ਪਿੱਪਲ ਦਿਆ ਪੱਤਿਆ, ਤੂੰ ਤਾਂ ਖੜ-ਖੜ ਲਾਈ ਐ ਵੇ
ਅਸਾਂ ਦੁੱਧ ਘਿਓ ਦੂਰ ਕੀਤੇ, ਰੁੱਤ ਨਸ਼ਿਆਂ ਦੀ ਆਈ ਐ ਵੇ
ਪਿੱਪਲ ਦਿਆ ਪੱਤਿਆ, ਮੱਚ ਗਈ ਦੁਹਾਈ ਐ ਵੇ
ਕੁੱਖ ‘ਚ ਧੀ ਮਰਦੀ, ਹਨੇਰੀ ਜ਼ੁਲਮਾਂ ਦੀ ਆਈ ਐ ਵੇ
ਪਿੱਪਲ ਦਿਆ ਪੱਤਿਆ, ਅੰਨ ਦਾਤਾ ਖੜਾ ਪੁਕਾਰਦਾ ਏ
ਮੁੱਲ ਮਿਲੇ ਨਾ ਮਿਹਨਤ ਦਾ, ਧਾਹਾਂ ਪਿਆ ਮਾਰਦਾ ਏ
ਪਿੱਪਲ ਦਿਆ ਪੱਤਿਆ, ਕੀ ਜ਼ਮਾਨਾ ਦੁੱਖ ਫਰੋਲੇ ਵੇ
ਪੈਣ ਡਾਂਗਾ ਬੇਰੁਜ਼ਗਾਰਾਂ ਦੇ, ਪੱਗ-ਚੁੰਨੀਆਂ ਪੈਰੀਂ ਰੋਲੇ ਵੇ
ਪਿੱਪਲ ਦਿਆ ਪੱਤਿਆ, ਮੈਂ ਧਰਤੀ ਪੰਜ ਦਰਿਆਵਾਂ ਦੀ
ਉਹ ਦੁਹੱਥੜੇ ਪਿੱਟਦੀ ਐ, ਜੋ ਮਾਂ ਛੇਵੇਂ ਦਰਿਆਵਾਂ ਦੀ
ਪਿੱਪਲ ਦਿਆ ਪੱਤਿਆ, ਕੀ-ਕੀ ਦਰਦ ਸੁਣਾਵਾਂ ਵੇ
ਜ਼ਹਿਰ ਪਲੀਤ ਹੋਈ, ਉਂਝ ਧਰਤੀ ਮਾਂ ਅਖਵਾਵਾਂ ਵੇ
ਪਿੱਪਲ ਦਿਆ ਪੱਤਿਆ, ਜੋ ਤੇਰੇ ਕੰਮ ਅਧੂਰੇ ਵੇ
ਲੈ ਸਹਾਰਾ ਗਾਂਧੀ-ਨੋਟਾਂ ਦਾ, ਸਭ ਹੋਣਗੇ ਪੂਰੇ ਵੇ
ਪਿੱਪਲ ਦਿਆ ਪੱਤਿਆ, ਰੋਟੀ ਬਿਨ ਸੁੰਨੇ ਛਾਬੇ ਵੇ
ਗਰੀਬ ਜੂਨ ਪਹਾੜੇ ਦੀ, ਐਸ਼ ਉਡਾਂਦੇ ਢੌਂਗੀ ਬਾਬੇ ਵੇ
ਪਿੱਪਲ ਦਿਆ ਪੱਤਿਆ, ਹੋਰ ਕੀ ਹਾਲ ਸੁਣਾਵਾਂ ਵੇ
ਅੱਖਾਂ ਬੰਦ ਗਰੀਬੜੇ ਲਈ, ਤਕੜੇ ਦਿਲੀਂ ਵਸਾਵਾਂ ਵੇ
ਪਿੱਪਲ ਦਿਆ ਪੱਤਿਆ, ਕਿਉਂ ਮੁੱਖ ਕੁਮਲਾਇਆ ਵੇ
ਖੜ-ਖੜ ਕੌਣ ਸੁਣਂੇ, ਯੁੱਗ ਡੀ.ਜੇ. ਦਾ ਆਇਆ ਐ ਵੇ
ਪਿੱਪਲ ਦਿਆ ਪੱਤਿਆ, ਕਿਉਂ ਹੰਝੂ ਕੇਰੇ ਵੇ
ਅੱਜ ਦੁਸ਼ਮਣ ਬਣ ਨਿਬੜੇ, ਜੋ ਸਾਥੀ ਤੇਰੇ ਵੇ
ਪਿੱਪਲ ਦਿਆ ਪੱਤਿਆ, ਤੇਰੇ ਚਰਨੀਂ ਹੱਥ ਲਾਵਾਂ ਵੇ
ਸਫਲ ਲੋਕ ਰਾਜ ਹੋਵੇ, ਲੱਖ-ਲੱਖ ਸ਼ੁਕਰ ਮਨਾਵਾਂ ਵੇ
ਪਿੱਪਲ ਦਿਆ ਪੱਤਿਆ, ਗੱਲ ਆਖਰੀ ਕਹਿੰਦਾ ਹਾਂ
ਅਰਜ਼ ਸੁਣ ਲਵੀਂ ‘ਸਾਧੂ’ ਦੀ, ‘ਲੰਗਆਣੇ’ ਵਿੱਚ ਰਹਿੰਦਾ ਹਾਂ
ਵੇ ਕਦੇ ਸੁਣ ਲੈ ‘ਸਾਧੂ’ ਦੀ, ‘ਲੰਗੇਆਣੇ’ ਵਿੱਚ ਰਹਿੰਦਾ ਹਾਂ