ਜਦੋ ਉਹ ਪੁਲੀਸ ਵਿਚ ‘ਇੰਨਸਪੈਕਟਰ’ ਲੱਗਿਆ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਉਸ ਦੇ ਮੱਮੀ ਨੂੰ ਹੋਈ। ਕਿਉਂਕਿ ਉਸ ਨੇ ਇਹ ਸ਼ਰਤ ਰੱਖੀ ਹੋਈ ਸੀ, ਜਦੋ ਤੱਕ ਉਸ ਨੂੰ ਨੋੌਕਰੀ ਨਹੀ ਮਿਲਦੀ ਤੱਦ ਤੱਕ ਉਹ ਵਿਆਹ ਨਹੀ ਕਰਵਾਏਗਾ। ਨੌਕਰੀ ਮਿਲਣ ਦੀ ਦੇਰ ਹੀ ਸੀ ਕਿ ਉਸ ਦੇ ਮੱਮੀ ਨੇ ਕੁੜੀਆਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ। ਪਰ ਹੁਣ ਮੱਮੀ ਨੂੰ ਅਜਿਹੀ ਕੁੜੀ ਨਹੀ ਸੀ ਮਿਲ ਰਹੀ , ਜੋ ਦੋਂਨਾਂ ਨੂੰ ਪਸੰਦ ਹੋਵੇ।। ਕਈ ਵਾਰ ਮੱਮੀ ਅੱਕ ਕੇ ਉਸ ਨੂੰ ਕਹਿ ਵੀ ਦਿੰਦੇਂ, “ਰਾਜ, ਤੂੰ ਵੀ ਕੋਈ ਕੋਸ਼ਿਸ਼ ਕਰ । ਮੇੈ ਤਾਂ ਤੇਰੇ ਲਈ ਕੁੜੀ ਲੱਭਦੀ ਥੱਕ ਵੀ ਗਈ ਹਾਂ।”
“ਮੱਮੀ ਜੀ, ਤੁਸੀ ਆਪ ਹੀ ਤਾਂ ਕਹਿੰਦੇ ਹੋ ਕਿ ਸੰਂਜੋਗ ਰੱਬ ਦੇ ਹੱਥ ਵਿਚ ਹਨ।” ਰਾਜ ਮੱਮੀ ਦੀ ਹੀ ਆਖੀ ਹੋਈ ਗੱਲ ਉਹਨਾਂ ਨੂੰ ਯਾਦ ਕਰਵਾਉਂਦਾ। ਰਾਜ ਅਤੇ ਉਸ ਦੇ ਮੱਮੀ ਇਹੋ ਜਿਹੀ ਕੁੜੀ ਚਾਹੁੰਦੇ ਸਨ, ਜੋ ਆਧੁਨਿਕ ਵਿਚਾਰਾਂ ਦੀ ਹੋਵੇ, ਪਰ ਸੰਸਕਾਰ ਉਸ ਵਿਚ ਪੁਰਾਣੇ ਹੋਣ। ਵੈਸੇ ਵੀ ਰਾਜ ਰੂਪ ਨਾਲੋ ਗੁਣਾਂ ਨੂੰ ਜ਼ਿਆਦਾ ਮਹੱਤਵ ਦਿੰਦਾਂ ਸੀ। ਉਹ ਸਹਿਜਤਾ ਅਤੇ ਚੰਚਲਤਾ ਦੀ ਮਿਲੀ ਜੁਲੀ ਸ਼ਖਸ਼ੀਅਤ ਹੀ ਲੱਭਦਾ । ਉਸ ਦੇ ਮੱਮੀ ਘਰ ਦੇ ਕੰਮ ਵਿਚ ਸੁਚੱਜੀ ਅਤੇ ਚੁਸਤ ਕੁੜੀ ਲਿਆਉਣ ਨੂੰ ਪਹਿਲ ਦੇਂਦੇ। ਇਹ ਸਾਰੀਆਂ ਗੱਲਾਂ ਦਾ ਇੱਕਠਾ ਮੇਲ ਇੱਕ ਕੁੜੀ ਵਿਚ ਹੋਣਾ ਮੁਸ਼ਕਲ ਸੀ। ਰਿਸ਼ਤੇਦਾਰ ਅਤੇ ਲੋਕਾਂ ਨੇ ਤਾਂ ਉਹਨਾਂ ਦੀਆਂ ਗੱਲਾਂ ਕਰਨੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ ਕਿ ਮਾਂ ਪੁੱਤ ਦੇ ਨਖ਼ਰਿਆਂ ਦਾ ਹੀ ਪਤਾ ਨਹੀ ਲੱਗਦਾ।
ਉਸ ਦਿਨ ਉਹ ਆਪਣੇ ਦਫ਼ਤਰ ਜਾਣ ਲਈ ਬਹੁਤ ਜਲਦੀ ਵਿਚ ਤਿਆਰ ਹੋ ਰਿਹਾ ਸੀ। ੳਦੋਂ ਹੀ ਉਸ ਦੇ ਮੱਮੀ ਦੁੱਧ ਦਾ ਗਿਲਾਸ ਅਤੇ ‘ਬਰੈਡ’ ਲੈ ਕੇ ਪਹੁੰਚ ਗਏ।
“ਮੱਮੀ ਜੀ, ਮੈ ਅੱਜ ਨਾਸ਼ਤਾ ਨਹੀ ਕਰਨਾ, ਮੈ ਤਾਂ ਅੱਗੇ ਹੀ ਲੇਟ ਹਾਂ।” ਉਸ ਨੇ ਕਾਹਲੀ ਨਾਲ ਜ਼ਰਾਬਾ ਪਾਉਂਦੇ ਹੋਏ ਆਖਿਆ।
“ਬੱਚੂ ਜੀ, ਤੁਸੀ ਨਾਸ਼ਤੇ ਤੋਂ ਬਗ਼ੈਰ ਨਹੀ ਜਾ ਸਕਦੇ। ਸਵੇਰ ਦੇ ਨਾਸ਼ਤੇ ਤੋਂ ਹੀ ਬੰਦਾ ਸਾਰੇ ਦਿਨ ਲਈ ਊਰਜਾ ਲੈਂਦਾ ਹੈ।” ਉਸ ਦੇ ਮੱਮੀ ‘ਬਰੈਡ’ ਨੂੰ ‘ਜਾਮ’ ਲਾਉਂਦੇ ਹੋਏ ਬੋਲੇ।
ਰਾਜ ਦੁੱਧ ਵਾਲਾ ਗਿਲਾਸ ਰੱਖ ਕੇ, ਜੀਪ ਵੱਲ ਨੂੰ ਜਾ ਹੀ ਰਿਹਾ ਸੀ ਕਿ ਫੋਨ ਦੀ ਘੰਟੀ ਵਜ ਪਈ। ਉਸ ਦਾ ਦੋਸਤ ਰਵੀ ਫੋਨ ‘ਤੇ ਆਪਣੇ ਕਾਕੇ ਦੇ ਪਹਿਲੇ ਜਨਮ ਦਿਨ ਦੀ ਪਾਰਟੀ ਵਿਚ ਉਹਨਾਂ ਨੂੰ ਹਾਜ਼ਰ ਹੋਣ ਲਈ ਕਹਿ ਰਿਹਾ ਸੀ। ਜਲਦੀ ਨਾਲ ‘ਉ.ਕੇ’ ਕਹਿ ਕੇ ਅਤੇ ਮੱਮੀ ਨੂੰ ਦੱਸ ਕੇ ਰਾਜ ਕੰਮ ਉੱਪਰ ਚਲਿਆ ਗਿਆ।
ਸ਼ਾਮ ਨੂੰ ਮੱਮੀ ਜੀ ਰਵੀ ਦੇ ਘਰ ਜਾਣ ਲਈ ਤਿਆਰ ਹੋ ਰਹੇ ਸਨ। ਨਾਲ ਦੀ ਨਾਲ ਬੋਲੀ ਜਾ ਰਹੇ ਸਨ, “ ਦੇਖ ਰਾਜ, ਰਵੀ ਤੇਰੀ ਹੀ ਉਮਰ ਦਾ ਹੈ, ਉਹ ਇੱਕ ਬੱਚੇ ਦਾ ਡੈਡੀ ਵੀ ਬਣ ਗਿਆ ਹੈ।” ਰਾਜ ਚੁੱਪ ਚੁਪੀਤਾ ਆਪਣੀ ਪੱਗ ਬੱਨਣ ਵਿਚ ਮਸਤ ਸੀ। ਉਸ ਨੇ ਆਪਣੀ ਪੱਗ ਨਾਲ ਮੇਲ ਕਰਦੀ ਟਾਈ ਲਾਈ ਅਤੇ ਤੋਹਫ਼ਾ ਚੁੱਕ ਕੇ ਬਾਹਰ ਜੀਪ ਕੋਲ ਚਲਾ ਗਿਆ।
ਜਦੋ ਉਹ ਰਵੀ ਦੇ ਘਰ ਪਹੁੰਚੇ ਤਕਰੀਬਨ ਸਭ ਮਹਿਮਾਨ ਆ ਚੁੱਕੇ ਸਨ। ਕੇਕ ਕੱਟਣ ਦੀਆਂ ਤਿਆਰੀਆਂ ਸਨ। ਜਿਉਂ ਹੀ ਰਾਜ ਅਤੇ ਮੱਮੀ, ਘਰ ਦੇ ਅੰਦਰ ਦਾਖਲ ਹੋਏ। ਸਭ ਦਾ ਧਿਆਨ ਉਹਨਾਂ ਵੱਲ ਹੋ ਗਿਆ।
“ਦੇਵਰ ਜੀ, ਤੁਸੀ ਹਮੇਸ਼ਾ ਦੇਰ ਨਾਲ ਹੀ ਆਉਂਦੇ ਹੋ।” ਰਵੀ ਦੀ ਪਤਨੀ ਸੁਧਾ ਮੱਮੀ ਨੂੰ ਮਿਲਦੀ ਹੋਈ ਕਹਿ ਰਹੀ ਸੀ, “ ਅਜੇ ਤਾਂ ਤੁਸੀ ਕੁਆਰੇ ਹੋ, ਵਿਆਹ ਤੋਂ ਬਾਅਦ ਤਾਂ ਪਾਰਟੀ ਦੇ ਦੂਸਰੇ ਦਿਨ ਹੀ ਆਇਆ ਕਰੋਗੇ।” ਇਸ ਗੱਲ ਨਾਲ ਸਾਰੇ ਪਾਸੇ ਹਾਸਾ ਪੈ ਗਿਆ।
“ਭਾਬੀ ਜੀ ਮੇਰੇ ਪਹੁੰਚਣ ਤੋਂ ਪਹਿਲਾ ਸੱਜ- ਧੱਜ ਜਾਣ ਅਤੇ ਦੇਵਰ ਨੂੰ ਮਿਲਣ ਲਈ ਖੁੱਲ੍ਹਾ ਸਮਾਂ ਹੋਵੇ। ਇਹ ਸੋਚ ਕੇ ਮੈ ਲੇਟ ਆਇਆ।” ਰਾਜ ਨੇ ਟਿੱਚਰ ਦਾ ਜਵਾਬ ਟਿੱਚਰ ਨਾਲ ਦਿੱਤਾ।
ਦੇਵਰ ਭਰਜਾਈ ਵਿਚ ਟਿੱਚਰਬਾਜ਼ੀ ਚੱਲ ਹੀ ਰਹੀ ਸੀ ਕਿ ਰਵੀ ਉਹਨਾਂ ਨੂੰ ਚਾਹ ਪਾਣੀ ਵੱਲ ਲੈ ਤੁਰਿਆ। ਰਾਜ ਤੁਰ ਤਾਂ ਰਵੀ ਦੇ ਪਿੱਛੇ ਹੀ ਰਿਹਾ ਸੀ, ਪਰ ਗੱਲ ਸੁਧਾ ਨਾਲ ਹੀ ਕਰੀ ਜਾ ਰਿਹਾ ਸੀ। ਉਸ ਦਾ ਧਿਆਨ ਸੁਧਾ ਵੱਲ ਹੋਣ ਕਾਰਨ, ਉਸ ਨੇ ਦੇਖਿਆ ਹੀ ਨਹੀ। ਸੁਧਾ ਦੀ ਸਹੇਲੀ ਨੀਲਮ ਚਾਹ ਦਾ ਕੱਪ ਲੈ ਕੇ ਆ ਰਹੀ ਸੀ। ਉਹ ਇਕਦਮ ਮੁੜਿਆ ਅਤੇ ਨੀਲਮ ਦੇ ਕੱਪ ਨਾਲ ਟਕਰਾ ਗਿਆ।ਚਾਹ ਛਲਕ ਕੇ ਥੋੜ੍ਹੀ ਜਿਹੀ ਰਾਜ ਦੀ ਕਮੀਜ਼ ਉਪਰ ਪਈ ਅਤੇ ਬਾਕੀ ਨੀਲਮ ਦੇ ਸੂਟ ਉਪਰ। ਨੀਲਮ ਨੇ ਇੱਕਦਮ ‘ਸੌਰੀ’ ਕਿਹਾ।
“ਇਸ ਵਿਚ ਤੁਹਾਡਾ ਕੋਈ ਕਸੂਰ ਨਹੀ” ਰਾਜ ਨੇ ਰੁਮਾਲ ਨਾਲ ਆਪਣੀ ਕਮੀਜ਼ ਸਾਫ਼ ਕਰਦੇ ਹੋਏ ਕਿਹਾ, “ਮੇਰਾ ਹੀ ਧਿਆਨ ਹੋਰ ਪਾਸੇ ਸੀ।”
“ਮੈਨੂੰ ਪਤਾ ਤੁਹਾਡਾ ਧਿਆਨ ਕਿਥੇ ਸੀ।” ਗਿਲਾ ਕੱਪੜਾ ਲਈ ਆੳਂੁਦੀ ਸੁਧਾ ਨੇ ਆਖਿਆ, “ਇਹ ਮੇਰੀ ਸਹੇਲੀ ਨੀਲਮ ਹੈ। ਅਸੀ ਬੀ.ਏ. ਵਿਚ ਇੱਕਠੀਆਂ ਹੀ ਪੜ੍ਹਦੀਆਂ ਸਨ।”
“ ਮੇਰਾ ਨਾਮ ਰਾਜਵੀਰ ਹੈ।” ਰਾਜ ਨੇ ਆਪ ਹੀ ਆਪਣੀ ਜਾਣ-ਪਹਿਚਾਣ ਕਰਵਾਈ।
“ਔਹ ਹੋ, ਤੁਹਾਡਾ ਤਾਂ ਸਾਰਾ ਸੂਟ ਹੀ ਖ਼ਰਾਬ ਹੋ ਗਿਆ” ਇਹ ਕਹਿ ਕੇ ਰਾਜ ਆਪਣੇ ਰੁਮਾਲ ਨਾਲ ਹੀ ਨੀਲਮ ਦਾ ਸੂਟ ਸਾਫ਼ ਕਰਨ ਦੀ ਕੋਸ਼ਿਸ ਕਰਨ ਲੱਗਾ।
“ ਦੇਵਰ ਜੀ, ਇਹ ਸੂਟ ਹੁਣ ਇੰਜ ਨਹੀ ਸਾਫ਼ ਹੋਣਾ।” ਸੁਧਾ ਨੇ ਮਖ਼ੌਲੀ ਹਾਸੇ ਨਾਲ ਆਖਿਆ। ਅਤੇ ਨੀਲਮ ਨੂੰ ਨਾਲ ਲੈ ਕੇ ਕਮਰੇ ਵਿਚ ਚਲੀ ਗਈ ਤਾਂ ਜੋ ਉਹ ਹੋਰ ਕੱਪੜੇ ਬਦਲ ਸਕੇ।
ਪੰਦਰਾਂ ਕੁ ਮਿੰਟ ਬਾਅਦ ਨੀਲਮ ਫਰੋਜ਼ੀ ਰੰਗ ਦੀ ਸ਼ਫੂਨ ਦੀ ਸਾੜ੍ਹੀ ਲਾਈ ਬਾਹਰ ਆਈ। ਇਹ ਸਾੜ੍ਹੀ ਸੀ ਤਾਂ ਸੁਧਾ ਦੀ, ਪਰ ਨੀਲਮ ਦੇ ਗੋਰੇ ਰੰਗ ਉੱਪਰ ਖਿੜੀ ਪਈ ਸੀ। ਨੀਲਮ ਨੇ ਸਾੜ੍ਹੀ ਦਾ ਪੱਲਾ ਲੱਕ ਨਾਲ ਲਪੇਟ ਲਿਆ ਅਤੇ ਸੁਧਾ ਨਾਲ ਕੰਮ ਵਿਚ ਮੱਦਦ ਕਰਨ ਲੱਗੀ। ਉਸ ਨੇ ਫੁਰਤੀ ਨਾਲ ਪਿੱਛੇ ਪਿਆ ਕੰਮ ਛੇਤੀ ਹੀ ਨਿਬੇੜ ਦਿੱਤਾ। ਪਲੇਟਾਂ ਵਿਚ ਕੇਕ ਪਾ ਪਾ ਸਾਰਿਆਂ ਨੂੰ ਜਲਦੀ ਨਾਲ ਵਰਤਾ ਰਹੀ ਸੀ।
ਰਾਜ ਦੇ ਮੱਮੀ ਨੀਲਮ ਵੱਲ ਬਹੁਤ ਨੀਝ ਨਾਲ ਦੇਖ ਰੇਹੇ ਸਨ।ਇਸ ਤਰ੍ਹਾ ਲੱਗ ਰਿਹਾ ਸੀ ਜਿਵੇ ਏਨੀ ‘ਐਕਟਿਵ’ ਕੁੜੀ ਉਹਨਾਂ ਨੇ ਪਹਿਲੀ ਵਾਰ ਦੇਖੀ ਹੋਵੇ। ਨੀਲਮ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਤਾਵਲੇ ਸਨ। ਜਦੋ ਉਹਨਾਂ ਕੋਲੋ ਰਿਹਾ ਨਾ ਗਿਆ ਤਾਂ ਸੁਧਾ ਦੇ ਕੋਲ ਜਾ ਕੇ ਪੁੱਛਣ ਲੱਗੇ, “ ਨੀਲਮ ਅੱਜ ਕੱਲ੍ਹ ਕੀ ਕਰਦੀ ਹੈ?”
“ਆਂਟੀ ਜੀ, ਇਹ ਐਮ.ਏ. ਦੇ ਆਖ਼ਰੀ ਸਾਲ ਵਿਚ ਹੈ। ਬੀ.ਏ. ਤੋਂ ਬਾਅਦ ਮੇਰੀ ਤਾਂ ਸ਼ਾਦੀ ਹੋ ਗਈ ਪਰ ਇਹ ਅੱਗੇ ਪੜ੍ਹ ਰਹੀ ਹੈ।” ਸੁਧਾ ਨੇ ਅੱਗੇ ਨਾ ਪੜ੍ਹਨ ਦਾ ਆਪਣਾ ਕਾਰਣ ਦੱਸਦਿਆਂ ਕਿਹਾ।
ਚਾਹ- ਪਾਣੀ ਤੋਂ ਬਾਅਦ ਸਾਰੇ ਬੈਠ ਕੇ ਗੱਪ-ਸ਼ੱਪ ਮਾਰਨ ਲੱਗੇ। ਕੋਈ ਲਤੀਫ਼ੇ ਸੁਣਾ ਰਿਹਾ ਸੀ ਅਤੇ ਕੋਈ ਸ਼ੇਅਰ। ਸੁਧਾ ਨੂੰ ਚੇਤਾ ਆ ਗਿਆ ਕਿ ਨੀਲਮ ਗਾ ਬਹੁਤ ਸੁਹਣਾ ਲੈਂਦੀ ਹੈ ਅਤੇ ਨੀਲਮ ਨੂੰ ਕਹਿਣ ਲੱਗੀ, “ ਨੀਲਮ ਤੂੰ ਵੀ ਉਹ ਗਾਣਾ ਸੁਣਾ ਦੇ, ਜੋ ਤੂੰ ਅਕਸਰ ਕਾਲਜ ਵਿਚ ਗਾਇਆ ਕਰਦੀ ਸੀ।” ਪਹਿਲਾਂ ਤਾਂ ਨੀਲਮ ਨਾ-ਨੁਕਰ ਕਰਦੀ ਰਹੀ। ਪਰ ਜਦੋ ਸਭ ਉਸ ਦੇ ਮਗਰ ਪੈ ਗਏ ਤਾਂ ਉਸ ਨੂੰ ਗਾਉਣਾ ਪਿਆ। ਉਹ ਇੱਕ ਹਿੰਦੀ ਗਾਣਾ ਸੀ। ਜਿਸ ਦੇ ਬੋਲ ਸਨ,
“ਜ਼ਿੰਦਗੀ ਮੇ ਗ਼ਮ ਵੀ ਮਿਲਤੇ ਰਹਥੇ ਹੈ, ਸਮਝੌਤਾ ਗ਼ਮੋਂ ਸੇ ਕਰ ਲਉ…।”
ਜਦੋ ਉਹ ਗਾਣਾ ਗਾ ਚੁੱਕੀ ਤਾਂ ਸਭ ਨੇ ਤਾੜੀਆਂ ਨਾਲ ਉਸ ਨੂੰ ਵਾਹ ਵਾਹ ਦਿਤੀ। ਰਾਜ ਤਾਂ ਬਹੁਤ ਹੀ ਖੁਸ਼ ਹੋਇਆ। ਨੀਲਮ ਦੇ ਬੋਲਾਂ ਦੀ ਮਿਠਾਸ ਅਜੇ ਤੱਕ ਵੀ ਉਸ ਦੇ ਕੰਨਾਂ ਵਿਚ ਰਸ ਘੋਲ ਰਹੀ ਸੀ। ਰਾਜ ਨੂੰ ਨੀਲਮ ਵਿਚ ਕੁੱਝ ਆਪਣਾਪਣ ਨਜ਼ਰ ਆੳਂੁਣ ਲੱਗਾ। ਨੀਲਮ ਵੀ ਜਦੋ ਉਸ ਵੱਲ ਦੇਖਦੀ ਤਾਂ ਮੁਸਕਰਾ ਪੈਂਦੀ। ਰਾਜ ਰੋਟੀ ਤੋਂ ਬਾਅਦ ਰੱਸ ਮਿਲਾਈ ਖਾਦਾਂ ਹੋਇਆ ਨੀਲਮ ਕੋਲ ਆ ਗਿਆ ਕਿਉਕਿ ਨੀਲਮ ਸੁਧਾ ਦੇ ਬੇਟੇ ਨੂੰ ਲੈ ਕੇ ਬਾਲਕੋਨੀ ਵਿਚ ਇੱਕਲੀ ਹੀ ਖੜ੍ਹੀ ਸੀ। ਸੁਧਾ ਨੇ ਹੀ ਉਸ ਨੂੰ ਬੰਟੀ ਦੇ ਕੇ ਬਾਹਰ ਭੇਜਿਆ ਸੀ। ਅੰਦਰ ਬੰਟੀ ਸੁਧਾ ਨੂੰ ਕੁੱਝ ਵੀ ਕਰਨ ਨਹੀ ਸੀ ਦੇ ਰਿਹਾ।ਆਉਂਦਿਆ ਹੀ ਰਾਜ ਨੇ ਨੀਲਮ ਨੂੰ ਪੁੱਛਿਆ, “ ਰੱਸ ਮਿਲਾਈ ਖਾਉਂਗੇ?”
“ਨਹੀ, ‘ਥੈਂਕਸ’ ਮੈ ਪਹਿਲਾਂ ਹੀ ਖਾ ਚੁੱਕੀ ਹਾਂ।” ਨੀਲਮ ਨੇ ਬੰਟੀ ਨੂੰ ਮੋਢੇ ਨਾਲ ਲਾੳਂੁਦੇ ਹੋਏ ਕਿਹਾ।
ਥੋੜ੍ਹੀ ਦੇਰ ਦੋਨੋਂ ਆਪਸ ਵਿਚ ਗੱਲਾਂ ਕਰਦੇ ਰਿਹੇ। ਨੀਲਮ ਆਪਣੀ ਪੜ੍ਹਾਈ ਬਾਰੇ ਦੱਸਦੀ ਰਹੀ ਅਤੇ ਰਾਜ ਆਪਣੀ ਨੌਕਰੀ ਬਾਰੇ। ਰਾਜ ਨੇ ਆਪਣਾ ਟੈਲੀਫੋਨ ਨੰ: ਨੀਲਮ ਨੂੰ ਦਿੱਤਾ ਤਾਂ ਜੋ ਉਹ ਉਸ ਨੂੰ ਫੋਨ ਜ਼ਰੂਰ ਕਰੇ। ਉਹ ਗੱਲਾਂ ਕਰ ਹੀ ਰਿਹੇ ਸਨ ਕਿ ਸੁਧਾ ਆ ਗਈ। ਬੰਟੀ ਵੀ ਸੋਂ ਗਿਆ ਸੀ। ਦੋਂਨਾਂ ਨੂੰ ਉਥੇ ਦੇਖ ਕੇ ਸੁਧਾ ਹੱਸਦੀ ਹੋਈ ਨੀਲਮ ਨੂੰ ਕਹਿਣ ਲੱਗੀ, “ ਇਹ ਪੁਲੀਸ ਵਾਲੇ ਛੇਤੀ ਹੀ ਹੱਥਕੜੀਆਂ ਲਾ ਲੈਂਦੇ ਹਨ, ਜਰਾ ਬੱਚ ਕੇ ਰਹੀ।”
“ਬਿਨਾਂ ਵਜ੍ਹਾ ਤਾਂ ਕਿਸੇ ਦੇ ਹੱਥਕੜੀਆਂ ਨਹੀ ਲਾਉਂਦੇ।” ਰਾਜ ਨੇ ਆਪਣੀ ਸਫ਼ਾਈ ਵਿਚ ਕਿਹਾ।
“ਇਹਦਾ ਮਤਲਵ ਇਥੇ ਖੜ੍ਹਣ ਦੀ ਕੋਈ ਵਜ੍ਹਾ ਹੈ।” ਸੁਧਾ ਨੀਲਮ ਕੋਲੋ ਬੰਟੀ ਫੜਦਿਆਂ ਬੋਲੀ।ਇਸ ਤੋਂ ਪਹਿਲਾਂ ਰਾਜ ਕੁੱਝ ਬੋਲਦਾ। ਨੀਲਮ ਨੇ ਕਿਹਾ, “ਸੁਧਾ ਮੈਨੂੰ ਹੁਣ ਜਾਣਾ ਚਾਹੀਦਾ ਹੈ, ਨਹੀ ਤਾਂ ਮੇਰੀ ‘ਹੋਸਟਲ ਵਾਰਡਨ’ ਨੇ ਮੈਨੂੰ ਕਾਲਜ ਦੇ ਅੰਦਰ ਜਾਣ ਨਹੀ ਦੇਣਾ।”
“ਹਾਂ, ਤੂੰ ਹੁਣ ਜਾ। ਰਵੀ ਤੈਨੂੰ ਸਕੂਟਰ ਉੱਪਰ ਛੱਡ ਆੳਂੁਦੇ ਹਨ।” ਸੁਧਾ ਨੇ ਰਵੀ ਨੂੰ ਅਵਾਜ਼ ਮਾਰਦਿਆਂ ਕਿਹਾ। ਰਵੀ ਦੇ ਆੳਂੁਣ ਤੋਂ ਪਹਿਲਾਂ ਹੀ ਰਾਜ ਬੋਲਿਆ, “ ਭਾਬੀ ਜੀ, ਅਸੀ ਇਹਨਾਂ ਦੇ ਕਾਲਜ ਕੋਲ ਦੀ ਹੀ ਲੰਘ ਕੇ ਜਾਣਾ ਹੈ, ਇਹਨਾਂ ਨੂੰ ਛੱਡ ਦੇਵਾਂਗੇ।”
ਰਾਜ ਦੇ ਮੱਮੀ ਜੀਪ ਵਿਚ ਬੈਠਦੇ ਹੀ ਨੀਲਮ ਕੋਲੋ ਉਸ ਦੇ ਪਰਿਵਾਰ ਬਾਰੇ ਪੁੱਛਣ ਲੱਗ ਪਏ। ਰਾਜ ਨੂੰ ਇਹ ਗੱਲ ਚੰਗੀ ਤਾਂ ਨਹੀ ਲੱਗੀ, ਪਰ ਉਹ ਚੁੱਪ ਰਿਹਾ। ਕਾਲਜ ਦੇ ਕੋਲ ਨੀਲਮ ਨੂੰ ਉਤਾਰਦੇ ਹੋਏ, ਰਾਜ ਨੇ ਉਸ ਨੂੰ ਫਿਰ ਮਿਲਣ ਲਈ ਆਖਿਆ ਅਤੇ ਉਹ ਮੁਸਕਰਾਂਦੀ ਹੋਈ ਅੱਛਾ ਕਹਿ ਗਈ। ਮੱਮੀ ਕਾਫ਼ੀ ਖੁਸ਼ ਸਨ ਅਤੇ ਰਾਜ ਨੂੰ ਪੁੱਛਣ ਲੱਗੇ, “ਤੈਨੂੰ ਇਹ ਲੜਕੀ ਕਿਹੋ ਜਿਹੀ ਲੱਗੀ?”
“ਲੜਕੀਆਂ ਵਰਗੀ ਲੜਕੀ ਹੈ, ‘ਆਲ ਰਾਈਟ’।” ਰਾਜ ਨੇ ਬੇ ਧਿਆਨੇ ਜਿਹੇ ਕਿਹਾ।
“ਅੱਛਾ, ਗੱਲਾਂ ਤਾਂ ਉਸ ਨਾਲ ਬਹੁਤ ਖੁਸ਼ ਹੋ ਕੇ ਕਰ ਰਿਹਾ ਸੀ।”
“ਜਿਸ ਤਰ੍ਹਾਂ ਤੁਸੀ ਸਮਝੋ।” ਰਾਜ ਨੇ ਮੁਸਕਰਾਂਦੇ ਹੋਏ ਕੋਠੀ ਅੱਗੇ ਜੀਪ ਖੜ੍ਹੀ ਕਰਦੇ ਕਿਹਾ।
ਰਾਜ ਦੇ ਦਿਲ ਦਿਮਾਗ਼ ਉੱਪਰ ਨੀਲਮ ਦੀ ਸੂਰਤ ਛੱਪ ਚੁੱਕੀ ਸੀ। ਇਸ ਗੱਲ ਦਾ ਪਤਾ ਉਸ ਨੂੰ ਨੀਲਮ ਦੇ ਮਿਲਣ ਤੋਂ ਦੋ ਦਿਨ ਬਾਅਦ ਲੱਗਾ। ਉਸ ਦਾ ਮਨ ਨਾ ਘਰ ਵਿਚ ਲੱਗਦਾ ਸੀ ਅਤੇ ਨਾ ਦਫ਼ਤਰ ਵਿਚ। ਜਦੋ ਉਸ ਕੋਲੋ ਰਿਹਾ ਨਾ ਗਿਆ। ਉਹ ਹਫ਼ਤੇ ਬਾਅਦ ਨੀਲਮ ਨੂੰ ਮਿਲਣ ਚਲਾ ਗਿਆ। ‘ਹੋਸਟਲ’ ਦੀ ‘ਵਾਰਡਨ’ ਪਹਿਲਾ ਤਾਂ ਨੀਲਮ ਨੂੰ ਬੁਲਾ ਲਿਆਉਣ ਲਈ ਜਕੋਤੱਕੀ ਕਰਦੀ ਰਹੀ। ਪਰ ਜਦੋ ਰਾਜ ਨੇ ਕਿਹਾ ਕਿ ਸਾਡੀ ਮੰਗਣੀ ਹੋਣ ਵਾਲੀ ਹੈ ਅਤੇ ਮੈਨੂੰ ਜ਼ਰੂਰੀ ਕੰਮ ਹੈ। ਫਿਰ ਉਹ ਨੀਲਮ ਨੂੰ ਲੈ ਆਈ। ਨੀਲਮ ਰਾਜ ਨੂੰ ਦੇਖ ਕੇ ਉਂਝ ਤਾਂ ਖੁਸ਼ ਹੀ ਹੋਈ ਪਰ ਵਿਖਾਵੇ ਲਈ ਕਹਿਣ ਲੱਗੀ, “ਹਫ਼ਤੇ ਬਾਅਦ ਹੀ ਹਜ਼ੂਰ ਨੂੰ ਜ਼ਰੂਰੀ ਕੰਮ ਕੀ ਪੈ ਗਿਆ?”
“ਇੱਕ ਹਫ਼ਤਾ ਤਾਂ ਬਹੁਤ ਹੈ, ਆਪ ਤੋਂ ਬਗ਼ੈਰ ਇੱਕ ਦਿਨ ਵੀ ਹੁਣ ਔਖਾ ਲੱਗਦਾ ਹੈ।” ਰਾਜ ਨੇ ਗੱਲ ਸਪੱਸ਼ਟ ਕਰ ਦਿੱਤੀ।
“ ਹਾਲਾਤ ਇਥੋ ਤੱਕ ਵਿਗੜ ਗਏ” ਇਹ ਕਹਿ ਕੇ ਨੀਲਮ ਮਿੰਨਾ ਜਿਹਾ ਹੱਸੀ।
ਨੀਲਮ ਨੇ ਰਾਜ ਨੂੰ ਐਤਵਾਰ ਆਉਣ ਲਈ ਕਿਹਾ। ਕਿਉਕਿ ਹਰ ਐਤਵਾਰ ‘ਹੋਸਟਲ’ ਦੀਆਂ ਕੁੜੀਆਂ ਨੂੰ ਬਜ਼ਾਰ ਜਾਣ ਲਈ ਸਮਾਂ ਦਿੱਤਾ ਜਾਂਦਾ ਸੀ। ਥੋੜ੍ਹੀ ਦੇਰ ਉਹ ਗੱਲਾਂ ਕਰਨ ਤੋਂ ਬਾਅਦ ਐਤਵਾਰ ਫਿਰ ਮਿਲਨ ਦਾ ਵਾਅਦਾ ਕਰਕੇ ਉੱਥੋ ਆ ਗਿਆ।
ਐਤਵਾਰ ਜਦੋ ਨੀਲਮ ਅਤੇ ਰਾਜ ‘ਰੈਸਟੋਰੈਂਟ’ ਵਿਚ ਬੈਠੇ ਚਾਹ ਪੀ ਰੇਹੇ ਸਨ। ਰਾਜ ਦਾ ਦੋਸਤ ਕਰਣਜੀਤ ਆ ਗਿਆ। ਨੀਲਮ ਦੀ ਗੱਲਬਾਤ ਅਤੇ ਉਸ ਦੀ ਸ਼ਖਸ਼ੀਅਤ ਨਾਲ ਉਹ ਕਾਫ਼ੀ ਪ੍ਰਭਾਵਤ ਹੋਇਆ। ਉਸ ਨੇ ਰਾਜ ਨੂੰ ਕਹਿ ਹੀ ਦਿੱਤਾ, “ ਰਾਜ, ਤੈਨੂੰ ਤੇਰੇ ਖਿਆਲਾਂ ਦੀ ਕੁੜੀ ਮਿਲ ਗਈ ਹੈ। ਹੁਣ ਝੱਟ ਮੰਗਣੀ ਪੱਟ ਵਿਆਹ ਕਰ ਲੈ।”
“ਮੱਮੀ ਜੀ ਅਤੇ ਸੁਧਾ ਭਾਬੀ ਜੀ ਨੀਲਮ ਦੇ ਮਾਤਾ ਪਿਤਾ ਜੀ ਨਾਲ ਸਾਡੀ ਮੰਗਣੀ ਦੀ ਗੱਲ ਕਰ ਆਏ ਹਨ, ਵਿਆਹ ਦੀ ਸਕੀਮ ਵੀ ਨਾਲ ਹੀ ਬਣ ਰਹੀ ਹੈ।” ਰਾਜ ਨੇ ਨੀਲਮ ਵੱਲ ਪਿਆਰ ਭਰੀ ਨਜ਼ਰ ਨਾਲ ਦੇਖਦੇ ਹੋਏ ਕਿਹਾ।
ਨੀਲਮ ਦੇ ਕਾਲਜ ਵਿਚ ਕੋਈ ਸਭਿਆਚਾਰਕ ਪ੍ਰੋਗਰਾਮ ਹੋ ਰਿਹਾ ਸੀ। ਜਿਸ ਵਿਚ ਕਈ ਲੀਡਰ ਅਤੇ ਗਾਇਕ ਆ ਰੇਹੇ ਸਨ। ਨੀਲਮ ਨੇ ਆਪਣੇ ਸਾਰੇ ਪਰਿਵਾਰ ਨੂੰ ਵੀ ਬੁਲਾਇਆ ਸੀ। ਰਾਜ ਨੇ ਕਰਣਜੀਤ ਨੂੰ ਵੀ ਆੳਂੁਣ ਲਈ ਕਿਹਾ।
ਪ੍ਰੋਗਰਾਮ ਵਾਲੇ ਦਿਨ ਸਾਰੇ ਸਮੇਂ ਉੱਪਰ ਪਹੁੰਚ ਗਏ। ਨੇਤਾਂਵਾ ਦੇ ਭਾਸ਼ਨਾ ਤੋਂ ਬਾਅਦ ਰੰਗਾ ਰੰਗ ਪ੍ਰੋਗਰਾਮ ਸ਼ੁਰੂ ਹੋ ਗਿਆ। ਵਿਚੋਂ ਹੀ ਇਕ ਗਾਇਕ ਨੇ ਇਕ ਲਚਰ ਕਿਸਮ ਦਾ ਗੀਤ ਗਾਉਣਾ ਸ਼ੁਰੂ ਕਰ ਦਿੱਤਾ।ਕਈ ਲੀਡਰ ਸਹਿਬਾਨ ਤਾਂ ਗੀਤ ਸੁਣ ਕੇ ਖੁਸ਼ ਹੋ ਰੇਹੇ ਸਨ। ਪਰ ਕਈ ਅਣਖ ਵਾਲੇ ਲੋਕ ਉੱਠ ਕੇ ਚਲੇ ਗਏ। ਇਤਨੇ ਨੂੰ ਇਕ ਨੋਜਵਾਨ ਸਟੇਜ ਉੱਪਰ ਆਇਆ ਅਤੇ ਉਸ ਨੇ ਗਾਇਕ ਨੂੰ ਬੇਨਤੀ ਕੀਤੀ ਕਿ ਉਹ ਗੀਤ ਨਾ ਗਾਵੇ। ਗਾਇਕ ਗੀਤ ਗਾਉਣ ਲਈ ਬਜ਼ਿੱਦ ਸੀ ਅਤੇ ਨੋਜਵਾਨ ਗੀਤ ਬੰਦ ਕਰਵਾਉਣ ਲਈ। ਸਟੇਜ ਉੱਪਰ ਰੋਲਾ ਪੈ ਗਿਆ। ਰਾਜ ਨੇ ਸਟੇਜ ਉੱਪਰ ਪਹੁੰਚ ਕੇ ਠੀਕ ਕਾਰਵਾਈ ਕਰਕੇ ਸਾਰੇ ਮਹੌਲ ਨੂੰ ਸ਼ਾਤ ਕੀਤਾ। ਕਾਫ਼ੀ ਲੜਕੇ ਸਟੇਜ ਦੇ ਦੁਆਲੇ ਇੱਕਠੇ ਹੋ ਗਏ। ਗਾਇਕ ਨੂੰ ਸਟੇਜ ਦੇ ਪਿਛੋਂ ਦੀ ਬਾਹਰ ਭੇਜ ਕੇ ਪ੍ਰੋਗਰਾਮ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ।
ਪ੍ਰੋਗਰਾਮ ਤੋਂ ਮੁੜਦਿਆਂ ਹੀ ਰਾਜ ਦੇ ਮੱਮੀ ਜੀ ਦੀ ਤਬੀਅਤ ਖ਼ਰਾਬ ਹੋ ਗਈ। ‘ਚੈਕਅੱਪ’ ਕਰਾਉਣ ਉੱਪਰ ਪਤਾ ਲੱਗਾ ਉਹਨਾਂ ਦੀ ਛਾਤੀ ਵਿੱਚ ਕੋਈ ਗਟੋਲੀ ਹੈ। ਮੱਮੀ ਦੀ ਸਿਹਤ ਦਿਨੋ ਦਿਨ ਵਿਗੜਦੀ ਜਾ ਰਹੀ ਸੀ। ਡਾਕਟਰ ਨੇ ਦੱਸਿਆ ਕਿ ‘ਅਪਰੇਸ਼ਨ’ ਵੀ ਨਹੀ ਹੋ ਸਕਦਾ ਰੋਗ ਜ਼ਿਆਦਾ ਵੱਧ ਗਿਆ ਹੈ। ਰਾਜ ਦੇ ਵਿਆਹ ਦੀ ਤਾਰੀਖ ਰੱਖ ਲਈ ਗਈ। ਪਰ ਮੱਮੀ ਦੀ ਕਿਸਮਤ ਵਿੱਚ ਵਿਆਹ ਦੇਖਣਾ ਨਹੀ ਲਿਖਿਆ ਸੀ। ਉਹ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ। ਮੱਮੀ ਦੇ ਵਿਛੌੜੇ ਨਾਲ ਰਾਜ ਆਪਣੇ ਆਪ ਨੂੰ ਯਤੀਮ ਜਿਹਾ ਮਹਿਸੂਸ ਕਰਨ ਲੱਗਾ।
ਇਕ ਦਿਨ ਨੀਲਮ ਰਾਜ ਦੇ ਘਰ ਆਈ ਅਤੇ ਦੇਖਿਆ ਕਿ ਰਾਜ ਉਦਾਸੀ ਵਿਚ ਘਿਰਿਆ ਪਿਆ ਹੈ। ਨੀਲਮ ਉਸ ਨੂੰ ਬਾਹਰ ਝੀਲ ਦੇ ਕਿਨਾਰੇ ਖੁਲ੍ਹੀ ਹਵਾ ਵਿਚ ਲੈ ਗਈ। ਉਹ ਸੁੰਨ-ਸਾਨ ਥਾਂ ਉੱਪਰ ਬੈਠ ਗਏ। ਰਾਜ ਨੇ ਲੰਮਾ ਹਾਉਕਾ ਭਰਿਆ ਅਤੇ ਆਪਣਾ ਸਿਰ ਨੀਲਮ ਦੀ ਗੋਦੀ ਵਿਚ ਰੱਖ ਦਿੱਤਾ।ਜਦੋ ਨਲਿਮ ਨੇ ਪਿਆਰ ਨਾਲ ਉਸ ਨੂੰ ਆਪਣੇ ਨਾਲ ਘੁੱਟ ਲਿਆ ਤਾਂ ਰਾਜ ਦੀਆਂ ਅੱਖਾਂ ਵਿਚੋਂ ਹਝੂੰਆ ਦੀ ਝੱੜੀ ਲੱਗ ਤੁਰੀ। ਨੀਲਮ ਨੂੰ ਉਹ ਸ਼ਬਦ ਸੁੱਝ ਨਹੀ ਰੇਹੇ ਸਨ ਜਿਨਾਂ ਨਾਲ ਰਾਜ ਦਾ ਗ਼ਮ ਘੱਟ ਹੋ ਸਕੇ। ਫਿਰ ਅਚਾਨਕ ਹੀ ਨੀਲਮ ਨੇ ਆਪਣਾ ਉਹ ਹੀ ਪੁਰਾਣਾ ਗੀਤ ਗੁਣਗਣਾਇਆ “ਜ਼ਿਦੰਗੀ ਮੇ ਗ਼ਮ ਵੀ ਮਿਲਤੇ ਰਹੈਥੇ ਹੈਂ, ਸਮਝੌਤਾ…।” ਇਹ ਗਾਣਾ ਸੁਨਣ ਤੋਂ ਬਾਅਦ ਰਾਜ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸ ਨੂੰ ਕੁੱਝ ਚੈਨ ਆ ਗਿਆ ਹੋਵੇ ਅਤੇ ਉਹ ਝੀਲ ਵਿਚਲੇ ਅਸਮਾਨੀ ਰੰਗ ਦੇ ਪਾਣੀ ਨੂੰ ਆਸ ਭਰੀ ਨਜ਼ਰ ਨਾਲ ਦੇਖਣ ਲੱਗਾ।
ਰਾਜ ਇਕੱਲਾ ਹੋਣ ਕਰਕੇ ਜ਼ਿਆਦਾ ਤਰ ਸੁਧਾ ਅਤੇ ਰਵੀ ਦੇ ਘਰ ਹੀ ਰਹਿੰਦਾ ਸੀ।ਰਾਜ ਪੁਲੀਸ ਵਿਚ ਹੋਣ ਦੇ ਵਾਬਜੂਦ ਵੀ ਬਹੁਤ ਇਮਾਨਦਾਰ ਸੀ। ਲੋਕੀ ਉਸ ਦੀ ਕਾਫ਼ੀ ਇੱਜ਼ਤ ਕਰਦੇ ਸਨ। ਜਦੋ ਕਿ ਉਨੀ ਦਿਨੀ ਪੁਲੀਸ ਝੂਠੇ ਮੁਕਾਬਲੇ ਬਣਾਉਣ ਵਿਚ ਮਸ਼ਹੂਰ ਸੀ। ਇਕ ਦਿਨ ਜਦੋ ਰਾਜ ਜੇਹਲ ਕੋਲ ਦੀ ਲੰਘ ਰਿਹਾ ਸੀ ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਕਾਲਜ ਵਾਲਾ ਉਹ ਨੋਜਵਾਨ ਇਕ ਕੈਦੀ ਸੀ। ਰਾਜ ਨੇ ਜਦੋ ਉਸ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਹ ਉਸ ਗਾਇਕ ਕਰਕੇ ਹੀ ਕੈਦ ਹੈ। ਕਿਉਕਿ ਥੋੜੇ ਦਿਨ ਪਹਿਲਾਂ ਹੀ ਉਸ ਗਾਇਕ ਦਾ ਕਤਲ ਹੋ ਗਿਆ ਸੀ। ਉਹ ਗਾਇਕ ਲਚਰ ਗਾਣੇ ਗਾਉਣ ਲਈ ਪ੍ਰਸਿਧ ਹੋ ਚੁੱਕਾ ਸੀ। ਉਸ ਵੇਲੇ ਖਾੜਕੂ ਲਹਿਰ ਵੀ ਜ਼ੋਰਾਂ ‘ਤੇ ਸੀ। ਉਸ ਨੂੰ ਮਾਰਨ ਤੋਂ ਪਹਿਲਾਂ ਉਸ ਨੂੰ ਚਿੱਠੀਆਂ ਵੀ ਮਿਲੀਆਂ ਸਨ ਕਿ ਜ਼ਾਂ ਤਾਂ ਉਹ ਲਚਰ ਗਾਇਕੀ ਬੰਦ ਕਰੇ ਜਾਂ ਫਿਰ ਗੱਡੀ ਚੜ੍ਹਨ ਲਈ ਤਿਆਰ ਹੋ ਜਾਵੇ।ਫਿਰ ਲੋਕਾਂ ਨੇ ਉਸ ਦੇ ਕਤਲ ਹੋਣ ਦਾ ਅਖ਼ਬਾਰਾਂ ਵਿਚ ਹੀ ਪੜ੍ਹਿਆ। ਰਾਜ ਨੂੰ ਪੱਕਾ ਯੱਕੀਨ ਸੀ ਕਿ ਉਸ ਨੋਜਵਾਨ ਦਾ ਗਾਇਕ ਦੇ ਕਤਲ ਨਾਲ ਕੋਈ ਸੰਬਧ ਨਹੀ ਸੀ। ਫਿਰ ਵੀ ਉਸ ਨੂੰ ਦਿਨ ਰਾਤ ਤਸੀਹੇ ਦਿੱਤੇ ਜਾ ਰੇਹੇ ਸਨ। ਰਾਜ ਨੂੰ ਡਰ ਸੀ ਕਿ ਕਿਤੇ ਇਸ ਨੋਜਵਾਨ ਦਾ ਵੀ ਪੁਲੀਸ ਮੁਕਾਬਲਾ ਨਾ ਬਣਾ ਦਿੱਤਾ ਜਾਵੇ। ਜਦੋ ਨੀਲਮ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਹੈਰਾਨੀ ਨਾਲ ਕਿਹਾ, “ ਉਹ ਨੋਜਵਾਨ ਤਾਂ ਸਾਡੇ ਕਾਲਜ ਦਾ ਹੋਣਹਾਰ ਵਿਦਿਆਰਥੀ ਹੈ।ਉਸ ਨੂੰ ਕੈਦ ਕਿਉਂ ਕੀਤਾ ਗਿਆ?”
“ਅੱਜ ਕੱਲ੍ਹ ਪੁਲੀਸ ਇਹ ਨਹੀ ਦੇਖਦੀ ਕਿ ਹੋਣਹਾਰ ਜਾਂ ਬਦਮਾਸ਼ ਕੋਣ ਹੈ।” ਰਾਜ ਨੇ ਨੀਲਮ ਨੂੰ ਪੁਲੀਸ ਦਾ ਅਸਲੀ ਕਿਰਦਾਰ ਦੱਸਿਆ।
ਉੱਧਰ ਕਰਣਜੀਤ, ਰਵੀ ਅਤੇ ਸੁਧਾ, ਰਾਜ ਅਤੇ ਨੀਲਮ ਦੀ ਸ਼ਾਦੀ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਸਨ। ਪਰ ਰਾਜ ਨੂੰ ਉਸ ਨੋਜਵਾਨ ਦਾ ਫ਼ਿਕਰ ਸੀ। ਉਹ ਕਿਸੇ ਤਰ੍ਹਾਂ ਉਸ ਨੂੰ ਜੇਹਲ ਵਿਚੋਂ ਅਜ਼ਾਦ ਕਰਵਾਉਣਾ ਚਾਹੁੰਦਾ ਸੀ। ਰਾਜ ਨੂੰ ਇਕ ਸਿਪਾਹੀ ਨੇ ਸੂਹ ਦਿੱਤੀ ਕਿ ਉਸ ਨੋਜਵਾਨ ਨੂੰ ਮਾਰਨ ਦੀਆਂ ਸਕੀਮਾਂ ਘੜ ਹੋ ਚੁੱਕੀਆਂ ਹਨ। ਰਾਜ ਨੇ ਜਦੋ ਉਸ ਜੇਹਲ ਦੇ ਥਾਣੇਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਸਾਫ਼ ਕਹਿ ਦਿੱਤਾ, “ਦੇਖੋ ਸਾਬ੍ਹ! ਜੋ ਕੁੱਝ ਵੀ ਹੋ ਰਿਹਾ ਹੈ। ਉਹ ਸਭ ਆਪ ਨੂੰ ਵੀ ਪਤਾ ਹੈ। ਤੁਸੀ ਇਸ ਕੇਸ ਵਿਚ ਨਰਮੀ ਦਿਖਾ ਰੇਹੇ ਹੋ। ਇਸ ਕਰਕੇ ਉੱਪਰਲੇ ਸਿੱਧੀ ਗੱਲ ਮੇਰੇ ਨਾਲ ਕਰਦੇ ਹਨ।”
“ਮੈਨੂੰ ਪਤਾ ਹੈ, ਅੱਜਕੱਲ੍ਹ ਜੋ ਵੀ ਪੁਲੀਸ ਵਿਚ ਹੋ ਰਿਹਾ ਉਹ ਪੁਲੀਸ ਵਿਭਾਗ ਦੇ ਮੁਖੀ ਅਤੇ ਸਮੇਂ ਦੀ ਸਰਕਾਰ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ।” ਰਾਜ ਨੇ ਲਚਾਰ ਹੋ ਕੇ ਕਿਹਾ, “ਪਰ ਫਿਰ ਵੀ ਸਾਨੂੰ ਜ਼ੁਲਮ ਦੇ ਖਿਲਾਫ਼ ਕੁੱਝ ਕਰਨਾ ਚਾਹੀਦਾ ਹੈ।”
“ ਇਹ ਤਾਂ ਜੀ ਜ਼ੁਲਮ ਕਰਨ ਵਾਲੇ ਜਾਨਣ ਜਾਂ ਰੋਕਣ ਵਾਲੇ। ਸਾਨੂੰ ਤਾਂ ਇਨਾਂਮਾ ਨਾਲ ਮਤਲਵ ਹੈ।” ਥਾਣੇਦਾਰ ਨੇ ਖਚਰੇ ਹਾਸੇ ਨਾਲ ਕਿਹਾ।
ਜਿਸ ਰਾਤ ਉਸ ਨੋਜਵਾਨ ਨੂੰ ਨਹਿਰ ਦੇ ਕੰਡੇ ਉੱਪਰ ਲਿਜਾ ਕੇ ਉਸ ਦਾ ਪੁਲੀਸ ਮੁਕਾਬਲਾ ਬਣਾਉਣਾ ਸੀ। ਇਸ ਗੱਲ ਦਾ ਰਾਜ ਨੂੰ ਪਹਿਲਾਂ ਪਤਾ ਲੱਗਣ ਕਾਰਣ, ਉਹ ਆਪਣੀ ਜੀਪ ਲੈ ਕੇ ਥਾਣੇ ਦੇ ਲਾਗੇ ਉਹਲੇ ਝਾੜੀਆਂ ਦੇ ਕੋਲ ਖਲੋ ਗਿਆ। ਥੋੜੀ ਦੇਰ ਬਾਅਦ ਜਦੋ ਥਾਣੇਦਾਰ ਅਤੇ ਦੋ ਸਿਪਾਹੀ ਉਸ ਨੋਜਵਾਨ ਦੇ ਹੱਥ ਪੈਰ ਬੰਨੀ ਲਈ ਆ ਰੇਹੇ ਸਨ। ਰਾਜ ਇੱਕਦਮ ਉਹਨਾਂ ਦੇ ਅੱਗੇ ਆ ਗਿਆ। ਉਸ ਨੇ ਹਵਾ ਵਿਚ ਫਾਇਰ ਕਰਦੇ ਹੋਏ ਥਾਣੇਦਾਰ ਨੂੰ ਰੁਕਣ ਲਈ ਕਿਹਾ ਅਤੇ ਅਗਾਹ ਕੁੱਝ ਸੋਚਦਾ ਤਾੜ ਤਾੜ ਕਰਦੀਆਂ ਗੋਲੀਆਂ ਉਸ ਦਾ ਸੀਨਾ ਚੀਰ ਗਈਆਂ।
ਸਵੇਰ ਨੂੰ ਟੀ. ਵੀ ਉੱਪਰ ਖ਼ਬਰ ਆ ਰਹੀ ਸੀ ਕਿ ਰਾਤੀ ਇਕ ਅੱਤਵਾਦੀ ਜੇਹਲ ਤੋੜ ਕੇ ਦੌੜ ਰਿਹਾ ਸੀ। ਜਦੋ ਰਾਜ ਨਾਂ ਦੇ ਇੰਨਸਪੈਕਟਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਅੱਤਵਾਦੀ ਨੇ ਇਨਸਪਕੈਟਰ ਦੇ ਪਿਸਤੌਲ ਨਾਲ ਹੀ ਉਸ ਦੀ ਹੱਤਿਆ ਕਰ ਦਿੱਤੀ। ਪਰ ਬਹਾਦਰ ਥਾਣੇਦਾਰ ਨੇ ਆਪਣੀ ਮੌਤ ਦੀ ਪ੍ਰਵਾਹ ਕੀਤੇ ਬਿਨਾਂ ਉਸ ਅੱਤਵਾਦੀ ਦਾ ਪਿਛਾ ਕੀਤਾ। ਨਹਿਰ ਦੇ ਕੰਢੇ ਦੋਹਾਂ ਵਿਚਾਲੇ ਗੋਲੀਆਂ ਚਲਦੀਆਂ ਰਹੀਆਂ ਅਤੇ ਅੰਤ ਨੂੰ ਅੱਤਵਾਦੀ ਮਾਰਿਆ ਗਿਆ।
ਰਾਜ ਦੀ ਮੋਤ ਨਾਲ ਰਵੀ ਦੇ ਘਰ ਸੋਗ ਦੀ ਲਹਿਰ ਦੌੜ ਗਈ। ਸੁਧਾ ਅਤੇ ਰਵੀ ਅੱਤਵਾਦੀਆਂ ਨੂੰ ਦਿਨ ਰਾਤ ਕੋਸਦੇ। ਕਿਉਕਿ ਰਾਜ ਦੀ ਮੌਤ ਕਿਸ ਤਰ੍ਹਾਂ ਹੋਈ, ਇਸ ਵਿਚਲੇ ਭੇਦ ਨੂੰ ਕੋਈ ਵੀ ਨਹੀ ਸੀ ਜਾਣਦਾ।
ਨੀਲਮ ਨੇ ਤਾਂ ਚੁੱਪ ਧਾਰ ਲਈ ਸੀ। ਨਾ ਉਹ ਰੋਂਦੀ ਸੀ ਨਾ ਕੁੱ੍ਹਝ ਬੋਲਦੀ ਸੀ। ਸਾਰੇ ਰਿਸ਼ਤੇਦਾਰ ਸੱਜਣ ਮਿੱਤਰ ਯਤਨ ਕਰ ਰੇਹੇ ਸਨ ਕਿ ਕਿਸੇ ਤਰ੍ਹਾਂ ਨੀਲਮ ਰੋਵੇ। ਪਰ ਨੀਲਮ ਚੁੱਪਧਾਰੀ ਟੀ. ਵੀ ਵੱਲ ਦੇਖੀ ਜਾ ਰਹੀ ਸੀ। ਜਿਸ ਵਿਚ ਉਸ ਥਾਣੇਦਾਰ ਨੂੰ ਤਗਮਾ ਮਿਲਦਾ ਦਿਖਾਇਆ ਜਾ ਰਿਹਾ ਸੀ। ਕਰਣਜੀਤ ਹੌਲੀ ਜਿਹੇ ਆ ਕੇ ਨੀਲਮ ਕੋਲ ਬੈਠ ਗਿਆ। ਪਰ ਨੀਲਮ ਉਸ ਤਰ੍ਹਾਂ ਗੁੰਮ-ਸੁੰਮ ਬੈਠੀ ਅੱਡੀਆਂ ਅੱਖਾਂ ਨਾਲ ਉਸ ਥਾਣੇਦਾਰ ਵੱਲ ਦੇਖੀ ਜਾਵੇ। ਕਰਣਜੀਤ ਨੇ ਉਸ ਦੇ ਖਿਲਰੇ ਹੋਏ ਸਿਰ ਉੱਪਰ ਉਸ ਦਾ ਦੁੱਪਟਾ ਦਿੱਤਾ ਅਤੇ ਨਾਲ ਹੀ ਆਪਣੀ ਸੋਜ ਅਵਾਜ਼ ਨਾਲ ਧੀਮਾ ਜਿਹਾ ਨੀਲਮ ਵਾਲਾ ਹੀ ਗੀਤ ਗਾਉਣਾ ਅੰਰਭਿਆ “ਜ਼ਿੰਦਗੀ ਮੇ ਗਮ ਵੀ ਮਿਲਤੇ ਰਹਥੇ ਹੈਂ, ਸਮਝੌਤਾ ਗ਼ਮੋਂ ਸੇ ਕਰ ਲਉ”… ਗਾਣੇ ਦੇ ਬੋਲਾਂ ਦੀ ਸੁਨਣ ਦੀ ਹੀ ਦੇਰ ਸੀ ਕਿ ਨੀਲ਼ਮ ਕਰਣਜੀਤ ਦੇ ਗੱਲ ਲਗ ਕੇ ਧਾਹਾਂ ਮਾਰ ਮਾਰ ਕੇ ਰੋਣ ਲੱਗ ਪਈ।