ਖੱਦਰ - ਵਿਸਰਦਾ ਵਿਰਸਾ (ਲੇਖ )

ਬਲਵਿੰਦਰ ਸਿੰਘ ਚਾਹਲ    

Email: chahal_italy@yahoo.com
Phone: +39 320 217 6490
Address:
Italy
ਬਲਵਿੰਦਰ ਸਿੰਘ ਚਾਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy generic naltrexone online

buy generic naltrexone online
ਅੱਜ ਅਸੀਂ ਮਾਰਕਿਟ ਚੋਂ ਬਣੇ ਹੋਏ ਹਰ ਪ੍ਰਕਾਰ ਦੇ  ਕੱਪੜੇ ਖਰੀਦ ਲੈਂਦੇ ਹਾਂ ਪਰ ਕਿਸੇ ਵੇਲੇ ਨਿਰੋਲ ਖੱਦਰ ਦੇ ਖੇਸ, ਚਾਦਰਾਂ ਅਤੇ ਬਾਕੀ ਬਹੁਤ ਸਾਰੀਆਂ ਤਨ ਢਕਣ ਦੀਆਂ ਲੋੜਾਂ ਘਰ ਦੇ ਸੂਤ ਨਾਲ ਹੀ ਪੂਰੀਆਂ ਕਰਿਆ ਕਰਦੇ ਸਾਂ । ਸਾਡੇ ਪਿੰਡਾਂ ਵਿੱਚ ਰੰਗ ਬਰੰਗੀਆਂ ਦਰੀਆਂ ਅਤੇ ਡੱਬ ਖੜੱਬੇ ਖੇਸ ਚਾਦਰਾਂ ਨਾਲ  ਕਿਸੇ ਸਮੇਂ ਆਮ ਹੀ ਘਰਾਂ ਦੇ ਸੰਦੂਖ ਭਰੇ ਹੋਇਆ ਕਰਦੇ ਸਨ। ਘਰ ਦੀ ਸੁਆਣੀਆਂ ਆਪਣੇ ਕੰਮ ਧੰਦੇ ਤੋਂ ਵਿਹਲੀਆਂ ਹੋ ਕੇ ਸੂਤ ਕੱਤਣ ਬੈਠਿਆ ਕਰਦੀਆਂ ਸਨ ਅਤੇ ਇਸ ਕੱਤੇ ਹੋਏ ਸੂਤ ਨਾਲ ਖੇਸ, ਚਾਦਰਾਂ,ਦਰੀਆਂ  ਅਤੇ ਤਨ ਢਕਣ ਲਈ ਖੱਦਰ ਬਣਾਇਆ ਜਾਂਦਾ ਸੀ। ਪੇਡੂੰ ਜੀਵਨ ਦਾ ਮੁੱਖ ਅਧਾਰ ਹੀ ਘਰ ਦਾ ਬਣਿਆ ਸਮਾਨ ਹੋਇਆ ਕਰਦਾ ਸੀ । ਘਰ ਦਾ ਕਮਾਦ ਗੁੜ, ਘਰ ਦਾ ਦੁੱਧ ਦਹੀਂ, ਮੱਖਣ ਤੇ ਲੱਸੀ, ਘਰ ਦੀਆਂ ਦਾਲਾਂ ਸਬਜੀਆਂ ਮੱਕੀ ਬਾਜਰੇ ਦੀ ਰੋਟੀ ਤੇ ਸਰੋਂ ਦਾ ਸਾਗ, ਘਰ ਦੀ ਕਪਾਹ ਤੇ ਸੂਤ ਆਦਿ ਇਨਾਂ ਚੀਜ਼ਾਂ ਨਾਲ ਪੇਂਡੂ ਜੀਵਨ ਦਾ ਨਿਰਬਾਹ ਬੜਾ ਸੁਖਾਲਾ ਹੋ ਜਾਂਦਾ ਸੀ । ਪਰ ਹੁਣ ਹਰ ਚੀਜ਼ ਮਾਰਕਿਟ ਵਿੱਚੋਂ ਖਰੀਦੀ ਜਾਂਦੀ ਹੈ । ਸਾਡੀਆਂ ਬਹੁਤ ਸਾਰੀਆਂ ਵਿਰਾਸਤੀ ਚੀਜਾਂ ਦਾ ਇਨਾਂ ਬਜਾਰੂ ਚੀਜਾਂ ਨੇ ਗਲਾ ਘੁੱਟ ਕੇ ਰੱਖ ਦਿੱਤਾ ਹੈ । ਅਸੀਂ ਲੋਕ ਖੱਦਰ ਤੇ ਪੂਰੀ ਤਰਾਂ ਨਿਰਭਰ ਸਾਂ । ਖੱਦਰ ਬਣਾਉਣਾ ਵੀ ਜਿੱਥੇ ਇਕ ਕਲਾ ਹੈ ਉੱਥੇ ਇਹ ਇੱਕ ਧੰਦਾ ਵੀ ਹੈ । ਇਸ ਨਾਲ ਹੀ ਕੰਮ ਕਰਕੇ ਜੁਲਾਹੇ ਆਪਣੀ ਰੋਟੀ ਦਾ ਜੁਗਾੜ ਕਰਿਆ ਕਰਦੇ ਸਨ । ਖੱਦਰ ਨੂੰ ਤਿਆਰ ਕਰਨ ਤੱਕ ਬੜੀ ਮਿਹਨਤ ਵਿੱਚੋਂ ਲੰਘ ਕੇ ਇਸ ਨੁੰ ਵਰਤਣ ਯੋਗ ਬਣਾਇਆ ਜਾਂਦਾ ਸੀ । ਕਪਾਹ ਦੇ ਖੇਤਾਂ ਵਿੱਚੋਂ ਕਪਾਹ ਦੇ ਫੁੱਟ ਚੁਗ ਕੇ ਲਿਆਉਣੇ ਤੇ ਕਪਾਹ ਨੂੰ ਫਿਰ ਸਾਫ ਕਰਨਾ ਤੇ  ਇਸ ਨੂੰ ਪਿੰਜਣ ਲਈ ਲੈ ਕੇ ਜਾਣਾ ਜਿੱਥੇ ਕਿ ਰੂੰ ਦਾ ਘੱਟਾ ਵੀ ਬਹੁਤ ਚੜਦਾ ਹੁੰਦਾ ਸੀ । ਰੂੰ ਨੂੰ ਪਿੰਜ ਕੇ ਇਸ ਦੀਆਂ ਪੂਣੀਆਂ ਵੱਟਣੀਆਂ ਤੇ ਪੂਣੀਆਂ ਨੂੰ ਚਰਖੇ ਤੇ ਸੂਤ ਤਿਆਰ ਕਰਨਾ ਤਾਂ ਕਿਤੇ ਜਾ ਕੇ ਖੱਦਰ ਦਾ ਧਾਗਾ ਬਣਦਾ ਸੀ । ਧਾਗਾ ਤਿਆਰ ਕਰਨ ਤੋਂ ਬਾਅਦ ਇਸ ਨੂੰ ਖੱਡੀ ਤੇ ਚੜਾ ਕੇ ਇਸ ਦਾ ਲੋੜ ਮੁਤਾਬਿਕ ਕੱਪੜਾ ਤਿਆਰ ਕੀਤਾ ਜਾਂਦਾ ਸੀ ।
ਆਮ ਕਰਕੇ ਖੱਦਰ ਤੋਂ ਬਣਿਆ ਹੋਇਆ ਕੱਪੜਾ ਹੀ ਪਹਿਨਿਆ ਜਾਂਦਾ ਸੀ, ਜੋ ਸਸਤਾ ਵੀ ਅਤੇ ਵਧੀਆ ਵੀ ਹੁੰਦਾ ਸੀ। ਹੋਰ ਮਹਿੰਗੇ ਕਿਸਮ ਦੇ ਕੱਪੜੇ ਤਾਂ ਅਮੀਰ ਲੋਕ ਹੀ ਪਹਿਨਦੇ ਸਨ । ਘਰ ਦੀਆਂ ਸੁਆਣੀਆਂ ਹੱਥੀਂ ਤਿਆਰ ਕੀਤੇ ਖੱਦਰ ਨੂੰ ਪਸੰਦੀਦਾ  ਰੰਗ ਚਾੜ ਕੇ ਆਪਣੇ ਸੂਟ ਤਿਆਰ ਕਰ ਲੈਂਦੀਆਂ ਸਨ ਤੇ ਮਰਦਾਂ ਲਈ ਚਿੱਟੇ ਸੂਤੀ ਖੱਦਰ ਦੇ ਹੀ ਕੱਪੜੇ ਬਣਾ ਲਏ ਜਾਂਦੇ ਸਨ । ਹੁਣ ਰਜਾੲਆਿਂ ਦੇ ਰੇਸ਼ਮੀ ਅਮਰੇ( ਰਜਾਈ ਤਿਆਰ ਕਰਨ ਵਾਲਾ ਕਵਰ) ਹਨ ਪਰ ਕਿਸੇ ਵੇਲੇ ਖੱਦਰ ਦੇ ਹੀ ਅਮਰੇ ਹੋਇਆ ਕਰਦੇ ਸਨ । ਅੱਜ ਕੱਲ ਬਿਸਤਰੇ ਦੀ ਚਾਦਰ ਬਜਾਰੋਂ ਮਰਜ਼ੀ ਮੁਤਾਬਿਕ ਲੈ ਲਈ ਜਾਂਦੀ ਹੈ ਪਰ ਕਿਸੇ ਵੇਲੇ ਹੱਥੀਂ ਬਣਾਈ ਚਾਦਰ ਤੇ ਕਢਾਈ ਕਰਕੇ ਬਿਸਤਰੇ ਦੀ ਚਾਦਰ ਬਣਾਈ ਜਾਂਦੀ ਸੀ । ਇਹ ਕਢਾਈ ਵੀ ਕਈ ਤਰਾਂ ਦੀ ਹੁੰਦੀ ਸੀ ਜਿਵੇਂ ਸਿੰਧੀ ਦੀ ਕਢਾਈ, ਪੋਲੀ ਤੇ ਦਸੂਤੀ ਕਢਾਈ ਆਦਿ ਮੁੱਖ ਸਨ । ਚਾਦਰਾਂ ਨੂੰ ਬਣਾ ਕੇ ਇਨਾਂ ਨੂੰ ਰੰਗਾ ਵੀ ਲਿਆ ਜਾਂਦਾ ਸੀ ਤੇ ਵਿਚਕਾਰੋਂ ਹੱਥ ਨਾਲ ਸਿਅੁਂ ਕੇ ਨਵਾਰੀ ਪਲੰਘਾਂ ਤੇ ਵਿਛਾਇਆ ਜਾਂਦਾ ਸੀ । ਇੱਥੋ ਤੱਕ ਕੇ ਸੁਆਣੀਆਂ  ਰੋਟੀ ਨੂੰ ਸਾਂਭਣ ਲਈ ਖੱਦਰ ਦੇ ਪੋਣੇ ਵਰਤਿਆ ਕਰਦੀਆਂ ਸਨ । ਕਿਸੇ ਵਿਆਹ ਸ਼ਾਦੀ ਦੇ ਮੌਕੇ ਸੂਟ ਦੀ ਮਨੌਤ ਦੇ ਨਾਲ ਵੀ ਖੱਦਰ ਦੇ 'ਤੇਰ' ਦਿੱਤੇ ਜਾਦੇ ਸਨ ਜਿਸ ਦੀ ਜਗਾ੍ਹ ਅੱਜ ਕੱਲ ਪੱਗ ਜਾਂ ਕੰਬਲ ਦਿੱਤਾ ਜਾਂਦਾ ਹੈ । ਮੁੱਖ ਗੱਲ ਇਹ ਹੈ ਕਿ ਤਨ ਢਕਣ ਲਈ ਖੱਦਰ ਇੱਕ ਮੁੱਖ ਚੀਜ਼ ਹੋਇਆ ਕਰਦਾ ਸੀ  ਜਿਸਦੀ ਥਾਂ ਅੱਜ ਹੋਰ ਕਈ ਪ੍ਰਕਾਰ ਦੇ ਕੱਪੜਿਆਂ ਨੇ ਲੈ ਲਈ ਹੈ ।

ਖੇਸ
'ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਖੇਸ
ਛੰਦ ਅੱਗੋਂ ਤਾਂ ਸੁਨਾਵਾਂ ਜੇ ਦੇਵੇ ਪੰਜ ਮਲੇਸ਼।
ਖੱਦਰ ਤੋਂ ਬਣੀਆਂ ਹੋਈਆਂ ਚੀਜਾਂ ਵਿੱਚ ਖੇਸ ਦਾ ਨਾਂ ਸਭ ਤੋਂ ਮੂਹਰੇ ਆਅੁਂਦਾ ਹੈ। ਕਿਅੁਂਕਿ ਖੇਸ ਅੱਜ ਵੀ ਖੱਦਰ ਦੇ ਹੀ ਬਣਦੇ ਹਨ ਬੇਸ਼ੱਕ ਇਨਾਂ ਦਾ ਬੋਲਬਾਲਾ ਬਹੁਤ ਹੱਦ ਤੱਕ ਘੱਟ ਗਿਆ ਤੇ ਅੱਜ ਦੀ ਤਰੀਕ ਵਿੱਚ ਖੇਸ ਆਪਣੇ ਆਖਰੀ ਸਾਹ ਲੈ ਰਿਹਾ ਹੈ । ਕੋਈ ਸਮਾਂ ਸੀ ਧਾਰੀਦਾਰ,ਡੱਬੀਆਂ ਵਾਲਾ ਅਤੇ ਸਫੈਦ ਖੇਸ ਹਰ ਘਰ ਦੇ ਮੰਜੇ ਤੇ ਪਿਆ ਮਿਲ ਸਕਦਾ ਸੀ । ਗਰਮੀ ਦੇ ਦਿਨਾਂ ਵਿੱਚ ਘਰੇ ਆਏ ਪ੍ਰਾਹੁਣੇ ਨੂੰ ਨਵੀਂ ਦਰੀ ਤੇ ਚਾਦਰ ਨਾਲ ਡੱਬੀਦਾਰ ਖੇਸ ਵਾਲਾ ਬਿਸਤਰਾ ਦਿੱਤਾ ਜਾਂਦਾ ਸੀ । ਅੱਜ ਬਣੇ ਬਣਾਏ ਬੈੱਡ ਹਨ ਤੇ ਉੱਥੇ ਤਿਆਰ ਬਰ ਤਿਆਰ ਗੱਦਿਆਂ ਵਾਲਾ ਬਿਸਤਰਾ ਤੇ ਉੱਪਰ ਲੈਣ ਲਈ ਕੋਰੀਆਈ ਕੰਬਲ ਮਤਲਬ ਕਿ ਪੰਜਾਬੀ ਸਭਿਆਚਾਰ ਵਿਚਾਰਾ ਕਿਸੇ ਗਰੀਬ ਗੁਰਬੇ ਦੇ ਘਰ ਪਿਆ ਆਪਣੇ ਹੀ ਹਾਲ ਤੇ ਹੰਝੂ ਵਹਾਉਂਦਾ ਨਜ਼ਰ ਆਅੁਂਦਾ ਹੈ ।
ਖੇਸ ਦਾ ਰਿਸ਼ਤਾ ਪੰਜਾਬੀ ਦੇ ਹਰ ਵਰਗ ਨਾਲ ਬੜਾ ਗੂੜਾ ਹੋਇਆ ਕਰਦਾ ਸੀ । ਆਪਣੀ ਹੈਸੀਅਤ ਮੁਤਾਬਿਕ ਹਰ ਕੋਈ ਖੇਸ ਖਰੀਦ ਕੇ ਆਪਣੀ ਲੋੜ ਪੂਰੀ ਕਰਦਾ ਸੀ । ਘਰ ਦੇ ਕੱਤੇ ਹੋਏ ਸੂਤ ਨਾਲ ਖੇਸ ਬਣਾਉਣੇ ਜਾਂ ਜੁਲਾਹਿਆਂ ਨੂੰ ਸੂਤ ਕੱਤ ਕੇ ਖੇਸ ਬਣਾਉਣ ਲਈ ਦਿੱਤਾ ਜਾਂਦਾ ਸੀ । ਜੋ ਕਿ ਖੇਸ ਬਣਾਉਣ ਬਦਲੇ ਕਣਕ ਦੇ ਦਾਣੇ ਜਾਂ ਪੈਸੇ ਲਿਆ ਕਰਦੇ ਸਨ । ਹੁਣ ਬਹੁਤ ਸਾਰੇ ਲੋਕ ਮਸ਼ੀਨਾਂ ਦੇ ਬਣੇ ਹੋਏ ਖੇਸਾਂ ਨੂੰ ਆਮ ਹੀ ਪਿੰਡਾਂ ਵਿੱਚ ਵੇਚਦੇ ਨਜ਼ਰ ਆਅੁਂਦੇ ਹਨ । ਨਾ ਕਿਸੇ ਨੂੰ ਕਪਾਹ ਬੀਜਣ ਦੀ ਲੋੜ ਹੈ ਨਾ ਕਿਸੇ ਨੂੰ ਰੂੰ ਪਿੰਜਣ ਦੀ ਲੋੜ ਹੈ ਤੇ ਨਾ ਹੀ ਰੂੰ ਕੱਤ ਕੇ ਖੇਸ ਜਾਂ  ਹੋਰ ਸਮਾਨ ਬਣਾਉਣ ਦੀ ਲੋੜ ਹੈ ਜੇ ਲੋੜ ਹੈ ਤਾਂ ਬੱਸ 'ਪੈਸਾ ਫੈਂਕ ਤਮਾਸ਼ਾ ਦੇਖ' ਵਾਲੀ ਗੱਲ ਅਨੁਸਾਰ ਜੋ ਚਾਹੋ ਖਰੀਦ ਲਉ। ਖੇਸ ਦਾ ਰੇਟ ਵੀ ਖੇਸ ਦੇ ਡਿਜ਼ਾਇਨ ਜਾਂ ਸੂਤ ਦੇ ਆਧਾਰ ਤੇ ਹੁੰਦਾ ਸੀ ਜਾਂ ਅੱਜ ਵੀ  ਹੈ। ਖੇਸ ਨੂੰ ਖੱਡੀ ਤੇ ਬੁਣ ਕੇ ਫਿਰ ਇਸ ਦੇ ਦੋ ਹਿੱਸਿਆਂ ਨੂੰ ਗੰਦੂਈ(ਮੋਟੇ ਮੂੰਹ ਵਾਲੀ ਸੂਈ) ਨਾਲ ਸੀਤਾ ਜਾਂਦਾ ਹੈ । ਖੇਸ ਦੇ ਸਿਰਿਆਂ ਤੇ ਇਸ ਦੀ ਸੁੰਦਰਤਾ ਲਈ ਬੰਬਲ ਵੱਟੇ ਜਾਂਦੇ ਹਨ ਜੋ ਕਿ ਖੇਸ ਦਾ ਰੂਪ ਕਈ ਗੁਣਾ ਵਧਾ ਦਿੰਦੇ ਹਨ । ਬੰਬਲਾਂ ਨੂੰ ਖੇਸ ਤਿਆਰ ਕਰਨ ਤੋਂ ਬਾਅਦ ਹੀ ਛੱਡੇ ਹੋਏ ਧਾਗਿਆਂ ਨਾਲ ਵੱਟਿਆ ਜਾਂਦਾ ਹੈ । ਕਈ ਵਾਰ ਸੁਆਣੀਆਂ ਇਹਨਾਂ ਬੰਬਲਾਂ ਦੀ ਜੰਜੀਰੀ ਵੀ ਬਣਾ ਲੈਂਦੀਆਂ ਸਨ ਜੋ ਕਿ ਮਿਹਨਤ ਦੀ ਜ਼ਿਆਦਾ ਮੰਗ ਕਰਦੇ ਹਨ । ਖੇਸ ਦੇ ਮੁੱਖ ਰੰਗਾਂ ਵਿੱਚ ਸਫੈਦ,ਨੀਲਾ,ਹਰਾ ਜਾਂ ਭੂਰਾ ਡੱਬੀਦਾਰ ਰੰਗ ਹੋਇਆ ਕਰਦੇ ਸਨ । ਕਦੇ ਕਦੇ ਕੋਈ ਸੁਆਣੀ ਹੋਰ ਰੰਗਾਂ ਵਾਲਾ ਖੇਸ ਵੀ ਬਣਾ ਲਿਆ ਕਰਦੀ ਸੀ । ਖੇਸ ਬਣਾਉਣ ਦਾ ਕੰਮ ਕਾਫੀ ਬਾਰੀਕੀ ਨਾਲ ਕੀਤਾ ਜਾਣ ਵਾਲਾ ਕੰਮ ਹੈ । ਇਸ ਕੰਮ ਵਿੱਚ ਜਿੱਥੇ ਸਬਰ ਦੀ ਬੜੀ ਜ਼ਰੂਰਤ ਹੈ ਉੱਥੇ ਨਿਗ੍ਹਾ ਦਾ ਬਹੁਤ ਕੰਮ ਹੈ । ਖੇਸ ਜਿੱਥੇ ਬਿਸਤਰੇ ਦੇ ਕੰਮ ਆਉਂਦਾ ਹੈ ਉੱਥੇ ਇਹ ਸਿਆਲ ਵਿੱਚ ਬੁੱਕਲ ਮਾਰਨ ਦੇ ਕੰਮ ਵੀ ਆਉਂਦਾ ਹੈ । ਬਿਲਕੁੱਲ ਖੇਸ ਵਾਂਗ ਹੀ ਬਣਾਏ ਹੋਏ ਥੋੜਾ ਹਲਕੇ ਕੱਪੜੇ ਨੂੰ ਚਾਦਰ ਜਾਂ ਖੇਸੀ ਕਿਹਾ ਜਾਂਦਾ ਹੈ । ਇਸ ਵਿੱਚ ਫਰਕ ਸਿਰਫ਼ ਇੰਨਾ ਹੈ ਕਿ ਇਹ ਖੇਸ ਨਾਲੋਂ ਭਾਰ ਵਿੱਚ ਹਲਕੀ ਅਤੇ ਪਤਲੀ ਹੁੰਦੀ ਹੈ । ਬਾਕੀ ਬਣਤਰ ਸਾਰੀ ਇੱਕੋ ਜਿਹੀ ਹੁੰਦੀ ਹੈ । ਅੱਜ ਕੱਲ ਵਿਆਹਾਂ ਵਿੱਚ ਮਿਲਣੀ ਮੌਕੇ ਕੰਬਲ ਦਿੱਤੇ ਜਾਂਦੇ ਹਨ ਪਰ ਕਿਸੇ ਕੰਬਲਾਂ ਦੀ ਥਾਂ ਤੇ ਖੇਸ ਦਿੱਤੇ ਜਾਂਦੇ ਸਨ । ਅੱਜ ਦੇ ਸਮੇਂ ਵਿੱਚ ਨਾ ਤਾਂ ਜੁਲਾਹੇ ਖੇਸ ਬਣਾ ਕੇ ਗੁਜ਼ਾਰਾ ਕਰਦੇ ਹਨ ਤੇ ਨਾ ਹੀ ਲੋਕ ਜੁਲਾਹਿਆਂ ਨੂੰ ਖੇਸ ਬਣਾਉਣ ਲਈ ਆਖਦੇ ਹਨ। ਸਾਰਾ ਕੁਝ ਮਸ਼ੀਨੀ ਹੋਣ ਕਰਕੇ ਹਸਤ ਕਲਾ ਆਪਣਾ ਵਜੂਦ ਪੂਰੀ ਤਰਾਂ ਗੁਆ ਚੁੱਕੀ ਹੈ । ਜਿਸ ਕਾਰਨ ਇਹ ਵੀ ਹੈ ਕਿ ਹਰ ਕੋਈ ਆਪਣੇ ਗੁਜ਼ਾਰੇ ਲਈ ਇਨਾਂ ਘਰੇਲੂ ਕੰਮਾਂ ਤੇ ਨਿਰਭਰ ਰਹਿ ਕੇ ਆਪਣਾ ਪਰਿਵਾਰ ਨਹੀਂ ਪਾਲ ਸਕਦਾ। ਇਸੇ ਕਰਕੇ ਲੋਕਾਂ ਨੇ ਸਮੇਂ ਦੇ ਨਾਲ ਨਾਲ ਆਪਣੇ ਕੰਮਾਂ ਕਾਰਾਂ ਵਿੱਚ ਵੀ ਤਬਦੀਲੀ ਕਰ ਲਈ ਹੈ।