ਪਰ ਕਾਫਿਲਾ ਚੱਲਦਾ ਰਿਹਾ
(ਕਵਿਤਾ)
ਜਿਸ ਸ਼ੈਅ ਦੀ ਕੋਈ ਹੋਂਦ ਨਹੀਂ
ਉਸ ਲਈ ਤੜਪ ਰਿਹਾ ਹਾਂ ਮੈਂ
ਮ੍ਰਿਗਤ੍ਰਿਸ਼ਨਾ ਦੇ ਹਿਰਨ ਦੀ ਤਰ੍ਹਾਂ
ਭਟਕਦਾ ਫਿਰ ਰਿਹਾ ਹਾਂ ਮੈਂ
ਮ੍ਰਿਗਤ੍ਰਿਸ਼ਨਾ ਵਿੱਚ ਭਟਕਦੇ ਹਿਰਨ
ਤੋਂ ਵੀ ਬਦਤਰ ਹਾਲਾਤ ਨੇ ਮੇਰੇ
ਕੈਸੀ ਹੈ ਇਹ ਮ੍ਰਿਗਤ੍ਰਿਸ਼ਨਾ
ਕੈਸੇ ਭਰਮ ਭੁਲੇਖੇ ਨੇ…
ਇਕ ਆਸ ਦੀ ਕਿਰਨ ਜਗਾ ਕੇ
ਇਹ ਔਝਲ ਹੁੰਦੇ ਦੇਖੇ ਨੇ..
ਕੁਝ ਸੁਪਨੇ ਸੁਹਾਣੇ ਸੀ ਜੋ ਰਾਤਾਂ ਨੂੰ
ਦਿਨ ਵੇਲੇ ਉਹ ਬੋਝਲ ਹੁੰਦੇ ਦੇਖੇ ਨੇ..
ਮ੍ਰਿਗਤ੍ਰਿਸ਼ਨਾ ਦੀ ਭਟਕਣਾ ਦਾ ਇਹ
ਸਿਲਸਿਲਾ ਇੰਝ ਹੀ ਚੱਲਦਾ ਰਿਹਾ
ਪੈਰ ਥਮ ਗਏ
ਸਾਹ ਰੁਕ ਗਏ
ਪਰ ਕਾਫਿਲਾ ਚੱਲਦਾ ਰਿਹਾ
ਪਰ ਕਾਫਿਲਾ ਚੱਲਦਾ ਰਿਹਾ……