ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ
(ਖ਼ਬਰਸਾਰ)
ਲੁਧਿਆਣਾ -- ਖਾਸ ਕਰਕੇ ਪੰਜਾਬੀਆਂ ਦੇ ਹਰ ਘਰ ਵਿਚ ਮਾਂ-ਬੋਲੀ ਪੰਜਾਬੀ ਜ਼ਰੂਰ ਬੋਲੀ ਜਾਵੇ ਤਾਂ ਜੁ ਬੱਚੇ ਆਪਣੀ ਭਾਸ਼ਾ ਨਾਲ ਸਹਿਜ-ਸੁਭਾਅ ਹੀ ਜੁੜ ਸਕਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਈ ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਦੌਰਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਹਰ ਪੰਜਾਬੀ ਦੇ ਘਰ ਪੰਜਾਬੀ ਦੇ ਅਖ਼ਬਾਰ, ਰਸਾਲੇ ਆਦਿ ਜ਼ਰੂਰ ਆਉਣੇ ਚਾਹੀਦੇ ਹਨ ਫਿਰ ਹੀ ਬੱਚੇ ਦੂਜੀਆਂ ਭਾਸ਼ਾਵਾਂ ਦੇ ਨਾਲ-ਨਾਲ ਪੰਜਾਬੀ ਵਿਚ ਮੁਹਾਰਤ ਹਾਸਿਲ ਕਰ ਸਕਦੇ ਹਨ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਪ੍ਰੀਤਮ ਪੰਧੇਰ, ਡਾ ਐਸ ਐਨ ਸੇਵਕ, ਜਨਮੇਜਾ ਜੌਹਲ ਅਤੇ ਡਾ. ਗੁਲਜ਼ਾਰ ਪੰਧੇਰ ਨੇ ਸ਼ਿਰਕਤ ਕੀਤੀ। ਸਭਾ ਵੱਲੋ ਦੋ ੰਿਮੰਟ ਦਾ ਮੌਨ ਧਾਰ ਕੇ ਉਘੇ ਸਾਹਿਤਕਾਰ ਕਰਨੈਲ ਸਿੰਘ ਨਿੱਝਰ ਅਤੇ ਉਘੇ ਕਹਾਣੀਕਾਰ ਡਾ ਮਨਿੰਦਰ ਕਾਂਗ ਦੇ ਅਕਾਲ ਚਲਾਣਾ 'ਤੇ ਡੂੰੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ।ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਭ੍ਰਿਸ਼ਟਾਚਾਰ ਤੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਥੱਲਿਓਂ ਉੱਪਰ ਤੀਕਰ ਭਾਵੇਂ ਉਹ ਚਪੜਾਸੀ ਹੋਵੇ ਜਾਂ ਨੇਤਾ ਭ੍ਰਿਸ਼ਟਾਚਾਰ ਦੇ ਛੱਪੜ ਵਿੱਚ ਨੁੱਚੜੇ ਪਏ ਹਨ।ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਮਾਂ-ਬੋਲੀ ਪੰਜਾਬੀ 'ਤੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਆਪਣੇ ਹੀ ਰਾਜ ਪੰਜਾਬ ਵਿਚ ਪੰਜਾਬੀ ਨੂੰ ਉਹ ਸਥਾਨ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ ਸੀ, ਬਲਕਿ ਵਿਦੇਸ਼ਾਂ ਵਿਚ ਪੰਜਾਬੀ ਦਾ ਪਸਾਰ ਤੇ ਪ੍ਰਚਾਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਹੋ ਰਿਹਾ ਹੈ।

ਰਚਨਾਵਾਂ ਦੇ ਆਗ਼ਾਜ਼ ਵਿਚ ਗੁਰਨਾਮ ਸਿੰਘ ਕੋਮਲ ਨੇ ਖਿੜੀ ਗੁਲਜ਼ਾਰ, ਦਿਲੀਪ ਕੁਮਾਰ ਅਵਧ ਨੇ ਬਸੰਤ ਰੁੱਤ 'ਤੇ ਹਿੰਦੀ ਭਾਸ਼ਾ ਵਿਚ ਕਵਿਤਾ ਪ੍ਰਸਤੁਤ ਕੀਤੀ। ਤਰਲੋਚਨ ਝਾਂਡੇ ਨੇ 'ਮਣਾਂ ਮੂੰਹੀ ਮਿਰੇ ਤੇ ਕਰਜ਼ ਚੜਿਆ ਹੈ ਮੁਹੱਬਤ ਦਾ , ਜੇ ਕਿਸ਼ਤਾਂ ਵਿਚ ਅਦਾ ਕਰਦਾ ਤਾਂ ਕਰਜ਼ਾ ਚੁੱਕ ਗਿਆ ਹੁੰਦਾ', ਪ੍ਰੀਤਮ ਪੰਧੇਰ ਨੇ 'ਜੁੜੋ ਕਿਰਨੋ, ਖੁਆਰੀ ਬਹੁਤ ਝੇਲੀ ਹੈ ਸੂਰਜ, ਹਵਾ ਆਈ, ਹੈ ਦਰ ਅਪਣੇ, ਇਹ ਮੁੜ ਕੇ ਫਿਰ ਨਾ ਆਏਗੀ', ਸ੍ਰੀਮਤੀ ਅੰਮ੍ਰਿਤਾ ਸੇਵਕ, ਮੈਡਮ ਗੁਰਦੀਸ਼ ਕੌਰ ਗਰੇਵਾਲ, ਕੁਲਵਿੰਦਰ ਕੌਰ ਕਿਰਨ, ਜੋਗਿੰਦਰ ਸਿੰਘ ਕੰਗ, ਬਲਵਿੰਦਰ ਔਲਖ ਗਲੈਕਸੀ, ਗੁਲਜ਼ਾਰ ਪੰਧੇਰ, ਡਾ ਐਸ ਐਨ ਸੇਵਕ, ਬੁੱਧ ਸਿੰਘ ਨੀਲੋ, ਜੈ ਪਾਲ, ਮਿੱਠੂ ਸਿੰਘ ਲੌਂਗੋਵਾਲ, ਬੇਅੰਤ ਸਿੰਘ, ਰਾਜਵਿੰਦਰ ਸਿੰਘ ਮੱਲ੍ਹੀ, ਅਰਵਿੰਦ ਸਿੰਘ ਸਰਾਵਾ, ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। ਦਲਵੀਰ ਸਿੰਘ ਲੁਧਿਆਣਵੀ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰੇਕ ਨੂੰ ਸਮੇਂ ਦੇ ਪਾਬੰਧੀ ਹੋਣਾ ਚਾਹੀਦਾ ਹੈ।
ਦਲਵੀਰ ਸਿੰਘ ਲੁਧਿਆਣਵੀ
ਜਨਰਲ ਸਕੱਤਰ