ਲਈ ਉਸਨੂੰ ਪੰਜਾਹ ਰੁਪਏ ਦਾ ਇਨਾਮ ਮਿਲਿਆ ਤੇ ਮਗਰੋਂ ਇਹ ੧੯੩੩ ਦੇ ਹਿੰਦੀ ਸੰਦੇਸ਼ ਵਿੱਚ ੨੮ ਫਰਵਰੀ ਨੂੰ ਛਾਪਿਆ ਗਿਆ।
ਸੁਭਾਸ਼ ਚੰਦਰ ਬੋਸ ਜੀ ਅਕਸਰ ਹੀ ਕਿਹਾ ਕਰਦੇ ਸਨ, "ਤੁਸੀਂ ਮੈਨੂੰ ਖ਼ੂਨ ਦਿਉ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ"। ਭਗਤ ਸਿੰਘ ਹੁਰੀਂ ਕਿਹਾ ਕਰਦੇ ਸਨ ਕਿ ਸਾਡੇ ਦੇਸ਼ ਵਿੱਚ ਕੋਈ ਭੁੱਖਾ ਨਹੀਂ ਮਰੇਗਾ ਅਤੇ ਨਾ ਹੀ ਕੋਈ ਭ੍ਰਿਸ਼ਟ ਹੋਵੇਗਾ।
ਸ਼ਹੀਦ ਭਗਤ ਸਿੰਘ ਜੋ ਇੱਕ ਇਨਕਲਾਬੀ ਯੋਧਾ ਹੋਇਆ ਹੈ, ਜਿਸ ਨੇ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਅੰਗਰੇਜ਼ਾਂ ਨੂੰ ਭਾਜੜਾਂ ਪਾ ਦਿੱਤੀਆਂ ਸਨ। ਉਨ੍ਹਾਂ ਮਹਾਨ ਦੇਸ਼ ਭਗਤਾਂ ਨੇ ਲੋਕਾਈ ਵਿੱਚ ਜਾਗ੍ਰਤੀ ਪੈਦਾ ਕਰ ਦਿੱਤੀ ਕਿ ਭਾਰਤ ਇੱਕ ਮਹਾਨ ਦੇਸ਼ ਹੈ ਅਤੇ ਇਹ ਆਜ਼ਾਦ ਹੋ ਕੇ ਹੀ ਰਹੇਗਾ। ਆਜ਼ਾਦੀ ਸੰਗਰਾਮ ਵਿੱਚ ਇਨ੍ਹਾਂ ਦੇਸ਼ ਭਗਤਾਂ ਨੇ ਇੱਕ ਅਹਿਮ ਭੂਮਿਕਾ ਨਿਭਾਈ, ਜਿਸ ਨੂੰ ਭਾਰਤ ਵਾਸੀ ਹਮੇਸ਼ਾ ਯਾਦ ਰੱਖਣਗੇ।
ਸੁਤੰਤਰਤਾ ਸੰਗਰਾਮ ਵਿੱਚ ਬਹੁਤ ਸਾਰੇ ਪੰਜਾਬੀਆਂ ਨੇ ਯੋਗਦਾਨ ਪਾਇਆ ਸੀ । ਇਨ੍ਹਾਂ ਵਿੱਚੋਂ ੯੩ ਨੂੰ ਫ਼ਾਂਸੀ ਲਟਕਾਇਆ ਗਿਆ ਅਤੇ ੨੧੪੭ ਨੂੰ ਉਮਰ ਕੈਦ ਹੋਈ । ਇਸ ਤੋਂ ਇਲਾਵਾ ਜੱਲ੍ਹਿਆਂਵਾਲਾ ਬਾਗ਼ ਵਿੱਚ ੧੩੦੦ ਪੰਜਾਬੀਆਂ ਨੂੰ ਸ਼ਹੀਦ ਕੀਤਾ ਗਿਆ ਅਤੇ ੬੭ ਕਾਮਾਗਾਟਾਮਾਰੂ ਕਾਂਡ ਵਿੱਚ ਸ਼ਹੀਦ ਹੋਏ । ਇੱਥੇ ਹੀ ਬੱਸ ਨਹੀਂ, ਕੂਕਾ ਲਹਿਰ ਵਿੱਚ ੯੧ ਸ਼ਹੀਦ ਹੋਏ ਅਤੇ ਅਕਾਲੀ ਲਹਿਰ ਵਿੱਚ ੫੦੦ ਸ਼ਹੀਦ ਹੋਏ ਸਨ। ਗੱਲ ਕੀ, ਪੰਜਾਬੀ ਤਾਂ ਹਮੇਸ਼ਾ ਹੀ ਭਾਰਤ ਨੂੰ ਚੜ੍ਹਦੀ ਕਲਾ ਵਿੱਚ ਦੇਖਣਾ ਚਾਹੁੰਦੇ ਹਨ। ਨਾਲੇ ਜਿਸ ਦੇਸ਼ ਵਿਚ ਭਗਤ ਸਿੰਘ ਵਰਗੇ ਨੌਜਵਾਨ ਪੈਦਾ ਹੋਏ ਹੋਣ, ਉੱਥੇ ਗੁਲਾਮੀ ਦਾ ਨਾਮੋ-ਨਿਸ਼ਾਨ ਹੀ ਮਿੱਟ ਜਾਵੇਗਾ। ਉਹ ਅਕਸਰ ਹੀ ਇਹੋ ਜਿਹੇ ਗੀਤ ਗੁਣਗੁਣਾਉਂਦੇ ਸਨ :
ਸਰ ਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ।
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ ।
ਨੈਪੋਲੀਅਨ ਦਾ ਕਹਿਣਾ ਹੈ "ਮੌਤ ਨਹੀਂ ਸਗੋਂ ਉਸਦਾ ਕਾਰਨ ਮਨੁੱਖ ਨੂੰ ਸ਼ਹੀਦ ਬਣਾਉਂਦਾ ਹੈ"। ਸ਼ਹੀਦ ਤਾਂ ਕੌਮ ਦਾ ਸਰਮਾਇਆ ਹੁੰਦੇ ਨੇ । ਇਤਿਹਾਸ ਗਵਾਹ ਹੈ ਕਿ ਜੇ ਸ਼ਹੀਦ ਦੇ ਖ਼ੂਨ ਦਾ ਇੱਕ ਤੁਪਕਾ ਵੀ ਧਰਤੀ 'ਤੇ ਡਿੱਗ ਪਏ ਤਾਂ ਉਹ ਲੱਖਾਂ ਸ਼ਹੀਦਾਂ ਨੂੰ ਜਨਮ ਦਿੰਦਾ ਹੈ । ਇਸੇ ਕਰਕੇ ਜਹਾਂਗੀਰ ਨੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਲਈ 'ਯਾਸਾ' ਦੀ ਸਜ਼ਾ ਸੁਣਾਈ । 'ਯਾਸਾ' ਦੀ ਸਜ਼ਾ ਉਹ ਜਟਿਲ ਸਜ਼ਾ ਹੈ, ਜਿਸ ਵਿੱਚ ਸਜ਼ਾ ਪਾਉਣ ਵਾਲੇ ਦਾ ਖ਼ੂਨ ਧਰਤੀ 'ਤੇ ਨਾ ਡੋਲ੍ਹਿਆ ਜਾਵੇ । ਆਖਰ ਸ਼ਹੀਦ ਤਾਂ ਸ਼ਹੀਦ ਹੀ ਹੁੰਦਾ ਹੈ ਭਾਵੇਂ ਉਸ ਦਾ ਖ਼ੂਨ ਧਰਤੀ 'ਤੇ ਡੁੱਲ੍ਹਿਆ ਜਾਵੇ ਜਾਂ ਨਾ ।
ਇਹੋ ਜਿਹੇ ਮਨੁੱਖ ਤਾਂ ਧਰਤੀ ਮਾਂ ਦੀ ਕੁੱਖ ਨੂੰ ਸਦੀਆਂ ਦੀ ਜਾਗ ਲੱਗਣ ਪਿੱਛੋਂ ਹੀ ਪੈਦਾ ਹੁੰਦੇ ਹਨ। ਭਗਤ ਸਿੰਘ ਇੱਕ ਰੋਸ਼ਨ ਦਿਮਾਗ ਵਾਲਾ ਮਨੁੱਖ ਸੀ । ਉਹ ਨਿਰਾ ਪਿਸਤੌਲ ਤੇ ਬੰਬ ਚਲਾਉਣੇ ਨਹੀਂ ਸੀ ਜਾਣਦਾ, ਸਗੋਂ ਉਸ ਨੇ ਦੇਸ਼ ਦੇ ਨਾਂਅ ਕਈ ਸੰਦੇਸ਼ ਵੀ ਲਿਖੇ ਸਨ, ਜੋ ਉਨ੍ਹਾਂ ਦੀ ਵਿਚਾਰਧਾਰਾ ਬਣ ਗਏ। ਛੋਟੀ ਉਮਰੇ ਹੀ ਉਸ ਨੇ ਦੁਨੀਆਂ ਭਰ ਦੇ ਸਮਾਜਾਂ ਅਤੇ ਇਨਕਲਾਬਾਂ ਦਾ ਅਧਿਅਨ ਕੀਤਾ, ਤਦੋਂ ਤਾਂ ਉਸ ਨੂੰ ਲਾਸਾਨੀ ਸ਼ਹੀਦ ਆਖਦੇ ਹਨ ।
ਸਰਦਾਰ ਭਗਤ ਸਿੰਘ ਦੀਆਂ ਲਿਖਤਾਂ ਨੂੰ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਸਕੂਲਾਂ ਤੇ ਕਾਲਜਾਂ ਵਿੱਚ ਬਤੌਰ ਕੋਰਸ ਪੜ੍ਹਾਇਆ ਜਾਵੇ ਤਾਂ ਜੋ ਨੌਜਵਾਨ ਵੀ ਉਨ੍ਹਾਂ ਦੀ ਵਿਚਾਰਧਾਰਾ ਤੋਂ ਸੇਧ ਲੈ ਕੇ ਭਗਤ ਸਿੰਘ ਵਰਗੇ ਸੂਰੇ ਬਣ ਸਕਣ। ਸਮੂਹ ਮਨੁੱਖੀ ਜਾਤੀ ਨੂੰ ਚਾਹੀਦਾ ਹੈ ਕਿ ਉਹ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਤਾਂ ਜੋ ਆਪਣੇ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆ 'ਤੇ ਪਹੁੰਚਾ ਸਕੀਏ ਅਤੇ ਇੱਕ ਬਿਹਤਰ ਸਮਾਜ ਦੀ ਸਿਰਜਣਾ ਕਰ ਸਕੀਏ ।
ਐ ਨੌਜਵਾਨੋਂ, ਉਸ ਪਰਮਗੁਣੀ ਭਗਤ ਨੂੰ ਆਪਣੀ ਜ਼ਿੰਦਗੀ ਦਾ ਪ੍ਰੇਰਨਾ ਸਰੋਤ ਬਣਾਈਏ ਅਤੇ ਕਸਮਾਂ ਖਾਈਏ ਕਿ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰਦੇ ਹੋਏ ਦੇਸ਼ ਵਿਚੋਂ ਗੁਲਾਮੀ, ਭ੍ਰਿਸ਼ਟਾਚਾਰ ਨੂੰ ਜੜ੍ਹੋਂ ਮੁਕਾਵਾਂਗੇ। ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਅਸੀਂ ਆਪਣੀ ਜਾਨ ਦੀ ਬਾਜੀ ਲਗਾਉਣ ਤੋਂ ਪਿੱਛੇ ਨਹੀਂ ਹਟਾਂਗੇ । ਅੱਜ ਵੀ ਲੋੜ ਹੈ, ਭਗਤ ਸਿੰਘ ਵਰਗੇ ਨੌਜਵਾਨਾ ਦੀ, ਜਿਹਨਾਂ ਦੇ ਹੌਸਲੇ ਬੁਲੰਦ, ਇਮਾਨਦਾਰੀ ਵਿੱਚ ਪ੍ਰਪੱਕ, ਮਿਹਨਤੀ ਤੇ ਉਨ੍ਹਾਂ ਦੀ ਰਹਿਣੀ-ਬਹਿਣੀ ਸਾਦੀ ਹੋਵੇ, ਪਰ ਉੱਚੀ ਸੋਚ ਦੇ ਮਾਲਕ ਹੋਣ, ਉਹੀ ਤਾਂ ਦੇਸ਼ ਨੂੰ ਉੱਚੀਆਂ ਉਚਾਈਆਂ 'ਤੇ ਲਿਜਾ ਸਕਦੇ ਹਨ । ਫਿਰ ਹੀ ਭਾਰਤ ਦਾ ਨਾਂ ਚੰਨ ਤਾਰਿਆਂ ਦੀ ਤਰ੍ਹਾਂ ਸਾਰੇ ਸੰਸਾਰ ਵਿੱਚ ਚਮਕੇਗਾ । ਕਿਸੇ ਸ਼ਾਇਰ ਨੇ ਠੀਕ ਹੀ ਆਖਿਆਂ ਹੈ :
ਹੀਰਾ ਕਿਸ਼ਨ ਸਿੰਘ ਦਾ
ਮਾਂ ਵਿਦਿਆਵਤੀ ਦਾ ਲਾਲ ।
ਕੀ ਹੁੰਦੀ ਦੇਸ਼ ਭਗਤੀ
ਦੇ ਗਿਆ ਭਗਤ ਸਿੰਘ ਇੱਕ ਮਿਸਾਲ ।