ਜਿੱਥੇ ਫੁੱਲਾਂ ਖਿੜ੍ਹਨਾਂ ਸੀ
(ਕਵਿਤਾ)
ਜਿੱਥੇ ਫੁੱਲਾਂ ਖਿੜ੍ਹਨਾਂ ਸੀ ਓਥੋਂ ਰੁੱਤਾਂ ਟੁਰ ਗਈਆਂ
ਜਿੱਥੇ ਲੋਹੜੀ ਨੇ ਜਗਣਾ ਸੀ ਓਥੇ ਕੁੱਖਾਂ ਖੁਰ ਗਈਆਂ
ਜੋ ਬਚੀਆਂ ਕੁੱਖਾਂ 'ਚੋਂ ਜਲ ਗਈਆਂ ਧੁੱਪਾਂ ਵਿਚ
ਨਿੱਕੀਆਂ 2 ਮੂਰਤੀਆਂ ਹੱਥਾਂ ਵਿਚ ਭੁਰ ਗਈਆਂ
ਜਿਹਨਾਂ ਨਦੀ ਬਣ ਵਗਣਾ ਸੀ ਸੂਰਜ ਬਣ ਜਗਣਾ ਸੀ
ਮੌਸਮ ਆਇਆ ਚੰਦਰਾ ਚਿੜ੍ਹੀਆਂ ਵੀ ਮਰ ਗਈਆਂ
ਕਿਤੇ ਅਮੜੀ ਰੋਂਦੀ ਹੈ ਹੰਝੂ ਪਲਕੋਂ ਚੋਂਦੀ ਹੈ
ਕੂੰਜ਼ਾਂ ਦੀਆਂ ਦੋ ਡਾਰਾਂ ਖਬਰੇ ਕਿੱਥੇ ਉੜ੍ਹ ਗਈਆਂ
ਜਿੱਥੇ ਝਾਂਜ਼ਰ ਨੱਚਣਾ ਸੀ ਅੰਗਿਆਰਾਂ ਤੇ ਮੱਚਣਾ ਸੀ
ਦਰ ਉੱਤੇ ਆਈਆਂ ਸੱਧਰਾਂ ਹੋਰ ਪਿੰਡ ਨੂੰ ਮੁੜ ਗਈਆਂ
ਜੱਗ ਹੋਇਆ ਵੈਰੀ ਹੈ ਨਿੱਕੀਆਂ ਜੇਈਆਂ ਕੰਜ਼ਕਾਂ ਦਾ
ਲੀਕਾਂ ਦੋ ਤਲੀਆਂ ਤੋਂ ਖਬਰੇ ਕਿੱਥੇ ਜੁੜ ਗਈਆਂ
ਜਿਹਦੀ ਲੋਹੜੀ ਵੰਡਦਾਂ ਏਂ ਇਹਨੇ ਮਾਂਪਿਓ ਵੰਡਣਾਂ ਹੈ
ਸੀ ਜਿਹਨਾਂ ਦੁੱਖ ਵੰਡਣੇ ਸੁਰਾਂ ਹੋ ਬੇਸੁਰ ਗਈਆਂ