ਵਿਹੜਾ (ਵਿਸਰਦਾ ਵਿਰਸਾ) (ਲੇਖ )

ਬਲਵਿੰਦਰ ਸਿੰਘ ਚਾਹਲ    

Email: chahal_italy@yahoo.com
Phone: +39 320 217 6490
Address:
Italy
ਬਲਵਿੰਦਰ ਸਿੰਘ ਚਾਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਜ ਗੱਲ ਕਰਨ ਜਾ ਰਿਹਾ ਹਾਂ ਘਰ ਦੇ ਵਿਹੜੇ ਦੀ ਜਿਸ ਵਿੱਚ ਅਸੀਂ ਨਿੱਕੇ ਹੁੰਦੇ ਪਲੇ ਹਾਂ, ਖੇਡੇ ਹਾਂ ਅਤੇ ਜਵਾਨ ਹੋ ਕੇ ਅੱਜ ਕਿਸੇ ਮੁਕਾਮ ਤੇ ਪਹੁੰਚੇ ਹਾਂ । ਕਿਸੇ ਵੇਲੇ  ਸਾਡੇ ਘਰ ਦਾ ਵਿਹੜਾ ਕੱਚਾ ਹੁੰਦਾ ਸੀ ਤੇ ਇਸ ਨੂੰ ਮੇਰੀ ਮਾਂ ਲਿੱਪਿਆ ਕਰਦੀ ਸੀ । ਪਹਿਲਾਂ ਬਾਹਰੋਂ ਚੀਕਣੀ ਮਿੱਟੀ ਲਿਆਂਦੀ ਜਾਂਦੀ ਸੀ ਤੇ ਫਿਰ ਇਸ ਵਿੱਚ ਗੋਹਾ ਮਿਲਾ ਕੇ ਇਸਨੂੰ ਇੱਕ ਘਾਣੀ ਦਾ ਰੂਪ ਦਿੱਤਾ ਜਾਂਦਾ ਸੀ । ਇਸ ਘਾਣੀ ਨੂੰ ਪਾਣੀ ਪਾ ਕੇ ਪੈਰਾਂ ਨਾਲ ਲਿਤਾੜਿਆ ਜਾਂਦਾ ਸੀ ਤੇ ਫਿਰ ਸਾਰੇ ਵਿਹੜੇ ਵਿੱਚ ਇਸ ਨੂੰ ਲਿੱਪਿਆ ਜਾਂਦਾ ਸੀ । ਬਹੁਤੇ ਘਰਾਂ ਵਿੱਚ ਵਿਹੜੇ ਦੇ ਇੱਕ ਪਾਸੇ ਸਵਾਤ (ਰਸੋਈ) ਹੁੰਦੀ ਸੀ ਜਿਸ ਦੇ ਮੂਹਰੇ ਚੌਂਕਾ ਚੁੱਲਾ ਹੁੰਦਾ ਸੀ। ਚੌਂਕੇ ਦੀ ਕੰਧ ਵੀ ਮਿੱਟੀ ਨਾਲ ਬੜੀ ਲਿੱਪੀ ਪੋਚੀ ਹੋਇਆ ਕਰਦੀ ਸੀ । ਕੰਧ ਵਿੱਚ ਮੋਰੀਆਂ ਕਰਕੇ ਅਤੇ ਫੁੱਲ ਬੂਟੇ ਪਾਏ ਜਾਂਦੇ ਸਨ ਜੋ ਵਿਹੜੇ ਦੀ ਖੂਬਸਰਤੀ ਨੂੰ ਚਾਰ ਚੰਦ ਲਾਇਆ ਕਰਦੇ ਸਨ । ਅੱਜ ਮਿੱਟੀ ਨਾਲ ਲਿੱਪੇ ਹੋਏ ਵਿਹੜੇ  ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਏ ਹਨ ਅਤੇ ਇਸ ਦੀ ਜਗਾ੍ਹ ਲੈ ਲਈ ਹੈ ਸੀਮੈਂਟ ਜਾਂ ਮਾਰਬਲ ਨਾਲ ਬਣੇ ਹੋਏ ਵਿਹੜਿਆਂ ਨੇ । ਦੂਜੀ ਗੱਲ ਅੱਜ ਕਿਸੇ ਨੂੰ ਵਿਹੜੇ ਦਾ ਅਸਲੀ ਮਤਲਬ ਹੀ ਨਹੀਂ ਪਤਾ । ਪਤਾ ਵੀ ਕਿੱਥੋਂ ਹੋਵੇ ਵਿਹਲ ਤਾਂ ਕਿਸੇ ਕੋਲ ਹੈ ਨੀ, ਜਿੰਨਾ ਚਿਰ ਵਿਹਲ ਨੀ ਹੈਗੀ ਉਨਾਂ ਚਿਰ ਬੈਠਣ ਦਾ ਸਵਾਲ ਨੀ ਪੈਦਾ ਹੁੰਦਾ ਤੇ ਜਿੰਨਾ ਚਿਰ ਬੈਠਣ ਦਾ ਸਵਾਲ ਨੀ ਪੈਦਾ ਹੁੰਦਾ ਉਨਾਂ ਚਿਰ ਅਸੀਂ ਵਿਹੜੇ ਦਾ ਮਤਲਬ ਨੀ ਸਮਝ ਸਕਦੇ । ਕੋਈ ਵੇਲਾ ਸੀ ਜਦੋਂ ਘਰਾਂ ਦੇ ਵਿਹੜੇ ਟੱਬਰਾਂ ਦੀ ਰੌਣਕ ਨਾਲ ਭਰੇ ਹੁੰਦੇ ਸਨ । ਦਿਨ ਵੇਲੇ ਵਿਹੜੇ ਵਿੱਚ ਜੁਆਕਾਂ ਦੀ ਰੌਣਕ ਹੁੰਦੀ ਸੀ ਤੇ ਰਾਤ ਨੂੰ ਸਾਰਾ ਟੱਬਰ ਵਿਹੜੇ ਵਿੱਚ 'ਕੱਠਾ ਬਹਿ ਕੇ ਘਰੇਲੂ ਵਿਚਾਰਾਂ ਕਰਿਆ ਕਰਦਾ ਸੀ ਤੇ ਫਿਰ ਸਾਰਾ ਟੱਬਰ ਬਹਿ ਕੇ ਰਾਤ ਦਾ ਰੋਟੀ ਪਾਣੀ ਛਕਿਆ ਕਰਦਾ ਸੀ । ਘਰ ਦੀ ਹਰ ਖੁਸ਼ੀ ਤੇ ਗਮੀ ਜਾਂ ਘਰ ਦੀ ਹਰ ਗਲ ਵਿਹੜੇ ਵਿੱਚ ਬਹਿਕੇ ਸਾਂਝੀ ਕੀਤੀ ਜਾਂਦੀ ਸੀ । ਅੱਜ ਘਰ ਦੇ ਵਿਹੜੇ ਦੀ ਤਾਂ ਦੂਰ ਦੀ ਗੱਲ ਹੈ ਘਰ ਦੇ ਕਮਰੇ ਵਿੱਚ ਵੀ ਘਰ ਦੀ ਕੋਈ ਗੱਲ ਸਾਂਝੀ ਕਰਨੀ ਬੜੀ ਵੱਡੀ ਗੱਲ ਹੈ । ਗੱਲ ਵਿਹੜੇ ਦੀ ਕਰਦੇ ਸੀ ਸੋ ਆਪਣੇ ਸਵਾਲ ਤੇ ਆਉਂਦੇ ਹਾਂ । ਵਿਹੜਾ ਜੋ ਕਿ ਅੱਜ ਵੀ ਮੇਰੇ ਚੇਤਿਆਂ ਵਿੱਚ ਹੈ ਤੇ ਬੜੀਆਂ ਮਿੱਠੀਆਂ ਕੌੜੀਆਂ  ਯਾਦਾਂ  ਇਸ ਨਾਲ ਜੁੜੀਆਂ ਹੋਈਆਂ ਹਨ ।    ਇਸੇ ਵਿਹੜੇ ਵਿੱਚ ਪਲ ਕੇ ਮੈਂ ਜਿੰਦਗੀ ਦੇ ਬੜੇ ਅਜੀਬੋ ਗਰੀਬ ਦਿਨਾਂ ਵਿੱਚ ਦੀ ਲੰਘਿਆਂ ਹਾਂ । ਇਸੇ ਵਿਹੜੇ ਵਿੱਚ ਅਸੀਂ ਭੈਣ ਭਰਾ ਖੇਡਿਆ ਕਰਦੇ ਸਾਂ ਤੇ ਹੌਲੀ ਹੌਲੀ ਇੱਕ ਦੂਸਰੇ ਤੋਂ ਅਲੱਗ ਹੋ ਗਏ । ਭੈਣਾਂ ਆਪਣੇ ਸਹੁਰੀਂ ਘਰ ਚਲੇ ਗਈਆਂ ਤੇ  ਮੈਂ ਇੱਕਲਾ ਆਪਣੀ ਮਾਂ ਨਾਲ ਰਹਿ ਗਿਆ ਫਿਰ ਬਾਹਰ ਆ ਗਿਆ ਤੇ ਵਿਆਹ ਕਰਾਕੇ ਆਪਣਾ ਟੱਬਰ ਵੀ ਬਾਹਰ ਲੈ ਆਇਆ ਅਤੇ ਮਾਂ ਵੀ ਮੇਰੇ ਕੋਲ ਹੈ ਤੇ ਮੇਰੇ ਘਰ ਦਾ ਵਿਹੜਾ ਅੱਜ ਸੁੰਨਾ ਹੈ । ਜਿੰਨੀ ਰੌਣਕ ਘਰ ਦੇ ਕੱਚੇ ਵਿਹੜੇ ਵਿੱਚ ਹੋਇਆ ਕਰਦੀ ਸੀ ਉਸਤੋਂ ਕਿਤੇ ਜਿਆਦਾ ਵੀਰਾਨਗੀ ਤੇ ਇਕੱਲਤਾ ਹੈ ਪੱਕੇ ਵਿਹੜੇ ਵਿੱਚ ।
        ਸਾਡੇ ਵਿਰਸੇ ਵਿੱਚ ਵੀ ਵਿਹੜਾ ਵਿਚਾਰਾ ਬਣ ਕੇ ਰਹਿ ਗਿਆ ਹੈ ਕਿਉਂਕਿ ਮਕਾਨ ਹੁਣ ਨਵੇਂ ਡਿਜ਼ਾਈਨ ਦੇ ਬਣਨ ਕਰਕੇ ਵਿਹੜੇ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ । ਕੋਠੀ ਦਾ ਨਕਸ਼ਾ ਹੀ ਇਸ ਤਰਾਂ ਬਣਾਇਆ ਜਾਂਦਾ ਹੈ ਕਿ ਵਿਹੜੇ ਦਾ ਕਿਤੇ ਨਾਮੋ ਨਿਸ਼ਾਨ ਹੀ ਨਹੀਂ ਮਿਲਦਾ ਚੰਡੀਗੜ ਦੇ ਨਕਸ਼ੇ ਵਿੱਚ ਜਿਸ ਤਰਾਂ 13 ਨੰਬਰ ਸੈਕਟਰ ਨਹੀਂ ਹੈ ਇਸੇ ਤਰਾਂ ਅੱਜ ਕੱਲ ਘਰਾਂ ਵਿੱਚ ਵਿਹੜਾ ਵੀ ਨਹੀਂ ਹੈ। ਬੱਸ ਆਹ ਬੈੱਡ ਰੂਮ ਹਨ,ਆਹ ਲਾਬੀ ਹੈ, ਆਹ ਬਾਥਰੂਮ ਤੇ ਕਿਚਨ ਹਨ ਤੇ ਇਧਰ ਡਾਇਨੰਗ ਰੂਮ ਤੇ ਉੱਧਰ  ਸਟੋਰ ਹੈ ਤੇ ਬਾਹਰ ਘਾਹ ਦਾ ਲਾਨ ਹੈ ਤੇ ਵਿਹੜਾ ਵਿਚਾਰਾ ਪਤਾ ਨੀ ਕਿੱਥੇ ਹੈ । ਵਿਹੜਾ ਮਨਫੀ ਕਰ ਦਿੱਤਾ ਜਾਂਦਾ ਹੈ । ਇਸ ਵਿੱਚ ਕਸੂਰ ਕਿਸਦਾ ਹੈ? ਘਰ ਦੇ ਮਾਲਕ ਦਾ ਜਾਂ ਨਕਸ਼ਾ ਤਿਆਰ ਕਰਨ ਵਾਲੇ ਦਾ ਪਤਾ ਨਹੀਂ? ਪਰ ਇੰਨਾ ਜਰੂਰ ਹੈ ਕਿ ਵਿਹੜੇ ਦਾ ਨਾਂ ਘਰ ਵਿੱਚੋਂ ਹੌਲੀ ਹੌਲੀ ਬਾਹਰ ਹੋਈ ਜਾ ਰਿਹਾ ਹੈ । ਵਿਹੜੇ ਦਾ ਸਾਡੇ ਸਭਿਆਚਾਰ  ਨਾਲ ਹਰ ਪੱਖ ਤੋਂ ਬੜਾ ਨੇੜਲਾ ਰਿਸ਼ਤਾ ਹੈ । ਜਦੋਂ ਕੋਈ ਕੁੜੀ ਆਪਣੇ ਸਹੁਰੇ ਜਾਂਦੀ ਹੈ ਤਾਂ ਡੋਲੀ ਚੜਨ ਵੇਲੇ ਆਪਣੀ ਮਾਂ ਦੇ ਗਲ ਲੱਗ ਕੇ ਰੋਂਦੀ ਹੋਈ ਇਹ ਆਖਦੀ ਹੈ ਕਿ ਮਾਂਏ ਮੈਂ ਤਾਂ ਬਗਾਨੇ ਘਰ ਤੁਰ ਚੱਲੀ ਹਾਂ ਪਰ ਮੇਰੇ ਦਿਲ ਵਿੱਚ ਸਦਾ ਤੇਰੇ ਘਰ ਦੇ ਵਿਹੜੇ ਦੀ ਯਾਦ ਰਹੇਗੀ । ਮੈਂ ਆਪਣੇ ਨਵੇਂ ਘਰ ਵਿੱਚ ਵੀ ਸਦਾ ਤੇਰੇ ਘਰ ਦੇ ਵਿਹੜੇ ਦੀ ਸੁੱਖ ਮੰਗਾਂਗੀ ਅਤੇ ਰੱਬ ਅੱਗੇ ਦੁਆ ਕਰਦੀ ਰਹਾਂਗੀ ਕਿ ਮੇਰੇ ਪੇਕਿਆਂ ਦੇ ਘਰੋਂ ਸਦਾ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ । ਸ਼ਾਇਰਾ ਹਰਦੀਪ ਕੌਰ ਸੰਧੂ ਇਸ ਬਾਰੇ ਬੜੀਆਂ ਸੋਹਣੀਆਂ ਸਤਰਾਂ ਲਿਖ ਕੇ ਵਿਹੜੇ ਤੇ ਮਾਂ ਧੀ ਦਾ ਰਿਸ਼ਤਾ   ਦਰਸਾਉਂਦੀ ਹੈ  
ਅੰਮੜੀ ਦਾ ਵਿਹੜਾ
ਰਹਿੰਦੀ ਸੋਚ ਪਿੱਛੇ ਦੀ
ਤਾਹੀਉਂ ਸੁਪਨੇ ਮੈਂ ਵੇਖਦੀ
ਆਪਣੇ ਪਿੰਡ ਦੀਆਂ ਗਲੀਆਂ ਦੇ
ਆਪਣੀ ਅੰਮੜੀ ਦੇ ਵਿਹੜੇ ਦੇ
ਜਿਸ ਸੋਹਣੇ ਵਿਹੜੇ ਵਿੱਚ
ਨੱਚਿਆ ਤੇ  ਗਾਇਆ ਸੀ
ਕੋਈ ਕੁੜੀ ਜਦੋਂ ਵਿਆਹੀ ਜਾਂਦੀ ਹੈ ਤਾਂ ਉਹ ਭਾਂਵੇ ਨਵੇਂ ਜੀਵਨ ਸਾਥੀ ਦੇ ਪਿਆਰ ਵਿੱਚ ਭਿੱਜ ਜਾਂਦੀ ਹੈ। ਨਵੇਂ ਟੱਬਰ ਵਿੱਚ ਰੁੱਝ ਜਾਂਦੀ ਹੈ ਪਰ ਕਦੇ ਵੀ ਆਪਣੇ ਬਾਬਲ ਦਾ ਘਰ ਨੀ ਭੁੱਲਦੀ ਤੇ ਸਦਾ ਹੀ ਆਪਣੇ ਬਾਬਲ ਦੇ ਘਰ ਦੀ ਸੁੱਖ ਮਨਾਉਂਦੀ ਰਹਿੰਦੀ ਹੈ ਜਿਸ ਬਾਰੇ ਹੇਠ ਲਿਖੀਆਂ ਸਤਰਾਂ ਚਾਨਣਾ ਪਾਉਂਦੀਆਂ ਹਨ
ਵਸਦਾ ਰਹੇ ਬਾਬੁਲ ਦਾ ਵਿਹੜਾ ਧੀਆਂ ਦੀ ਇਹੀ ਦੁਆ
ਬੇਸ਼ਕ ਅੱਜ ਸਾਡਾ ਸਮਾਜ ਕੁੜੀਆਂ ਲਈ ਬੜੀ ਤੰਗ ਸੋਚ ਰੱਖਦਾ ਹੈ ਪਰ ਧੀਆਂ ਬਿਨਾ ਘਰ ਦਾ ਵਿਹੜਾ ਸੁੰਨਾ ਸੁੰਨਾ ਜਿਹਾ ਮਹਿਸੂਸ ਹੁੰਦਾ ਹੈ । ਕਿਉਂਕਿ ਧੀ ਨੂੰ ਘਰ ਦੇ ਵਿਹੜੇ ਦਾ ਸ਼ਿੰਗਾਰ ਮੰਨਿਆ ਜਾਂਦਾ ਹੈ । ਧੀ ਦੇ ਬਾਰੇ ਵਿੱਚ ਕਿਸੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ ਕਿ
ਜਿਹੜੇ ਘਰ ਵੀ ਆਵਣ ਧੀਆਂ, ਭਾਗ ਉਸਨੂੰ ਲਾਵਣ ਧੀਆਂ,
ਸੁੰਨ-ਮਸੁੰਨਾ ਲੱਗਦੈ ਵਿਹੜਾ,ਜਦ ਪਰਾਈਆਂ ਹੋਵਣ ਧੀਆਂ।
ਕੁੜੀਆਂ ਦੇ ਵਿਆਹ ਸਮੇਂ ਕਦੇ ਸੁਹਾਗ ਗਾਏ ਜਾਂਦੇ ਸਨ ਜੋ ਵਿਆਹ ਤੋਂ ਕਈ ਕਈ ਦਿਨ ਪਹਿਲਾਂ ਹੀ ਗਾਉਣੇ ਸ਼ੁਰੂ ਹੋ ਜਾਂਦੇ ਸਨ । ਰਾਤ ਨੂੰ ਰੋਟੀ ਟੁੱਕ ਤੋਂ ਵਿਹਲੀਆਂ ਹੋ ਕੇ  ਸ਼ਰੀਕੇ ਦੀ ਸੁਆਣੀਆਂ ਰਾਤ ਨੂੰ ਮਿਲ ਕੇ  ਵਿਆਹ ਵਾਲੇ ਘਰ ਵਿੱਚ ਸੁਹਾਗ ਗਾਉਣ ਜਾਂਦੀਆਂ ਸਨ ਇਸ ਤਰਾਂ ਦੇ ਸੁਹਾਗ ਗਾਇਆ ਕਰਦੀਆਂ ਸਨ ।
ਤੇਰੇ ਵਿਹੜੇ ਦੇ ਵਿੱਚ ਵੇ ਬਾਬਲ
ਗੁਡੀਆਂ ਕੌਣ ਖੇਡੂ
ਮੇਰੀਆਂ ਖੇਡਣ ਪੋਤਰੀਆਂ
ਧੀਏ ਜਾ ਘਰ ਜਾ ਆਪਣੇ
ਪੰਜਾਬੀ ਦੀ ਇੱਕ ਬੋਲੀ ਜੋ ਕਿ ਵਿਹੜੇ ਵਿੱਚ ਲਗਾਏ ਬੇਰੀ ਦੇ ਰੁੱਖ ਤੋਂ ਘਰ ਵਾਲਿਆਂ ਨੂੰ  ਸੁਚੇਤ ਕਰਦੀ ਹੈ ਕਿ…
ਢੇਰੀ ਢੇਰੀ ਢੇਰੀ
ਇੱਟਾਂ ਦੇ ਉਲਾਂਭੇ ਆਉਣਗੇ
ਵਿਹੜੇ 'ਚ ਲਵਾਲੀ ਬੇਰੀ
ਵਿਅੰਗਾਤਮਿਕ ਤਰੀਕੇ ਨਾਲ ਹੇਠਲੀ ਬੋਲੀ ਜੋ ਕਿ ਪੰਜਾਬੀ ਜੀਵਨ ਨੂੰ ਦਸਾਉਂਦੀ ਹੈ ਜਿਸ ਵਿੱਚ ਕਿਸੇ ਨਵੀਂ ਵਿਆਹੀ ਤੇ ਘਰ ਵਿੱਚ ਆਈ ਰੌਣਕ ਦਾ ਵਰਣਨ ਕਰਦੀ ਹੈ ਤੇ ਜਦੋਂ ਉਹ ਮੁਟਿਆਰ ਕੁਝ ਦਿਨ ਲਈ ਪੇਕੇ ਘਰ ਚਲੇ ਜਾਂਦੀ ਹੈ ਤਾਂ ਵਿਹੜੇ ਵਿੱਚ ਸੁੰਨ ਛਾ ਜਾਂਦੀ ਹੈ
ਵਿਹੜੇ ਫਿਰੇ ਰੰਨ ਵਿਹੜਾ ਕਰੇ ਧੰਨ ਧੰਨ
ਵਿਹੜੇ ਫਿਰੇ ਮਾਂ ਵਿਹੜਾ ਕਰੇ ਭਾਂਅ ਭਾਂਅ
 ਲੋਹੜੀ ਦੇ  ਗੀਤਾਂ ਵਿੱਚ ਵੀ ਵਿਹੜੇ ਦਾ ਵਰਣਨ ਆਉਂਦਾ ਹੈ ਜਿਸ ਵਿੱਚ ਕੁੜੀਆਂ ਜਿਸ ਘਰੇ ਲੋਹੜੀ ਮੰਗਣ ਜਾਂਦੀਆਂ ਹਨ ਤਾਂ ਇੰਝ ਗਾਉਂਦੀਆਂ ਹਨ
ਗਾਜਰ ਦਾ ਛੇਜਾ  ਹਰਿਆ ਭਰਿਆ
ਬਾਬੇ ਦਾ ਵਿਹੜਾ ਪੋਤਿਆਂ ਭਰਿਆ
ਅੱਜ ਬੇਸ਼ੱਕ ਵਿਹੜਾ ਸਾਡੇ ਘਰਾਂ ਵਿੱਚੋਂ ਗਾਇਬ ਹੋਈ ਜਾ ਰਿਹਾ ਹੈ ਪਰ ਵਿਹੜੇ ਦਾ ਸੰਬੰਧ ਕਦੇ ਨਾ ਟੁੱਟਣ ਵਾਲਾ ਹੈ । ਘੱਟੋ ਘੱਟ ਸਾਡੀ ਉਮਰ ਦੇ ਤਾਂ ਵਿਹੜੇ ਨੂੰ ਕਦੇ ਨੀ ਭੁਲਾ ਸਕਦੇ। ਪਰ ਸਾਡੇ ਜੁਆਕ ਸ਼ਾਇਦ ਵਿਹੜੇ ਪ੍ਰਤੀ ਅਵੇਸਲੇ ਹੀ ਰਹਿਣ । ਕਿਉਂਕਿ ਇਨਾਂ ਨੇ ਵਿਹੜਾ ਦੇਖਿਆ ਹੀ ਨਹੀਂ ਤਾਂ ਕਿਸ ਤਰਾਂ  ਵਿਹੜੇ ਬਾਰੇ ਜਾਣ ਸਕਣਗੇ । ਪਰ ਜੋ ਆਨੰਦ ਕਿਸੇ ਕੱਚੇ ਵਿਹੜੇ ਵਿੱਚ ਖੇਡਣ ਦਾ ਆਉਂਦਾ ਸੀ ਉਹ ਹੁਣ ਪੱਕੇ ਘਰਾਂ ਜਾਂ ਪਾਰਕਾਂ ਵਿੱਚ ਕਿੱਥੇ ਹੈ ਇਸ ਬਾਰੇ ਉਹੀ ਜਾਣਦਾ ਹੈ ਜਿਸ ਨੇ ਇਸ ਆਨੰਦ ਨੂੰ ਮਾਣਿਆ ਹੋਵੇ ।