ਮਾਂ ਤਰਸਦੀ ਪਾਣੀ ਨੂੰ
(ਕਵਿਤਾ)
ਅੱਜ ਮਾਂ ਤਰਸਦੀ ਪਾਣੀ ਨੂੰ……
ਭਾਈ ਛੱਡਦੇ ਵੇਖੇ ਭੈਣਾਂ ਨੂੰ,
ਪੁੱਤ ਛੱਡਦੇ ਮਾਂਵਾਂ ਨੂੰ।
ਮੁੱਕਦਾ ਜਾਵੇ ਪਿਆਰ ਦੁਨੀਆਂ ਤੋਂ,
ਕਿੱਥੋਂ ਲਿਆਈਏ ਠੰਡੀਆਂ ਛਾਵਾਂ ਨੂੰ।
ਕੈਸਾ ਦੁਨੀਆਂ ਰੰਗ ਬਦਲਿਆ ,
ਹਾਣੀ ਛੱਡਕੇ ਤੁਰਦੇ ਹਾਣੀ ਨੂੰ
ਦੁੱਧ ਖੂਨ ਨਾਲ ਵੱਡੇ ਕੀਤੇ
ਅੱਜ ਮਾਂ ਤਰਸਦੀ ਪਾਣੀ ਨੂੰ……
ਤੋਂ ਉੱਚਾ ਕੋਈ ਨਾ ਦਰਜਾ,
ਕਹਿੰਦੇ ਲੋਕ ਸਿਆਣੇ।
ਗੁਰਬਾਣੀ ਵੀ ਹਾਮੀ ਭਰਦੀ,
ਨਾ ਸਮਝਣ ਲੋਕ ਅਣ-ਜਾਣੇ।
ਜਿੰਨਾ ਸਿਰ ਘੁਮੇਰ ਚੜ੍ਹੀ,
ਉਹ ਕਦੋਂ ਸਮਝਦੇ ਬਾਣੀ ਨੂੰ।
ਦੁੱਧ ਖੂਨ ਨਾਲ ਵੱਡੇ ਕੀਤੇ
ਅੱਜ ਮਾਂ ਤਰਸਦੀ ਪਾਣੀ ਨੂੰ……
ਗਿੱਲੀ ਥਾਂ ਤੇ ਆਪ ਸੁੱਤੀ ,
ਪਰ ਪੁੱਤ ਨੂੰ ਸੁੱਕੀ ਪਾਇਆ।
ਆਪ ਰਹੀ ਭਾਵੇਂ ਭੁੱਖੀ,
ਪਰ ਪੁੱਤ ਨੂੰ ਰੱਜ ਖਵਾਇਆ।
ਹੋ ਕੇ ਅੱਜ ਪੁੱਤ ਨਿਰਮੋਹੀ,
ਭੁੱਲ ਗਿਆ ਮਾਂ ਰਾਣੀ ਨੂੰ।
ਦੁੱਧ ਖੂਨ ਨਾਲ ਵੱਡੇ ਕੀਤੇ
ਅੱਜ ਮਾਂ ਤਰਸਦੀ ਪਾਣੀ ਨੂੰ……
ਕੋਠੀਆਂ ਕਾਰਾਂ ਅਤੇ ਸ਼ੋਹਰਤਾਂ,
ਬੜੇ ਨਾਮ ਕਮਾ ਲਏ।
ਮਾਂ ਰਾਣੀ ਦੀ ਸੇਵਾ ਵਾਰੀ,
ਸਭ ਨੇ ਹੱਥ ਲੁਕਾ ਲਏ।
ਮਾਂ ਕੁਰਲਾਵੇ ਮੰਜੇ ਉੱਤੇ,
ਪੁੱਤ ਨਾ ਛੱਡਿਆ ਢਾਣੀ ਨੂੰ।
ਦੁੱਧ ਖੂਨ ਨਾਲ ਵੱਡੇ ਕੀਤੇ
ਅੱਜ ਮਾਂ ਤਰਸਦੀ ਪਾਣੀ ਨੂੰ……
ਪੁੱਤ ਕੁਪੁੱਤ ਹੋ ਜਾਂਦੇ ਨੇ,
ਨਾ ਮਾਂਵਾਂ ਹੋਣ ਕੁਮਾਂਵਾਂ।
ਦੇਣ ਅਸ਼ੀਸ਼ਾਂ ਫੇਰ ਵੀ ਪੁੱਤਾਂ ਨੂੰ,
ਮੈਂ ਬਲਿਹਾਰੇ ਜਾਵਾਂ।
"ਬੁੱਕਣਵਾਲੀਆ" ਆਖੇ ਸਭ ਨੂੰ,
ਬਦਲੋ ਇਸ ਕਹਾਣੀ ਨੂੰ।
ਦੁੱਧ ਖੂਨ ਨਾਲ ਵੱਡੇ ਕੀਤੇ
ਅੱਜ ਮਾਂ ਤਰਸਦੀ ਪਾਣੀ ਨੂੰ……