ਧਰਤੀ ਗਗਨ ਜੋ ਮਿਲਦੇ ਦਿਸਣ ,
ਝੂਠਾ ਖੇਲ ਰਚਾਇਆ ।
ਦਿਸ-ਹੱਦਾ ਹੈ ਨਿਰਾ ਛਲਾਵਾ ,
ਅਜ ਤਕ ਹਥ ਨਹੀਂ ਆਇਆ ।
ਰਾਤ ਨੂੰ ਇਕ ਸੀ ਤਾਰਾ ਤੱਕਿਆ
ਉਸ ਨੂੰ ਮੈਂ ਸੀ ਚੁੰਮਨਾਂ ਚਾਹਿਆ ।
ਉਸ ਦਿਨ ਸੂਰਜ ਧੋਖਾ ਕੀਤਾ ,
ਬੇਵਕਤੇ ਪਹਿਲੇ ਚੜ ਆਇ ।
ਬਦਲਾਂ ਦੇ ਮੈਂ ਗੋੜੇ ਜੋੜੇ ,
ਉਸ ਰੂੰ ਦਾ ਇਕ ਖੇਸ ਬਣਾਇਆ ।
ਬੰਨੇਂ ਉਤੇ ਕਾਂ ਬੋਲਿਆ ,
ਰੰਗਲੇ ਪਲੰਗੀਂ ਖੇਸ ਵਛਾਇਆ ।
ਬਿਰਹਾ ਬੜਾ ਸੁਲਤਾਨ ਨਿਕਲਿਆ ,
ਝਟ ਆਕੇ ਬੂਹਾ ਖੜਕਾਇਆ ।
ਮੈਂ ਤੇ ਮੇਰਾ ਬਿਰਹਾ ਬੈਠਕੇ ,
ਰੰਗਲੇ ਪਲੰਗ ਤੇ ਵਕਤ ਲੰਘਾਇਆ ।
ਰੁਤ ਬਦਲੀ ਤੇ ਮੰਨ ਮਚਲਿਆ ,
ਵੇਹੜੇ ਵਿਚ ਇਕ ਬੂਟਾ ਲਾਇਆ ।
ਹੋਲੀ ਹੋਲੀ ਵੱਡਾ ਕੀਤਾ ,
ਬੂਰ ਲੱਗਾ ਤੇ ਫਲ ਵੀ ਆਇਆ ।
ਸਾਰੇ ਫਲ ਹੀ ਕੋੜੇ ਫਿੱਕੇ ,
ਝੂਠੇ ਖਾਬਾਂ ਖੇਲ ਰਚਾਇਆ ।
ਤੱਤੀਆਂ 'ਵਾਵਾਂ ਵੇਹੜੇ ਵੜੀਆਂ ,
ਆਸ ਦਾ ਬੂਟਾ ਬਚ ਨਹੀਂ ਪਾਇਆ ।
ਕਈਂ ਅਖਰਾਂ ਨੂੰ ਇਕੱਠਾ ਕੀਤਾ ,
ਕਈਂ ਕਲਮਾਂ ਮਿਲ ਜ਼ੋਰ ਵੀ ਲਾਇਆ ।
ਐਸੇ ਲੇਖ ਲਿਖੇ ਉਹਨਾਂ ਮਿਲਕੇ ,
ਇਕ ਵੀ ਅਖਰ ਸਮਝ ਨਾਂ ਆਇਆ ।
ਇਹ ਦਿਨ ਰਾਤ ਦੀ ਉਲਝੀ ਤਾਣੀ ,
ਜੀਵਨ ਦਾ ਬਸ ਇਹ ਸਰਮਾਇਆ ।
ਪਰਦੇਸੀਂ ਨਿਰਮੋਹੀ ਰਹਿੰਦੇ ,
ਬੜਾ ਹੀ ਦਿਲ ਨੂੰ ਮੈਂ ਸਮਝਾਇਆ ।