ਧਾਰਮਿਕ ਬੰਦੇ
(ਮਿੰਨੀ ਕਹਾਣੀ)
ਸਵੇਰੇ ਸਵੇਰੇ ਉਠ ਕੇ ਉਹ ਦੋਨੋ ਮੀਆਂ ਬੀਵੀ ਭਜਨਾਂ ਅਤੇ ਕਿਸ਼ਨੀ ਭਜਨ ਬੰਦਗੀ ਕਰਦੇ ,ਧਾਰਮਿਕ ਪੁਸਤਕਾਂ ਨੂੰ ਉੱਚੀ ਉੱਚੀ ਪੜ੍ਹਦੇ,ਫਿਰ ਗਊਸ਼ਾਲਾ ਅਤੇ ਹੋਰਨਾਂ ਧਾਰਮਿਕ ਸਥਾਨਾਂ ਉੱਤੇ ਨਤ-ਮਸਤਕ ਹੁੰਦੇ । ਸਾਰੇ ਗਲੀ ਮੁਹੱਲੇ ਵਿੱਚ ਉਹਨਾਂ ਦੀ ਸ਼ਰਧਾ ਅਤੇ ਕਾਰਗੁਜਾਰੀ ਨੂੰ ਬਹੁਤ ਸਤਿਕਾਰ ਨਾਲ ਵੇਖਿਆ ਜਾਂਦਾ, ਲੋਕ ਉਹਨਾਂ ਦੀਆਂ ਉਦਾਹਰਣਾਂ ਦਿੰਦੇ ਨਾ ਥਕਦੇ।ਦੋਨੋ ਚੰਗੇ ਪੜੇ੍ ਲਿਖੇ ਹੋਣ ਕਰਕੇ ਬਹੁਤ ਚਰਚਾ ਵਿੱਚ ਸਨ। ਬੱਸ ਇੱਕ ਹੀ ਤਾਂ ਬੱਚਾ ਸੀ ਉਹਨਾਂ ਦੇ, ਉਸ ਨੂੰ ਵੀ ਉਹ ਹਰ ਸਮੇਂ ਚੰਗੀਆਂ ਚੰਗੀਆਂ ਗੱਲਾਂ ਦਸਦੇ ਰਹਿੰਦੇ।
ਕਿਸੇ ਦੇ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ,ਤਾਂ ਵੀ ਇਹ ਜੋੜੀ ਮੁਹਰੇ ਹੁੰਦੀ, ਅੱਖਾਂ ਮੀਚ ਕੇ ,ਹੱਥ ਜੋੜ ਕੇ ਇਹ ਜੋੜੀ ਇਉਂ ਬਹਿੰਦੀ ,ਜਿਵੇਂ ਰੱਬ ਨਾਲ ਹੀ ਇੱਕ-ਮਿਕੱ ਹੋ ਗਈ ਹੋਵੇ। ਕਈ ਪ੍ਰੋਗਰਾਮਾਂ ਉੱਤੇ ਅਸੀਂ ਇਕੱਠੇ ਵੀ ਹੋਏ।ਕਈ ਥਾਵਾਂ ਤੇ ਉਹਨਾਂ ਭਾਸ਼ਨ ਦਿੰਦਿਆਂ ਕਿਹਾ, ਮੰਦਰ ਢਾਹਦੇ,ਮਸਜਿਦ ਢਾਹਦੇ,ਢਾਹਦੇ ਜੋ ਵੀ ਢਹਿੰਦਾ,ਪਰ ਕਿਸੇ ਦਾ ਦਿਲ ਨਾ ਢਾਹਵੀਂ ਰੱਬ ਇਹਦੇ ਵਿੱਚ ਰਹਿੰਦਾ,ਵਰਗੀਆਂ ਗੱਲਾਂ ਲੋਕਾਂ ਦੇ ਧੁਰ ਅੰਦਰ ਤੱਕ ਅਸਰ ਕਰਿਆ ਕਰਦੀਆਂ ,ਮੈਂ ਤਾਂ ਉਹਨਾਂ ਦਾ ਮੁਰੀਦ ਹੀ ਬਣ ਗਿਆ ਸਾਂ।
ਸਬੱਬੀ ਕੁੱਝ ਦਿਨ ਪਹਿਲਾਂ ਮੈਨੂੰ ਉਹਨਾਂ ਦੇ ਘਰ ਜਾਣ ਦਾ ਸਬੱਬ ਬਣ ਗਿਆ,ਮੈਂ ਆਪਣੇ ਆਪ ਨੂੰ ਸੁਭਾਗਾ ਸਮਝ ਰਿਹਾ ਸਾਂ, ਕਿ ਅਜਿਹੀ ਸੁਭਾਗੀ ਜੋੜੀ ਦੇ ਘਰ ਜਾ ਰਿਹਾ ਹਾਂ। ਉਹਨਾਂ ਜੋਰ ਦੇ ਕੇ ਕਿਹਾ ਸੁੱਖੀ ਭਾਅ ਜੀ ਅੱਜ ਨਹੀਂ ਜੇ ਜਾਣਾਂ,ਇਸ ਤਰ੍ਹਾਂ ਜ਼ੋਰ ਦੇ ਕੇ ਮੈਂਨੂੰ ਰਾਤ ਰਹਿਣ ਲਈ ਵੀ ਮਨਾ ਲਿਆ। ਸਵੇਰੇ ਉਹਨਾਂ ਇਸ਼ਨਾਨ ਆਦਿ ਕਰਕੇ ਆਪਣਾਂ ਰੋਜ ਵਾਂਗ ਹੀ ਦਿਨ ਸ਼ੁਰੂ ਕੀਤਾ,ਅਤੇ ਧਾਰਮਿਕ ਸਥਾਂਨਾਂ ਤੇ ਮ੍ਥਾ ਟੇਕਣ ਲਈ ਬਾਹਰ ਨੂੰ ਚਲੇ ਗਏ, ਮੇਰੇ ਨਾਲ ਵਾਲੇ ਕਮਰੇ ਵਿੱਚੋਂ ,ਜਿਥੇ ਪਸ਼ੂ ਬੰਨ੍ਹੇ ਹੋਏ ਸਨ, ਬਹੁਤ ਹੀ ਦਰਦੀਲੀ ਅਵਾਜ ਸੁਣਾਈ ਦੇਣ ਲੱਗੀ “ ਓਏ ਮੈਂ ਰਾਤ ਦਾ ਰੋਟੀ-ਪਾਣੀ ਨੂੰ ਤਰਸਿਆ ਪਿਆਂ,----ਪਸ਼ੂ ਮੂੰਹ ਤੇ ਪੂਛਾਂ ਮਾਰੀ ਜਾਂਦੇ ਆ---ਥੋਨੂੰ ਪਾਲਿਆ ਏ ---ਵੱਡੇ ਕੀਤਾ ਏ---,” ਮੈਂ ਉਨਾਂ ਦੀ ਧਾਰਮਿਕਤਾ ਅਤੇ ਬਜ਼ਰਗ ਦੀ ਹਾਲਤ ਵੇਖ ਉਹਨਾਂ ਦੇ ਕਦੇ ਵੀ ਮੱਥੇ ਨਾਂ ਲੱਗਣ ਦੇ ਫੈਸਲੇ ਨਾਲ, ਉਥੋਂ ਦੌੜਨ ਵਾਂਗ ਤੁਰ ਆਇਆ ।