ਸਵੇਰ ਦੇ ਦਸ ਵਜ ਚੁਕੇ ਸਨ। ਧੁੰਧ ਤਾਂ ਇੰਝ ਪਈ ਹੋਈ ਸੀ ਕਿ ਹੱਥ ਨੂੰ ਹੱਥ ਵੀ ਦਿਖਾਈ ਨਹੀਂ ਸੀ ਦੇ ਰਿਹਾ। ਅਨਿਲ ਨੇ ਅਪਨੀ ਘਰਵਾਲੀ ਨੂ ਕਿਹਾ ਕਿ ਅਜ ਤਾਂ ਸਤਵੰਤ ਦੇ ਘਰ ਜਾਨਾ ਹੈ। ਓਹਨਾ ਨੇ ਅਪਣੇ ਪਿਤਾ ਦੀ ਯਾਦ ਵਿੱਚ ਅਖੰਡਪਾਠ ਰੱਖਿਆ ਹੋਇਆ ਹੈ। ਉਸ ਦੀ ਵਹੁਟੀ ਕਹਿਣ ਲਗੀ, ‘ਅਜ ਤੁਸੀ ਚਲੇ ਜਾਓ, ਮੈ ਕਲ ਚਲੀ ਜਾਵਾਂਗੀ । ਅਨਿਲ ਨੇ ਬੁਹਾ ਭੀੜਿਆ, ਤੇ ਸਤਵੰਤ ਦੇ ਘਰ ਵਲ ਤੁਰ ਪਿਆ। ਠੰਡੀ ਹਵਾ ਦੇ ਝੌਕੇ ਨਾਲ ਸ਼ਰੀਰ ਕੰਬਨ ਲੱਗਾ। ਘਰੋਂ ਨਿਕਲ ਕੇ ਓਹ ਪਹਲੇ ਸੱਜੇ ਹੱਥ ਮੁੜਿਆ, ਫਿਰ ਸਿਧਾ ਤੁਰ ਕੇ ਗੋਲ ਚਕੱਰ ਕੋਲੋਂ ਖਬੇ ਹਥੱ ਹੋ ਕੇ ਪਾਰਕ ਨੂੰ ਪਾਰ ਕਰਦਾ ਹੋਇਆ ਸਤਵੰਤ ਦੇ ਘਰ ਦੀਆਂ ਪੋੜੀਆਂ ਚੜਨ ਲੱਗ ਪਿਆ। ਪੋੜੀਆਂ ਚੜਨ ਤੋ ਪਹਿਲਾਂ ਹੀ ਕੁਝ ਆਵਾਜਾਂ ਕੰਨਾਂ ਵਿਚ ਪੈਣ ਲਗ ਪਈਆਂ। ਓਹ ਪਲ ਭਰ ਉੱਥੇ ਹੀ ਰੁਕ ਗਿਆ। ਤੇ ਫਿਰ ਪੋੜੀਆਂ ਚੜ੍ਹਨ ਲਗ ਪਿਆ । ਉੱਥੇ ਪੁਜ ਕੇ ਉਸਨੇ ਦੇਖਿਆ ਕਿ ਚੁਲ੍ਹੇ ਦੇ ਆਲੇ-ਦੁਆਲੇ ਬੈਠ ਕੇ ਕੁਝ ਔਰਤਾਂ ਠੰਡ ਦੇ ਇਹਸਾਸ ਨੂ ਘਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਅਨਿਲ ਨੂੰ ਤਕਦੇ ਹੀ ਓਹਨਾਂ ਨੇ ਸਤਿ ਸ਼੍ੀ ਅਕਾਲ ਆਖੀ, ਤੇ ੳਸ ਨੂ ਅਗੇ ਵਧਨ ਦਾ ਰਸਤਾ ਦੇ ਦਿਤਾ। ਅਨਿਲ ਨੇ ਆਪਣੇ ਬੂਟ ੳਤਾਰੇ, ਤੇ ਕਮਰੇ ਵਲ ਚਲ ਪਿਆ। ਕਮਰੇ ਵਿਚ ਪਰਦੇ ਲਗੇ ਹੋਏ ਸੀ। ਦਰਅਸਲ ਪੁਰੇ ਕਮਰੇ ਦੇ ਅਧੇ ਹਿੱਸੇ’ਚ ਪਰਦਾ ਲਮਕਾ ਕੇ ਪਰਦੇ ਦੇ ਦੁਏ ਪਾਸੇ ਗੁਰੁ ਗ੍ਰੰਥ ਸਾਹਿਬ ਰੱਖ ਕੇ ਪਾਠ ਰਖਿਆ ਹੋਇਆ ਸੀ । ਪਰਦੇ ਦੇ ਇਸ ਪਾਸੇ ਦਾ ਰਸਤਾ ਦੁਜੇ ਕਮਰੇ ਵਲ ਜਾ ਰਿਹਾ ਸੀ, ਜਿਸ ਨੂ ਸਟੋਰ ਕਿਹਾ ਜਾ ਸਕਦਾ ਸੀ।
ਅਨਿਲ ਨੇ ਪਰਦਾ ਹਟਾਇਆ, ਮੱਥਾ ਟੇਕਿਆ ਅਤੇ ਕੁਝ ਪਲ ਬੈਠ ਕੇ ਓਹ ਖੜਾ ਹੋ ਗਿਆ। ਓੱਥੇ ਪਾਠ ਕਰਨ ਵਾਲੀ ਇਕ ਔਰਤ ਦੇ ਸਿਵਾ ਕੋਈ ਨਹੀ ਸੀ। ਬਾਕੀ ਘਰ ਦਿਆਂ ਜਨਾਨੀਆਂ ਜਾਂ ਤੇ ਚੁਲਹੇ ਅਗੇ ਬਹਿ ਕੇ ਹੱਥਾਂ ਨੂ ਸੇਕ ਰਹੀਆਂ ਸਨ ਜਾਂ ਫਿਰ ਰਸੋਈਘਰ ਵਿਚ ਸਨ। ਅਨਿਲ ਉਠ ਕੇ ਜਿਵੇਂ ਹੀ ਜਾਨ ਲੱਗਾ, ਤਾਂ ਸਤਵੰਤ ਦੀ ਮਾਤਾ ਜੀ ਆ ਗਈ। ਬੈਠੋ, ਬੈਠੋ, ਤੁਸੀ ਕਿਥੇ ਚਲ ਪਏ, ਦੋ ਮਿਨਟ ਤਾਂ ਬੈਠੋ।
‘ਸਤਵੰਤ ਕਿੱਥੇ ਹੈ,’ ਅਨਿਲ ਨੇ ਪੁਛ ਲਿਆ ।
ਓਹ ਤਾਂ ਕੁਝ ਸਾਮਾਨ ਲੈਣ ਗਿਆ ਹੈ । ਬਸ ਛੇਤੀ ਹੀ ਮੁੜ ਆਇਗਾ । ਇਕਲਾ ਹੈ, ਸਾਰੇ ਕੰਮ ਉਸ ਨੂ ਹੀ ਦੇਖਣੇ ਪੈਂਦੇ ਹਨ। ਤੁਸੀ ਬੈਠੋ ਤਾਂ ਸਹੀ।
ਅਨਿਲ ਫਿਰ ਉਥੇ ਹੀ ਬਹਿ ਗਿਆ। ਉਸ ਨੇ ਦੇਖਿਆ ਕਿ ਪਰਦੇ ਦੇ ਨਾਲ ਹੀ ਪਲਾਸਟਿਕ ਦੇ ਦੋ ਡੱਬੇ ਰੱਖ ਕੇ ਕੋਈ ਚਲਾ ਗਿਆ ਹੈ । ਓਹ ਸਮਝ ਗਿਆ ਕਿ ਨਾਸ਼ਤੇ ਵਾਸਤੇ ਬਿਸਕੁਟ ਹੀ ਹੋਣਗੇ। ਉਸ ਨੁੰ ਇਹ ਸਬ ਚੰਗਾ ਨਹੀਂ ਸੀ ਲਗ ਰਿਹਾ। ਇਕ ਤਰਫ ਤਾਂ ਪਾਠ ਹੋ ਰਿਹਾ ਸੀ, ਦੁਜੇ ਪਾਸੇ ਖਾਨ ਦਾ ਸਮਾਨ। ਓਹ ਫਿਹ ਉਠ ਖਲੌਤਾ। ਪਰ ਤਦੋ ਹੀ ਸਤਵੰਤ ਦੀ ਮਾਂ ਚਾਹ ਲੈ ਕੇ ਆ ਗਈ । ਅਨਿਲ ਨੂ ਫਿਰ ਪਰਦੇ ਦੇ ਦੂਜੇ ਪਾਸੇ ਬੈਠਨਾ ਹੀ ਪਿਆ। ਚਾਹ ਦਾ ਘੁਟ ਭਰਦੇ ਹੋਏ ਅਨਿਲ ਕਹਿਣ ਲਗਾ, ‘ਭੁਆ ਜੀ, ਇਹ ਨਵਾਂ ਸਾਲ ਤੁਹਾਡੇ ਵਾਸਤੇ ਖੁਸ਼ੀਆਂ ਭਰਿਆ ਹੋਵੇ ।
ਓ ਪੁਤਰਾ, ਸਾਡੇ ਵਾਸਤੇ ਨਵਾਂ ਸਾਲ ਅਤੇ ਪੁਰਾਨਾ ਸਾਲ ਇਕੋ ਹੀ ਜਿਹਾ ਜੈ। ਅਸੀ ਤਾਂ ਇਸ ਸਾਲ ਨੂ ਚੰਗਾ ਤਾਂ ਸਮਝਾਂਗੇ, ਜੇ ਸਾਡਾ ਘਰ ਬਚ ਜਾਵੇ।
‘ਘਰ ਨੁੂ ਕੀ ਹੋ ਗਿਆ ਹੈ, ਭੁਆ ਜੀ।‘ ਅਨਿਲ ਨੇ ਫਿਰ ਪੁਛਿਆ ।
ਹੁਣ ਕੀ ਦਸਾਂ ਪੁਤਰ । ਅਸੀਂ ਜਦ ਪਾਕਿਸਤਾਨ ਤੋਂ ਖਾਲੀ ਹੱਥ ਇਥੇੱ ਆਏ ਸਾਂ, ਤਾਂ ਕੁਰਸੀਆਂ ਬੁਣ-ਬੁਣ ਕੇ ਪੈਸਾ- ਧੇਲਾ ਜੋੜ ਜੋੜ ਕੇ ਘਰ ਬਣਾਇਆ ਸੀ। ਸਤਵੰਤ ਦੇ ਪਿਓ ਦਾ ਹਲਵਾਈ ਦਾ ਕੰਮ ਵੀ ਬਹੁਤ ਚੰਗਾ ਸੀ । ਪਰ ਜਵਾਨ ਹੋਂਦੇ ਪੁਤੱਰ ਨੇ ਤਾਂ ਰਾਤੋਂ-ਰਾਤ ਅਮੀਰ ਬਣ ਜਾਨ ਦਾ ਸਪਨਾ ਵੇਖਿਆ ਸੀ। ਵੇਖਦੇ-ਹੀ-ਵੇਖਦੇ ਓਸ ਨੇ ਦੁਕਾਨ ਖਰੀਦ ਲਈ, ਫੈਕਟਰੀ ਦਾ ਮਾਲਿਕ ਬਣ ਬੈਠਾ, ਕਾਰ ਵੀ ਆ ਗਈ। ਅਸੀਂ ਸੋਚਿਆ ਕਿ ਸਾਡਾ ਪੁਤੱਰ ਬੜਾ ਹੀ ਚਂਗਾ ਹੈ । ਅਸੀ ਹੀ ਕਿਓਂ, ਦੁਨਿਆ ਵਾਲੇ ਵੀ ਕਹਿਂਦੇ ਸਨ ਕਿ ਵੇਖੋ ਸਤਵੰਤ ਨੇ ਕਿਨੀ ਤਰੱਕੀ ਕਰ ਲਈ ਹੈ । ਘਰ ਦਾ ਸਾਰਾ ਫਰਨੀਚਰ ਸਾਗਵਾਨ ਦੀ ਲਕੜ ਦਾ ਬਣਾ ਲਿਆ ਹੈ।
‘ਇਹ ਸਭ ਤਾਂ ਸੱਚ ਹੈ ਭੁਆ ਜੀ।‘ ਅਨਿਲ ਨੇ ਕਿਹਾ ।
ਸਚ ਤਾਂ ਬੇਟੇ ਇਹ ਹੈ ਕਿ ਅਮੀਰ ਤਾਂ ਓਹ ਹੀ ਹੁੰਦਾ ਹੈ, ਜਿਸ ਦੇ ਵਿਚਾਰ ਅਮੀਰਾਂ ਵਾਂਗ ਹੋਣ, ਜੋ ਬੁਜੂਰਗਾਂ ਦੇ ਤਜ਼ਰਬੇ ਦੀ ਕਦਰ ਕਰੇ । ਵਕਤ ਦੀ ਮਾਰ ਨੂਂ ਬਰਦਾਸ਼ਤ ਕਰਨਾ ਤਾਂ ਬੁਜੁਰਗ ਹੀ ਸਿਖਾ ਸਕਦੇ ਹਨ। ਓਹ ਹੀ ਦਸ ਸਕਦੇ ਹਨ ਕਿ ਕਿਹੜਾ ਰਸਤਾ ਠੀਕ ਹੈ, ਤੇ ਕਿਹੜਾ ਗਲਤ। ਪਰ ਅਜ ‘ਜੈਨਰੇਸ਼ਨ ਗੈਪ’ ਦੀ ਗਲ ਆਖ ਕੇ ਇਸ ਸੱਚ ਨੂਂ ਅਣਦੇਖਾ ਕਰ ਦਿੱਤਾ ਜਾਂਦਾ ਹੈ। ਪਰ ਮੈਂ ਪੁਛੱਦੀ ਹਾਂ ਕਿ ਇਹ ‘ਜੈਨਰੇਸ਼ਨ ਗੈਪ’ ਕਦੋਂ ਨਹੀਂ ਸੀ।
‘ਪਰ ਭੂਆ ਜੀ, ਹੋਇਆ ਕੀ?’ ਅਨਿਲ ਨੇ ਫਿਰ ਸਵਾਲੀਆ ਨਿਸ਼ਾਨ ਲਗਾ ਦਿਤੱਾ।
ਇਹ ਘਰ ਸਾਰਾ ਗਿਰਵੀ ਪਿਆ ਹੋਇਆ ਹੈ। ਛਤ ਦੇ ਉਤੇ ਜੋ ਇਕ ਕਮਰਾ ਤੇ ਜਗਹ ਹੈ, ਓਹ ਫੈਕਟਰੀ ਦੇ ਫੋਰਮੈਨ ਨੂ ਦੇ ਦਿੱਤੀ ਗਈ ਹੈ। ਓਸ ਤੋਂ ਦੋ ਲਖ ਰੂਪਏ ਕਰਜ ਲਿਆ ਹੈ। ਹੇਠਾਂ ਵਾਲੀ ਜਗਹ ਵੀ ਵੇਚੀ ਜਾ ਚੁਕੀ ਹੈ।
ਹਾਂ ਓਹ ਤਾਂ ਮੈਂ ਵੀ ਦੇਖਿਆ ਹੈ ਕਿ ਓਥੇ ਬੈਟਰੀਆਂ ਦੀ ਦੁਕਾਨ ਖੁਲ ਚੁਕੀ ਹੈ।
ਇਸ ਵਾਸਤੇ ਇਸ ਕਮਰੇ ਨੂੰ ਦੋ ਪਾਸਿਆਂ ਵਿਚ ਵੰਡ ਕੇ ਪਾਠ ਰਖਵਾ ਦਿੱਤਾ ਗਿਆ ਹੈ। ਹੁਨ 6 ਲਖ ਰੁਪਇਆ ਵਾਪਿਸ ਕਰੇ ਤਾਂ ਇਹ ਘਰ ਬਚ ਸਕਦਾ ਹੈ। ਮੈਨੂ ਤਾਂ ਇਹ ਵੀ ਥੋੜਾ ਲਗਦਾ ਹੈ। ਮੈਨੂ ਪਤਾ ਲੱਗਾ ਹੈ ਕਿ ਮੇਰੇ ਜੰਮੂ ਵਾਲੇ ਭਰਾ ਕਲੋਂ ਵੀ ਓਹ 5 ਲੱਖ ਰੁਪਏ ਉਧਾਰ ਲੈ ਚੁਕਿਆ ਹੈ। ਹੁਣ ਓਸ ਦੇ ਵੀ ਫੋਨ ਆਉਂਦੇ ਹਨ। ਮੈਨੂੰ ਕਹਿਣਾ ਪੈਂਦਾ ਹੈ ਕਿ ਰੁਪਏ ਦੇਣ ਤੋਂ ਪਹਿਲਾਂ ਤੁਸੀ ਮੇਰੇ ਕੋਲੋਂ ਪੁਛਿਆ ਕਿਓਂ ਨਹੀਂ। ਹੁਨ ਮੈਂ ਅਪਣੇ ਹੀ ਭਰਾ ਕੋਲ ਕਿਸ ਮੁੰਹ ਨਾਲ ਜਾਵਾਂ। ਹੋਰ ਤੇ ਹੋਰ ਪੜੋਸੀਆਂ ਕੋਲੋਂ ਵੀ, ਰਾਜਨ, ਓਸ ਦੀ ਘਰਵਾਲੀ, ਓਹਦੇ ਭਰਾ, ਤੇ ਫਿਰ ਓਸ ਦੀ ਪਤਨੀ, ਸਭ ਕੋਲੋਂ ਵੀ ਵਖ-ਵਖ ਉਧਾਰ ਪੈਸਾ ਲਇਆ ਹੋਇਆ ਹੈ। ਭੇਦ ਤੇ ਤਾਂ ਖੁਲਿਆ, ਜਦ ਇਸ ਨੇ ਓਹਨਾਂ ਨੂ ਸੂਦ ਦੇਣਾ ਬੰਦ ਕਰ ਦਿਤੱਾ। ਜਦ ਤਕ ਓਹਨਾਂ ਨੂਂ ਸੂਦ ਮਿਲਦਾ ਰਿਹਾ, ਤੇ ਓਹ ਚੁਪ ਰਹੇ। ਮਗਰੋਂ ਸੂਦ ਦੇਨਾ ਬੰਦ ਹੋਇਆ ਤਾਂ ਸਾਰੀ ਸਚਾਈ ਹੀ ਸ੍ਹਾਮਣੇ ਆ ਗਈ। ਕੀ ਜਮਾਨਾ ਆ ਗਿਆ ਹੈ ਕਿ ਵਹੁਟੀ ਅਪਣੇ ਘਰਵਾਲੇ ਕੋਲੋਂ ਛੁਪਾ ਕੇ ਰੁਪਏ ਕਿਸੇ ਨੂੰ ਉਧਾਰ ਦੇਂਦੀ ਹੈ, ਸੋਚਦੀ ਹੈ ਕਿ ਓਹ ਅਮੀਰ ਹੋ ਜਾਵੇਗੀ। ਪਰ ਸਚੱਾਈ ਦਾ ਪਤਾ ਲਗਣ ਤੇ ਪਤੀ ਦਾ ਪਤਨੀ ਤੋਂ ਵਿਸ਼ਵਾਸ ਵੀ ਤਾਂ ਟੁਟ ਜਾਂਦਾ ਹੈ। ਪੈਸੇ ਵੀ ਗਏ, ਪਤੀ ਦਾ ਵਿਸ਼ਵਾਸ ਵੀ ਨਾ ਰਿਹਾ। ਘਰ ਦੇ ਵਿਚ ਤਰੇੜ ਆਉਣੀ ਤਾਂ ਸੁਭਾਵਿਕ ਹੀ ਹੈ। ਭਲਾ ਹੋਵੇ ਓਹਨਾਂ ਦਾ ਜੋ ਮਾਂ ਪਿਓ ਦੇ ਤਜੁਰਬੇ ਤੇ ਸਮਝ ਤੋਂ ਕੰਮ ਲੈਂਦੇ ਹਨ। ਮਗਰ ਇਸ ਸਤਵੰਤ ਨੇ ਤਾਂ ਸਾਨੁੰ ਕਿਸੇ ਥਾਂ ਦਾ ਨਹੀਂ ਛਡਿਆ। ਅਸੀਂ ਓਹੀ ਜਗਹ ਆ ਖੜੋਤੇ ਹਾਂ ਜਿਵੇਂ ਕਿ ਸਨ 47’ਚ ਪਾਕਿਸਤਾਨ ਤੋਂ ਸ਼ਰਣਾਰਥੀ ਬਨ ਕੇ ਆਏ ਸੀ । ਹੁਣ ਤਾਂ ਕੋਈ ਸਾਡੇ ਕੋਲ ਵੀ ਨਹੀਂ ਆਉਣਾ ਚਾਹੁੰਦਾ, ਸਭ ਦੂਰ-ਦੂਰ ਹੀ ਭੱਜਦੇ ਹਨ। ਹੁਨ ਤੁੰ ਹੀ ਦਸ, ਅਸੀ ਕੀ ਕਰਿਏ । ਲਗਦਾ ਹੈ ਕਿ ਇਹ ਧੁਂਧ ਸਾਡੀ ਜਿਂਦਗੀ ਤੇ ਹੀ ਛਾ ਗਈ ਹੈ ।
ਅਨਿਲ ਸੋਚਣ ਲਗ ਪਿਆ ਕਿ ਓਹ ਕੀ ਦੱਸੇ ਕਿ ਸਤਵੰਤ ਓਹਦੇ ਕੋਲੌਂ ਵੀ ਕਈ ਰੁਪਏ ਬਚਿਆਂ ਦੀ ਫੀਸ ਦੇ ਬਹਾਨੇ ਜਾਂ ਹੌਰ ਕਈ ਬਹਾਨੇ ਬਣਾ ਕੇ ਲੈ ਗਿਆ ਹੈ । ਓਹ ਇਹ ਦਸ ਦੇਂਦਾ ਤਾਂ ਭੁਆ ਦਾ ਦੁਖ ਹੋਰ ਵੱਧ ਜਾਂਦਾ । ਸਤਵੰਤ ਅਜੇ ਤਕ ਘਰ ਨਹੀਂ ਸੀ ਪੁੱਜਿਆ। ਓਸ ਨੇ ਚੁਪ ਰਹਿਨਾ ਹੀ ਠੀਕ ਸਮਝਿਆ। ਪਾਠ ਕਰਨ ਵਾਸਤੇ ਦੁਜਾ ਗ੍ਰਂਥੀ ਵੀ ਪਹੁਂਚ ਚੁਕਾ ਸੀ। ਅਨਿਲ ਨੇ ਮੱਥਾ ਟੇਕਿਆ, ਤੇ ਭੁਆ ਦੇ ਅਗੇ ਦੋਵੇਂ ਹਥ ਜੋੜ ਕੇ ਇਹ ਸੋਚਦਾ ਬਾਹਰ ਹੀ ਨਿਕਲ ਰਿਹਾ ਸੀ ਕਿ ਦੁਜਿਆਂ ਕੋਲੋਂ ਪੈਸਾ ਖਿਚ ਕੇ ਵੀ ਕਦੀ ਕੋਈ ਅਮੀਰ ਬਣ ਸਕਦਾ ਹੈ । ਅਮੀਰ ਤਾਂ ਬਜੁਰਗਾਂ ਦੇ ਤਜੁਰਬੇ, ਜਵਾਨੀ ਦੇ ਜੋਸ਼ ਤੇ ਮੇਹਨਤ ਨਾਲ ਹੀ ਬਣਿਆ ਜਾ ਸਕਦਾ ਹੈ । ਸਤਵੰਤ ਵਾਂਗ ਝੂਠੀ ਸ਼ਾਨ ਬਣਾ ਕੇ ਰਹਣ ਵਾਲੇ ਲੋਗ ਕੀ ਖੱਟ ਲੈਂਦੇ ਹਨ, ਇਹ ਓਹ ਹੀ ਜਾਨਣ ।