ਬਣ ਕੇ ਚਾਨਣ ਆ ਨੀਂ ਮਾਏ
(ਗੀਤ )
ਬਣ ਕੇ ਚਾਨਣ ਆ ਨੀਂ ਮਾਏ
ਬਣ ਕੇ ਚਾਨਣ ਆ।
ਦੇਵੀਂ ਰਾਹ ਰੁਸ਼ਨਾ ਨੀਂ ਮਾਏ
ਦੇਵੀਂ ਰਾਹ ਰੁਸ਼ਨਾ।
ਤੇਰੇ ਬਾਝੋਂ ਸਾਡੇ ਰਾਹੀਂ
ਛਾਇਆ ਘੁਪ ਹਨੇਰਾ।
ਤੇਰੇ ਬਾਝੋਂ ਗੁੰਮ ਹੋ ਗਿਆ
ਸਾਡਾ ਸੋਨ ਸਵੇਰਾ।
ਲੰਬੀ ਕਾਲੀ ਰਾਤ ਮੁਕਾ ਦੇ
ਲੈ ਸੂਰਜ ਵੱਲ ਜਾ।
ਬਣ ਕੇ ਚਾਨਣ ਆ…………
ਹੱਥ ਅਨੇਕਾਂ ਸਿਰ ਤੇ ਆਉਂਦੇ
ਨਾ ਕੋਈ ਤੇਰੇ ਵਰਗਾ।
ਤੇਰੇ ਬਾਝੋਂ ਘਰ ਵੀ ਜਾਪੇ
ਸੁੰਨੇ ਡੇਰੇ ਵਰਗਾ।
ਹਰ ਵੇਲੇ ਹੀ ਰਹੇ ਉਦਾਸੀ
ਆ ਕੇ ਦੂਰ ਭਜਾ।
ਬਣ ਕੇ ਚਾਨਣ ਆ………
ਯਾਦਾਂ ਦੀ ਪੰਡ ਫੁੱਲੋਂ ਹੌਲੀ
ਵਿਚ ਮੱਤਾਂ ਹੀ ਮੱਤਾਂ।
ਹਰ ਵੇਲੇ ਹੀ ਦੇਣ ਸਹਾਰਾ
ਜੀਕਣ ਘਰ ਦੀਆ ਛੱਤਾਂ।
ਭੁੱਲ ਗਏ ਨੂੰ ਫੜ੍ਹ ਕੇ ਉਂਗਲ
ਦੇ ਤੂੰ ਰਾਹੇ ਪਾ।
ਬਣ ਕੇ ਚਾਨਣ ਆ…….
ਜੀਵਣ ਰਾਹੇ ਜੋ ਵੀ ਆਇਆ
ਉਸਨੇ ਇਕ ਦਿਨ ਜਾਣਾ।
ਮਾਂ ਦਾ ਚਾਨਣ ਸਭੇ ਮਾਨਣ
ਕੀ ਨਿਆਣਾ ਕੀ ਸਿਆਣਾ।
ਮਾਂ ਦੇ ਬੋਲ ਨਾ ‘ਗੁਰਮਾ’ ਭੁੱਲੀਂ
ਦੇਵੀਂ ਗੀਤ ਬਣਾ।
ਬਣ ਕੇ ਚਾਨਣ ਆ ਨੀਂ ਮਾਏ
ਬਣ ਕੇ ਚਾਨਣ ਆ।