ਸਾਹਿਤ ਬਗੀਚੀ ਨੂੰ ਸਿੰਜਣ ਵਾਲਾ ਮਾਲੀ (ਲੇਖ )

ਦਰਸ਼ਨ ਸਿੰਘ ਆਸ਼ਟ (ਡਾ.)   

Email: dsaasht@yahoo.co.in
Phone: +91 175 2287745
Cell: +91 98144-23703
Address: ਈ-ਟਾਈਪ ਪੰਜਾਬੀ ਯੂਨੀਵਰਸਿਟੀ ਕੈਂਪਸ
ਪਟਿਆਲਾ India
ਦਰਸ਼ਨ ਸਿੰਘ ਆਸ਼ਟ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬੀ ਸਾਹਿਤ, ਪੰਜਾਬੀ ਅਧਿਆਪਨ ਅਤੇ ਪੰਜਾਬੀ ਪਤਰਕਾਰੀ ਦੀ ‘ਤ੍ਰਿਕੜੀ’ ਵਜੋਂ ਜਾਣੇ ਜਾਂਦੇ ਸਨ ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ।ਬੀਤੀ 5 ਜੁਲਾਈ, 2011 ਨੂੰ ਉਹ ਦੁਪਹਿਰ ਬਾਰਾਂ ਵਜੇ ਸਵਰਗ ਸਿਧਾਰ ਗਏ ਸਨ।  ਪ੍ਰਿੰਸੀਪਲ ਪ੍ਰੇਮ ਸਖ਼ਤ ਮਿਹਨਤ ਨਾਲ ਕਾਮਯਾਬੀ ਦੇ ਉਚ ਮੁਕਾਮ ’ਤੇ ਅਪੜੇ।ਨਾਵਲਕਾਰ ਨਾਨਕ ਸਿੰਘ, ਕਹਾਣੀਕਾਰ ਸੁਜਾਨ ਸਿੰਘ ਅਤੇ ਸੰਤ ਇੰਦਰ ਸਿੰਘ ਚਕਰਵਰਤੀ ਵਰਗੇ ਵਿਦਵਾਨਾਂ ਦੇ ਨਿਕਟਵਰਤੀ ਰਹੇ ਪ੍ਰਿੰਸੀਪਲ ਪ੍ਰੇਮ ਦੀ ਸ਼ਖ਼ਸੀਅਤ ਵਿਚ ਇਕ ਚੁੰਬਕੀ ਖਿਚ ਸੀ। ਪਾਕਿਸਤਾਨ ਵਿਚ ਵਸੇਬੇ ਦੌਰਾਨ ਵਿਦਿਆਰਥੀ ਜੀਵਨ ਵਿਚ ਉਹਨਾਂ ਨੇ ਮਾਸਟਰ ਤਾਰਾ ਸਿੰਘ ਦੇ ਇਤਿਹਾਸਕ ਨਾਵਲ ‘ਪ੍ਰੇਮ ਲਗਨ’ ਦੇ ਨਾਇਕ ਮੋਹਨ ਸਿੰਘ ਦੇ ਚਰਿਤਰ ਤੋਂ ਪ੍ਰਭਾਵਿਤ ਹੋ ਕੇ  ਆਪਣਾ ਨਾਂ ‘ਮੋਹਨ ਲਾਲ’ ਤੋਂ ਬਦਲ ਕੇ ਮੋਹਨ ਸਿੰਘ ‘ਪ੍ਰੇਮ’ ਰਖ ਲਿਆ। 
   15 ਸਤੰਬਰ, 1928 ਨੂੰ ਪਾਕਿਸਤਾਨ ਦੇ ਪਿਸ਼ਾਵਰ ਜ਼ਿਲੇ ਦੀ ਨੌਸ਼ਹਿਰਾ ਤਹਿਸੀਲ ਦੇ ਪਿੰਡ ਅਕੌੜਾ ਖਟਕ ਵਿਚ ਪੈਦਾ ਹੋਏ ਪ੍ਰੇਮ ਹੁਰਾਂ ਦਾ ਪਰਿਵਾਰ ਬਾਦ ਵਿਚ ਰਿਸਾਲਪੁਰ ਛਾਉਣੀ ਆ ਗਿਆ। ਮੁਲਕ ਦੀ ਵੰਡ ਸਮੇਂ ਉਨ੍ਹਾਂ ਦੀ ਉਮਰ ਵੀਹ ਸਾਲਾਂ ਦੀ ਸੀ।  ਫਿਰ ਖੰਨਾ ਪਹੁੰਚੇ। ਖੰਨੇ ਦੀ ਹੀ ਗਲ ਹੈ। ਵੰਡ ਦੇ ਦਿਨਾਂ ਇਧਰ ਦਾ ਹੀ ਇਕ ਜਨੂੰਨੀ ਬੰਦਾ ਮੁਸਲਮਾਨ ਇਸਤਰੀ ਪਿਛੇ ਬਰਛਾ ਲੈ ਕੇ ਵਾਹੋਦਾਹੀ ਦੌੜਿਆ ਜਾ ਰਿਹਾ ਸੀ। ਪ੍ਰਿੰਸੀਪਲ ਸਾਹਿਬ ਨੇ ਉਸ ਨੂੰ ਉਚੀ ਆਵਾਜ਼ ਵਿਚ ਲਲਕਾਰਿਆ, “ਇਸਤਰੀ ਤੇ ਵਾਰ ਕਰਨਾ ਚੰਗਾ ਨਹੀ ਹੁੰਦਾ।” ਇਹ ਸੁਣ ਕੇ ਗੁਸੇ ਵਿਚ ਪਾਗਲ ਹੋਏ ਉਸ ਜਨੂੰਨੀ ਨੇ ਆਪਣਾ ਬਰਛਾ ਪ੍ਰੇਮ ਜੀ ਦੀ ਛਾਤੀ ਵਲ ਮਾਰਿਆ, ਪਰ ਐਨ ਉਸੇ ਸਮੇਂ ਮਾਸੀ ਦੇ ਪੁਤਰ ਫਕੀਰ ਸਿੰਘ ਨੇ ਉਨ੍ਹਾਂ ਨੂੰ ਪਿਛਾਂਹ ਖਿਚ ਲਿਆ ਤੇ ਪ੍ਰੇਮ ਜੀ ਨਿਸ਼ਾਨੇ ਤੋਂ ਬਚ ਗਏ। ਜਿ਼ੰਦਗੀ ਤੇ ਮੌਤ ਵਿਚਲੇ ਕੇਵਲ ਇਕ ਗਿਠ ਦੇ ਉਸ ਫਾਸਲੇ ਨੂੰ ਉਹ ਜਿ਼ੰਦਗੀ ਭਰ ਨਹੀਂ ਭੁਲਾ ਸਕੇ। 
Photo
ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਦੀ ਮਿਜ਼ਾਜਪੁਰਸ਼ੀ ਲਈ ਪਹੁੰਚੇ ਪੰਜਾਬੀ ਯੂਨੀਵਰਸਿਟੀ,
ਪਟਿਆਲਾ ਦੇ ਵਾਈਸ ਚਾਂਸਲਰ ਡਾ· ਜਸਪਾਲ ਸਿੰਘ, ਡਾ· ਦਰਸ਼ਨ ਸਿੰਘ ਆਸ਼ਟ। 
 ਖੰਨੇ ਹੁੰਦੇ ਹੋਏ ਪ੍ਰਿੰਸੀਪਲ ਪ੍ਰੇਮ ਨੇ ਪਟਿਆਲੇ ਦੇ ਧਰਮਪੁਰਾ ਬਾਜ਼ਾਰ ਵਿਚ ਆ ਕਿਆਮ ਕੀਤਾ। ਇਥੇ ਉਨ੍ਹਾਂ ਨੇ ‘ਪਟਿਆਲਾ ਗਿਆਨੀ ਕਾਲਜ’ ਸਥਾਪਿਤ ਕਰਕੇ ਗਿਆਨੀ ਕਲਾਸਾਂ ਪੜ੍ਹਾਉਣੀਆਂ ਆਰੰਭ ਕਰ ਦਿਤੀਆਂ ਸਨ।ਜਦੋਂ ਪਟਿਆਲੇ ਦੇ ਇਲਾਕੇ ਵਿਚ ਕੋਈ ਯੂਨੀਵਰਸਿਟੀ ਸਥਾਪਤ ਨਹੀਂ ਸੀ ਹੋਈ, ਉਦੋਂ ਇਹ ਕਾਲਜ ਹੀ ‘ਯੂਨੀਵਰਸਿਟੀ’ ਦੀ ਭੂਮਿਕਾ ਨਿਭਾ ਰਿਹਾ ਸੀ।ਇਸ ਕਾਲਜ ਰਾਹੀਂ ਪ੍ਰਿੰ· ਪ੍ਰੇਮ ਨੇ ਆਪਣੇ ਪੰਜਾਹ ਸਾਲਾਂ ਦੇ ਅਧਿਆਪਨ ਸਮੇਂ ਦੌਰਾਨ ਦਸ ਹਜ਼ਾਰ ਵਿਦਿਆਰਥੀਆਂ ਨੂੰ ਰੈਗੂਲਰ ਤੌਰ ਤੇ ਅਤੇ ਪਚਵੰਜਾ ਸੌ ਵਿਦਿਆਰਥੀਆਂ ਨੂੰ ਪਤਰ ਵਿਹਾਰ ਸਿਖਿਆ ਪ੍ਰਣਾਲੀ ਰਾਹੀਂ ਗਿਆਨੀ ਅਤੇ ਐਮ·ਏ· ਪੰਜਾਬੀ ਦੀ ਤਾਲੀਮ ਦਿਤੀ ਹੈ।ਉਸ ਸਮੇਂ ਦੀਆਂ ਪ੍ਰਸਿਧ ਸ਼ਖ਼ਸੀਅਤਾਂ ਵਿਚੋਂ ਬਾਬਾ ਪ੍ਰੇਮ ਸਿੰਘ ਹੋਤੀ, ਡਾ·ਜੀਤ ਸਿੰਘ ਸੀਤਲ, ਡਾ·ਗੰਡਾ ਸਿੰਘ, ਨਾਨਕ ਸਿੰਘ, ਹੀਰਾ ਸਿੰਘ ਦਰਦ, ਸੁਜਾਨ ਸਿੰਘ, ਸੰਤ ਇੰਦਰ ਸਿੰਘ ਚਕਰਵਰਤੀ, ਗਿਆਨੀ ਨਿਹਾਲ ਸਿੰਘ ਰਸ, ਸ਼ਮਸ਼ੇਰ ਸਿੰਘ ਅਸ਼ੋਕ, ਪ੍ਰਿੰ· ਸ·ਸ·ਅਮੋਲ, ਗਿਆਨੀ ਲਾਲ ਸਿੰਘ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਗੁਲਵੰਤ ਸਿੰਘ, ਪ੍ਰੋ·ਪਿਆਰਾ ਸਿੰਘ ਪਦਮ ਅਤੇ ਬਲਵੰਤ ਗਾਰਗੀ ਆਦਿ ਇਸ ਕਾਲਜ ਨਾਲ ਜੁੜੇ ਹੋਏ ਸਨ। ਡਾ·ਦਲੀਪ ਕੌਰ ਟਿਵਾਣਾ, ਚੰਦਨ ਨੇਗੀ, ਅਜਮੇਰ ਔਲਖ, ਕਿਰਪਾਲ ਕਜ਼ਾਕ, ਆਤਮਜੀਤ, ਜਸਟਿਸ ਕੁਲਦੀਪ ਸਿੰਘ ਵਰਗੀਆਂ ਦਰਜ਼ਨਾਂ ਸਾਹਿਤਕ ਹਸਤੀਆਂ ਨੇ ਵੀ ਇਸੇ ਵਿਦਿਅਕ ਸੰਸਥਾ ਤੋਂ ਸਿਖਿਆ ਗ੍ਰਹਿਣ ਕੀਤੀ ਹੈ। 
   ਸਾਹਿਤਕ ਪਿੜ ਵਿਚ ਉਨ੍ਹਾਂ ਦਾ ਪ੍ਰਵੇਸ਼ ‘ਅਨਾਥ’  ਕਹਾਣੀ ਲਿਖਣ ਨਾਲ ਹੋਇਆ ਜੋ 1943 ਵਿਚ ਲਿਖੀ ਸੀ। ਇਹ ਲਾਹੌਰੋਂ ਛਪਣ ਵਾਲੇ ਪਰਚੇ ‘ਫ਼ਤਹਿ’ ਵਿਚ ਉਹਨਾਂ ਹੀ ਦਿਨਾਂ ਵਿਚ ਛਪੀ ਸੀ। ਉਹਨਾਂ ਨੂੰ ਲੇਖਕ ਬਣਾਉਣ ਵਿਚ ‘ਪ੍ਰੀਤ ਲੜੀ’ ਦਾ ਵਡਾ ਹਥ ਹੈ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਪਿਆਰ ਫਲਸਫ਼ੇ ਨੇ ਪ੍ਰੇਮ ਜੀ ਦੀ ਵਿਚਾਰਧਾਰਾ ਵਿਚ ਤਬਦੀਲੀ ਲਿਆਂਦੀ। ਉਹ ਆਖਦੇ ਸਨ ਕਿ ਜੇਕਰ ਉਨ੍ਹਾਂ ਦੇ ਮਾਮਾ ਕ੍ਰਿਸ਼ਨ ਚੰਦ ਹੁਰੀਂ ਉਨ੍ਹਾਂ ਨੂੰ ਇਹ ਰਸਾਲਾ ਪੜ੍ਹਨ ਲਈ ਪ੍ਰੇਰਿਤ ਨਾ ਕਰਦੇ ਤਾਂ ਸ਼ਾਇਦ ਅਜ ਉਹ ਪੰਜਾਬੀ ਲੇਖਕ ਦੀ ਥਾਂ ਕੋਈ ਮੰਤਰੀ ਵਗੈਰਾ ਹੁੰਦੇ।
   1945 ਤਕ ਪ੍ਰੇਮ ਜੀ 12 ਕਹਾਣੀਆਂ ਦੀ ਰਚਨਾ ਕਰ ਚੁਕੇ ਸਨ। ਉਨ੍ਹਾਂ ਦੀ ਪਹਿਲੀ ਪੁਸਤਕ ‘ਪੁਸ਼ਪ ਕਲੀਆਂ’ ਇਹਨਾਂ ਕਹਾਣੀਆਂ ਉਪਰ ਹੀ ਆਧਾਰਿਤ ਹੋਣੀ ਸੀ। ਇਸ ਤੋਂ ਪਹਿਲਾਂ ਕਿ ਇਹ ਕਹਾਣੀ ਸੰਗ੍ਰਹਿ ਪ੍ਰੈਸ ਵਿਚ ਛਪਾਈ ਲਈ ਜਾਂਦਾ, ਰਾਜਨੀਤਕ ਅਤੇ ਭੂਗੋਲਿਕ ਉਥਲ ਪੁਥਲ ਹੋ ਗਈ ਜਿਸ ਕਰਕੇ ਇਹ ਅਹਿਮ ਖਰੜਾ ਪਾਕਿਸਤਾਨ ਵਿਚ ਰਿਸਾਲਪੁਰ ਵਾਲੇ ਘਰ ਵਿਚ ਹੀ ਰਹਿ ਗਿਆ ਜੋ ਮੁੜ ਕੇ ਉਨ੍ਹਾਂ ਦੇ ਹਥ ਨਾ ਆਇਆ। ਉਂਜ਼ ਪ੍ਰਕਾਸਿ਼ਤ ਰੂਪ ਵਿਚ ਉਨ੍ਹਾਂ ਦੀ ਪਹਿਲੀ ਪੁਸਤਕ ‘ਪਿਆਰ ਨਿਸ਼ਾਨੀ’ (ਨਾਵਲ) ਹੈ ਜੋ 1946 ਵਿਚ ਛਪੀ। ਇਸ ਨਾਵਲ ਦਾ ਵਿਸ਼ਾ ਅਛੂਤੇ ਪਿਆਰ ਦੀ ਦਾਸਤਾਨ ਉਪਰ ਕੇਂਦ੍ਰਿਤ ਹੈ। 
    ‘ਪਿਆਰ ਨਿਸ਼ਾਨੀ’ (ਨਾਵਲ) ਤੋਂ ਇਲਾਵਾ ਉਨ੍ਹਾਂ ਨੇ ‘ਪੰਜਾਬੀ ਸਾਹਿਤ ਦਾ ਇਤਿਹਾਸ’(1979) ਅਤੇ ‘ਸਾਹਿਤ ਸਰੂਪ ਤੇ ਸਮਾਲੋਚਨਾ’(1979) ਵੀ ਲਿਖੀਆਂ। ਪ੍ਰਕਾਸਿ਼ਤ ਹੋ ਚੁਕੀਆਂ ਹਨ ਅਤੇ ਦੋ ਹੋਰ ਨਾਵਲ ਤੇ ਕਹਾਣੀ ਸੰਗ੍ਰਹਿ ਵੀ ਪਰੰਤੂ ’ਕਹਾਣੀ’ ਵੰਨਗੀ ਨਾਲ ਮੇਰੀ ਜਜ਼ਬਾਤੀ ਸਾਂਝ ਰਹੀ ਹੈ। ਇਸ ਪਿਛੇ ਉਨ੍ਹਾਂ ਦੇ ਪਰਮ ਮਿਤਰ ਕਹਾਣੀਕਾਰ ਸੁਜਾਨ ਸਿੰਘ ਦਾ ਪ੍ਰਭਾਵ ਵੀ ਹੈ। ਉਸ ਦੀ ਪੰਜਾਬੀ ਕਹਾਣੀ ਪ੍ਰਤੀ ਪ੍ਰਤਿਬਧਤਾ ਨੇ ਪ੍ਰੇਮ ਹੁਰਾਂ ਨੂੰ ਅੰਦਰੋਂ ਅਜਿਹਾ ਹਲੂਣਿਆ ਕਿ ਉਨ੍ਹਾਂ ਨੂੰ ਇਸ ਵੰਨਗੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਇਕ ਯੋਜਨਾ ਵਿਢਣੀ ਪਈ।
   ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਨੇ 1947 ਵਿਚ ਇਕ ਮਾਸਿਕ ਰਸਾਲਾ ‘ਪਹੁਫੁਟੀ’ ਕਢਣਾ ਸ਼ੁਰੂ ਕੀਤਾ ਸੀ। ਜਦੋਂ ਉਨ੍ਹਾਂ ਨੂੰ 1982 ਵਿਚ ਭਾਸ਼ਾ ਵਿਭਾਗ, ਪੰਜਾਬ ਨੇ 5100 ਰੁਪਏ ਦਾ ‘ਸ਼੍ਰੋਮਣੀ ਪੰਜਾਬੀ ਪਤਰਕਾਰ’ ਪੁਰਸਕਾਰ ਪ੍ਰਦਾਨ ਕੀਤਾ ਤਾਂ ਉਹਨਾਂ ਉਹ ਰਾਸ਼ੀ ਪੰਜਾਬੀ ਕਹਾਣੀ ਮੁਕਾਬਲਿਆਂ ਦਾ ਆਯੋਜਨ ਕਰਕੇ ਕਹਾਣੀਕਾਰਾਂ ਦੇ ਲੇਖੇ ਲਗਾ ਦਿਤੀ। ਉਨ੍ਹਾਂ ਨੇ ਹੁਣ ਤਕ 8 ਪੰਜਾਬੀ ਕਹਾਣੀ ਮੁਕਾਬਲੇ ਕਰਵਾਏ ਅਤੇ ਨਵੇਂ ਅਤੇ ਨਾਮੀ ਕਹਾਣੀਕਾਰਾਂ ਦੀਆਂ ਤਕਰੀਬਨ 700 ਕਹਾਣੀਆਂ ਪ੍ਰਾਪਤ ਕੀਤੀਆਂ। ਪਹਿਲੇ, ਦੂਜੇ ਤੇ ਤੀਜੇ ਦਰਜ਼ੇ ਤੇ ਰਹਿਣ ਵਾਲੇ ਕਹਾਣੀਕਾਰ ਨੂੰ ਨਗਦ ਰਾਸ਼ੀਆਂ ਨਾਲ ਸਨਮਾਨਦੇ ਰਹੇ।ਪੰਜਾਬੀ ਵਿਚ ‘ਨਾਵਲਿਟ’ ਵੰਨਗੀ ਦੀ ਸ਼ੁਰੂਆਤ ਉਨ੍ਹਾਂ ਦੇ ਨਾਵਲਿਟ ‘ਨਾਵਲੀ’ ਨਾਲ ਹੀ ਹੁੰਦੀ ਹੈ ਜਿਸ ਨੂੰ ਉਨ੍ਹਾਂ ਨੇ ‘ਦੀਵਾ ਸਹਿਜ ਬਲੇ’ ਦਾ ਨਾਂ ਦਿਤਾ। ਉਨ੍ਹਾਂ ਨੇ ਪੰਜਾਬੀ ਸਾਹਿਤ ਸਭਾ (ਰਜਿ·) ਪਟਿਆਲਾ ਦੇ ਪ੍ਰਧਾਨ ਵਜੋਂ ਲੰਮਾ ਅਰਸਾ ਕੰਮ ਕੀਤਾ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਯੋਗਦਾਨ ਪਾਇਆ।ਉਹ ਆਖ਼ਰੀ ਸਮਿਆਂ ਤਕ ਵੀ ਸਾਹਿਤ ਸਭਾਵਾਂ ਦੇ ਸਮਾਗਮਾਂ ਵਿਚ ਪੁਜਦੇ ਰਹੇ।ਉਹਨਾਂ ਨੇ ਪੰਜਾਬੀ ਸਾਹਿਤ ਸਭਾ ਪਟਿਆਲਾ ਦਾ ਦਾਇਰਾ ਵਸੀਹ ਕੀਤਾ ਅਤੇ ਇਸ ਨੂੰ ਹਰ ਤਰ੍ਹਾਂ ਦੀਆਂ ਔਕੜਾਂ ਤੋਂ ਬਚਾ ਕੇ ਰਖਿਆ। ਸਭਾ ਦਾ ਮੁਖ ਦਫਤਰ ਉਨ੍ਹਾਂ ਨੇ ਆਪਣਾ ਘਰ ਹੀ ਬਣਾਇਆ ਹੋਇਆ ਸੀ। ਜਿ਼ਕਰਯੋਗ ਹੈ ਕਿ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਸਤਵੰਤ ਕੌਰ ਨੇ ਸਭਾ ਦੇ ਕਾਮਿਆਂ ਅਤੇ ਲਿਖਾਰੀਆਂ ਦੀ ਖੂਬ ਆਉ ਭਗਤ ਕਰਕੇ ਉਨ੍ਹਾਂ ਦੇ ਕਾਰਜਾਂ ਵਿਚ ਪੂਰਾ ਸਾਥ ਦਿਤਾ।   
   ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਨੇ ‘ਨਵੀਂ ਸਵੇਰ’ ਨਾਂ ਦਾ ਪੰਜਾਬੀ ਅਖ਼ਬਾਰ ਵੀ ਆਰੰਭਿਆ ਜਿਸ ਦੀ ਦੇਖਰੇਖ ਅਜਕਲ੍ਹ ਉਨ੍ਹਾਂ ਦਾ ਸਪੁਤਰ ਗਗਨਦੀਪ ਆਹੂਜਾ  ਕਰ ਰਿਹਾ ਹੈ।ਪ੍ਰਿੰਸੀਪਲ ਪ੍ਰੇਮ ਨੇ ਸਵੈਜੀਵਨੀ ‘ਤੀਸਾ ਕਾ ਸੁੰਦਰ ਕਹਾਵੈ’ ਵੀ ਲਿਖੀ ਜਿਹੜੀ ਉਨ੍ਹਾਂ ਦੇ ਜੀਵਨ ਸੰਘਰਸ਼ ਅਤੇ ਪ੍ਰਾਪਤੀਆਂ ਦੀ ਦਾਸਤਾਨ ਨੂੰ ਬਿਆਨ ਕਰਦੀ ਹੈ।ਥਿੰਬੋਸਿਸ ਦੀ ਬਿਮਾਰੀ ਤੋਂ ਬਾਦ ਜਦੋਂ ਉਨ੍ਹਾਂ ਦਾ ਬੋਲਣਾ, ਸੁਣਨਾ ਤੇ ਲਿਖਣਾ ਪ੍ਰਭਾਵਿਤ ਹੋਣ ਲਗਾ ਤਾਂ ਹਮੇਸ਼ਾ ਵਾਂਗ ਉਹਨਾਂ ਨੇ ਗੁਰਬਾਣੀ ਦਾ ਓਟ ਆਸਰਾ ਲਿਆ। ਇਸ ਨੂੰ ਚਮਤਕਾਰ ਹੀ ਸਮਝੀਏ ਕਿ ਉਹ ਮੁੜ ਇਸ ਬਿਮਾਰੀ ਤੋਂ ਨੌ ਬਰ ਨੌ ਹੋ ਗਏ।ਉਹਨਾਂ ਦੀ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਵਡਮੁਲੀਆਂ ਸੇਵਾਵਾਂ ਨੂੰ ਮੁਖ ਰਖਦੇ ਹੋਏ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮੌਜੂਦਾ ਵਾਈਸ ਚਾਂਸਲਰ ਡਾ· ਜਸਪਾਲ ਸਿੰਘ ਨੇ ਉਨ੍ਹਾਂ ਦੇ ਘਰ ਜਾ ਕੇ ਨਾ ਕੇਵਲ ਉਨ੍ਹਾਂ ਦਾ ਧਰਵਾਸ ਬੰਨ੍ਹਾਇਆ ਸਗੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਉਨ੍ਹਾਂ ਨੂੰ ਆਜੀਵਨ ਫੈਲੋ ਪ੍ਰਦਾਨ ਕਰਕੇ ਆਪਣੀ ਵਿਸ਼ਾਲ ਅਤੇ ਪੰਜਾਬੀ ਪਖੀ ਸੋਚ ਦਾ ਪ੍ਰਮਾਣ ਦਿਤਾ। 
   ਮਿਤੀ 9 ਜੁਲਾਈ, 2011 ਨੂੰ ਪਟਿਆਲਾ ਦੇ ਫੁਹਾਰਾ ਚੌਕ ਨਜ਼ਦੀਕ ਗੁਰਦੁਆਰਾ ਸਿੰਘ ਸਭਾ ਵਿਖੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਅੰਤਿਮ ਅਰਦਾਸ ਕੀਤੀ ਗਈ ਜਿਸ ਵਿਚ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਵਡੀ ਗਿਣਤੀ ਵਿਚ ਲਗਭਗ ਹਰ ਖੇਤਰ ਦੀਆਂ ਨਾਮੀਂ  ਸ਼ਖ਼ਸੀਅਤਾਂ ਪੁਜੀਆਂ। 
    ਪੰਜਾਬੀ ਸਾਹਿਤ ਜਗਤ ਵਿਚ ਪ੍ਰਿੰਸੀਪਲ ਪ੍ਰੇਮ ਦਾ ਨਾਂ ਹਮੇਸ਼ਾ ਜ਼ਿੰਦਾ ਰਹੇਗਾ।ਇਸ ਦੂਰਦ੍ਰਿਸ਼ਟ ਪੰਜਾਬੀ ਕਾਮੇ ਦੇ ਜ਼ਿਕਰ ਤੋਂ ਬਗੈਰ ਪੰਜਾਬੀ ਸਾਹਿਤ ਸਭਾ ਪਟਿਆਲਾ ਦਾ ਇਤਿਹਾਸ ਅਧੂਰਾ ਹੈ।