ਤਾਈ ਨਿਹਾਲੀ ਦਾ ਸੇਵਾਦਾਰ ਮੁਰਗਾ (ਵਿਅੰਗ )

ਸਾਧੂ ਰਾਮ ਲੰਗਿਆਣਾ (ਡਾ.)   

Email: dr.srlangiana@gmail.com
Address: ਪਿੰਡ ਲੰਗੇਆਣਾ
ਮੋਗਾ India
ਸਾਧੂ ਰਾਮ ਲੰਗਿਆਣਾ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤਾਈ ਨਿਹਾਲੀ ਕੇ ਅਤੇ ਉਨ੍ਹਾਂ ਦੇ ਤਿੰਨ ਹੋਰ ਸ਼ਰੀਕੇ ਵਾਲਿਆਂ ਨੇ 3 ਕੁ ਸਾਲ  ਪਹਿਲਾਂ ਪਿੰਡ ਤੋਂ ਇੱਕ ਕਿਲੋਮੀਟਰ ਦੂਰ ਆਪਣੀ ਨਿਆਈਂ ਵਾਲੀ ਜ਼ਮੀਨ ਵਿੱਚ ਘਰ ਪਾ ਲਏ ਸਨ। ਪਿਛਲੇ ਇੱਕ ਸਾਲ ਤੋਂ ਸਾਰੇ ਘਰਾਂ ਨੇ ਮੁਰਗੇ-ਮੁਰਗੀਆਂ ਪਾਲਣ ਦਾ ਸਹਾਇਕ ਧੰਦਾ ਸ਼ੁਰੂ ਕਰ ਦਿੱਤਾ ਸੀ। ਬਾਕੀ ਤਾਂ ਘਰਾਂ ਵਾਲਿਆਂ ਨੇ ਮੁਰਗੀਆਂ ਨੂੰ ਛੱਡ ਮੁਰਗਿਆਂ ਨੂੰ ਦੋ-ਤਿੰਨ ਕੁ ਮਹੀਨਿਆਂ ਚ ਹੀ ਕੂਕਰ ਚ ਰਿੰਨ-ਰਿੰਨ ਕੇ ਸੰਪਟ ਕਰ ਦਿੱਤਾ। ਪ੍ਰੰਤੂ ਤਾਈ ਨਿਹਾਲੀ ਕਿਆਂ ਨੇ ਮੁਰਗਿਆਂ ਨੂੰ ਖਾਧਾ ਤਾਂ ਨਹੀਂ ਸੀ ਉਨ੍ਹਾਂ ਦੇ 5 ਮੁਰਗਿਆਂ ਚੋਂ 4 ਮੁਰਾਗੇ ਵਿਚਾਰੇ ਕਿਸੇ ਬਿਮਾਰੀ ਕਰਨ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਸਨ ਜਿੰਨ੍ਹਾਂ ਚੋਂ ਸਿਰਫ ਇੱਕ ਹੀ ਬਚਿਆ ਆ ਰਿਹਾ ਸੀ। ਹੁਣ ਸਾਰੇ ਘਰਾਂ ਦੀਆਂ ਮੁਰਗੀਆਂ ਅੰਡੇ ਦੇਣ ਲੱਗ ਪਈਆਂ ਸਨ।ਤਾਈ ਨਿਹਾਲੀ ਕੇ ਤਾਂ ਆਪਣੀਆਂ ਮੁਰਗੀਆਂ ਨੂੰ ਘਰੋਂ ਬਾਹਰ ਨਾਂ ਜਾਣ ਦਿੰਦਾ ਤੇ ਦੂਸਰੇ ਘਰਾਂ ਦੀਆਂ ਮੁਰਗੀਆਂ ਤਾਈ ਕੇ ਘਰੇ ਜ਼ਰੂਰ ਆਉਂਦੀਆਂ-ਜਾਂਦੀਆਂ ਸਨ ਅਤੇ ਕਈ ਅੰਡੇ ਵੀ ਉਹ ਤਾਈ ਕੇ ਘਰ ਹੀ ਦੇ ਜਾਂਦੀਆਂ ਸਨ, ਜਦੋਂ ਮੁਰਗੀ ਮਾਲਕ ਗਵਾਂਢੀ ਤਾਈ ਕਿਆਂ ਨੂੰ ਆਂਡਿਆਂ ਬਾਰੇ ਪੁੱਛਦੇ ਤਾਂ ਗਰਮ ਸੁਭਾਅ ਵਾਲੀ ਤਾਈ ਨਿਹਾਲੀ ਅੱਗੋਂ ਉਨ੍ਹਾਂ ਨੂੰ ਅਲੀ-ਅਲੀ ਕਰ ਕਦਾੜ੍ਹ ਕੇ ਪੈ ਜਾਂਦੀ ਅਤੇ ਆਂਡਿਆਂ ਦੇ ਮਾਮਲੇ ਸੰਬੰਧੀ ਤਾਈ ਦਾ ਗਵਾਂਢੀਆਂ ਨਾਲ ਕਾਫੀ ਵਾਰ ਖਾਂਘੜ ਝਗੜਾ ਵੀ ਹੋ ਚੁੱਕਿਆ ਸੀ ਇਹ ਕਿ ਤਾਈ ਆਖਦੀ ਸੀ ਕਿ ਭਾਵੇਂ ਮੁਰਗੀਆਂ ਤਾਂ ਤੁਹਾਡੀਆਂ ਹੀ ਹਨ ਪਰ ਜੋ ਸਾਡੇ ਘਰੇ ਆਂਡੇ ਦੇ ਜਾਂਦੀਆਂ ਹਨ। ਉਹਨਾਂ ਆਂਡਿਆਂ ਦੇ ਅਸਲੀ ਹੱਕਦਾਰ ਮਾਲਕ ਅਸੀਂ ਹੀ ਹਾਂ, ਤੇ ਗਵਾਂਢੀ ਵਿਚਾਰੇ ਲੜਾਈ-ਝਗੜੇ ਤੋਂ ਡਰਦੇ ਤਾਈ ਮੂਹਰੇ ਚੁੱਪ ਹੋ ਜਾਂਦੇ ਪਰ ਅੰਦਰੋਂ-ਅੰਦਰੀ ਤੰਗ ਦਿਲੀ ਸਨ। ਤਾਈ ਨਾਲੇ ਆਪਣੇ ਵਾਲੀਆ ਮੁਰਗੀਆਂ ਅਤੇ ਨਾਲੇ ਗਵਾਂਢੀਆਂ ਦੀਆਂ ਮੁਰਗੀਆਂ ਵਾਲੇ ਆਂਡੇ ਵੇਚ ਕੇ ਚੋਖੀ ਕਮਾਈ ਕਰ ਰਹੀ ਸੀ।
             ਤਾਈ ਦੀ ਮਾਂ ਬਿਮਾਰ ਹੋਣ ਕਾਰਨ ਤਾਈ ਨੂੰ ਮਹੀਨਾ ਕੁ ਆਪਣੇ ਪੇਕੇ ਪਿੰਡ ਜਾਣਾ ਪੈ ਗਿਆ।
       ਹੁਣ ਗਵਾਂਢੀਆਂ ਨੇ ਤਾਏ ਨਰੈਂਣੇ ਉਪਰ ਰੋਅਬ ਅਜਮਾਉਂਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੇ ਘਰ ਜੋ ਸਾਡੀਆਂ ਮੁਰਗੀਆਂ-ਆਂਡੇ ਦਿੰਦੀਆਂ ਹਨ ਉਨ੍ਹਾਂ ਦੇ ਮਾਲਕ ਅਸੀਂ ਹਾਂ। ਇੱਕ ਦੋ ਵਾਰ ਤਾਂ ਤਾਏ ਨੇ ਵੀ ਆਂਡਾ ਮਾਲਕ ਹੋਣ ਦੀ ਅੱਗੋ ਅੜੀ-ਘੜੀ ਜਿਹੀ ਕੀਤੀ ਪ੍ਰੰਤੂ ਗਵਾਂਢੀਆਂ ਨੇ ਕੁਝ ਪਿੰਡ ਦੇ ਮੋਹਤਬਰ ਆਦਮੀਆਂ ਨੂੰ ਬੁਲਾ ਕੇ ਤਾਏ ਨਰੈਂਣੇ ਨਾਲ ਲਿਖਤ-ਪੜਤ ਕਰ ਸਹਿਮਤੀ ਕਰ ਲਈ ਕਿ ਅੱਗੇ ਤੋਂ ਗਵਾਂਢੀਆਂ ਦੇ ਆਂਡਿਆਂ ਦੇ ਮਾਲਕ ਗਵਾਂਢੀ ਹੀ ਹੋਣਗੇ  ਅਤੇ ਇਥੋਂ ਤੱਕ ਲਿਖਤ ਕੀਤੀ ਗਈ ਕਿ ਝਗੜਾ ਕਰਨ ਵਾਲੇ ਵਿਅਕਤੀ ਪ੍ਰਤੀ ਪੁਲੀਸ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਵੇਗੀ ਤੇ ਉਹ ਵਿਅਕਤੀ ਕੁਝ ਜੁਰਮਾਨਾ ਭਰਨ ਦਾ ਵੀ ਭਾਗੀ ਹੋਵੇਗਾ।
                ਮਹੀਨੇ ਬਾਅਦ ਜਿਉਂ ਹੀ ਤਾਈ ਨਿਹਾਲੀ ਵਾਪਸ ਪਰਤੀ ਤਾਂ ਗਵਾਂਢੀਆਂ ਦੀ ਧੱਕੇਸ਼ਾਹੀ ਬਾਰੇ ਜਦੋਂ ਤਾਏ ਨਰੈਂਣੇ ਨੇ ਤਾਈ ਨੂੰ ਸਾਰੀ ਵਾਰਤਾਲਾਪ ਸੁਣਾਈ ਤਾਂ ਤਾਈ ਅੱਗ ਬਬੂਲਾ ਹੁੰਦੀ ਹੋਈ ਗਵਾਂਢੀਆਂ ਨੂੰ ਭਾਜੀ ਮੋੜਨ ਲਈ ਤੱਤਪਰ ਹੁੰਦੀ ਹੋਈ ਤਾਏ ਨੂੰ ਕਹਿਣ ਲੱਗੀ ਕਿ ਨਰੈਂਣਿਆਂ ਇਹ ਗੱਲ ਚੰਗੀ ਤਾਂ ਨਹੀਂ ਹੋਈ, ਪਰ ਗੱਲ ਕਸੂਤੀ ਇਹ ਵੀ ਹੈ ਕਿ ਤੂੰ ਉਨ੍ਹਾਂ ਨਾਲ ਲਿਖਤ-ਪੜ੍ਹਤ ਕਰੀ ਬੈਠਾਂ, ਤੇਰੀ ਇੱਜ਼ਤ ਦਾ ਵੀ ਖਿਆਲ ਰੱਖਣਾ ਪੈਣਾ ਏ, ਚਲੋ ਹੁਣ ਮੈਂ ਕੇਰਾਂ ਤਾਂ ਵੇਖਦੀ ਹਾਂ ਆਪਣਾ ਤੀਰ-ਤੁੱਕਾ ਚਲਾ ਕੇ, ਚੱਲ ਗਿਆ ਤਾਂ ਤੀਰ, ਨਹੀਂ ਤੁੱਕਾ ਤਾਂ……………।
     ਦੂਜੇ ਕੁ ਦਿਨ ਜਿਉਂ ਹੀ ਗਵਾਂਢੀ ਤਾਈ ਕੇ ਘਰੋਂ ਆਪਣੀਆਂ ਮੁਰਗੀਆਂ ਦੇ ਆਂਡੇ ਚੁੱਕਣ ਆਏ ਤਾਂ ਤਾਈ ਨਿਹਾਲੀ ਅਤੇ ਤਾਇਆ ਨਰੈਂਣਾ ਉਨ੍ਹਾਂ ਨਾਲ ਗੁੱਥਮ ਗੁੱਥੇ ਹੋ ਪਏ।
  ਗਵਾਂਢੀਆਂ ਨੇ ਤਾਏ ਨਰੈਂਣੇ ਨਾਲ ਕੀਤੀ ਗਈ ਲਿਖਤ ਅਨੁਸਾਰ ਪਿੰਡ ਦੇ ਇਕੱਲੇ ਪੰਚਾਇਤੀ ਨੁਮਾਇੰਦੇ ਹੀ ਨਹੀਂ ਸਗੋਂ ਪੁਲੀਸ ਥਾਣੇ ਵੀ ਰਿਪਟ ਦੇਣ ਤੇ ਜਿਉਂ ਹੀ ਪੁਲੀਸ ਕਰਮਚਾਰੀ ਜਿੰਨ੍ਹਾਂ ਚ ਮਹਿਲਾ ਥਾਣੇਦਾਰਨੀ, ਪਿੰਡ ਦੀ ਸਰਪੰਚਣੀ ਤੇ ਹੋਰ ਪਤਵੰਤੇ ਉਨ੍ਹਾਂ ਦੇ ਘਰ ਵੱਲ ਨੂੰ ਆਉਣ ਲੱਗੇ ਤਾਂ ਤਾਈ ਕਿਆਂ ਨੇ ਉਨ੍ਹਾਂ ਨੂੰ ਦੂਰੋਂ ਦੇਖ ਪਟੱਕ ਦੇਣੇਂ ਅੰਦਰੋਂ ਬੂਹਾ ਬੰਦ ਕਰ ਲਿਆ ਤਾਂ ਬਾਹਰੋਂ ਖੜੀ ਥਾਣੇਦਾਰਨੀ ਨੇ ਆਪਣੀ ਵਰਦੀ ਦਾ ਰੋਹਬ ਅਜਮਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਤਾਈ ਨੇ ਕੋਈ ਪ੍ਰਵਾਹ ਨਾਂ ਕੀਤੀ ਸਗੋਂ ਤਾਇਆ ਤਾਂ ਚੁੱਪਚਾਂਦ ਹੋ ਗਿਆ ਪ੍ਰੰਤੂ ਤਾਈ ਨੇ ਨਿਡਰਤਾ ਨਾਲ ਘਰ ਅੰਦਰੋਂ ਪੰਚਾਇਤ ਅਤੇ ਥਾਣੇਦਾਰਨੀ ਨੂੰ ਸਵਾਲ ਕਰਦਿਆਂ ਕਿਹਾ ਕਿ ਅਸੀਂ ਆਪਣਾ ਦਰਵਾਜ਼ਾ ਤਾਂ ਨਹੀਂ ਖੋਲਣਾਂ, ਜੇਕਰ ਤੁਸੀਂ ਕੋਈ ਗੱਲਬਾਤ ਕਰਨੀਂ ਚਾਹੁੰਦੇ ਹੋ ਤਾਂ ਗਲੀ ਵਿੱਚ ਖੜ ਕੇ ਹੀ ਕਰ ਸਕਦੇ ਹੋ।
      ਅੱਗੋਂ ਸਰਪੰਚਣੀ, ਥਾਣੇਦਾਰਨੀ ਅਤੇ ਆਂਡੇ ਮਾਲਕਾਂ ਦੀਆਂ ਇਕੱਠੀ ਅਵਾਜ਼ ਆਈ ਕਿ ਜੋ ਤੁਹਾਡੇ ਘਰ ਦੂਸਰੀਆਂ ਮੁਰਗੀਆਂ ਨੇ ਆਂਡੇ ਦਿੱਤੇ ਹਨ ਉਹਨਾਂ ਦੇ ਤੁਸੀਂ ਹੱਕਦਾਰ ਨਹੀਂ ਹੋ, ਉਹ ਵਾਪਸ ਕਰੋ ਅਤੇ ਨਾਲੇ ਲਿਖਤ ਅਨੁਸਾਰ ਜ਼ੁਰਮਾਨਾ ਭਰੋ, ਨਾਲੇ ਅਗਾਂਹ ਨੂੰ ਜ਼ੁਬਾਨ ਤੇ ਰਹੋ।
  ਅੱਗੋਂ ਤਾਈ ਬੋਲੀ, “ਆਂਡਾ ਮਾਲਕ ਅਸੀ ਹਾਂ”।
ਫਿਰ ਥਾਣੇਦਾਰਨੀ ਗਰਜੀ, “ ਆਂਡਾ ਮਾਲਕ ਗਵਾਂਢੀ ਹਨ।”
ਕਿਉਂਕਿ ਉਨ੍ਹਾਂ ਦੀਆਂ ਮੁਰਗੀਆਂ ਨੇ ਹੀ ਆਂਡੇ ਦਿੱਤੇ ਹਨ ਜਲਦੀ ਬੂਹਾ ਖੋਲੋ, ਆਂਡੇ ਕੱਢੋ, ਵਰਨਾ ਪੁਲੀਸ ਸਖਤੀ ਨਾਲ ਪੇਸ਼ ਆਵੇਗੀ।
ਤਾਈ (ਫਿਰ):- ਆਂਡਾ ਮਾਲਕ ਅਸੀਂ………
ਥਾਣੇਦਾਰਨੀ:_ ਤੁਸੀਂ ਗੁਨਾਹਗਾਰ ਹੋ… ਮੈਂ ਸਜ਼ਾ ਦੇ ਨਾਲ-ਨਾਲ ਤੁਹਾਨੂੰ ਭਾਰੀ ਜੁਰਮਾਨਾ ਵੀ ਕਰਾਂਗੀ ਨਾਲੇ ਹੁਣ ਤੁਹਾਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਧੱਕਣਾ ਹੀ ਪੈਣੇਂ……
   ਥਾਣੇਦਾਰਨੀ ਦਾ ਰੋਅਬ ਸੁਣ ਤਾਇਆ ਤਾਂ ਅੰਦਰ ਖੜ੍ਹਾ ਥਰਨ-ਥਰਨ ਕੰਬੀ ਜਾਵੇ ਤਾਈ ਨੇ ਫਿਰ ਆਵਾਜ਼ ਦਿੰਦਿਆਂ ਕਿਹਾ ਕਿ ਥਾਣੇਦਾਰਨੀਏ, ਕੁਝ ਸਮਝ-ਵਿਚਾਰ ਲੈ… ਸਾਡੇ ਤੇ ਖਾਹ-ਖਮਾਹ ਨਜ਼ਲਾ ਝਾੜੀ ਜਾਨੀਂ ਐਂ, ਹੁਣ ਮੈਂ ਤੇਰੀ ਵੀ ਵਰਦੀ ਲੁਹਾ ਕੇ ਹੀ ਦਮ ਲਵਾਂਗੀ, ਨਾਲੇ ਗਵਾਂਢੀਆਂ ਤੇ ਧੱਕੇਸ਼ਾਹੀ ਦਾ ਕੇਸ ਦਰਜ ਕਰਵਾਂਗੀ ਕਿਉਂਕਿ ਮੈਂ ਤੈਨੂੰ ਆਖਰੀ ਵਾਰ ਆਖਦੀ ਹਾਂ ਕਿ ਆਂਡੇ ਦੇ ਹੱਕਦਾਰ ਅਸੀਂ ਹਾਂ ।
            ਤਾਈ ਦੇ ਗਰਮਜੋਸ਼ੀ ਜਵਾਬ ਚ ਹੁਣ ਥਾਣੇਦਾਰਨੀ ਕੁਝ ਨਰਮ ਹੋ ਕੇ ਕਹਿਣ ਲੱਗੀ ਕਿ ਮਾਈ ਚਲੋ ਦੱਸੋ, ਤੁਸੀਂ ਆਂਡਿਆਂ ਦੇ ਹੱਕਦਾਰ ਕਿਵੇਂ ਹੋ ਸਕਦੇ ਹੋ।
   ਅੱਗੋ ਤਾਈ ਨਿਹਾਲੀ:- ਲੈ ਸੁਣ ਲੈ ਥਾਣੇਦਾਰਨੀਏ ਅਤੇ ਪੰਚੈਤ ਵਾਲਿਓ ਨਾਲੇ ਮੁਰਗੀਆਂ ਵਾਲਿਓ ਕਿ ਥੋਡੀਆਂ ਮੁਰਗੀਆਂ ਸਾਰਾ-ਸਾਰਾ ਦਿਨ ਸਾਡੇ ਵਿਹੜੇ ਵਿੱਚ ਕਦੇ ਅੰਦਰ ਕਦੇ ਬਾਹਰ ਫਿਰਦੀਆਂ ਰਹਿੰਦੀਆਂ ਨੇ, ਅਸੀਂ ਕਦੇ ਕੋਈ ਇਤਰਾਜ ਨਹੀਂ ਕੀਤਾ। ਜਦੋਂ ਸਾਡਾ ਮੁਰਗਾ ਥੋਡੇ ਘਰਾਂ ਚੋਂ ਦੋ-ਦੋ ਦਿਨ ਵਾਪਸ ਨਹੀਂ ਮੁੜਦਾ ਤਾਂ ਵੀ ਅਸੀਂ ਕੋਈ ਪ੍ਰਵਾਹ ਨਹੀਂ ਕੀਤੀ। ਕਿ ਚਲ ਹੋਊ… ਹੁਣ ਅਗਾਂਹ ਨੂੰ ਸਾਰੇ ਗਵਾਂਢੀ ਆਪੋ-ਆਪਣੀਆਂ ਮੁਰਗੀਆਂ ਨੂੰ ਵਰਜ ਕੇ ਰੱਖਣ…। ਹੁਣ ਮੈਂ ਥੋਡੇ ਸਾਰਿਆਂ ਗਵਾਂਢੀਆਂ ਉਪਰ ਇੱਜ਼ਤ-ਹੱਤਕ ਦਾ ਕੇਸ ਦਰਜ ਕਰਵਾਉਣੈਂ, ਕਿਉਂਕਿ ਥੋਡੀਆਂ ਮੁਰਗੀਆਂ ਨੇ ਸਾਡੇ ਮੁਰਗੇ ਦਾ ਚਾਲ-ਚੱਲਣ ਖਰਾਬ ਕਰਕੇ ਰੱਖ ਦਿੱਤੈ। ਨਾਲੇ ਥਾਣੇਦਾਰਨੀਏਂ ਤੂੰ ਸਹੀ-ਸਹੀ ਇਨਸਾਫ ਕਰੀਂ ਕਿ ਵਈ ਇਹ ਸਾਰੇ ਜਾਣੇ ਆਪਣੇ ਵਾਲੇ ਮੁਰਗੇ ਤਾਂ ਖਾ ਗਏ ਭੁੰਨ-ਭੁੰਨ ਕੇ, ਤੇ ਹੁਣ ਸਾਰੀਆਂ ਮੁਰਗੀਆਂ ਦਾ ਸੇਵਾਦਾਰ ਰਹਿ ਗਿਆ ਵਿਚਾਰਾ ਸਾਡਾ ਮੁਰਗਾ, ਨਾਲੇ ਮੇਰੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪੋ-ਆਪਣੀਆਂ ਮੁਰਗੀਆਂ ਨੂੰ ਸਾਡੇ ਘਰ ਆਉਣ ਤੋਂ ਵਰਜ ਕੇ ਰੱਖਣ, ਪਰ ਹੁਣ ਤੂੰ ਕੇਰਾਂ ਮੇਰੀ ਗੱਲ ਤਾਂ ਜਵਾਬ ਦੇ ਕੇ ਦੱਸ ਕਿ ਆਂਡਾ ਮਾਲਕ ਅਸੀਂ ਕਿ ਮੁਰਗੀਆਂ ਵਾਲੇ……।
        (ਅੱਗੋਂ ਥਾਣੇਦਾਰਨੀ ਤੇ ਸਾਰੇ ਪੰਚਾਇਤੀ ਖਸਿਆਨੇ ਜਿਹੇ ਮੂਡ ਚ…):- ਭਾਈ ਅਗਾਂਹ ਤੋਂ ਆਂਡੇ ਇਮਾਨਦਾਰੀ ਨਾਲ ਵੰਡ ਕੇ ਅੱਧੋ-ਅੱਧ ਕਰ ਲਿਆ ਕਰੋ, ਹੁਣ ਲਾਜਵਾਬ ਹੋਏ ਸਾਰੇ ਮੁਰਗੀ ਮਾਲਕ ਸਹਿਮਤੀ ਪ੍ਰਗਟਾਉਂਦੇ ਹੋਏ ਪਲਾਂ ਚ ਹੀ ਪਿੱਛੇ ਵੱਲ ਨੂੰ  ‘ਨੌਂ ਦੋ ਗਿਆਰਾਂ ’ ਹੋ ਗਏ…