ਜਦ ਮੇਰੇ ਕੋਲ ਮਾਂ ਹੁੰਦੀ ਸੀ
(ਕਵਿਤਾ)
ਜਦ ਮੇਰੇ ਕੋਲ ਮਾਂ ਹੁੰਦੀ ਸੀ ।
ਜੇਠੀਂ-ਹਾੜੀਂ ਛਾਂ ਹੁੰਦੀ ਸੀ ।।
ਹੁਣ ਤਾਂ ਛਾਵੇਂ ਧੁੱਪ ਲੱਗ ਦੀ ਏ ।
ਪਤਾ ਨਹੀਂ ਕਦ ਭੁੱਖ ਲੱਗ ਦੀ ਏ ।
ਦੁਨੀਆਂ ਬਣ ਗਈ ਰੁੱਖ ਲੱਗ ਦੀ ਏ ।
ਸਭ ਪਾਸੇ ਹੀ ਚੁੱਪ ਲੱਗ ਦੀ ਏ ।
ਰੌਣਕ ਸੱਭੇ ਥਾਂ ਹੁੰਦੀ ਸੀ ।।
ਜਦ ਮੇਰੇ ਕੋਲ ਮਾਂ ਹੁੰਦੀ ਸੀ ।।
ਜਦ ਮੈਂ ਛੋਟਾ ਜਿਹਾ ਹੁੰਦਾ ਸੀ ।
ਮਾਂ ਦੇ ਕੋਲ ਪਿਆ ਹੁੰਦਾ ਸੀ ।
ਚੁੰਨੀ ਨਾਲ ਢਕਿਆ ਹੁੰਦਾ ਸੀ ।
ਮੱਛਰਾਂ ਤੋਂ ਬਚਿਆ ਹੁੰਦਾ ਸੀ ।
ਸਿਰਹਾਣੇ ਉਹਦੀ ਬਾਂਹ ਹੁੰਦੀ ਸੀ ।।
ਜਦ ਮੇਰੇ ਕੋਲ ਮਾਂ ਹੁੰਦੀ ਸੀ ।।
ਵੱਡਾ ਹੋ ਜਦ ਪੜ੍ਹਨ ਸੀ ਜਾਂਦਾ ।
ਪਿੱਛੋਂ ਉਸਨੂੰ ਫਿਕਰ ਸਤਾਂਦਾ ।
ਤਕਦੀ ਰਹਿੰਦੀ ਕਦ ਘਰ ਆਂਦਾ ।
ਉਸਦੀ ਪੱਕੀ ਰੋਟੀ ਖਾਂਦਾ ।
ਜੋ ਮਮਤਾ ਦੇ ਨਾਂ ਹੁੰਦੀ ਸੀ ।।
ਜਦ ਮੇਰੇ ਕੋਲ ਮਾਂ ਹੁੰਦੀ ਸੀ ।।
ਇਕ ਦਿਨ ਉੱਡ ਜਦ ਬਾਹਰ ਆਇਆ ।
ਉਸ ਨਾ ਕੋਈ ਅਹਿਸਾਨ ਜਤਾਇਆ ।
ਖੰਭਾਂ ਥੱਲੇ ਜਖਮ ਛੁਪਾਇਆ ।
ਰੁੱਕ ਰੁੱਕ ਪਿੱਛੋਂ ਨੀਰ ਵਹਾਇਆ ।
ਝੁਰਦੀ ਬੈਠ ਗਰਾਂ ਹੁੰਦੀ ਸੀ ।।
ਜਦ ਮੇਰੇ ਕੋਲ ਮਾਂ ਹੁੰਦੀ ਸੀ ।।
ਇਕ ਦਿਨ ਮੇਰੇ ਕੋਲ਼ੇ ਆ ਗਈ ।
ਉਸਦੀ ਉਮਰ ਬਿਮਾਰੀ ਖਾ ਗਈ ।
ਜਿੰਦਗੀ ਕੋਲੋਂ ਜਾਂਨ ਛਡਾ ਗਈ ।
ਖੌਰੇ ਦਿਲ ਨੂੰ ਕੀ ਗਮ ਲਾ ਗਈ ।
ਜਿਸ ਤੋਂ ਸਦਾ ਉਤਾਂਹ ਹੁੰਦੀ ਸੀ ।।
ਜਦ ਮੇਰੇ ਕੋਲ ਮਾਂ ਹੁੰਦੀ ਸੀ ।।
ਮਾਂ ਨੂੰ ਜਦ ਸੰਸਕਾਰ ਰਿਹਾ ਸਾਂ ।
ਰੋਣੋਂ ਖੁਦ ਨੂੰ ਤਾੜ ਰਿਹਾ ਸਾਂ ।
ਅੰਦਰੋਂ ਭੁੱਬਾਂ ਮਾਰ ਰਿਹਾ ਸਾਂ ।
ਭਰੇ ਦਿਲੋਂ ਵਿਚਾਰ ਰਿਹਾ ਸਾਂ ।
ਜਿੰਦਗੀ ਕਦੇ ਰਵਾਂ ਹੁੰਦੀ ਸੀ ।।
ਜਦ ਮੇਰੇ ਕੋਲ ਮਾਂ ਹੁੰਦੀ ਸੀ ।।
ਹੁਣ ਤਾਂ ਬਸ ਲੁਕ ਰੋ ਲੈਂਦਾਂ ਹਾਂ ।
ਅੱਥਰੂ ਵਿੱਚ ਸਮੋ ਲੈਂਦਾਂ ਹਾਂ ।
ਯਾਦਾਂ ਉਸਦੀਆਂ ਛੋਹ ਲੈਂਦਾਂ ਹਾਂ ।
ਫੋਟੋ ਤੱਕ ਖੁਸ਼ ਹੋ ਲੈਂਦਾਂ ਹਾਂ ।
ਅੰਮੜੀ ਜਦੋਂ ਜਵਾਂ ਹੁੰਦੀ ਸੀ ।।
ਜਦ ਮੇਰੇ ਕੋਲ ਮਾਂ ਹੁੰਦੀ ਸੀ ।।