ਫਰਕ (ਕਹਾਣੀ)

ਹਰਭਜਨ ਸਿੰਘ   

Email: hasing41@gmail.com
Cell: +91 95820 64151
Address: 17/30 ਗੀਤਾ ਕਾਲੋਨੀ
ਦਿਲੀ India 110 031
ਹਰਭਜਨ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਅੱਜ ਵੀ ਉਸੇ ਘਰ 'ਚ ਰਹਿੰਦਾ ਹਾਂ ਜਿਥੇ ਪਹਿਲਾਂ ਰਿਹਾ ਕਰਦਾ ਸੀ । ਫਰਕ ਬਸ ਇੰਨਾ ਹੈ ਕਿ ਪਹਿਲਾਂ ਇਸ ਘਰ 'ਚ ਦੋ ਕਮਰੇ ਅਤੇ ਖੁੱਲਾ ਵਿਰੜਾ ਹੋਇਆ ਕਰਦਾ ਸੀ, ਜਿਥੇ ਚਮਕਦੀ ਧੁੱਪ ਪਿਆ ਕਰਦੀ ਸੀ । ਹੁਣ ਇਸ ਘਰ 'ਚ ਅਠ ਕਮਰੇ ਹਨ। ਦੋ ਮੰਜਿਲਾ ਮਕਾਨ। ਹੁਣ ਤਾਂ ਧੁੱਪ ਬਸ ਛੱਤ ਤੇ ਹੀ ਆਉਂਦੀ ਹੈ। ਘਰ ਦੇ ਅੰਦਰ ਬੈਠੇ ਹੋਈਏ, ਤਾਂ ਪਤਾ ਨਹੀਂ ਚਲਦਾ ਕਿ ਬਾਹਰ ਧੁੱਪ ਨਿਕਲੀ ਵੀ ਹੈ ਕਿ ਨਹੀਂ। ਮੀਂਹ ਕਦ ਪੈਣ ਲਗਾ, ਇਹ ਵੀ ਉਦੋਂ ਹੀ ਪਤਾ ਚਲਦਾ ਹੈ ਜਦ ਦਰਵਾਜ਼ਾ ਖੋਹਲ ਕੇ ਬਾਹਰ ਜਾਣ ਦੀ ਤਿਆਰੀ ਹੁੰਦੀ ਹੈ।   
     ਫਿਰ ਫ਼ਰਕ ਹੋਰ ਵੀ ਹੈ।  ਪਰਿਲਾਂ ਘਰ ਦੇ ਅੰਦਰ ਅਸੀ ਚਾਰ ਹੀ ਬੰਦੇ ਸਾਂ। ਮਾਂ, ਭਰਾ, ਮੈਂ ਅਤੇ ਮੇਰੀ ਪਤਨੀ। ਪਿਤਾ ਜੀ ਦਾ ਦੇਹਾਂਤ ਪਹਿਲਾਂ ਹੀ ਹੋ ਚੁੱਕਿਆ ਸੀ। ਹੁਣ ਇਸੇ ਘਰ ਦੇ ਅੰਦਰ ਅੱਠ ਬੰਦੇ ਹਨ। ਚਾਰ ਮੇਰੇ ਬੱਚੇ। ਭਰਾ ਦੀ ਵੀ ਸ਼ਾਦੀ ਹੋ ਗਈ ਸੀ। ਉਹਦੀ ਘਰਵਾਲੀ ਦੇ ਆ ਜਾਣ ਨਾਲ ਸਾਡੀ ਗਿਣਤੀ ਨੋਂ ਤਕ ਪਹੁੰਚ ਗਈ ਸੀ।  
     ਇਕ ਸਮਾਨਤਾ ਜ਼ਰੂਰ ਸੀ। ਪਹਿਲਾਂ ਵੀ ਘਰ ਦਾ ਸਾਰਾ ਭਾਰ ਮੇਰੇ ਮੋਢਿਆਂ ਤੇ ਹੀ ਸੀ ਅਤੇ ਅਜ ਵੀ ਘਰ ਦਾ ਭਾਰ ਮੇਰੇ ਸਿਰ ਤੇ ਹੀ ਹੈ। ਫ਼ਰਕ ਹੈ ਤਾਂ ਬਸ ਜੋਸ਼ ਦਾ। ਪਹਿਲਾਂ ਮਨ 'ਚ ਵਿਸ਼ਵਾਸ ਅਤੇ ਜੋਸ਼ ਸੀ। ਨਾ ਕਿਸੇ ਕੰਮ ਨੂੰ ਕਰਨ ਦੀ ਸ਼ਰਮ-ਹਿਆ ਸੀ ਅਤੇ ਨਾ ਹੀ ਮਿਹਨਤ ਕਰਨ 'ਚ ਝਿਝਕ । ਅਜ ਪੈਰ ਥਕੇ ਹੋਏ ਲਗ ਰਹੇ ਸਨ। ਮਨ ਟੁੱਟ ਜਿਹਾ ਗਿਆ ਸੀ। ਤਾਕਤ ਤੋਂ ਵੱਧ ਕੰਮ ਕਰਨਾ ਇਕ ਮਜ਼ਬੂਰੀ ਬਣ ਗਈ ਸੀ । ਸ਼ਰੀਰ ਵੀ ਹੱਡੀਆਂ ਦੀ ਮੁਝ ਬਣ ਕੇ ਰਹਿ ਗਿਆ ਸੀ। ਇਹ ਸਭ ਕੁਝ ਇੰਨਾ ਅਚਾਨਕ ਹੋਇਆ ਕਿ ਬੀਤੀ ਹੋਈ ਜ਼ਿੰਦਗੀ ਕਲ੍ਹ ਦੀ ਹੀ ਗੱਲ ਲੱਗਣ ਲੱਗ ਪਈ ਸੀ। ਅਜ ਇਸ ਗਲ ਦਾ ਯਕੀਨ ਹੋ ਗਿਆ ਸੀ ਕਿ ਆਦਮੀ ਤਦੇ ਹੀ ਬੁੱਢਾ ਹੁੰਦਾ ਹੈ ਜਦੋਂ ਉਹ ਮਹਿਸੂਸ ਕਰਦਾ ਹੈ, ਅਨੁਭਵ ਕਰਦਾ ਹੈ। ਇਸ ਦੇ ਉਲਟ ਅੋਰਤ ਤਦੇ ਹੀ ਬੁੱਢੀ ਹੁੰਦੀ ਹੈ ਜਦੋਂ ਉਹ ਦਿੱਸਣ ਲਗ ਪਵੇ। ਸਾਰਿਆਂ ਦੇ ਨਾਲ ਇਉਂ ਹੀ ਹੁੰਦਾ ਹੋਵੇਗਾ, ਇੰਝ ਤਾਂ ਨਹੀਂ ਕਿਹਾ ਜਾ ਸਕਦਾ। ਇਹ ਤਾਂ ਲਾਜ਼ਮੀ ਹੈ ਕਿ ਬੰਦਾ ਤਦ ਹੀ ਬੁੱਢਾ ਹੁੰਦਾ ਹੈ, ਜਦੋਂ ਉਹ ਮਹਿਸੂਸ ਕਰਨ ਲੱਗੇ। ਕੀ ਵਜ਼ਾਹ ਸੀ ਕਿ ਅਚਾਨਕ ਹੀ ਅਜਿਹਾ ਸਭ ਕੁਝ ਮੇਰੇ ਦਿਲ 'ਚ ਘਰ ਕਰ ਗਿਆ ਸੀ ਕਿ ਕਲ੍ਹ ਅਤੇ ਅੱਜ 'ਚ ਹੀ ਜਵਾਨੀ ਅਤੇ ਬੁਢਾਪੇ ਦਾ ਅੰਤਰ ਆ ਗਿਆ ਹੈ। ਕਾਰਣ ਹੈ ਸੀ - ਮੇਰੀ ਸੰਵੇਦਨਸ਼ੀਲਤਾ, ਅਸਲੀਅਤ ਦੇ ਧਰਾਤਲ ਉਪਰ ਪਰਿਸਥਿਤੀਆਂ ਨਾਲ ਸਮਝੋਤਾ, ਪਰੋਪਕਾਰ ਅਤੇ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿਣਾ ਅਤੇ ਤਿਆਗ ਦੀ ਭਾਵਨਾ।  
     ਮੇਰਾ ਵਿਆਹ ਹੋਇਆ ਹਾਲੇ ਇਕ ਸਾਲ ਵੀ ਨਹੀਂ ਬੀਤਿਆ ਸੀ। ਮੈਨੂੰ ਦਿੱਲੀ ਤੋਂ ਬਾਹਰ ਚੰਗੇ ਅੋਹਦੇ ਤੇ ਕੰਮ ਕਰਨ ਵਾਸਤੇ ਲਗਾਇਆ ਜਾਣਾ ਸੀ। ਇਹ ਗੱਲ ਨਾ ਤਾਂ ਮੇਰੀ ਘਰਵਾਲੀ ਨੂੰ ਪਸੰਦ ਸੀ ਅਤੇ ਨਾ ਹੀ ਮੇਰੀ ਮਾਂ ਨੂੰ। ਜੇ ਤੁਸੀਂ ਇਹ ਸੋਚ ਰਹੇ ਹੋ ਕਿ ਇੰਝ ਪਿਆਰ ਅਤੇ ਮੋਹ ਵੱਸ ਹੋਇਆ ਹੋਵੇਗਾ, ਤਾਂ ਤੁਸੀ ਗਲਤ ਸੋਚ ਰਹੇ ਹੋ।  
     ਮੇਰੀ ਮਾਂ ਦਾ ਸੁਭਾਵ ਮੈਂ ਹੀ ਜਾਣਦਾ ਸੀ। ਸੈਂ ਤਾਂ ਸਹਿਨ ਕਰ ਹੀ ਰਿਹਾ ਸੀ, ਪਰ ਮੇਰੀ ਘਰਵਾਲੀ ਨੂੰ ਵੀ ਸਹਿਣ ਕਰਨਾ ਪੈਂਦਾ ਸੀ। ਮਾਂ ਦੀ ਰੁਖੀ ਆਵਾਜ਼ ਨੂੰ ਸਹਿਣ ਕਰਨ ਦਾ ਮੈਂ ਤਾਂ ਬਚਪਨ ਤੋਂ ਹੀ ਆਦੀ ਸੀ। ਮੈਂ ਰਾਤ ਭਰ ਪੜਦਾ । ਸਵੇਰੇ ਦੇਰ ਨਾਲ ਉਠਦਾ। ਤਰ੍ਹਾਂ-ਤਰ੍ਹਾਂ ਦੀਆਂ ਗਲਾਂ ਸੁਨਣੀਆਂ ਪੈਦਿਆਂ। "ਪਤਾ ਨਹੀਂ ਇਸ ਮੁੰਡੇ ਦਾ ਕੀ ਹੋਵੇਗਾ। ਸਵੇਰੇ ਜਲਦੀ ਉਠਦਾ ਹੀ ਨਹੀਂ। ਮੈਂ ਕਹਿੰਦੀ ਹਾਂ ਕਿ ਵਿਦਿਆ ਰਾਤ ਪੜ੍ਹਨ ਨਾਲ ਹੀ ਆਉਂਦੀ ਹੈ, ਸਵੇਰੇ ਪੜ੍ਹਿਆਂ ਯਾਦ ਨਹੀਂ ਹੁੰਦਾ। ਸੁਣਿਆ ਹੈ ਪਿਤਾ ਜੀ ਇਕ ਚੰਗੇ, ਨੇਕ ਅਤੇ ਭਲੇ ਇਨਸਾਨ ਸਨ। ਉਹਨਾਂ ਦੀ ਇਜ਼ਤ-ਮਾਣ ਸੀ। ਜੋ ਕੁਝ ਮੈਂ ਬਚਪਨ ਤੋਂ ਸਹਿੰਦਾ ਆ ਰਿਹਾ ਸਾਂ, ਹੁਣ ਉਸ ਤੋਂ ਵੀ ਜ਼ਿਆਦਾ ਲਗਦਾ ਸੀ ਕਿ ਮੇਰੀ ਪਤਨੀ ਸਹਿ ਰਹੀ ਹੈ। ਮਾਂ ਦਾ ਤੇਜ਼-ਤਰਾਰ ਸੁਭਾਵ। ਉਹਨਾਂ ਦਾ ਚਿੜ ਚਿੜਾਪਨ। ਮਾਂ ਦੀ ਜਾਗ ਭਾਵੇਂ ਜਲਦੀ ਖੁੱਲ ਜਾਂਦੀ ਸੀ ਪਰ ਉਹ ਅੱਖਾਂ ਬੰਦ ਕਰਕੇ ਬਿਸਤਰੇ 'ਚ ਹੀ ਪਈ ਰਹਿੰਦੀ। ਮਾਂ ਸੋਣ ਦਾ ਨਾਟਕ ਕਰਦੀ। ਮੈਂ ਉਸ ਦੇ ਹਾਵਾਂ-ਭਾਵਾਂ ਤੋਂ ਚੰਗੀ ਤਰਾਂ੍ਹ ਵਾਕਿਫ਼ ਸਾਂ। ਮਾਂ ਹਾਲੇ ਇੰਨੀ ਬੁਢੀ ਨਹੀਂ ਹੋਈ ਸੀ ਜਿੰਨਾ ਉਹ ਦਿਖਾਉਣ ਦੀ ਕੋਸ਼ਿਸ਼ ਕਰਦੀ। ਬੀਮਾਰੀ ਦੇ ਨਾਂ ਤੇ, ਕਦੇ ਮੰਦਰ ਦੇ ਨਾਂ ਤੇ, ਕਦੇ ਰਿਕਸ਼ੇ ਉਤੇ ਆਊਣ-ਜਾਣ ਦੇ ਨਾਂ ਤੇ ਰਿਕਸ਼ੇ ਦੇ ਪੈਸੇ, ਕੱਢਵਾਉਣ ਦੇ ਤਰੀਕੇ ਤੋਂ ਵੀ ਮੈਂ ਜਾਣੀ-ਜਾਨ ਸਾਂ। ਮੈਂਨੂ ਵੇਖ ਕੇ ਉਹ ਸਾਹ ਲੈਣੇ ਸ਼ੁਰੂ ਕਰ ਦਿੰਦੀ। ਮੈਂ ਜਦ ਮੂੰਹ ਫੇਰ ਲੈਂਦਾ ਅਤੇ ਦੂਰ ਰਹਿ ਕੇ ਦੇਖਦਾ ਕਿ ਉਹ ਫਿਰ ਦੋੜ ਰਹੀ ਹੈ। ਇਕ ਦੋ-ਬਾਰ ਤਾਂ ਕਰੰਟ ਲੱਗਣ ਤੇ ਇੰਝ ਘੜੀਸ-ਘੜੀਸ ਕੇ ਚਲਣ ਦਾ ਨਾਟਕ ਕੀਤਾ ਕਿ ਬਸ ਹੁਣੇ ਗਈ ਦੂਜੀ ਦੁਨੀਆਂ 'ਚ।  
     ਮਾਂ ਨੂੰ ਹਮੇਸ਼ਾਂ ਪਵਿੱਤਰ, ਚੰਗਾ ਮੰਨਿਆ ਜਾਂਦਾ ਹੈ। ਕੁਝ ਹੋ ਜਾਵੇ ਤਾਂ ਬੱਚਿਆਂ ਨੂੰ ਹੀ ਬੁਰਾ ਆਖਿਆ ਜਾਂਦਾ ਹੈ। ਮਾਂ ਦੇ ਦਿਲ 'ਚ ਮੇਰੇ ਲਈ ਕੋਈ ਮੋਹ ਨਹੀਂ ਸੀ। ਉਹ ਬਸ ਆਨੇ-ਬਹਾਨੇ ਮੇਰੇ ਕੋਲੋਂ ਪੈਸੇ ਬਟੋਰਦੀ, ਅਤੇ ਆਪਣੀ ਧੀ ਨੂੰ ਦੇ ਦਿੰਦੀ ਜਾਂ ਮੇਰੇ ਕੋਲੋਂ ਲੁਕਾ ਕੇ ਰੱਖਦੀ, ਜਿਵੇਂ ਮੈਂ ਚੁਰਾ ਲਵਾਂਗਾ । 
     ਮੇਰੀ ਪਤਨੀ ਤਰਾਂ੍ਹ-ਤਰਾਂ੍ਹ ਦੀਆਂ ਸ਼ਿਕਾਇਤਾਂ ਕਰਦੀ । ਮੈਂ ਫਿਰ ਵੀ ਉਹਨੂੰ ਭਲਾ-ਬੁਰਾ ਕਹਿ ਕੇ ਚੁੱਪ ਕਰਾ ਦਿੰਦਾ । ਗ੍ਰਹਿਸਥੀ ਚਲਾਉਣ ਦਾ ਵੀ ਸ਼ਾਇਦ ਇਹੋ ਨਿਯਮ ਜ਼ਰੂਰੀ ਸੀ । ਮਾਂ ਨੂੰ ਸਮਝਾਉਣਾ ਮੇਰੇ ਵੱਸ ਦੀ ਗਲ ਨਹੀਂ ਸੀ। ਪਹਿਲਾਂ-ਪਹਿਲਾਂ ਜਦ ਉਹ ਮੈਨੂੰ ਮਾਰਦੀ- ਕੁਟਦੀ ਤਾਂ ਮੈਂ ਰੋਂਦਾ ਰਹਿਂਦਾ । ਰੋਂਦੇ ਰੋਂਦੇ ਮੇਰੇ ਹੰਝੂ ਸੁੱਕ ਜਾਂਦੇ। ਕੋਈ ਮੈਨੂੰ ਚੁੱਪ ਨਾ ਕਰਵਾਉਂਦਾ। ਉਹ ਮੇਰੇ ਪ੍ਰਤੀ ਕੋਈ ਰੁਚੀ ਨਾ ਦਿਖਾਉਂਦੀ। ਹੁਣ ਮਾਂ ਦੇ ਗੁੱਸੇ ਨੂੰ ਝੇਲ ਸਕਣ ਦੀ ਤਾਕਤ ਮੇਰੇ 'ਚ ਆ ਗਈ ਸੀ। ਮਾਂ ਦਾ ਪਿਆਰ ਸਹਿਜ ਇਕ ਨਾਟਕ ਲਗਦਾ ਸੀ। ਮੈਂ ਆਪਣੀ ਪਤਨੀ ਨੂੰ ਹਮੇਸ਼ਾਂ ਇਹੀ ਸਮਝਾਉਂਦਾ ਰਿਹਾ ਕਿ ਉਹਦਾ ਸੁਭਾਵ ਹੀ ਇੰਝ ਦਾ ਹੈ। ਮੇਰੀ ਪਤਨੀ ਨਾਲ ਮਾਂ ਨੇ ਕਦੇ ਵੀ ਚੰਗਾ ਸਲੂਕ ਨਹੀਂ ਸੀ ਕੀਤਾ। ਅਜਿਹਾ ਭਲਾ ਕਦ ਤਕ ਚਲਦਾ।  ਮਾਂ ਦੀ ਜ਼ਿੱਦ ਅਤੇ ਹਮੇਸ਼ਾਂ ਗਲਤ ਸੋਚਣਾ, ਸਮਝਣਾ ਹੀ ਉਸਦੀ ਜ਼ਿੰਦਗੀ ਬਣ ਗਈ ਸੀ। ਮੁਹਲੇ ਵਾਲੇ ਵੀ ਉਹਦੇ ਕੋਲੋਂ ਕੰਨੀ ਕਤਰਾਉਣ ਲੱਗ ਪਏ। ਮੈਂ ਆਪਣੇ ਆਪ ਨੂੰ ਹੀਣ ਅਤੇ ਬਦਕਿਸਮਤ ਸਮਝਣ ਲੱਗਾ। ਮਾਂ ਨੂੰ ਵੇਖ ਕੇ ਮੈਨੂਂ ਖਿੱਝ ਆਉਂਦੀ ਅਤੇ ਮਨ 'ਤੇ ਨਫ਼ਰਤ ਜਿਹੀ ਉਠਦੀ ਸੀ।  
     ਭਰਜਾਈ (ਭਾਵ ਮੇਰੀ ਪਤਨੀ) ਨਾਲ ਰਹਿਣਾ ਛੋਟੇ ਭਰਾ ਦੇ ਜੀਵਨ ਦੀ ਚੰਗੀ ਸ਼ੁਰੂਆਤ ਸੀ। ਉਹਦੇ ਨਹਾਉਣ ਲਈ ਭਰਜਾਈ ਪਾਣੀ ਗਰਮ ਕਰਦੀ । ਆਪਣੇ ਹੱਥਾਂ ਨਾਲ ਨਹਿਲਾਉਂਦੀ। ਉਹਦੇ ਪੈਰਾਂ ਅਤੇ ਗਰਦਨ ਤੋਂ ਰਗੜ-ਰਗੜ ਕੇ ਮੈਲ ਉਤਾਰਦੀ। "ਕਿੰਨੀ ਮੈਲ ਜੰਮ ਗਈ ਹੈ। ਗੰਦਾ ਬੱਚਾ ਕੀ ਚੰਗਾ ਲੱਗਦਾ ਹੈ?" ਖਾਣਾ ਖਿਲਾਉਣ ਵੇਲੇ ਗਲੇ ਤਕ ਠੂਸਦੀ। ਉਹ ਭਰਜਾਈ ਦੇ ਨਾਲ ਹੀ ਸੋਂਦਾ। ਭਰਜਾਈ ਉਹਨੂੰ ਆਪਣੇ ਨਾਲ ਚਿਪਕਾ ਕੇ ਰਖਦੀ। ਭਰਜਾਈ ਦੇ ਜਿਸਮ ਦੀ ਕੋਮਲਤਾ ਅਤੇ ਗਰਮਾਹਟ ਉਹਨੂੰ ਚੰਗੀ ਲੱਗਦੀ। ਲੱਗਦਾ ਸੀ ਕਿ ਉਹਨੂੰ ਅਸਲੀ ਮਾਂ ਹੁਣ ਮਿਲੀ ਹੈ। ਵਡਾ ਹੋਇਆ। ਉਹਨੂੰ ਰਾਤ ਨੂੰ ਆਉਣ 'ਚ ਕਦੇ ਦੇਰ ਹੋ ਜਾਂਦੀ ਤਾਂ ਅਸੀਂ ਖਾਣਾ ਖਾਏ ਬਗ਼ੈਰ ਉਹਦਾ ਇੰਤਜ਼ਾਰ ਕਰਦੇ। ਵਹਿ ਸਾਲ ਨਾਲ ਰਹਿਣ ਤੋਂ ਬਾਅਦ ਉਹਦਾ ਵਿਆਹ ਹੋ ਗਿਆ। ਜਿਸ ਭਰਾ ਦੀ ਮਿਹਰਬਾਨੀ ਨਾਲ ਉਹ ਚੰਗੀ ਹਾਲਤ 'ਚ ਹੈ, ਪੁਤਰ ਦੀ ਤਰਾਂ੍ਹ ਜਿਹਨੂੰ ਪਾਲਿਆ-ਪੋਸਿਆ ਹੈ, ਉਸ ਤੋਂ ਉਹ ਇੰਝ ਦੂਰ ਹੋ ਗਿਆ ਜਿਵੇਂ ਕਿ ਕੋਈ ਸਰੋਕਾਰ ਹੀ ਨਹੀਂ । ਸਾਨੂੰ ਉਹਦੇ ਨਾਲ ਸਰੋਕਾਰ ਰੱਖਣਾ ਸਾਡੀ ਮਜ਼ਬੂਰੀ ਹੈ ।  
     ਉਹਦੀ ਘਰਵਾਲੀ ਜਿਹਨੂੰ ਘਰ ਆਏ ਹਾਲੇ ਚਾਰ ਮਹੀਨੇ ਹੀ ਹੋਏ ਹਨ, ਉਹ ਕਹਿੰਦੀ ਹੈ, ਕਿ "ਭਰਾ ਦੇ ਘਰ ਕੀ ਰਖਿਆ ਹੈ? ਸ਼ਾਡੇ ਕੋਲ ਤਾਂ ਰੰਗੀਨ ਟੀ.ਵੀ. ਹੈ, ਫ੍ਰਿਜ ਹੈ। ਕਪੜੇ ਧੋਣ ਵਾਲੀ ਮਸ਼ੀਨ ਹੈ । ਇਥੋਂ ਤਕ ਦਿ ਆਟਾ ਗੁਨਣ ਲਈ ਮਿਕਸੀ ਗ੍ਰਾਇੰਡਰ ਵੀ ਹੈ। ਭਰਾ ਦੇ ਘਰ ਤਾਂ ਕੁਝ ਵੀ ਨਹੀਂ ਹੈ"। 
     ਉਹਨਾਂ ਦੋਹਾਂ ਦਾ ਕਹਿਣਾ ਹੈ ਕਿ ਉਹ ਸਫ਼ਲ ਹਨ ਅਤੇ ਭਰਾ ਅਸਫ਼ਲ। 
     ਫ਼ਰਕ ਬਸ ਇੰਨਾ ਹੈ ਕਿ ਉਹ ਅਤੇ ਉਹਨਾਂ ਵਰਗੇ ਲੋਕ ਟੀ.ਵੀ. ਫ੍ਰਿਜ਼ ਆਦਿ ਪਦਾਰਥਕ ਚੀਜ਼ਾਂ ਦੇ ਹੋਣ ਨੂੰ ਹੀ  ਆਪਣੀ ਜਿੱਤ/ਸਫ਼ਲਤਾ ਮੰਨ ਕੇ ਢਿੰਢੋਰਾ ਪਿੱਟਣ ਲੱਗਦੇ ਹਨ। ਜਦ ਕਿ ਮੇਰੇ ਵਰਗੇ ਲੋਕ ਇਹ ਸਬ ਕੁਝ ਗੁਆ ਕੇ ਵੀ ਭਾਈ ਚਾਰੇ ਅਤੇ ਮਾਣ- ਮਰਿਆਦਾ ਦਾ ਖ਼ਿਆਲ ਰੱਖਦੇ ਹਨ।  
     ਇਹ ਫ਼ਰਕ/ਅੰਤਰ ਜੇ ਇੰਝ ਹੀ ਵੱਧਦਾ ਰਿਹਾ, ਤਾਂ ਭਰਾ-ਭਰਾ ਦੀ ਦੂਰੀ ਵੀ ਵੱਧਦੀ ਜਾਵੇਗੀ ਅਤੇ ਇਕ ਦਿਨ ਅਜਿਹਾ ਆਏਗਾ ਦਿ ਇਸ ਫ਼ਰਕ ਨੂੰ ਖਤਮ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਜਾਣਗੀਆਂ ।  
     ਫ਼ਰਕ ਕੇਵਲ ਇੰਨਾ ਹੀ ਹੈ ਕਿ ਉਹਨਾ ਵਰਗੇ ਲੋਕਾਂ ਦਾ ਹਥ ਹਮੇਸ਼ਾ ਲੈਣ ਵਾਸਤੇ ਹੀ ਅਗੇ ਵੱਧਦਾ ਹੈ ਅਤੇ ਵਡੇ ਭਰਾਵਾਂ ਵਰਗੇ ਲੋਕਾਂ ਦਾ ਹਥ ਹਮੇਸ਼ਾਂ ਕੁਝ ਦੇਣ ਵਾਸਤੇ ਹੀ ਅਗੇ ਵੱਧਦਾ ਹੈ। ਫਿਰ ਵੀ ਜਦ ਕੋਈ ਕਹਿੰਦਾ ਹੈ ਕਿ ਕੰਧਾਂ ਹੀ ਤਾਂ ਖੜੀਆਂ ਹਨ। ਘਰ 'ਚ ਰੱਖਿਆ ਹੀ ਕੀ ਹੈ। ਸੁਣ ਕੇ ਇੰਝ ਲਗਦਾ ਜੈ ਕਿ ਫ਼ਰਕ ਬਸ ਇੰਨਾ ਹੀ ਹੈ ਕਿ ਵੀਹ ਸਾਲ ਦੀ ਕਮਾਈ ਜੋ ਮੈਂ ਆਪਣੀ ਜ਼ਿਮੇਵਾਰੀ ਸਮਝ ਕੇ ਲੁਟਾ ਦਿੱਤੀ, ਉਹਨੂੰ ਉਹ ਮੇਰਾ ਫ਼ਰਜ਼ ਸਮਝਦੇ ਹਨ ਅਤੇ ਉਹਨਾਂ ਦਾ ਫਰਜ਼ ਕੀ ਹੈ, ਉਹ ਨਹੀਂ ਜਾਣਦੇ। ਹੈ ਨਾ ਫਰਜ਼ ਫਰਜ਼ 'ਚ ਫਰਕ।