ਫੇਰ ਤੋ ਬਚਪਨ ਜੀਣ ਨੂੰ ਕਿਉਂ ਮੇਰਾ ਦਿਲ ਲਲਚਾਵੇ ।
ਨਿੱਕੀਆਂ ਰੂਹਾਂ ਦਾ ਬਣ ਜਮਾਤੀ, ਜਿਵੇਂ ਫੱਟੀ ਨੂੰ ਸੁਕਾਵੇ ।।
ਭੱਜ ਕੇ ਟਾਟ 'ਤੇ ਮੂਹਰੇ ਬਹਿਣਾ,
ਉਚੀ ਬੋਲ ਕੇ ਹਾਜਰ ਜੀ ਕਹਿਣਾ ।
ਹਰ ਗਲ ਦੇ ਨਾਲ ਹਾਂਜੀ ਕਹਿਣਾ,
ਪਾਣੀ ਪੀਣ ਲਈ ਪਾਸ ਦਾ ਲੈਣਾ ।
ਹਰ ਸ਼ਨੀਵਾਰ ਨੂੰ ਬਾਲ ਸਭਾ ਵਿਚ
ਗੀਤ ਓੁਹੀ ਫਿਰ ਗਾਵੇ ।।
ਫੇਰ ਤੋ ਬਚਪਨ ਜੀਣ ਨੂੰ , ਕਿਉਂ ਮੇਰਾ ਦਿਲ ਲਲਚਾਵੇ ,
ਊੜਾ ਊਠ ਤੇ ਆੜਾ ਅਖ਼ ,
ਡੱਡੇ ਤੇ ਓੁਹ ਡੱਬੂ ਕਹਿਣਾ ।
ਅੱਧੀ ਛੁਟੀ ਦੀ ਇੰਤਜ਼ਾਰ ਵਿਚ,
ਮੈਡਮ ਤੋ ਓੁਹਲੇ ਰੋਟੀ ਖਾਣਾ ।
ਕਦੇ ਗਨੇਰੀਆਂ ਕਦੇ ਪੇਂਦੂ ਬੇਰ,
ਪਾਕਟ ਮਨੀ ਵਿਚੋਂ ਲੈ ਕੇ ਖਾਵੇ ।।
ਫੇਰ ਤੋ ਬਚਪਨ ਜੀਣ ਨੂੰ , ਕਿਉਂ ਮੇਰਾ ਦਿਲ ਲਲਚਾਵੇ ।
ਸਾਰੀ ਛੁਟੀ ਵਿਚ ਕੁਝ ਸਮਾਂ ਬਾਕੀ,
ਬਸਤੇ ਬੰਨ੍ਹ ਕੇ ਬਹਿਣ ਜਮਾਤੀ ।
ਕਿਧਰ ਦੀ ਜਾਣਾ ਵਿਉਂਤ ਬਣਾ ਕੇ
ਗੇਟ ਵੱਲ ਹੀ ਜਾਈਏ ਝਾਕੀ।
ਘੰਟੀ ਪੂਰੀ ਵਜਣ ਤੋ ਪਹਿਲਾਂ,
ਘਰ ਨੂੰ ਮੇਲ ਸ਼ੂਕਦਾ ਜਾਵੇ
ਫੇਰ ਤੋ ਬਚਪਨ ਜੀਣ ਨੂੰ , ਕਿਉਂ ਮੇਰਾ ਦਿਲ ਲਲਚਾਵੇ ।
ਨਿੱਕੀਆਂ ਰੂਹਾਂ ਦਾ ਬਣ ਜਮਾਤੀ, ਜਿਵੇਂ ਫੱਟੀ ਨੂੰ ਸੁਕਾਵੇ ।।