ਕਰਜ਼ (ਕਹਾਣੀ)

ਹਰਭਜਨ ਸਿੰਘ   

Email: hasing41@gmail.com
Cell: +91 95820 64151
Address: 17/30 ਗੀਤਾ ਕਾਲੋਨੀ
ਦਿਲੀ India 110 031
ਹਰਭਜਨ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰਾਤ ਦਾ ਅਖੀਰਲਾ ਪਹਿਰ ਹੋਣ ਦੇ ਕਾਰਣ ਪਾਲਾ ਇਨਾਂ ਵੱਧ ਗਿਆ ਸੀ ਕਿ  ਫਟੇ-ਪੁਰਾਣੇ ਕਪੜਿਆਂ ਵਿਚ ਸ਼ੀਤਲ ਗੱਠਰ ਵਾਂਗ ਸੁਕੜ ਗਿਆ ਸੀ । ਜਿਵਂੇ-ਜਿਵੇਂ ਚਾਨਣਾ ਹੁੰਦਾ ਜਾ ਰਿਹਾ ਸੀ, ਸੜਕ ਉਤੇ ਆਵਾਜਾਈ ਵੱਧ ਗਈ ਸੀ । ਚਾਹ ਵਾਲਿਆਂ ਨੇ ਵੀ  ਆਪਣੀਆਂ ਅੰਗੀਠੀਆਂ ਲਾ ਲਈਆਂ ਸਨ । ਅਖਬਾਰ ਵਾਲੀ ਗਡੀ ਜਾ ਚੁੱਕੀ ਸੀ । ਇਕ ਬੁੱਢਾ ਅਖਬਾਰਾਂ ਦਾ ਬੰਢਲ ਆਪਣੀ ਹਿੱਕ ਨਾਲ ਲਾ ਕੇ ਸੜਕ ਪਾਰ ਕਰ ਰਿਹਾ ਸੀ । ਕੁਤਾ ਪਤਾ ਨਹੀਂ ਕਦੋਂ ਗੁੱਦੜ ਨੂੰ ਲੱਤ ਮਾਰ ਕੇ ਚਾਹ ਵਾਲੇ ਦੀ ਦੁਕਾਨ ਦੇ ਅੱਗੇ ਖੜੋ ਕੇ ਆਪਣੀ ਦੁੰਮ ਨੂੰ ਹਿਲਾ-ਹਿਲਾ ਕੇ ਦੁਕਾਨਦਾਰ ਨੂੰ ਆਪਣੇ ਆਉਣ ਬਾਰੇ ਦੱਸ ਰਿਹਾ ਸੀ । ਸ਼ਾਇਦ ਅੱਜ ਵੀ ਰੋਜ਼ ਵਾਂਗ ਕੋਈ ਟੁੱਕੜ ਖਾਣ ਲਈ ਮਿਲ ਜਾਵੇ । ਜਦ ਉਹਦੇ ਢਿੱਡ ਉਤੇ ਦੁਕਾਨਦਾਰ ਦੀ ਚੱਪਲ ਹਵਾਈ ਵਾਂਗ ਉਡਦੀ ਹੋਈ ਆਈ ਤੇ ਠੰਡ ਦੇ ਮੋਸਮ ਵਿਚ ਸੁਕੜੇ ਹੋਏ ਭੁਖੇ ਢਿੱਡ ਉਤੇ ਆ ਪਈ, ਤਾਂ ਉਸ ਕੁੱਤੇ ਦੀ ਆਸ ਟੁੱਟ ਗਈ। ਚੋਟ ਦੀ ਪੀੜ ਦੇ ਕਾਰਣ ਓਹ ਚੀਖਦਾ ਹੋਇਆ ਥੋੜੀ ਦੂਰ ਜਾ ਕੇ ਬਹਿ ਗਿਆ । ਉਸ ਦੀ ਪੀੜ ਪਹਿਲੇ ਤੋਂ ਜ਼ਿਆਦਾ ਹੋ ਗਈ ਸੀ । ਉਥੋਂ ਉਠ ਕੇ ਓਹ ਫਿਰ ਗੁੱਦੜ ਵੱਲ ਗਿਆ । ਕੱਤੇ ਨੂੰ ਰੋਂਦਿਆਂ ਦੇਖ ਕੇ ਸ਼ੀਤਲ ਦੀ ਸਿਗਰੇਟ ਹਥੋਂ ਡਿਗ ਪਈ । ਛੇਤੀ ਨਾਲ ਜਾ ਕੇ ਉਹਨੇ ਆਪਣੇ ਪਿਆਰੇ ਕੁੱਤੇ ਬਿੱਟੂ ਨੂੰ ਆਪਣੀ ਛਾਤੀ ਨਾਲ ਲਾ ਲਿਆ, ਜਿਵੇਂ ਕਿ ਮਾਂ ਨੂੰ ਊਸ ਦਾ ਗੁਆਚਿਆ ਹੋਇਆ ਪੁੱਤਰ ਮਿਲ ਗਿਆ ਹੋਵੇ। ਚੋਟ ਉਤੇ ਸ਼ੀਤਲ ਦਾ ਹੱਥ ਲਗਣ ਨਾਲ ਉਹ ਹੋਰ ਵੀ ਜ਼ੋਰ ਦੀ ਰੋਣ ਲੱਗ ਪੈਂਦਾ ਹੈ । ਸ਼ੀਤਲ ਉਹ ਨੂੰ ਖਿੱਚ ਕੇ ਰਜਾਈ ਵਿਚ ਪਾ ਲੈਂਦਾ ਹੈ । ਜਦ ਰਜਾਈ ਦੀ ਗਰਮੀ ਨਾਲ ਚੋਟ ਨੂੰ ਅਰਾਮ ਮਿਲਿਆ ਤਾਂ ਕੁੱਤਾ ਚੁੱਪ ਹੋ ਗਿਆ ।
      ਸ਼ੀਤਲ ਨੇ ਆਪਣਾ ਸਮਾਨ ਸਾਂਭਿਆ ਤੇ ਹੋਲੀ-ਹੋਲੀ ਆਪਣੀ ਥਾਂ ਤੇ ਆ ਕੇ ਉਹ ਨੇ ਕੁੱਤੇ ਨੂੰ ਗੁਦੜ ਸਮੇਤ ਖੰਭੇ ਨਾਲ ਬਿਠਾ ਦਿਤਾ । ਸੜਕ ਉਤੇ ਆਵਾਜਾਈ ਵੱਧਦੀ ਜਾ ਰਹੀ ਸੀ। ਉਹਦੇ ਟੇਢੇ ਹੋਏ ਗਿਲਾਸ ਵਿਚ ਰੇਜ਼ਗਾਰੀ ਪੈਣ ਲੱਗ ਪਈ ਸੀ । ਉਹ ਪਿਛਲੇ ਕਈ ਸਾਲਾਂ ਤੋਂ ਇਸ ਥਾਂ ਤੇ ਬੈਠ ਰਿਹਾ ਸੀ । ਉਸ ਨੂੰ ਇਸ ਥਾਂ ਨਾਲ ਲਗਾਉ ਜਿਹਾ ਹੋ ਗਿਆ ਸੀ। ਬਾਰ-ਬਾਰ ਉਹ ਆਣ-ਜਾਣ ਵਾਲਿਆਂ ਅੱਗੇ ਗਿਲਾਸ ਕਰ ਦਿੰਦਾ ਸੀ । ਅਚਾਨਕ ਉਸ ਦੇ ਮੁੰਹੋਂ ਅਸੀਸਾਂ ਨਿਕਲਨ ਲੱਗ ਪੈਂਦੀਆਂ । ਕਦੇ-ਕਦੇ ਤਾਂ ਉਹਦਾ ਚੁਕਿਆ ਹੋਇਆ ਗਿਲਾਸ ਚੁੱਕਿਆ ਹੀ ਰਹਿ ਜਾਂਦਾ । ਗਿਲਾਸ ਵਾਲੇ ਪੈਸੈ ਜ਼ਮੀਨ ਤੇ ਪਾ ਕੇ ਉਹਨਾਂ ਨੂੰ ਗਿਣਵ ਹੀ ਲੱਗਾ ਕਿ ਸੜਕ ਤੇ ਇਕ ਵੈਨ ਆ ਕੇ ਖਲੋ ਗਈ ਤਾਂ ਛੇਤੀ ਛੇਤੀ ਉਹ ਨੇ ਪੈਸੇ ਗਿਲਾਸ ਵਿਚ ਪਾ ਲਏ । ਵੈਨ ਦੇ ਰੁਕਦਿਆਂ ਹੀ ਤਿੰਨ ਚਾਰ ਬੰਦੇ ਕੁੱਤੇ ਵੱਲ ਹੋ ਪਏ । ਇਕ ਬੰਦੇ ਨੇ ਦੋੜ ਕੇ ਗੁੱਦੜ ਸਮੇਤ ਬਿੱਟੂ ਨੂੰ ਚੁੱਕ ਲਿਆ ਤੇ ਵੈਨ ਵੱਲ਼ ਦੋੜ ਪਿਆ । ਸ਼ੀਤਲ ਦੀ ਸਮਝ ਵਿਚ ਕੁਝ ਨਹੀਂ ਆਇਆ । ਜਦ ਉਹਨੇ ਵੈਨ ਵੱਲ ਵੇਖਿਆ ਤੇ ਉਸ ਦੀ ਨਜ਼ਰ ਹੋਰ ਕੁੱਤਿਆਂ ਵੱਲ ਪਈ ਤਾਂ ਉਹ ਘਬਰਾ ਗਿਆ ।
      ਸ਼ੀਤਲ ਨੇ ਦੋੜ ਕੇ ਉਸ ਆਦਮੀ ਕੋਲੋਂ ਆਪਣਾ ਗੁਦੜ ਖੋਇਆ । ਇਸ ਖਿੱਚੇ ਤਾਣ ਵਿਚ ਗੁੱਦੜ ਵਿਚ ਲਪੇਟਿਆ ਬਿੱਟੂ ਗੁੱਦੜ ਖੁਲਣ ਨਾਲ ਸੜਕ ਉਤੇ ਜਾ ਪਿਆ ਤੇ ਦੋੜ ਕੇ ਦੂਰ ਜਾ ਖੜੋਤਾ । ਓਹ ਲਗਾਤਾਰ ਭੋਂਕੀ ਜਾ ਰਿਹਾ ਸੀ । ਕਦੇ ਤਾਂ ਦੋੜ ਕੇ ਕੋਲ ਆਉਂਦਾ ਤੇ ਕਦੇ ਵਾਪਸ ਚਲਾ ਜਾਂਦਾ । ਗੁਦੜ ਨੂ ਉਥੇ ਹੀ ਛੱਡ ਉਹ ਆਦਮੀ ਕੁੱਤੇ ਵਲ ਦੋੜਿਆ । ਕੁੱਤਾ ਭੋਂਕਦਾ-ਭੋਂਕਦਾ ਸੜਕ ਵਲ਼ ਭੱਜੀ ਜਾ ਰਿਹਾ ਸੀ । ਵੈਨ ਨਾਲ ਆਦਮੀ ਉਹਦਾ ਪਿੱਛਾ ਕਰ ਰਹੇ ਸਨ । ਬਿੱਟੂ ਬੜੀ ਤੇਜ਼ ਦੋੜਿਆ । ਜਦ ਵੈਨ ਉਹਦੇ ਕੋਲ ਆ ਕੇ ਰੁਕੀ ਤਾਂ ਕੁੱਤਾ ਬੜੀ ਦੂਰ ਜਾ ਚੁਕਿਆ ਸੀ । ਇੰਨੀਂ ਵੱਡੀ ਵੈਨ ਦਾ ਇੰਨੀ ਭੀੜੀ ਗਲੀ ਵਿਚੋਂ ਲੰਘਣਾ ਕਿਸੇ ਵੀ ਹਾਲਤ ਵਿਚ ਮੁਮਕਿਨ ਨਹੀਂ ਸੀ । ਇਕ ਵੱਡਾ ਚੱਕਰ ਲਾ ਕੇ ਉਹ ਸ਼ੀਤਲ ਕੋਲ ਪਹੁੰਚਿਆ । ਸ਼ੀਤਲ ਦੀ ਹਾਲਤ ਵਿਗੜੀ ਹੋਈ ਸੀ । ਭੱਜ-ਦੋੜ ਵਿਚ ਉਸ ਦਾ ਗਿਲਾਸ ਵੀ ਕਲਾਬਾਜ਼ੀਆਂ ਖਾ ਗਿਆ ਸੀ । ਉਸ ਵਿਚ ਪਏ ਪੈਸੇ ਵੀ ਇਧਰ-ਉਧਰ ਡਿਗ ਪਏ ਸਨ । ਭੀੜ ਵਿਚ ਲੋਕਾਂ ਦੇ ਪੈਰਾਂ ਹੇਠ ਪਏ ਹੋਏ ਨਜ਼ਰ ਆਉਂਦੇ ਸਨ । ਆਪਣੇ ਕੁੱਤੇ ਨੂੰ ਵੇਖ ਕੇ ਉਹ ਉਸ ਨਾਲ ਚੱਮੜ ਗਿਆ । ਬਚਿਆਂ ਵਾਂਗ ਉਸ ਨਾਲ ਪਿਆਰ ਕਰਨ ਲੱਗ ਪਿਆ । ਉਸ ਨੂੰ ਛਾਤੀ ਨਾਲ ਲਾ ਕੇ ਰੋਈ ਜਾ ਰਿਹਾ ਸੀ, ਤੇ ਨਾਲ ਉਸ ਨੂੰ ਪਿਆਰ ਕਰੀ ਜਾ  ਰਿਹਾ ਸੀ ।
      ਸ਼ੀਤਲ ਨੇ ਇਧਰ-ਉਧਰ ਪਿਆ ਸਾਮਾਨ ਸਾਂਭਿਆ, ਡਿੱਗੀ ਹੋਈ ਰੇਜ਼ਗਾਰੀ ਚੱਕੀ ਤੇ ਗਿਲਾਸ ਵਿਚ ਪਾ ਲਈ । ਹੋਲੀ-ਹੋਲੀ ਰਿੜਦਾ ਹੋਇਆ ਉਹ ਚਾਹ ਵਾਲੇ ਦੀ ਦੁਕਾਨ ਦੇ ਅੱਗੇ, ਮੇਜ਼ ਉਤੇ ਉਸ ਨੇ ਆਪਣਾ ਗਿਲਾਸ ਪਲਟ ਦਿਤਾ । ਚਾਹ ਵਾਲੇ ਨੇ ਕੁਝ ਸਿਕੇ ਚੁਕ ਲਏ ਤੇ ਬਾਕੀ ਦੇ ਪੈਸੇ ਸ਼ੀਤਲ ਵੱਲ ਕਰ ਦਿਤੇ । ਉਹ ਫਿਰ ਆਪਣੇ ਸਮਾਨ ਕੋਲ ਆ ਕੇ ਬੈਠ ਗਿਆ। ਸਾਹਮਣਿਓਂ ਕੋਈ ਗੱਡੀ ਆ ਰਹੀ ਸੀ । ਸ਼ੀਤਲ ਘਬਰਾ ਗਿਆ। ਓਹਨੇ ਫਟਾ-ਫਟ ਆਪਣਾ ਗੁੱਦੜ ਚੁੱਕ ਕੇ ਕੁਤੇ ਉਪਰ ਪਾ ਦਿਤਾ । ਉਹ ਡਰ ਗਿਆ ਸੀ ਕਿ ਸ਼ਾਇਦ ਉਹੀ ਵੈਨ ਵਾਪਿਸ ਤੇ ਨਹੀਂ ਆ ਗਈ । ਪ੍ਰੰਤੂ ਉਸ ਦੇ ਕੋਲੋਂ ਦੀ ਵੈਨ ਮਿੱਟੀ ਉਡਾਉਂਦੀ ਚਲੀ ਗਈ । ਇਹ ਕੋਈ ਹੋਰ ਵੈਨ ਸੀ । ਸ਼ੀਤਲ ਦੀ ਜਾਨ ਵਿਚ ਜਾਨ ਆਈ ।
      ਚਾਹ ਵਾਲਾ ਚਾਹ ਲੈ ਕੇ ਸ਼ੀਤਲ ਵੱਲ ਆਇਆ । ਸ਼ੀਤਲ ਨੇ ਗਿਲਾਸ ਵਿਚੋਂ ਪੈਸੇ ਕੱਢ ਕੇ ਚਾਹ ਗਿਲਾਸ ਵਿਚ ਪੁਆ ਲਈ । ਕੁੱਤਾ ਵੀ ਮੂੰਹ ਵਿਚ ਰਸ ਦਬਾ ਕੇ ਇਕ ਪਾਸੇ ਜਾ ਕੇ ਬੈਠ ਗਿਆ । ਸ਼ੀਤਲ ਨੇ ਚਾਹ ਪੀ ਕੇ ਆਪਣੇ ਕੁਰਤੇ ਨਾਲ ਗਿਲਾਸ ਨੂੰ ਸਾਫ ਕਰ ਲਿਆ ਤੇ ਰੇਜ਼ਗਾਰੀ ਵਾਪਿਸ ਗਿਲਾਸ ਵਿਚ ਪਾ ਲਈ । ਸ਼ੀਤਲ ਡਰਿਆ ਹੋਇਆ ਸੀ । ਉਹ ਵਾਪਿਸ ਥਾਂ ਤੇ ਜਾਣ ਲਈ ਉਠਿਆ ਹੀ ਸੀ ਕਿ ਚਾਹ ਵਾਲੇ ਦੀ ਦੁਕਾਨ ਉਤੇ ਸ਼ੋਰ ਮੱਚ ਗਿਆ। ਸ਼ਾਇਦ ਸ਼ੰਟੀ ਦੇ ਗੁੰਡੇ ਫਿਰ ਚਾਹ ਵਾਲੇ ਨੂੰ ਕੁੱਟਣ ਆਏ ਸਨ । ਉਹ ਦੁਕਾਨ ਦੇ ਸਾਰੇ ਭਾਂਡੇ ਇਕ-ਇਕ ਕਰ ਕੇ ਬਾਹਰ ਸੁਟੀ ਜਾ ਰਹੇ ਸਨ। ਦੁਕਾਨ ਵਿਚ ਇੰਜ ਲਗ ਰਿਹਾ ਸੀ ਜਿਵੇਂ ਭੁਚਾਲ ਆ ਗਿਆ ਹੋਵੇ। ਸ਼ੰਟੀ ਦੇ ਗੁੰਡੇ ਦੁਕਾਨਦਾਰ ਨੂੰ ਧੋਣੋਂ ਫੜ ਕੇ ਬਾਹਰ ਲੈ ਆਏ। ਸ਼ੰਟੀ ਚੁਪ ਚਾਪ ਇਕ ਮੇਜ਼ ਉਤੇ ਆਪਣਾ ਇਕ ਪੈਰ ਰੱਖ ਕੇ ਆਰਾਮ ਨਾਲ ਮਾਚਿਸ ਦੀ ਤੀਲੀ ਨਾਲ ਕੰਨ ਸਾਫ ਕਰ ਰਿਹਾ ਸੀ । ਦੁਕਾਨਦਾਰ ਨੂੰ ਸੜਕ ਉਤੇ ਲੰਬਾ ਪਾ ਕੇ ਦੋ ਗੁੰਡੇ ਕੁਟੀ ਜਾ ਰਹੇ ਸਨ ।
      ਇਧਰ ਸ਼ੀਤਲ ਘਬਰਾਇਆ ਹੋਇਆ ਸਭ ਕੁਝ ਵੇਖ ਰਿਹਾ ਸੀ । ਕੁੱਤਾ ਵੀ ਆਪਣੀ ਹੋਟੀ ਨੂੰ ਭੁੰਜੇ ਰੱਖ ਕੇ ਭੋਕਣ ਲਗ ਪਿਆ । ਜਦ ਸ਼ੰਟੀ ਨੇ ਆਪਣੀ ਜੇਬ ਵਿਚੋਂ ਛੂਰਾ ਕਢਿਆ ਤੇ ਉਸ ਦੀ ਧਾਰ ਉਤੇ ਆਪਣੀ ਉਂਗਲ ਫੇਰਦਾ ਹੋਇਆ ਦੁਕਾਨਦਾਰ ਵੱਲ ਆਇਆ ਤਾਂ ਬਿੱਟੂ ਭੱਜ ਕੇ ਸ਼ੰਟੀ ਨੂੰ ਪੈ ਗਿਆ । ਦੂਰੋਂ ਹੀ ਛਲਾਂਗ ਲਾ ਕੇ ਉਹ ਸ਼ੰਟੀ ਦੀ ਬਾਂਹ ਤੇ ਆ ਕੇ ਡਿਗਿਆ । ਸ਼ੰਟੀ ਦਾ ਛੁਰੇ ਵਾਲਾ ਹੱਥ ਬਿੱਟੂ ਨੇ ਆਪਣੇ ਦੰਦਾਂ ਨਾਲ ਖੂਨੋਂ ਖੁਨ ਕਰ ਦਿਤਾ । ਜਦੋਂ ਤਕ ਉਸ ਦੇ ਬਾਕੀ ਗੁੰਡੇ ਸ਼ੰਟੀ ਦੀ ਮਦਦ ਲਈ ਆਉਂਦੇ ਉਹਦੇ ਹੱਥੋਂ ਛੁਰਾ ਹੇਠਾਂ ਡਿੱਗ ਗਿਆ ਸੀ । ਬਿੱਟੂ ਨੇ ਅਚਾਨਕ ਉਹਦੀ ਬਾਂਹ ਨੂੰ ਛਡ ਦਿਤਾ ਤੇ ਛੁਰਾ ਮੂੰਹ ਨਾਲ ਚੁੱਕ ਲਿਆ ਤੇ ਉਥੋਂ ਭਜ ਗਿਆ । ਇਹ ਸਭ ਕੁਝ ਇੰਨੀ ਛੇਤੀ ਹੋਇਆ ਕਿ ਬਿੱਟੂ ਨੇ ਗੁੰਡਿਆਂ ਨੂੰ ਕੋਈ ਮੋਕਾ ਹੀ ਨਹੀਂ ਦਿਤਾ । ਇਕ ਗੁੰਡੇ ਨੇ ਬਿਟੂ ਦਾ ਪਿੱਛਾ ਵੀ ਕੀਤਾ ਪਰ ਉਹ ਬੜੀ ਦੂਰ ਚਲਾ ਗਿਆ ਸੀ ਤੇ ਗੁੰਡਿਆਂ ਦੇ ਹਥ ਨਾ ਆਇਆ । ਦੁਕਾਨ ਤੇ ਭੀੜ ਇਕੱਠੀ ਹੋ ਗਈ ਸੀ ।ਦੁਕਾਨਦਾਰ ਵੀ ਇਸ ਕਾਰਨ ਬੱਚ ਗਿਆ ਸੀ, ਤੇ ਡਰਿਆ ਹੋਇਆ ਇਕ ਪਾਸੇ ਬੈਠਾ ਹੋਇਆ ਸੀ । ਸ਼ੰਟੀ ਦੀ ਬਾਂਹ ਤੋਂ ਖੁਨ ਨਿਕਲ ਕੇ ਸੜਕ ਉਤੇ ਡਿੱਗ ਰਿਹਾ ਸੀ । ਉਹਦੀ ਬਾਂਹ ਨੂੰ ਬਿੱਟੂ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿਤਾ ਸੀ । ਭੀੜ ਹੋਲੀ ਹੋਲੀ ਵੱਧਦੀ ਜਾ ਰਹੀ ਸੀ ।
      ਕਿਸੇ ਨੇ ਚੋਰੀ ਪੁਲਿਸ ਨੂੰ ਫੋਨ ਕਰ ਦਿਤਾ ਸੀ । ਪੁਲਿਸ ਦੀ ਗੱਡੀ ਦੀ ਆਵਾਜ਼ ਦੂਰੋਂ ਹੀ ਸੁਣਾਈ ਦੇ ਰਹੀ ਸੀ । ਗੁੰਡੇ ਡਰ ਗਏ ਸਨ । ਉਹਨਾਂ ਨੇ ਛੇਤੀ-ਛੇਤੀ ਸ਼ੰਟੀ ਨੂੰ ਕੋਲ ਖੜੋਤੀ ਜੀਪ ਵਿਚ ਬਿਠਾਇਆ ਤੇ ਭੀੜ ਵਿਚੋਂ ਨਿਕਲ ਕੇ ਭੱਜ ਗਏ । ਪੁਲਿਸ ਦੀ ਗੱਡੀ ਆ ਕੇ ਖੜੋ ਗਈ । ਭੀੜ ਨੇ ਪੁਲਿਸ ਦੀ ਗਡੀ ਨੂੰ ਘੇਰ ਲਿਆ । ਦੁਕਾਨਦਾਰ ਵੀ ਪੁਲਿਸ ਨੂੰ ਵੇਖ ਕੇ ਹਿੰਮਤ ਕਰਕੇ ਖੜੋ ਗਿਆ । ਪੁਲਿਸ ਨੇ ਆਲੇ ਦੁਆਲੇ ਖੜੋਤੇ ਲੋਕਾਂ ਕੋਲੋਂ ਪੁਛ-ਗਿਛ ਕੀਤੀ ਤੇ ਦੁਕਾਨ ਵਿਚ ਵੜ ਗਏ । ਦੁਕਾਨ ਦੀ ਹਾਲਤ ਬੜੀ ਭੈੜੀ ਹੋ ਗਈ ਸੀ । ਗਿਲਾਸ ਇਧਰ ਉਧਰ ਪਏ ਸਨ । ਦਰਜਨਾਂ ਪਲੇਟਾਂ ਹਾਕੀ ਦੀ ਇਕ ਮਾਰ ਨਾਲ ਟੁੱਟੀਆਂ ਪਈਆਂ ਸਨ । ਕੁਰਸੀਆਂ ਦੀਆਂ ਲੱਤਾਂ ਟੁੱਟੀਆਂ ਪਈਆਂ ਸਨ ।
      ਪੁਲਿਸ ਨੇ ਸਾਰੇ ਸਾਮਾਨ ਨੂੰ ਵੇਖਿਆ ਤੇ ਦੁਕਾਨ ਵਿਚੋਂ ਨਿਕਲ ਆਏ । ਦੁਕਾਨ ਦੇ ਸਾਹਮਣੇ ਬਿੱਟੂ ਖੜਾ ਹੋਇਆ ਸੀ। ਉਹਦੇ ਮੂੰਹ ਵਿਚ ਅਜੇ ਵੀ ਛੂਰਾ ਦਬਿਆ ਸੀ । ਦੁਕਾਨਦਾਰ ਨੂੰ ਵੇਖ ਕੇ ਉਹ ਨੇ ਛੁਰਾ ਜ਼ਮੀਨ ਤੇ ਰੱਖ ਦਿਤਾ । ਤ ਉਥੇ ਕੋਲ ਖਲੋ ਕੇ ਆਪਣੀ ਪੂਛ ਹਿਲਾਣ ਲਗ ਪਿਆ । ਜਿਵੇਂ ਹੀ ਦੁਕਾਨ ਤੇ ਖੜੇ ਪੁਲਿਸ ਵਾਲੇ ਨੇ ਵੇਖਿਆ ਤਾਂ ਕੋਲ ਖੜੋਤੇ ਐਸ ਐਚ ਓ ਨੂੰ ਦਸਿਆ ਜਿਹੜਾ ਕੁੱਤੇ ਵੱਲ ਪਿੱਠ ਕਰਕੇ ਖੜਾ ਸੀ । ਕੁੱਤੇ ਨੂੰ ਵੇਖਦਿਆਂ ਹੀ ਦੁਕਾਨਦਾਰ ਬੋਲ ਪਿਆ, ‘ਸਾਹਭ, ਇਸ ਦੇ ਕਾਰਣ  ਅੱਜ ਮੈਂ ਬੱਚ ਗਿਆ ਹਾਂ । ਨਹੀਂ ਤਾਂ ਅੱਜ ਇਥੇ ਮੇਰੀ ਲਾਸ਼ ਹੀ ਤੁਹਾਡਾ ਇੰਤਜਾਰ ਕਰਦੀ ਮਿਲਦੀ । ਵੇਲੇ ਤੇ ਆ ਕੇ ਅਗਰ ਇਹ ਉਸ ਦੀ ਬਾਂਹ ਨਾ ਕੱਟ ਲੈਂਦਾ ਤਾਂ ਮੇਰਾ ਬਚਣਾ ਮੁਸ਼ਕਿਲ ਸੀ। ਇਹਦੀ ਹਿਮੰਤ ਨਾਲ ਹੀ ਮੈਂ ਅੱਜ ਬੱਚ ਗਿਆ ਹਾਂ’।
      ਪੁਲਿਸ ਦੀ ਗਡੀ ਆਪਣਾ ਕੰਮ ਕਰ ਕੇ ਜਾ ਚੁਕੀ ਸੀ । ਦੁਕਾਨਦਾਰ ਕੁੱਤੇ ਨੂੰ ਫਹਿਸ਼ਤੇ ਵਾਂਗ ਵੇਖ ਰਿਹਾ ਸੀ । ਉਸ ਕੁੱਤੇ ਨੂੰ ਜਿਸ ਦੇ ਢਿਡ ਉਤੇ ਉਹਨੇ ਸਵੇਰੇ-ਸਵੇਰੇ ਚੱਪਲ ਮਾਰੀ ਸ਼ੀ, ਜਿਹਦੀ ਪੀੜ ਨਾਲ ਉਹ ਰੋਂਦਾ ਹੋਇਆ, ਲੰਗੜਾਂਦਾ ਹੋਇਆ ਚਲਾ ਗਿਆ ਸੀ । ਉਹਦਾ ਭੁੱਖਾ ਢਿੱਡ ਅਜੇ ਵੀ ਸ਼ਾਇਦ ਪੀੜ ਕਰ ਰਿਹਾ ਹੋਵੇਗਾ । ਦੁਕਾਨਦਾਰ ਨੇ ਆਪਣੀ ਅਲਮਾਰੀ ਖੋਲ ਕੇ ਇਕ ਰਸ ਕਢਿਆ ਤੇ ਕੋਲ ਹੀ ਪੁੱਠੇ ਪਏ ਕੱਪ ਵਿਚ ਦੁੱਧ ਪਾ ਕੇ ਉਹ ਕੱਪ ਤੇ ਰਸ ਲੈ ਕੇ ਉਹਦੇ ਸਾਹਮਣੇ ਆਇਆ ਅਤੇ ਸੜਕ ਉਤੇ ਉਹਦੇ ਸਾਹਮਣੇ ਰੱਖ ਦਿਤਾ । ਕੁੱਤੇ ਨੇ ਉਸ ਦੁੱਧ ਵੱਲ ਵੇਖਿਆ ਵੀ ਨਹੀਂ । ਟੁਕੜੇ-ਟੁਕੜੇ ਕੀਤਾ ਰਸ ਦੁੱਧ ਦੇ ਕੱਪ ਕੋਲ ਪਿਆ ਰਿਹਾ ।
      ਕੁੱਤੇ ਨੇ ਘੂਰ ਕੇ ਦੁਕਾਨਦਾਰ ਵੱਲ ਵੇਖਿਆ ਤੇ ਸ਼ਾਇਦ ਉਹ ਕਹਿ ਰਿਹਾ ਸੀ ਕਿ ਮੈਂ ਦੁੱਧ ਤੇ ਰਸ ਲਈ ਤੇਰੀ ਜਾਨ ਨਹੀਂ ਬਚਾਈ ਸੀ । ਹੋਲੀ ਹੋਲੀ ਕੁੱਤਾ ਸ਼ੀਤਲ ਵੱਲ ਜਾ ਰਿਹਾ ਸੀ । ਆਦਮੀ ਨਾਲੋਂ ਜਾਨਵਰ ਕਿੰਨਾ ਸਮਝਦਾਰ ਹੂੰਦਾ ਹੈ । ਉਹ ਟੁਰੀ ਜਾ ਰਿਹਾ ਸੀ, ਜਿਵੇਂ ਉਹਨੇ ਆਪਣਾ ਕੋਈ ਕਰਜ਼ ਦੁਕਾਨਦਾਰ ਨਾਲ ਚੁਕਾ ਲਿਆ ਹੋਵੇ । ਸ਼ਾਇਦ ਅੱਜ ਤੋਂ ਪਹਿਲਾਂ ਜਿਹੜੇ ਟੁਕੜੇ ਦੁਕਾਨਦਾਰ ਨੇ ਉਸ ਅੱਗੇ ਪਾਏ ਸਨ, ਉਹਦਾ ਹੀ ਕਰਜ਼ ਉਤਾਰ ਕੇ ਜਾ ਰਿਹਾ ਸੀ ।