ਦਿਨ ਚੜ੍ਹਿਆ ਹੈ ਲਗਦਾ ਲਿਸ਼ਕਦੇ ਤੀਰ ਜੇਹਾ
ਸੁੱਤਾ ਉੱਠਿਆ ਸੂਰਜ ਲਗਦਾ ਪੀਰ ਜੇਹਾ
ਡਾਲੀਆਂ ਪੱਤਿਆਂ ਵਿਚ ਛੁਪੀ ਕੋਈ ਜਨਤ ਹੈ
ਪੂਰਬ ਸੋਹਣਾ ਲੱਗੇ ਓਹਦੀ ਤਸਵੀਰ ਜੇਹਾ
ਰੁੱਖਾਂ ਵਿਚਦੀ ਚਾਨਣ ਹੋਇਆ ਸੁੱਖਾਂ ਲਈ
ਰਿਸ਼ਮਾਂ ਦਾ ਰੁੱਗ ਮੱਥੇ ਲਈ ਤਕਦੀਰ ਜੇਹਾ
ਹੋ ਸਕਦਾ ਹੈ ਚੀਰ ਦੇਵੇ ਉਹ 'ਨੇਰੇ ਨੂੰ
ਨੂਰ ਓਹਦੇ ਚਿਹਰੇ ਤੇ ਹੈ ਸ਼ਮਸ਼ੀਰ ਜੇਹਾ
ਅਕਸ ਮੇਰਾ ਇੱਕ ਬੱਦਲ ਓੜੀ ਬੈਠਾ ਹੈ
ਸੁਪਨਾ ਪਲਕੀਂ ਲਟਕੇ ਪਾਟੀ ਲੀਰ ਜੇਹਾ
ਬਹੁਤ ਵਿਰਾਇਆ ਮੋਢੇ ਲਾ 2 ਵਿਰਦਾ ਨਹੀਂ
ਰਾਂਝੇ ਸੀਨੇ ਹਾਉਕਾ ਉੱਗਿਆ ਹੀਰ ਜੇਹਾ
ਖੰਜ਼ਰ ਵਾਂਗ ਡੁੱਬਦਾ ਜਾਵੇ ਹਿੱਕ ਦੇ ਵਿਚ
ਸੱਲ ਹਿਜ਼ਰ ਦਾ ਸੱਜਰਾ ਤਿੱਖੇ ਤੀਰ ਜੇਹਾ
ਕੀ ਕਰਾਂ ਮੈਂ ਪਾ ਕੇ ਧੁੱਪੇ ਜ਼ਖ਼ਮਾਂ ਨੂੰ
ਦਰਦ ਨਾ ਘਟੇ ਖੁੱਭਦਾ ਜਾਵੇ ਕਰੀਰ ਜੇਹਾ