ਉਹ ਬੜਾ ਜਵਾਨ ਤੇ ਹੱਸਮੁੱਖ ਸੁਭਾਅ ਦਾ ਮਾਲਕ ਸੀ । ਹਰ ਸਮੇਂ ਖੁੱਸ਼ ਰਹਿਣਾ ਤਾਂ ਜਿਵੇਂ ਉਹਦੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਸੀ । ਠਹਾਕਾ ਮਾਰ ਕੇ ਜਦੋਂ ਉਹ ਹੱਸਦਾ ਹੁੰਦਾ ਸੀ ਤਾਂ ਹਵਾ ਵਿੱਚ ਕਿਸੇ ਪ੍ਰਕਾਰ ਦਾ ਰਸ ਜਿਹਾ ਮਿਲ ਗਿਆ ਮਹਿਸੂਸ ਹੋਣ ਲੱਗ ਪੈਂਦਾ ਸੀ । ਉਹਦਾ ਨਾਂ ਖੇੜਾ ਸ਼ਾਇਦ ਘਰ ਦਿਆਂ ਨੇ ਬੜਾ ਸੋਚ ਕੇ ਰੱਖਿਆ ਸੀ, ਜੋ ਕਿ ਉਹਦੇ ਸੁਭਾਅ ਤੇ ਪੂਰਾ ਢੁੱਕਦਾ ਸੀ । ਉਹ ਘਰੋਂ ਬਹੁਤਾ ਸਰਦਾ ਨਹੀਂ ਸੀ ਪਰ ਫਿਰ ਵੀ ਵਧੀਆ ਤਰੀਕੇ ਦੀ ਭਲਵਾਨੀ ਕਰਦਾ ਸੀ । ਉਹਦੀ ਮਾਂ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਸੀ ਛੋਟਾ ਭਰਾ ਵੀ ਦਿਹਾੜੀ ਆਦਿ ਦਾ ਕੰਮ ਕਰਦਾ ਸੀ । ਉਹ ਆਪ ਵੀ ਕੁਝ ਇਸ ਤਰਾ ਦਾ ਹੀ ਕੰਮ ਕਰਦਾ ਸੀ ਜਾਂ ਫਿਰ ਪਸ਼ੂਆਂ ਲਈ ਪੱਠੇ ਡੱਕੇ ਆਦਿ ਦਾ ਬੰਦੋਬਸਤ ਕਰਨਾ ਉਸਦਾ ਕੰਮ ਸੀ । ਨੇੜੇ ਤੇੜੇ ਦੇ ਸਾਰੇ ਮੇਲਿਆਂ ਤੇ ਛਿੰਝਾਂ ਤੇ ਉਹਦੀ ਝੰਡੀ ਹੁੰਦੀ ਸੀ । ਮੈਂ ਉਹਨੂੰ ਬਹੁਤ ਵਾਰੀ ਘੁਲਦੇ ਨੂੰ ਦੇਖਿਆ ਸੀ ਜਦੋਂ ਉਹਨੇ ਆਪਣੇ ਵਿਰੋਧੀ ਨੂੰ ਢਾਹ ਕੇ ਅਖਾੜੇ ਦਾ ਗੇੜਾ ਲਾਉਣਾ ਤਾਂ ਉਹਦੇ ਮਿੱਟੀ ਨਾਲ ਲਿਬੜੇ ਪਿੰਡੇ ਵਿੱਚੋਂ ਮੁੜਕਾ ਚੋ ਚੋ ਕੇ ਉਹਦੇ ਮਿਹਨਤ ਨਾਲ ਕਮਾਏ ਸਰੀਰ ਦੇ ਮਸਲ ਬਹੁਤ ਸੋਹਣੇ ਲੱਗਦੇ ਹੁੰਦੇ ਸੀ ਤੇ ਉਹਨੇ ਲਿਭੜੇ ਹੱਥਾਂ ਵਿੱਚ ਹੀ ਮਿਲਣ ਵਾਲੇ ਇੱਕ ਇੱਕ ਦੋ ਦੋ ਅਤੇ ਪੰਜਾਂ ਪੰਜਾਂ ਦੇ ਨੋਟਾਂ ਨੂੰ ਗੁੱਛੂੰ ਮੁੱਛੂੰ ਕਰਕੇ ਫੜੀ ਜਾਣਾ । ਘੁਲਦੇ ਸਮੇਂ ਵੀ ਉਹਨੇ ਹਸੂੰ ਹਸੂੰ ਕਰਨਾ ਤੇ ਜੇ ਕਿਤੇ ਢਹਿ ਵੀ ਜਾਣਾ ਤਾਂ ਆਪਣੇ ਵਿਰੋਧੀ ਨੂੰ ਬੜੇ ਖਿੜੇ ਮੱਥੇ ਗਲਵੱਕੜੀ ਪਾਕੇ ਵਿਦਾਈ ਦਿੰਂਦਾ ਸੀ । ਇੱਕ ਮੇਲੇ ਵਿੱਚ ਮਿੱਟੀ ਦੀ ਭਰੀ ਹੋਈ ਬੋਰੀ ਚੁੱਕਣ ਵਾਲਾ ਵੀ ਆਇਆ ਹੋਇਆ ਸੀ ਜਦੋਂ ਉਸ ਬੋਰੀ ਚੁੱਕਣ ਵਾਲੇ ਨੇ ਬੋਰੀ ਚੁੱਕ ਕੇ ਦਿਖਾ ਦਿੱਤੀ ਤਾਂ ਉਸ ਤੋਂ ਬਾਅਦ ਜਾਕੇ ਉਹਨੇ ਬੋਰੀ ਨੂੰ ਜਾ ਹੱਥ ਪਾਇਆ ਮੈਨੂੰ ਚੰਗੀ ਤਰਾਂ ਯਾਦ ਹੈ ਕਿ ਜਦੋਂ ਉਹਨੇ ਬੋਰੀ ਨੂੰ ਆਪਣੀ ਪਿੱਠ ਤੇ ਰੱਖ ਕੇ ਉਠਣਾ ਚਾਹਿਆ ਤਾਂ ਉਹਦੇ ਕੋਲੋਂ ਅੁੱਠ ਨਾ ਹੋਇਆ ਕਿਅੁਂਕਿ ਬੋਰੀ ਚੁੱਕਣਾ ਵੀ ਇੱਕ ਕਲਾ ਹੈ ਬੇਸ਼ੱਕ ਜੋਰ ਜਿੰਨਾ ਮਰਜ਼ ਿਹੋਵੇ ਪਰ ਤਜ਼ਰਬੇ ਅਤੇ ਹੁਨਰ ਦੇ ਬਗੈਰ ਬੋਰੀ ਚੁੱਕਣਾ ਬਹੁਤ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੈ । ਸੋ ਉਹਦੇ ਕੋਲੋਂ ਜਦੋਂ ਬੋਰੀ ਨਾ ਚੁੱਕ ਹੋਈ ਉਹਨੇ ਬੋਰੀ ਛੱਡ ਕੇ ਬੋਰੀ ਚੁੱਕਣ ਵਾਲੇ ਦੇ ਜਾ ਕੇ ਗੋਡੀਂ ਹੱਥ ਲਾਕੇ ਆਪਣੇ ਮੋਢਿਆਂ ਤੇ ਚੁੱਕ ਲਿਆ ਤੇ ਫਿਰ ਸਾਰੇ ਅਖਾੜੇ ਦਾ ਗੇੜਾ ਦੇ ਕੇ ਉਸ ਬੋਰੀ ਚੁੱਕਣ ਵਾਲੇ ਦੀ ਪੈਸਿਆਂ ਦੀ ਉਗਰਾਹੀ ਕਰਵਾਈ ਸੀ ਆਪ ਵੀ ਜਿੰਨੇ ਪੈਸੇ ਉਹਨੂੰ ਉਸ ਦਿਨ ਘੁਲਣ ਦੇ ਹੋਏ ਸਨ ਉਹ ਵੀ ਬੋਰੀ ਚੁੱਕਣ ਵਾਲੇ ਨੂੰ ਦੇ ਦਿੱਤੇ ਸਨ । ਗੱਲ ਕੀ ਉਹ ਗਰੀਬ ਹੋਣ ਕਰਕੇ ਵੀ ਦਿਲ ਦਾ ਬਹੁਤ ਸ਼ਾਹ ਬੰਦਾ ਸੀ ਤੇ ਹਰ ਖਿਡਾਰੀ, ਪਹਿਲਵਾਨ ਜਾਂ ਕਿਸੇ ਵੀ ਹੋਰ ਕਰਤੱਬ ਦਿਖਾਉਣ ਵਾਲੇ ਦੀ ਦਿਲੋਂ ਕਦਰ ਕਰਦਾ ਸੀ ।
ਉਹਨੇ ਸਵੇਰ ਨੂੰ ਆਪਣੀ ਮਿਹਨਤ ਕਰਨ ਤੋਂ ਬਾਅਦ ਸਕੂਲ ਦੀ ਅੱਧੀ ਛੁੱਟੀ ਦੇ ਸਮੇਂ ਸਕੂਲ ਦੇ ਗੇਟ ਮੂਹਰੇ ਆ ਖੜਨਾ ਤਾਂ ਕਿ ਦੁਪਿਹਰ ਨੂੰ ਸਕੂਲੀ ਬੱਚਿਆਂ ਨੂੰ ਵਾਲੀਬਾਲ ਖੇਡਦੇ ਦੇਖ ਸਕੇ । ਉਹ ਵਾਲੀਬਾਲ ਦੇਖਣ ਦਾ ਬਹੁਤ ਸੁ਼ਕੀਨ ਸੀ ਤੇ ਉਹ ਆਪਣੇ ਪਿੰਡ ਦੀ ਟੀਮ ਦੇ ਨਾਲ ਸਦਾ ਈ ਮੈਚ ਦੇਖਣ ਜਾਂਦਾ ਹੁੰਦਾ ਸੀ ਤੇ ਆਪਣੇ ਪਿੰਡ ਦੀ ਕਬੱਡੀ ਅਤੇ ਵਾਲੀਬਾਲ ਦੀ ਟੀਮ ਦਾ ਹੌਂਸਲਾ ਵਧਾਉਣ ਲਈ ਕਈ ਤਰਾਂ ਦੇ ਕਰਤੱਬ ਕਰਦਾ ਹੁੰਦਾ ਸੀ । ਜੇ ਉਹਦੇ ਪਿੰਡ ਦੀ ਟੀਮ ਵਾਲੀਬਾਲ ਖੇਡਦੀ ਹੁੰਦੀ ਸੀ ਤਾਂ ਉਸ ਨੇ ਦੂਸਰੇ ਪਾਸੇ ਦੇ ਖਿਡਾਰੀਆਂ ਦਾ ਧਿਆਨ ਪਾਸੇ ਕਰਨ ਲਈ ਤਰਾਂ ਤਰਾਂ ਦੇ ਸ਼ੁਗਲ ਕਰਨੇ ਤੇ ਆਪਣੇ ਪਿੰਡ ਦੀ ਟੀਮ ਨੂੰ ਜਿੱਤਣ ਲਈ ਰਸਤਾ ਆਸਾਨ ਕਰ ਦੇਣਾ । ਉਹਨੇ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਸੀ ਆਖਿਆ ਜੇ ਕਰ ਕੋਈ ਸਿਆਣਾ ਬੰਦਾ ਹੈ ਤਾਂ ਉਸਨੇ ਕਦੇ ਤਾਇਆ ਜੀ ਜਾਂ ਚਾਚਾ ਜੀ ਕਹਿਣ ਤੋਂ ਬਿਨਾ ਬੁਲਾਇਆ ਨਹੀਂ ਸੀ । ਮੈਂ ਕਈ ਵਾਰ ਦੇਖਿਆ ਕਿ ਖੂਹ ਤੋਂ ਦੁੱਧ ਚੋ ਕੇ ਆਉਂਦੀਆਂ ਕਈ ਵੱਡੀ ਉਮਰ ਦੀਆਂ ਸੁਆਣੀਆਂ ਨੇ ਉਹਨੂੰ ਕੱਚੇ ਦੁੱਧ ਦਾ ਡੋਲੂ ਫੜਾ ਕੇ ਕਹਿਣਾ ਲੈ ਪੁੱਤ ਆਹ ਤੂੰ ਪੀ ਲੈ ਪਰ ਘੁਲਦੇ ਸਮੇਂ ਢਾਹ ਕੇ ਆਈਂ । ਉਹ ਪਿੰਡ ਦੀ ਸੁਆਣੀਆਂ ਦੀ ਬੜੀ ਇਜ਼ਤ ਕਰਦਾ ਸੀ । ਕਿਸੇ ਘਰ ਵੀ ਚਲੇ ਜਾਵੇ ਕਦੇ ਵੀ ਕਿਸੇ ਨੇ ਮੱਥੇ ਵੱਟ ਨਹੀਂ ਪਾਇਆ ਸੀ । ਇੱਕ ਤਰਾਂ ਨਾਲ ਉਹਨੂੰ ਸਾਰੇ ਆਪਣੇ ਪਿੰਡ ਦਾ ਮਾਣ ਸਮਝਦੇ ਸੀ । ਇੱਕ ਵਾਰ ਦੀ ਗੱਲ ਹੈ ਕਿ ਜੋ ਮੈਨੂੰ ਚੰਗੀ ਤਰਾਂ ਯਾਦ ਹੈ ਕਿ ਉਹਦੇ ਨਾਲ ਕਿਸੇ ਸ਼ਰਤ ਲਾ ਲਈ ਕਿ ਤੂੰ ਇੱਕ ਪਾਈਆ ਦੇਸੀ ਘਿਉ ਨਹੀਂ ਪੀ ਸਕਦਾ । ਉਹ ਕਹਿਣ ਲੱਗਾ ਕਿ ਮੈਂ ਅੱਧਾ ਕਿਲੋ ਘਿਉ ਪੀਵਾਂਗਾ । ਸ਼ਰਤ ਲਾਉਣ ਵਾਲਾ ਆਪਣੇ ਘਰੋਂ ਪੁਰਾਣਾ ਪਿੱਤਲ ਦਾ ਗਾਨੀ ਵਾਲਾ ਗਲਾਸ ਦੇਸੀ ਘਿਉ ਦਾ ਭਰ ਕੇ ਲੈ ਆਇਆ ਤੇ ਕਹਿਣ ਲੱਗਾ ਮੇਰੇ ਘਰ ਵਾਲੀ ਘਿਉ ਦੇਣ ਤੋਂ ਇਨਕਾਰੀ ਸੀ ਪਰ ਮੈਂ ਲੈ ਆਇਆ ਹਾਂ ਹੁਣ ਤੂੰ ਆਪਣੀ ਸ਼ਰਤ ਪੂਰੀ ਕਰ ਜਾਂ ਫਿਰ ਮੇਰੇ ਸਾਹਮਣੇ ਹਾਰ ਮੰਨ । ਉਹਨੇ ਗਲਾਸ ਫੜਿਆ ਤੇ ਇੱਕੋ ਡੀਕ ਲਾ ਕੇ ਘਿਉ ਦਾ ਸਾਰਾ ਗਲਾਸ ਪੀ ਗਿਆ । ਸ਼ਰਤ ਲਾਉਣ ਵਾਲਾ ਤੇ ਬਾਕੀ ਸਾਰੇ ਦੇਖਣ ਵਾਲੇ ਹੈਰਾਨ ਰਹਿ ਗਏ ਕਿ ਇਹ ਕੀ ? ਸ਼ਰਤ ਹਾਰਨ ਵਾਲਾ ਆਪਣੀ ਜੇਬ ਢਿੱਲੀ ਕਰਨ ਲੱਗਾ ਤਾਂ ਉਹ ਬੋਲਿਆ ਚਾਚਾ ਰਹਿਣ ਦੇ ਮੈਂ ਪੈਸਾ ਕੋਈ ਨੀ ਲੈਣਾ ਤੇਰਾ ਘਿਉ ਹੀ ਮੇਰੇ ਲਈ ਬਹੁਤ ਹੈ । ਫਿਰ ਉਸਨੇ ਆਪਣੇ ਮੋਢੇ ਵਾਲੇ ਸਾਫ਼ੇ ਨੂੰ ਝਾੜ ਕੇ ਪਾਸੇ ਰੱਖਦੇ ਹੋਏ ਦੋ ਇੱਟਾਂ ਨੂੰ ਸਿੱਧਿਆਂ ਕਰਕੇ ਡੰਡ ਮਾਰਨੇ ਸੁ਼ਰੂ ਕਰ ਦਿੱਤੇ । ਉਹ ਡੰਡ ਮਾਰੀ ਜਾਂਦਾ ਸੀ ਤੇ ਸ਼ਰਤ ਹਾਰਨ ਵਾਲਾ ਗਿਣੀ ਜਾਂਦਾ ਸੀ । ਦੱਸਦੇ ਸੀ ਉਸ ਦਿਨ ਉਹਨੇ ਪੂਰਾ 1050 ਡੰਡ ਮਾਰਿਆ ਸੀ ਉਹ ਵੀ ਇੱਕੋ ਵਾਰ ਨਾ ਕੇ ਹੱਟ ਹੱਟ ਕੇ । ਸਾਰੇ ਪਿੰਡ ਵਿੱਚ ਉਹਦੀ ਇਸ ਗੱਲ ਦਾ ਚਰਚਾ ਸੀ । ਪਰ ਉਹਦੇ ਤੇ ਇਸ ਦਾ ਕੋਈ ਵੀ ਅਸਰ ਨਹੀਂ ਸੀ ਪਹਿਲਾਂ ਵਾਂਗ ਹੀ ਸਾਰਿਆਂ ਨਾਲ ਹੱਸਦਾ ਖੇਡਦਾ ਸੀ । ਜਦੋਂ ਕਿਸੇ ਨੇ ਟਿੱਚਰ ਕਰਕੇ ਕਹਿਣਾ ਕਿ ਘਿਉ ਪੀਣਾ ਆ ਗਿਆ ਤਾਂ ਉਹਨੇ ਹੱਸ ਕੇ ਕਹਿਣਾ ਲਿਆ ਤੂੰ ਵੀ ਕੱਢ ਜਿਗਰਾ ਤੇ ਲਿਆ ਘਰੋਂ ਘਿਉ ਦਾ ਗਲਾਸ ਤੇ ਪੀਕੇ ਮੈਂ ਦਿਖਾਊਂ , ਤਾਂ ਅਗਲੇ ਨੇ ਝੂਠਾ ਜਿਹਾ ਹੋ ਕੇ ਪਿੱਛੇ ਹੋ ਜਾਣਾ । ਉਹਦੀ ਤੋਰ ਵੀ ਬੜੀ ਨਿਰਾਲੀ ਸੀ ਦੂਰੋਂ ਹੀ ਪਛਾਣਿਆ ਜਾਂਦਾ ਸੀ ਕਿ ਉਹ ਆ ਰਿਹਾ । ਉਹ ਨੀਵੀਂ ਪਾਕੇ ਤੇ ਬਾਹਾਂ ਮਾਰ ਮਾਰ ਕੇ ਤੁਰਦਾ ਹੁੰਦਾ ਸੀ । ਬੈਠਕਾਂ ਮਾਰ ਮਾਰ ਕੇ ਉਹਨੇ ਆਪਣੀਆਂ ਲੱਤਾਂ ਇੱਕ ਹਿਸਾਬ ਨਾਲ ਵਿੰਗੀਆਂ ਕਰ ਲਈਆਂ ਸੀ ਜਿਸ ਕਰਕੇ ਉਹਦੀਆਂ ਲੱਤਾਂ ਵਿੱਚ ਕਾਫੀ ਵਿਹਲ ਹੁੰਦਾ ਸੀ । ਖੱਦਰ ਦਾ ਕੁੜਤਾ ਪਜ਼ਾਮਾ ਉਹਦੀ ਜਿਵੇਂ ਮਨ ਭਾਅੁਂਦੀ ਪੁਸ਼ਾਕ ਸੀ ਜਾਂ ਫਿਰ ਘਰ ਦੀ ਹਾਲਤ ਕਰਕੇ ਮਹਿੰਗੇ ਕੱਪੜੇ ਲੈਣ ਦੀ ਹਿੰਮਤ ਨਹੀਂ ਸੀ । ਪਰ ਉਹ ਆਪਣੇ ਮੋਢੇ ਵਾਲਾ ਪਰਨਾ ਕਦੇ ਵੀ ਨਾ ਛੱਡਦਾ ਖੌਰੇ ਉਹਦਾ ਪਰਨੇ ਨਾਲ ਕੋਈ ਮੋਹ ਸੀ ਇਹ ਉਹੀ ਜਾਣਦਾ ਸੀ । ਇੱਕ ਵਾਰ ਪਿੰਡ ਦੇ ਕਿਸੇ ਬੰਦੇ ਨੇ ਉਹਨੂੰ ਟਿੱਚਰ ਕਰ ਦਿੱਤੀ ਕਿ ਆਜਾ ਮੇਰੇ ਨਾਲ ਘੁੱਲ ਲੈ ਤਾਂ ਉਹ ਕਹਿਣ ਲੱਗਾ ਚਾਚਾ ਤੂੰ ਮੇਰੇ ਪਿਉ ਦੇ ਹਾਣ ਦਾ ਤੇ ਮੈਂ ਤੇਰੇ ਨਾਲ ਕਦੇ ਵੀ ਘੁਲ ਨੀ ਸਕਦਾ ਪਰ ਆਵਦੇ ਦੋਹਾਂ ਮੁਡਿਆਂ ਵਿੱਚੋਂ ਜਿਹੜਾ ਮਰਜ਼ੀ ਕੱਢ ਦੇ ਮੈਂ ਤਿਆਰ ਹਾਂ । ਇਸ ਗੱਲ ਤੋਂ ਇਹ ਪਤਾ ਲੱਗਦਾ ਹੈ ਕਿ ਉਹਨੂੰ ਚੈਲੰਜ ਕਰਨ ਵਾਲੇ ਦੀ ਵੀ ਉਹ ਇਜ਼ਤ ਕਰਦਾ ਸੀ । ਕਈ ਵਾਰ ਦੇਖਿਆ ਉਹਨੇ ਸਕੂਲ ਆ ਜਾਣਾ ਤਾਂ ਵਾਰੀ ਵਾਰੀ ਮਾਸਟਰਾਂ ਨਾਲ ਗੱਲਾਂ ਕਰਨੀਆਂ ਤੇ ਇਸੇ ਤਰਾਂ ਗੱਲਾਂ ਕਰਦਿਆਂ ਕਰਦਿਆਂ ਦੋ ਤਿੰਨ ਘੰਟੇ ਲੰਘਾ ਦੇਣੇ । ਪਰ ਉਹ ਮਾਸਟਰਾਂ ਦੇ ਕਹਿਣ ਤੇ ਵੀ ਕਦੇ ਕੁਰਸੀ ਤੇ ਨਹੀਂ ਬੈਠਦਾ ਹੁੰਦਾ ਸੀ ਬੱਸ ਖੜੇ ਨੇ ਗੱਲਾਂ ਕਰੀ ਜਾਣੀਆਂ ਤੇ ਮਾਸਟਰਾਂ ਨੂੰ ਤੇ ਵਿਦਿਆਰਥੀਆਂ ਨੂੰ ਹਸਾਈ ਜਾਣਾ । ਜਦੋਂ ਕਦੇ ਸਾਨੂੰ ਕਿਸੇ ਮਾਸਟਰ ਤੋਂ ਕੁੱਟ ਪੈਣ ਦਾ ਡਰ ਹੋਣਾ ਤਾਂ ਅਸੀਂ ਅਰਦਾਸਾਂ ਕਰਨੀਆਂ ਕਿ ਅੱਜ ਉਹ ਜਾਵੇ ਤਾਂ ਜੋ ਮਾਸਟਰ ਉਹਦੇ ਨਾਲ ਗੱਲੀ ਰੁੱਝ ਜਾਵੇ ਸਾਡੀ ਜਾਨ ਬਚ ਜਾਵੇ ਪਰ ਜਦੋਂ ਸਾਨੂੰ ਲੋੜ ਹੋਣੀ ਉਹਨੇ ਬਾਹਰ ਗੇਟ ਕੋਲ ਹੀ ਗੇੜੇ ਕੱਢੀ ਜਾਣੇ ਉਸ ਦਿਨ ਸਕੂਲ ਅੰਦਰ ਆਉਣ ਦੀ ਗਲਤੀ ਨਾ ਕਰਨੀ ਤੇ ਅਸੀਂ ਨਾਲੇ ਮਾਸਟਰ ਤੋਂ ਕੁੱਟ ਖਾਣੀ ਨਾਲੇ ਬਾਹਰ ਨੂੰ ਝਾਕੀ ਜਾਣਾ ਕਿ ਹੁਣ ਵੀ ਆਇਆ ਹੁਣ ਵੀ ਆਇਆ । ਇਸੇ ਤਰਾਂ ਦਿਨ ਲੰਘਦੇ ਰਹੇ ਤੇ ਅਸੀਂ ਨਿੱਤ ਵਾਂਗ ਸਕੂਲ ਜਾਣਾ ਤੇ ਉਹਨੇ ਸਕੂਲ ਦੇ ਆਸ ਪਾਸ ਜਾਂ ਕਦੇ ਗਰਾਂਊਂਡ ਵਿੱਚ ਤੇ ਕਦੇ ਕਦੇ ਬਜ਼ੁਰਗਾਂ ਨਾਲ ਸੱਥ ਵਿੱਚ ਖੜੇ ਗੱਪ ਸ਼ੱਪ ਮਾਰਦੇ ਨਜ਼ਰੀਂ ਆਉਣਾ । ਉਹ ਕਿਸੇ ਵੀ ਛਿੰਝ ਜਾਂ ਮੇਲੇ ਨੂੰ ਨਹੀਂ ਸੀ ਛੱਡਦਾ ਹੁੰਦਾ ਇਹ ਉਹਦਾ ਇਕ ਤਰਾਂ ਨਾਲ ਨੇਮ ਸੀ । ਜਦੋਂ ਮੈਂ ਅਜੇ ਅੱਠਵੀਂ 'ਚ ਪੜਦਾ ਸੀ ਤਾਂ ਇੱਕ ਦਿਨ ਸਵੇਰ ਨੂੰ ਜਦੋਂ ਅਸੀਂ ਸਕੂਲ ਜਾ ਰਹੇ ਸੀ ਤਾਂ ਸਾਰੇ ਪਿੰਡ ਵਿੱਚ ਉਸਦੇ ਮਰਨ ਦੀ ਖਬਰ ਫੈਲੀ ਹੋਈ ਸੀ । ਪਰ ਉਹਦੀ ਮੌਤ ਕਿਸ ਤਰਾਂ ਹੋਈ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਸੀ ਪਤਾ । ਕਿਅੁਂਕਿ ਕਿਸੇ ਨੇ ਰਾਤ ਨੂੰ ਮਾਰਕੇ ਉਹਦੀ ਲਾਸ਼ ਪਿੰਡ ਦੀ ਫਿਰਨੀ ਵਿੱਚ ਸੁੱਟ ਦਿੱਤੀ ਸੀ । ਉਸਦੇ ਸਰੀਰ ਤੇ ਕਿਤੇ ਵੀ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ ਪਰ ਉਹਦੀਆਂ ਅੱਖਾਂ ਅੰਦਰ ਨੂੰ ਧੱਸੀਆਂ ਹੋਈਆਂ ਸਨ , ਪਰ ਚਿਹਰਾ ਫਿਰ ਵੀ ਦਗ ਦਗ ਕਰਦਾ ਸੀ । ਉਹਦੀ ਮਾਂ ਆਪਣੇ ਪੁੱਤ ਦੀ ਮੌਤ ਦੇ ਸਦਮੇ ਕਾਰਨ ਵਾਰ ਵਾਰ ਬੇਹੋਸ਼ ਹੋ ਰਹੀ ਸੀ । ਸਾਰੇ ਪਿੰਡ ਦੇ ਲੋਕਾਂ ਦੇ ਚਿਹਰੇ ਬੁਝੇ ਹੋਏ ਸਨ ਅਤੇ ਇੱਕ ਅਜੀਬ ਕਿਸਮ ਦੀ ਚੁੱਪ ਨੇ ਸਾਰਿਆਂ ਦੇ ਬੁੱਲ ਸੀਤੇ ਪਏ ਸਨ । ਪਿੰਡ ਵਿੱਚ ਉਹਦੇ ਮਰਨ ਦਾ ਬਹੁਤ ਸੋਗ ਸੀ । ਫਿਰ ਕੁਝ ਸਮੇਂ ਬਾਅਦ ਪੁਲਿਸ ਆ ਗਈ ਲੋਕ ਥੋੜਾ ਪਿੱਛੇ ਹੱਟ ਗਏ । ਥਾਣੇਦਾਰ ਨੇ ਰਸਮੀ ਪੁਛਗਿੱਛ ਕਰਕੇ ਲਾਸ਼ ਆਪਣੇ ਕਬਜ਼ੇ 'ਚ ਲੈ ਲਈ ਤੇ ਅਸੀਂ ਫਿਰ ਸਕੂਲ ਆ ਗਏ । ਪਰ ਮੈਨੂੰ ਸਕੂਲ ਦਾ ਮਾਹੌਲ ਵੀ ਬੜਾ ਸੁੰਨਾ ਸੁੰਨਾ ਤੇ ਉਜੜਿਆ ਉਜੜਿਆ ਲੱਗ ਰਿਹਾ ਸੀ ਤੇ ਸਾਰੇ ਮਾਸਟਰ ਵੀ ਉਸ ਬਾਰੇ ਗੱਲਾਂ ਕਰ ਰਹੇ ਸਨ । ਪਰ ਉਹ ਇਸ ਫਾਨੀ ਸੰਸਾਰ ਤੋਂ ਜਾ ਚੁੱਕਾ ਸੀ ਜਾਂ ਭੇਜਿਆ ਜਾ ਚੁੱਕਾ ਸੀ । ਮੈਂ ਜਦੋਂ ਵੀ ਕਿਸੇ ਆਪਣੇ ਇਲਾਕੇ ਦੇ ਮੇਲੇ ਜਾਂ ਛਿੰਝ ਤੇ ਜਾਣਾ ਤਾਂ ਮੇਰੀਆਂ ਅੱਖਾਂ ਨੇ ਇੱਕ ਅਜੀਬ ਜਿਹੀ ਭਾਲ ਕਰਦੇ ਰਹਿਣਾ ਪਰ ਸਿਵਾਏ ਨਿਰਾਸ਼ਾ ਦੇ ਕੁਝ ਵੀ ਪੱਲੇ ਨਾ ਪੈਣਾ ਕਿਉਂਕਿ ਉਹ ਹੁਣ ਮੇਲਿਆਂ ਛਿੰਝਾਂ ਆਦਿ ਤੋਂ ਬਹੁਤ ਦੂਰ ਜਾ ਚੁੱਕਾ ਸੀ ।