ਸਾਰੀ ਰਾਤ ਚੰਨ ਡੁਸਕਿਆ ,
ਜਦ ਇਕ ਤਾਰਾ ਟੁੱਟਿਆ ।
ਪੂਰਾ ਚੰਨ ਪਰ ਰਾਤ ਹੈ ਕਾਲੀ ,
ਕਿਸਦਾ ਰਬ ਹੈ ਰੁੱਸਿਆ ।
ਨਾਂ ਦਿਲ ਦੀ ਕੋਈ ਗਲ ਹੀ ਕੀਤੀ ,
ਨਾਂ ਚੁਪ 'ਚੋੰ ਲੱਭੇ ਮੋਤੀ ।
ਹਾਰ-ਜੀਤ ਬੇ-ਮਤਲਬ ਗਾਥਾ ,
ਜਦ ਉਮਰ ਨੇ ਲੇੱਖਾ ਪੁੱਛਿਆ ।
ਰਾਹਾਂ ਦੇ ਵਿਚ ਚਿੱਨ ਪੈਰਾਂ ਦੇ ,
ਗਿਣ ਗਿਣ ਕੇ ਕੀ ਕਰੀਏ ।
ਅੱਗਾ ਪਿੱਛਾ ਦੋਵੇਂ ਪਰਾਏ ,
ਜਦ ਕੋਈ ਸੂਰਜ ਡੁੱਬਿਆ ।
ਚੁਪ ਨਾਲ ਜਿਹੜੇ ਗੱਲਾਂ ਕਰਦੇ ,
ਤਨ ਮਨ ਤੋਂ ਉਹ ਜੋਗੀ ।
ਦਿਲ ਜਿੰਨਾ ਦੇ ਸਾਗਰੋੰ ਡੂੰਗੇ ,
ਕੌਣ ਉਹਨਾਂ ਦੀਆਂ ਬੁੱਝਿਆ ।
ਚੜਦਾ ਡੁਬਦਾ ਸੂਰਜ ਸੱਚਾ ,
ਸਿਖਰ ਦੁਪਹਿਰ ਵੀ ਆਈ ।
ਮਨ ਨੂੰ ਕਿਹੜੇ ਸਚ ਦੀ ਤ੍ਰਿਸ਼ਨਾਂ ,
ਅਜ ਤਕ ਕੁਝ ਨਹੀਂ ਸੁੱਝਿਆ ।
ਦੂਰ ਦੁਰੇਡੇ ਬੈਠਕੇ ਕੋਈ ,
ਬਾਤ ਦਿਲਾਂ ਦੀ ਪਾਏ ।
ਨਾਂ ਓਹ ਅਪਣਾ ਨਾਂ ਪਰਾਇਆ ,
ਇਹ ਰਾਜ਼ ਵੀ ਆਖਿਰ ਖੁੱਲਿਆ ।