ਝੜ ਗਿਆ ਕਾਲਾ ਸਾਇਆ
ਬਘਿਆੜੀ ਹਨ੍ਹੇਰ ਵਾਲਾ
ਤੇ ਹੋਈ ਆਮਦ ਅੱਜ
ਪਾਕਿ ਪਵਿੱਤਰ ਉਸ਼ੇਰ ਦੀ-
ਉਸ਼ੇਰ ਅੱਜ ਫੇਰ
ਆਈ ਮਗਰੋਂ ਭਾਵੇਂ ਕੁਝ ਦੇਰ
ਪਰ ਉਸ਼ੇਰ-ਉਸ਼ੇਰ ਤੇ
ਬਸ ਹਰ ਤਰਫ ਸਿਰਫ ਤੇ ਸਿਰਫ
ਉਸ਼ੇਰ-
ਖਿਜ਼ਰੀ ਅਹਿਸਾਸ-
ਪਾਣੀ ਦੀ ਧਰਵਾਸ-
ਤੇ ਫਿਰ ਜੰਨਮੀ ਜੀਵਨ ਦੀ ਆਸ-
ਆਪੇ ਮਾਲਕ ਆਪੇ ਦਾਸ-
ਕੁਝ ਆਮ ਤੇ ਕੁਝ ਬਹੁਤ ਹੀ ਖਾਸ-
ਰਿਸ਼ਤਾ ਜ਼ਿਕਨ ਨੌਂਹ ਤੇ ਮਾਸ-
ਆ ਜਾਵੇ ਜੋ ਸਭਨਾ ਨੂੰ ਰਾਸ-
ਫੁੱਲਾਂ ਦਾ ਪੁਲੰਦਾ-
ਮਹਿਕਾਂ ਦਾ ਫਲਸਫਾ ਗਾਵੇ ਇਹ ਉਸ਼ੇਰ-
ਖਾਲਕ ਦੀ ਮੰਨਜ਼ੂਰੀ-
ਮਿਟ ਗਈ ਸਭੇ ਮਜਬੂਰੀ-
ਅਧੂਰੀ ਹੋ ਗਈ ਪੂਰੀ-
ਰੂਹਾਨੀਅਤ ਜਿਵੇਂ ਕੋਈ ਨੂਰੀ-
ਗਲਵੱਕੜੀ ਨੇ ਕਰਤੀ ਤਹਿਸ਼ ਕੁੱਲ ਦੂਰੀ-
ਮਜ਼ਦੂਰ ਨੂੰ ਮਿਲ ਗਈ ਮਜ਼ਦੂਰੀ-
ਫਿਜ਼ਾ ਦੇ ਚਮਕੇ ਰੰਗ ਅਨੇਕਾਂ ਸੰਧੂਰੀ-
ਰਜ਼ਾ ਵਿਚ ਰਹਿਣਾ ਕੰਮ ਬੜਾ ਜ਼ਰੂਰੀ-
ਦਰਬਾਰ ਸਾਹਿਬ ਵਿਚ ਕਰਨ ਕੀਰਤਨ ਹਜ਼ੂਰੀ-
ਸ਼ੁੱਧੀਆਂ ਲਈ ਸ਼ੁੱਧ-
ਬੋਧੀਆਂ ਲਈ ਬੁੱਧ-
ਗਦਰੀ ਜਾਵਣ ਕੁੱਦ-
ਯੋਧਿਆਂ ਦਾ ਯੁੱਧ-
ਮਾਂ ਦੀ ਨਿੱਕਲੀ ਭੁੱਭ-
ਬਾਬੇ ਨਾਨਕ ਦੀ ਮਾਰੀ ਵੇਈ ਵਿਚ ਝੁਭ-
ਹੋ ਨਿਬੜੀ ਇਹ ਉਸ਼ੇਰ
ਅੱਜ ਫੇਰ ਭਾਵੇਂ ਆਈ ਕੁਝ ਮਗਰੋਂ ਦੇਰ
ਉਸ਼ੇਰ-ਉਸ਼ੇਰ ਤੇ ਬਸ ਹਰ ਤਰਫ
ਸਿਰਫ ਤੇ ਸਿਰਫ ਉਸ਼ੇਰ ਹੀ ਉਸ਼ੇਰ-