ਕਿਊਬਾ ਇਮੀਗਰੇਸ਼ਨ ਨੇ ਏਅਰਪੋਰਟ ਤੇ ਪੱਗਾਂ ਲੁਹਾਈਆਂ
ਜਿ਼ੰਦਗੀ ਵਿਚ ਕਦੇ ਕਿਊਬਾ ਜਾਵਾਂਗਾ, ਮੇਰੇ ਚਿੱਤ ਚੇਤੇ ਵਿਚ ਹੀ ਨਹੀਂ ਸੀ। ਕਿਊਬਾ ਦੇ ਇਤਿਹਾਸਕ, ਭੂਗੋਲਕਿ, ਰਾਜਨੀਤਕ, ਬੋਲੀ ਅਤੇ ਸਭਿਆਚਾਰ ਬਾਰੇ ਵੀ ਮੇਰੀ ਜਾਣਕਾਰੀ ਨਾ ਹੋਣ ਦੇ ਬਰਾਬਰ ਸੀ। ਕਦੇ ਕਦੇ ਓਥੋਂ ਦੇ ਫੌਜੀ ਸ਼ਾਸਕ ਫਾਈਡਲ ਕਾਸਟਰੋ ਦਾ ਨਾਂ ਜ਼ਰੂਰ ਸੁਣਿਆ ਸੀ ਜਿਸ ਨੇ ਅਮਰੀਕਾ ਨਾਲ ਯਾਰੀ ਤੋੜ ਕੇ ਰੂਸ ਨਾਲ ਯਾਰੀ ਪਾ ਲਈ ਸੀ ਜਾਂ ਏਨਾ ਕੁ ਸੁਣਿਆ ਸੀ ਕਿ ਕਮਿਊਨਿਸਟ ਦੇਸ਼ ਕਿਊਬਾ ਇਕ ਗਰੀਬ ਦੇਸ਼ ਹੈ। ਕਿਊਬਾ ਬਾਰੇ ਜੇ ਵਧ ਤੋਂ ਵਧ ਮੈਨੂੰ ਹੋਰ ਪਤਾ ਸੀ ਕਿ ਕਾਮਰੇਡਾਂ ਦੇ ਗੁਰੂ ਹਰਕਿਸ਼ਨ ਸਿੰਘ ਸੁਰਜੀਤ ਜਦ ਕਦੇ ਪਾਰਟੀ ਲਈ ਫੰਡ ਇਕੱਠਾ ਕਰਨ, ਆਪਣੀਆਂ ਦਵਾਈਆਂ ਲੈਣ ਅਤੇ ਆਪਣੇ ਦੋਸਤਾਂ ਨੂੰ ਮਿਲਣ ਲਈ ਦੁਨੀਆ ਦੇ ਅਮੀਰ ਦੇਸ਼ ਕੈਨੇਡਾ ਵਿਚ ਆਉਂਦੇ ਸਨ ਤਾਂ ਏਥੋਂ ਹੋ ਕੇ ਉਹ ਕਿਊਬਾ ਜ਼ਰੂਰ ਜਾਂਦੇ ਸਨ। ਕੁਝ ਲੋਕ ਸੁਰਜੀਤ ਬਾਰੇ ਮਜ਼ਾਕੀਆ ਅੰਦਾਜ਼ ਵਿਚ ਕਹਿੰਦੇ ਸਨ ਕਿ ਜੇ ਕਾਮਰੇਡ ਸੁਰਜੀਤ ਜੀ ਦਾ ਗਲਾ ਖਰਾਬ ਹੋਵੇ ਤਾਂ ਉਸਦੀ ਦਵਾਈ ਲੈਣ ਲਈ ਕੈਨੇਡਾ ਆਉਂਦੇ ਸਨ ਅਤੇ ਜੇ ਸਿਰ ਦੁਖੇ ਤਾਂ ਕਿਊਬਾ ਜਾਂਦੇ ਸਨ। ਪਤਾ ਨਹੀਂ ਇਸ ਮਜ਼ਾਕ ਵਿਚ ਕਿੰਨੀ ਕੁ ਸੱਚਾਈ ਹੈ ਪਰ ਇਕ ਦੋ ਵਾਰ ਜਦ ਇਕਬਾਲ ਰਾਮੂਵਾਲੀਆ ਨਾਲ ਮੈਂ ਕਾਮਰੇਡ ਸੁਰਜੀਤ ਨੂੰ ਮਾਲਟਨ ਵਿਚ ਇਕ ਕਾਮਰੇਡ ਦੇ ਘਰ ਮਿਲਿਆ ਤਾਂ ਉਹ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ ਕਿ ਹੁਣ ਮੇਰਾ ਮਿਅਦਾ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ। ਮੈਂ ਜਿ਼ਆਦਾ ਰੋਟੀ ਹਜ਼ਮ ਨਹੀਂ ਕਰ ਸਕਦਾ। ਬਹੁਤ ਪਰਹੇਜ਼ ਕਰਦਾ ਹਾਂ। ਕੈਨੇਡਾ ਵਿਚ ਆਪਣੇ ਬੰਦਿਆਂ ਨੂੰ ਮਿਲ ਕੇ ਮੈਂ ਇਸ ਤੋਂ ਬਾਅਦ ਕਿਊਬਾ ਜਾਣਾ ਹੈ। ਇਕ ਵਾਰ ਸ. ਅਮਰ ਸਿੰਘ ਭੁੱਲਰ ਐਡੀਟਰ ਹਮਦਰਦ ਦੇ ਦਫਤਰ ਜੋ ਓਸ ਵੇਲੇ ਮੱਲ੍ਹੀ ਸਾਹਿਬ ਦੇ ਦਫਤਰ ਨੇੜੇ ਹੁੰਦਾ ਸੀ, ਮੈਂ ਸੁਰਜੀਤ ਜੀ ਨੂੰ ਪ੍ਰੈੱਸ ਕਾਨਫਰੰਸ ਵਿਚ ਮਿਲਿਆ ਸਾਂ ਤੇ ਮੇਰੇ ਤਾਬੜ ਤੋੜ ਸਵਾਲਾਂ ਨੂੰ ਸੁਣ ਕੇ ਕਾਮਰੇਡ ਸੁਰਜੀਤ ਜੀ ਕੁਝ ਗੁੱਸੇ ਵਿਚ ਆ ਗਏ ਸਨ। ਇਸ ਤੋਂ ਬਾਅਦ ਇਕ ਵਾਰ ਸ਼ਾਨੇ ਦਰਬਾਰ ਰੈਸਟੋਰੈਂਟ ਵਿਚ ਕਾਮਰੇਡ ਸੁਰਜੀਤ ਜੀ ਲਈ ਹੋਈ ਇਕ ਪ੍ਰੈੱਸ ਕਾਨਫਰੰਸ ਵਿਚ ਕਾਮਰੇਡ ਨਿਰਮਲ ਢੀਂਡਸਾ ਜੀ ਮੈਨੂੰ ਵੀ ਨਾਲ ਲੈ ਗਏ ਸਨ। ਉਪਰੋਕਿਤ ਹਵਾਲਿਆਂ ਨਾਲ ਹੀ ਮੈਂ ਕਿਊਬਾ ਦਾ ਨਾਂ ਸੁਣਿਆ ਸੀ ਜਿਸ ਵਿਚ ਝਾਤੀ ਮਾਰਨ ਵੇਲੇ ਕਾਮਰੇਡਾਂ ਦੇ ਗੁਰੂ ਹਰਕਿਸ਼ਨ ਸਿੰਘ ਸੁਰਜੀਤ ਦਾ ਅਰਥ ਭਰਪੂਰ ਚਿਹਰਾ ਮੇਰੀਆਂ ਅਖਾਂ ਆ ਖਲੋਂਦਾ ਸੀ। ਇਸ ਤੋਂ ਵੱਧ ਇਹ ਸੀ ਕਿ ਜਦ ਕਿਸੇ ਟਰੈਵਲ ਏਜੰਟ ਦੇ ਦਫਤਰ ਵਿਚ ਇੰਡੀਆ ਦੀ ਟਿਕਟ ਲੈਣ ਲਈ ਜਾਈਦਾ ਸੀ ਤਾਂ ਓਥੇ ਸਮੁੰਦਰ ਕੰਢੇ ਕੋਕੋਨਟ ਦੇ ਰੁੱਖਾਂ ਦੀਆਂ ਤਸਵੀਰਾਂ ਹੇਠਾਂ ਅਧ ਨੰਗੀਆਂ ਖੂਬਸੂਰਤ ਕੁੜੀਆਂ ਦੀਆਂ ਫੋਟਜ਼ੋ ਵੇਖਣ ਨੂੰ ਮਿਲਦੀਆਂ ਜੋ ਇਹ ਸੱਦਾ ਦਿੰਦੀਆਂ ਸਨ ਕਿ ਆਓ ਕਿਊਬਾ ਆਓ ਤੇ ਸਾਡੇ ਵਾਂਗ ਖੁਲ੍ਹੇ ਅਸਮਾਨ, ਚਮਕਦੇ ਸੂਰਜ, ਲਿਸ਼ਕਦੀ ਧੁੱਪ ਵਿਚ ਸਮੁੰਦਰ ਦੇ ਕੰਢੇ ਬੈਠ ਕੇ ਬੇ ਰੋਕ-ਟੋਕ ਚੱਲ ਰਹੀ ਤਾਜ਼ਾ ਹਵਾ ਦੇ ਬੁਲ੍ਹਿਆਂ ਵਿਚ ਲੰਮੀਆਂ ਕੁਰਸੀਆਂ ਤੇ ਅਧਨੰਗੇ ਲੇਟ ਕੇ ਆਪਣੇ ਸਰੀਰ ਨੂੰ ਓਸ ਧੁੱਪ ਅਤੇ ਹਵਾ ਦੇ ਹਵਾਲੇ ਕਰ ਦਿਓ ਜੋ ਤੁਹਾਡੇ ਕਈ ਸਰੀਰਕ ਅਤੇ ਮਾਨਸਿਕ ਰੋਗਾਂ ਤੇ ਕੈਨੇਡਾ ਦੇ ਥਕੇਵੇਂ ਤੇ ਮਾਨਸਿਕ ਫਿਕਰਾਂ ਨੂੰ ਦੂਰ ਕਰ ਦੇਵੇਗੀ। ਮੈਂ ਸੋਚਦਾ ਕਿ ਕੀ ਮੈਂ ਕਦੇ ਓਥੇ ਕਿਊਬਾ ਜਾ ਸਕਾਂਗਾ। ਆਪ ਈ ਆਪਣੇ ਆਪ ਨੂੰ ਨਾਂਹ ਵਿਚ ਜਵਾਬ ਦੇ ਕੇ ਮਨ ਵਿਚ ਪੈਦਾ ਹੁੰਦੀ ਖੁਦ-ਖੁਸ਼ੀ ਦਾ ਗਲਾ ਘੁੱਟ ਦਿੰਦਾ। ਮੇਰੇ ਦਿਮਾਗ ਵਿਚ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ, ਇਨਕਲਾਬੀ ਲੀਡਰ ਫਾਈਡਲ ਕਾਸਟਰੋ, ਸਮੁੰਦਰ ਦਾ ਰੇਤਲਾ ਕੰਢਾ, ਸਿੱਪੀਆਂ, ਘੋਗੇ, ਜਲਪਰੀਆਂ, ਨਾਰੀਅਲ ਦੇ ਉਚੇ ਲੰਮੇ ਰੁੱਖਾਂ ਤੇ ਬਾਦਬਾਨਾਂ ਵਾਲੀਆਂ ਸਮੁੰਦਰ ਵਿਚ ਤੈਰਦੀਆਂ ਕਿਸ਼ਤੀਆਂ ਸੁਪਨੇ ਬਣ ਕੇ ਆਉਂਦੀਆਂ ਤੇ ਸੁਪਨੇ ਵਾਂਗ ਹੀ ਭੁਰ ਜਾਂਦੀਆਂ।
ਦਸੰਬਰ ਦਾ ਦੂਜਾ ਹਫਤਾ ਖਤਮ ਹੋਣ ਵਾਲਾ ਸੀ ਕਿ ਕੰਮ ਤੋਂ ਮੇਰੀ ਬੇਟੀ ਦਾ ਫੋਨ ਆਇਆ ਕਿ ਡੈਡੀ ਜੀ ਅਸੀਂ ਸਾਰੇ ਵੇਕੇਸ਼ਨ ਲਈ ਕਿਊਬਾ ਜਾ ਰਹੇ ਹਾਂ। ਤੁਸੀਂ ਜਾਣਾ ਹੈ ਤਾਂ ਦੱਸੋ, ਪੀਕ ਸੀਜ਼ਨ ਹੋਣ ਕਰ ਕੇ ਪੈਕਜ ਡੀਲ ਵਿਚ ਇਨਸ਼ੋਰੰਸ ਤੋਂ ਬਿਨਾਂ ਆਣ ਜਾਣ ਦੀ ਟਿਕਟ 975 ਡਾਲਰ ਦੀ ਮਿਲ ਰਹੀ ਹੈ ਜਿਸ ਵਿਚ ਫਾਈਵ ਸਟਾਰ ਹੋਟਲ ਦੇ ਦਰਜੇ ਰੀਜ਼ੋਰਟ ਵਿਚ ਹਫਤੇ ਦੀ ਰਿਹਾਇਸ਼, ਕਿਸਮ ਕਿਸਮ ਦੀ ਫਰੀ ਡਰਿੰਕ, ਸਾਹਮਣੇ ਤਲੀ ਜਾ ਰਹੀ ਮਛੀ, ਤਾਜ਼ਾ ਕਢਿਆ ਜੂਸ ਅਤੇ ਅਨੇਕਾਂ ਕਿਸਮ ਦਾ ਖਾਣਾ ਫਰੀ ਹੈ। ਮੇਰੇ ਸੁਰਗਵਾਸੀ ਦੋਸਤ ਵਕੀਲ ਡਾ: ਹਰਜੀਤ ਸਿੰਘ ਆਹਲੂਵਾਲੀਆ ਜੋ ਕਿਊਬਾ ਜਾਂਦੇ ਰਹਿੰਦੇ ਸਨ ਅਤੇ ਆ ਕੇ ਓਥੋਂ ਬਾਰੇ ਕਵਿਤਾ ਲਿਖਦੇ ਸਨ, ਤੋਂ ਸੁਣਿਆ ਸੀ ਕਿ ਓਥੇ ਫਰੀ ਸ਼ਰਾਬ ਦੇ ਦਰਿਆ ਚੌਵੀ ਘੰਟੇ ਵਗਦੇ ਹਨ ਪਰ ਇਹ ਸੋਚ ਲੈਣਾ ਚਾਹੀਦਾ ਹੈ ਕਿ ਜੇ ਸੋਨੇ ਦੀ ਤਲਵਾਰ ਹੋਵੇ ਤਾਂ ਢਿਡ ਵਿਚ ਥੋੜ੍ਹਾ ਮਾਰ ਲੈਣੀ ਹੈ। ਟੂਰ ਵਿਚ 975 ਡਾਲਰਾਂ ਵਿਚ ਡਬਲ ਬੈੱਡ ਵਾਲਾ ਕਮਰਾ ਸ਼ਾਮਲ ਹੈ ਪਰ ਜੇ ਕੋਈ ਸਾਥੀ ਹੋਵੇ ਤਾਂ ਕੁਝ ਰਿਐਤ ਮਿਲ ਜਾਂਦੀ ਸੀ, ਇਕੱਲੇ ਨੂੰ ਸੌ ਡਾਲਰ ਵਧ ਦੇਣੇ ਪੈਂਦੇ ਸਨ। ਮੈਂ ਕਿਹਾ ਮੈਂ ਜਾਣਾ ਤਾਂ ਜ਼ਰੂਰ ਚਹੁੰਦਾ ਹਾਂ ਪਰ ਸੋਚਣ ਦਾ ਮੌਕਾ ਦਿਤਾ ਜਾਵੇ। ਬੇਟੀ ਦਾ ਜਵਾਬ ਸੀ ਇਕ ਘੰਟੇ ਵਿਚ ਹਾਂ ਨਾਂਹ ਦਾ ਜਵਾਬ ਦੱਸਣਾ ਹੋਵੇਗਾ। ਓਥੇ ਜਾ ਕੇ ਹੋਰ ਬੀਮਾਰ ਹੋ ਜਾਣ ਦੇ ਡਰੋਂ ਮੇਰੀ ਬੀਵੀ ਨੇ ਜਾਣਾ ਨਹੀਂ ਸੀ। ਏਨੇ ਵਿਚ ਮੈਨੂੰ ਮੇਰੇ ਪੁਰਾਣੇ ਦੋਸਤ ਲੇਖਕ ਪ੍ਰਿੰ: ਪਾਖਰ ਸਿੰਘ ਜੋ ਬੜੇ ਦਲੇਰ, ਹਸਮੁਖ, ਹਲੀਮ ਅਤੇ ਬੁਧੀਜੀਵੀ ਹਨ, ਦਾ ਕਿਸੇ ਕੰਮ ਲਈ ਫੋਨ ਆ ਗਿਆ ਤੇ ਮੈਂ ਉਹਨਾਂ ਨੂੰ ਕਿ ਮੈਂ ਕਿਊਬਾ ਜਾ ਰਿਹਾ ਹਾਂ। ਰੀਜ਼ੋਰਟ ਦੇ ਕਮਰੇ ਵਿਚ ਵਿਚ ਇਕ ਹੋਰ ਬੰਦੇ ਲਈ ਥਾਂ ਹੈ। ਜੇ ਮੇਰੇ ਨਾਲ ਕਿਊਬਾ ਚੱਲਣਾ ਹੈ ਤਾਂ ਦੱਸੋ। ਉਹਨਾਂ ਫੌਰਨ ਹਾਂ ਕਰ ਦਿਤੀ ਤੇ ਕਹਿ ਦਿਤਾ ਕਿ ਟਿਕਟਾਂ ਵੀਜ਼ੇ ਤੇ ਬੁੱਕ ਕਰਵਾ ਦਿਓ। ਬਾਅਦ ਵਿਚ ਹਿਸਾਬ ਕਰ ਲਵਾਂਗੇ। ਮੈਂ ਬੇਟੀ ਨੂੰ ਹਾਂ ਕਰ ਦਿਤੀ ਤੇ ਆਪਣਾ ਵੀਜ਼ਾ ਨੰਬਰ, ਆਪਣੀ ਤੇ ਪ੍ਰਿੰ: ਪਾਖਰ ਸਿੰਘ ਦੀ ਜਨਮ ਮਿਤੀ ਆਦਿ ਲਿਖਵਾ ਦਿਤੀ। ਸਿਤਮ ਜ਼ਰੀਫੀ ਇਹ ਹੋਈ ਕਿ ਮੇਰੀ ਤੇ ਪ੍ਰਿੰ: ਪਾਖਰ ਸਿੰਘ ਦੀ ਜੋ ਟਿਕਟ 975 ਡਾਲਰ ਪ੍ਰਤੀ ਸਵਾਰੀ ਸੀ, ਟਰੈਵਲ ਏਜੰਟ ਨਾਲ ਫੋਨ ਤੇ ਗੱਲ ਕਰਦਿਆਂ ਕਰਦਿਆਂ ਯਕਦਮ 1075 ਡਾਲਰ ਦੀ ਹੋ ਗਈ ਤੇ ਬੇਟੀ ਨੇ ਇਸ ਬਾਰੇ ਪੁਛਿਆ ਤਾਂ ਮੈਂ ਕਹਿ ਦਿਤਾ ਕਿ ਠੀਕ ਹੈ, ਜਦ ਮਨ ਬਣਾ ਹੀ ਲਿਆ ਹੈ ਤਾਂ ਜੇ 50 ਡਾਲਰ ਟਿਕਟ ਦੇ ਵਧ ਗਏ ਹਨ ਤਾਂ ਕੋਈ ਫਿਕਰ ਨਹੀਂ। ਵੀਜ਼ੇ ਤੇ ਟਿਕਟਾਂ ਦੀ ਅਦਾਇਗੀ ਓਸੇ ਵੇਲੇ ਹੋ ਗਈ ਤੇ ਕੰਪਿਊਟਰ ਦੇ ਇੰਟਰਨੱੈਟ ਤੇ ਟਿਕਟਾਂ ਦਾ ਸਾਰਾ ਰੀਕਾਰਡ ਵੀ ਤੁਰਤ ਆ ਗਿਆ। ਮੈਂ ਟਿਕਟਾਂ ਡਾਊਨ ਲੋਡ ਕਰ ਲਈਆਂ ਤੇ ਪ੍ਰਿੰ: ਪਾਖਰ ਸਿੰਘ ਜੀ ਨੂੰ ਸੂਚਨਾ ਦੇ ਦਿਤੀ। ਫਿਰ ਬੇਟੀ ਨੇ ਕਿਹਾ ਕਿ ਬਗੈਰ ਮੈਡੀਕਲ ਇਨਸ਼ੋਰੰਸ ਦੇ ਕਿਊਬਾ ਨਹੀਂ ਜਾ ਸਕਦੇ। ਜੇ ਹਬੀ ਨਬੀ ਹੋ ਜਾਵੇ ਤਾਂ ਦੇਸ਼ ਭਾਵੇਂ ਬਹੁਤ ਗਰੀਬ ਹੈ ਪਰ ਓਥੇ ਹਸਪਤਾਲ ਤੇ ਇਲਾਜ ਬਹੁਤ ਮਹਿੰਗਾ ਹੈ। ਕੈਨੇਡਾ ਦੀ ਓਹਿਪ ਨਹੀਂ ਚਲੇਗੀ ਇਸ ਲਈ ਆਪਣੀ ਇਨਸ਼ੋਰੰਸ ਜ਼ਰੂਰ ਕਰਵਾ ਲਵੋ ਤੇ ਇਨਸੋ਼ਰੰਸ ਪੇਪਰ ਟਿਕਟ ਦੇ ਨਾਲ ਹੋਣੇ ਚਾਹੀਦੇ ਹਨ। ਮੈਂ ਕਿਹਾ ਮੈਂ ਇਨਸ਼ੋਰੰਸ ਲਈ ਕਿਸੇ ਤੋਂ ਪੁਛ ਗਿਛ ਕਰਦਾ ਹਾਂ। ਸਾਨੂੰ ਸੱਤ ਜਣਿਆਂ ਦੀ ਟਰੈਵਲ ਇਨਸ਼ੋਰੰਸ ਚਾਹੀਦੀ ਸੀ ਜਿਸ ਵਿਚ ਮੇਰੇ ਫੈਮਿਲੀ ਦੇ ਪੰਜ ਜੀਅ ਜੋ ਸਾਰੇ 55 ਤੋਂ ਛੋਟੇ ਸਨ ਅਤੇ ਮੈਂ ਤੇ ਪ੍ਰਿੰ: ਪਾਖਰ ਸਿੰਘ ਸਿਨੀਅਰਜ਼ ਵਿਚ ਆ ਜਾਂਦੇ ਸਾਂ। ਬੈਂਕ ਵਿਚੋਂ ਡਾਲਰ ਲੈਣ ਲਈ ਜਦ ਮੈਂ ਟੀ ਡੀ ਬੈਂਕ ਗਿਆ ਤੇ ਟੈਲਰ ਨੂੰ ਦਸਿਆ ਕਿ ਅਸੀਂ ਕਿਊਬਾ ਜਾ ਰਹੇ ਹਾਂ ਤਾਂ ਓਸ ਵੀ ਅਗੋਂ ਕਿਹਾ ਕਿ ਜਾਣ ਲਈ ਟਰੈਵਲ ਇਨਸ਼ੋਰੰਸ ਬਹੁਤ ਜ਼ਰੂਰੀ ਹੈ ਅਤੇ ਬੈਂਕ ਚੋਂ ਇਨਸੋ਼ਰੰਸ ਹੁਣੇ ਮਿਲ ਸਕਦੀ ਹੈ। ਓਸ 55 ਤੋਂ ਛੋਟੇ ਪੰਜਾਂ ਦੀ ਇਨਸ਼ੋਰੰਸ ਦੀ ਕੀਮਤ ਸਿਰਫ 63 ਡਾਲਰ ਦੱਸੀ ਜੋ ਮੈਨੂੰ ਬਹੁਤ ਸਸਤੀ ਲੱਗੀ। ਮੈਂ ਟੈਲਰ ਨਾਲ ਗਲ ਕਰਦਿਆਂ ਹੀ ਬੇਟੀ ਨੂੰ ਫੋਨ ਕਰ ਕੇ ਪੁਛਿਆ ਤਾਂ ਓਸ ਕਿਹਾ ਫੌਰਨ ਲੈ ਲਵੋ। ਰੇਟ ਬਹੁਤ ਠੀਕ ਹੈ। ਮੈਂ ਫੈਮਿਲੀ ਦੇ ਪੰਜਾਂ ਜੀਆਂ ਦੀਆਂ ਜਨਮ ਮਿਤੀਆਂ ਦੱਸ ਕੇ ਸਭ ਦੀ ਇਨਸੋ਼ਰੰਸ ਸਿਰਫ 63 ਡਾਲਰ ਵਿਚ ਖਰੀਦ ਲਈ। ਜਦ ਮੈਂ ਆਪਣੀ ਤੇ ਪ੍ਰਿੰ: ਪਾਖਰ ਸਿੰਘ ਦੀ ਇਨਸੋ਼ਰੰਸ ਦਾ ਰੇਟ ਪੁਛਿਆ ਤਾਂ ਸਿਨੀਅਰ ਹੋਣ ਕਰ ਕੇ ਸਾਡੀ ਇਨਸ਼ੋਰੰਸ ਬਹੁਤ ਮਹਿੰਗੀ ਸੀ, ਭਾਵ ਦੋਹਾਂ ਦੀ ਸੌ ਸੌ ਡਾਲਰ ਤੋਂ ਉਤੇ ਸੀ। ਮੈਂ ਪ੍ਰਿੰ: ਪਾਖਰ ਸਿੰਘ ਨੂੰ ਫੋਨ ਕੀਤਾ ਤਾਂ ਉਹ ਕਹਿਣ ਲਗੇ ਕਿ ਬੈਂਕ ਤੋਂ ਨਾ ਲਵੋ। ਸਾਡਾ ਇਕ ਮੁੰਡਾ ਇਹੋ ਕੰਮ ਕਰਦਾ ਹੈ, ਉਹ ਸਸਤੀ ਇਨਸ਼ੋਰੰਸ ਦੇ ਦੇਵੇਗਾ ਅਤੇ ਵਾਕਿਆ ਹੀ ਓਸ ਕੋਲੋਂ ਸਾਨੂੰ ਟੀ ਡੀ ਬੈਂਕ ਨਾਲੋਂ ਕਾਫੀ ਸਸਤੀ ਇਨਸ਼ੋਰੰਸ ਮਿਲ ਗਈ। ਮੇਰੀ ਸਿਰਫ 68 ਡਾਲਰ ਵਿਚ ਤੇ ਪ੍ਰਿੰ: ਪਾਖਰ ਸਿੰਘ ਦੀ 82 ਡਾਲਰ ਵਿਚ। ਮੇਰੇ ਨਾਲੋਂ ਕੁਝ ਮਹਿੰਗੀ ਮਿਲੀ। ਇਹ ਅੰਤਰ ਦਾ ਕਾਰਨ ਉਮਰ ਦਾ ਵਡੇ ਛੋਟੇ ਜਾਂ ਅਗੇ ਪਿਛੇ ਹੋਣਾ ਸਮਝਿਆ ਗਿਆ।
ਪ੍ਰਿੰ: ਪਾਖਰ ਸਿੰਘ ਦੀ ਬਹੁਤ ਲਾਇਕ ਬੇਟੀ ਮੀਨਾ ਜੋ ਇਕ ਟਰੈਵਲ ਕੰਪਨੀ ਵਿਚ ਮੈਨੇਜਰ ਹੈ, ਦਾ ਫੋਨ ਆ ਗਿਆ ਕਿ ਅੰਕਲ ਜੀ ਤਹਾਨੂੰ ਟਿਕਟਾਂ ਬਹੁਤ ਮਹਿੰਗੀਆਂ ਮਿਲੀਆਂ ਹਨ। ਇਹ ਟਿਕਟ ਤਾਂ 500 ਡਾਲਰ ਤੋਂ ਵਧ ਨਹੀਂ ਹੋਣੀ ਚਾਹੀਦੀ। ਓਸ ਦਾ ਭਾਵ ਸੀ ਕਿ ਸਾਨੂੰ ਟਰੈਵਲ ਏਜੰਟ ਨੇ ਬਹੁਤ ਮਹਿੰਗੀਆਂ ਟਿਕਟਾਂ ਦਿਤੀਆਂ ਹਨ। ਜਦ ਇਸ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਸਸਤੀਆਂ ਟਿਕਟਾਂ ਬਹੁਤ ਪਹਿਲਾਂ ਬੁਕ ਕਰਵਾਣੀਆਂ ਪੈਂਦੀਆਂ ਹਨ। ਅਸੀਂ ਤਾਂ ਖੜ੍ਹੇ ਪੈਰ ਐਨ ਪੀਕ ਸਜਿ਼ਨ ਤੇ ਟਿਕਟਾਂ ਲਈਆਂ ਸਨ ਅਤੇ ਇਸੇ ਲਈ ਮਹਿੰਗੀਆਂ ਸਨ। ਹੁਣ ਇਹ ਟਿਕਟਾਂ ਨਾ ਰੀਫੰਡ ਹੋ ਸਕਦੀਆਂ ਸਨ, ਨਾ ਕੈਂਸਲ ਹੋ ਸਕਦੀਆਂ ਸਨ। ਜਾਓ ਜਾਂ ਨਾ ਜਾਓ, ਪੈਸੇ ਗਏ ਸੋ ਗਏ। ਅਸੀਂ ਕਿਹਾ ਕਿ ਕੀ ਅਧ ਪਚਧ ਹੀ ਮਿਲ ਸਕਦਾ ਹੈ ਤਾਂ ਜਵਾਬ ਸੀ ਕਿ ਕੁਝ ਨਹੀਂ ਮਿਲ ਸਕਦਾ। ਮੀਨਾ ਵੀ ਇਸ ਨੂੰ ਤਬਦੀਲ ਕਰਨ ਵਿਚ ਕੁਝ ਨਾ ਕਰ ਸਕੀ। ਸਿਰਫ ਇਹ ਤਜਰਬਾ ਹੋਇਆ ਕਿ ਜੇ ਜਾਣਾ ਹੋਵੇ ਤਾਂ ਬਹੁਤ ਪਹਿਲਾਂ ਬੁਕਿੰਗ ਕਰਵਾਣੀ ਚਾਹੀਦੀ ਹੈ। ਇੰਜ ਸਸਤੀਆਂ ਟਿਕਟਾਂ ਮਿਲ ਜਾਂਦੀਆਂ ਹਨ। ਪਰਮਜੀਤ ਸਿੰਘ ਸੰਧੂ ਨੇ ਤਾਂ ਕਿਊਬਾ ਦੀ ਜਾਣਕਾਰੀ ਵਿਚ ਵਾਧਾ ਕਰਦਿਆਂ ਇਹ ਵੀ ਦਸਿਆ ਕਿ ਫਾਈਵ ਸਟਾਰ ਹੋਟਲ ਜਾਂ ਮਹਿੰਗੇ ਰੀਜ਼ੋਰਟ ਵਿਚ ਰਹਿਣ ਦੀ ਬਜਾਏ ਬਾਹਰ ਬਹੁਤ ਸਸਤੇ ਪਰਾਈਵੇਟ ਘਰ ਮਿਲ ਜਾਂਦੇ ਹਨ ਅਤੇ ਸਸਤੇ ਨੌਕਰ ਵੀ ਜੋ ਖਾਣਾ ਵੀ ਤਿਆਰ ਕਰ ਦਿੰਦੇ ਹਨ। ਪਰ ਅਸੀਂ ਤਾਂ ਹੁਣ ਇਸ ਵਿਚ ਕੋਈ ਤਬਦੀਲੀ ਨਹੀਂ ਕਰ ਸਕਦੇ ਸਾਂ। ਬਾਕੀ ਜਦ ਵੇਕੇਸ਼ਨ ਦਾ ਮਨ ਬਣਾ ਹੀ ਲਿਆ ਸੀ ਤਾਂ ਹੁਣ ਮਹਿੰਗੇ ਸਸਤੇ ਦੇ ਚੱਕਰ ਵਿਚ ਪੈਣ ਦਾ ਕੋਈ ਮਤਲਬ ਨਹੀਂ ਸੀ। ਮਨ ਨੂੰ ਕਿਊਬਾ ਦੇ ਬੀਚ ਦੀਆਂ ਰੌਣਕਾਂ ਅਤੇ ਫਰੀ ਜਾਮ ਤੇ ਪੈਮਾਨਿਆਂ ਦੇ ਵੱਸ ਕਰ ਦਿਤਾ ਸੀ। ਫਰੀ ਦਾਰੂ ਦੇ ਵਗਦੇ ਦਰਿਆ ਚਿਤਵ ਕੇ ਪ੍ਰਿੰ: ਪਾਖਰ ਸਿੰਘ ਦੀ ਖੁਸ਼ੀ ਝੱਲੀ ਨਹੀਂ ਸੀ ਜਾਂਦੀ। ਬੇਟੀ ਮੀਨਾ ਤੇ ਉਹਦੇ ਪਰਵਾਰ ਨੇ ਮੈਨੂੰ ਚੌਕਸ ਕਰ ਦਿਤਾ ਕਿ ਉਹਨਾਂ ਦੇ ਡੈਡੀ ਦੀ ਦੇਖ ਭਾਲ ਕਰਨ ਦਾ ਜਿ਼ੰਮਾ ਤੁਹਾਡਾ ਹੈ। ਓਥੇ ਥਾਂ ਥਾਂ ਜਾਮ ਛਲਕਦੇ ਵੇਖ ਕੇ ਉਹ ਕਿਤੇ ਆਪਣੀ ਪ੍ਰਤਿਭਾ ਨਾ ਭੁੱਲ ਜਾਣ, ਇਹ ਖਿਆਲ ਤੁਹਾਨੂੰ ਰੱਖਣਾ ਪਵੇਗਾ। ਕਈ ਵਾਰ ਬਹੁਤੀ ਖੁਲ੍ਹ ਨੁਕਸਾਨ ਕਰਦੀ ਹੈ। ਮੈਂ ਇਹ ਚੁਣੌਤੀ ਕਬੂਲ ਕਰ ਲਈ, ਖਾਸ ਤੌਰ ਤੇ ਏਸ ਲਈ ਕਿ ਦਾਰੂ ਸਿੱਕੇ ਦੇ ਕੰਮਾਂ ਵਿਚ ਸਾਡੀ ਬਦਨਾਮੀ ਬਰਾਬਰ ਹੀ ਹੈ। ਅਸੀਂ ਕਿਉਂ ਪੀਂਦੇ ਹਾਂ? ਇਸ ਬਾਰੇ ਤੇ ਲਗਾਤਾਰ ਲਿਖਣ ਦਾ ਕੰਮ ਕਰਦੇ ਰਹਿਣ ਦੀ ਜਿੰਮੇਵਾਰੀ ਨਿਭਾਣ ਬਾਰੇ ਕਦੀ ਕਿਸੇ ਨੇ ਸੱਚੇ ਮਨੋਂ ਜਾਨਣ ਦੀ ਕੋਸਿ਼ਸ਼ ਹੀ ਨਹੀਂ ਕੀਤੀ।
ਇਸ ਸਫਰ ਨੂੰ ਹੋਰ ਰੌਚਿਕ ਬਨਾਉਣ ਲਈ ਪਤਾ ਲੱਗਾ ਕਿ ਕਿਊਬਾ ਵਿਚ ਲੋਕਾਂ ਕੋਲ ਕਪੜੇ ਦੀ ਬਹੁਤ ਕਮੀ ਹੈ। ਉਹ ਕਪੜੇ ਭਾਵੇਂ ਉਹ ਪਹਿਲਾਂ ਪਾਏ ਹੀ ਹੋਣ, ਲੈ ਕੇ ਬਹੁਤ ਖੁਸ਼ ਹੁੰਦੇ ਹਨ। ਅਸੀਂ ਆਪਣੇ ਸਾਮਾਨ ਵਿਚ ਦਵਾਈਆਂ ਤੇ ਵੰਡਣ ਵਾਲੇ ਕਪੜੇ ਵੀ ਭਰ ਲਏ। ਬੇਟੀ ਬਾਰ ਬਾਰ ਚਿਤਾਵਨੀ ਦੇ ਰਹੀ ਸੀ ਕਿ ਓਥੇ ਗਰਮੀ ਬਹੁਤ ਹੈ, ਇਸ ਲਈ ਚੱਪਲਾਂ, ਸ਼ਾਟਸ, ਬਨੈਣਾਂ ਆਦਿ ਵਾਧੂ ਲੇ ਕੇ ਜਾਇਓ। ਮਛਰਾਂ ਤੋਂ ਬਚਣ ਲਈ ਕੋਈ ਕਰੀਮ ਤੇ ਆਪਣੀਆਂ ਹੋਰ ਦਵਾਈਆਂ ਨਾਲ ਲਿਜਾਣੀਆਂ ਨਾ ਭੁੱਲਣਾ। ਅਸੀਂ ਹਰ ਜ਼ਰੂਰੀ ਗੱਲ ਤੇ ਅਮਲ ਕਰ ਰਹੇ ਸਾਂ।
22 ਦਸੰਬਰ ਦੀ ਸਵੇਰ ਨੂੰ 6 ਵਜੇ ਟਰਾਂਟੋ ਦੇ ਟਰਮੀਨਲ 3 ਤੋਂ ਕਿਊਬਾ ਨੂੰ ਉਡਣ ਵਾਲੇ ਕੈਨਜੈਟ ਹਵਾਈ ਜਹਾਜ਼ ਦੀਆਂ ਟਿਕਟਾਂ ਤੇ ਇਨਸ਼ੋਰੰਸ ਦੇ ਪੇਪਰ ਮੇਰੇ ਹਥ ਵਿਚ ਸਨ। ਟਰਾਂਟੋ ਤੋਂ ਕਾਮਾਗੂਈ ਏਅਰਪੋਰਟ (ਕਿਊਬਾ) ਦੀ ਉਡਾਣ ਫੜਨ ਲਈ 3 ਘੰਟੇ ਪਹਿਲਾਂ ਏਅਰਪੋਰਟ ਤੇ ਪਹੁੰਚਣ ਦੇ ਆਦੇਸ਼ ਸਨ। ਆਪਣੇ 23 ਕਿੱਲੋ ਵਾਲੇ ਸੂਟਕੇਸ ਤੋਂ ਇਲਾਵਾ ਹੈਂਡ ਬੈਗ ਤੇ ਪਾਸਪੋਰਟ ਸਮੇਤ ਮੈਂ ਪਾਖਰ ਸਿੰਘ ਨੂੰ ਸਵੇਰੇ 3 ਵਜੇ ਟਰਮੀਨਲ 3 ਤੇ ਪਹੁੰਚਣ ਲਈ ਤਾਕੀਦ ਕਰ ਦਿਤੀ। ਓਸ ਕਿਹਾ ਕਿ ਮੇਰਾ ਫਿਕਰ ਨਾ ਕਰਨਾ, ਮੈਨੂੰ ਮਦਨ ਵੇਲੇ ਸਿਰ ਏਅਰਪੋਰਟ ਤੇ ਪੁਚਾ ਦੇਵੇਗਾ। ਅਸੀਂ ਸਾਰੇ ਪਰਵਾਰ ਨੇ ਵਡੀ ਟੈਕਸੀ ਵਾਲੇ ਨੂੰ ਸਾਨੂੰ ਘਰੋਂ 3 ਵਜੇ ਚੁਕਣ ਲਈ ਫੋਨ ਕਰ ਦਿਤਾ ਜਿਸ ਵਿਚ ਸਾਡੇ ਸਾਰਿਆਂ ਦੇ ਸੂਟ ਕੇਸ ਅਤੇ ਹੈਂਡ ਬੈਗ ਸੁਰਖਿਅਤ ਆ ਸਕਦੇ ਸਨ। ਜਾਣ ਦੀ ਤਿਆਰੀ ਵਿਚ ਰਾਤ ਦੇ ਬਾਰਾਂ ਵਜ ਗਏ ਤੇ ਸਵੇਰੇ 3 ਵਜੇ ਏਅਰਪੋਰਟ ਤੇ ਪਹੁੰਚਣਾ ਸੀ। ਸੌਣ ਲਈ ਬੱਸ ਇਕ ਦੋ ਘੰਟੇ ਹੀ ਸਨ ਤੇ ਉਹ ਵੀ ਫਿਕਰ ਫਾਕੇ ਵਿਚ ਬੀਤ ਗਏ ਤੇ ਅਸੀਂ ਅਧੇ ਸੁਤੇ ਅਧੇ ਜਾਗਦੇ ਠੀਕ ਸਮੇਂ ਏਅਰਪੋਰਟ ਤੇ ਸਾਂ। ਕੈਨਜੈੱਟ ਦੇ ਮੁਸਾਫਰਾਂ ਦੀ ਲਾਈਨ ਭਾਵੇਂ ਬਹੁਤ ਲੰਮੀ ਸੀ ਚੈਕ ਇਨ ਕਰਵਾ, ਬੋਰਡਿੰਗ ਪਾਸ ਲੈ, ਸੂਟਕੇਸ ਏਰਲਾਈਨ ਦੇ ਹਵਾਲੇ ਕਰ ਬਗੈਰ ਕਿਸੇ ਔਕੜ ਦੇ ਅਸੀਂ 200 ਕੁ ਮੁਸਾਫਰਾਂ ਵਲੇ ਹਵਾਈ ਜਹਾਜ਼ ਵਿਚ ਜਾ ਕੇ ਆਪਣੀਆਂ ਸੀਟਾਂ ਮੱਲ ਲਈਆਂ। ਹਥਾਂ ਵਾਲੇ ਬੈਗ ਉਪਰ ਟਿਕਾ ਦਿਤੇ। ਠੀਕ 6 ਵਜੇ ਜਹਾਜ਼ ਪਟੜੀ ਤੇ ਪੈ ਗਿਆ ਤੇ ਮੁਕਲਾਵੇ ਤੁਰਨ ਵਾਲੀ ਮੁਟਿਆਰ ਵਾਂਗ ਅਧਾ ਕੁ ਘੰਟਾ ਖੇਖੇਣ ਵੇਖਣ ਕਰ ਆਖਰ ਉਡਾਣ ਭਰ ਕੇ ਬਦਲਾਂ ਅਤੇ ਧੁੰਦ ਨੂੰ ਚੀਰਦਾ ਚਮਕਦੀ ਧੁੱਪ ਤੇ ਗੋਰੇ ਚਿੱਟੇ ਦਿਨ ਵਿਚ ਠੀਕ ਦਸ ਵਜੇ ਕਾਮਾਗੂਈ (ਕਿਊਬਾ) ਦੀ ਛੋਟੀ ਜਹੀ ਏਅਰਪੋਰਟ ਤੇ ਜਾ ਉਤਰਿਆ। ਇੰਜ ਲੱਗਾ ਜਿਵੇਂ ਖੇਤਾਂ ਵਿਚ ਏਅਰਪੋਰਟ ਬਣੀ ਹੋਈ ਸੀ। ਇਸ ਜਹਾਜ਼ ਤੋਂ ਬਗੈਰ ਓਥੇ ਹੋਰ ਕੋਈ ਜਹਾਜ਼ ਨਹੀਂ ਸੀ। ਅਜੀਬ ਜਹੀ ਸਾਧਾਰਨ ਵਰਦੀ ਵਾਲੇ ਪੁਲਸ ਅਫਸਰ ਜਿਨ੍ਹਾਂ ਵਿਚੋਂ ਕਿਸੇ ਦੇ ਦੋ ਤੇ ਕਿਸੇ ਦੇ ਤਿੰਨ ਸਟਾਰ ਸਨ, ਲਾਈਨ ਵਿਚ ਖੜ੍ਹੇ ਮੁਸਾਫਰਾਂ ਦੇ ਪਾਸਪੋਰਟ ਬੜੀ ਸਖਤਾਈ ਨਾਲ ਚੈੱਕ ਕਰ ਕੇ ਅਗਲੇ ਅਫਸਰਾਂ ਕੋਲ ਭੇਜ ਰਹੇ ਸਨ। ਇਹਨਾਂ ਵਿਚ ਲੇਡੀ ਪੋਲੀਸ ਅਫਸਰ ਵੀ ਸਨ। ਕਿਸੇ ਦਾ ਵਤੀਰਾ ਵੀ ਦੋਸਤਾਨਾ ਨਹੀਂ ਸੀ। ਇਹਨਾਂ ਦੇ ਕੱਦ ਮਧਰੇ ਤੇ ਰੰਗ ਕਣਕਵੰਨੇ ਸਨ। ਜਿਸ ਇਮੀਗਰੇਸ਼ਨ ਅਫਸਰ ਕੋਲ ਮੈਂ ਆਪਣਾ ਪਾਸਪੋਰਟ ਪੇਸ਼ ਕੀਤਾ, ਓਸ ਮੇਰੇ ਕੈਨੇਡੀਅਨ ਪਾਸਪੋਰਟ ਅਤੇ ਮੇਰੇ ਚਿਹਰੇ ਨੂੰ ਬਾਰ ਬਾਰ ਵੇਖਿਆ। ਫਿਰ ਮੇਰੇ ਚਿਹਰੇ ਨੂੰ ਐਨਕਾਂ ਲੁਹਾ ਕੇ ਵੇਖਿਆ। ਮੈਂ ਕੈਨੇਡਾ ਵਿਚ ਕੀ ਕਰਦਾ ਹਾਂ ਆਦਿ ਸਵਾਲ ਪੁਛੇ ਅਤੇ ਆਖਰ ਸੱਤ ਦਿਨ ਦਾ ਦਸਤੀ ਵੀਜ਼ਾ ਤੇ ਮੇਰਾ ਪਾਸਪੋਰਟ ਮੇਰੇ ਹਥ ਫੜਾ ਸਿਕਿਓਰਟੀ ਚੈੱਕ ਅਪ ਲਈ ਭੇਜ ਦਿਤਾ। ਸਿਕਿਓਰਟੀ ਵਿਚੋਂ ਲੰਘ ਜਦ ਅਗੇ ਪਿਛੇ ਕਰ ਕੇ ਸਾਰੇ ਸਰੀਰ ਨੂੰ ਡੰਡੇ ਨੇ ਛੁਹਿਆ ਤਾਂ ਟੀਂ ਟੀਂ ਹੋਣ ਲੱਗੀ। ਸ਼ਾਇਦ ਕੜੇ ਕਰ ਕੇ ਵੀ ਸੀ। ਮੈਨੂੰ ਤੇ ਪਾਖਰ ਸਿੰਘ ਨੂੰ ਸਿਕਿਓਰਟੀ ਨੇ ਪੱਗਾਂ ਲਾਹੁਣ ਦਾ ਹੁਕਮ ਦਿਤਾ ਜੋ ਬਹੁਤ ਬੁਰਾ ਲਗਿਆ। ਇਸ ਮੌਕੇ ਇਕ ਕਮਿਉਨਿਸਟ ਕੰਟਰੀ ਵਿਚ ਪਗਾਂ ਨਾ ਉਤਾਰਨ ਦਾ ਪੰਗਾ ਲੈਣ ਦਾ ਮਤਲਬ ਇਹ ਵੀ ਸੀ ਕਿ ਕਿਊਬਾ ਅੰਦਰ ਦਾਖਲ ਹੋਣ ਦੀ ਬਜਾਏ ਕੁਝ ਚਿਰ ਹਿਰਾਸਤ ਵਿਚ ਰੱਖ ਕੇ ਵਾਪਸ ਜਾਣ ਵਾਲੇ ਜਹਾਜ਼ ਵਿਚ ਮੋੜ ਦਿਤਾ ਜਾਵੇ। ਪੱਗਾਂ ਲਾਹ ਕੇ ਉਹਨਾਂ ਫਿਰ ਪੱਗਾਂ ਤੇ ਸਿਰ ਤੇ ਡੰਡੇ ਲਾ ਤਸੱਲੀ ਹੋਣ ਪਿਛੋਂ ਸਾਨੂੰ ਜਾਣ ਦਿਤਾ। ਬਾਕੀ ਪਰਵਾਰ ਕੋਲ ਖੜ੍ਹਾ ਸਭ ਕੁਝ ਵੇਖ ਰਿਹਾ ਸੀ। ਲਗਦਾ ਸੀ ਕਿ ਏਅਰਪੋਰਟ ਅਧਿਕਾਰੀਆਂ ਨੇ ਪਹਿਲੀ ਵਾਰ ਪੱਗਾਂ ਵਾਲੇ ਸਰਦਾਰ ਵੇਖੇ ਸਨ ਜੋ ਉਹਨਾਂ ਨੂੰ ਪਤਾ ਨਹੀਂ ਕੀ ਲੱਗ ਰਹੇ ਸਨ? ਪਰ ਮੇਰਾ ਤਜਰਬਾ ਹੈ ਕਿ ਸਾਰੀਆਂ ਏਅਰਪੋਰਟਸ ਤੇ ਹੀ ਇਮੀਗਰੇਸ਼ਨ ਅਧਿਕਾਰੀਆਂ ਦਾ ਵਰਤਾਓ ਰੁੱਖਾ ਹੀ ਹੁੰਦਾ ਹੈ। ਇਹ ਵਰਤਾਓ ਮੈਂ ਕੁਵੈਤ ਏਅਰਪੋਰਟ ਤੇ ਵੀ ਵੇਖ ਚੁਕਾ ਸਾਂ।