ਉਡ ਵੇ ਕਾਵਾਂ (ਕਵਿਤਾ)

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ



ਵਹਿੰਦੇ  ਪਾਣੀ ਨਾਲ ਕਾਹਦੀ ਯਾਰੀ ,
ਅਜ ਇੱਥੇ  ਕੱਲ ਉੱਥੇ
ਮਾਰੂਥਲ  ਵਿਚ ਪਾਣੀ ਦਿਸਦਾ ,
ਸਭ  ਨਜ਼ਰਾਂ ਦੇ ਧੋੱਖੇ ।

ਉਡ  ਵੇ ਕਾਵਾਂ  ਕਾਹਨੂੰ  ਬੋਲੇਂ
ਚੂਰੀ ਨਾ ਤੈਨੂੰ  ਪਾਵਾਂ,
ਖੁਸ਼ਬੋਆਂ  ਦੇ ਲਡ਼  ਮੈਂ ਲੱਗੀ
ਨਾ ਰਹਿਣ  ਕਿਸੇ ਦੀਆਂ  ਹੋਕੇ ।

ਟੁਟਦਾ ਤਾਰਾ ਕਿੱਥੇ  ਜਾਵੇ 
ਕੀ ਲਭਣਾ  ਕੀ ਪਾਉਣਾ ,
ਮਿਰਗ  ਤ੍ਰਿਸ਼ਨਾ ਨਾ ਬੰਦਨ ਜਾਣੇ 
ਕੋਈ ਸੀਮਾ ਨਾ ਰੋਕੇ ।

ਨੀਲਾ ਗਗਨ  ਨਜ਼ਰ - ਭੁਲੇਖਾ 
ਫਡ਼ਿਆਂ ਹੱਥ ਨਾ  ਆਵੇ ,
ਪਰਛਾਈਆਂ  ਦੇ ਪਿੱਛੇ  ਦੌਡ਼ਨਾਂ
ਕੀ ਪਾਉਣਾ  ਸਭ  ਕੁਝ ਖੋਕੇ ।

ਰੁੱਤ  ਬਦਲੀ  ਤੇ ਪੰਛੀ ਉੱਡ  ਗਏ
ਦੂਰ ਦੇਸ਼ਾਂ  ਵਿਚ ਜਾਣਾ ,
ਕਿੰਨੇ ਭਟਕੇ ਕਈਂ ਗਵਾਚੇ 
ਕੌਣ ਉਹਨਾਂ ਲਈ ਸੋਚੇ ।

ਪੱਲੂ ਦੇ ਵਿਚ ਯਾਦਾਂ ਬੰਨਕੇ 
ਦਾਗਾਂ ਤੋਂ ਕਿੰਝ  ਬਚਣਾ ,
ਪੱਕੇ ਰੰਗ ਦੇ ਦਾਗ ਨਹੀਂ ਜਾਂਦੇ 
ਲੱਖ ਤੱਕਿਆ  ਪੱਲੂ ਧੋਕੇ