ਤੁਰਨਾ ਮੁਹਾਲ ਹੈ' ਦਾ ਵਿਸ਼ੇਗਤ ਅਧਿਐਨ (ਖੋਜ-ਪੱਤਰ) (ਆਲੋਚਨਾਤਮਕ ਲੇਖ )

ਨਿਸ਼ਾਨ ਸਿੰਘ ਰਾਠੌਰ   

Email: nishanrathaur@gmail.com
Address: ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ
ਕੁਰੂਕਸ਼ੇਤਰ India
ਨਿਸ਼ਾਨ ਸਿੰਘ ਰਾਠੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬੀ ਸਾਹਿਤ ਦੇ ਖੇਤਰ ਵਿਚ ਹਰਿਆਣਾ ਪ੍ਰਾਂਤ ਦੇ ਲੇਖਕਾਂ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਪੰਜਾਬੀ ਸਾਹਿਤ ਦੀ ਹਰ ਵਿਧਾ ਵਿਚ, ਉਹ ਚਾਹੇ ਕਹਾਣੀ, ਨਾਵਲ, ਨਾਟਕ, ਕਵਿਤਾ, ਆਲੋਚਨਾ, ਇਕਾਂਗੀ ਜਾਂ ਸਫ਼ਰਨਾਮਾ ਹੋਵੇ ਹਰਿਆਣੇ ਦੇ ਲੇਖਕਾਂ ਨੇ ਆਪਣੀ ਨਵੇਕਲੀ ਛਾਪ ਛੱਡੀ ਹੈ।
     ਮੋਜੂਦਾ ਦੌਰ ਵਿਚ ਪੰਜਾਬੀ ਕਵਿਤਾ ਦੇ ਖੇਤਰ ਵਿਚ ਹਰਿਆਣਾ ਦੇ ਸ਼ਾਇਰ ਡਾ਼ ਰਤਨ ਸਿੰਘ ਢਿੱਲੋਂ, ਡਾ਼ ਰਜਿੰਦਰ ਸਿੰਘ ਭੱਟੀ, ਡਾ਼ ਰਮੇਸ਼ ਕੁਮਾਰ, ਡਾ਼ ਰਾਬਿੰਦਰ ਮਸਰੂਰ, ਡਾ਼ ਜੀ਼ ਡੀ਼ ਚੋਧਰੀ, ਕੁਲਵੰਤ ਰਫ਼ੀਕ, ਆਤਮਜੀਤ ਹੰਸਪਾਲ, ਸੀ਼ ਆਰ਼ ਮੌਦਗਿੱਲ, ਰਘੂਬੀਰ ਈਸ਼ਰ, ਦਇਆਲ ਚੰਦ ਮਿਗਲਾਨੀ, ਹਿੰਮਤ ਸਿੰਘ ਸੋਢੀ, ਬਚਨ ਸਿੰਘ ਮੌਜ, ਹਰਭਜਨ ਸਿੰਘ ਰੇਣੂ, ਗੁਰਸ਼ਰਨ ਗਾਸੋ, ਕਰਤਾਰ ਸਿੰਘ ਸੁਮੇਰ, ਪ੍ਰੋ਼ ਗੁਰਦਿਆਲ ਸਿੰਘ, ਜਗਦੀਸ ਪ੍ਰਸਾਦਿ ਕੌਸ਼ਿਕ, ਭਗਵਾਨ ਦਾਸ ਮਜ਼ਬੂਰ, ਹਰੀ ਸਿੰਘ ਜਾਚਕ, ਦੀਦਾਰ ਸਿੰਘ, ਸੁਖਚੈਨ ਭੰਡਾਰੀ, ਲੱਖ ਕਰਨਾਲਵੀ, ਦਰਸ਼ਨ ਨੱਤ, ਸ਼ੁਬੇਗ ਸੱਧਰ, ਹਰਜੀਤ ਸੱਧਰ, ਸਾਹਿਬ ਸਿੰਘ ਅਰਸ਼ੀ, ਮਾਸਟਰ ਅਮਰੀਕ ਸਿੰਘ, ਗੁਰਦੇਵ ਸਿੰਘ ਦੇਵ, ਨਰਿੰਦਰ ਕੌਸ਼ਿਕ, ਹਰਭਜਨ ਕੋਮਲ, ਅਜੀਤ ਸਿੰਘ ਦੀਵਾਨਾ ਅਤੇ ਮੈਡਮ ਪਾਲ ਕੌਰ ਵਰਗੇ ਸ਼ਾਇਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ।
     ਦੂਜੀ ਅਹਿਮ ਗੱਲ ਇਹ ਹੈ ਕਿ ਹਰਿਆਣਾ ਪ੍ਰਾਂਤ ਵਿਚ ਸਾਹਿਤ ਪ੍ਰੇਮੀਆਂ ਦਾ ਘੇਰਾ ਦਿਨੋ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਇਸ ਕਾਰਨ ਸ਼ਾਇਰਾਂ ਦੀ ਰਚਨਾ ਸ਼ੈਲੀ ਅਤੇ ਰਚਨਾ ਪੱਧਰ ਉੱਚ ਪਾਏ ਜਾ ਹੁੰਦਾ ਪ੍ਰਤੀਤ ਹੁੰਦਾ ਹੈ। ਇਹ ਹਰਿਆਣਾ ਪ੍ਰਾਂਤ ਵਿਚ ਪੰਜਾਬੀ ਜ਼ੁਬਾਨ ਲਈ ਚੰਗਾ ਸੰਕੇਤ ਹੈ।
     ਸਾਡੇ ਹੱਥਲੇ ਖੋਜ-ਪੱਤਰ ਦਾ ਮੁੱਖ ਵਿਸ਼ਾ ਹਰਿਆਣਵੀਂ ਸ਼ਾਇਰ ਡਾ਼ ਰਾਬਿੰਦਰ ਮਸਰੂਰ ਦੀ ਕਾਵਿ ਪੁਸਤਕ 'ਤੁਰਨਾ ਮੁਹਾਲ ਹੈ' ਦਾ ਵਿਸ਼ੇਗਤ ਅਧਿਐਨ ਹੈ। ਇਸ ਲਈ ਖੋਜ-ਪੱਤਰ ਦੀ ਸੰਖੇਪਤਾ ਨੂੰ ਦੇਖਦਿਆਂ ਸਾਡਾ ਮੁੱਖ ਉਦੇਸ਼ ਰਾਬਿੰਦਰ ਮਸਰੂਰ ਦੀ ਸ਼ਾਇਰੀ ਦੇ ਵਿਭਿੰਨ ਪੱਖਾਂ ਨੂੰ (ਤੁਰਨਾ ਮੁਹਾਲ ਹੈ ਦੇ ਆਧਾਰ ਤੇ) ਪਾਠਕਾਂ ਸਾਹਮਣੇ ਦਿਸ਼੍ਰਟੀਚੋਗਰ ਕਰਨਾ ਹੋਵੇਗਾ।
     ਡਾ਼ਰਾਬਿੰਦਰ ਮਸਰੂਰ ਦਾ ਜਨਮ 1 ਜੁਲਾਈ 1952 ਨੂੰ ਸਾਂਝੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿਚ ਹੋਇਆ। ਉਹ ਸੰਨ 1962 ਈ਼ ਨੂੰ ਆਪਣੀ ਮੁੱਢਲੀ ਸਿੱਖਿਆ ਗੁਰਦਾਸਪੁਰ ਤੋਂ ਲੈ ਕੇ ਆਪਣੇ ਪਰਿਵਾਰ ਸਮੇਤ ਜਗਾਧਰੀ (ਯਮੁਨਾਨਗਰ) ਹਰਿਆਣੇ ਵਿਚ ਆਣ ਵੱਸਿਆ। ਉਸ ਸਮੇਂ ਹਰਿਆਣਾ ਪ੍ਰਾਂਤ ਹੋਂਦ ਵਿਚ ਨਹੀਂ ਸੀ ਆਇਆ। ਜਦੋਂ 1 ਨਵੰਬਰ 1966 ਨੂੰ ਸਾਂਝੇ ਪੰਜਾਬ ਨਾਲੋਂ ਟੁੱਟ ਕੇ ਹਰਿਆਣਾ ਪ੍ਰਾਂਤ ਦਾ ਗਠਨ ਹੋਇਆ ਤਾਂ ਉਹ ਜਗਾਧਰੀ ਵਿਚ ਪੱਕੇ ਤੌਰ ਤੇ ਰਹਿ ਰਿਹਾ ਸੀ। ਇਸ ਲਈ ਡਾ਼ ਰਾਬਿੰਦਰ ਮਸਰੂਰ ਆਪਣੇ ਆਪ ਨੂੰ ਹਰਿਆਣਵੀਂ ਸ਼ਾਇਰ ਕਹਾਉਣ ਵਿਚ ਮਾਣ ਮਹਿਸੂਸ ਕਰਦਾ ਹੈ।
     ਪੰਜਾਬੀ ਸਾਹਿਤ ਜਗਤ ਵਿਚ ਨਾਮਨਾ ਖੱਟ ਕੇ ਡਾ਼ ਰਾਬਿੰਦਰ ਮਸਰੂਰ ਸੰਨ 1994 ਈ਼ ਵਿਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਬਤੌਰ ਪੰਜਾਬੀ ਲੈਕਚਰਾਰ ਨਿਯੁਕਤ ਹੋਇਆ। ਜੋ ਇਸ ਵੇਲੇ ਵੀ ਪੰਜਾਬੀ ਵਿਭਾਗ ਵਿਚ ਇਕ ਸੂਝਵਾਨ ਅਧਿਆਪਕ ਵੱਜੋਂ ਆਪਣੀਆਂ ਜ਼ਿੰਮੇਵਾਰੀਆਂ ਵਿੱਦਿਅਕ, ਸਾਹਿਤਿਕ ਅਤੇ ਸਮਾਜਿਕ ਖੇਤਰ ਵਿਚ ਬਾਖ਼ੂਬੀ ਨਿਭਾ ਰਿਹਾ ਹੈ।
     ਰਾਬਿੰਦਰ ਮਸਰੂਰ ਦੀ ਪਹਿਲੀ ਕਾਵਿ ਪੁਸਤਕ 'ਪੀਲੇ ਪੱਤ ਕਚਨਾਰ ਦੇ' ਆਰਟਕੇਵ ਲੁਧਿਆਣਾ ਤੋਂ ਸਵਰਨਜੀਤ ਸਵੀ ਨੇ (1977-78) ਵਿਚ ਪ੍ਰਕਾਸ਼ਿਤ ਕਰਕੇ ਪੰਜਾਬੀ ਸਾਹਿਤ ਪ੍ਰੇਮੀਆਂ ਦੀ ਝੋਲੀ ਪਾਈ। ਇਸ ਤੋਂ ਬਾਅਦ 'ਤਰਨਾ ਮੁਹਾਲ ਹੈ' ਗ਼ਜ਼ਲ ਸੰਗ੍ਰਹਿ ਨੂੰ ਨਾਨਕ ਸਿੰਘ ਪੁਸਤਕਮਾਲਾ ਨੇ ਸੰਨ 1997 ਵਿਚ ਪ੍ਰਕਾਸ਼ਿਤ ਕਰਕੇ ਪਾਠਕਾਂ ਤੀਕ ਪਹੁੰਚਾਇਆ। ਪਾਠਕਾਂ ਵਿਚ ਲੋਕਪ੍ਰਿਯਤਾ ਦੇ ਚਲਦਿਆਂ ਨਾਨਕ ਸਿੰਘ ਪੁਸਤਕ ਮਾਲਾ ਨੇ ਦੂਜੀ ਵਾਰ ਇਸ ਗ਼ਜ਼ਲ ਸੰਗ੍ਰਹਿ ਦਾ ਪ੍ਰਕਾਸ਼ਨ 1999 ਵਿਚ ਕੀਤਾ। ਇਸ ਗ਼ਜ਼ਲ ਸੰਗ੍ਰਹਿ ਵਿਚ ਕੁੱਲ 53 ਗ਼ਜ਼ਲਾਂ ਹਨ ਜੋ ਮਾਨਵੀ ਸਰੋਕਾਰਾਂ ਦੇ ਵਿਭਿੰਨ ਪੱਖਾਂ ਨੂੰ ਬਿਆਨ ਕਰਦੀਆਂ ਹਨ।  
     ਰਾਬਿੰਦਰ ਮਸਰੂਰ ਇਕ ਅਜਿਹਾ ਸ਼ਾਇਰ ਹੈ ਜੋ ਘੱਟ ਲਫ਼ਜ਼ਾਂ'ਚ ਵੱਡੀ ਗੱਲ ਕਹਿਣ ਦੇ ਸਮਰੱਥ ਹੈ। ਉਸ ਦੀ ਆਪਣੀ ਕਲਮ ਤੇ ਪਕੜ ਮਜ਼ਬੂਤ ਹੈ। ਉਹ ਆਪਣੀ ਕਲਮ ਦੀ ਸ਼ਕਤੀ ਨਾਲ ਉੱਚ ਪੱਧਰ ਦੀ ਗੱਲ ਨੂੰ ਅਜਿਹੇ ਸਰਲ ਢੰਗ ਨਾਲ ਬਿਆਨ ਕਰਨ ਦੇ ਕਾਬਲ ਹੈ ਕਿ ਆਮ ਪਾਠਕ ਨੂੰ ਆਸਾਨੀ ਨਾਲ ਉਸ ਦੀ ਕਹੀ ਗੱਲ ਸਮਝ ਆ ਜਾਂਦੀ ਹੈ। ਇਹੀ ਉਸ ਦੀ ਲੋਕਪ੍ਰਿਯਤਾ ਦਾ ਕਾਰਨ ਹੈ।
     ਰਾਬਿੰਦਰ ਮਸਰੂਰ ਜਿੱਥੇ ਖੁੱਲੇ ਵਿਚਾਰਾਂ ਵਾਲਾ ਸ਼ਾਇਰ ਹੈ ਉੱਥੇ ਨਾਲ ਹੀ ਉਸ ਵਿਚ ਕੱਟੜਤਾ, ਹਉਮੈ, ਅੰਹਕਾਰ ਜਾਂ ਬਨਾਵਟੀਪਨ ਨਹੀਂ ਹੈ। ਅਧਿਆਤਮਕ ਪਰਵ੍ਰਿਤੀ ਦਾ ਮਾਲਕ ਰਾਬਿੰਦਰ ਮਸਰੂਰ ਆਪਣੇ ਚਹੇਤਿਆਂ ਨੂੰ ਦਿਲੋਂ ਪਿਆਰ ਕਰਦਾ ਹੈ। ਜੋ ਇਕ ਵਾਰ ਮਸਰੂਰ ਹੁਰਾਂ ਦਾ ਹੋ ਗਿਆ ਫ਼ਿਰ ਮਸਰੂਰ ਸਦਾ ਲਈ ਉਸ ਦਾ ਹੋ ਜਾਂਦਾ ਹੈ।
     ਰਾਬਿੰਦਰ ਮਸਰੂਰ ਮਾਨਵੀ ਚੇਤਨਾ ਨੂੰ ਆਪਣੀ ਸ਼ਾਇਰੀ ਦੇ ਮਾਧਿਅਮ ਰਾਹੀਂ ਜਗਾਉਣ ਦਾ ਯਤਨ ਕਰਦਾ ਹੈ। ਉਹ ਦੱਬੇ-ਕੁਚਲੇ ਲੋਕਾਂ ਨੂੰ ਅਣਖ਼ ਨਾਲ ਜਿਊਣ ਦਾ ਵੱਲ੍ਹ ਦੱਸਦਾ ਹੈ।
     'ਹਾਂ ਅਸੂਲ ਕਾਨੂੰਨ ਨਹੀਂ ਹਾਂ ਮੈਂ ਜਿਸ ਨੂੰ
     ਜਦ ਚਾਹੋ, ਜਿਉਂ ਚਾਹੋ ਥਾਪ ਉਥਾਪ ਕਰੋ।' (ਤੁਰਨਾ ਮੁਹਾਲ ਹੈ)
     ਇਸ ਮਾਨਵੀ ਚੇਤਨਾ ਨਾਲ ਜੇ ਕੋਈ ਕਿਰਤੀ ਜ਼ੁਲਮ ਖ਼ਿਲਾਫ ਆਵਾਜ਼ ਬੁਲੰਦ ਕਰਦਾ ਹੈ ਤਾਂ ਫਿਰ ਹਾਕਮ ਧਿਰ ਵੱਲੋਂ ਹੁੰਦੇ ਵਿਰੋਧ ਨੂੰ ਮਸਰੂਰ ਆਪਣੀ ਕਵਿਤਾ ਵਿਚ ਇੰਝ ਬਿਆਨ ਕਰਦਾ ਹੈ;
     'ਕਦੀ ਹੱਕ ਦਾ ਪੰਛੀ ਜੇ ਪਰ ਤੋਲਦਾ ਹੈ।
     ਤਾਂ ਗਿਰਝਾਂ ਦਾ ਆਕਾਸ਼ ਕਿਉਂ ਡੋਲਦਾ ਹੈ?' (ਤੁਰਨਾ ਮੁਹਾਲ ਹੈ)
     ਪ੍ਰਸਿੱਧ ਆਲੋਚਕ ਡਾ਼ ਅਮਰਜੀਤ ਸਿੰਘ ਕਾਂਗ ਨੇ 'ਤੁਰਨਾ ਮੁਹਾਲ ਹੈ' ਦੀ ਭੁਮਿਕਾ ਵਿਚ ਰਾਬਿੰਦਰ ਮਸਰੂਰ ਦੀ ਸ਼ਾਇਰੀ ਵਿਚਲੀ ਮਾਨਵੀ ਚੇਤਨਾ ਦੀ ਗੱਲ ਕਰਦਿਆਂ ਆਖਿਆ ਹੈ ਕਿ;
     "ਰਾਬਿੰਦਰ ਮਸਰੂਰ ਦੀ ਸ਼ਾਇਰੀ ਦੇ ਵਿਵੇਕ ਦੀ ਅਨੰਤ ਸੰਭਾਵਨਾ ਇਸ ਰਹੱਸ ਵਿਚ ਹੈ ਕਿ ਉਹ ਪੀੜਾ ਨੂੰ ਕੇਵਲ ਪੀੜਾ ਦੀ ਪੱਧਰ ਜਾਂ ਉਸ ਨੂੰ ਕਿਸੇ ਦਰਦ ਦੇ ਸੰਘਣੇ ਅੰਨ੍ਹੇਰੇ ਤੱਕ ਹੀ ਸੀਮਤ ਨਹੀਂ ਰੱਖਦਾ ਬਲਕਿ ਉਹ ਦਰਦ ਨੂੰ ਮਾਨਵੀ ਚੇਤਨਾ ਜਗਾਉਣ ਲਈ ਮਾਧਿਅਮ ਬਣਾਉਂਦਾ ਹੈ।" (ਤੁਰਨਾ ਮੁਹਾਲ ਹੈ)
     ਮਸਰੂਰ ਜਿੱਥੇ ਮਾਨਵੀ ਸਰੋਕਾਰਾਂ ਦੀ ਗੱਲ ਕਰਦਾ ਹੈ ਉੱਥੇ ਨਾਲ ਹੀ ਕਿਰਤੀ ਲੋਕਾਂ ਦੇ ਹੋ ਰਹੇ ਸ਼ੋਸ਼ਣ ਅਤੇ ਲੁੱਟ ਨੂੰ ਵੀ ਬਾਖ਼ੂਬੀ ਬਿਆਨ ਕਰਦਾ ਹੈ। ਉਹ ਹਾਕਮ ਧਿਰ ਦੀ ਖੋਟੀ ਨਿਯਤ ਦੀ ਗੱਲ ਵੀ ਪਾਠਕਾਂ ਸਾਹਮਣੇ ਰੱਖਦਾ ਹੈ।
     'ਕੁਰਸੀਆਂ ਵਾਲੇ ਘਰਾਂ ਦੀ ਨੀਤ ਜੇ ਖੋਟੀ ਨਹੀਂ
     ਪਿੰਡ ਦੇ ਪਿੰਡੇ ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ?' (ਤੁਰਨਾ ਮੁਹਾਲ ਹੈ)
     ਬ੍ਰਿਹਾ, ਗ਼ਮ, ਵਿਛੋੜਾ, ਦਰਦ ਆਦਿਕ ਮਾਨਵੀ ਜੀਵਨ ਦੀਆਂ ਵਿਭਿੰਨ ਅਵਸਥਾਵਾਂ ਦਾ ਜ਼ਿਕਰ ਮੁੱਢ ਤੋਂ ਹੀ ਪੰਜਾਬੀ ਕਵਿਤਾ ਵਿਚ ਹੁੰਦਾ ਆਇਆ ਹੈ। ਉਹ ਚਾਹੇ ਪੰਜਾਬੀ ਸੂਫ਼ੀ ਕਵਿਤਾ ਦੇ ਮੋਢੀ ਬਾਬਾ ਫ਼ਰੀਦ ਦੀ ਕਵਿਤਾ ਹੋਵੇ ਜਾਂ ਆਧੁਨਿਕ ਪੰਜਾਬੀ ਕਵਿਤਾ ਦੇ ਸ਼ਾਇਰ ਰਾਬਿੰਦਰ ਮਸਰੂਰ ਦੀ ਕਵਿਤਾ ਹੋਵੇ। ਬ੍ਰਿਹਾ ਨੂੰ ਆਪਣੀ ਕਵਿਤਾ ਦਾ ਸ਼ਿੰਗਾਰ ਬਣਾਉਂਦੇ ਸ਼ਾਇਰ ਕਈ ਵਾਰ ਪਾਰਲੌਕਿਕ ਰਹੱਸਾਂ ਨੂੰ ਪਾਠਕਾਂ ਸਾਹਮਣੇ ਸਹਿਜੇ ਹੀ ਖੋਲ ਦਿੰਦੇ ਹਨ।
     ਬਾਬਾ ਫ਼ਰੀਦ ਆਪਣੀ ਕਵਿਤਾ ਵਿਚ ਇੱਥੋਂ ਤੱਕ ਆਖ ਦਿੰਦੇ ਹਨ ਕਿ ਜਿਸ ਮਨੁੱਖ ਨੇ ਬ੍ਰਿਹਾ ਦੇ ਦਰਦ ਨੂੰ ਆਪਣੇ ਪਿੰਡੇ ਤੇ ਨਹੀਂ ਹੰਡਾਇਆ ਉਹ ਮਨੁੱਖ ਜਿਉਂਦੇ ਜੀਅ ਮੋਇਆਂ ਬਰਾਬਰ ਹੁੰਦਾ ਹੈ। ਬਾਬਾ ਫ਼ਰੀਦ ਬ੍ਰਿਹਾ ਨੂੰ ਸੁਲਤਾਨ ਆਖਦੇ ਹਨ;
     'ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ।।
     ਫ਼ਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਦੋ ਤਨੁ ਜਾਣੁ ਮਸਾਨ।।' (ਆਦਿ ਗ੍ਰੰਥ)
     ਆਧੁਨਿਕ ਪੰਜਾਬੀ ਕਵਿਤਾ ਵਿਚ ਇਸ ਬ੍ਰਿਹਾ ਦੇ ਗ਼ਮ ਨੂੰ ਪੇਸ਼ ਕਰਦਿਆਂ ਸ਼ਾਇਰ ਰਾਬਿੰਦਰ ਮਸਰੂਰ ਕਹਿੰਦਾ ਹੈ ਜੇਕਰ ਮੈਂ ਸ਼ਾਇਰ ਹਾਂ ਤਾਂ ਇਸ ਦਾ ਸਿਹਰਾ ਗ਼ਮ ਦੇ ਸਿਰ ਬੱਝਦਾ ਹੈ। ਮੇਰੀਆਂ ਗ਼ਜ਼ਲਾਂ, ਗੀਤ ਸਭ ਬ੍ਰਿਹਾ ਦੀ ਉਪਜ ਹਨ। ਮਸਰੂਰ ਗ਼ਮ ਨੂੰ ਆਪਣੀ ਸ਼ਾਇਰੀ ਵਿਚ ਬਿਆਨ ਕਰਦਿਆਂ ਆਖਦਾ  ਹੈ;
     'ਗ਼ਮ ਦਾ ਇਕ ਅਹਿਸਾਨ ਮੇਰੇ ਸਿਰ ਚਿਰ ਦਾ ਹੈ।
     ਗੀਤ ਗ਼ਜ਼ਲ ਸਭ ਸਦਕਾ ਗ਼ਮ ਦੇ ਸਿਰ ਦਾ ਹੈ।' (ਤੁਰਨਾ ਮੁਹਾਲ ਹੈ)
     ਜਾਂ
     'ਗੀਤਾਂ ਤਾਂ ਮੇਰਿਆਂ ਨੇ ਪੀੜਾਂ ਦੇ ਵੇਸ ਪਾਏ।
     ਪੀੜਾਂ ਨੂੰ ਕੌਣ ਕੀਲੇ, ਗੀਤਾਂ ਨੂੰ ਕੌਣ ਗਾਏ?' (ਤੁਰਨਾ ਮੁਹਾਲ ਹੈ)
     ਮਸਰੂਰ ਆਪਣੀ ਗੱਲ ਚੁੱਪ-ਚਪੀਤੇ ਕਹਿਣ ਵਿਚ ਮਾਹਿਰ ਹੈ ਆਪਣੀ ਕਵਿਤਾ ਰਾਹੀਂ ਕੁੱਝ ਆਖਣ ਲਈ ਉਹ ਕੋਈ ਬਹੁਤਾ ਸ਼ੋਰ ਪਾਉਣਾ ਪੰਸਦ ਨਹੀਂ ਕਰਦਾ। ਉਹ ਖਾਮੋਸ਼, ਚੁੱਪ ਅਤੇ ਗੰਭੀਰ ਪਰਵ੍ਰਿਤੀ ਦਾ ਸ਼ਾਇਰ ਹੈ। ਉਸ ਦੇ ਲਫ਼ਜ਼ਾਂ ਵਿਚ ਰਵਾਨਗੀ ਹੈ। ਉਸ ਦਾ ਇਹ ਗੁਣ ਉਸ ਦੀ ਕਵਿਤਾ ਵਿਚ ਵੀ ਦੇਖਣ ਨੂੰ ਮਿਲਦਾ ਹੈ;
     'ਵਾਹ ਚੁੱਪ ਹੈ, ਆਹ ਚੁੱਪ, ਹਰ ਇਕ ਸਦਾਅ ਖ਼ਾਮੋਸ਼ ਹੈ।
     ਜਾਂ ਤਿਰੇ ਮੇਰੇ ਵਿਚਾਲੇ, ਇਹ ਖ਼ਲਾਅ ਖ਼ਾਮੋਸ਼ ਹੈ।' (ਤੁਰਨਾ ਮੁਹਾਲ ਹੈ)
     ਜਾਂ
     'ਖ਼ਾਮੋਸ਼ੀ ਨੂੰ ਡਰ ਕਹਿ ਕੇ ਲਲਕਾਰਾਂ ਗਾ।
     ਪਰ ਮੈਨੂੰ ਜਦ 'ਵਾਜ ਪਈ ਚੁੱਪ ਧਾਰਾਂ ਗਾ।' (ਤੁਰਨਾ ਮੁਹਾਲ ਹੈ)
     ਜਾਂ
     'ਹੋਰ ਸ਼ੋਰ ਤੇ ਦਰਦ ਸਹਿਆ ਹੁਣ ਨਹੀਂ ਜਾਂਦਾ
     ਦਿਲ ਜੀ! ਜੋ ਕੰਮ ਕਰਨਾ ਹੈ, ਚੁੱਪਚਾਪ ਕਰੋ।' (ਤੁਰਨਾ ਮੁਹਾਲ ਹੈ)
     ਮਸਰੂਰ ਦੀ ਸ਼ਾਇਰੀ ਕਈ ਵਾਰ ਅਚਨਚੇਤ ਮਨੁੱਖੀ ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਪਾਠਕਾਂ ਸਾਹਮਣੇ ਬਿਆਨ ਕਰ ਜਾਂਦੀ ਹੈ। ਇਹ ਕਿਸੇ ਸ਼ਾਇਰ ਦੀ ਵੱਡੀ ਪ੍ਰਾਪਤੀ ਹੁੰਦੀ ਹੈ। ਇਸ ਨਾਲ ਪਾਠਕ ਆਪਣੇ ਆਪ ਨੂੰ ਇਰੀ ਵਿਚ ਸਮਾਇਆ ਮਹਿਸੂਸ ਕਰਦਾ ਹੈ। ਉਸ ਨੂੰ ਕਿਸੇ ਰਹੱਸ ਦੀ ਗੁੰਝਲ ਖੁੱਲਦੀ ਪ੍ਰਤੀਤ ਹੁੰਦੀ ਹੈ। ਇੱਥੇ ਮਸਰੂਰ ਦੀ ਕਵਿਤਾ ਸਮਾਜਕ ਯਥਾਰਥ ਨੂੰ ਪਾਠਕਾਂ ਸਾਹਮਣੇ ਪ੍ਰਤੱਖ ਰੂਪ ਵਿਚ ਪੇਸ਼ ਕਰਦੀ ਪ੍ਰਤੀਤ ਹੁੰਦੀ ਹੈ;
     'ਹਰ ਵੱਡਾ ਰੁੱਖ ਛੋਟੇ ਰੁੱਖ ਨੂੰ ਖਾ ਜਾਂਦੈ
     ਉਹ ਆਪਣੇ ਤੋਂ ਵੱਡੇ ਰੁੱਖ ਨੂੰ ਭਾਲ ਰਿਹੈ।' (ਤੁਰਨਾ ਮੁਹਾਲ ਹੈ)
     ਜਾਂ
     'ਤੇਰੀ ਛਾਵੇਂ ਮੈਂ ਆਖ਼ਿਰ ਕੁਮਲਾਉਣਾ ਸੀ
     ਬਿਰਖ਼ ਬਿਰਖ਼ ਦੀ ਛਾਵੇਂ ਕਦ ਖੁਸ਼ਹਾਲ ਰਿਹੈ।' (ਤੁਰਨਾ ਮੁਹਾਲ ਹੈ)
     ਰਾਬਿੰਦਰ ਮਸਰੂਰ ਨੂੰ ਆਪਣੀ ਸ਼ਾਇਰੀ ਨਾਲ ਅੰਤਾਂ ਦਾ ਮੌਹ ਹੈ। ਉਹ ਸਾਹ ਵੀ ਲੈਂਦਾ ਹੈ ਤਾਂ ਕਵਿਤਾ ਦੀ ਖ਼ੁਸ਼ਬੂ ਆਬੋ-ਹਵਾ ਵਿਚ ਘੁਲ-ਮਿਲ ਜਾਂਦੀ ਹੈ। ਉਹ ਦੀ ਚਾਲ ਕਿਸੇ ਮਸਤ ਮੋਰ ਵਾਂਗ ਪੈਲਾਂ ਪਾਉਂਦੀ ਹੈ। ਉਸ ਦੇ ਬੋਲ ਕਿਸੇ ਗੀਤ ਦੇ ਮਿੱਠੇ ਸੁਰ ਵਾਂਗ ਕੰਨਾਂ'ਚ ਰਸ ਘੋਲਦੇ ਹਨ। ਉਸ ਨੂੰ ਆਪਣੀਆਂ ਗ਼ਜ਼ਲਾਂ ਆਪਣੇ ਨਾਲ ਤੁਰਦੀਆਂ ਦਿੱਸਦੀਆਂ ਹਨ;
     'ਭੀੜ ਵਿਚ ਫ਼ੁਰਸਤ'ਚ ਹਰ ਮੁਸ਼ਕਲ'ਚ ਮੇਰੇ ਨਾਲ ਹੈ।
     ਇਕ ਗ਼ਜ਼ਲ ਚਿਰ ਤੋਂ ਮਿਰੇ ਦੁੱਖ ਸੁੱਖ'ਚ ਭਾਈਵਾਲ ਹੈ। (ਤੁਰਨਾ ਮੁਹਾਲ ਹੈ)
     ਜਾਂ
     'ਜੀ ਉੱਠਾਗਾਂ ਮੈਂ ਇਉਂ ਨਾ ਵਿਰਲਾਪ ਕਰੋ।
     ਬੈਠ ਸਰ੍ਹਾਂਦੀ ਕਿਸੇ ਗ਼ਜ਼ਲ ਦਾ ਜਾਪ ਕਰੋ।' (ਤੁਰਨਾ ਮੁਹਾਲ ਹੈ)
     ਮਸਰੂਰ ਹੁਰਾਂ ਦੀ ਗ਼ਜ਼ਲ ਦੀਆਂ ਹੇਠ ਲਿਖੀਆਂ ਸਤਰਾਂ ਮਨੁੱਖੀ ਜੀਵਨ ਦੀ ਇੱਕ ਅਟੱਲ ਸੱਚਾਈ ਨੂੰ ਬਿਆਨ ਕਰਦੀਆਂ ਹਨ;
     'ਝੜ ਰਹੇ ਪੱਤਿਆਂ ਨੂੰ ਇਸ ਗੱਲ ਤੇ ਬੜਾ ਇਤਰਾਜ਼ ਹੈ
     ਇਹ ਨਵੇਂ ਪੱਤੇ ਨਿਕਲਦੇ ਸਾਰ ਸ਼ਿਖਰਾਂ ਹੋ ਗਏ।' (ਤੁਰਨਾ ਮੁਹਾਲ ਹੈ)
     ਮਨੁੱਖੀ ਮਨ ਦੀ ਇਸ ਅਵਸਥਾ ਨੂੰ ਮਸਰੂਰ ਹੁਰਾਂ ਨੇ ਇਹਨਾਂ ਦੋ ਸਤਰਾਂ ਵਿੱਚ ਹੀ ਬਿਆਨ ਕਰ ਦਿੱਤਾ ਹੈ। ਅਸਲ ਵਿੱਚ ਕਿੱਤਾ ਕੋਈ ਵੀ ਹੋਵੇ ਪੁਰਾਣੇ ਪੱਤੇ (ਪੁਰਾਣੇ ਲੋਕ) ਇਹ ਨਹੀਂ ਚਾਹੁੰਦੇ ਕਿ ਕੋਈ ਨਵਾਂ ਪੱਤਾ (ਨਵਾਂ ਵਿਅਕਤੀ) ਨਿਕਲਦਿਆਂ (ਉਸ ਖੇਤਰ ਵਿੱਚ ਆਉਂਦਿਆਂ) ਹੀ ਉਹਨਾਂ ਤੋਂ ਉੱਪਰ ਹੋ ਜਾਏ।
     ਇਸ ਗ਼ਜ਼ਲ ਦੀ ਦੂਜੀ ਪੰਗਤੀ ਵਿਚ ਇਹ ਗੱਲ ਬੜੀ ਸਪਸ਼ੱਟ ਹੈ ਕਿ ਜਿੱਥੇ ਪੁਰਾਣੇ ਪੱਤਿਆਂ ਨੂੰ ਇਸ ਗੱਲ ਤੇ ਬੜਾ ਇਤਰਾਜ਼ ਹੈ ਕਿ ਇਹ ਨਵੇਂ ਪੱਤੇ ਅਜੇ ਕੁੱਝ ਚਿਰ ਪਹਿਲਾਂ ਹੀ ਪੈਦਾ ਹੋਏ ਸਨ ਤੇ ਥੋੜੇ ਸਮੇਂ ਵਿਚ ਹੀ ਸਾਡੇ ਨਾਲੋਂ ਉੱਚੇ ਕਿਵੇਂ ਹੋ ਗਏ ਹਨ?
     ਦੂਜੀ ਗੱਲ ਜਿਤਨਾ ਦੁੱਖ ਪੁਰਾਣੇ ਪੱਤਿਆਂ ਨੂੰ ਇਹ ਹੈ ਕਿ ਨਵੇਂ ਪੱਤੇ ਜਲਦੀ ਸ਼ਿਖ਼ਰ ਨੂੰ ਛੂਹ ਰਹੇ ਹਨ ਉਤਨਾ ਹੀ ਦੁੱਖ ਇਹ ਵੀ ਹੈ ਕਿ ਅਸੀਂ ਪੁਰਾਣੇ ਹੋ ਕੇ ਵੀ ਇਹਨਾਂ ਤੋਂ ਥੱਲੇ (ਨੀਵੇਂ) ਕਿਉਂ ਹੋ ਗਏ ਹਾਂ? ਉਹ ਕਿਸੇ ਦੇ ਥੱਲੇ ਨਹੀਂ ਲੱਗਣਾ ਚਾਹੁੰਦੇ। ਇਹ ਮਨੁੱਖੀ ਜੀਵਨ ਦੀ ਇਕ ਨਾ ਮੰਨਣ ਵਾਲੀ ਸਚਾਈ ਹੈ। ਹਰ ਖੇਤਰ ਵਿਚ ਸਥਾਪਿਤ ਲੋਕ ਇਹ ਨਹੀਂ ਚਾਹੁੰਦੇ ਕਿ ਉਹਨਾਂ ਤੋਂ ਬਾਅਦ ਵਿਚ ਆ ਕੇ ਕੋਈ ਉਹਨਾਂ ਤੋਂ ਉੱਚਾ ਹੋ ਜਾਏ। ਇਸ ਲਈ ਉਹ ਲੋਕ ਪਹਿਲਾਂ ਹੀ ਨਵੇਂ ਵਿਅਕਤੀ ਦਾ ਹੌਸਲਾ ਤੋੜਣ ਦਾ ਯਤਨ ਕਰਦੇ ਹਨ।
     ਮਸਰੂਰ ਦੀ ਕਵਿਤਾ ਵਿਚ ਇਹ ਗੱਲ ਪ੍ਰਤੱਖ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਇਕੋ ਹੀ ਕਿੱਤੇ ਦੇ ਲੋਕਾਂ ਦੀ ਆਪਸ ਵਿਚ ਨਹੀਂ ਬਣਦੀ। ਉਹ ਇਕ ਦੂਜੇ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਹਨ। ਉਹ ਚਾਹੇ ਸਾਹਿਤ ਦਾ ਖੇਤਰ ਹੋਵੇ, ਧਰਮ ਦਾ ਜਾਂ ਕੋਈ ਹੋਰ। ਹਰ ਖੇਤਰ ਵਿਚ ਆਪਸੀ ਈਰਖ਼ਾ ਦੀ ਭਾਵਨਾ ਲੋਕ ਮਨਾਂ ਵਿਚ ਘਰ ਕਰ ਗਈ ਹੈ। ਮਨੁੱਖੀ ਮਨ ਦੀ ਇਸ ਅਵਸਥਾ ਨੂੰ ਮਸਰੂਰ ਨੇ ਆਪਣੀ ਗ਼ਜ਼ਲ ਵਿਚ ਦਰਖ਼ਤਾਂ ਦਾ ਦ੍ਰਿਸ਼ਟਾਂਟ ਦੇ ਦੇ ਬਾਖ਼ੂਬੀ ਪੇਸ਼ ਕੀਤਾ ਹੈ;
     'ਤੇਰੀ ਛਾਵੇਂ ਮੈਂ ਆਖ਼ਿਰ ਕੁਮਲਾਉਣਾ ਸੀ
     ਬਿਰਖ਼  ਬਿਰਖ਼ ਦੀ ਛਾਵੇਂ ਕਦ ਖੁਸ਼ਹਾਲ ਰਿਹੈ?' (ਤੁਰਨਾ ਮੁਹਾਲ ਹੈ)
     ਅਜੋਕੇ ਸਮੇਂ ਸਮਾਜਿਕ ਕਦਰਾਂ-ਕੀਮਤਾਂ ਦਾ ਹੋ ਰਿਹਾ ਘਾਣ ਮਸਰੂਰ ਦੀ ਦ੍ਰਿਸ਼ਟੀ ਤੋਂ ਬਚਿਆ ਨਹੀਂ ਰਿਹਾ। ਸਮਾਜ ਵਿਚ ਵਿਗੜ ਰਹੇ ਰਿਸ਼ਤਿਆਂ-ਨਾਤਿਆਂ ਅਤੇ ਆਪਸੀ ਪ੍ਰੇਮ-ਪਿਆਰ ਦੀ ਭਾਵਨਾ ਵਿਚ ਗਿਰਾਵਟ ਤੋਂ ਕਵੀ ਦਾ ਮਨ ਵਿਆਕੁਲ ਹੈ। ਉਹ ਵਿਗੜ ਰਹੇ ਸਮਾਜਕ ਢਾਂਚੇ ਉੱਪਰ ਵਿਅੰਗ ਕੱਸਦਿਆਂ ਆਖਦਾ ਹੈ;
     'ਹੈ ਟੀ਼ਵੀ਼ ਨੇ ਕਿਹਾ ਜਦ ਤੋਂ, ਨ ਛੇੜੋ ਚੀਜ਼ ਲਾਵਾਰਿਸ
     ਮਿਰੇ ਬੱਚੇ, ਮਿਰੀ ਐਨਕ ਡਿੱਗੇ ਤਾਂ ਹੱਥ ਨਹੀਂ ਲਾਉਂਦੇ।' (ਤੁਰਨਾ ਮੁਹਾਲ ਹੈ)
     ਜਾਂ
     'ਵਾਰਦਾਤਾਂ ਦੀ ਨਾ ਛੇੜੀਂ ਵਾਰਤਾ
     ਸਹਿਮੀਆਂ ਹੋਈਆਂ ਨੇ ਕਦਰਾਂ ਕੀਮਤਾਂ।' (ਤੁਰਨਾ ਮੁਹਾਲ ਹੈ)
     ਰਾਬਿੰਦਰ ਮਸਰੂਰ ਨੇ ਜਿੱਥੇ ਸਮਾਜਿਕ ਸਰੋਕਾਰਾਂ ਦੀ ਗੱਲ ਆਪਣੀ ਕਵਿਤਾ ਵਿਚ ਕੀਤੀ ਹੈ ਉੱਥੇ ਨਾਲ ਹੀ ਉਸ ਦੀ ਕਵਿਤਾ ਵਿਚ ਮਨੁੱਖ ਨੂੰ ਹੌਸਲੇ ਅਤੇ ਪਿਆਰ ਦੀ ਭਾਵਨਾ ਦਾ ਪਾਠ ਵੀ ਪੜਾਇਆ ਗਿਆ ਹੈ। ਉਹ ਆਸਾਵਾਦੀ ਸੋਚ ਦਾ ਧਾਰਨੀ ਹੈ।
     ਸਮਾਜਿਕ ਜੀਵਨ ਵਿਚ ਵਿਚਰਦਿਆਂ ਵੀ ਰਾਬਿੰਦਰ ਮਸਰੂਰ ਕੋਈ ਬਹੁਤੀ ਛੇਤੀ ਹਾਰ ਨਹੀਂ ਮੰਨਦਾ। ਉਹ ਮੁਸ਼ਕਿਲਾਂ ਦਾ ਹੌਸਲੇ ਅਤੇ ਦਲੇਰੀ ਨਾਲ ਸਾਹਮਣਾ ਕਰਦਾ ਹੈ। ਇਸ ਦੇ ਨਾਲ ਹੀ ਮਸਰੂਰ ਨੇ ਆਪਣੀ ਸ਼ਾਇਰੀ ਰਾਹੀਂ ਵੀ ਅਜੋਕੇ ਦੌਰ ਦੇ ਮਨੁੱਖ ਨੂੰ ਦਲੇਰੀ, ਅਣਖ਼, ਵੀਰਤਾ ਅਤੇ ਆਤਮ-ਵਿਸ਼ਵਾਸ ਦਾ ਸੰਦੇਸ਼ ਦਿੱਤਾ ਹੈ। ਉਹ ਮਨੁੱਖ ਨੂੰ ਹੌਸਲੇ ਅਤੇ ਆਤਮਵਿਸ਼ਵਾਸ ਨਾਲ ਆਪਣੀ ਮੰਜ਼ਲ ਪ੍ਰਾਪਤ ਕਰਨ ਦਾ ਰਾਹ ਦੱਸਦਿਆਂ ਆਖਦਾ ਹੈ;
     'ਭੀੜ ਦੇ ਨਾਲ ਤੁਰੋਗੇ, ਗੁਆਚ ਜਾਉਗੇ
     ਹੌਸਲਾ ਰਹਿਨੁਮਾ ਹੈ ਰਹਿਨੁਮਾ ਦੇ ਨਾਲ ਤੁਰੋ।' (ਤੁਰਨਾ ਮੁਹਾਲ ਹੈ)
     ਰਾਬਿੰਦਰ ਮਸਰੂਰ ਨਿਜੀ ਜ਼ਿੰਦਗੀ ਵਿਚ ਅਗਾਂਹਵਧੂ ਸੋਚ ਦਾ ਧਾਰਨੀ ਹੈ। ਉਹ ਭਵਿੱਖ ਨੂੰ ਸਾਹਮਣੇ ਰੱਖ ਕੇ ਆਪਣੀ ਸੋਚ ਨੂੰ ਉਸ ਦੇ ਹਾਣ ਦੀ ਬਣਾਉਣ ਦਾ ਯਤਨ ਕਰਦਾ ਹੈ। ਉਹ ਭੂਤਕਾਲ ਵਿਚ ਬੀਤ ਗਈ ਕਿਸੇ ਭੁੱਲ ਨੂੰ ਸਬਕ ਦੇ ਤੌਰ ਦੇ ਯਾਦ ਰੱਖਦਾ ਹੈ। ਇਸੇ ਗੱਲ ਨੂੰ ਉਹ ਆਪਣੀ ਸ਼ਾਇਰੀ ਰਾਹੀਂ ਆਖਦਿਆਂ ਕਹਿੰਦਾ ਹੈ ਕਿ ਬੀਤੇ ਦਿਨਾਂ ਦੀਆਂ ਗੱਲਾਂ, ਸ਼ਿਕਵੇ-ਸ਼ਿਕਾਇਤਾਂ ਨੂੰ ਯਾਦ ਕਰ ਕਰਕੇ ਅੱਜ ਦੇ ਲੋਕ ਆਪਸ ਵਿਚ ਹੀ ਲੜ ਕੇ ਮਰ ਰਹੇ ਹਨ। ਆਪਸ ਵਿਚ ਹੀ ਵੈਰ-ਭਾਵ ਰੱਖ ਰਹੇ ਹਨ ਅਤੇ ਇਸ ਵੈਰ ਕਾਰਨ ਆਪਸ ਵਿਚ ਹੀ ਲੜ ਕੇ ਮਰ ਰਹੇ ਹਨ;
     'ਬੀਤੀਆਂ ਬਾਤਾਂ'ਚ ਉਲਝੇ ਲੋਕ ਬਾਤਾਂ ਹੋ ਗਏ।
     ਕੱਲ੍ਹ ਦੀ ਅਖ਼ਬਾਰ ਜੋ ਪੜ੍ਹਦੇ ਸੀ ਖਬਰਾਂ ਹੋ ਗਏ।' (ਤੁਰਨਾ ਮੁਹਾਲ ਹੈ)
     ਗ਼ਜ਼ਲ ਦੀ ਦੂਜੀ ਪੰਗਤੀ ਵਿਚ ਉਹ ਮੌਤ ਰੂਪੀ ਅਟੱਲ ਸੱਚਾਈ ਨੂੰ ਪਾਠਕਾਂ ਸਾਹਮਣੇ ਰੱਖਦਾ ਹੈ। ਜਿਹੜੇ ਲੋਕ ਕੱਲ ਅਖ਼ਬਾਰ ਵਿਚ ਖ਼ਬਰਾਂ ਪੜ ਰਹੇ ਸਨ ਅੱਜ ਉਹ ਖ਼ੁਦ ਖ਼ਬਰ ਹੋ ਗਏ ਹਨ ਭਾਵ ਉਹ ਕਾਲਵੱਸ ਹੋ ਗਏ ਹਨ। ਇਸ ਪ੍ਰਕਾਰ ਮਸਰੂਰ ਮਨੁੱਖ ਨੂੰ ਜੀਵਨ ਦੀ ਨਾਸ਼ਮਾਨਤਾ ਬਾਰੇ ਆਪਣੀ ਸ਼ਾਇਰੀ ਰਾਹੀਂ ਅਗਾਹ ਕਰ ਰਿਹਾ ਹੈ।
     ਮਸਰੂਰ ਮਨੁੱਖ ਨੂੰ ਸਾਕਾਰਤਮਕ ਸੋਚ ਦਾ ਪਾਠ ਪੜਾਉਂਦਾ ਹੈ। ਭੂਤਕਾਲ ਵਿਚ ਹੋਈਆਂ ਭੁੱਲਾਂ ਨੂੰ ਉਹ ਯਾਦ ਕਰਕੇ ਵਰਤਮਾਨ ਵਿਚ ਕਿਸੇ ਨਾਲ ਵੈਰ ਨਹੀਂ ਪਾਉਣਾ ਚਾਹੁੰਦਾ। ਵਰਤਮਾਨ ਵਿਚ ਆਪਸੀ ਪ੍ਰੇਮ-ਪਿਆਰ ਦੀ ਭਾਵਨਾ ਅਤੇ ਮੇਲ-ਮਿਲਾਪ ਨੂੰ ਵਧਾਉਣਾ ਸ਼ਾਇਰ ਦਾ ਮੁੱਖ ਉਦੇਸ਼ ਹੈ।
     ਇਸ ਪ੍ਰਕਾਰ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਆਧਾਰ ਤੇ ਅਸੀਂ ਇਸ ਨਿਸ਼ਕਰਸ ਦੇ ਪਹੁੰਚਦੇ ਹਾਂ ਕਿ ਰਾਬਿੰਦਰ ਮਸਰੂਰ ਦੀ ਸ਼ਾਇਰੀ ਅਜੋਕੇ ਸਮਾਜਿਕ ਪ੍ਰਬੰਧ, ਨੈਤਿਕ ਕਦਰਾਂ-ਕੀਮਤਾਂ, ਭਵਿੱਖਮੁਖੀ ਸਾਕਾਰਤਮਕ ਸੋਚ, ਆਧਿਆਤਮਕ ਵਿਚਾਰਧਾਰਾ ਦਾ ਬਾਖ਼ੂਬੀ ਚਿੱਤਰਨ ਕਰਦੀ ਹੈ।
     ਰਾਬਿੰਦਰ ਮਸਰੂਰ ਦੀ ਸ਼ਾਇਰੀ ਮਨੁੱਖੀ ਮਨ ਨੂੰ ਟੁੰਬਦੀ ਹੈ। ਸੋਚਣ ਲਈ ਮਜ਼ਬੂਰ ਕਰਦੀ ਹੈ। ਮਨੁੱਖ ਨੂੰ ਅਗਾਂਹਵਧੂ ਸੋਚ ਦਾ ਧਾਰਨੀ ਬਣਾਉਂਦੀ ਹੈ। ਮਨੁੱਖ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੀ ਹੈ। ਮਸਰੂਰ ਨੇ ਆਪਣੀ ਸ਼ਾਇਰੀ ਵਿਚ ਮਨੁੱਖੀ ਮਨ ਦੀ ਹਰ ਅਵਸਥਾ ਨੂੰ ਪੇਸ਼ ਕਰਨ ਦਾ ਵੱਡਮੁੱਲਾ ਯਤਨ ਕੀਤਾ ਹੈ ਅਤੇ ਉਹ ਇਸ ਯਤਨ ਵਿਚ ਕਾਮਯਾਬ ਵੀ ਹੋਇਆ ਹੈ।