ਵਕਤ ਦੀ ਰਫਤਾਰ (ਪਿਛਲ ਝਾਤ )

ਗੁਰਜੰਟ ਕਲਸੀ ਲੰਡੇ   

Email: gurjantkalsipc@yahoo.com
Cell: +91 94175 35916
Address: ਪਿੰਡ ਤੇ ਡਾਕ.: ਲੰਡੇ ਵਾਇਆ ਸਮਾਲਸਰ ਤਹਿ: ਬਾਘਾਪੁਰਾਣਾ
ਮੋਗਾ India
ਗੁਰਜੰਟ ਕਲਸੀ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਈ ਵਾਰ ਜਲਦੀ ਹੁੰਦੀ ਤਾਂ ਪਿੰਡੋਂ ਸਮਾਲਸਰ ਨੂੰ ਪੈਦਲ ਹੀ ਤੁਰ ਪੈਣਾ ਕਦੀ ਭੱਜ ਪੈਣਾ ਤੇ ਸਾਹ ਲੈਣ ਲਈ ਲੰਮੇ ਲੰਮੇ ਕਦਮੀ ਤੁਰਨਾ।ਪਤਾ ਨਾ ਲਗਦਾ ਵਾਟ ਕਦੋਂ ਮੁੱਕ ਜਾਂਦੀ।ਉਦੋਂ ਪਿੰਡੋਂ ਸਮਾਲਸਰ ਜਾਣ ਲਈ ਡੇਮਰੂ ਕਲਾਂ ਦੇ ਬੰਤਾ ਸਿਹੁੰ ਦਾ ਟਾਂਗਾ ਬੜਾ ਸ਼ਿੰਗਾਰਿਆ ਹੁੰਦਾ ਸੀ।ਘੋੜੇ ਦਾ ਕੱਦ ਕਾਠ ਵੀ ਬੜਾ ਕਮਾਲ ਦਾ ਸੀ।ਪਿੰਡ ਦੀਆਂ ਕਈ ਜਾਣੂੰ ਸਵਾਰੀਆਂ, ਬੁੱਢੇ ਠੇਰੇ, ਬਾਘਾ ਪੁਰਾਣਾ, ਕੋਟਕਪੂਰਾ ਜਾਂ ਹੋਰ ਕਿਤੇ ਪਰਨੇ ਆਦਿ ‘ਤੇ ਜਾਣ ਲਈ ਪਹਿਲਾਂ ਉਸ ਦਾ ਟਾਂਗਾ ਬੁੱਕ ਕਰਵਾ ਕੇ ਰੱਖਦੇ ਸਨ।ਪਿੰਡ ਦੇ ਅੱਡੇ‘ਤੇ ਸਵਾਰੀਆਂ ਉਸ ਦੇ ਟਾਂਗੇ ਦੀ ਉਡੀਕ ਕਰਦੀਆਂ।ਸਵਾਰੀਆਂ ਅੱਗੇ ਪਿੱਛੇ ਬਿਠਾ ਕੇ ਉਹ ਟਾਂਗਾ ਤੋਰ ਲੈਂਦਾ।ਸ਼ੌਕ ਨਾਲ ਪਾਲੇ ਹੋਏ ਘੋੜੇ ਦੇ ਪੈਰਾਂ‘ਚ ਪਾਏ ਘੁੰਗਰੂ,ਘੋੜੇ ਦੀਆਂ ਲਵਾਈਆਂ ਖੁਰੀਆਂ ਜਦ ਸੜਕ  ਤੇ ਟੱਪ ਟੱਪ ਕਰਦੀਆਂ ਤਾਂ ਵੱਖਰਾ ਹੀ ਸੰਗੀਤ ਜਿਹਾ ਛੇੜ ਦਿੰਦੀਆਂ ਸਨ।ਰੇਵੀਏ ਚਾਲ ਤੁਰਦੇ ਟਾਂਗੇ ‘ਚ ਬੈਠੀਆਂ ਸਵਾਰੀਆਂ ਅਪਣੇ ਆਪ ਵਾਪਸ ਆਉਣ ਬਾਰੇ ਪਹਿਲ਼ਾਂ ਹੀ ਉਸ ਕੋਚਵਾਨ ਨੂੰ ਆਪਣਾ ਸਮਾਂ ਦੱਸ ਦਿੰਦੀਆਂ ।ਪੈਰਾਂ ‘ਚ ਪਾਏ ਘੁੰਗਰੂਆਂ ਕਾਰਨ ਘੋੜਾ ਜਿਵੇਂ ਨਸ਼ਿਆ ਜਾਂਦਾ ਤੇ ਆਪਣੀ ਮਸਤ ਚਾਲ ਤੁਰਦਾ।ਕੀ ਮਜਾਲ ਕਿ ਟੱਪ ਟੱਪ ਦੀ ਅਵਾਜ਼ ‘ਚ ਇੱਕ ਸਕਿੰਟ ਦਾ ਸਮਾਂ ਵੀ ਇੱਧਰ ਉੱਧਰ ਹੋ ਜਾਵੇ।ਮੁੜਨ ਵਾਲੇ ਮੁਸਾਫਰ ਪਹਿਲਾਂ ਹੀ ਉਸ ਦੀ ਉਡੀਕ ਵਿਚ ਖੜ੍ਹੇ ਹੋਏ ਹੁੰਦੇ ਸਨ।ਘੋੜੇ ਦੇ ਚਾਰੇ ਲਈ ਖੱਬਲ ਦੀ ਪੰਡ ਉਸ ਦੇ ਟਾਂਗੇ ਦੇ ਹੇਠਾਂ ਟੰਗੀ ਹੁੰਦੀ ਸੀ।ਦੁਪਹਿਰ ਕੁ ਵੇਲੇ ਉਹ ਸਮਾਲਸਰ ਅੱਡੇ ਲੱਗੀ ਟਾਹਲੀ ਦੀ ਛਾਂਵੇ ਟਾਂਗਾ ਰੋਕ ਲੈਦਾਂ,ਘੋੜੇ ਨੂੰ ਚਾਰਾ ਖੁਆਉਂਦਾ।ਪਾਣੀ ਪਿਆਉਂਦਾ।ਆਰਾਮ ਦੁਆਉਂਦਾ।ਆਪਣੇ ਪੋਣੇ ‘ਚ ਬੱਧੀ ਰੁੱਖੀ ਮਿੱਸੀ ਰੋਟੀ ਖਾ ਘੰਟਾ ਭਰ ਆਰਾਮ ਤੋਂ ਬਾਅਦ ਫਿਰ ਉਸ ਦੀ ਜ਼ਿੰਦਗੀ ਦਾ ਪਹੀਆ ਸੜਕ‘ਤੇ ਰਿੜ੍ਹਨ ਲੱਗਦਾ ਸੀ।
                             ਖੈਰ ਇਹ ਬੀਤੇ ਸਮੇਂ ਦੀ ਗੱਲ ਹੋ ਗਈ।ਅੱਜ ਟਾਂਗਾ ਇੱਕ ਵਿਰਾਸਤ ਬਣ ਕੇ ਰਹਿ ਗਿਆ।ਮੇਲਿਆਂ ਜਾਂ ਅਜਾਇਬ ਘਰਾਂ‘ਚ ਹੀ ਟਾਂਗੇ ਵੇਖਣ ਵੇਖਣ ਜੋਗੇ ਰਹਿ ਗਏ ਹਨ।ਉਨ੍ਹੀ ਦਿਨੀਂ ਲੰਡੇ ਤੋਂ ਸਮਾਲਸਰ ਦਾ ਭਾੜਾ ਵੀ 50 ਪੈਸੇ ਹੁੰਦਾ ਸੀ।ਬੰਤਾ ਸਾਰਾ ਦਿਨ ਟਾਂਗਾ ਵਾਹ ਕੇ ਆਪਣੇ ਪਰਿਵਾਰ ਅਤੇ ਘੋੜੇ ਦਾ ਪੇਟ ਪਾਲਦਾ।ਕਿੰਨੀ ਸੰਤੁਸ਼ਟੀ ਸੀ ਉਦੋਂ ਜੀਵਨ ਵਿਚ।
          ਅੱਜ ਸਾਡੇ ਬੱਚਿਆਂ ਨੂੰ ਟਾਂਗੇ ਬਾਰੇ ਪਤਾ ਹੀ ਨਹੀਂ।ਉਹ ਤਾਂ ਸੁਣ ਸੁਣਾ ਕੇ ਕਿਆਸ ਅਰਾਈਆਂ ਲਗਾ ਕੇ ਹੀ ਉਦੋਂ ਦੇ ਜੀਵਨ ਬਾਰੇ ਸੋਚ ਸਕਦੇ ਹਨ।ਮਨ ਹੀ ਹਨ ਆਨੰਦ ਮਾਣ ਸਕਦੇ ਹਨ।ਅੱਜ ਮੇਰੇ ਪਿੰਡ ‘ਚ ਹਰ ਸਰਦੇ ਘਰ ਘਰ‘ਚ ਮੋਟਰਸਾਈਕਲ ਹੈ।ਗ਼ਰੀਬ ਕੋਲ ਸਾਈਕਲ ਹੈ।ਅੱਜ ਜਦ ਵੀ ਮੈਂ ਸੜਕ ਤੋਂ ਲੰਘਦਾ ਹਾਂ ਤਾਂ ਮਨੁੱਖ ਪੈਦਲ ਤੁਰਦਾ ਨਜ਼ਰ ਨਹੀਂ ਪੈਦਾ।ਸਕੂਟਰ,ਮੋਟਰਸਾਈਕਲ ਕਾਰਾਂ ਆਦਿ ਇਸ ਸੜਕ‘ਤੇ ਦੌੜਦੀਆਂ ਨਜ਼ਰ ਪੈਦੀਆਂ ਹਨ।ਜ਼ਿੰਦਗੀ ਤੁਰਦੀ ਫਿਰਦੀ ਨਹੀਂ ਫੁੱਲ ਰਫਤਾਰ ‘ਤੇ ਭੱਜੀ ਨਜ਼ਰ ਆਉਂਦੀ ਹੈ।ਸੰਤੁਸ਼ਟੀ ਫਿਰ ਵੀ ਨਹੀਂ ਹੈ।ਹਰ ਕੋਈ ਇਕ ਦੂਜੇ ਤੋਂ ਅੱਗੇ ਤੋਂ ਹੋ ਕੇ ਲੰਘਣਾ ਚਾਹੁੰਦਾ ਹੈ।
                ਅੱਜ ਜਦ ਮੈਂ ਆਪਣੇ ਲੜਕਿਆਂ ਨੂੰ ਇਸ ਸੜਕ ‘ਤੇ ਪੈਦਲ ਤੁਰਨ,ਮੋਗੇ,ਕੋਟਕਪੂਰੇ ਸਾਈਕਲ‘ਤੇ ਜਾਣ ਦੀ ਗੱਲ ਦੱਸਦਾ ਹਾਂ ਤਾਂ ਉਨ੍ਹਾਂ ਨੂੰ ਸੱਚ ਨਹੀਂ ਆਉਂਦਾ,ਮੇਰੇ ਨਾਲ ਕੰਮ ਕਰਦੇ ਰਾਜ ਮਿਸਤਰੀ ਦਾ ਪਿਤਾ ਚਾਰ ਵਾਰ ਸਾਈਕਲ ‘ਤੇ ਦਿੱਲੀ ਗਿਆ।ਮੇਰਾ ਚਾਚਾ ਅਨੇਕਾਂ ਵਾਰ ਹੀ ਪਿੰਡੋਂ ਸਾਈਕਲ ‘ਤੇ ਲੁਧਿਆਣਾ ਜਾਂਦਾ ਹੁੰਦਾ ਸੀ।ਮੈਨੂੰ ਅਜੇ ਇਹ ਕੱਲ੍ਹ ਦੀਆਂ ਗੱਲਾਂ ਲਗਦੀਆਂ ਹਨ।ਸੋਚਦਾ ਹਾਂ ਇਸ ਤੇਜ਼ ਰਫਤਾਰ ਜ਼ਿੰਦਗੀ ਦਾ ਅੰਤ ਕਿੱਥੇ ਹੋਵੇਗਾ।