ਡਾਲਰ ਬਿਲ (ਕਹਾਣੀ)

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਕ ਸਿਗਰਟ ਵਾਂਗ ਬਣਾਇਆ ਹੋਇਆ ਰੋਲ ਮੇਰੇ ਹਥ ਫੜਾ ਕੇ ਸਰਵਣ ਬੋਲਿਆ ‘ ਭਾ ਜੀ ਆਹ ਲਓ ਆਪਣਾ ਕਰਾਇਆ..ਚੰਗਾ ਹੋਇਆ ਤੁਸੀਂ ਆ ਗਏ ..ਮੇਰੀ ਗੈਸ ਬਚ ਗਈ ‘
ਰੋਲ ਨੂੰ ਉਲੱਦ ਪਲੱਦ ਦੇਖਦਿਆਂ ਮੈਂ ਹੈਰਾਨੀ ਨਾਲ ਪੁਛਿਆ  ਸਰਵਣਾ ਇਹ ਕੀ ?
‘ ਭਾਜੀ ਮੈਹੰਗਾਈ ਇਨੀ ਆਂ ਕਿ ਡਾਲਰਾਂ ਨੂੰ ਤਾਂ ਪਰ ਲਗ ਗਏ ਆ ਪੰਛੀਆਂ ਦੇ ਬੋਟਾਂ ਵਾਂਗ ਕਦ ਉੜ ਜਾਂਦੇ ਪਤਾ ਹੀ ਨਹੀਂ ਲਗਦਾ ।ਇਸ ਕਰਕੇ ਸਤਾਂ ਤਾਲਿਆਂ ਵਿਚ ਰਖਦਾਂ ।‘
‘ਮੈਨੂੰ ਕੁਝ ਕਾਹਲ ਆ ‘ ਆਖ ਕੇ ਉਹ ਅੰਦਰ ਜਾ ਵੜਿਆ ।
ਟੇਪਾਂ ਲਾ ਲਾ ਕੇ ਇਨਾਂ ਕਸਿਆ ਹੋਇਆ ਰੋਲ ਦੇਖ ਕੇ ਮੈਨੂੰ ਸਰਵਣ ਦੀ ਸੋਚ ਤੇ ਹਾਸਾ  ਵੀ ਆਇਆ ਤੇ ਗੁਸਾ ਵੀ  ।
ਇਹਨੂੰ ਵੀ ਅਮਰੀਕਾ ਦਾ ਪਾਹ ਲਗ ਗਿਆ ਲਗਦਾ । ਸਾਮਾਨ ਚੰਗਾ ਨਰੋਆ ਹੋਵੇ ਚਾਹੇ ਨਾਂ ਪੈਕਟ ਖੋਲਣ ਨੂੰ ਜਰੂਰ ਘੜੀ ਲਗ ਜਾਂਦੀ ਆ ।ਕਿਤੇ ਕੋਈ ਟੇਪ ਦਾ ਸਿਰਾ ਨਹੀਂ ਸੀ ਲਭ ਰਿਹਾ ਘਰ ਜਾ ਕੇ ਬਲੇਡ ਨਾਲ ਖੋਲਣ ਦਾ ਮਨ ਬਣਾ , ਰੋਲ ਜੇਬ ਵਿਚ ਪਾ ਘਰ ਨੂੰ  ਮੋੜਾ ਪਾ ਲਿਆ ।
ਇਕ ਦੋ ਵੇਰ ਜੇਬ ਵਿਚ ਕੁਝ ਹਿਲਜੁਲ ਜਹੀ ਹੋਈ  ਪਰ ਟੈਲੀਫੂਨ ਤੇ ਕੋਈ ਨੰਬਰ ਨਹੀਂ ਸੀ ਆ ਰਿਹਾ ਸੋਚਿਆ ਸ਼ਾਇਦ ਟੈਲੀਫੂਨ ਵਿਚ ਕੋਈ ਖਰਾਬੀ ਆ ਗਈ ਹੋਵੇ ।
ਦਫਤਰ ਦੀ ਮੇਜ਼ ਚੋਂ ਬਲੇਡ ਕਢ ਬੜੀ ਹੀ   ਸੋਝੀ ਨਾਲ ਟੇਪਾਂ ਕਟ ਕਟ ਕੇ ਪੈਕਟ ਖੋਲਿਆ ਤਾਂ ਇਕ ਕਾਗਜ਼ ਦੇ ਰੋਲ ਦੇ ਅੰਦਰ ਇਕ ਡਾਲਰ ਦਾ ਬਿਲ ਰੋਲ ਕੀਤਾ ਹੋਇਆ ਮਿਲਿਆ । ਡਾਲਰ ਦਾ ਰੋਲ ਇਕ ਪਾਸੇ ਰਖ ਕੇ ਕਾਗਜ਼ ਤੇ ਲਿਖੀ ਇਬਾਰਤ ਪੜ੍ਹੀ ਤਾਂ ਗਲ ਸਾਫ ਹੋ ਗਈ ।ਘਰ ਵਿਚ ਨਵੇਂ ਪਰਦੇ ਲਿਵੰਗ ਰੂਮ ਵਿਚ ਨਵਾਂ ਕਾਰਪਟ ਕਿਚਨ ਵਿਚ ਨਵੀਆਂ ਲਾਈਟਾਂ ਤੇ ਖਰਚ ਕਰਨ ਉਪਰੰਤ ਤਿਨ ਮਹੀਨੇ ਦੇ ਰੈਂਟ ਚੋਂ ਬਚਦਾ ਇਕ ਡਾਲਰ । ਮੇਰੇ ਨਾਲ ਤਾਂ ਚੋਰ ਦੀ ਮਾਂ ਤੇ ਕੋਠੀ ਵਿਚ ਮੂਂਹ ਵਾਲੀ ਗਲ ਹੋਈ ਘਰ ਵਾਲੀ ਦੇ ਭੇਣ ਭਣੋਏ ਨੂੰ ਕੀ ਆਖਾਂ ਤੇ ਕੀ ਨਾਂ ਆਖਾਂ ਤਿਨ ਮਹੀਨੇ ਦਾ ਕਰਾਇਆ ਤੇ ਬਿਜਲੀ ਤੇ ਗਾਰਬਜ਼ ਦਾ ਬਿਲ … ।
ਇਕ ਲੰਮਾ ਸਾਹ ਲਂੈੰਿਦਆਂ ਮੈਂ ਮਨ ਹੀ ਮਨ ਵਿਚ ਕਿਹਾ ਕਿ ਰਿਸ਼ਤੇ ਦਾਰੀ ਵਿਚ ਬਿਜ਼ਨਸ ਕਰਨੀ , ਧਰਮ ਅਤੇ ਸਿਆਸਤ ਇਕਠੇ ਹੋਣ ਵਾਂਗ ਦੋਵਾਂ ਦਾ ਫਕਾ ਨਹੀਂ ਰਹਿੰਦਾ । ਇਸੇ ਦੋਰਾਨ ਇਕ ਹੋਰ ਮਧਮ ਜਹੀ ਆਹ ਸੁਣਾਈ ਦਿਤੀ  ਇਧਰ ਉੁਧਰ ਦੇਖਿਆ ਕੁਝ ਨਜ਼ਰ ਨਾਂ ਆਇਆ । ਡਾਲਰ ਬਿਲ ਚੁਕਣ ਲਗੇ ਦਾ ਹਥ ਰੁਕ ਗਿਆ ਜਦ ਡਾਲਰ ਬਿਲ ਦਾ ਰੋਲ ਕੁਝ ਢਿਲਾ ਹੁਦਿਆਂ ਫੇਰ ਉਸੇ ਤਰਾਂ ਦੀ ਮਧਮ ਜਹੀ ਆਹ ਸੁਣਾਈ ਦਿਤੀ । ਅਛਾ ਜੀ ਤਾਂ ਫੇਰ ਤੁਸੀਂ ਹੋ ਹੌਕੇ ਲੈਣ ਵਾਲੇ ।
ਥੋੜਾ ਜਿਹਾ ਰੋਲ ਹੋਰ ਢਿਲਾ ਹੋਇਆ ਨਾਲ ਹੀ ਇਕ ਆਵਾਜ਼ ਜਹੀ ਕਨੀ ਪਈ । ‘ ਜੀ ਹਾਂ ਮੈਂ ਹੀ ਹਾਂ ‘।
ਰੁਕ ਜਾ ਰੁਕ ਜਾ ਮੈਂਨੂੰ ਮਾਇਕਰੋਫੂਨ ਲਭ ਲੈਣ ਦੇ । ਮਾਇਕਰੋਫੂਨ ਰਖ ਕੇ ਮੈਂ ਆਖਿਆ ਹੁਣ ਦਸ ਕੀ ਕਹਿਨਾਂ ।
‘ ਪਹਿਲਾਂ ਸਿਧਾ ਸੁਧਾ ਕਰੇਂ ਤਾਂ ਕੋਈ ਗਲ ਕਰਾਂ ।‘ ਮੈਨੂੰ ਉਸਦੀ ਮੰਗ ਵਾਜਬ ਲਗੀ ।ਰੋਲ ਨੂੰ ਖੋਲ ਕੇ ਜਦ ਮੇਜ਼ ਤੇ ਰਖਿਆ ਤਾਂ ਉਹ ਇਦਾਂ ਟਿਕ ਗਿਆ ਜਿਵੇਂ ਬਿਲੀ ਕਿਸੇ ਡਰ ਕਾਰਨ ਕੁਬ ਕਢੀ  ਬੈਠੀ ਹੋਵੇ  ।  
ਹਾਂ ਬੋਲ ।
‘ ਆਪਣੀ ਆਰਥਕ ਹਾਲਤ ਸੁਧਾਰਨ ਲਈ ਜਿਸ ਦੇਸ਼ ਵਿਚ ਆਏ ਹੋ ਮੈਂ ਉਸ ਦੇਸ਼ ਦੀ ਕਰੰਸੀ ਹਾਂ । ਐਹਸਾਨ ਫਰਮੋਸ਼ੋ ਮੇਰੀ ਕੁਝ ਕਦਰ ਕਰਨੀ ਸਿਖੋ । ਤੈਂ ਦੇਖ ਹੀ ਲਿਆ ਕਿਦਾਂ ਮਰੋੜ ਮਰੋੜ ਕੇ ਮੇਰਾ ਸਾਹ ਹੁਟ ਦਿਤਾ । ਮੈਂ ਅਮਰੀਕਾ ਦਾ ਡਾਲਰ  ਹਾਂ ਦੁਨੀਆਂ ਵਿਚ ਮੇਰੀ ਧਾਂਕ ਹੈ ।ਤੇੈਨੂੰ ਸ਼ਾਇਦ ਮੇਰੀ ਸਮਰੱਥਾ ਦਾ ਨਹੀਂ ਪਤਾ ।‘
ਕਿੳਂ ਨਹੀ ਪਤਾ ਦੋ ਹਾਫ ਡਾਲਰ ਜਾਂ ਚਾਰ ਕੁਆਟਰ  ਜਾਂ ਦਸ ਡਾਈਮ ਜਾਂ ਪੰਜ ਨਿਕਲ ਉਸਤੌ ਅਗੇ ਪੂਰੀਆਂ ਸੋ ਪੈਨੀਆਂ ਹੋਣ ਤਾਂ ਤੇਰੇ ਮੁਲ ਬਰਾਬਰ ਹੋ ਜਾਂਦੀਆਂ ਹਨ ।
‘ ਮੁਲ ਬਰਾਬਰ .. ਠੀਕ ਪਰ ਮੇਰੇ ਬਰਾਬਰ.. ਨਹੀਂ ।ਮੈਂ ਇਕੱਠ ਦਾ ਸੂਚਕ ਹਾਂ ਇਸੇ ਕਰਕੇ ਮੇਰੀ ਤਾਕਤ ਹੈ ਘਸਿਆ ਪਿਟਿਆ ਵੀ ਹੋਵਾਂ ਪਰ ਡਾਲਰ ਹਾਂ ।ਜਦ ਹਾਫ ਡਾਲਰ ਜਾਂ ਕੁਆਟਰ ਜਾਂ ਡਾਈਮ ਜਾਂ ਨਿਕਲ ਜਾਂ ਪੇਨੀਆਂ ਦੀ ਗਲ ਹੁੰਦੀ ਹੈ ਤਾਂ ਉਹਨਾਂ ਦੇ ਨਾਲ ਵਖਰੇ ਵਖਰੇ ਨੰਬਰ ਲਗਦੇ ਹਨ।ਗਿਣਦਿਆਂ ਤੇ ਇਕ ਪੇਨੀ ਗੁਆਚ ਜਾਏ ਤਾਂ ਉਸਨੂੰ ਡਾਲਰ ਨਹੀਂ ਕਿਹਾ ਜਾਂਦਾ ।ਉਹ ਨੜ੍ਹਿਨਵੇ ਪੈਨੀਆਂ ਰਹਿ ਜਾਂਦੀਆਂ ਹਨ । ਮੈਂ ਸਿਰਫ ਡਾਲਰ ਹੀ ਨਹੀਂ ਕਿ ਲੋੜ ਪਈ ਤੇ ਖਰਚ ਲਿਆ । ਮੈਂ ਤਾਂ ਜੇਬ ਵਿਚ ਪਿਆ ਵੀ ਸੂਝਵਾਨਾ ਲਈ ਕੋਈ ਸੁਨੇਹਾ ਲਈ ਫਿਰਦਾ ਹਾਂ ‘।
ਤੂੰ ਤਾਂ ਯਾਰ ਫਲਾਸਫੀ ਝਾੜਨ ਲਗ ਪਿਆ । ਡਾਲਰ ਹੋਵੇ ਜਾਂ ਰੁਪਈਆ ਜਾਂ ਤਾਂ ਖਰਚਣ ਦੇ ਕੰਮ ਆਉਂਦਾ ਹੈ ਜਾਂ ਫੇਰ ਜਿਸ ਪਾਸ ਜਿਨੀ ਜ਼ਿਆਦਾ ਮਾਇਆ ਉਨਾਂ ਹੀ ਅੰਨਾ ਬੋਲਾ ਬਣ ਜਾਂਦਾ ਹੈ ....ਉਸਨੂੰ ਹੋਰ ਲੋਕ ਕੀੜੀਆਂ ਕਾਢੇ ਲਗਣ ਲਗ ਜਾਂਦੇ ਹਨ । ਇਸ ਤੋਂ ਪਰੇ ਤੂੰ ਕੇਹੜੀ ਫਿਲਾਸਫੀ ਦੀ ਗਲ ਕਰ ਸਕਦਾ ਹੈਂ ।
 ‘ ਜੇਹੜੀ ਤੈਂ ਗਲ ਕੀਤੀ ਹੈ ਇਸ ਨੂੰ ਫਿਲਾਸਫੀ ਨਹੀਂ ਕਹਿੰਦੇ …ਇਸ ਨੂੰ ਮਾਇਆ ਦਾ ਅਸਰ ਰਸੂਖ ਕਿਹਾ ਜਾ ਸਕਦਾ ਹੈ ‘।
ਤਾਂ ਫੇਰ ਤੂੰ ਉਹ ਦਸ ਲਾ ਜੇਹਨੂੰ ਤੂੰ ਫਿਲਾਸਫੀ ਸਮਝਦਾਂ ।
 ‘ ਪਹਿਲਾਂ ਪਰੈਸ ਲਿਆ ਕੇ ਮੇਰੇ ਚੇਹਨ ਚਕਨ ਤੇ ਪਈਆਂ ਝੁਰੜੀਆਂ ਕਢ ਬਾਕੀ ਗਲ ਫੇਰ ਕਰਾਂ ਗੇ ‘।
ਤੇਰੇ ਵਾਲੀ ਵੀ ਹਦ ਹੋ ਗਈ ….ਤੂੰ ਕੀ ਸਮਝਦਾ ਕਿ ਝੁਰੜੀਆਂ  ਕੱਢਿਆ ਤੇਰੀ ਕੀਮਤ ਸਵਾ ਡਾਲਰ ਹੋ ਜਾਵੇਗੀ … ਨਹੀਂ ਵੀਰ ਮੇਰਿਆ ਤੂੰ ਸੋ ਪੈਨੀਆਂ ਵਾਲਾ ਡਾਲਰ ਹੀ ਰਹੇਂਗਾ ।
 ‘ ਤੁੰ ਸਹੀ ਕਿਹਾ ਮੇਰੀ ਕੀਮਤ ਵਿਚ ਕੋਈ ਫਰਕ ਨਹੀਂ ਪੈਣਾ ਪਰ ਕੀ ਮੈਂ ਪੁਛ ਸਕਦਾਂ ਕਿ ਬਾਹਰ ਜਾਂਣ ਲਗਾ ਸ਼ੀਸ਼ੇ  ਅਗੇ ਖੜ ਕੇ ਜਦ ਕਦੇ ਬਾਲਾਂ ਵਿਚ ਕੰਘੀ ਫੇਰਦਾਂ ਕਦੇ ਟਾਈ ਠੀਕ ਕਰੀ ਜਾਂਨਾ ਕਈ ਵੇਰ ਤਾਂ ਮੂੰਹ ਨੂੰ ਵੀ ਇਧਰ ਉਧਰ ਮਰੋੜਦਾਂ ਤਾਂ ਕੀ ਤੇਰੀ ਕੀਮਤ ਵਧ ਜਾਂਦੀ ਆ ‘ ।
ਲੈ ਬਾਬਾ ਅੜ੍ਹਿਚਾਂ ਨਾ ਕਰ ਮੈ ਪਰੈਸ ਕਰ ਦਿਨਾ ।
ਪਰੈਸ ਕਰ ਕੇ ਜਦ ਮੈਂ ਡਾਲਰ ਬਿਲ ਆਪਣੇ ਸਾਹਮਣੇ ਮੇਜ਼ ਤੇ ਰਖਿਆ ਤਾਂ ਇਦਾਂ ਲਗਾ ਕਿ ਜਿਵੇਂ ਜੋਰਜ ਵਾਸ਼ਿੰਗਟਨ ਪਰਤੱਖ ਰੂਪ ਵਿਚ ਪਰਗੱਟ ਹੋ ਗਿਆ ਹੋਵੇ ।
ਸਤਕਾਰ ਵਜੋਂ ਖੜੋ ਕੇ ਮੈਂ ਕਿਹਾ ਗੁਡਮੌਰਨੰਗ  ਸਰ ਤਾਂ ਮੁਸਕਰਾ ਕੇ ਉਸ ਉਤਰ ਦਿਤਾ ‘ ਗੁਡ ਆਫਟਰਨੂੰਨ ਮਾਈ ਬੁਆਏ ‘
ਮੈਂ ਹੋਸਲਾ ਕਰਕੇ ਪੁਛਿਆ ‘ ਸਰ , ਅਮਰੀਕਨ ਲੋਗ ਤੁਹਾਨੂੰ ਫਾਦਰ ਆਫ ਦੀ ਨੇਸ਼ਨ ਕਹਿੰਦੇ ਹਨ ਅਤੇ ਅਸੀਂ ਭਾਰਤੀ ਗਾਂਧੀ ਜੀ ਨੂੰ ਸਤਕਾਰ ਵਜੋਂ ਬਾਪੂ ਆਖਦੇ ਹਾਂ ਤੁਸਾਂ ਦੋਵਾਂ ਨੇ ਬਰਿਟਸ਼ ਸਰਕਾਰ ਤੋਂ ਆਪਣੇ ਆਪਣੇ  ਦੇਸ਼ ਨੂੰ ਆਜ਼ਾਦ ਕਰਵਾਇਆ ਹੈ । ਦੇਖੋ ਨਾ ਅਸੀਂ ਬਾਪੂ ਦੀ ਫੋਟੋ ਪੂਰੇ ਸੌ ਜਾਂ ਪੰਜ ਸੌ ਰੁਪੈ ਦੇ ਬਿਲ ਤੇ ਛਾਪੀ ਹੈ ਪਰ ਅਮਰੀਕਣਾ ਨੇ ਤੁਹਾਡੀ ਫੋਟੋ ਇਕ ਨਿਮਾਣੇ ਜਹੇ ਡਾਲਰ ਬਿਲ ਤੇ ਛਾਪ ਕੇ ਕੀ ਤੁਹਾਡਾ ਨਿਰਾਦਰ ਨਹੀਂ ਕੀਤਾ ।
‘ ਸਨ ! ਨਿਰਾਦਰ ,ਨਹੀਂ , ਇਹ ਤਾਂ ਇਕ ਸਚਾਈ ਨੂੰ ਯਾਦ ਰਖਣ ਦਾ ਉਪਰਾਲਾ ਹੈ ।ਸਾਡੀ ਆਜ਼ਾਦੀ ਦੀ ਲੜਾਈ ਵਿਚ ਮੇਰੇ ਹਥ ਉਸ ਫੌਜ ਦੀ ਕਮਾਂਡ ਸੀ ਜੋ ਨੰਗੇ ਪੈਰੀਂ ਬਗੈਰ ਵਰਦੀਆਂ ਤੋਂ ਆਜ਼ਾਦੀ ਲਈ ਸਿਰ ਤਲੀ ਤੇ ਰਖੀ ਫਿਰਦੇ ਸਨ । ਸਾਡੇ ਪਾਸ ਪੂਰੇ ਹਥਿਆਰ ਵੀ ਨਹੀਂ ਸਨ ਨਾਂ ਪੁਰੀ ਖੋਰਾਕ ਸੀ ਪਰ ਸਭ ਤੋਂ ਵਡਾ ਹਥਿਆਰ ਸਾਡਾ ਨਿਸ਼ਾਨਾ ਅਤੇ ਸਾਡਾ ਮਨੋਬਲ ਸੀ ।ਅਸੀਂ ਕੁਝ ਹੀ ਸਮੇਂ ਵਿਚ ਬਰਿਟਸ਼ ਦੀਆਂ ਤਾਕਤਵਰ ਫੌਜਾਂ ਨੂੰ ਧੂੜ ਚਟਣ ਲਈ ਮਜਬੂਰ ਕਰ ਦਿਤਾ । ਜਿਸ ਨਿਮਾਣੇ ਬਿਲ ਦੀ ਤੂੰ ਗਲ ਕਰਦਾ ਹੈਂ ਉਹ ਅਮਰੀਕਾ ਦੇ ਹਰ ਵਾਸੀ ਦੀ ਜੇਬ ਤਕ ਪੁਜ ਕੇ ਸਾਡੀ ਆਜ਼ਾਦੀ ਦੀ ਲੜਾਈ ਦੀ ਸਾਂਝ ਦਰਸਾਉਂਦਾ ਹੈ ਅਤੇ ਹਰ ਇਕ ਨੂੰ ਸੁਨੇਹਾ  ਦਿੰਦਾ ਹੈ ਕਿ ਇਹ ਆਜ਼ਾਦੀ ਸਭ ਦੀ ਸਾਂਝੀ ਹੈ ‘ ।
 ‘ ਦੂਜੇ ਪਾਸੇ , ਤੇਰੇ ਬਾਪੂ ਵਾਲਾ ਸੋ ਜਾਂ ਪੰਜ ਸੋ ਰੁਪੀਏ ਦਾ ਬਿਲ ਸਾਰੇ ਭਾਰਤਵਾਸੀਆਂ ਦੀ ਜੇਬ ਤਕ ਨਹੀਂ ਪੁਜਦਾ । ਉਸ ਦਾ ਸੰਪੱਰਕ ਸਿਰਫ ਅਪਰਕਲਾਸ ਤਕ ਹੁੰਦਾ ਹੈ । ਸ਼ਾਇਦ ਤੇਰਾ ਬਾਪੂ ਸਿਰਫ ਅਪਰਕਲਾਸ ਦੀ ਮਲਕੀਤ ਹੋਵੇ ।ਜਾਂ ਫੇਰ ਬਾਪੂ ਦੀ ਪਾਰਟੀ ਦੇ ਕਾਰਿੰਦੇ ਇਹ ਦਸਣ ਦਾ ਯਤਨ ਕਰ ਰਹੇ ਹੋਣ ਕਿ ਆਜ਼ਾਦੀ ਦਾ ਘੋਲ ਉਹਨਾਂ ਕਲਿਆਂ ਨੇ ਲੜਿਆ ਹੈ ਅਤੇ ਉਹੀ ਉਸ ਦਾ ਅਨੰਦ ਮਾਨਣ ਦੇ ਹਕਦਾਰ ਹਨ ‘ ।
ਨਹੀਂ ਨਹੀਂ.. ਇਦਾਂ ਨਹੀਂ… ਅਸੀਂ ਤਕਰੀਬਨ ਹਰ ਸ਼ੈਹਰ ਵਿਚ ਬਾਪੂ ਦਾ ਬੁਤ ਲਾ ਕੇ ਉਸ ਨੂੰ ਲੋਕਾਈ ਤਕ ਪੁਜਦਾ ਕੀਤਾ ਹੋਇਆ ਹੈ ।
‘ ਬਹੁਤ ਚੰਗਾ ਕੀਤਾ , ਲੋਕੀਂ ਆਜ਼ਾਦੀ ਦੇ ਘੁਲਾਟੀਏ ਤੇਰੇ ਬਾਪੂ ਦੇ ਦਰਸ਼ਣ ਕਰ ਕੇ ਖੁਸ਼ ਹੁੰਦੇ ਹੋਣਗੇ ਉਸਦੀ ਪੂਜਾ ਕਰਦੇ ਹੋਣਗੇ ਤੇਰੇ ਦੇਸ਼ ਦੀ ਰੀਤੀ ਮੁਤਾਬਕ ਉਸਨੂੰ ਹਾਰਾਂ ਨਾਲ ਲੱਦ ਦਿੰਦੇ ਹੋਣਗੇ ‘ ।
ਮੇਰੇ ਅੰਦਰਲੀ ਆਵਾਜ਼ ਮੈਨੂੰ ਕੁਝ ਕੈਹਣ ਲਈ ਮਜਬੂਰ ਕਰ ਰਹੀ ਸੀ ।ਅੰਦਰ ਤੂਫਾਨ ਉਠ ਰਿਹਾ ਸੀ ਕਿ ਬਾਪੂ ਸਿਰ ਆਜ਼ਾਦੀ ਦਾ ਕਲਗਾ ਲਾ ਕੇ ਉਸ ਵੇਲੇ ਦੇ ਕਾਂਗਰਸੀ ਆਗੂਆਂ ਆਜ਼ਾਦੀ ਦੇ ਸਹੀ ਘੁਲਾਟੀਆਂ ਦਾ ਜੋ ਅਪਮਾਨ ਕੀਤਾ ਸੀ ਉਹੀ ਬਾਪੂ ਦੇ ਬੁਤ ਦੇ ਨਿਰਾਦਰ ਦਾ ਕਾਰਨ ਹੈ । ਪਰ ਮੈਂ ਚੁਪ ਰਿਹਾ ,ਆਪੇ ਹੀ ਆਪਣਾ ਢਿਡ ਨੰਗਾ ਕਰਕੇ ਨਹੀਂ ਦਖਾਇਆ ਜਾਂਦਾ ।
 ‘ ਕੀ ਗਲ ਏ ਚੁਪ ਕਰ ਗਿਆਂ । ਜੇ ਕੁਝ ਹੋਰ ਨਹੀਂ ਪੁਛਣਾ ਤਾਂ ਬੰਦ ਕਰ ਦਿੰਦੇ ਹਾਂ ‘ ।
ਮੈਂ ਸੰਨ ਤੇ ਫੜੇ ਚੋਰ ਵਾਂਗ ਤ੍ਰਬਕ ਕੇ ਆਖਿਆ । ਨਹੀਂ ਨਹੀਂ ਮੈਂ ਡਾਲਰ ਦੀ ਫਿਲਾਸਫੀ ਬਾਰੇ ਜਾਨਣਾ ਚਾਹੁਨਾਂ
 ‘ ਸਨ , ਲੈ ਫੇਰ ਡਾਲਰ ਬਿਲ ਦਾ ਦੂਜਾ ਪਾਸਾ ਪਰਤ ।ਇਸ ਥੋੜੇ ਜਹੇ ਸਮੇਂ ਵਿਚ ਆਪਾਂ ਇਸ ਡਾਲਰ ਬਿਲ
ਦੀ ਫਿਲਾਸਫੀ ਬਾਰੇ ਬਹੁਤ ਸਾਰੀਆਂ ਗਲਾਂ ਕਰਨੀਆਂ ਹਨ ‘।
 ‘ ਹਰ ਅਮਰੀਕਨ ਵਾਸੀ ਆਪਣੀ ਜੇਬ ਵਿਚ ਅਮਰੀਕਾ ਦੇਸ਼ ਦੀ ਸੱਨਦ (ਮੋਹਰ ) ਡਾਲਰ ਰੂਪ ਵਿਚ ਲਈ ਫਿਰਦਾ ਹੈ   ਉਹ ਮੋਹਰ ਅਮਰੀਕਾ ਦੇ ਪ੍ਰਜਾ ਤੰਤਰ ਰਾਜ ਹੋਣ ਦੀ ਸ਼ਾਹਦੀ ਭਰਦੀ ਹੈ । ਜ਼ਰਾ ਗੋਹ ਨਾਲ ਦੇਖ ਖਬੇ ਪਾਸੇ ਤੈਨੂੰ ਇਕ ਪਿਰਮੱਡ ਨਜ਼ਰ ਆਵੇਗਾ । ਹਾਂ,ਹੈ ।‘ ਉਸ ਪਿਰਮੱਡ ਦੇ ਪਿਛਲੇ ਪਾਸੇ ਉਜਾੜ ਬੀਆਬਾਨ ਰੇਗਸਤਾਨ ਹੈ । ਇਹ ਉਹ ਸਮਾਂ ਸੀ ਜਦ ਅਸੀਂ ਗੁਲਾਮ ਸੀ । ਬਰਿਟਸ਼ ਦੇ ਰਾਜੇ ਨੂੰ ਲਮੇਂ ਪੈ ਕੇ ਡੰਡਾਉਤ ਕਰਿਆ ਕਰਦੇ ਸਾਂ । ਉਸ ਤੋਂ ਰੈਹਮ ਦੀ ਭੀਖ ਮੰਗਿਆ ਕਰਦੇ ਸਾਂ ਆਪਣੇ ਹਕਾਂ ਲਈ ਮਿਨਤਾਂ ਤਰਲੇ ਕਰਦੇ ਸਾਂ ਕੋਈ ਸੁਣਵਾਈ ਨਹੀਂ ਸੀ ।ਭਾਰੂ ਹੁੰਦੀ ਜਾ ਰਹੀ ਹੀਣਤਾ ਭਾਵ ਤੋਂ ਬਚਣ ਲਈ ਅਸੀਂ ਕਰੋ ਜਾਂ ਮਰੋ ਦੀ ਨੀਤੀ ਅਪਣਾ ਲਈ ਨਤੀਜਾ ਦੁਨੀਆਂ ਦੇ ਸਾਹਮਣੇ ਹੈ । ਕੁਝ ਹੀ ਸਮੇ ਅੰਦਰ ਬਰਿਟਸ਼ ਸਰਕਾਰ ਸਾਡੇ ਅਗੇ ਘੁਟਨੇ ਟੇਕ ਗਈ । ਅਤੇ ਪਿਰਮੱਡ ਦੇ ਅਗਲੇ ਪਾਸੇ ਹਰਿਆਵਲ ਹੈ ਇਹ ਆਜ਼ਾਦੀ ਉਪਰੰਤ ਸਾਡੀ ਖੁਸ਼ਹਾਲੀ ਦਾ ਦਿਰਸ਼ ਹੈ । ਸਨ , ਗੁਲਾਮੀ ਇਕ ਲਾ ਇਲਾਜ ਕੋਹੜ ਹੈ ਚਾਹੇ ਉਹ ਬਦੇਸ਼ੀ ਹਾਕਮ ਦੀ ਹੋਵੇ ਜਾਂ ਆਪਣੇ ਹੀ ਬੰਦਿਆਂ ਦੀ ‘। ਮੇਰੀ ਅਖਾਂ ਅੰਗੇ ਬੜੀ ਤੇਜ਼ੀ ਨਾਲ ਭਾਰਤ ਦਾ  ਰਜਵਾੜਾਸ਼ਾਹੀ ਅਤੇ ਵਰਣ ਵੰਡ ਦਾ ਲੰਬਾ ਇਤਹਾਸ ਘੁੰਮ ਗਿਆ , ਅਤੇ ਬੇ ਅਖਿਤਿਆਰੇ ਮੇਰੇ ਮੂਹੋਂ ਨਿਕਲ ਗਿਆ ਹਾਂ ਤੁਸੀਂ ਠੀਕ ਆਖਿਆ ਸਦੀਆਂ ਦੀ ਗੁਲਾਮੀ ਅਤੇ ਵਰਣ ਵੰਡ ਨੇ ਦੇਸ ਵਾਸੀਆਂ ਨੂੰ ਧੜਿਆਂ ਵਿਚ ਵੰਡ ਦਿਤਾ ।ਗੁਲਾਮੀ ਨੂੰ ਤਕਦੀਰ ਦਾ ਲਿਖਿਆ ਸਮਝ ਕਬੂਲ ਕਰ ਲਿਆ ।
‘ ਸਨ, ਧੜਿਆਂ ਵਿਚ ਵੰਡੇ ਲੋਗ ਦਿਸ਼ਾ ਹੀਣ ਹੋ ਜਾਂਦੇ ਹਨ ।ਪਿਰਮੱਡ ਦੀਆਂ ਚਾਰ ਦਿਸ਼ਾਵਾਂ ਵਿਚ ਥਲੇ ਥਲੇ ਹੀ ਫਿਰਦੇ ਰਹਿੰਦੇ ਹਨ । ਉਹਨਾਂ ਵਿਚ ਵਖਰੇ ਵਖਰੇ ਵਿਚਾਰ ਪਲਮ ਸਕਦੇ ਹਨ । ਪਰ ਜਦ ਚੌਹਾਂ ਪਾਸਿਆਂ ਤੋ ਚੜਦੇ ਚੜਦੇ ਪਿਰਮੱਡ ਦੇ ਸਿਖਰ ਪੁਜ ਜਾਈਦਾ ਹੈ  ਤਾਂ ਅਸੀ ਇਕ ਨੁਕਤੇ ਤੇ ਪੁਜ ਜਾਂਦੇ ਹਾਂ ਸਾਡੀ ਸੋਚ ਇਕ ਹੋ ਜਾਂਦੀ ਹੈ ,ਤੀਸਰੀ ਅਖ ਖੁਲ ਜਾਂਦੀ ਹੈ ਸਾਡਾ ਨਿਸ਼ਾਨਾ ਇਕ ਹੋ ਜਾਂਦਾ ਹੈ , ਅਸੀ ਇਕ ਸੁਰ ਹੋ ਜਾਂਦੇ ਹਾਂ । ਇਕ ਸੁਰ ਹੋਇਆ ਸਾਜ ਦਿਲ ਨੂੰ ਲੁਭਾੳਂਣ ਵਾਲਾ ਸੰਗੀਤ ਪੈਦਾ ਕਰਦਾ ਹੈ ।ਕੀ ਤੇਰੇ ਦੇਸ ਵਾਸੀਆਂ ਨੇ ਕਦੇ ਇਸ ਫਿਲਾਸਫੀ ਵਲ ਧਿਆਨ ਨਹੀਂ ਸੀ ਦਿਤਾ ‘ ।
ਸਰ ।
 ‘ ਸਰ,ਸਰ ਦੀ ਮੁਹਾਰਨੀ ਬੰਦ ਕਰ ਸਿਰਫ ਮੈਨੂੰ ਜੋਰਜ ਕਹਿ ਕੇ ਗਲ ਕਰ ‘
ਸਰ, ਮੇਰੇ ਦੇਸ਼ ਦੇ ਕਲਚਰ ਵਿਚ ਅਸੀਂ ਆਪਣੇ ਬਜੁਰਗ ਨਾਲ ਗਲ ਕਰਨ ਲਗਿਆਂ ਉਸ ਦਾ ਨਾਂ ਨਹੀਂ ਲੈਂਦੇ ਉਸ ਨੂੰ  ਅੰਕਲ ਆਖੀਦਾ ਹੈ  ।
 ‘ ਠੀਕ ਹੈਂ ਤੂੰ ਮੈਨੂੰ ਅੰਕਲ ਜੋਰਜ ਕਹਿ ਸਕਦਾ ਹੈਂ ‘ ।
ਹਾਂ ਅੰਕਲ ਜੋਰਜ  ਡਾਲਰ ਤੇ ਪਿਰਮੱਡ ਵਾਲੀ ਫਿਲਾਸਫੀ ਨੂੰ ਸਿਖ ਮਾਸਟਰਸ ਨੇ ਸਿਰਫ ਲਿਖਆ ਹੀ ਨਹੀਂ ਉਸ ਤੇ ਅਮਲ ਕੀਤਾ ਹੈ । ਕਿਤੇ ਸਮਾਂ ਲਗੇ ਤਾਂ ਤੁਹਾਨੂੰ ਗੋਲਡਨ ਟੈਮੰਪਲ ਲੈ ਚਲਾਂ ਤਾਂ ਤੁਸੀਂ ਆਪ ਆਪਣੀਆਂ ਅਖਾਂ ਨਾਲ ਦੇਖ ਸਕੋ ਕਿ ਸਾਡੇ ਪੰਜਵੇਂ ਨਾਨਕ ਨੇ ਉਸ ਦੇ ਚਾਰ ਦਿਸ਼ਾਵਾਂ ਵਲ ਚਾਰ ਦਰਵਾਜ਼ੇ ਰਖ ਕੇ ਉਸ ਨੂੰ ਸਿਰਫ ਭਾਰਤ ਵਾਸੀਆਂ ਲਈ ਹੀ ਨਹੀਂ ਦੁਨੀਆਂ ਭਰ ਲਈ ਸਾਂਝਾ  ਕੇਂਦਰ ਬਣਾ ਦਿਤਾ । ਚੋਹਾਂ ਦਿਸ਼ਾਵਾਂ ਵਲੋਂ ਵਖ ਵਖ ਵਿਚਾਰਾਂ ਵਾਲੇ ਉਸ ਦੇ ਅੰਦਰ ਆ ਕੇ ਉਸ ਵਿਚ ਰਖੇ ਹੋਏ ਸਿੰਧਾਤ ਦਾ ਪਾਠ ਸੁਣ ਕੇ ਇਕ ਸੁਰ ਹੋ ਸਕਦੇ ਹਨ ।ਅਤੇ ਅਸੀਂ ਇਸ ਸਿਧਾਂਤ ਦੇ ਧਾਰਨੀ ਕੋਈ ਪੰਦਰਵੀਂ ਸਦੀ ਵਿਚ ਹੀ ਹੋ ਗਏ ਸੀ ।
‘ ਬਿਲਕੁਲ ਠੀਕ ‘ ਜੋਰਜ ਨੇ ਸਿਰ ਹਿਲਾੳਂੁਦਿਆਂ ਆਖਿਆ ‘ ਮੈਨੂੰ ਲਗਦਾ ਕਿ ਉਸ ਸਾਂਝੇ ਕੇਂਦਰ ਦੇ ਪਰਚਾਰ ਸਦਕਾ ਹੀ  ਪੰਜਾਬੀ ਇਨੇ ਮੇਹਨਤੀ ਸਿਰੜੀ ਅਤੇ ਹਿੰਮਤੀ ਹਨ ।ਆਜ਼ਾਦ ਕੋਮ ਦੇ ਸਾਰੇ ਗੁਣ ਹੁੰਦਿਆ ਇਨਾ ਚਿਰ ਗੁਲਾਮ ਰਹੇ ਪਰ ਕਿਊਂ ?’
ਅੰਕਲ ਅਨਪੜ੍ਹਤਾ ਕਾਰਨ ਅਸੀਂ ਦੇਸ਼ ਨਾਲੋਂ ਆਪਣੇ ਹਿਤਾਂ ਨੂੰ ਪਹਿਲ ਦੇਣ ਵਾਲੇ ਆਗੂਆਂ ਦੀ ਪਹਿਚਾਣ ਨਾ ਕਰ ਸਕੇ  ਦੇਸ਼ ਧਰੋਹੀਆਂ ਦੇ ਝਾਸੇ ਵਿਚ ਆਉਂਦੇ ਰਹੇ । ਆਜ਼ਾਦੀ ਦੇ ਮਸੀਹਾ  ਆਪਣੇ ਰੈਹਬਰ ਗੁਰੂ ਗੋਬਿੰਦ ਸਿੰਘ ਜੀ ਦੀ ਨਸੀਹਤ ( ਕੋਈ ਕਿਸੀ ਕੋ ਰਾਜ ਨਾਂ ਦੇ ਹੈ ਜੋ ਲੇ ਹੈ ਨਿਜ ਬਲ ਸੇ ਲੈ ਹੈ ) ਨੂੰ ਭੁਲ ਭੁਲਾ ਕੇ ਬਗਲੀ ਪਾ ਕੇ ਆਜ਼ਾਦੀ ਮੰਗਦੇ ਮੰਗਦਿਆਂ ਲੜ ਕੇ ਆਜ਼ਾਦੀ ਲੈਣ ਨਾਲੋਂ ਕਿਤੇ ਵਧ ਖੂੁਨ ਡ੍ਹੋਲਿਆ । ‘
‘ ਬੀਤੇ ਤੇ ਪਛਤਾਵਾ ਕਰਨ ਦੀ ਬਜਾਏ ਜੇ ਵਰਤਮਾਨ ਵਿਚ ਉਹਨਾਂ ਗਲਤੀਆਂ ਤੇ ਕਾਬੂ ਪਾ ਲਈਏ  ਤਾਂ ਭਵਿਖ ਉਜਲਾ ਹੋ ਜਾਂਦਾ ਹੈ ਹਰਿਆਲੀ ਤੇ ਖੁਸ਼ਹਾਲੀ ਆ ਜਾਂਦੀ ਹੈ ‘ ਕਹਿੰਦਆਂ ਹੋਇਆਂ ਜੋਰਜ ਨੇ ਮੇਰਾ ਧਿਆਂਨ ਪਿਰਮਡ ਦੇ ਥਲੇ ਅਖਰਾਂ ਵਿਚ ਲਿਖਿਆ  1776 ਵਲ ਦਵਾਉਂਦਿਆਂ ਦਸਿਆ ਇਹ ਉਹ ਸੁਭਾਗਾ ਸਾਲ ਹੈ ਜਦ ਮੇਰੇ ਦੇਸ਼ ਦੇ ਸੂਝਵਾਨਾ ਨੇ ਆਜ਼ਾਦੀ ਸਾਡਾ ਹਕ ਹੈ ਦਾ ਨਾਹਰਾ ਬਲੰਦ ਕੀਤਾ ਸੀ ।ਇਕ ਸਤ ਅਤੇ ਸਤ , ਛੇ ਜਮਾਂ  ਕੀਤਿਆਂ ਨੰਬਰ 21 ਬਣ ਜਾਂਦਾ ਹੈ ਅਸੀਂ 21 ਨੰਬਰ ਨੂੰ ਦਲੀਲ ਦਾ ਨੰਬਰ ਗਿਣਦੇ ਹਾਂ । ਅਤੇ 1776 ਨੂੰ  ਦਲੀਲ ਦੇ ਯੁਗ ਦੀ ਸ਼ੁਰੂਆਤ ‘।
ਜੋਰਜ ਅੰਕਲ ਮੁਆਫ ਕਰਨਾ ਮੈਂ ਤੁਹਾਡੀ ਗਲ ਟੋਕ ਨਹੀਂ ਰਿਹਾ ਪਰ  ਜੇ ਬੁਰਾ ਨਾਂ ਮਨਾਓ ਤਾਂ ਮੈਂ ਵੀ 21 ਨੰਬਰ ਬਾਰੇ ਕੁਝ ਕਹਿਣਾਂ ਚਾਹਾਂ ਗਾ ।
‘ ਹਾਂ ਹਾਂ । ਉਸਾਰੂ ਦਲੀਲ ਕਿਸੇ ਇਕ ਇਨਸਾਨ ਦੀ ਮਲਕੀਅਤ ਨਹੀਂ ਹਰ ਇਕ ਇਨਸਾਨ ਨਿਰਪਖ ਹੋ ਕੇ ਜਦ ਉਸਾਰੂ ਦਲੀਲ ਦਿੰਦਾ ਹੈ ਤਾਂ ਉਸਾਰੀ ਸ਼ੁਰੂ ਹੋ ਜਾਂਦੀ ਹੈ ‘ ।
ਅੰਕਲ ਜੋਰਜ , 21 ਨੰਬਰ ਨੂੰ ਸਾਡੇ ਪਹਿਲੇ ਸਿਖ ਮਾਸਟਰ ਬਾਬੇ ਨਾਨਕ ਨੇ ਕੋਈ ਪੰਦਰਵੀ ਸਦੀ ਵਿਚ ਹੀ ਵਰਤੋਂ ਵਿਚ ਲੈ ਆਂਦਾ ਸੀ ਉਹਨਾਂ ਫਰਮਾਇਆ ਸੀ ਕਿ ਗੁਰੂ ਬੀਹ ਵਿਸਵੇ ਅਤੇ ਸੰਗਤ ਇਕੀ ਵਿਸਵੇ । ਇਸ ਸਿਧਾਂਤ ਨੂੰ
ਬਾਬੇ ਨਾਨਕ ਨੇ ਅਮਲ ਵਿਚ ਲਿਆ ਕੇ ਦਬੀ ਕੁਚਲੀ ਕੋਮ ਨੂੰ ਨਵਾਂ ਉਤਸ਼ਾਹ ਬਖਸ਼ਿਆ ਸੀ ।ਜਿਸ ਦਾ ਸਦਕਾ ਧੜਿਆਂ ਵਿਚ ਖੇਰੂੰ ਖੇਰੂੰ ਅਤੇ ਵਰਣ ਵੰਡ ਨਾਲ ਨਿਸਲ ਹੋਈ ਕੋਮ ਇਕ ਮੁਠ ਹੋ ਗਈ । ਅਸੀਂ ਪੰਦਰਵੀ ਸਦੀ ਤੋਂ ਦਲੀਲ ਦਾ ਯੁਗ ਸ਼ੁਰੂ ਹੋਇਆ ਮੰਨਦੇ ਹਾਂ ।
‘ ਹਾਂ, ਸਨ, ਮਤੱਸਬ ਦਾ ਚਸ਼ਮਾ ਲਾਹ ਦੇਈਏ ਤਾਂ ਆਤਮਾਂ ਮਤੱਸਬ ਦੀ ਕਰੂਪਤਾ ਤੋਂ ਪਵਿਤਰ ਹੋ  ਜਾਂਦੀ ਹੈ । ਪਵਿਤਰ ਰੂਹ ਨਿਰਪੱਖ ਅਤੇ ਦਲੇਰ ਹੁੰਦੀ ਹੈ । ਉਸ ਤੋਂ ਹੀ ਉਸਾਰੂ ਦਲੀਲ ਦੀ ਆਸ ਰਖੀ ਜਾ ਸਕਦੀ ਹੈ । ਹਰ ਇਨਸਾਨ ਪੱਖ ਪਾਤ ਤੋਂ ਉਪਰ ਉਠ ਕੇ ਜਦ ਉਸਾਰੂ ਦਲੀਲ ਦੇਵੇਗਾ ਤਾਂ ਹੀ ਇਕ ਚੰਗੇ ਲੋਕ ਤੰਤਰ ਦੀ ਉਸਾਰੀ ਹੋ ਸਕਦੀ ਹੈ ।ਇਹੋ ਹੀ ਬਨਿਆਦ ਹੈ ਲੋਕ ਤੰਤਰ ਦੀ ‘। ‘ ਲੈ ਹੋਰ ਅਗੇ ਸੁਣ ‘
‘ ਪਿਰਮੱਡ ਦੀਆਂ ਤੇਰਾਂ ਮੰਜ਼ਲਾਂ ਹਨ ਆਜ਼ਾਦੀ ਦਾ ਘੋਲ ਲੜਨ ਵਾਲੀਆਂ ਕੋਲੋਨੀਆਂ ਵੀ ਤੇਰਾਂ ਸਨ । ਸਾਡੇ ਸੂਝਵਾਨਾਂ ਨੇ ਤੇਰਾਂ ਨੰਬਰ ਨੂੰ ਬਹੁਤ ਮਹੱਤਤਾ ਦਿਤੀ ਹੈ । ਉਹ ਤੇਰਾਂ ਨੰਬਰ ਨੂੰ ਨਵਾਂ ਜਨਮ ਹੋਣ ਦੇ ਪਰਤੀਕ ਮੰਨਦੇ ਸਨ । ਉਹ ਤੇਰਾਂ ਨੰਬਰ ਨੂੰ ਬੰਧਨ ਮੋਖ ਨੰਬਰ ਗਿਣਦੇ ਹਨ । ਕਰਾਈਸਟ ਦੇ ਬਾਂਰਾਂ ਚੇਲੇ ਅਤੇ ਤੇਰਵਾਂ ਕਰਾਈਸਟ , ਇਸੇ ਤਰਾਂ ਬਾਰਾਂ ਰਾਸ਼ੀਆਂ ਵਿਚ ਵਿਚਰਨ ਵਾਲਾ ਤੇਰਵਾਂ ਸੂਰਜ । ਅਤੇ ਇਹ ਵੀ ਕੁਦਰਤ ਦਾ ਇਕ ਕ੍ਰਿਸ਼ਮਾ ਹੀ ਸੀ ਕਿ ਆਜ਼ਾਦੀ ਦਾ ਘੋਲ ਲੜਨ ਵਾਲੀਆਂ ਕਲੋਨੀਆਂ ਵੀ ਤੇਰਾਂ ਹੀ ਸਨ ਤੇਰੇ ਕਲਚਰ ਵਿਚ ਵੀ 13 ਨੰਬਰ ਦੀ ਕੋਈ ਮਹੱਤਤਾ ਹੈ ‘।
ਅੰਕਲ ਜੋਰਜ ਸਿਖ ਪੰਥ ਦਾ ਜਨਮ ਦਾਤਾ ਬਾਬਾ ਨਾਨਕ ਮੋਦੀ ਖਾਨੇ ਵਿਚ ਕੰਮ ਕਰਦਾ ਸੀ ਇਕ ਦਿਨ ਅਨਾਜ ਤੋਲ ਕੇ ਕਿਸੇ ਨੂੰ ਦੇ ਰਿਹਾ ਸੀ ਜਦ ਤੇਰਾਂ ਨੰਬਰ ਤੇ ਆਇਆ ਤਾਂ ਤੇਰਾਂ ਤੇਰਾਂ ਆਖਦਾ ਹੋਇਆ ਉਸ ਨੋਕਰੀ ਤੋਂ ਮੁਕਤ ਹੋ ਕੇ ਦੇਸ਼ ਦਿਸ਼ਾਂਤਰਾਂ ਵਿਚ ਪਰਚਾਰ ਕਰਨ ਉਠ ਗਿਆ । ਬਸ ਉਸ ਦੇ ਪਰਚਾਰ ਸਦਕਾ ਨਿਮਾਣੇ ਤੇ ਨਿਤਾਣੇ ਲੋਕ ਆਪਣੇ ਹਕਾਂ ਲਈ ਖਵਨ ਲਗ ਪਏ ਇਕ ਦੂਸਰੇ ਨਾਲ ਨਫਰਤ ਕਰਨ ਦੀ ਬਜਾਏ ਸਮਸਾਰ ਸਾਗਰ ਵਿਚ ਪਿਆਰ ਅਤੇ ਅਪਣੱਤ ਦੀਆਂ ਲੈਹਰਾਂ ਮੱਚਲਣ ਲਗੀਆਂ ਇਕ ਸੰਤ ਸਿਪਾਹੀਆਂ ਦੇ ਸਮਾਜ ਨੇ ਜਨਮ ਲਿਆ ।ਦੇਸ਼ ਦੀ ਕਾਇਆ ਕਲਪ ਹੋ ਗਈ
ਅਮਰੀਕਣ ਸਮਾਜ ਫਰਾਈਡੇ ਥਰਟੀਨ ਨੂੰ ਬਦਸਗਨ ਗਿਣਦਾ ਹੈ  ਇਸੇ ਤਰਾਂ ਸਾਡੇ ਦੇਸ਼ ਵਿਚ ਵੀ ਇਕ ਕਹਾਵਤ ਹੈ ਕਿ ਤਿਨ ਬਰਾਹਮਣ ਛੇ ਵਿਧਵਾ ਜੇ ਮਿਲ ਜਾਣ ਤੇਰਾਂ ਜਟ ਹੁੰਦੇ ਹੁੰਦੇ ਕੰਮ ਦਾ ਹੋ ਜਾਂਦਾ ਚੌੜ ਚਪੱਟ ।
ਜੋਰਜ ਨੇ ਗਲ ਅਗੇ ਤੋਰਦਿਆਂ ਆਖਿਆ ‘ ਹੁਣ ਪਿਰਮੱਡ ਦੇ ਥਲੇ ਲਿਖਿਆ ਹੋਇਆ  ਨੋਵਸ ਓਰਡੋ ਸੈਕੂਲਰਮ ਦੇਖ , ਜਿਸ ਦਾ ਮਤਲਬ ਹੈ ਦੁਨੀਆਂ ਦੀ ਨਵੀਂ ਰੋਹ ਰੀਤ ਜਿਸ ਵਿਚ ਜੰਗ ਨਹੀਂ ਅਸੀਂ ਦਲੀਲ ਨਾਲ ਤਬਦੀਲੀ ਕਰ ਸਕਾਂ ਗੇ । ਅਤੇ ਉਸ ਤੋਂ ਥਲੇ ਲਿਖਿਆ ਹੋਇਆ ਹੈ ਅਨਿਊਟ ਕੋਇਪਟਸ ਭਾਵ ਉਹ ਸਾਡੀਆਂ ਇਹਨਾਂ ਪਰਾਪਤੀਆਂ ਨੂੰ ਦੇਖ ਕੇ ਮੁਸਕਰਾ ਰਿਹਾ ਹੈ ਅਤੇ ਸਾਡੇ ਕੰਮ ਤੋਂ ਖੁਸ਼ ਹੈ । ਉਹ ਤੋਂ ਭਾਵ ਰਬ ਹੈ ਅਤੇ ਨਾਲ ਹੀ ਲਿਖਆ ਹੋਇਆ ਹੈ ਅਸੀਂ ਰਬ ਤੇ ਯਕੀਨ ਰਖਦੇ ਹਾਂ ‘।
ਅੰਕਲ ਜੋਰਜ ਅਮਰੀਕਣ ਅਤੇ ਸਿਖ ਫਿਲਾਸਫੀ ਕਿਨੀ ਮਿਲਦੀ ਜੁਲਦੀ ਹੈ  ਅਸੀਂ ਸਿਖ ਵੀ ਇਕ ਅਗੰਮੀ ਤਾਕਤ ਤੇ ਯਕੀਨ ਰਖਦੇ ਹਾਂ ਅਸੀਂ ਤਾਂ ਹਰ ਕੰਮ ਸ਼ੁਰੂ ਕਰਨ ਲਗਿਆਂ ਪਹਿਲਾਂ ਉਸ ਅਗੰਮੀ ਤਾਕਤ ਤੋਂ ਸਹਾਇਤਾ ਲਈ ਅਰਦਾਸ ਕਰਦੇ ਹਾਂ ਅਤੇ ਕੰਮ ਪੂਰਾ ਹੋਣ ਤੇ ਉਸ ਦੇ ਅਗੇ ਸ਼ੁਕਰਾਨੇ ਵਜੋਂ ਅਰਦਾਸ ਕਰਦੇ ਹਾਂ ‘ ਇਸ ਤਰਾਂ ਕਰਨ ਨਾਲ ਬੰਦਾ ਐਹੰਕਾਰੀ ਹੋਣ ਤੋਂ ਬਚ ਜਾਂਦਾ ਹੈ ਐਹੰਕਾਰ ਇਕ ਐਸੀ ਦਲਦਲ ਹੈ ਇਕ ਵੇਰ ਇਸ ਵਿਚ ਡਿਗ ਜਾਈਏ ਤਾਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ । ਇਹ ਗਲਾਂ ਕਰਦੇ ਸਮੇਂ ਮੇਰੇ ਕੰਨਾ ਵਿਚ ਝੂਠ ਝੂਠ ਦੀ ਆਵਾਜ਼ ਗੂੰਜ ਰਹੀ ਸੀ ਸ਼ਾਇਦ ਮੇਰਾ ਅੰਦਰਲਾ ਰੋਹ ਵਿਚ  ਆ ਗਿਆ ਸੀ ਪਾਖੰਡੀ ਬਹਰੂਪੀਏ ਕੌਮ ਨਿਘਾਰ ਵਲ ਜਾ ਰਹੀ ਹੈ ਤੂੰ ਬੜਾਂ ਮਾਰਦਾ ਨਹੀਂ ਥਕਦਾ
ਜੋਰਜ ਦੀ ਆਵਾਜ਼ ਨੇ ਮੇਰੀ ਸੋਚਾਂ ਦੀ ਲੜੀ ਤੋੜ ਦਿਤੀ  ‘ ਹੁਣ ਡਾਲਰ ਦੇ ਸਜੇ ਪਾਸੇ ਦੇਖ । ਇਕ ਇੱਲ ਨਜ਼ਰ ਪੈਂਦੀ ਹੈ । ਇਸ ਇਲ ਨੂੰ ਇਕ ਪਰਮੁਖ ਜ਼ੀਅਸ ਦੇਵਤੇ ਦਾ ਸਮੇ ਨਾਲ ਧਰਤੀ ਤੇ ਆਉਂਣ ਵਜੋਂ ਦੇਖਿਆ ਜਾਂਦਾ ਹੈ । ਇਹ ਦੇਵਤਾ ਲੜਾਈ ਅਤੇ ਅਮਨ ਦੋ ਵਖਰੋ ਵਖਰੀਆਂ ਕਿਰਿਆਵਾਂ ਨਿਭਾਂਉਂਦਾ ਹੈ । ਜ਼ਰਾ ਧਿਆਨ ਨਾਲ ਇਸ ਦੇ ਸਜੇ ਪੈਰ ਵਲ ਦੇਖ ਇਸ ਦੇ ਪੋਹਿੰਚੇ ਵਿਚ ਤੇਰਾਂ ਤੀਰ ਫੜੇ ਹੋਏ ਹਨ । ਅਤੇ ਖਬੇ ਪੋਹਿੰਚੇ ਵਿਚ ਅਮਨ ਸ਼ਾਂਨਤੀ ਦੀ ਪਰਤੀਕ ਲਾਰੁਲ ਪੋਦੇ ਦੀ ਟਾਹਣ ਫੜੀ ਹੋਈ ਹੈ ਇਸ ਦੀਆਂ ਵੀ ਤੇਰਾਂ ਪਤੀਆਂ ਹਨ । ਇਲ ਹਰੇ ਪਤਿਆਂ ਦੀ ਟਾਹਣ ਵਲ ਦੇਖ ਰਹੀ ਹੈ । ਇਸ ਤੋਂ ਭਾਵ ਹੈ ਕਿ ਸਾਡੇ ਸੂਝਵਾਨ ਕੌਮ ਨੂੰ ਸੇਧ ਦੇਣ ਵਾਲੇ ਆਗੂਆਂ ਨੇ ਲੜਾਈ ਦੀ ਬਜਾਏ ਗਲ ਬਾਤ ਰਾਹੀਂ ਮਸਲੇ ਸੁਲਝਾਉਂਣ ਦੀ ਗਲ ਕੀਤੀ ਹੈ । ਅਤੇ ਅਗਰ ਗਲ ਬਾਤ ਰਾਹੀਂ ਗਲ ਨਾ ਸੁਲਝੇ ਤਾਂ ਸਵੈ ਰਖਿਆ ਲਈ ਸਜੇ ਪੁਹੰਚੇ ਵਿਚ ਫੜੇ ਤੀਰ ਵਰਤੇ ਜਾ ਸਕਦੇ ਹਨ ਅਤੇ ਇਲ ਦੀ ਪੂਛ ਦੇ ਨੌਂ ਖੰਬ ਹਨ । 9 ਨੰਬਰ ਨੂੰ ਅਸੀਂ ਵਕਤ ਵਕਤ ਸੰਸਾਰ ਵਿਚ ਸ਼ਾਂਤੀ ਰਖਣ ਲਈ ਰਬੀ ਜੋਤ ਦਾ ਸੰਸਾਰ ਤੇ ਆਉਣਾ ਮਿਥਦੇ ਹਾਂ । ਚਰਚ ਦੀ ਬੈਲ ਵੀ ਨੌਂ ਵੇਰ ਬਜਾਈ ਜਾਂਦੀ ਹੈ । ਇਲ ਦੇ ਸਿਰ ਦੇ ਉਤੇ ਪੁਰਾਤਨ ਬਾਦਸ਼ਾਹ ਸੋਲਮਨ ਦੀ ਸੀਲ ਹੈ ਜਿਸ ਵਿਚ ਤੇਰਾਂ ਤਾਰੇ ਹਨ ਅਗਰ ਤੇਰਾਂ ਤਾਰਿਆਂ ਨੂੰ ਜੋੜ ਦਿਤਾ ਜਾਵੇ ਤਾਂ ਦੋ ਤਿਕੋਨਾਂ ਇਕ ਦੂਸਰੇ ਵਿਚ ਬੱਝ ਜਾਂਦੀਆਂ ਹਨ । ਉਹ ਸਟਾਰ ਓਫ ਡੇਵਡ ਵਾਂਗਰ ਲਗਦੀਆਂ ਹਨ ।ਇਹਨਾਂ ਦੇ ਵਿਚਕਾਰ ਇਕ ਹੋਰ ਨੁਕਤਾ ਹੈ । ਤੇਰਾਂ ਨੁਕਤੇ ਪਹਿਲੀਆਂ ਤੇਰਾਂ ਸਟੇਟਾਂ ਦੀ ਪਛਾਣ ਲਈ ਹਨ । ਇਕ ਨੁਕਤਾ ਉਪਰ ਇਕ ਥਲੇ ਦੋ ਦੋ ਦੋਵੀਂ ਪਾਸੀਂ ਇਸ ਦਾ ਮਤਲਬ ਹੈ ਕਿ ਕਿਸੇ ਪਾਸਿਓਂ ਵੀ ਕੋਈ ਉਸਾਰੂ ਦਲੀਲ ਆਵੇ ਸੁਣੀ ਜਾਇਗੀ ਇਹੋ ਹੀ ਸਾਡੇ ਲੋਕ ਤੰਤਰ ਦਾ ਧੁਰਾ ਹੈ । ਹੁਣ ਸਮਝਿਆ ਜਿਸ ਨੂੰ ਤੂੰ ਨਿਮਾਣਾ ਡਾਲਰ ਬਿਲ ਆਖਦਾ ਹੈਂ ਇਹ ਕੀ ਕੁਝ ਆਪਣੇ ਆਪ ਵਿਚ ਸਮੇਟੀ ਬੈਠਾ ਹੈ ‘ ।
ਸਮਝਿਆ ਬਿਲਕੁਲ ਸਮਝਿਆ ਪਰ ਅੰਕਲ ਮੈਂ ਵੀ ਕੁਝ ਦਸਣਾ ਮੰਗਦਾ । ਉਹ ਜੋ ਇਲ ਤੁਸੀਂ ਦੇਵਤੇ ਦੇ ਰੂਪ ਵਿਚ ਧਰਤੀ ਤੇ ਲਿਆਉਂਦੇ ਹੋ ਸਿਖ ਫਿਲਾਸਫੀ ਦੇਵੀ ਦੇਵਤਿਆਂ ਤੇ ਨਿਰਭਰ ਹੋਣ ਦੀ ਬਜਾਏ ‘ ਆਪਣ ਹਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਦੀ ਧਾਰਨੀ ਹੈ ‘।ਸਿਖਾਂ ਦੇ ਦਸਵੇਂ ਮਾਸਟਰ ਗੁਰੁੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ ਕੇ ਲੋਕਤੰਤਰ ਦੀ ਫਿਲਾਸਫੀ 30 ਮਾਰਚ 1699 ਨੂੰ ਸੰਸਾਰ ਨੂੰ ਦੇ ਦਿਤੀ ਸੀ । ਸਿਖ ਫਿਲਾਸਫੀ ਦੀ ਸੰਤ ਸਿਪਾਹੀ ਦੀ ਮਹਾਨਤਾ ਨੂੰ ਨਕਾਰਿਆ ਨਹੀਂ ਜਾ ਸਕਦਾ । ਸਿਖ ਫਿਲਾਸਫੀ ਵਿਚ ਸੇਵਾ ਹੈ ਸਿਮਰਨ ਹੈ  ਗਲਬਾਤ ਦੁਆਰਾ ਮਸਲੇ ਸੁਲਝਾੳਂੁਣ ਨੂੰ ਪਹਿਲ ਦਿਤੀ ਗਈ ਹੈ ਅਤੇ ਜੇ ਲੜਾਈ ਗਲ ਪੈ ਹੀ ਜਾਏ ਤਾਂ ਸਵੈ ਰਖਿਆ ਲਈ ਤਲਵਾਰ ਨੂੰ ਹਥ ਪਾਉਣਾ ਵੀ ਜਾਇਜ਼ ਹੈ । ਸਿਖਾਂ ਦੇ ਦਸਵੇਂ ਨਾਨਕ ਨੇ ਪਰਸ਼ੀਅਨ ਜ਼ਬਾਨ ਵਿਚ ਕੁਝ ਇਸ ਤਰਾਂ ਆਖਿਆ ਹੈ ‘ ਚੂਂ ਕਾਰ ਅਜ਼ ਹਮਾ ਹੀਲਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ ਵਾ ਸ਼ਮਸ਼ੀਰ ਦਸਤ ‘। ਅਕਤੂਬਰ 7 1708 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿਖੀ ਦੇ ਵਿਧਾਨ ਗੁਰੂ ਗਰੰਥ ਸਾਹਿਬ ਨੂੰ ਉਚ ਪਦਵੀ ਦੇ ਕੇ ਸਾਰੀ ਕੌਮ ਨੂੰ ਉਸ ਵਿਧਾਨ ਮੁਤਾਬਕ ਚਲਣ ਲਈ ਹਦਾਇਤ ਕੀਤੀ ਸੀ । ਅਸੀਂ ਇਹ ਫਿਲਾਸਫੀ ਸੰਸਾਰ ਨੂੰ 1469 ਤੌਂ ਲੈ ਕੇ 1708 ਤਕ ਦੇ ਚੁਕੇ ਹਾਂ । ਸਾਡੇ ਪੁਰਾਤਨ ਮੰਦਰਾਂ ਵਿਚ ਵੀ ਨੌਂ ਟਲੀਆਂ ਲਟਕਾਈਆਂ ਜਾਂਦੀਆਂ ਸਨ । ਸਾਡਾ ਵੀ ਵਿਸ਼ਵਾਸ ਹੈ ਕਿ ਜਦ ਹਰ ਪਾਸੇ ਅਨਿਆਂ ਦਾ ਰਾਜ ਹੋਵੇ ਤਾਕਤਵਰ ਤਾਕਤ ਦੀ ਦੁਰਵਰਤੌਂ ਕਰਦਾ ਹੋਵੇ ਤਾਂ ਕੋਈ ਰਬੀ ਜੋਤ ਸੁਧਾਰ ਕਰਨ ਲਈ ਪਰਗਟ ਹੋ ਜਾਂਦੀ ਹੈ । ਮੈਨੂੰ ਲਗਦਾ ਅਮਰੀਕਨ ਫਿਲਾਸਫੀ ਸਾਡੀ ਫਿਲਾਸਫੀ ਦੀ ਹੀ ਫੋਟੋ ਕਾਪੀ ਹੈ ।
 ‘ ਹਾਂ , ਮੈਂ ਮੰਨਦਾ ਤੇਰੀਆਂ ਗਲਾਂ ਵਿਚ ਵਜ਼ਨ ਹੈ ਦੁਨੀਆਂ ਦੇ ਹਰ ਕੋਨੇ ਵਿਚ ਸਮੇਂ ਸਮੇਂ ਦਾਨਸ਼ਵਰ ਰੈਹਬਰ ਆਉਂਦੇ ਰਹੇ ਹਨ । ਬਾਈਬਲ ਵਿਚੋਂ ਮੈਨੂੰ ਬਾਈਬਲ ਦੀ ਇਕ ਗਲ ਯਾਦ ਆ ਗਈ ਜੋ ਤੇਰੇ ਕਹੇ ਮੁਤਾਬਕ ਹੈ ।ਕਿ ਲੋ ਪੂਰਬ ਵਲੋਂ ਉਠ ਕੇ ਹੌਲੀ ਹੌਲੀ ਪਛਮ ਤਕ ਛਾ ਜਾਏਗੀ । ਤੇਰੀਆਂ ਗਲਾਂ ਨੇ ਮੇਰਾ ਬਾਈਬਲ ਤੇ ਭਰੋਸਾ ਹੋਰ ਪਰਪੱਕ ਕਰ ਦਿਤਾ ਹੈ ‘ ।
ਜਦ ਉਹ ਮੇਰੇ ਨਾਲ ਬਾਈਬਲ ਦੀਆਂ ਗਲਾਂ ਕਰ ਰਿਹਾ ਸੀ ਤਾਂ ਮੇਰਾ ਮਨ ਸਿਖ ਕੋਮ ਵਿਚ ਆਈ ਗਿਰਾਵਟ ਦੀ ਵਿਚਾਰ ਵਿਚ ਉਲਝਿਆ ਹੋਇਆ ਸੀ ਕਿ ਅਮਰੀਕਣ ਤਾਂ ਪਿਰਮੱਡ ਦੇ ਸਿਖਰ ਹੋ ਕੇ ਇਕ ਸੋਚ ਦੇ ਧਾਰਨੀ ਹੋਣ ਦੀ ਗਲ ਕਰਦੇ ਹਨ ਅਤੇ ਅਸੀਂ ਸੰਸਾਰ  ਨੂੰ ਸੇਧ ਦੇਣ ਵਾਲੇ ਵਿਰਸੇ ਦੇ ਮਾਲਕ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਜਿਥੇ ਸਾਡੀ ਇਕ ਸੋਚ ਹੋਣੀ ਚਾਹੀਦੀ ਹੈ , ਕੇਸੋ ਕੇਸੀ ਹੁੰਦੇ ਹਾਂ ਉਸ ਵਕਤ ਅਸੀਂ ਦਰਬਾਰ ਦੇ ਅੰਦਰ ਹੁੰਦੇ ਹੋਏ ਵੀ ਅੰਦਰ ਨਹੀਂ ਹੁੰਦੇ । ਸਿਆਸੀ ਲਾਹੇ ਲੈਣ ਲਈ ਅਸੀਂ ਧਰਮ ਨੂੰ ਵੀ ਦਾ ਤੇ ਲਾ ਦਿਤਾ ਹੈ । ਮੈਨੂੰ ਚੁਪ ਦੇਖ ਕੇ ਉਸ ਆਖਿਆ ‘ ਸਨ ਮੈਂ ਹੁਣ ਆਰਾਮ ਕਰਨਾ ਹੈ ‘। ਗੁਡ ਈਵਨੰਗ ਕਹਿੰਦਿਆ ਉਹ ਅਲੋਪ ਹੋ ਗਿਆ ਅਤੇ ਮੇਰੇ ਸਾਹਵੇਂ ਪਿਆ ਡਾਲਰ ਬਿਲ ਕੁਝ ਕੁਝ ਕੰਬ ਰਿਹਾ ਸੀ ਹਵਾਂ  ਦੇ ਬੁਲਿਆਂ ਵਿਚੌਂ ਮੈਹਿੰਗਾਈ ਮੈਹੰਗਾਈ ਦੀਆਂ ਆਵਾਜ਼ਾਂ  ਆ ਰਹੀਆਂ ਸਨ ਫੇਰ ਇਕ ਤੇਜ਼ ਹਵਾ ਦੇ ਬੁਲੇ ਨਾਲ ਸਾਹਮਣੇ ਪਿਆ ਡਾਲਰ ਦਾ ਬਿਲ ਹਵਾ ਦੇ ਕੰਧੇੜ ਚੜ੍ਹ ਉਡ ਗਿਆ ਮੈਂ ਉਸ ਨੂੰ ਫੜਨ ਲਈ ਲਪਕਿਆ ਤਾਂ ਮੇਰੀ ਕੂਹਣੀ ਅਤੇ ਗੋਡਾ ਮੇਜ਼ ਨਾਲ ਵਜੇ ।ਇਕ ਤਕੜਾ ਖੜਾਕ ਹੋਇਆ । ਬੈਡ ਤੋਂ ਥਲੇ ਡਿਗ ਕੂਹਣੀ ਅਤੇ ਗੋਡਾ ਠੋਕ ਹੋ ਗਏ ਸਨ । ਕਿਚਨ ਵਿਚੌਂ ਆਈ ਧਰਮ ਪਤਨੀ ਦੀ ਆਵਾਜ਼ ਕੀ ਡਿਗ ਪਿਆ ਨੇ ਮੈਨੂੰ ਸਟ ਦੀ ਚੀਸ ਨੂੰ ਅੰਦਰੋ ਅੰਦਰ ਪੀਣ ਲਈ ਮਜਬੂਰ ਕਰ ਦਿਤਾ । ਨਹੀਂ ਤਾਂ ਧਰਮ ਪਤਨੀ ਨੇ ਰਟਿਆ ਰਟਾਇਆ ਲੈਕਚਰ ਕੰਨਾ ਵਿਚ ਢਾਲ ਦੇਣਾ ਸੀ ਪੰਜਾਹ ਵੇਰ ਆਖਿਆ ਕਿ ਰਾਤ ਨੂੰ ਬੇਲੇ ਸਿਰ ਸੌਂ ਜਾਇਆ ਕਰੋ ਅਤੇ ਸਵੇਰੇ ਬੇਲੇ ਸਿਰ ਉਠ ਕੇ ਦਸ ਮਿੰਟ ਰਬ ਨਾਲ ਬਿਰਤੀ ਜੋੜਿਆ ਕਰੋ ਪਰ ਨਹੀਂ ਟੈਲੀਵੀਜ਼ਨ ਤੇ ਅਸ਼ਲੀਲ ਮੂਵੀਆਂ ਤੇ ਬੇਸ਼ਰਮ ਤਸਵੀਰਾਂ ਦੇਖ ਕੇ ਹੀ ਨਹੀਂ ਰਜਦੇ । ਬੰਦਾ ਆਪਣੀ ਬਰੇਸ ਦਾ ਤਾਂ ਖਿਆਲ ਕਰੇ