ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਰਦੂ ਟੀਕਾ
(ਲੇਖ )
ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਦੀ ਜੀਵਨਜਾਚ ਦਾ ਕੇਂਦਰ ਬਿੰਦੂ ਹੈ ਇਸ ਵਿਚ ਦਰਸਾਏ ਸਿਧਾਂਤਾਂ ਅਨੁਸਾਰ ਹੀ ਸਿੱਖ ਨੇ ਆਪਣਾ ਜੀਵਨ ਉਦੇਸ਼ ਨਿਰਧਾਰਿਤ ਅਤੇ ਹਾਸਲ ਕਰਨਾ ਹੈ। ਇਸ ਕਰਕੇ ਗੁਰਬਾਣੀ ਦੀ ਸੋਝੀ ਸਿੱਖ ਦੇ ਜੀਵਨ ਦਾ ਪ੍ਰਮੁਖ ਅਤੇ ਮਹੱਤਵਪੂਰਨ ਪਹਿਲੂ ਹੈ। ਗੁਰਬਾਣੀ ਨੂੰ ਸਮਝਣ ਲਈ ਬਹੁਤ ਸਾਰੇ ਯਤਨ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਹੁੰਦੇ ਰਹੇ ਹਨ। ਭਾਈ ਗੁਰਦਾਸ ਜੀ ਦੀਆਂ ਵਾਰਾਂ, ਜਨਮ ਸਾਖੀਆਂ, ਗੋਸ਼ਟਾਂ, ਪ੍ਰਮਾਰਥ ਆਦਿ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਗੁਰਬਾਣੀ ਦੇ ਸਿਧਾਂਤਾਂ ਦੀ ਵਿਆਖਿਆ ਗੁਰਬਾਣੀ ਦੇ ਅੰਦਰ ਵੀ ਦੇਖਣ ਨੂੰ ਮਿਲਦੀ ਹੈ ਜਿਸ ਨੂੰ ਵਿਦਵਾਨਾਂ ਨੇ ਸਹਿਜ ਪ੍ਰਣਾਲੀ ਦੱਸਿਆ ਹੈ। ਰੋਜ਼ਾਨਾ ਪਾਠ ਅਧਿਐਨ ਕਰਨ ਵਾਲੇ ਗੁਰਸਿੱਖ ਇਸ ਪ੍ਰਣਾਲੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਗੁਰਬਾਣੀ ਦੀ ਸੋਝੀ ਪੈਦਾ ਕਰਨ ਲਈ ਹੁਣ ਤੱਕ ਅਨੇਕਾਂ ਸਾਧਨ ਪੈਦਾ ਕੀਤੇ ਗਏ ਹਨ; ਪ੍ਰਯਾਯ, ਨਿਰੁਕਤ, ਵਿਆਕਰਣ, ਕੋਸ਼ ਆਦਿ ਇਨ੍ਹਾਂ ਵਿੱਚ ਪ੍ਰਮੁਖ ਹਨ।
ਗੁਰੂ ਸਾਹਿਬਾਨ ਦੇ ਸਮੇਂ ਭਾਈ ਗੁਰਦਾਸ ਅਤੇ ਭਾਈ ਮਨੀ ਸਿੰਘ ਗੁਰਬਾਣੀ ਦੀ ਸੋਝੀ ਪੈਦਾ ਕਰਨ ਦਾ ਕਾਰਜ ਕਰਦੇ ਸਨ ਅਤੇ ਮੌਜੂਦਾ ਸਮੇਂ ਤੱਕ ਇਹ ਕਾਰਜ ਕਿਸੇ ਨਾ ਕਿਸੇ ਰੂਪ ਵਿੱਚ ਨਿਰੰਤਰ ਜਾਰੀ ਹੈ। ਕਥਾ-ਵਿਆਖਿਆਨ ਰਾਹੀਂ ਜਿਥੇ ਮੌਖਿਕ ਰੂਪ ਵਿੱਚ ਇਹ ਕਾਰਜ ਹੋ ਰਿਹਾ ਹੈ, ਉਥੇ ਲਿਖਤ ਰੂਪ ਵਿੱਚ ਵੀ ਇਸ ਪਾਸੇ ਯਤਨ ਕੀਤੇ ਜਾ ਰਹੇ ਹਨ। ਗਿਆਨੀ ਬਦਨ ਸਿੰਘ (ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ (ਫਰੀਦਕੋਟ ਵਾਲਾ ਟੀਕਾ), ਗਿਆਨੀ ਨਿਹਾਲ ਸਿੰਘ ਸੂਰੀ (ਸ੍ਰੀ ਗੁਰੁਮਤਿ ਭਾਉ ਪ੍ਰਕਾਸ਼ਨੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ), ਪੰਡਤ ਨਾਰਾਇਣ ਸਿੰਘ, (ਸ੍ਰੀ ਗੁਰੂ ਗ੍ਰੰਥ ਸਾਹਿਬ ਸਟੀਕ), ਗਿਆਨੀ ਨਰਾਇਣ ਸਿੰਘ ਮੁਜੰਗ ਵਾਲੇ (ਸ੍ਰੀ ਗੁਰੂ ਗ੍ਰੰਥ ਸਾਹਿਬ ਸਟੀਕ), ਗਿਆਨੀ ਬਿਸ਼ਨ ਸਿੰਘ (ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ), ਸੰਤ ਕਿਰਪਾਲ ਸਿੰਘ (ਸੰਪ੍ਰਦਾਈ ਟੀਕਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ), ਭਾਈ ਵੀਰ ਸਿੰਘ (ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ), ਪ੍ਰੋ. ਸਾਹਿਬ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ), ਗਿਆਨੀ ਮਨੀ ਸਿੰਘ (ਸਿਧਾਂਤਕ ਸਟੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ), ਗਿਆਨੀ ਹਰਿਬੰਸ ਸਿੰਘ (ਆਦਿ ਸ੍ਰੀ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ: ਤੁਲਨਾਤਮਕ ਅਧਿਐਨ), ਪ੍ਰੋ. ਤੇਜਾ ਸਿੰਘ, ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ), ਡਾ. ਰਤਨ ਸਿੰਘ ਜੱਗੀ (ਅਰਥ-ਬੋਧ ਸ੍ਰੀ ਗੁਰੁ ਗ੍ਰੰਥ ਸਾਹਿਬ) ਆਦਿ ਵਿਦਵਾਨਾਂ ਨੇ ਇਸ ਪਾਸੇ ਯਤਨ ਕੀਤੇ ਹਨ ਅਤੇ ਇਹ ਮੌਜੂਦਾ ਸਮੇਂ ਵਿੱਚ ਵੀ ਨਿਰੰਤਰ ਜਾਰੀ ਹਨ। ਏਸੇ ਤਰ੍ਹਾਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਅਤੇ ਅਨੁਵਾਦ ਮਿਲਦੇ ਹਨ ਜਿਹੜੇ ਗੁਰਬਾਣੀ ਪ੍ਰਤੀ ਸੋਝੀ ਪ੍ਰਦਾਨ ਕਰਦੇ ਹਨ। ਵੱਖ-ਵੱਖ ਸਮਿਆਂ ਵਿੱਚ ਕੀਤੇ ਇਹ ਟੀਕੇ ਸਾਡੇ ਸਾਹਮਣੇ ਹਨ ਜਿਨ੍ਹਾਂ ਤੇ ਸਮੇਂ ਅਤੇ ਸੰਸਥਾਵਾਂ ਦਾ ਪ੍ਰਭਾਵ ਸਪਸ਼ਟ ਦਿਖਾਈ ਦਿੰਦਾ ਹੈ।
ਅਜਿਹਾ ਹੀ ਇਕ ਟੀਕਾ ਉਰਦੂ ਭਾਸ਼ਾ ਵਿੱਚ ਦੇਖਣ ਨੂੰ ਮਿਲਿਆ ਹੈ ਜਿਹੜਾ ਕਿ ਮਾਲ ਮਹਿਕਮੇ ਵਿੱਚੋਂ ਕਾਨੂੰਗੋ ਦੇ ਪਦ ਤੋਂ ਰਿਟਾਇਰ ਹੋਏ ਸ. ਦਵਿੰਦਰਪਾਲ ਸਿੰਘ ਨੇ ਕੀਤਾ ਹੈ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਰਦੂ ਅਨੁਵਾਦ ਤਾਂ ਮਿਲਦੇ ਹਨ ਜਿਨ੍ਹਾਂ ਵਿੱਚੋਂ ਸ. ਕ੍ਰਿਪਾਲ ਸਿੰਘ ਪੰਨੂ ਦੁਆਰਾ ਕੀਤਾ ਅਨੁਵਾਦ ਪ੍ਰਮੁਖ ਹੈ ਜਿਹੜਾ ਕਿ ਇੰਟਰਨੈਟ ਤੇ ਉਪਲਬਧ ਹੈ। ਇਨ੍ਹਾਂ ਤੋਂ ਪਹਿਲਾਂ ੧੯੧੬ ਈਸਵੀ ਵਿੱਚ ੨੨੨੦ ਪੰਨਿਆਂ ਤੇ ਬਾਬਾ ਊਧਮ ਸਿੰਘ ਦਾ ਕੀਤਾ ਹੋਇਆ ਇਕ ਅਨੁਵਾਦ ਨਜ਼ਰੀਂ ਪਿਆ ਹੈ ਜਿਸ ਦੇ ਇਕ ਪੰਨੇ ਤੇ ਲੇਖਕ ਨੇ ਤਸਦੀਕ ਕਰਦੇ ਹੋਏ ਲਿਖਿਆ ਹੈ, 'ਮੈਂ ਤਸਦੀਕ ਕਰਤਾ ਹੂੰ ਕਿ ਯੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ (ਬਖ਼ਤੇ ਉਰਦੂ) ਅਸਲ ਗੁਰਮੁਖੀ ਗ੍ਰੰਥ ਸਾਹਿਬ ਕੇ ਬਿਲਕੁਲ ਮੁਤਾਬਿਕ ਹੈ ਮੈਨੇ ਇਸੇ ਸ਼ੁਰੂ ਸੇ ਆਖੀਰ ਤਕ ਬੜੇ ਗੋਰ ਸੇ ਲਫ਼ਜ਼-ਬ-ਲਫ਼ਜ਼ ਮੁਕਾਬਲਾ ਕਰਕੇ ਸਹੀ ਕੀਆ ਹੈ'। ਪਰ ਹੁਣ ਤੋਂ ਪਹਿਲਾਂ ਗੁਰਬਾਣੀ ਦਾ ਉਰਦੂ ਟੀਕਾ ਕਦੇ ਦੇਖਣ ਨੂੰ ਨਹੀਂ ਮਿਲਿਆ, ਇਹ ਕਾਰਜ ਪਿੰਡ ਰਾਮਪੁਰਾ, ਜ਼ਿਲਾ ਬਠਿੰਡਾ, ਦੇ ਸ. ਦਵਿੰਦਰਪਾਲ ਸਿੰਘ ਨੇ ਸੰਪੂਰਨ ਕੀਤਾ ਹੈ। ਇਸ ਵੇਲੇ ਇਨ੍ਹਾਂ ਦੀ ਉਮਰ ਲਗਪਗ ੮੮ ਸਾਲ ਦੀ ਹੈ ਅਤੇ ਇਸ ਉਮਰ ਵਿੱਚ, ਕਿਸੇ ਅਕਾਦਮਿਕ ਅਤੇ ਧਾਰਮਿਕ ਪਿਛੋਕੜ ਨਾ ਹੋਣ ਦੇ ਬਾਵਜੂਦ ਵੀ, ਨਿਰੰਤਰ ਗੁਰਬਾਣੀ ਅਧਿਐਨ ਨਾਲ ਜੁੜੇ ਰਹਿਣਾ ਇਕ ਮਹੱਤਵਪੂਰਨ ਗੱਲ ਹੈ ਜਿਹੜੀ ਕਿ ਸਮਾਜ ਦੇ ਹੋਰਨਾਂ ਬਜ਼ੁਰਗਾਂ ਨੂੰ ਵੀ ਪ੍ਰੇਰਨਾ ਪ੍ਰਦਾਨ ਕਰਦੀ ਹੈ। ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੀ ਸੰਪੂਰਨ ਨਹੀਂ ਕੀਤਾ ਬਲਕਿ ਭਗਤਾਂ ਦੀ ਬਾਣੀ ਦਾ ਉਰਦੂ ਟੀਕਾ ਵੀ ਮੁਕੰਮਲ ਕਰ ਲਿਆ ਹੈ।
ਟੀਕਾ ਕਰਨ ਦੀ ਪੈਦਾ ਹੋਈ ਬਿਰਤੀ ਬਾਰੇ ਉਨ੍ਹਾਂ ਦੱਸਿਆ ਕਿ ਗੁਰਬਾਣੀ ਨਾਲ ਤਾਂ ਉਹ ਪਹਿਲਾਂ ਤੋਂ ਹੀ ਜੁੜੇ ਹੋਏ ਸਨ ਅਤੇ ਰਿਟਾਇਮੈਂਟ ਉਪਰੰਤ ਇਹ ਬਿਰਤੀ ਹੋਰ ਵਧੇਰੇ ਪ੍ਰਚੰਡ ਹੋ ਗਈ। ਜਦੋਂ ਕਦੇ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਤਾਂ ਉਥੇ ਜਾ ਕੇ ਮਨ ਵਿੱਚ ਇਹ ਭਾਵਨਾ ਜ਼ੋਰ ਫੜਨ ਲੱਗੀ ਕਿ ਇਥੋਂ ਦੇ ਪੰਜਾਬੀ ਗੁਰਮੁਖੀ ਦੀ ਬਜਾਏ ਸ਼ਾਹਮੁਖੀ ਵੱਲ ਵਧੇਰੇ ਰੁਚਿਤ ਹੋਏ ਹਨ। ਗੁਰਦੁਆਰਿਆਂ ਵਿੱਚ ਉਨ੍ਹਾਂ ਨਾਲ ਜਿਨ੍ਹਾਂ ਦਾ ਵੀ ਮੇਲ ਹੁੰਦਾ ਰਿਹਾ ਹੈ ਉਹ ਸਾਰੇ ਗੁਰਮੁਖੀ ਤੋਂ ਸੱਖਣੇ ਸਨ ਅਤੇ ਗੁਰਬਾਣੀ ਬਾਰੇ ਜਾਣਨਾ ਚਾਹੁੰਦੇ ਸਨ। ਬਚਪਨ ਤੋਂ ਉਰਦੂ, ਫ਼ਾਰਸੀ ਪੜ੍ਹਨ ਅਤੇ ਇੰਟਰਮੀਡੀਏਟ ਤੱਕ ਇਹ ਵਿੱਦਿਆ ਗ੍ਰਹਿਣ ਕਰਨ ਕਰਕੇ ਗੁਰਮੁਖੀ ਦੇ ਨਾਲ-ਨਾਲ ਇਹ ਭਾਸ਼ਾ ਵੀ ਮਨ ਵਿੱਚ ਵੱਸ ਗਈ ਸੀ। ਇਕ ਰੌਚਿਕ ਗੱਲ ਸੁਣਾਉਂਦੇ ਹੋਏ ਉਨ੍ਹਾਂ ਦੱਸਿਆ ਕਿ ਹੁਣ ਦੀਆਂ ਗੱਲਾਂ ਤਾਂ ਛੇਤੀ ਹੀ ਭੁੱਲ ਜਾਂਦੀਆਂ ਹਨ ਪਰ ਉਸਤਾਦਾਂ ਦੁਆਰਾ ਪ੍ਰਪੱਕ ਕੀਤੀ ਉਰਦੂ, ਫ਼ਾਰਸੀ ਅਜਿਹੀ ਮਨ ਵਿੱਚ ਵੱਸੀ ਹੋਈ ਹੈ ਕਿ ਉਸ ਸਮੇਂ ਦਾ ਪੜ੍ਹਿਆ ਹੋਇਆ ਹੁਣ ਤੱਕ ਵੀ ਇੰਨ-ਬਿੰਨ ਯਾਦ ਹੈ। ਮਨ ਵਿੱਚ ਇਸ ਭਾਸ਼ਾ ਦੇ ਵੱਸੇ ਹੋਣ ਅਤੇ ਗੁਰਬਾਣੀ ਦੇ ਨਿਰੰਤਰ ਅਭਿਆਸ ਨੇ ਮਨ ਵਿੱਚ ਇਹ ਇੱਛਾ ਅਤੇ ਰੁਚੀ ਪੈਦਾ ਕੀਤੀ ਕਿ ਗੁਰਬਾਣੀ ਦਾ ਟੀਕਾ ਗੁਰਮੁਖੀ ਵਿੱਚ ਕਰਨ ਦੀ ਬਜਾਏ ਉਰਦੂ ਭਾਸ਼ਾ ਵਿੱਚ ਕੀਤਾ ਜਾਏ। ਇਹ ਟੀਕਾ ਸਿਰੇ ਚਾੜ੍ਹਨ ਲਈ ਇਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਛਾਪੇ ਜਾਂਦੇ ਪ੍ਰਸਿੱਧ 'ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਅਤੇ ਪ੍ਰੋ. ਸਾਹਿਬ ਸਿੰਘ ਦੇ ਟੀਕੇ ਤੋਂ ਵਿਸ਼ੇਸ਼ ਸਹਾਇਤਾ ਲਈ ਹੈ। ਇਸ ਟੀਕੇ ਵਿੱਚ ਔਖੇ ਸ਼ਬਦਾਂ ਦੇ ਅਰਥ ਦੇ ਕੇ ਫਿਰ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਔਖੇ ਸ਼ਬਦਾਂ ਦੇ ਅਰਥ ਕਰਨ ਵੇਲੇ ਸ਼ਬਦਾਰਥ ਨੂੰ ਮੁੱਖ ਰੱਖਿਆ ਗਿਆ ਹੈ ਅਤੇ ਜੇ ਕਿਤੇ ਹੋਰ ਵਧੇਰੇ ਜਾਣਨ ਦੀ ਲੋੜ ਪਈ ਤਾਂ ਪ੍ਰੋ. ਸਾਹਿਬ ਸਿੰਘ ਦੇ ਟੀਕੇ ਤੋਂ ਸਹਾਇਤਾ ਲਈ ਗਈ ਹੈ। ਯਤਨ ਇਹ ਕੀਤਾ ਗਿਆ ਹੈ ਕਿ ਪੰਥ ਵਿੱਚ ਪ੍ਰਵਾਣਿਤ ਸ਼ਬਦਾਰਥ ਦੇ ਮੂਲ ਅਰਥ ਹੀ ਰੱਖੇ ਜਾਣ ਤਾਂ ਕਿ ਜਿਗਿਆਸੂ ਨੂੰ ਸਹੀ ਅਤੇ ਢੁਕਵੀਂ ਜਾਣਕਾਰੀ ਪ੍ਰਾਪਤ ਹੋ ਸਕੇ। ਜਿਥੇ ਜ਼ਿਆਦਾ ਲੋੜ ਸਮਝੀ ਉਥੇ ਆਪਣੀ ਸੋਝੀ ਅਨੁਸਾਰ ਵੀ ਅਰਥ ਕਰ ਦਿੱਤੇ ਹਨ, ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਟੀਕਾ ਕਰਦੇ ਸਮੇਂ ਸੰਬੰਧਿਤ ਬਾਣੀ ਦੀ ਸੰਖੇਪ ਰੂਪ-ਰੇਖਾ ਵੀ ਦਿੱਤੀ ਗਈ ਹੈ। ਵੱਡੇ ਅਕਾਰ ਦੇ ੨੦-੨੨ ਰਜਿਸਟਰਾਂ ਤੇ ਇਹ ਟੀਕਾ ਸੰਪੂਰਨ ਹੋਇਆ ਹੈ ਅਤੇ ਕੰਪਿਊਟਰ ਤੇ ੮-੧੦ ਜ਼ਿਲਦਾਂ ਵਿੱਚ ਇਸ ਦੇ ਤਿਆਰ ਹੋਣ ਦੀ ਸੰਭਾਵਨਾ ਹੈ।
ਇਸ ਟੀਕੇ ਦੀ ਛਪਾਈ ਇਕ ਬਹੁਤ ਹੀ ਵੱਡਾ ਅਤੇ ਮਹੱਤਵਪੂਰਨ ਕਾਰਜ ਹੈ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਨੇ ਆਪਣੇ ਹੱਥ ਲਿਆ ਹੈ। ਭਾਵੇਂ ਕਿ ਉਮਰ ਦੇ ਇਸ ਪੜਾਅ ਵਿੱਚ ਵੀ ਲੇਖਕ ਦੀ ਆਵਾਜ਼ ਅਤੇ ਸਿਹਤ ਪੂਰਨ ਤੌਰ ਤੇ ਤੰਦਰੁਸਤ ਹੈ ਪਰ ਉਸ ਦੀ ਇੱਛਾ ਹੈ ਕਿ ਅੰਤਿਮ ਸਮੇਂ ਤੋਂ ਪਹਿਲਾਂ ਉਹ ਇਸ ਨੂੰ ਛੱਪਿਆ ਹੋਇਆ ਦੇਖਣਾ ਚਾਹੁੰਦਾ ਹੈ।