ਮਰਦ ਅਗੰਮੜਾ (ਲੇਖ )

ਦਲਵੀਰ ਸਿੰਘ ਲੁਧਿਆਣਵੀ   

Email: dalvirsinghludhianvi@yahoo.com
Cell: +91 94170 01983
Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
ਲੁਧਿਆਣਾ India 141013
ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਕਾਲਿਫ ਲਿਖਦਾ ਹੈ, "ਗੁਰੂ ਜੀ ਦੀ ਜਾਦੂਈ ਸ਼ਕਤੀ ਸੀ, ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ"। ਬਿੰਦ ਸਿੰਘ ਨੇ ਆਪਣਾ ਸਾਰਾ ਪਰਿਵਾਰ ਕੌਮ ਅਤੇ ਦੇਸ਼ ਤੋਂ ਕੁਰਬਾਨ ਕਰ ਦਿੱਤਾ, ਤਾਹੀਓਂ ਗੁਰੂ ਜੀ ਨੂੰ 'ਸਰਬੰਸਦਾਨੀ ਪਿਤਾ' ਕਿਹਾ ਜਾਂਦਾ ਹੈ। ਸੱਚ ਅਤੇ ਧਰਮ ਦੀ ਰਾਖੀ ਕਰਦੇ ਹੋਏ ਉਨ੍ਹਾਂ ਨੇ ਵੈਰੀਆਂ ਦੀ ਜੜ੍ਹ ਉਖੇੜ ਦਿੱਤੀ। ਭਾਰਤ ਦੀ ਸੁੱਤੀ ਹੋਈ ਕੌਮ ਨੂੰ ਹਲੂਣਿਆ ਅਤੇ ਉਸ ਦੀਆਂ ਰਗਾਂ ਵਿੱਚ ਇੱਕ ਐਸਾ ਟੀਕਾ ਲਗਾਇਆ ਕਿ ਉਹ ਦੁਸ਼ਮਣ ਨਾਲ ਟੱਕਰ ਲੈਣ ਲਈ ਮੁੜ ਸੁਰਜੀਤ ਹੋ ਗਈ। ਉਹ ਇੱਕ ਮਹਾਨ ਕਵੀ, ਸੂਝਵਾਨ ਆਗੂ, ਦੁਖੀਆਂ ਦੇ ਦੁੱਖ ਹਰਨ ਵਾਲੇ ਬਹਾਦਰ ਜਰਨੈਲ ਅਤੇ 'ਖ਼ਾਲਸਾ ਪੰਥ ਦੇ ਸਿਰਜਣਹਾਰ' ਹੋਏ ਹਨ। ਸ਼ਾਇਦ ਹੀ ਕੋਈ ਐਸਾ ਮਨੁੱਖ ਹੋਇਆ ਹੋਵੇਗਾ ਜਿਸ ਨੇ ਏਡੀਆਂ ਵੱਡੀਆਂ ਵੰਗਾਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਹੋਵੇ, ਤਾਹੀਓਂ ਗੁਰੂ ਜੀ ਨੂੰ 'ਮਰਦ ਅਗੰਮੜਾ' ਕਹਿੰਦੇ ਹਨ। ਗੁਰੂ ਜੀ ਦੇ ਦਰਬਾਰੀ ਤੇ ਸਮਕਾਲੀ ਕਵੀ ਭਾਈ ਗੁਰਦਾਸ ਜੀ 'ਵਾਰਾਂ' ਵਿੱਚ ਪੰਨਾ ੪੪੨ 'ਤੇ ਲਿਖਦੇ ਹਨ:
 ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ।
ਵਾਹ  ਵਾਹ   ਗੋਬਿੰਦ   ਸਿੰਘ  ਆਪੇ  ਗੁਰੁ  ਚੇਲਾ।  
ਇੱਕ ਮੋਈ ਹੋਈ ਕੌਮ ਨੂੰ ਅੰਮ੍ਰਿਤ ਪਿਲਾ ਕੇ ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ। ਇਹ ਗੱਲ ਉਦੋਂ ਦੀ ਹੈ ਜਦੋਂ ਗੁਰੂ ਜੀ ਖ਼ਾਲਸਾ ਪੰਥ ਦੀ ਫ਼ੌਜ਼ ਤਿਆਰ ਕਰ ਰਹੇ ਸਨ ਤਾਂ ਪਹਾੜੀ ਰਾਜਿਆਂ ਨੇ ਇਸ ਗ਼ਰੀਬੜੇ ਜਿਹੇ ਟੋਲੇ ਨੂੰ ਦੇਖ ਕਿ ਤਾਨ੍ਹਾ ਮਾਰਿਆ ਸੀ ਕਿ ਇਨ੍ਹਾਂ ਚਿੜੀਆਂ ਤੋਂ ਤੁਸੀਂ ਦੇਸ਼ ਦੀ ਰਾਖੀ ਕਰਵਾਉਂਗੇ, ਇਨ੍ਹਾਂ ਬਿੱਲੀਆਂ ਕੋਲੋਂ ਸ਼ੇਰਾਂ ਦਾ ਟਾਕਰਾ ਕਰਵਾaੁਂਗੇ? ਜਵਾਬ ਵਿੱਚ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ :
ਸਵਾ ਲਾਖ  ਸੇ  ਏਕ ਲੜਾਊਂ, ਚਿੜੀਉਂ  ਸੇ   ਬਾਜ਼   ਤੜਾਊਂ, 
ਬਿਲੀਓਂ   ਸੇ   ਸ਼ੇਰ   ਮਰਾਊਂ, ਤਬੀ ਗੋਬਿੰਦ ਸਿੰਘ ਨਾਮ ਧਰਾਊਂ ।
  - ਸ੍ਰੀ ਦੌਲਤ ਰਾਏ, "ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ"
ਸੰਪਤ ੧੭੨੩ ਬਿਕ੍ਰਮੀ ੧੭-੧੮ ਪੋਹ, ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਡੇਢ ਪਹਿਰ ਬਾਕੀ, ਯਾਨੀਕਿ ੧੬੬੬ ਈ: ਨੂੰ ਪਟਨਾ ਸਾਹਿਬ (ਬਿਹਾਰ) ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਰੱਬੀ ਨੂਰ ਦਾ ਅਵਤਾਰ ਹੋਇਆ, ਜਿਸ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਢਾਕਾ (ਬੰਗਲਾ ਦੇਸ਼) ਵਿੱਚ ਉਪਦੇਸ਼ ਦੇਣ ਲਈ ਗਏ ਹੋਏ ਸਨ। ਸੱਯਦ ਭੀਖਣ ਸ਼ਾਹ ਦੁਆਰਾ ਲਿਆਂਦੀਆਂ ਦੋ ਕੁੱਜੀਆਂ ਉੱਤੇ ਆਪਣੇ ਦੋਵੇ ਹੱਥ ਰੱਖ ਕੇ ਗੁਰੂ ਜੀ ਨੇ ਇਸ ਗੱਲ ਦਾ ਫੁਰਮਾਣ ਦਿੱਤਾ ਕਿ ਉਹ ਹਿੰਦੂਆਂ ਅਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਹੋਣਗੇ। 
ਜ਼ੁਲਮ ਦੀ ਜੜ੍ਹ ਪੁੱਟਣ ਲਈ ਉਹ ਬਚਪਨ ਤੋਂ ਹੀ ਤਿਆਰੀ ਵਿੱਚ ਜੁੱਟ ਪਏ। ਸੰਨ ੧੬੭੨ ਵਿੱਚ ਗੁਰੂ ਜੀ ਪਰਿਵਾਰ ਸਮੇਤ ਪਟਨਾ ਛੱਡ ਕੇ ਆਨੰਦਪੁਰ ਆ ਗਏ। ਪਿਤਾ ਜੀ ਪਾਸੋਂ ਉਨ੍ਹਾਂ ਸ਼ਸਤਰ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਵੀ ਹਾਸਿਲ ਕੀਤੀ। ਇਸ ਤਰ੍ਹਾਂ ਬਾਲ ਗੋਬਿੰਦ ਰਾਏ ਨੇ ਕਈ ਭਾਸ਼ਾਵਾਂ 'ਚ ਨਿਪੁੰਨਤਾ ਹਾਸਿਲ ਕੀਤੀ, ਜਿਨ੍ਹਾਂ ਵਿੱਚੋਂ ਮੁੱਖ ਇਹ ਹਨ - ਪੰਜਾਬੀ, ਫਾਰਸੀ, ਹਿੰਦੀ, ਸੰਸਕ੍ਰਿਤੀ, ਬ੍ਰਜ, ਆਦਿ।
ਬਾਲ ਗੋਬਿੰਦ ਰਾਏ ਅਜੇ ੯ ਕੁ ਸਾਲ ਦੇ ਹੋਏ ਸਨ, ਜਦੋਂ ਉਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਸੱਚ ਅਤੇ ਧਰਮ ਦੀ ਰਾਖੀ ਲਈ ਕੁਰਬਾਨ ਹੋਣ ਲਈ ਦਿੱਲੀ ਵੱਲ ਤੋਰਿਆ । ਉਸ ਸਮੇਂ ਔਰੰਗਜ਼ੇਬ ਇੱਕ ਵੱਢਿਓਂ ਹੀ ਸਾਰੀ ਸਲਤਨਤ ਨੂੰ ਮੁਸਲਮਾਨ ਬਣਾ ਰਿਹਾ ਸੀ । ਸੂਫੀ ਫ਼ਕੀਰ ਬੁੱਲ੍ਹੇਸ਼ਾਹ ਨੇ ਠੀਕ ਹੀ ਕਿਹਾ ਹੈ:
ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ, 
ਅਗਰ ਨਾ  ਹੋਤੇ ਗੁਰੂ ਗੋਬਿੰਦ ਸਿੰਘ
ਤੋ   ਸੁੰਨਤ    ਹੋਤੀ    ਸਭ   ਕੀ ।                                        
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਬਾਣੀਆਂ ਵਿੱਚੋਂ ਮੁੱਖ ਇਹ ਹਨ: 'ਜਾਪੁ ਸਾਹਿਬ' ( ਇਸ ਵਿੱਚ ਸਤਿਗੁਰੂ ਨੇ ਪ੍ਰਭੂ ਦੇ ਅਨੇਕਾਂ ਨਾਮ ਵਰਣਨ ਕੀਤੇ ਅਤੇ ਇਸ ਦਾ ਸੁਚੇਤ ਪਾਠ ਪ੍ਰਭੂ ਦਾ ਸਿਮਰਨ ਹੋ ਨਿਬੜਦਾ ਹੈ), 'ਸਵੈਯੇ ੩੩', 'ਸ਼ਬਦ ਹਜ਼ਾਰੇ', ਜ਼ਫ਼ਰਨਾਮਾ, ਆਦਿ। ਪਾਉਂਟਾ ਸਾਹਿਬ ਵਿਖੇ ਗੁਰੂ ਜੀ ਦੇ ਦਰਬਾਰ 'ਚ ੫੨ ਸਾਹਿੱਤ ਰਸੀਏ ਕਵੀ ਸਨ। ਗੁਰੂ ਜੀ ਦੀ 'ਚੰਡੀ ਦੀ ਵਾਰ' ਇੱਕ ਬੀਰ-ਰਸ ਭਰਪੂਰ ਰਚਨਾ ਹੈ। ਅਤਿ ਦੀ ਅਡੋਲਤਾ, ਦ੍ਰਿੜ੍ਹਤਾ ਅਤੇ ਪ੍ਰਪੱਕਤਾ ਦਾ ਪ੍ਰਗਟਾਵਾ ਕਰਦੇ ਹੋਏ ਗੁਰੂ ਜੀ ਹਮੇਸ਼ਾ ਆਪਣੇ ਨਿਸ਼ਾਨੇ ਵੱਲ ਵਧਦੇ ਗਏ।
ਗੁਰੂ ਜੀ ਦੀਆਂ ਸੈਨਿਕ ਤਿਆਰੀਆਂ ਪਹਾੜੀ ਰਾਜਿਆਂ ਕੋਲੋਂ ਬਰਦਾਸ਼ਤ ਨਾ ਹੋਈਆਂ। ਬਿਲਾਸਪੁਰ ਦੇ ਰਾਜੇ ਭੀਮ ਚੰਦ ਅਤੇ ਸ੍ਰੀਨਗਰ ਦੇ ਰਾਜੇ ਫ਼ਤਿਹ ਸ਼ਾਹ ਨੇ ਕੁਝ ਹੋਰ ਰਾਜਿਆਂ ਨਾਲ ਮਿਲ ਕੇ ਗੁਰੂ ਜੀ 'ਤੇ ਚੜ੍ਹਾਈ ਕਰ ਦਿੱਤੀ। ਭੰਗਾਣੀ ਵਿਖੇ ੧੬੮੬ ਈ: 'ਚ ਘਮਸਾਨ ਦਾ ਯੁੱਧ ਹੋਇਆ ਅਤੇ ਪਹਾੜੀ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ। 
ਵਿਸਾਖੀ ੧੬੯੯ ਈ: ਦਾ ਦਿਨ, ਇੱਕ ਇਤਿਹਾਸਕ ਦਿਨ ਸੀ। ਇਸ ਦਿਨ ਨੂੰ 'ਖ਼ਾਲਸੇ ਦਾ ਸਥਾਪਨਾ ਦਿਵਸ' ਵੀ ਆਖਿਆ ਜਾਂਦਾ ਹੈ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਦੇ ਸਥਾਨ 'ਤੇ ਪੰਜ ਪਿਆਰਿਆਂ ਨੂੰ ਖੰਡੇ-ਬਾਟੇ ਦਾ ਪਾਹੁਲ ਛਕਾ ਕੇ ਖ਼ਾਲਸਾ ਪੰਥ ਦੀ ਸਾਜਣਾ ਕੀਤੀ, ਅਤੇ ਫਿਰ ਉਨ੍ਹਾਂ ਪਾਸੋਂ ਆਪ ਜੀ ਨੇ ਅੰਮ੍ਰਿਤ ਛਕਿਆ। ਤਾਹੀਓਂ ਇਹ ਕਿਹਾ ਜਾਂਦਾ ਹੈ :
ਵਾਹ  ਵਾਹ   ਗੋਬਿੰਦ   ਸਿੰਘ  ਆਪੇ  ਗੁਰੁ  ਚੇਲਾ। 
ਸਰ ਚਾਰਲਸ ਗਫ 'ਗੁਰੂ ਜੀ ਨੂੰ ਸੰਸਾਰ ਦਾ ਇੱਕ ਅਤਿ ਸੂਝਵਾਨ, ਚੜ੍ਹਦੀ ਕਲਾ ਦੀ ਮੂਰਤ ਅਤੇ ਧਾਰਮਿਕ ਰੰਗਣ ਵਿੱਚ ਰੰਗਿਆ ਹੋਇਆਂ ਇਕ ਮਹਾਨ ਆਗੂ ਗਿਣਦਾ ਹੈ। ਉਹ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੇ ਛਿੱਟੇ ਮਾਰ ਕੇ ਨਵੇਂ ਸਿਰਿਉਂ ਕੌਮ ਦੀ ਉਸਾਰੀ ਕੀਤੀ'।
ਕਲਗੀਧਰ ਦਸਮੇਸ਼ ਪਿਤਾ ਨੂੰ ਮੁਗ਼ਲ ਹਾਕਮਾਂ ਨਾਲ ਕਈ ਯੁੱਧ ਕਰਨੇ ਪਏ, ਜਿਵੇਂ ਕਿ ਭੰਗਾਣੀ ਦਾ ਯੁੱਧ, ਨਾਦੌਣ ਦਾ ਯੁੱਧ, ਹੁਸੈਨੀ ਦਾ ਯੁੱਧ, ਸ੍ਰੀ ਅਨੰਦਪੁਰ ਦੀ ਜੰਗ, ਚਮਕੌਰ ਦਾ ਯੁੱਧ, ਖਦਰਾਣੇ ਦੀ ਢਾਬ, ਆਦਿ। ਗੁਰੂ ਜੀ ਨੇ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਭਰ-ਸਰਦੀ ਦੀ ਕਾਲੀ-ਬੋਲ਼ੀ ਰਾਤ ਹੀ ਨਹੀਂ, ਸਗੋਂ ਵਰਖਾ ਵੀ ਹੋ ਰਹੀ ਸੀ। ਪਰ, ਮੁਗ਼ਲਾਂ ਨੇ ਕੀਤੇ ਹੋਏ ਕੌਲ-ਇਕਰਾਰ ਤੋੜ ਕੇ ਗੁਰੂ ਜੀ 'ਤੇ ਹਮਲਾ ਬੋਲ ਦਿੱਤਾ। ਸਰਸਾ ਨਦੀ ਨੂੰ ਪਾਰ ਕਰਨ ਲੱਗਿਆਂ ਵਡਮੁੱਲਾ ਸਾਹਿਤ, ਕੀਮਤੀ ਸਾਜ਼ੋ-ਸਾਮਾਨ ਅਤੇ ਜਾਨ ਤੋਂ ਪਿਆਰੇ ਸਿੰਘ ਸੂਰਮੇ ਸਰਸਾ ਦੀ ਭੇਟ ਚੜ੍ਹ ਗਏ । ਗੱਲ ਕੀ, ਗੁਰੂ ਜੀ ਦਾ ਸਾਰਾ ਪਰਿਵਾਰ ਖੇਰੂ-ਖੇਰੂ ਹੋ ਗਿਆ। ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ  ਅਤੇ ਗੰਗੂ ਬ੍ਰਾਹਮਣ, ਜੋ ਗੁਰੂ-ਘਰ ਦਾ ਰਸੋਈਆ ਸੀ, ਗੁਰੂ ਜੀ ਤੋਂ ਵਿਛੜ ਗਏ।
ਗੰਗੂ ਬ੍ਰਾਹਮਣ ਦਾ ਦਿਲ ਬੇਈਮਾਨ ਹੋ ਗਿਆ। ਉਸ ਨੇ ਸੂਬਾ ਸਰਹੰਦ ਨੂੰ ਜਾ ਇਤਲਾਹ ਕੀਤੀ ਕਿ ਗੁਰੂ ਜੀ ਦੇ ਛੋਟੇ ਲਾਲ ਅਤੇ ਮਾਤਾ ਜੀ ਮੇਰੇ ਪਾਸ ਹਨ। ਨਵਾਬ ਸਰਹੰਦ ਨੇ ਗੁਰੂ ਜੀ ਦੇ ਛੋਟੇ ਲਾਲਾਂ ਨੂੰ ਜਿਉਂਦੇ ਹੀ ਨੀਹਾਂ ਵਿੱਚ ਚਿਨਵਾ ਦਿੱਤਾ ਅਤੇ ਮਾਤਾ ਗੁਜਰੀ ਜੀ ਠੰਡੇ ਬੁਰਜ 'ਚ ਸ਼ਹੀਦ ਹੋ ਗਏ। ਓਧਰ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ 'ਚ ਵੈਰੀਆਂ ਦੇ ਆਹੂ ਲਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ। ਏਨਾ ਕੁਝ ਹੋਣ ਦੇ ਬਾਵਜੂਦ ਵੀ ਗੁਰੂ ਜੀ ਨੇ ਸੀ ਨਾ ਕੀਤੀ । ਭਾਈ ਮਨੀ ਸਿੰਘ, ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਜਦੋਂ ਦਿੱਲੀ ਤੋਂ ਦਮਦਮਾ ਸਾਹਿਬ ਪਹੁੰਚੇ ਤਾਂ ਉਨ੍ਹਾਂ ਸਾਹਿਬਜ਼ਾਦਿਆਂ ਬਾਰੇ ਪੁੱਛਿਆ। ਸਰਬੰਸਦਾਨੀ ਪਿਤਾ ਨੇ ਖ਼ਾਲਸੇ ਵੱਲ ਇਸ਼ਾਰਾ ਕਰਕੇ ਫੁਰਮਾਨ ਕੀਤਾ :
  ਇਨ ਪੁਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ।
  ਚਾਰੇ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।
ਮਾਛੀਵਾੜੇ ਦੇ ਜੰਗਲਾਂ 'ਚੋਂ ਹੁੰਦੇ ਹੋਏ ਗੁਰੂ ਜੀ ਸਾਬੋ ਕੀ ਤਲਵੰਡੀ ਪਹੁੰਚ ਗਏ। ਇੱਥੇ ਹੀ ਗੁਰੂ ਜੀ ਨੇ ਭਾਈ ਮਨੀ ਸਿੰਘ ਪਾਸੋਂ 'ਗੁਰੂ ਗ੍ਰੰਥ ਸਾਹਿਬ' (ਆਦਿ ਬੀੜ ਸਾਹਿਬ) ਦੁਆਰਾ ਲਿਖਵਾਇਆ ਗਿਆ। ਇਸ ਵਿੱਚ ਨੌਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਦਾਰ ਜੀ ਦੀ ਬਾਣੀ ਅੰਕਿਤ ਕੀਤੀ ਗਈ। ਤੇ ਉਪਰੰਤ ਗੁਰੂ ਜੀ ਨੇ ਦੀਨਾ ਕਾਂਗੜ ਨਾਂ ਦੇ ਸਥਾਨ ਤੋਂ ਔਰੰਗਜ਼ੇਬ ਨੂੰ 'ਜ਼ਫ਼ਰਨਾਮਾ' ਲਿਖਿਆ ।
ਗੁਰੂ ਜੀ ਨੇ ਆਪਣੀ ਬਾਣੀ ਵਿੱਚ ਪ੍ਰਭੂ ਦੇ ਵੱਖ-ਵੱਖ ਸਰੂਪ ਤੇ ਪਹਿਚਾਣ, ਪ੍ਰਭੂ ਦੀ ਸਿਫ਼ਤ-ਸਲਾਹ, ਮਨੁੱਖੀ ਏਕਤਾ ਅਤੇ ਧਰਮ ਦੇ ਨਾਂ ਹੇਠ ਪ੍ਰਚੱਲਤ ਗ਼ਲਤ ਵਿਸ਼ਵਾਸ, ਪਾਖੰਡ, ਕਰਮ-ਕਾਂਡ ਬਾਰੇ ਮੁੱਖ ਤੌਰ 'ਤੇ ਵਿਚਾਰ ਪ੍ਰਗਟ ਕੀਤੇ ਹਨ । ਪ੍ਰਭੂ ਦੇ ਵੱਖ-ਵੱਖ ਗੁਣਾਂ ਤੇ ਦਾਤਾਂ ਦਾ ਜ਼ਿਕਰ ਹੀ ਨਹੀਂ, ਸਗੋਂ ਪ੍ਰਭੂ ਦੀ ਸਰਬਗਤਾ, ਉੱਚਤਾ ਤੇ ਉਸ ਦੇ ਸਾਹਮਣੇ ਮਨੁੱਖ ਦੀ ਤੁੱਛ ਹਸਤੀ ਦਾ ਬਿਆਨ ਕਰ ਕੇ ਮਨੁੱਖੀ ਮਨ ਨੂੰ ਪ੍ਰਭੂ ਦੇ ਚਰਨਾਂ 'ਚ ਜੋੜ ਦੇਣਾ, ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਕਰਾਮਾਤੀ ਗੁਣ ਹੈ। ਲਾਤੀਫ ਲਿਖਦਾ ਹੈ, "ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਕਾਰਜ ਨੂੰ ਹੱਥ ਪਾਇਆ ਉਹ ਮਹਾਨ ਸੀ"।              
ਅੰਤਲੇ ਸਮੇਂ ਵਿੱਚ ਗੁਰੂ ਜੀ ਨੰਦੇੜ ਸਾਹਿਬ (ਮਹਾਂਰਾਸ਼ਟਰ) ਪਹੁੰਚ ਗਏ। ਇੱਥੇ ਹੀ ਉਹ ਮਾਧੋ ਦਾਸ ਬੈਰਾਗੀ ਨੂੰ ਮਿਲੇ ਅਤੇ ਉਸ ਨੂੰ ਸਿੱਧੇ ਰਸਤੇ ਪਾਇਆ। ਦਸਮੇਸ਼ ਪਿਤਾ ਨੇ 'ਬੰਦੇ' ਨੂੰ ਅੰਮ੍ਰਿਤ ਛਕਾ ਕੇ ਉਸ ਦਾ ਨਾਂ 'ਬੰਦਾ ਸਿੰਘ' ਰੱਖ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਲਈ ਪੰਜਾਬ ਵੱਲ ਭੇਜਿਆ। ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ੬ ਅਕਤੂਬਰ, ੧੭੦੮ ਈ: ਨੂੰ ਨੰਦੇੜ ਸਾਹਿਬ (ਮਹਾਰਾਸ਼ਟਰ) ਵਿਖੇ (ਆਪਣਾ ਜੋਤੀ-ਜੋਤ ਸਮਾਉਣ ਤੋਂ ਇੱਕ ਦਿਨ ਪਹਿਲਾ) ਭਾਰੀ ਦੀਵਾਨ ਸਜਾਇਆ। ਇਸ ਵਿੱਚ ਕਲਗੀਧਰ ਪਾਤਸ਼ਾਹ ਨੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜ ਪਰਿਕਰਮਾ ਕਰ ਕੇ ਮੱਥਾ ਟੇਕਿਆ, ਅਤੇ ਹੁਕਮ ਕੀਤਾ :
ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ।
  ਸਭ ਸਿਖਨ  ਕੋ  ਹੁਕਮ ਹੈ, ਗੁਰੂ ਮਾਨਿਓ ਗ੍ਰੰਥ।
  ਗੁਰੂ ਗ੍ਰੰਥ  ਜੀ ਮਾਨਿਓ  ਪ੍ਰਗਟ ਗੁਰਾਂ  ਕੀ ਦੇਹ।
  ਜੋ  ਪ੍ਰਭ ਕੋ  ਮਿਲਬੋ ਚਹੈ, ਖੋਜ  ਸ਼ਬਦ ਮੈ ਲੇ। 
-ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ
ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ਦਸਮੇਸ਼ ਪਿਤਾ ਦਾ ਫ਼ੁਰਮਾਨ ਸੀ :

  ਮੇਰਾ  ਰੂਪ   ਗੰ੍ਰਥ  ਜੀ  ਜਾਨ।
  ਇਸ ਮੇਂ ਭੇਦ ਨਹੀਂ ਕਰ ਮਾਨ।                                  
ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਫ਼ੁਰਮਾਇਆ ਸੀ ਕਿ ਅੱਜ ਤੋਂ ਬਾਅਦ ਖ਼ਾਲਸਾ ਪੰਥ ਨੇ 'ਗੁਰੂ ਗ੍ਰੰਥ ਸਾਹਿਬ' ਨੂੰ ਹੀ ਗੁਰੂ ਮੰਨਣਾ ਹੈ। ਹੁਣ ਕੋਈ ਸਾਖਸ਼ੀ ਗੁਰੂ ਨਹੀਂ ਹੋਵੇਗਾ। ਜੇ ਅਸਾਡੇ ਦਰਸ਼ਨ ਦੀਦਾਰ ਕਰਨੇ ਹੋਣ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ। ਜੇ ਅਸਾਡੇ ਨਾਲ ਬਚਨ ਕਰਨੇ ਹੋਣ ਤਾਂ ਗੁਰਬਾਣੀ ਪੜ੍ਹਿਆ ਕਰੋ। ਸਾਡੀ 'ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ' ਕਹਿ ਕੇ ਸਦਾ ਲਈ ਗੁਰਿਆਈ ਜੁਗੋਂ-ਜੁਗ ਅਟੱਲ 'ਗੁਰੂ ਗ੍ਰੰਥ ਸਾਹਿਬ ਜੀ' ਨੁੰ ਬਖਸ਼ ਦਿੱਤੀ ਅਤੇ ਆਪ ਜੀ ੭ ਅਕਤੂਬਰ ੧੭੦੮ ਈ: ਨੂੰ ਜੋਤੀ ਜੋਤ ਸਮਾ ਗਏ।
ਸੋ, ਅੱਜ ਲੋੜ ਹੈ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੱਸੀਆਂ ਰਹਿਤਾਂ ਤੇ ਕੁਰਹਿਤਾਂ 'ਤੇ ਪਹਿਰਾ ਦੇਣ ਦੀ ਅਤੇ ਉਨ੍ਹਾਂ ਪੂਰਨਿਆਂ 'ਤੇ ਚੱਲਣ ਦੀ ਜੋ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਲੀਕੇ  ਸਨ। ਸਰਬੰਸਦਾਨੀ ਪਿਤਾ ਨੇ ਪੰਥ ਦੀ ਖ਼ਾਤਿਰ ਆਪਣਾ ਸਾਰਾ ਪਰਿਵਾਰ ਵਾਰ 'ਤਾ । ਇਸ ਲਈ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਸਮਾਜਿਕ ਕੁਰੀਤੀਆਂ ਦੀ ਜੜ੍ਹ ਮੁਕਾਈਏ, ਮਜ਼ਲੂਮਾਂ ਦੀ ਰੱਖਿਆ ਲਈ ਅੱਗੇ ਆਈਏ ਅਤੇ ਕੌਮੀ ਏਕਤਾ ਦੀ ਭਾਵਨਾ ਨੂੰ ਚਾਰ ਚੰਨ ਲਗਾਈਏ । ਅੱਲਾ ਯਾਰ ਖਾਂ ਜੋਗੀ ਦਾ ਕਹਿਣਾ ਹੈ :
  ਕਰਤਾਰ ਕੀ  ਸੌਗੰਧ  ਨਾਨਕ  ਕੀ  ਕਸਮ  ਹੈ।
 ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ ਵੋਹ ਕਮ ਹੈ।