ਅਨੈਤਿਕ ਰਿਸ਼ਤੇ (ਕਹਾਣੀ)

ਬਲਬੀਰ ਮੋਮੀ   

Email: momi.balbir@yahoo.ca
Phone: +1 905 455 3229
Cell: +1 416 949 0706
Address: 9026 Credit View Road
Brampton L6X 0E3 Ontario Canada
ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਔਰਤਾਂ ਨੂੰ ਦੋ ਹਿੱਸਿਆਂ ਵਿਚ ਵੰਡਦਾ ਹਾਂ। ਇਕ ਮਰਦ ਦੇ ਮਗਰ ਲੱਗਣ ਵਾਲੀਆਂ, ਦੂਜੀਆਂ ਮਰਦਾਂ ਨੂੰ ਮਗਰ ਲਾਉਣ ਵਾਲੀਆਂ। ਸ਼ਕੁੰਤਲਾ ਜੋ ਇਕ ਸਕੂਲ ਅਧਿਆਪਕਾ ਸੀ, ਦੱਬੀ ਰਹਿਣ ਵਿਚ ਵਿਸ਼ਵਾਸ ਰੱਖਦੀ ਸੀ। ਉਹ ਕਦੇ ਕਿਸੇ ਨਾਲ ਕਿਸੇ ਬਹਿਸ ਮੁਬਾਹਸੇ ਵਿਚ ਨਹੀਂ ਪੈਂਦੀ ਸੀ। ਕਈ ਵਾਰ ਉਹ ਦੂਜੇ ਦੀ ਗ਼ਲਤ ਗੱਲ ਜਾਂ ਦਲੀਲ ਨੂੰ ਗ਼ਲਤ ਹੁੰਦਿਆਂ ਹੋਇਆਂ ਵੀ ਠੀਕ ਮੰਨ ਲੈਂਦੀ ਸੀ। ਇਕ ਵਾਰ ਬਾਹਰ ਮੀਂਹ ਪੈ ਰਿਹਾ ਸੀ, ਠੰਡ ਵੀ ਬੜੀ ਸੀ, ਠੰਡ ਨਾਲ ਸਰੀਰ ਕੰਬ ਰਹੇ ਸਨ ਪਰ ਜਦ ਉਹਦੀ ਇਕ ਸਾਥਣ ਨੇ ਇਹ ਕਿਹਾ ਕਿ ਬਾਹਰ ਤਾਂ ਬਿਲਕੁਲ ਠੰਡ ਨਹੀਂ ਤਾਂ ਉਹ ਝੱਟ ਮੰਨ ਗਈ ਤੇ ਕਹਿ ਦਿਤਾ ਕਿ ਬਾਹਰ ਵਾਕਿਆ ਈ ਠੰਡ ਨਹੀਂ ਹੈ।
ਮੈਂ ਅਕਸਰ ਇਹ ਸੋਚ ਕੇ ਹੈਰਾਨ ਹੁੰਦਾ ਕਿ ਕੀ ਸ਼ਕੁੰਤਲਾ ਦਾ ਆਪਣਾ ਕੋਈ ਅਸਤਿਤਵ ਜਾਂ ਉਸਦੀ ਆਪਣੀ ਕੋਈ ਮਰਜ਼ੀ ਨਹੀਂ ਸੀ। ਜੇ ਕੋਈ ਦਿਨ ਨੂੰ ਰਾਤ ਕਹਿ ਦਿੰਦਾ ਤਾਂ ਉਹ ਦਿਨ ਨੂੰ ਰਾਤ ਮੰਨ ਲੈਂਦੀ। ਬਹੁਤ ਪੜ੍ਹੀ ਲਿਖੀ ਸੀ, ਚੰਗੀ ਨੌਕਰੀ ਤੇ ਲੱਗੀ ਹੋਈ ਸੀ। ਪਿੱਛਾ ਵੀ ਮਾੜਾ ਨਹੀਂ ਸੀ। ਆਰਥਿਕ ਪੱਖੋਂ ਸੁਤੰਤਰ ਸੀ। ਦੇਸ਼ ਦੀ ਰਾਜਨੀਤੀ ਤੇ ਆਰਥਿਕਤਾ ਨੂੰ ਸਮਝਦੀ ਸੀ। ਚੰਗੇ ਮਾੜੇ ਦਾ ਵੀ ਗਿਆਨ ਸੀ ਪਰ ਫਿਰ ਵੀ ਦੂਜੇ ਦੀ ਗ਼ਲਤ ਗੱਲ ਨੂੰ ਫੌਰਨ ਮੰਨ ਲੈਣ ਵਿਚ ਕੀ ਵਡਿਆਈ ਸੀ। ਉਸਦਾ ਵਿਵਹਾਰ ਅਜਿਹਾ ਕਿਉਂ ਹੋ ਗਿਆ ਸੀ। ਕੀ ਉਸਦੇ ਜੀਵਨ ਵਿਚ ਕੋਈ ਅਜਿਹੀ ਘਟਨਾ ਘਟੀ ਸੀ ਜਾਂ ਉਸ ਨੂੰ ਕੋਈ ਚੋਟ ਲਗੀ ਸੀ ਜਿਸ ਕਾਰਨ ਉਸਦਾ ਵਿਰੋਧੀ ਭਾਵਾਂ ਨੂੰ ਅਸਵੀਕਾਰ ਕਰਨ ਵਾਲਾ ਪਾਸਾ ਬੰਦ ਹੋ ਗਿਆ ਸੀ।
ਇਕ ਦਿਨ ਜਦ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਲੱਗੀ ਹੋਈ ਸੀ ਅਤੇ ਭਾਰਤੀ ਫੌਜਾਂ ਪਾਕਿਸਤਾਨ ਦੇ ਅੰਦਰ ਵੱਲ ਫਤਹਿ ਪ੍ਰਾਪਤ ਕਰਦੀਆਂ ਵਧ ਰਹੀਆਂ ਸਨ ਤਾਂ ਮੈਂ ਉਸ ਨੂੰ ਕਹਿ ਬੈਠਾ ਕਿ ਪਾਕੀ ਫੌਜਾਂ ਨੇ ਪੰਜਾਬ ਦੇ ਕੁਝ ਹਿੱਸਿਆਂ ਤੇ ਕਬਜ਼ਾ ਕਰ ਲਿਆ ਹੈ ਤਾਂ ਉਸ ਫੌਰਨ ਮੇਰਾ ਕਿਹਾ ਮੰਨ ਲਿਆ ਜਦ ਕਿ ਛਪੀ ਅਖਬਾਰ ਉਸਦੇ ਸਾਹਮਣੇ ਪਈ ਸੀ। ਖਬਰਾਂ ਵਿਚ ਅਜਿਹਾ ਕੋਈ ਸੰਕੇਤ ਨਹੀਂ ਸੀ ਕਿ ਪਾਕੀ ਫੌਜਾਂ ਜਿੱਤ ਰਹੀਆਂ ਸਨ ਅਤੇ ਉਸ ਨੇ ਅਖਬਾਰ ਪੜ੍ਹੀ ਹੋਈ ਸੀ। ਮੈਂ ਉਸਦੇ ਯਕਦਮ ਮੇਰੀ ਗ਼ਲਤ ਗੱਲ ਮੰਨੇ ਜਾਣ ਤੇ ਬੜੀਆਂ ਸੋਚਾਂ ਵਿਚ ਪੈ ਗਿਆ। ਜ਼ਰੂਰ ਸ਼ਕੁੰਤਲਾ ਕਿਸੇ ਭਾਰੀ ਮਾਨਸਿਕ ਸਦਮੇ ਦੀ ਸ਼ਿਕਾਰ ਸੀ। ਨਹੀਂ ਤਾਂ ਅੱਜ ਦੇ ਸਮੇਂ ਦੀ ਔਰਤ ਏਨੀ ਸਬਮਿਸਿਵ ਨਹੀਂ ਸੀ ਅਤੇ ਮੈਂ ਅਨੇਕਾਂ ਅਜਿਹੀਆਂ ਔਰਤਾਂ ਨੂੰ ਜਾਣਦਾ ਸਾਂ ਜੋ ਜੀਭ ਦੀਆਂ ਬੜੀਆਂ ਲਿਫਤੀਆਂ ਸਨ ਅਤੇ ਗੱਲ ਨੂੰ ਹੇਠਾਂ ਲੱਗਣ ਹੀ ਨਹੀਂ ਦੇਂਦੀਆਂ ਸਨ। ਆਪਣੀ ਗ਼ਲਤ ਗੱਲ ਨੂੰ ਠੀਕ ਮੰਨਵਾ ਕੇ ਹੀ ਸਾਹ ਲੈਂਦੀਆਂ ਸਨ। ਗੱਲ ਗੱਲ ਤੇ ਲੜਨ ਨੂੰ ਪੈਂਦੀਆਂ ਸਨ। ਤਾਅਨੇ ਮਿਅਣੇ ਦੇਂਦੀਆਂ ਤੇ ਅਗਲਿਆਂ ਪਿਛਲਿਆਂ ਨੂੰ ਪੁਣਦੀਆਂ ਸਨ। ਨਿੱਕੀ ਨਿੱਕੀ ਗੱਲ ਤੇ ਰੁੱਸ ਜਾਂਦੀਆਂ ਸਨ। ਮੰਨਣ ਲਈ ਗ਼ਲਤ ਸ਼ਰਤਾਂ ਮਨਵੌਂਦੀਆਂ ਸਨ। ਕਈ ਵਾਰ ਰੁੱਸ ਕੇ ਪੇਕੇ ਟੁਰ ਜਾਂਦੀਆਂ ਸਨ। ਫਿਰ ਮਰਦ ਨੂੰ ਸਾਰੇ ਪੇਕੇ ਪਰਿਵਾਰ ਦੇ ਤਰਲੇ ਕੱਢਣ ਤੇ ਸ਼ਰਤਾਂ ਪੂਰੀਆਂ ਕਰਨ ਦੀਆਂ ਲਿਖਤਾਂ ਲਿਖਵਾਉਂਦੀਆਂ ਸਨ ਤੇ ਇਕ ਸ਼ਕੁੰਤਲਾ ਸੀ ਜੋ ਹਰ ਸਮੇਂ ਮਸਤ ਤੇ ਸ਼ਾਂਤ ਰਹਿੰਦੀ ਸੀ। ਭਾਵੇਂ ਉਹ ਚਾਲੀ ਵਰ੍ਹਿਆਂ ਦੀ ਹੋ ਗਈ ਸੀ ਤੇ ਵਿਆਹ ਵੀ ਨਹੀਂ ਕਰਵਾਇਆ ਸੀ ਪਰ ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਅਫਸੋਸ ਨਹੀਂ ਸੀ ਕਿ ਉਸਦਾ ਕੋਈ ਸਾਥੀ ਨਹੀਂ ਸੀ। ਦੁਖ ਸੁਖ ਵੰਡਣ ਵਾਲਾ ਕੋਈ ਨਹੀਂ ਸੀ। ਹੁਣ ਤਾਂ ਉਸਦੇ ਹੱਡ ਚਲਦੇ ਸਨ, ਤਨਖਾਹ ਤੇ ਨੌਕਰੀ ਚੰਗੀ ਸੀ ਪਰ ਆਖਰ ਇਕ ਦਿਨ ਇਹ ਜਲੌ ਨੇ ਹੋਰ ਮੱਧਮ ਪੈ ਜਾਣਾ ਸੀ। ਮੈਂ ਕੁਝ ਅਜਿਹੀਆਂ ਔਰਤਾਂ ਨੂੰ ਜਾਣਦਾ ਸਾਂ ਜੋ ਬੜੀਆਂ ਪੜ੍ਹੀਆਂ ਲਿਖੀਆਂ ਸਨ ਤੇ ਵਿਦਿਅਕ ਮਹਿਕਮੇ ਵਿਚ ਉੱਚ ਪਦਵੀਆਂ ਤੋਂ ਰੀਟਾਇਰ ਹੋਈਆਂ ਸਨ। ਰੀਟਾਇਰਮੈਂਟ ਤੋਂ ਬਾਅਦ ਜਦੋਂ ਜ਼ਿੰਦਗੀ ਦਾ ਖੁਸ਼ਕ ਹਿੱਸਾ ਸ਼ੁਰੂ ਹੋਇਆ ਸੀ ਤਾਂ ਉਹ ਬੜੀਆਂ ਦੁਖੀ ਹੋਈਆਂ ਸਨ। ਲੱਤਾਂ ਘੁੱਟਨ ਵਾਲੀਆਂ ਮਾਈਆਂ ਤੇ ਜੀ ਹਜ਼ੂਰੀ ਕਰਨ ਵਾਲੇ ਚਪੜਾਸੀ, ਕਲਰਕ, ਟੀਚਰ ਤੇ ਹੋਰ ਅਮਲਾ ਫੈਲਾ, ਹੁਣ ਕੋਈ ਉਹਨਾਂ ਨੂੰ ਮਿਲਣ ਨਹੀਂ ਆਉਂਦਾ ਸੀ। ਪੁੱਤਰ ਧੀ ਨਾ ਹੋਣ ਕਾਰਨ ਕੋਈ ਦੁਖ ਵੇਲੇ ਦਵਾ ਦਾਰੂ ਦੇਣ ਵਾਲਾ ਵੀ ਨਹੀਂ ਬਹੁੜਦਾ ਸੀ। ਮਾਪੇ ਮੋਹ ਵਿਚ ਬੁਰੀ ਤਰ੍ਹਾਂ ਗ੍ਰਸਤ ਕਈ ਔਰਤਾਂ ਨੇ ਆਪਣੀ ਉਮਰ ਦੀ ਸਾਰੀ ਕਮਾਈ ਆਪਣੇ ਭਰਾਵਾਂ ਜਾਂ ਭੈਣਾਂ ਨੂੰ ਖੁਆ ਦਿੱਤੀ ਸੀ। ਇਕ ਰੀਟਾਇਰਡ ਪ੍ਰਿੰਸੀਪਲ ਨੇ ਆਪਣੇ ਭਰਾ ਨੂੰ ਚੰਡੀਗੜ੍ਹ ਕੋਠੀ ਪਾ ਕੇ ਦਿੱਤੀ ਸੀ ਅਤੇ ਉਸਦੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਜ਼ੁੰਮਾ ਓਟਿਆ ਸੀ। ਰੀਟਾਇਰਮੈਂਟ ਉਪਰੰਤ ਜਦ ਉਸਨੂੰ ਆਪਣੇ ਭਰਾ ਨੂੰ ਬਣਾ ਕੇ ਦਿੱਤੀ ਆਪਣੀ ਕੋਠੀ ਵਿਚ ਜਾਣਾ ਪਿਆ ਤਾਂ ਕੋਈ ਉਸ ਨੂੰ ਜੀ ਆਇਆਂ ਕਹਿਣ ਲਈ ਤਿਆਰ ਨਹੀਂ ਸੀ। ਪਾਣੀ ਮੰਗਦੀ ਤਾਂ ਕੋਈ ਪਾਣੀ ਨਾ ਦਿੰਦਾ। ਦਵਾਈ ਮੰਗਦੀ ਤਾਂ ਕੋਈ ਦਵਾਈ ਨਾ ਦੇਂਦਾ। ਭਰਾ ਭਰਜਾਈ ਜਿਨ੍ਹਾਂ ਸਾਰੀ ਉਮਰ ਉਸ ਨੂੰ ਖਾਧਾ ਸੀ, ਉਸ ਨੂੰ ਕਿਸੇ ਬਿਰਧ ਆਸ਼ਰਮ ਵਿਚ ਆਸਰਾ ਲੈਣ ਦੀ ਸਲਾਹ ਦਿੰਦੇ। ਭਤੀਜਿਆਂ ਭਤੀਜੇ ਕਈ ਵਾਰ ਨੀਂਦ ਦੀਆਂ ਗੋਲੀਆਂ ਦੇ ਕੇ ਉਸ ਨੂੰ ਸੁਆ ਦੇਂਦੇ ਤਾਂ ਜੋ ਉਹਦੀ ਬੁੜ ਬੁੜ ਨਾ ਸੁਣਨੀ ਪਵੇ। ਫਿਰ ਹੌਲੀ ਹੌਲੀ ਉਹ ਪਾਗ਼ਲ ਹੋ ਗਈ ਤੇ ਪੌੜੀਆਂ ਤੋਂ ਡਿੱਗ ਕੇ ਮਰ ਗਈ। ਕਈ ਲੋਕ ਗੱਲਾਂ ਕਰਦੇ ਕਿ ਉਹ ਡਿੱਗੀ ਨਹੀਂ ਸੀ, ਉਸ ਨੂੰ ਧੱਕਾ ਦਿੱਤਾ ਗਿਆ ਸੀ।
ਮੈਨੂੰ ਅਕਸਰ ਇਹ ਖ਼ਿਆਲ ਸਤਾਉਂਦਾ ਰਹਿੰਦਾ ਕਿ ਐਨੀ ਚੰਗੀ ਔਰਤ ਸ਼ਕੁੰਤਲਾ ਦਾ ਆਖਰੀ ਉਮਰ ਵਿਚ ਕੀ ਬਣੇਗਾ। ਉਸਦੇ ਅੰਗ ਸਾਕਾਂ ਵਿਚੋਂ ਵੀ ਉਸਨੂੰ ਮਿਲਣ ਆਉਂਦਿਆਂ ਬਹੁਤ ਘੱਟ ਹੀ ਵੇਖਿਆ ਸੀ। ਆਖਰ ਇਕ ਦਿਨ ਹੌਸਲਾ ਕਰਕੇ ਮੈਂ ਉਸ ਨੂੰ ਪੁੱਛ ਹੀ ਲਿਆ ਕਿ ਸਾਥ ਦਾ ਨਿਘ ਮਾਨਣ ਲਈ ਉਹ ਵਿਆਹ ਕਿਉਂ ਨਹੀਂ ਕਰਵਾ ਲੈਂਦੀ। ਉਸ ਬੜੇ ਤਹਮਲ ਨਾਲ ਜਵਾਬ ਦਿੱਤਾ,
"ਸਿੰਗਲ ਜ਼ਿੰਦਗੀ ਵਰਗੀ ਕੋਈ ਰੀਸ ਨਹੀਂ ਹੈ਼ ਆਜ਼ਾਦੀ ਵਰਗੀ ਕੋਈ ਚੀਜ਼ ਨਹੀਂ ਹੈ। ਦੂਜੇ ਦੀ ਗੁਲਾਮੀ ਨਾਲੋਂ ਆਜ਼ਾਦ ਰਹਿਣਾ ਜ਼ਿਆਦਾ ਅਛਾ ਹੈ। ਫਿਰ ਏਸ ਉਮਰੇ ਮੇਰੇ ਨਾਲ ਹੁਣ ਕੌਣ ਵਿਆਹ ਕਰਵਾਏਗਾ।"
"ਅਖ਼ਬਾਰ ਵਿਚ ਇਸ਼ਤਿਹਾਰ ਦੇਣ ਨਾਲ ਜਾਂ ਨੇੜੇ ਤੇੜੇ ਤੱਕਣ ਨਾਲ ਕੋਈ ਸਫਲਤਾ ਮਿਲ ਵੀ ਸਕਦੀ ਹੈ਼" ਮੈਂ ਉਸ ਨੂੰ ਸ਼ਾਂਤ ਚਿੱਤ ਜਵਾਬ ਦਿੱਤਾ। ਕਈ ਮਰਦ ਵੀ ਤਾਂ ਹੁੰਦੇ ਨੇ ਜਿਹੜੇ ਵਡੀ ਉਮਰ ਦੇ ਹੋ ਕੇ ਵੀ ਵਿਆਹ ਨਹੀਂ ਕਰਵਾਉਂਦੇ।"
"ਤੁਸੀਂ ਹੀ ਮੇਰੇ ਨਾਲ ਵਿਆਹ ਕਿਉਂ ਨਹੀਂ ਕਰਵਾ ਲੈਂਦੇ। ਫਿਰ ਅਸੀਂ ਅਨੇਕਾਂ ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਵੀ ਹਾਂ। ਇਕੋ ਸਕੂਲ ਵਿਚ ਕਿੰਨਿਆਂ ਵਰ੍ਹਿਆਂ ਤੋਂ ਇਕੱਠੇ ਪੜ੍ਹਾ ਰਹੇ ਹਾਂ।"
ਇਹ ਉਸ ਨੇ ਕੀ ਕਹਿ ਦਿੱਤਾ ਸੀ। ਉਸਦੇ ਅਚਾਣਕ ਇਹ ਕਹਿ ਦੇਣ ਨਾਲ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਦੇ ਮੂੰਹੋਂ ਅਜਿਹਾ ਵਾਕ ਸੁਣਨ ਦੀ ਤਾਂ ਮੈਂ ਕਦੇ ਤਵੱਕੋ ਹੀ ਨਹੀਂ ਕੀਤੀ ਸੀ। ਇਹ ਉਸ ਨੂੰ ਕੀ ਸੁੱਝੀ ਸੀ। ਮੈਂ ਉਸਦੇ ਚਿਹਰੇ ਵੱਲ ਵੇਖਿਆ। ਬਿਲਕੁਲ ਸ਼ਾਂਤ ਸੀ, ਕੋਈ ਉਤਰਾਅ ਚੜ੍ਹਾ ਨਹੀਂ ਸੀ। ਮੈਂ ਉਸ ਨੂੰ ਕਿਹਾ,
"ਤੈਨੂੰ ਪਤਾ ਹੈ ਕਿ ਮੈਂ ਵਿਆਹਿਆ ਹੋਇਆ ਹਾਂ ਅਤੇ ਮੇਰੇ ਬੱਚੇ ਵੀ ਹਨ।"
"ਮੈਨੂੰ ਸਭ ਪਤਾ ਹੈ ਤੇ ਇਹ ਵੀ ਜਾਣਦੀ ਹਾਂ ਕਿ ਤੁਹਾਡੀ ਆਪਣੀ ਬੀਵੀ ਨਾਲ ਨਹੀਂ ਬਣਦੀ।"
"ਇਹ ਸਭ ਠੀਕ ਹੈ ਪਰ ਇਕ ਬੀਵੀ ਦੇ ਹੁੰਦਿਆਂ ਕਾਨੂੰਨ ਦੂਜੇ ਵਿਆਹ ਦੀ ਇਜਾਜ਼ਤ ਨਹੀਂ ਦੇਂਦਾ।"
"ਤੁਸੀਂ ਤਲਾਕ ਲੈ ਸਕਦੇ ਹੋ।"
"ਤਲਾਕ ਬਾਰੇ ਤਾਂ ਮੈਂ ਕਦੇ ਸੋਚਿਆ ਵੀ ਨਹੀਂ। ਸਾਡੀ ਬਣੇ ਜਾਂ ਨਾ ਬਣੇ ਪਰ ਮੈਂ ਉਸ ਨੂੰ ਤਲਾਕ ਨਹੀਂ ਦੇ ਸਕਦਾ। ਮੈਨੂੰ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਹੈ"
"ਤੁਸੀਂ ਬਗ਼ੈਰ ਵਿਆਹ ਕੀਤਿਆਂ ਮੇਰੇ ਨਾਲ ਰਹਿ ਸਕਦੇ ਹੋ। ਇਸ ਦਾ ਇਕ ਲਾਭ ਇਹ ਵੀ ਹੈ ਜਦੋਂ ਜੀ ਚਾਹੇ ਇਕ ਦੂਜੇ ਨੂੰ ਛੱਡ ਸਕਦੇ ਹੋ। ਵਿਆਹ ਦਾ ਬੰਧਨ ਤੋੜਨਾ ਬਹੁਤ ਮੁਸ਼ਕਲ ਹੁੰਦਾ ਹੈ ਜਿਵੇਂ ਹੁਣੇ ਤੁਸੀਂ ਦੱਸਿਆ ਹੈ।"
ਫਿਰ ਉਹ ਕੁਝ ਚਿਰ ਚੁੱਪ ਰਹੀ। ਇਸ ਤਰ੍ਹਾਂ ਦੇ ਅਚਾਨਕ ਘਟੇ  ਹਾਲਾਤ ਤੇ ਵਾਰਤਾਲਾਪ ਤੋਂ ਮੈਂ ਬੜਾ ਅਚੰਭਤ ਹੋ ਰਿਹਾ ਸਾਂ। ਗੰਭੀਰ ਚਿਤ ਹੀ ਸੋਫੇ ਤੇ ਬੈਠਾ ਸਾਂ ਕਿ ਉਹ ਬੜੇ ਆਰਾਮ ਨਾਲ ਸਾਹਮਣੀ ਕੁਰਸੀ ਤੋਂ ਉੱਠੀ ਤੇ ਹੌਲੀ ਹੌਲੀ ਮੇਰੇ ਸੋਫੇ ਦੇ ਪਿਛੇ ਆਈ। ਬੜੇ ਪੋਲੇ ਜਹੇ ਆਪਣੇ ਦੋਵੇਂ ਹੱਥ ਮੇਰੇ ਮੋਢਿਆਂ ਤੇ ਰੱਖ ਦਿੱਤੇ। ਇਹ ਹੱਥ ਕਾਫੀ ਦੇਰ ਮੇਰੇ ਮੋਢਿਆਂ ਤੇ ਟਿਕੇ ਰਹੇ। ਫਿਰ ਉਸ ਪੋਲੇ ਪੋਲੇ ਮੇਰੇ ਮੋਢਿਆਂ ਨੂੰ ਦਬਾਇਆ। ਮੈਂ ਫਿਰ ਵੀ ਅਹਿਲ ਰਿਹਾ। ਫਿਰ ਉਸ ਆਪਣੇ ਹੱਥ ਮੇਰੇ ਸਿਰ ਦੇ ਵਾਲਾਂ ਵਿਚ ਫੇਰਨੇ ਸ਼ੁਰੂ ਕਰ ਦਿੱਤੇ। ਇਹ ਅਵਸਥਾ ਕਾਫੀ ਦੇਰ ਰਹੀ। ਫਿਰ ਉਸ ਆਪਣੀ ਛਾਤੀ ਨਾਲ ਮੇਰੇ ਸਿਰ ਨੂੰ ਘੁੱਟ ਲਿਆ। ਹੁਣ ਮੈਨੂੰ ਜਿਵੇਂ ਸੁਰਤ ਆ ਗਈ ਸੀ। ਮੈਂ ਉਸਦੇ ਹੱਥਾਂ ਨੂੰ ਪੋਲੇ ਜਿਹੇ ਸਲਾਹੁਣਾ ਸ਼ੁਰੂ ਕੀਤਾ ਤੇ ਉਸ ਨੂੰ ਆਪਣੇ ਨਾਲ ਸੋਫੇ ਤੇ ਬਿਠਾ ਲਿਆ। ਉਸ ਆਪਣਾ ਸਿਰ ਮੇਰੀ ਝੋਲੀ ਵਿਚ ਰੱਖ ਦਿੱਤਾ ਤੇ ਮੇਰੇ ਦੋਵੇਂ ਹੱਥ ਆਪਣੀਆਂ ਅੱਖਾਂ ਤੇ ਘੁੱਟ ਲਏ। ਇਹ ਅਵਸਥਾ ਕਾਫੀ ਚਿਰ ਲਮਕੀ ਰਹੀ।
ਮੈਨੂੰ ਇੰਜ ਜਾਪਿਆ ਜਿਵੇਂ ਸ਼ਕੁੰਤਲਾ ਵਰ੍ਹਿਆਂ ਦੀ ਨੀਂਦ ਵਿਚੋਂ ਅੱਜ ਜਾਗ ਪਈ ਸੀ। ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਇਹ ਜੋ ਕੁਝ ਵਾਪਰ ਰਿਹਾ ਸੀ, ਇਹ ਕਿੰਨਾ ਕੁ ਯਥਾਰਥ ਤੇ ਕਿੰਨਾ ਕੁ ਕਲਪਿਤ ਸੀ। ਕੀ ਸ਼ਕੁੰਤਲਾ ਦੇ ਮਨ ਵਿਚ ਮੇਰੇ ਬਾਰੇ ਲੰਮੇ ਸਮੇਂ ਤੋਂ ਇਕ ਪਿਕਚਰ ਬਣੀ ਹੋਈ ਸੀ। ਇਹ ਠੀਕ ਸੀ ਕਿ ਅਸੀਂ ਇਕ ਦੂਜੇ ਦੇ ਬੜੇ ਨੇੜੇ ਸਾਂ। ਦੁਖ ਸੁਖ ਦੇ ਸਾਂਝੀ ਸਾਂ। ਲਗਭਗ ਹਰ ਵਿਸ਼ੇ ਤੇ ਖੁੱਲ੍ਹ ਕੇ ਗੱਲਾਂ ਕਰ ਸਕਦੇ ਸਾਂ। ਉਸ ਦੀ ਬਹਿਸ ਵਿਚ ਨਾ ਪੈਣ ਦੀ ਆਦਤ ਮੈਨੂੰ ਬੜੀ ਪਸੰਦ ਸੀ। ਹਾਲਾਂਕਿ ਮੈਂ ਚਾਹੁੰਦਾ ਸਾਂ ਕਿ ਉਹ ਥੋੜ੍ਹੀ ਬਹੁਤ ਬਹਿਸ ਕਰੇ, ਦਲੀਲਬਾਜ਼ੀ ਕਰੇ ਤਾਂ ਜੋ ਉਹਦਾ ਅਸਤਿਤਵ ਨਿਖਰ ਕੇ ਬਾਹਰ ਆਏ।
ਅਗਲੇ ਕੁਝ ਮਹੀਨਿਆਂ ਵਿਚ ਸਾਡੀ ਵਰ੍ਹਿਆਂ ਦੀ ਲੰਮੀ ਦੋਸਤੀ ਪਿਆਰ ਵਿਚ ਬਦਲ ਗਈ। ਮੈਂ ਵੱਧ ਤੋਂ ਵੱਧ ਸਮਾਂ ਉਹਦੇ ਘਰ ਟਪੌਂਦਾ। ਉਹ ਸਰਕਾਰੀ ਮਕਾਨਾਂ ਦੀ ਲੜੀ ਵਿਚ ਉਪਰਲੀ ਮੰਜ਼ਲ ਤੇ ਬਣੇ ਇਕ ਫਲੈਟ ਵਿਚ ਇਕੱਲੀ ਰਹਿੰਦੀ ਸੀ। ਬੜਾ ਸਜਾਇਆ ਹੋਇਆ ਇਹ ਨਿੱਕਾ ਜਿਹਾ ਫਲੈਟ ਆਪਣੇ ਆਪ ਵਿਚ ਇਕ ਬਹਿਸ਼ਤ ਦਾ ਨਮੂਨਾ ਸੀ। ਸਲੀਕੇ ਨਾਲ ਹਰ ਸ਼ੈਅ ਸਜਾ ਕੇ ਰੱਖਣ ਦਾ ਉਸਨੂੰ ਬਹੁਤ ਜ਼ਿਆਦਾ ਸ਼ੌਕ ਸੀ। ਮਧਮ ਸੁਰ ਵਿਚ ਮਹਿਦੀ ਹਸਨ, ਜਗਜੀਤ ਸਿੰਘ ਜਾਂ ਤਲਅਤ ਸੁਣਨਾ ਉਸਨੂੰ ਬਹੁਤ ਪਸੰਦ ਸੀ। ਉਹਨੂੰ ਆਪਣੀ ਕਿਸਮ ਦੇ ਜੀ ਰਹੇ ਜੀਵਨ ਵਿਚ ਕੋਈ ਦਖਲ ਅੰਦਾਜ਼ੀ ਜਾਂ ਹਲਚਲ ਪਸੰਦ ਨਹੀਂ ਸੀ ਟਰੈਜਿਕ ਫਿਲਮਾਂ ਜਿਵੇਂ ਦੇਵਦਾਸ, ਅਦਾਲਤ, ਸੰਗਮ, ਗਾਈਡ, ਮੇਰਾ ਨਾਮ ਜੌਕਰ ਆਦਿ ਉਹਨੂੰ ਬਹੁਤ ਪਸੰਦ ਸਨ। ਟਰੈਜਿਕ ਨਾਵਲ ਕਹਾਣੀਆਂ ਪੜ੍ਹ ਕੇ ਉਹ ਬੜੀ ਭਾਵੁਕ ਹੋ ਜਾਂਦੀ ਸੀ ਅਤੇ ਭਾਵੁਕ ਹੋਇਆ ਮੈਂ ਅਕਸਰ ਉਹਦੀਆਂ ਪਲਕਾਂ ਵਿਚ ਅੱਥਰੂ ਤੱਕੇ ਸਨ। ਆਪਣੇ ਬਹੁਤ ਪਿਛਲੇਰੇ ਜੀਵਨ ਬਾਰੇ ਉਹ ਬਹੁਤ ਘੱਟ ਗੱਲ ਕਰਦੀ ਸੀ। ਚੜ੍ਹਦੀ ਜਵਾਨੀ ਬਾਰੇ ਵੀ ਉਹ ਕੁਝ ਨਹੀਂ ਦਸਦੀ ਸੀ। ਲਹਿੰਦੀ ਜਵਾਨੀ ਵੇਲੇ ਉਸ ਮੇਰੀ ਬਾਂਹ ਫੜ੍ਹ ਲਈ ਸੀ ਜਿਸ ਵਿਚ ਹਾਲੇ ਤੀਕ ਦੋਸਤੀ ਤੇ ਪਿਆਰ ਦਾ ਮਿਸ਼ਰਨ ਸੀ। ਉਸਦੀ  ਚੁੱਪ ਰਹਿਣ ਦੀ ਆਦਤ ਅਤੇ ਬਹਿਸ ਵਿਚ ਹਿੱਸਾ ਨਾ ਲੈਣ ਦੇ ਸੁਭਾਅ ਵਿਚ ਫੋਈ ਫਰਕ ਨਹੀਂ ਸੀ ਪਿਆ। ਇਕ ਗੱਲ ਜੋ ਬੜੀ ਤੀਬਰਤਾ ਨਾਲ ਮੈਂ ਮਹਿਸੂਸ ਕੀਤੀ ਸੀ, ਉਹ ਸਰੀਰਕ ਸਪਰਸ਼ ਵਿਚ ਬਹੁਤ ਦਿਲਚਸਪੀ ਲੈਂਦੀ ਤੇ ਸ਼ਾਂਤੀ ਮਹਿਸੂਸ ਕਰਦੀ ਸੀ। ਜਿਵੇਂ ਜਦ ਵੀ ਮੈਂ ਉਸ ਨਾਲ ਇਕੱਲਾ ਹੁੰਦਾ ਤਾਂ ਉਹ ਮੇਰੇ ਹੱਥ ਆਪਣੇ ਹੱਥਾਂ ਵਿਚ ਫੜ੍ਹੀ ਰੱਖਦੀ। ਮੇਰੀਆਂ ਬਾਹਵਾਂ ਤੇ ਹੱਥ ਫੇਰਦੀ ਰਹਿੰਦੀ। ਮੇਰਾ ਸਿਰ ਆਪਣੀ ਛਾਤੀ ਨਾਲ ਘੁੱਟੀ ਰੱਖਦੀ। ਬਹੁਤ ਡੂੰਘੇ ਤੇ ਲੰਮੇ ਚੁੰਮਨਾਂ ਵਿਚ ਖੁਸ਼ੀ ਮਹਿਸੂਸ ਕਰਦੀ। ਮੇਰੇ ਲੱਕ ਦੁਆਲੇ ਬਾਹਵਾਂ ਵਲ ਕੇ ਦੇਰ ਤਕ ਮੇਰੀ ਝੋਲੀ ਵਿਚ ਪਈ ਰਹਿੰਦੀ ਤੇ ਮੈਂ ਉਸ ਦੇ ਸਿਰ ਦੇ ਵਾਲਾਂ, ਮੱਥਾਂ, ਨੱਕ, ਅੱਖਾਂ, ਗੱਲ੍ਹਾਂ, ਕੰਨ ਤੇ ਗਰਦਨ ਤੇ ਬਿੱਲੀ ਛੁਹ ਵਾਲੀਆਂ ਉਂਗਲਾਂ ਫੇਰਦਾ ਰਹਿੰਦਾ। ਕਈ ਵਾਰ ਤਾਂ ਉਹ ਇਸ ਅਵਸਥਾ ਵਿਚ ਸੌਂ ਵੀ ਜਾਂਦੀ। ਜਦੋਂ ਉਹ ਸੌਂ ਜਾਂਦੀ ਤਾਂ ਮੈਂ ਸੋਚਦਾ ਕਿ ਇਹ ਮੇਰੀਆਂ ਬਾਹਾਂ ਵਿਚ ਸਦਾ ਲਈ ਏਸੇ ਤਰ੍ਹਾਂ ਸੁੱਤੀ ਰਹੇ। ਯੁੱਗ ਬੀਤ ਜਾਣ ਤੇ ਜਦੋਂ ਅੱਖਾਂ ਖੁਲ੍ਹਣ ਤਾਂ ਜ਼ਿੰਦਗੀ ਦਾ ਇਕ ਨਵਾਂ ਕਾਂਡ ਆਰੰਭ ਹੋ ਜਾਵੇ। ਨਵਾਂ ਕਾਂਡ ਜਿਸ ਵਿਚ ਸਮਾਜ ਅੱਗੇ ਸ਼ਕੁੰਤਲਾ ਨੂੰ ਮੈਂ ਆਪਣੀ ਪਿਆਰੀ ਦੇ ਤੌਰ ਤੇ ਪੇਸ਼ ਕਰ ਸਕਾਂ। ਇਸ ਜਨਮ ਵਿਚ ਤਾਂ ਉਹ ਮੇਰੀ ਪ੍ਰੇਮਿਕਾ ਸੀ। ਮੈਂ ਵਿਆਹਿਆ ਹੋਇਆ ਸਾਂ ਤੇ ਆਪਣੀ ਪਤਨੀ ਤੇ ਬੱਚਿਆਂ ਤੋਂ ਚੋਰੀ ਸ਼ਕੁੰਤਲਾ ਨਾਲ ਪ੍ਰੇਮ ਲੀਲ੍ਹਾ ਰਚਾ ਰਿਹਾ ਸਾਂ। ਇਹ ਇਕ ਸਮਾਜੀ, ਇਖਲਾਕੀ ਜੁਰਮ ਤੇ ਗੁਨਾਹੇ ਲੱਜ਼ਤ ਸੀ ਜੋ ਮੈਂ ਜਾਣ ਅਣਜਾਣੇ ਕਰ ਰਿਹਾ ਸਾਂ। ਮੈਂ ਇਸ ਨਾਜਾਇਜ਼ ਰਿਸ਼ਤੇ ਦੇ ਬੂਟੇ ਨੂੰ ਪਿਆਰ ਦਾ ਪਾਣੀ ਪਾ ਪਾ ਕੇ ਵਡਾ ਕਰੀ ਜਾ ਰਿਹਾ ਸਾਂ ਜਿਸਦੀ ਕਦੇ ਨਾ ਕਦੇ ਮੈਨੂੰ ਸਜ਼ਾ ਮਿਲਣੀ ਹੀ ਸੀ। ਜਿਸ ਦਿਨ ਮੇਰੀ ਪਤਨੀ ਮੇਰੀ ਇਹ ਚੋਰੀ ਫੜ੍ਹ ਲਵੇਗੀ, ਉਸ ਦਿਨ ਉਹ ਮੇਰਾ ਜੀਣਾ ਹਰਾਮ ਕਰ ਦੇਵੇਗੀ। ਹੋ ਸਕਦਾ ਅਸੀਂ ਅੱਡੋ ਅੱਡ ਹੋ ਜਾਈਏ। ਬੱਚਿਆਂ ਦਾ ਕੀ ਬਣੇਗਾ। ਮੈਂ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸਾਂ। ਬੱਚਿਆਂ ਬਿਨਾਂ ਮੈਨੂੰ ਆਪਣਾ ਜੀਵਨ ਸੱਖਣਾ ਜਾਪਦਾ ਸੀ ਅਤੇ ਪਿਛਲੇ ਕੁਝ ਸਾਲਾਂ ਦੀ ਮੇਰੀ ਪ੍ਰੇਮ ਲੀਲ੍ਹਾ ਤੋਂ ਬਾਅਦ ਮੈਨੂੰ ਸ਼ਕੁੰਤਲਾ ਬਿਨਾਂ ਵੀ ਆਪਣਾ ਜੀਵਨ ਸੱਖਣਾ ਜਾਪਦਾ ਸੀ। ਮੇਰੀ ਮੂੰਹ ਫਟ ਦਿਨ ਰਾਤ ਕਲੇਸ਼ ਰੱਖਣ ਵਾਲੀ ਪਤਨੀ ਨੇ ਜਿਸ ਤਰ੍ਹਾਂ ਮੇਰਾ ਸਾਹ ਲੈਣਾ ਔਖਾ ਕੀਤਾ ਸੀ, ਸ਼ਕੁੰਤਲਾ ਦੇ ਪਿਆਰ ਨੇ ਉਹੀ ਸਾਹ ਸੌਖਾ ਕਰ ਦਿੱਤਾ ਸੀ। ਮੈਂ ਦੋ ਔਰਤਾਂ ਦੇ ਵਿਚਕਾਰ ਚੱਕੀ ਦੇ ਪੁੜਾਂ ਵਿਚਕਾਰ ਆਏ ਦਾਣੇ ਵਾਂਗ ਪਿਸ ਰਿਹਾ ਸਾਂ। ਔਰਤ ਜ਼ਾਤ ਦੀਆਂ ਦੋ ਕਿਸਮਾਂ ਵਿਚੋਂ ਮੇਰੀ ਪਤਨੀ ਚਾਹੁੰਦੀ ਸੀ ਕਿ ਮੈਂ ਉਹਦਾ ਹਰ ਜਾਇਜ਼ ਨਜਾਇਜ਼ ਹੁਕਮ ਮੰਨਾਂ ਤੇ ਉਸ ਦੇ ਮੂੰਹੋਂ ਨਿਕਲੇ ਹਰ ਚੰਗੇ ਮਾੜੇ ਸ਼ਬਦ ਨੂੰ ਇਲਾਹੀ ਹੁਕਮ ਸਮਝਾਂ। ਦੂਜੇ ਪਾਸੇ ਸ਼ਕੁੰਤਲਾ ਸੀ ਜੋ ਹੁਕਮ ਦੇਣ ਵਿਚ ਵਿਸ਼ਵਾਸ ਨਹੀਂ ਰੱਖਦੀ ਸੀ ਸਗੋਂ ਮੈਂ ਜੋ ਵੀ ਕਹਿੰਦਾ ਸਾਂ, ਉਹ ਮੰਨ ਲੈਂਦੀ ਸੀ। ਅਕਸਰ ਉਹ ਮੇਰੀ ਗਲਤ ਗੱਲ ਨੂੰ ਵੀ ਮੰਨ ਲੈਂਦੀ ਜੋ ਮੈਨੂੰ ਚੰਗਾ ਨਾ ਲਗਦਾ। ਮੈਂ ਚਾਹੁੰਦਾ ਸਾਂ ਕਿ ਉਹ ਮੇਰੇ ਨਾਲ ਬਹਿਸ ਕਰੇ ਤੇ ਮੈਨੂੰ ਗ਼ਲਤ ਸਿੱਧ ਕਰੇ ਪਰ ਉਹ ਉਸ ਰਾਹ ਤੁਰਦੀ ਹੀ ਨਹੀਂ ਸੀ। ਜੇ ਮੈਂ ਕਹਿੰਦਾ ਕਿ ਮੈਨੂੰ ਮਸਾਲੇ ਨਾਲ ਭਰੀਆਂ ਭਿੰਡੀਆਂ, ਕਰੇਲੇ ਤੇ ਛੋਟੇ ਬੈਂਗਨ ਪਸੰਦ ਹਨ ਤਾਂ ਉਹ ਆਪ ਮੰਡੀ ਵਿਚ ਜਾ ਕੇ ਤਾਜ਼ਾ ਭਿੰਡੀਆਂ, ਕਰੇਲੇ ਤੇ ਬੈਂਗਨ ਲੱਭ ਕੇ ਲਿਆਉਂਦੀ ਤੇ ਬੜੀ ਰੀਝ ਨਾਲ ਤਲ ਕੇ ਖੁਆਉਂਦੀ। ਜੇ ਮੈਂ ਕਹਿੰਦਾ ਕਿ ਮੈਨੂੰ ਘੀਆ ਤੋਰੀ ਵਿਚ ਬੱਕਰੇ ਦਾ ਲਿਵਰ ਭੁਜਿਆ ਬਹੁਤ ਸਵਾਦ ਲਗਦਾ ਹੈ ਤਾਂ ਉਹ ਮੇਰੀ ਫਰਮਾਇਸ਼ ਪੂਰੀ ਕਰਦੀ। ਜੇ ਮੈਂ ਕਹਿੰਦਾ ਕਿ ਮੈਨੂੰ ਤੜਕਾ ਲੱਗੀ ਮਾਂਹ ਦੀ ਦਾਲ ਨਾਲ ਹਰਾ ਪਿਆਜ਼ ਤੇ ਹਰੀ ਮਿਰਚ ਅਤੇ ਰੜ੍ਹੇ ਹੋਏ ਤੰਦੂਰੀ ਫੁਲਕੇ ਬਹੁਤ ਪਸੰਦ ਹਨ ਤੇ ਕੀ ਇਹ ਉਸ ਨੂੰ ਪਸੰਦ ਹਨ? ਉਹ ਫੌਰਨ ਹਾਂ ਵਿਚ ਹਾਂ ਮਿਲਾ ਦੇਂਦੀ। ਜੇ ਮੈਂ ਕਹਿੰਦਾ ਕਿ ਮੈਨੂੰ ਨਹਾ ਧੋ, ਤਿਆਰ ਹੋ ਕੇ ਦਫਤਰ ਜਾਣ ਦੀ ਬਜਾਏ ਨਵੇਂ ਵਿਛਾਏ ਬਿਸਤਰੇ ਤੇ ਸੌਣਾ ਚੰਗਾ ਲਗਦਾ ਹੈ ਤਾਂ ਉਹ ਫੌਰਨ ਕਹਿ ਦੇਂਦੀ ਕਿ ਉਸ ਨੂੰ ਇੰਜ ਕਰਨਾ ਬੜਾ ਚੰਗਾ ਲਗਦਾ ਹੈ। ਜੇ ਮੈਨੂੰ ਨੀਂਦ ਨਾ ਆਉਂਦੀ ਤੇ ਜਿੰਨਾ ਚਿਰ ਤਕ ਮੈਂ ਸੌਂ ਨਾ ਜਾਂਦਾ, ਉਹ ਵੀ ਜਾਗਦੀ ਰਹਿੰਦੀ।
ਮੈਂ ਉਸ ਦੇ ਹਾਂ ਰੁਚੀ ਵਤੀਰੇ ਤੋਂ ਕਈ ਵਾਰ ਅਕੇਵਾਂ ਮਹਿਸੂਸ ਕਰਦਾ। ਉਹ ਕਿਉਂ ਢਿੱਲੇ ਢੱਗੇ ਵਾਲਾ ਰਾਗ ਅਲਾਪ ਰਹੀ ਸੀ। ਕਦੀ ਕਦੀ ਮੈਨੂੰ ਉਹ ਅਜਿਹੀ ਮੱਛੀ ਵਰਗੀ ਲਗਦੀ ਜਿਸ ਅੰਦਰ ਨਾ ਕੋਈ ਕੰਡਾ ਹੋਵੇ ਤੇ ਨਾ ਹੀ ਨਿਮਕ ਜਾਂ ਅਜਿਹਾ ਕੜਾਹ ਜਿਸ ਵਿਚ ਮਿੱਠਾ ਪਾਉਣਾ ਭੁੱਲ ਰਹਿ ਗਿਆ ਹੋਵੇ। ਇਹ ਕਿਸ ਕਿਸਮ ਦੀ ਔਰਤ ਸੀ ਜਿਸ ਅੰਦਰ ਕੋਈ ਦਲੀਲ ਜਾਂ ਵਿਰੋਧੀ ਕਣ ਪੈਦਾ ਹੀ ਨਹੀਂ ਹੁੰਦਾ ਸੀ। ਮੈਨੂੰ ਉਹ ਬੋਰ ਲੱਗਣ ਲਗਦੀ। ਛੋਟੇ ਬੱਚੇ ਵਾਂਗ ਝੋਲੀ 'ਚ ਪੈ ਕੇ ਗਲਵਕੜੀ ਪਾਈ ਰੱਖਣੀ ਮੈਨੂੰ ਕਈ ਵਾਰ ਅਕਾ ਦੇਂਦੀ। ਉਹ ਬੜੀ ਸੁਸਤ ਰਫ਼ਤਾਰ ਪੈਸਿੰਜਰ ਗੱਡੀ ਸੀ ਪਰ ਮੈਂ ਐਕਸਪ੍ਰੈੱਸ ਕਿਸਮ ਦੀ ਬਹੁਤ ਤੇਜ਼ ਰਫਤਾਰ ਗਡੀ ਦਾ ਸਵਾਰ ਸਾਂ। ਕਈ ਵਾਰ ਮੈਂ ਉਸ ਨੂੰ ਸੋਫੇ ਦੀ ਨੁਕਰੇ ਸਵੈਟਰ ਉਣਦੀ ਨੂੰ ਛੱਡ ਜਾਂਦਾ ਤੇ ਜਦੋਂ ਮੈਂ ਵਾਪਸ ਪਰਤਦਾ ਤਾਂ ਉਹ ਸੋਫੇ ਦੀ ਉਸੇ ਨੁੱਕਰੇ ਬੈਠੀ ਸਵੈਟਰ ਉਣ ਰਹੀ ਹੁੰਦੀ। ਭਾਵੇਂ ਸਰਦੀਆਂ ਵਾਸਤੇ ਉਹ ਮੇਰੇ ਲਈ ਹੀ ਸਵੈਟਰ ਉਣ ਰਹੀ ਸੀ ਤੇ ਸਿਲਾਈਆਂ ਦੀ ਹਰ ਘੁੰਢੀ ਵਿਚ ਉਹ ਪਿਆਰ ਦੇ ਜਜ਼ਬੇ ਪ੍ਰੋ ਰਹੀ ਸੀ ਪਰ ਮੈਨੂੰ ਇਹ ਸਭ ਕੁਝ ਅਕਾ ਦੇਣ ਵਾਲਾ ਲਗਦਾ। ਉਹ ਠੰਡੀ ਸੀ ਤੇ ਮੈਨੂੰ ਤਪਸ਼ ਪਸੰਦ ਸੀ।
ਇਕ ਦਿਨ ਉਹਦਾ ਦਿਲ ਟੋਹਨ ਲਈ ਮੈਂ ਉਸ ਨੂੰ ਪੁੱਛਿਆ, "ਆਪਾਂ ਹੁਣ ਵਿਆਹ ਕਿਉਂ ਨਾ ਕਰਵਾ ਲਈਏ,"
"ਵਿਆਹ 'ਚ ਕੀ ਪਿਆ ਏ?" ਉਸ ਮੋੜਵਾਂ ਜਵਾਬ ਦਿੱਤਾ।
"ਵਿਆਹ ਤੋਂ ਬਾਅਦ ਡਰ ਖ਼ਤਮ ਹੋ ਜਾਵੇਗਾ। ਹੁਣ ਅਸੀਂ ਡਰ ਡਰ ਕੇ ਮਿਲਦੇ ਹਾਂ ਅਤੇ ਡਰ ਦੇ ਇਹੋ ਜਿਹੇ ਪ੍ਰਭਾਵ ਹੇਠਾਂ ਕਿੰਨਾ ਕੁ ਚਿਰ ਇਹ ਖੇਡ ਖੇਡੀ ਜਾ ਸਕਦੀ ਹੈ।"
"ਵਿਆਹ ਕਰਵਾ ਕੇ ਵੀ ਤਾਂ ਇਹੀ ਖੇਡ ਖੇਡਣੀ ਹੈ। ਵਿਆਹ ਨਾਲੋਂ ਇੰਜ ਜ਼ਿਆਦਾ ਚੰਗਾ ਹੈ। ਜਿਸ ਦਿਨ ਸਾਡੇ ਅੰਦਰ ਵਖਰੇਵਾਂ ਮਹਿਸੂਸ ਹੋਣ ਲੱਗੇਗਾ, ਅਸੀਂ ਦੋਸਤੀ ਦੀ ਬੁੱਕਲ ਤੋੜ ਕੇ ਅੱਡੋ ਅੱਡ ਹੋ ਜਾਵਾਂਗੇ। ਵਿਆਹ ਦੀ ਗੰਢ ਤੋੜਨੀ ਬੜੀ ਔਖੀ ਹੁੰਦੀ ਹੈ। ਤੂੰ ਕਿਹੜਾ ਹੁਣ ਤੀਕ ਇਹ ਵਿਆਹ ਦੀ ਗੰਢ ਨੂੰ ਤੋੜ ਸਕਿਆ ਹੈਂ।"
"ਤਾਂ ਕੀ ਇਕ ਦਿਨ ਅਜਿਹਾ ਆ ਸਕਦਾ ਹੈ ਜਦੋਂ ਤੇਰੀਆਂ ਗੋਰੀਆਂ ਬਾਹਵਾਂ ਮੇਰੇ ਲੱਕ ਦੁਆਲਿਉਂ ਲਿਪਟਣੋਂ ਹਟ ਜਾਣਗੀਆਂ।"
"ਹਟ ਸਕਦੀਆਂ ਹਨ, ਅਸੀਂ ਇਹ ਨਜਾਇਜ਼ ਰਿਸ਼ਤਾ ਕਿੰਨਾ ਕੁ ਚਿਰ ਹੋਰ ਜਾਰੀ ਰੱਖ ਸਕਦੇ ਹਾਂ।"
"ਇਹ ਤੂੰ ਕੀ ਕਹਿ ਰਹੀ ਹੈਂ, ਸ਼ਕੁੰਤਲਾ। ਮੈਨੂੰ ਤੇਰੇ ਕੋਲੋਂ ਅਜਿਹੀ ਤਵੱਕੋ ਨਹੀਂ ਸੀ। ਪਿਆਰ ਦੀ ਇਸ ਨਿਰਾਲੀ ਖੇਡ ਵਿਚ ਪਹਿਲ ਕਦਮੀ ਤੇਰੇ ਵੱਲੋਂ ਈ ਹੋਈ ਸੀ। ਫਿਰ ਕਿੰਨੇ ਸਾਰੇ ਵਰ੍ਹੇ, ਨੇੜਤਾ ਨਾਲੋਂ ਵੀ ਅਸੀਂ ਵਧੇਰੇ ਨੇੜੇ ਰਹੇ, ਅੱਜ ਇਹ ਖੜੋਤ ਕਿਉਂ ਆ ਰਹੀ ਹੈ?"
ਉਸ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਅਤੇ ਰਸੋਈ ਵਿਚ ਜਾ ਕੇ ਚਾਹ ਬਨਾਉਣ ਲੱਗੀ। ਮੈਂ ਹੈਰਾਨ ਹੋ ਰਿਹਾ ਸਾਂ ਕਿ ਅਚਾਨਕ ਸ਼ਕੁੰਤਲਾ ਨੂੰ ਕੀ ਹੋ ਗਿਆ ਸੀ। ਉਸ ਅੰਦਰ ਅਜਿਹੀ ਤਬਦੀਲੀ ਕਿਉਂ ਆ ਰਹੀ ਸੀ। ਉਸ ਤਾਂ ਕਦੀ ਕਿਸੇ ਵਿਰੋਧੀ ਵਿਚਾਰ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਸੀ ਪਰ ਅੱਜ ਉਹ ਕਿਉਂ ਮੇਰੇ ਨਾਲ ਇਸ ਤਰ੍ਹਾਂ ਪੇਸ਼ ਆ ਰਹੀ ਸੀ। ਕੀ ਉਸ ਦਾ ਦਿਲ ਮੇਰੇ ਪ੍ਰਤੀ ਬੁੱਝ ਗਿਆ ਸੀ ਜਾਂ ਚੋਰੀ ਛਿਪੇ ਕੋਈ ਮੇਰਾ ਕੋਈ  ਬਦਲ ਲੱਭ ਲਿਆ ਸੀ। ਉਸ ਦੇ ਮਨ ਵਿਚ ਕੀ ਜਵਾਰ ਭਾਟਾ ਆ ਗਈ ਸੀ। ਇਸ ਗੱਲੋਂ ਤਾਂ ਮੈਂ ਖ਼ੁਸ਼ ਸਾਂ ਕਿ ਆਖਰ ਉਹਦੇ ਅੰਦਰ ਕੁਝ ਕਹਿਣ, ਕਰਨ ਤੇ ਕਰ ਗੁਜ਼ਰਨ ਦਾ ਵਿਸ਼ਵਾਸ ਤਾਂ ਪੈਦਾ ਹੋਇਆ ਸੀ, ਪਰ ਪਰਸਪਰ ਸੰਬੰਧਾਂ ਦੀ ਜਿਸ ਅਵਸਥਾ ਤੀਕ ਅਸੀਂ ਪਹੁੰਚ ਚੁੱਕੇ ਸਾਂ, ਉਥੋਂ ਪਿੱਛੇ ਮੁੜਨਾ ਮੈਨੂੰ ਦੁਖਦਾਈ ਮਹਿਸੂਸ ਹੋ ਰਿਹਾ ਸੀ। ਮੇਰੀ ਆਤਮਾ ਤੇ ਸਰੀਰ ਨੂੰ ਜੋ ਸੰਤੁਸ਼ਟੀ ਉਸ ਦੇ ਸੰਬੰਧਾਂ ਵਿਚੋਂ ਪ੍ਰਾਪਤ ਹੁੰਦੀ ਸੀ, ਉਸ ਦਾ ਕੁਝ ਭਾਗ ਵੀ ਮੈਂ ਆਪਣੀ ਪਤਨੀ ਕੋਲੋਂ ਪ੍ਰਾਪਤ ਨਹੀਂ ਕਰ ਰਿਹਾ ਸਾਂ ਪਰ ਮੈਂ ਦੋ ਕਿਸ਼ਤੀਆਂ ਵਿਚ ਸਵਾਰ ਸਾਂ ਤੇ ਡੁੱਬਣਾ ਮੇਰਾ ਕ੍ਰਮ ਸੀ।
ਸ਼ਕੁੰਤਲਾ ਚਾਹ ਦੇ ਦੋ ਕੱਪ ਲਿਆਈ। ਇਕ ਉਸ ਆਪਣੇ ਬੁਲ੍ਹਾਂ ਨੂੰ ਲਾ ਲਿਆਤੇ ਦੂਜਾ ਮੇਰੇ ਅੱਗੇ ਰੱਖ ਦਿੱਤਾ।
"ਕੀ ਗੱਲ ਸ਼ਕੁੰਤਲਾ, ਆਪਾਂ ਸਦਾ ਇਕੋ ਕੱਪ ਵਿਚ ਚਾਹ ਪੀਂਦੇ ਰਹੇ ਹਾਂ਼ ਅੱਜ ਤੂੰ ਆਪਣੇ ਲਈ ਵੱਖਰਾ ਕੱਪ ਕਿਉਂ ਲੈ ਆਈ ਹੈਂ?"
"ਕਦੀ ਕਦੀ ਆਪੋ ਆਪਣੇ ਕੱਪ ਵਿਚ ਵੀ ਚਾਹ ਪੀਣੀ ਚਾਹੀਦੀ ਹੈ।"
"ਇਹ ਕੀ ਕਹਿ ਰਹੀ ਹੈਂ, ਅੱਜ ਕੀ ਹੋ ਗਿਆ ਏ ਤੈਨੂੰ। ਅੱਜ ਤੂੰ ਸਾਰੀਆਂ ਗੱਲਾਂ ਸਾਧਾਰਨ ਤੋਂ ਉਲਟ ਕਰ ਰਹੀ ਹੈਂ।"
"ਹਾਂ ਮਿਸਟਰ ਸਿੰਘ, ਤੁਸੀਂ ਜੋ ਕਹਿ ਰਹੇ ਹੋ, ਠੀਕ ਹੈ। ਮੈਂ ਤੁਹਾਡੇ ਤੋਂ ਜੁਦਾ ਹੋ ਰਹੀ ਹਾਂ। ਇਹ ਸਾਡੀ ਆਖਰੀ ਮਿਲਣੀ ਹੈ। ਅੱਜ ਤੋਂ ਬਾਅਦ ਤੁਸੀਂ ਮੈਨੂੰ ਕਦੇ ਵੀ ਮਿਲਣ ਨਹੀਂ ਆਓਗੇ। ਮੈਨੂੰ ਕੋਈ ਚਿੱਠੀ ਨਹੀਂ ਲਿਖੋਗੇ। ਜੇ ਲਿਖੋਗੇ ਤਾਂ ਮੈਂ ਬਿਨਾਂ ਪੜ੍ਹਿਆਂ ਲਿਫਾਫਾ ਪਾੜ ਕੇ ਬਲਦੀ ਅੱਗ ਵਿਚ ਸੁੱਟ ਦਿਆਂਗੀ। ਹੁਣ ਤੁਸੀਂ ਮੈਨੂੰ ਭੁੱਲ ਜਾਓ। ਤੁਹਾਡੇ ਨਾਲ ਮੇਰੇ ਸੰਬੰਧ ਖ਼ਤਮ ਹੋ ਰਹੇ ਹਨ। ਮੈਂ ਹੁਣ ਜ਼ਿੰਦਗੀ ਵਿਚ ਕਦੀ ਦੁਬਾਰਾ ਤੁਹਾਨੂੰ ਨਹੀਂ ਮਿਲਾਂਗੀ। ਤੁਸੀਂ ਵੀ ਕਿਰਪਾ ਕਰਕੇ ਮੈਨੂੰ ਕਦੀ ਮਿਲਣ ਦੀ ਕੋਸ਼ਿਸ਼ ਨਾ ਕਰਨਾ।"
"ਏਸ ਵਖਰੇਵੇਂ ਦੇ ਕਾਰਨ ਤਾਂ ਦੱਸੋ?"
"ਇਹ ਮੈਂ ਕਦੀ ਨਹੀਂ ਦੱਸਾਂਗੀ, ਤੁਸੀਂ ਖ਼ੁਦ ਸੋਚੋ ਕਿ ਕੀ ਕਾਰਨ ਹੋ ਸਕਦੇ ਹਨ?"
"ਮੈਂ ਇਕ ਇਕ ਕਰ ਕੇ ਆਪਣੇ ਵੱਲੋਂ ਕਿਆਸੇ ਗਿਆਰਾਂ ਕਾਰਨ ਦੱਸੇ ਜਿਨ੍ਹਾਂ ਵਿਚ ਮੈਨੂੰ ਆਪਣੀਆਂ ਵਧੀਕੀਆਂ ਦੇ ਗਿਆਨ ਦਾ ਭੁਲੇਖਾ ਲਗਦਾ ਸੀ।"
"ਇਸ ਤੋਂ ਇਲਾਵਾ ਵੀ ਕਈ ਹੋਰ ਕਾਰਨ ਹੋ ਸਕਦੇ ਹਨ।"
"ਤੂੰ ਦੱਸ ਉਹ ਕਿਹੜੇ ਕਾਰਨ ਹਨ?"
"ਇਹ ਮੈਂ ਨਹੀਂ ਦੱਸਾਂਗੀ।"
"ਕਿਉਂ?"
"ਇਹ ਤੁਸੀਂ ਸੋਚੋ ਕਿ ਹੋਰ ਕਿਹੜੇ ਕਿਹੜੇ ਕਾਰਨ ਹੋ ਸਕਦੇ ਹਨ। ਸੋਚੋ, ਸੋਚਦੇ ਰਹਿਣਾ। ਇਹ ਤੁਹਾਡਾ ਕੰਮ ਹੈ, ਮੇਰਾ ਨਹੀਂ। ਮੇਰੀ ਤੁਹਾਡੇ ਨਾਲ ਅੱਜ ਤੋਂ ਬਾਅਦ ਗੁੱਡ ਬਾਈ ਹੈ।" ਏਨਾ ਕਹਿ ਕੇ ਉਹ ਚੁੱਪ ਕਰ ਗਈ। ਉਸ ਇਹ ਚੁੱਪ ਨਾ ਤੋੜੀ। ਮੈਂ ਉਸ ਨੂੰ ਮੋਢਿਆਂ ਤੋਂ, ਬਾਂਹ ਤੋਂ ਫੜ੍ਹ ਫੜ੍ਹ ਹਿਲੂਣਿਆ ਪਰ ਉਸ ਚੁੱਪ ਨਾ ਤੋੜੀ। ਮੈਂ ਉਸ ਦਾ ਤਿੱਖਾ, ਗੋਰਾ, ਖ਼ੂਬਸੂਰਤ ਨੱਕ ਮਰੋੜਿਆ ਪਰ ਉਸ ਚੁੱਪ ਨਾ ਤੋੜੀ। ਮੈਂ ਪੂਰੇ ਜ਼ੋਰ ਨਾਲ ਉਸਦੇ ਇਕ ਚਪੇੜ ਮਾਰੀ। ਉਸ ਦੀ ਗੱਲ੍ਹ ਤੇ ਚਪੇੜ ਦਾ ਨਿਸ਼ਾਨ ਪੈ ਗਿਆ। ਉਸ ਦੀਆਂ ਪਲਕਾਂ ਵਿਚ ਨੀਮ ਅੱਥਰੂ ਸਨ ਪਰ ਉਸ ਚੁੱਪ ਨਾ ਤੋੜੀ। ਮੈਂ ਆਪਣੇ ਆਪ ਨੂੰ ਇਕੱਠਾ ਕੀਤਾ ਤੇ ਉਸਦੇ ਘਰੋਂ ਚਲਾ ਆਇਆ।  ਕਈ ਸਾਲਾਂ ਬਾਅਦ ਮੈਂ ਇਕ ਵਾਰ ਉਹਨੂੰ ਮਿਲਣ ਲਈ ਕਿਸੇ ਹੱਥ ਸੁਨੇਹਾ ਭੇਜਿਆ ਪਰ ਉਸ ਮਿਲਣੋਂ ਇਨਕਾਰ ਕਰ ਦਿੱਤਾ। ਇੰਜ ਜ਼ਿੰਦਗੀ ਦੇ 23 ਸਾਲ ਹੋਰ ਬੀਤ ਗਏ। ਇਕ ਵਾਰ ਬੜੀ ਮੁਸ਼ਕਲ ਨਾਲ ਉਹਦਾ ਬਦਲਿਆ ਹੋਇਆ ਘਰ ਲੱਭ ਕੇ ਮੈਂ ਉਹਨੂੰ ਮਿਲਣ ਗਿਆ। ਉਸ ਮੈਨੂੰ ਦਰਵਾਜ਼ੇ ਦੇ ਬਾਹਰ ਖੜ੍ਹੇ ਨੂੰ ਹੀ ਪਹਿਚਾਨਣੋਂ ਇਨਕਾਰ ਕਰ ਦਿੱਤਾ ਤੇ ਜਦ ਮੈਂ ਆਪਣਾ ਨਾਂ ਦਸਿਆ ਤਾਂ ਓਸ ਦਰਵਾਜ਼ਾ ਬੰਦ ਕਰ ਲਿਆ।