ਪੜ੍ਹੀਏ ਕੀ ਲਿਖਿਆ (ਕਵਿਤਾ)

ਅਮਰਜੀਤ ਟਾਂਡਾ (ਡਾ.)   

Email: dramarjittanda@yahoo.com.au
Address:
United States
ਅਮਰਜੀਤ ਟਾਂਡਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੜ੍ਹੀਏ ਕੀ ਲਿਖਿਆ ਅਣਲਿਖੀਆਂ ਕਵਿਤਾਵਾਂ ਚੋਂ  
ਦਰਾਂ ਤੋਂ ਚੁਗੀਏ ਵਾਅਦੇ ਪੈੜਾਂ ਰਾਹਵਾਂ ਚੋਂ
 
ਕੱਲ ਤੱਕ ਰੌਣਕ ਰਹੂ ਤੇਰੇ ਪਰਛਾਵੇਂ ਕੋਲ
ਪਰਸੋਂ ਲੱਭਾਂਗੇ ਰਲਕੇ ਛਾਂ ਕੋਈ ਛਾਵਾਂ ਚੋਂ
 
ਕੋਲ ਹੋ ਕੇ ਬਹਿ ਗੱਲ ਕਰ ਨੋਟਾਂ ਵੋਟਾਂ ਦੀ
ਲੱਭਣਾ ਨਹੀਂ ਹੁਣ ਕੁਝ ਵੀ ਭੁੱਲੀਆਂ ਥਾਵਾਂ ਚੋਂ 
 
ਫਿਕਰ ਹੋ ਗਿਆ ਹੈ ਚੰਦ ਵਰਗੀ ਰੋਟੀ ਦਾ
ਲੱਭਦਾ ਫਿਰਦਾਂ ਗੀਤ ਰੋਜ਼ ਹਵਾਵਾਂ ਚੋਂ
 
ਰੋ ਲਵਾਂਗੇ ਲਾਸ਼ਾਂ ਨੂੰ ਪ੍ਰਬੰਧ ਕਰੋ ਵੋਟਾਂ ਦਾ
ਟੁਰ ਗਏ ਪੁੱਤ ਨਾ ਲੱਭਣੇ ਵੈਣਾਂ ਹਾਵਾਂ ਚੋਂ
 
ਹਿੱਕ ਤੇ ਰੱਖ ਲੈ ਸਿਰੀਂ ਸਜਾ ਲੈ ਨੀਂਹ ਪੱਥਰ 
ਕਿੰਨੀ ਕੁ ਧੜਕਣ ਬਚੀ ਹੈ ਟੋਹਵੀਂ ਸਾਹਵਾਂ ਚੋਂ 
 
ਸੀਨੇ ਦੇ ਕੇ ਗੋਲੀਆਂ ਲੈ ਜਾਓ ਮੇਚਦੀਆਂ
ਰਹਿੰਦੇ ਖ਼ਾਬ ਲੱਭ ਲਿਓ ਭੱਜੀਆਂ ਬਾਂਵਾਂ ਚੋਂ
 
ਸਿਵਿਆਂ ਦੀ ਜਦ ਅੱਗ ਜੇਹੀ ਠੰਡੀ ਹੋ ਜਾਵੇ
ਰੋਂਦੇ ਗਿਣ ਲਿਓ ਫੁੱਲ ਲਟਕੇ ਕਪਾਵਾਂ ਚੋਂ