ਸਨਮਾਨ (ਕਵਿਤਾ)

ਸੁਰਜੀਤ ਸਿੰਘ ਕਾਉਂਕੇ   

Email: sskaonke@gmail.com
Cell: +1301528 6269
Address:
ਮੈਰੀਲੈਂਡ United States
ਸੁਰਜੀਤ ਸਿੰਘ ਕਾਉਂਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਾਡਾ ਵੀ ਸਨਮਾਨ ਹੋ ਗਿਆ
ਦੂਰ ਦੂਰ ਤੱਕ ਨਾਮ ਹੋ ਗਿਆ
ਸੱਦਾ ਪੱਤਰ ਸਾਨੂੰ ਆਇਆ
ਕਰਨ ਲਈ ਸਨਮਾਨ ਬੁਲਾਇਆ
ਸਾਥੋਂ ਝੱਲਿਆ ਚਾਅ ਨਾ ਜਾਵੇ
ਅੰਦਰੋਂ ਅੰਦਰੀ ਦਿਲ ਮੁਸਕਾਵੇ 
ਯਾਰ ਵੀ ਖੁਸ਼ੀ ਚ ਦੇਣ ਵਧਾਈ 
ਅਖਬਾਰਾਂ ਵਿਚ ਵੀ ਖਬਰ ਕਢਾਈ
ਜਾਣ ਦੀ ਤਿਆਰੀ ਵਿੱਢਣ ਲੱਗੇ
ਬਾਕੀ ਕੰਮ ਸਭ ਛੱਡਣ ਲੱਗੇ
ਜਾਣ ਆਉਣ ਦੀ ਕਰ ਲਈ ਕਾਰ
500 ਲਾਤੇ ਚੱਕ ਉਧਾਰ
ਪੈਂਟ ਕੋਟ ਟਾਈ ਵੀ ਲਾਈ
ਟੂਟੀ ਵਾਲੀ ਪੱਗ ਸਜਾਈ
ਸ਼ੀਸ਼ੇ ਅੱਗੇ ਖੜ੍ਹ ਕੇ ਵੇਖਿਆ
ਵੱਟ ਮੁੱਛਾਂ ਨੂੰ ਚਡ੍ਹ ਗਏ ਵੇਖਿਆ
ਜਦ ਮਿੱਤਰਾਂ ਸੰਗ ਕਾਰ ਸੀ ਆਈ
ਵੇਲੇ ਸਿਰ ਅਸੀਂ ਕਰੀ ਚੜ੍ਹਾਈ
ਲੇਟ ਕਿਤੇ  ਅਸੀਂ ਹੋ ਨਾ ਜਾਈਏ 
ਮਾੜਾ ਨਾ ਇਮਪਰੈਸ਼ਨ ਪਾਈਏ 
ਮਿਥੀ ਥਾਂ ਜਦ ਪਹੁੰਚੇ ਸ਼ਾਲਾ
ਸੁੰਨਾ ਪਿਆ ਸੀ ਆਲਾ ਦੁਆਲਾ
ਟਾਂਵਾਂ ਟੱਲਾ ਆਈ ਜਾਵੇ 
ਆ ਕੇ ਫਤਹ ਬੁਲਾਈ ਜਾਵੇ 
ਸਰਦੀ ਨਾਲ ਸੀ ਠਰ ਗਏ ਸਾਰੇ 
ਇਕ ਦੂਜੇ ਨੂੰ ਕਰਨ ਇਸ਼ਾਰੇ
ਚਾਹ ਪਾਣੀ ਤਾਂ ਕਿਤੇ ਨਹੀਂ ਦਿਸਦਾ
ਪਤਾ ਨਹੀਂ ਪ੍ਰਬੰਧ ਹੈ ਕਿਸਦਾ 
ਕੰਠੇ ਹੋ ਗਏ ਹੌਲੀ ਹੌਲੀ 
ਪੈਣ ਲੱਗੀ ਫਿਰ ਕਾਵਾਂ ਰੌਲੀ
ਸਟੇਜ ਤੋਂ ਲੱਗੇ ਚੁੱਪ ਕਰਾਉਣ
ਸੌਰੀ ਕਹਿ ਲੱਗੇ ਮੁਸਕਾਉਣ
ਮੌਸਮ ਬੜਾ ਸਤਾਇਆ ਯਾਰੋ
ਸਰਦੀ ਲੇਟ ਕਰਾਇਆ ਯਾਰੋ
ਮੁੱਖ ਮਹਿਮਾਨ ਵੀ ਕੰਬਦੇ ਆਏ 
ਆਪੇ ਕੁਰਸੀ ਚੁੱਕ ਲਿਆਏ 
ਕਵੀ ਸੱਜਣ ਫਿਰ ਬੋਲਣ ਲੱਗੇ 
ਆਪਣਾ ਢਿੱਡ ਹੀ ਫੋਲਣ ਲੱਗੇ 
ਘੰਟੇ ਬਾਅਦ ਕੋਈ ਜੱਗ ਲਿਆਇਆ
ਚਾਹ ਦਾ ਕੱਪ ਸਭ ਨੂੰ ਵਰਤਾਇਆ
ਇਕ ਇਕ ਲੰਡੂ ਹੱਥ ਫੜਾਇਆ
ਏਸੇ ਦਾ ਬੱਸ ਲੰਚ ਕਰਾਇਆ
ਆਪਣੇ ਗੁਣ ਹੀ ਗਾਈ ਜਾਵਣ
ਸਾਹਿਤ ਸਭਾ ਲਿਸ਼ਕਾਈ ਜਾਵਣ
ਸਟੇਜ ਤੇ ਪੱਕ ਗਈ ਖਿਚੜੀ ਸਾਰੀ
ਅਸੀਂ ਉਡੀਕੀਏ ਆਪਣੀ ਵਾਰੀ
ਅਕਸਰ ਤਾਂ ਸਨਮਾਨ ਸੀ ਸਾਡਾ 
ਕਰਨਾ ਬਣਦਾ ਮਾਣ ਸੀ ਸਾਡਾ
ਕਿਸੇ ਨਾ ਕਿਹਾ ਕੁਝ ਸਾਡੇ ਬਾਰੇ 
ਕੋਈ ਨਾ ਗਿਆ ਸਾਡੇ ਬਲਿਹਾਰੇ 
ਕੋਲ ਸਾਡੇ ਪ੍ਰਧਾਨ ਸੀ ਆਇਆ
ਇਕ ਮੈਮੰਟੋ ਹੱਥ ਫੜਾਇਆ 
ਸਟੇਜ ਤੇ ਵੀ ਤਕਲੀਫ ਨਾ ਕੀਤੀ
ਸਾਫੀ ਕਿਸੇ ਤਾਰੀਫ ਨਾ ਕੀਤੀ
ਮਿੱਤਰ ਬੇਲੀ ਛਿੱਥੇ ਪੈ ਗਏ 
ਵੱਟ ਮੁੱਛਾਂ ਨੂੰ ਦਿੱਤੇ ਰਹਿ ਗਏ 
ਭੁੱਖੇ ਭਾਣੇ ਮੁੜ ਆਏ ਸੀ 
ਪਰ ਸਾਹਿਤ ਸਭਾ ਨਾਲ ਜੁੜ ਆਏ ਸੀ
ਪਤਨੀ ਬੋਲੀ
ਸਮੇਂ ਸਿਰ ਘਰ ਆ ਗਏ ਅੱਜ ਤਾਂ
ਬੜੇ ਤੁਸੀਂ ਜੀ ਛਾਅ ਗਏ ਅੱਜ ਤਾਂ
ਕੱਚੇ ਲਿੱਲ ਹੋ ਅਸੀਂ ਸ਼ਰਮਾਈਏ 
ਅਗੋਂ ਪਰ ਕੁਝ ਨਾ ਫਰਮਾਈਏ 
ਅਗਲੇ ਦਿਨ ਅਖਬਾਰ ਆ ਗਿਆ
ਸਾਹਿਤ ਸਭਾ ਦਾ ਨਾਂਅ ਛਾ ਗਿਆ 
ਅਮਿੱਟ ਛਾਪ ਛੱਡ ਗਿਆ ਸਮਾਗਮ
ਉੱਚ ਕੋਟੀ ਦੇ ਕਵੀ ਸੀ ਆਲਮ
ਰੰਗਦਾਰ ਸੀ ਫੋਟੋ ਲੱਗੀਆਂ
ਮੋਟੇ ਅੱਖਰੀਂ ਖਬਰਾਂ ਛਪੀਆਂ
ਵਾਹ ਵਾਹ ਹੋ ਗਈ ਸਾਰੇ 
ਸਾਹਿਤ ਸਭਾ ਦੇ ਵਾਰੇ ਨਿਆਰੇ 
ਇਜ ਅਸਾਂ ਸਨਮਾਨ ਕਰਾਇਆ
ਮੁੜਕੇ ਕੰਨਾਂ ਨੂੰ ਹੱਥ ਲਾਇਆ।