ਖਿਜਾ ਦਾ ਬੋਲ ਬਾਲਾ ਸੀ ਤੇਰੇ ਤੁਰ ਜਾਣ ਤੋਂ ਮਗਰੋਂ,
ਚੁਫੇਰਾ ਮਹਿਕ ਉਠਿਆ ਹੈ ਤੇਰੇ ਮੁੜ ਆਣ ਤੋਂ ਮਗਰੋਂ
ਖੁਦਾ ਨੂੰ ਭੁਲ ਬੈਠੇ ਹਾਂ ਨਾ ਆਪਣਾਂ ਹੀ ਪਤੈ ਕੋਈ,
ਅਜੇਹਾ ਹਾਲ ਹੋਇਆ ਹੈ ਤੇਰੀ ਪਹਿਚਾਣ ਤੋਂ ਮਗਰੋਂ
ਨਾਂ ਸਾਥੀ ਹੈ ਨਾਂ ਸਾਕੀ ਹੈ ਨਜ਼ਾਰਾ ਪੀਣ ਵਿਚ ਕੀ ਹੈ,
ਅਸੀਂ ਪੀਣੋਂ ਕਰੀ ਤੌਬਾ ਤੇਰੇ ਮਿਲ ਜਾਣ ਤੋਂ ਮਗਰੋਂ
ਮਿਰਾ ਦਿਲ ਜਾਣਦਾ ਹੈ ਬੀਤਦੀ ਹੈ ਕੀ ਉਦੋ ਦਿਲ ਤੇ,
ਜਦੋਂ ਨਜ਼ਰਾਂ ਝੁਕਾ ਲੈਦੇ ਉਹੋ ਮੁਸਕਾਣ ਤੋਂ ਮਗਰੋਂ
ਉਨਾਂ ਦੀ ਇਸ ਨਜਾਕਤ ਨੂੰ ਕਹਾਂ ਤਾਂ ਕੀ ਕਹਾਂ 'ਠਾਕਰ',
ਮਿਰਾ ਹੁਣ ਹਾਲ ਪੁਛਦੇ ਨੇ ਉਹ ਨਸ਼ਤਰ ਲਾਣ ਤੋਂ ਮਗਰੋਂ।