ਸਭਨਾਂ ਦੇ ਮਾਪੇ ਸਤਿਕਾਰ ਯੋਗ ਹੁੰਦੇ ਹਨ ,ਕੋਈ ਵੀ ਅਪਣੇ ਮਾਂ ਪਿਓ ਦੇ ਮੋਹ ਪਿਆਰ ਅਤੇ ਕੀਤੇ ਗਏ ਮੋਹ ਪਿਆਰ ਦਾ ਬਦਲਾ ਕਿਸੇ ਕੀਮਤ ਤੇ ਨਹੀਂ ਚੁਕਾ ਸਕਦਾ ,ਇਹ ਓਹੀ ਜਾਣਦੇ ਹਨ ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਬਿਨਾਂ ਮੋਹ ਪਿਆਰ ਦੇਣ ਤੋਂ ਪਹਿਲਾਂ ੳਨ੍ਹਾਂਨੂੰ ਸਦਾ ਵਾਸਤੇ ਯਤੀਮ ਕਰਕੇ ਛੱਡ ਗਏ ਹੋਣ ।ਔਲਾਦ ਭਾਂਵੇਂ ਕੈਸੀ ਹੋਵੇ ਇੱਕ ਮਾਂ ਪਿਓ ਹੀ ਐਸਾ ਰਿਸ਼ਤਾ ਹੈ ਜੋ ਸਦਾ ਹੀ ਉਨ੍ਹਾਂ ਦੀ ਸੁੱਖ ਮੰਗਦਾ ਹੈ ।
ਮੈਂ ਖੁਸ਼ ਕਿਸਮਤ ਹਾਂ ਜਿਸ ਨੇ ਅਪਣੇ ਮਾਂ ਪਿਓ ਦਾ ਨਿੱਘ ਲੰਮੀ ੳਮਰ ਤੱਕ ਮਾਣਿਆ , ਸਾਡਾ ਨੌਂ ਜੀਆਂ ਦਾ ,ਛੇ ਭੇਣਾਂ ਤੇ ਤਿੰਨ ਭਰਾਵਾਂ ਦਾ ਵੱਡਾ ਪ੍ਰਿਵਾਰ ਸੀ ,ਜਿਨ੍ਹਾਂ ਵਿਚੋਂ ਸੱਭ ਤੋਂ ਵੱਡਾ ਮੈਂ ਸੀ , ਅਸੀਂ ਪਾਕਿਸਤਾਨ ਤੋਂ ਅਪਣਾ ਚੰਗਾ ਭਲਾ ਵੱਸਦਾ ਰਸਦਾ ਘਰ ਛੱਡ ਕੇ ੳਜੜ ਪੁੱਜੜ ਕੇ ਜਦ ਨਵੇਂ ਬਣੇ ਭਾਰਤ ਵਿਚ ਜਦ ਆਏ ਤਾਂ ਬੜੇ ਲੰਮੇ ਸਮੇਂ ਤੱਕ ਸਾਡੇ ਕਿਤੇ ਪੈਰ ਨਹੀ ਲੱਗੇ ,ਬੜੀ ਮੁਸ਼ਕਲ ਨਾਲ ਅਸਾਂ ਤਿੰਨ ਚਾਰ ਥਾਂਵਾਂ ਤੇ ,ਕਦੀ ਕਿਤੇ ਕਦੀ ਕਿਤੇ ਟਿਕਾਣਾ ਬਨਾਓਣ ਦੀ ਕੋਸ਼ਸ ਕੀਤੀ ਅਨੇਕਾਂ ਤੰਗੀਆਂ ਝੱਲੀਆਂ,ਪਰ ੳਨ੍ਹਾਂ ਮੇਰੀ ਪੜਾਈ ਦਾ ਪੂਰਾ ਖਿਆਲ ਰੱਖਿਆ , ਮੈਨੂੰ ਪੜਨ ਲਈਜਦ ਤੱਕ ਉਨ੍ਹਾਂ ਦਾ ਕੋਈ ਪੱਕਾ ਟਿਕਾਣਾ ਨਾ ਬਣ ਸਕਿਆ , ਮੈਨੂੰ ਮੇਰੇ ਨਾਣਕਿਆਂ ਕੋਲ ਛੱਡ ਦਿਤਾ ,ਬਾਪੂ ਜੀ ਫੋਜੀ ਪੈਨਸ਼ਨਰ ਸਨ ,ਉਨ੍ਹਾਂ ਦੌੜ ਭੱਜ ਕਰਕੇ ਅਪਨੀ ਪੈਨਸ਼ਨ ਦਾ ਬੰਦੋਬਸਤ ਵੀ ਕਰ ਲਿਆ ,ਮਾਂ ਨੇ ਹਰ ਮੁਸ਼ਕਿਲ ਵਿਚ ਔਖੇ ਸੌਖੇ ਵੇਲੇ ਬਾਪੂ ਦਾ ਸਾਥ ਦਿੱਤਾ ,ਦਾਦੀ ਦੀ ਫੋਜੀ ਵਿਧਵਾ ਹੋਣ ਕਾਰਣ ਪੈਨਸ਼ਨ ਮਿਲਣ ਕਰਕੇ ਅਤੇ ਮਾਂ ਨੇ ਕਰੜੀ ਮੇਹਣਤ ਕਰਕੇ, ਘਰ ਵਿਚ ਲਵੇਰਾ ਰੱਖ ਕੇ ਘਰ ਦਾ ਸਾਰਾ ਕੰਮ ਹੱਥੀਂ ਕਰਦੇ ਸਨ ,ਬਾਪੂ ਨ ੇਆਪ ਹਰ ਤੰਗੀ ਕੱਟ ਕੇ ਸਾਨੂੰ ਪੜਾਇਆ ਤੇ ਚੰਗੇ ਕੰਮਾਂ ਤੇ ਵੀ ਲੁਆਇਆ ,ਬਾਪੂ ਜੀ ਪੂਰੇ ਨਿੱਤ ਨੇਮੀ ਅਤੇ ਗੁਰੂ ਘਰ ਦੇ ਪ੍ਰਮੀ ਸਨ ਮੀਂਹ ਜਾਵੇ ਹਨੇਰੀ ਜਾਵੇ ਉਹ ਅਪਣਾ ਸਵੇਰੇ ਅਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਨ ਅਤੇ ਨਿੱਤ ਨੇਮ ਕਰਨ ਉਪ੍ਰੰਤ ਗੁਰ ਦੁਆਰੇ ਜੇ ਕੇ ਗੁਰੂ ਗ੍ਰ੍ਰੰਥ ਸਾਹਿਬ ਦਾ ਪਾਠ ਕਰਦੇ ਸਨ ,ਦੇਸੀ ਘਿਓ ਖਾਣ ਦੇ ਬੜੇ ਸ਼ੌਕੀਣ ਸਨ , ਵਾਹੀ ਜੋਤੀ ,ਦੁਕਾਣ ਦਾਰੀ , ਹੋਟਲ , ਅਤੇ ਟ੍ਰੱਕ ਡਰਾਵਿਰੀ ਤੱਕ ਤੇ ਹੋਰ ਕਈ ਪਾਪੜ ਉਨ੍ਹਾਂ ਰੋਜ਼ੀ ਰੋਟੀ ਲਈ ਵੇਲੇ ਪਰ ਆਪਣਾ ਧਾਰਿਮਕ ਸੁਭਾਅ ਨਿੱਤ ਨੇਮ ਉਨ੍ਹਾਂ ਨਹੀ ਛੱਿਡਆ,ਪਿੰਡ ਵਿਚ ਰਹਿੰਦਿਆਂ ਹੋਇਆਂ ਕਦੀ ਵੀ ਪਿੰਡ ਦੀ ਕਿਸੇ ਚੌਧਰ , ਸਰਪੰਚੀ ਵੱਲ ਕਦੇ ਉਨ੍ਹਾਂ ਅੱਖ ਭਰਕੇ ਨਹੀ ਵੇਖਿਆ ,ਪਰ ਫਿਰ ਵੀ ਸਾਰਾ ਪਿੰਡ ਉਨ੍ਹਾਂ ਦੀ ਸਲਾਹ ਪੁੱਛ ਕੇ ਤੁਰਦਾ ਸੀ ।ਬਾਪੂ ਵਾਂਗ ਹੀ ਮਾਂ ਦਾ ਸੁਭਾਅ ਦਾ ਵੀ ਧਾਰਿਮਕ ਸੀ ।
ਹੁਣ ਬਾਪੂ ਦੀ ਉਮਰ ਲੱਗ ਪਗ ਇੱਕ ਸੌ ਪੰਜ ਸਾਲ ਦੀ ਹੋ ਚੁਕੀ ਸੀ ,ਓਦੋਂ “ਇਕ ਸੌ ਪੰਜ ਸਾਲ ਦਾ ਜਵਾਨ ਬਾਪੂ “ ਉਸ ਦੀ ਫੋਟੁ ਨਾਲ ਅਜੀਤ ਅਖਬਾਰ ਵਿਚ ਛਪਿਆ ,ਬਾਪੂ ਦੇ ਸਿਰ ਨੀਲੀ ਕਦੇ ਚਿੱਟੀ ਪੱਗ ,ਸਫੇਦ ਕੁਰਤਾ ਪਜਾਮਾ ਗਲ ਜਾਕੇਟ ਜਾਂ ਸਰਦੀਆਂ ਨੂੰ ਲੰਮਾ ਕੋਟ ਪੈਰੀਂੈ ਕਾਲੀ ਗੁਰਗਾਬੀ ਉਸ ਦਾ ਲਿਬਾਸ ਸੀ ,ਹੱਥ ਵਿਚ ਭਾਰਾ ਖੂੰਡਾ ਜਦੋ ਉਹ ਗੁਰਦੁਆਰੇ ਜਾਂਦਾ ਜਾਂ ਪਿੰਡ ਵਿਚ ਇੱਕ ਮਸਤ ਮੌਲਾ ਸਾਧ ਦੇ ਡੇਰੇ ਜਾਂਦਾ ਤਾਂ ਉਸ ਦੇ ਖੂੰਡੇ ਦਾ ਗਲੀ ਵਿਚ ਖਵਾਕ ਜਦੋਂ ਹੁੰਦਾ ਤਾਂ ਲਾਗਿਓਂ ਲ਼ੰਘਦੇ ਆਉਂਦੇ ਜਾਂਦੇ ਸਾਰੇ , “ਬਾਪੂ ਸਤਿ ਸ੍ਰੀ ਅਕਾਲ “ ਕਹਿਕੇ ਬਾਪੂ ਦਾ ਸਤਿਕਾਰ ਕਰਦੇ ।
ਬਾਪੂ ਦਾਨੀ ਵੀ ਸੀ ਘਰ ਆ ਗਏ ਸਾਧੂ ਫਕੀਰ ਨੂੰ ਕਦੀ ਖਾਲੀ ਹ੍ਹੱਥ ਨਾ ਮੋੜਦਾ , ਹੁਣ ਬਾਪੂ ਅਤੇ ਮਾਂ ਦੀ ਸਿਹਤ ਵਧਦੀ ੳਮਰ ਕਰਕੇ ਦਿਨੋ ਦਿਨ ਕਮਜ਼ੋਰ ਹੋ ਰਹੀ ਸੀ ,ਬਾਪੂ ਹੁਣ ਆਮ ਮੰਜੇ ਤੇ ਬੈਠ ਕੇ ਹੱਥ ਵਿਚ ਕੋਈ ਗੁਟਕਾ ,ਜਾਂ ਕੋਈ ਧਾਰਮਿਕ ਪੋਥੀ ਲੈ ਕੇ ਪੜ੍ਹਦਾ ਰਹਿੰਦਾ ਪਰ ਮਾਂ ਜੀ ਦੀ ਸਿਹਤ ਬਾਪੂ ਨਾਲੋਂ ਵੀ ਕਮਜ਼ੋਰ ਜਾਪਦੀ ਸੀ ,ਦੋਵੇਂ ਮੇਰੈ ਛੋਟੈ ਭਰਾ ਦੇ ਘਰ ਰਹਿੰਦੇ ਸਨ ਕਿਉਂ ਜੋ ਉਹ ਦੋਵੇਂ ਹੀ ਸਰਵਿਸ ਕਰਦੇ ਸਨ ,ਨਾਲੇ ਉਨ੍ਹਾਂ ਦੇ ਘਰ ਸਿਰਫ ਦੋ ਬੇਟੀਆਂ ਹੀ ਹੀ ਸਨ .ਮੈਂ ਲਗ ਪਗ ਦੋਵੇਂ ਵੇਲੇ ਬਾਪੂ ਮਾਂ ਦਾ ਹਾਲ ਚਾਲ ਪੁਛਣ ਲਈ ਜਾਂਦਾ ਤਾਂ ਉਹ ਮੈਨੂੰ ਪਿਆਰ ਨਾਲ ਕਹਿੰਦੇ ਬੈਠ ਜਾ ਘੜੀ ਹੋਰ . ਛੇਤੀ ਕਾਹਦੀ ਹੈ ।ਮਾਂ ਦੀਆਂ ਕਈ ਗੱਲਾਂ ਦੀ ਹੁਣ ਯਾਦ ਬੜੀ ਆਉਂਦੀ ਹੈ ,ਮਾਂ ਦੀ ਬੈੰਕ ਦੀ ਕਾਪੀ ਵਿਚ ਕੁਝ ਬਾਪੂ ਦੇ ਪੂਨਸ਼ਨ ਵਿਚੋਂ ਦਿਤੇ ਹੋਏ ਦੋ ਕੁ ਹਜ਼ਾਰ ਰੁਪੈ ਸਨ ,ਬਾਕੀ ਬਾਪੂ ਵੱਲੋਂ ਦਿੱਤੇ ਪੈਸੇ ਉਹ ਕਦੇ ਅਪਣੀਆਂ ਧੀਆਂ ਦੋਹਤੀਆਂ ਨੂੰ ਦੇ ਦੇਂਦੀ ਸੀ ਜਾਂ ਫਿਰ ਕਿਸੇ ਥਾਂ,ਗੁਰਦੁਆਰੇ ਦੀ ਸੇਵਾ ਲਈ ਜਾਂ ਫਿਰ ਮੜ੍ਹੀਆਂ ਵਿਚ ਲੋਕਾਂ ਦੇ ਪਾਣੀ ਪੀਣ ਲਈ ਨਲਕਾ ਅਦਿ ਲੋਆ ਦਿਆ ਕਰਦੀ ਸੀ ,ਪਰ ਮਾਂ ਅੱਜ ਮੇਰੇ ਖਹਿੜੇ ਪੈ ਗਈ ਕਿ ਮੈਨੂੰ ਬੈਕਂ ਲੈ ਚੱਲ ਅਤੇ ਮੇਰੀ ਕਾਪੀ ਵਿਚੋਂ ਸਾਰੀ ਰਕਮ ਕਢਵਾ ਦੇ ਮੈੰਂ ਮਾਂ ਦੇ ਬੜੇ ਤਰਲੇ ਕੀਤੇ ਕਿ ਮਾਤਾ ਬਾਪੂ ਦੇ ਪਿਛੋਂ ਪੈਨਸ਼ਨ ਤਾਂ ਤੇਰੀ ਲਗਣੀ ਹੈ ,ਪਰ ਬੇਬੇ ਨੇ ਬਸ ਇਕੋ ਨਾਂਹ ਹੀ ਫੜੀ ਰੱਖੀ ਆਖੇ ਨਾ ਮੈਂ ਨਹੀਂ ਲੈਣੀ ਪੈਨਸ਼ਨ ਪੂਨਸ਼ਨ ,ਤੇ ਆਖਿਰ ਸਾਰੀ ਰਕਮ ਕਢਾ ਕੇ ਬੈਂਕ ਦੀ ਕਾਪੀ ਪਾੜ ਕੇ ਹੀ ਸਾਹ ਲਿਆ ,ਘਰ ਆਕੇ ਸਾਰੇ ਪੈਸੇ ਅਪਣੀ ਮਰਜ਼ੀ ਨਾਲ ਜਿੱਥੇ ਦਿਲ ਕੀਤਾ ਵਂਡ ਦਿਤੇ ।
ਫਿਰ ਮਿਤੀ 25- 4- 2008 ਨੂੰ ਉਨ੍ਹਾਂ ਦੋਵਾਂ ਦੇ ਇਕੋ ਦਿਨ ਇੱਕੋ ਵੇਲੇ ਇਸ ਫਾਨੀ ਸੰਸਾਰ ਨੂੰ ਛੱਡਣ ਦੀ ਅਣੋਖੀ ਘਟਣਾ ਵਾਪਰੀ ਜੋ ਨੇੜੇ ਤੇੜੇ ਦੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਗਿਆ ।ਲਗ ਪਗ ਗਰਮੀਂ ਦਾ ਮੌਸਮ ਸੀ ਬਾਪੂ ਜੀ ਦਾ ਮੰਜਾ ਵਰਾਂਡੇ ਵਿਚ ਸੀ ਅਤੇ ਮਾਂ ਦਾ ਬਿਸਤਰਾ ਪਿਛਲੇ ਅਦਰ ਸੀ ,ਦੋਹਾਂ ਥਾਂਵਾਂ ਤੇ ਛੱਤ ਵਾਲੇ ਪੱਖੇ ਲ਼ਗੇ ਹੋਏ ਸਨ , ਬਾਪੂ ਜੀ ਨੇ ਖਾਣਾ ਪੀਣਾ ਛੱਡ ਦਿਤਾ ਸੀ ,ਫਿਰ ਇਸੇ ਦਿਨ ਹੀ ਸਾਰਿਆ ਨੇ ਸਲਾਹ ਨਾਲ ਮਾਂ ਜੀ ਦਾ ਮੰਜਾ ਵਰਾਂਡੇ ਵਿਚ ਬਾਪੂ ਜੀ ਦੇ ਬ੍ਰਾਬਰ ਵਿਛਾ ਦਿੱਤਾ ,ਲਗ ਪੱਗ ਪਗ ਦਿਨ ਦੇ ਢਾਈ ਕੁ ਵਜੇ ਬਾਪੂ ਜੀ ਦੇ ਪ੍ਰਾਣ ਪੰਖੇਰੂ ਉਡ ਚੁੱਕੇ ਸਨ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ , ਤੇ ਜਦ ਮਾਂ ਜੀ ਨੂੰ ਮੰਜੇ ਤੇ ਵੇਖਿਆ ਤਾਂ ਮਾਂ ਵੀ ਅਪਣਾਂ ਜੀਵਣ ਬਾਪੂ ਦੇ ਨਾਲ ਹੀ ਪੂਰਾ ਕਰ ਚੁਕੀ ਸੀ , ਘੜੀ ਤੇ ਟਾਈਮ ਵੇਖਿਆ ਤਾਂ ਦੋਹਾਂ ਦੇ ਇਸ ਜੀੈਵਣ ਸਫਰ ਮੁਕਾਉਣ ਦਾ ਲਗ ਪਗ ਤਿੰਨ ਕੁ ਮਿੰਟ ਦਾ ਫਰਕ ਸੀ ,ਮੈਂ ਰੋਣ ਧੋਣ ਤੋਂ ਸਾਰੇ ਜੀਆਂ ਨੂੰ ਵਰਜ ਕੇ ਜਪੁ ਜੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਨਾਲ ਮੇਰਾ ਦਿੱਲੀ ਵਾਲਾ ਜੀਜਾ ਗੁਰਬਖਸ਼ ਸਿੰਘ ਵੀ ਸੀ ਅਸੀਂ ਦੋਵੈਂ ਵਾਰੋ ਵਾਰੀ ਉਨ੍ਹਾਂ ਦੇ ਮ੍ਰਿਤਕ ਸਰੀਰਾਂ ਕੋਲ ਬਹਿਕੇ ਕਰਦੇ ਰਹੇ ,ਫਿਰ ਦੋਹਾਂ ਦੀਆਂ ਅਰਥੀਆਂ ਇਸ਼ਨਾਨ ਕਰਵਾ ਕ ਤਿਆਰ ਕੀਤੀਆਂ ਗਈਆਂ ,ਦੋਵਾਂ ਤੇ ਸਫੈਦ ਕਫਣ ਦੇ ਕੇ ਦੋਵੇਂ ਅਰਥੀਆਂ ਕੀਰਤਣ ਕਰਦਿਆਂ ਸ਼ਮਸ਼ਾਨ ਘਾਟ ਵਿਚ ਪੁਜੀਆਂ, ਬੜਾਂ ਅਜੀਬ ਨਜ਼ਾਰਾ ਸੀ ,ਮੜ੍ਹੀਆਂ ਵਿਚ ਕੋਈ ਪੁਰਾਣੇ ਰੀਤੀ ਰਿਵਾਜ ਜਿਵੈਂ ਲੋਕ ਬੁਢਿਆਂ ਦੇ ਮਰਣ ਤੇ ਮੁੰਗ ਫਲੀ ਛੁਹਾਰੇ ਮਖਾਣੇ ਆਦਿ ਵੰਡਦੇ ਹਨ ਨਹੀਂ ਕੀਤੇ ।ਗੁਰਦੁਆਰੇ ਜਾ ਕੇ ਉਨ੍ਹਾਂ ਦੀ ਅੰਤਿਮ ਅਰਦਾਸ ਕਰਕੇ ਸਾਰੇ ਇਸ ਇਸ ਜੋੜੈ ਦੀ ਵਿਲਖਣ ਮੌਤ ਤੇ ਗੱਲਾਂ ਕਰਦੇ ਘਰੋ ਘਰੀਂ ਚਲੇ ਗਏ ।
ਫਿਰ ਉਨ੍ਹਾਂ ਦੀਆਂ ਅਸਥੀਆਂ ਚੁਗ ਕੇ ਦੋ ਵੱਖਰੇ 2 ਥੈਲੀਆਂ ਵਿਚ ਬੰਦ ਕਰਕੇ ਜਲ ਪ੍ਰਵਾਹ ਲਈ ਕੀਰਤ ਪੁਰ ਸਾਹਿਬ ਗਏ ,ਅਤੇ ਜਲ ਪ੍ਰਵਾਹ ਕਰਨ ਵਾਲੀ ਥਾਂ ਤੇ ਜਾਕੇ ਮੇਰੇ ਛੋਟੇ ਭਰਾ ਨੇ ਅਸਥੀਆਂ ਦੀ ਵਾਲੀ ਇੱਕ ਗੁੱਥੀ ਮੈਨੂੰ ਜਲ ਪਰਵਾਹ ਕਰਨ ਲਈ ਮੈਨੂੰ ਫੜਾਈ ,ਦੂਸਰੀ ਉਸ ਨੇ ਆਪ ਜਲਪ੍ਰਵਾਹ ਕੀਤੀ , ਉਦੋਂ ਤੱਕ ਮੇਰੇ ਮਨ ਅਤੇ ਅੱਖਾਂ ਤੇ ਪੂਰੀ ਤਰ੍ਹਾਂ ਕਾਬੂ ਸੀ ,ਕਿਉਂ ਜੋ ਸਾਰਿਆਂ ਨੂਂ ਦਿਲਾਸਾ ਦੇਣ ਵਾਲਾ ਤਾਂ ਮੈ ਇਕੱਲਾ ਹੀ ਸਾਂ ,ਪਰ ਮਾਂ ਅਤੇ ਬਾਪੂ ਦੀਆਂ ਅਸਥੀਆਂ ਜਲ ਪਰਵਾਹ ਕਰਨ ਵੇਲੇ ਮੇਰੇ ਭਰਾ ਤਾਂ ਅਪਣਾ ਫਰਜ਼ ਪੂਰਾ ਕਰਕੇ ਵਾਪਿਸ ਮੁੜ ਆਇਆ ,ਪਰ ਜਦੋਂ ਮੈਂ ਉਸ ਲੱਕੜ ਦੇ ਫੱਟੇ ਤੇ ਖਲੋ ਕੇ ਅਸਥੀਆਂ ਦੀ ਗੰਢ ਜਲ ਵਿਚ ਪ੍ਰਵਾਹ ਕਰਣ ਲਈ ਖੋਲ੍ਹੀ ,ਤਾਂ ਨਾਲ ਹੀ ਜੀਵਣ ਭਰ ਲਈ ਮੇਰੇ ਪ੍ਰਤੀ ਕੀਤੇ ਗਏ,ਮਾਂ, ਬਾਪ ਦੇ ਉਪਕਾਰ ਭਰੇ ਕੰਮਾਂ ਦੀ ਸਾਰੀ ਗੰਢ ਵੀ ਇਕ ਦਮ ਖੁਲ੍ਹ ਕੇ ਜਿਵੇਂ ਮੇਰੇ ਸਾਮ੍ਹਣੇ ਆ ਗਈ ,ਜੋ ਮੇਰੇ ਲਈ ਸੰਭਾਲਣੀ ਔਖੀ ਹੋ ਗਈ ਜੋ ਅਸਥੀਆਂ ਦੇ ਜਲ ਪ੍ਰਵਾਹ ਕਰਨ ਦੇ ਨਾਲ ਹੀ ਹੰਝੂਆਂ ਦੇ ਰੂਪ ਵਿਚ ਸਤਲੁਜ ਦੇ ਕਿਸੇ ਵਹਿਣ ਵਿਚ ਸ਼ਾਇਦ ਅਸਥੀਆਂ ਦੇ ਨਾਲ ਹੀ ਰਲ ਗਈ ਤੇ ਮੈਂ ਕਾਫੀ ਦੇਰ ਓਸੇ ਥਾਂ ਮਾਂ ,ਤੇ ਬਾਪੂ ਦੀ ਯਾਦ ਵਿਚ ਗੁਆਚਿਆ ਜੇਹਾ ਖੜ੍ਹਿਆ ਰਿਹਾ ।ਮਾਂ ਬਾਪ ਦੇ ਪਿਆਰ ਦਾ ਮੁੱਲ ਕੀ ਹੁੰਦਾ ਹੈ ਇਸ ਦਾ ਅਸਲੀ ਅਹਿਸਾਸ ਤਾਂ ਮੈਨੂੰ ਓਦੋਂ ਹੋਇਆ ।ਹੁਣ ਮੈਂ ਮਾਂ,ਬਾਪੂ ਦੀ ਤਸਵੀਰ ਇੱਥੇ ਵਿਦੇਸ਼ ਵਿਚ ਵੀ ਨਾਲ ਹੀ ਲੈ ਆਂਦੀ ਹੈ , ਰੋਜ਼ ਜਦੋਂ ਮੈਂ ਉਨ੍ਹਾਂ ਦੀ ਫੋਟੋ ਵੱਲ ਵੇਖਦਾ ਹਾਂ , ਉਨ੍ਹਾਂ ਦੇ ਮੇਰੇ ਤੇ ਕੀਤੇ ਉਪਕਾਰਾਂ ਸਦਕਾ ਮੇਰਾ ਮਸਤਕ ਇਸ ਸੁਭਾਗੇ ਸਤ ਲੱਗੀ ਜੋੜੇ ਅੱਗੇ ਆਪ ਮੁਹਾਰਾ ਸ਼ਰਧਾ ਅਤੇ ਸਤਿਕਾਰ ਨਾਲ ਝੁੱਕ ਜਾਂਦਾ ਹੈ ।