ਡਾ ਕੈਂਬੋ ਦੀਆਂ ਦੋ ਪੁਸਤਕਾਂ ਰਿਲੀਜ਼ (ਖ਼ਬਰਸਾਰ)


ਲੁਧਿਆਣਾ -- ਪੰਜਾਬੀ ਸੱਭਿਆਚਾਰ ਅਕਾਦਮੀ, ਲੁਧਿਆਣਾ ਵੱਲੋਂ ਇੰਗਲੈਂਡ ਤੋਂ ਆਏ ਹੋਏ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ ਪ੍ਰੀਤਮ ਸਿੰਘ ਕੈਂਬੋ ਦੀਆਂ ਅੰਗਰੇਜ਼ੀ ਵਿਚ ਛਪੀਆਂ ਦੋ ਪੁਸਤਕਾਂ-'ਬੈਨਡ ਪੰਜਾਬੀ ਪੋਇਟਰੀ: ਏ ਕਰੀਟੀਕਲ ਸਟੱਡੀ' ਅਤੇ 'ਟੂ ਆਰ ਨੌਟ ਮੈਨੀ' ਜਿਨ੍ਹਾਂ ਦਾ ਪੰਜਾਬੀ ਤੋਂ ਉਲਥਾ ਕਰਵਾਇਆ, ਪੰਜਾਬੀ ਭਵਨ ਲੁਧਿਆਣਾ ਵਿਖੇ ਰਿਲੀਜ਼ ਕਰਦਿਆਂ ਰੈਫਰੈਂਸ ਲਾਇਬਰੇਰੀ ਦੇ ਡਾਇਰੈਕਟਰ ਪ੍ਰਿੰ: ਪ੍ਰੇਮ ਸਿੰਘ ਬਜਾਜ ਨੇ ਕਿਹਾ ਕਿ ਵਿਦੇਸ਼ੀ ਹਲਕਿਆਂ ਵਿਚ ਇਨ੍ਹਾਂ ਪੁਸਤਕਾਂ ਦਾ ਵੱਧ ਮੁਲ ਪਵੇਗਾ ਅਤੇ ਪੰਜਾਬੀ ਸੱਭਿਆਚਾਰ ਦੁਨੀਆਂ ਦੇ ਕੋਨੇ-ਕੋਨੇ ਵਿਚ ਜਾਏਗਾ, ਜੋ ਸ਼ੁੱਭ ਸ਼ਗਨ ਹੈ। ਪ੍ਰਧਾਨਗੀ ਮੰਡਲ ਵਿਚ ਪ੍ਰਿੰ: ਪ੍ਰੇਮ ਸਿੰਘ ਬਜਾਜ ਦੇ ਇਲਾਵਾ ਉਘੇ ਨਾਵਲਕਾਰ ਪ੍ਰੋ: ਨਰਿੰਜਨ ਤਸਨੀਮ, ਸੱਭਿਆਚਾਰ ਅਕਾਦਮੀ ਦੇ ਪ੍ਰਧਾਨ ਡਾ. ਸਤਿਆਨੰਦ ਸੇਵਕ ਅਤੇ ਜਨਰਲ ਸਕੱਤਰ ਡਾ ਕੁਲਵਿੰਦਰ ਕੌਰ ਮਿਨਹਾਸ ਹਾਜ਼ਿਰ ਸਨ। ਡਾ. ਕੈਂਬੋ ਦੀਆਂ ਪੰਜਾਬੀਆਂ ਵਿਚ ਲਿਖੀਆਂ ਪੁਸਤਕਾਂ ਦਾ ਸ੍ਰੀ ਰਜਿੰਦਰ ਸਿੰਘ ਨੇ ਅੰਗਰੇਜ਼ੀ ਵਿਚ ਉਲਥਾ ਕੀਤਾ, ਜਦਕਿ ਡਾ. ਸੇਵਕ ਅਤੇ ਪ੍ਰੋ: ਤਸਨੀਮ ਨੇ ਇਨ੍ਹਾਂ  ਪੁਸਤਕਾਂ ਬਾਰੇ 'ਦੋ ਸ਼ਬਦ' ਲਿਖੇ ਹਨ।
ਪ੍ਰੋ: ਨਰਿੰਜਨ ਤਸਨੀਮ ਨੇ ਡਾ ਕੈਂਬੋ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਵਿਚ ਲਿਖਣਾ ਬਹੁਤ ਚੰਗੀ ਗੱਲ ਹੈ, ਪਰ ਦੂਜੀਆਂ ਭਾਸ਼ਾਵਾਂ ਵਿਚ ਉਲਥਾ ਕਰਵਾਉਣਾ ਹੋਰ ਵੀ ਵਧੀਆ ਕਾਰਜ ਹੈ, ਤਾਂ ਜੋ ਗਿਆਨ ਦਾ ਆਦਾਨ-ਪਰਦਾਨ ਕਰਕੇ ਬਿਹਤਰ ਸਮਾਜ ਸਿਰਜਿਆ ਜਾ ਸਕੇ।  
ਡਾ. ਸਤਿਆਨੰਦ ਸੇਵਕ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਡਾ. ਕੈਂਬੋ ਨੇ ਆਪਣੀਆਂ ਹੀ ਦੋ ਪੰਜਾਬੀ ਪੁਸਤਕਾਂ ਦਾ ਅੰਗਰੇਜ਼ੀ ਵਿਚ ਉਲਥਾ ਕਰਵਾ ਕੇ ਵਿਲੱਖਣ ਕਾਰਜ ਕੀਤਾ ਹੈ; ਵਿਦੇਸ਼ੀ ਲੋਕ ਵੀ ਪੰਜਾਬੀ ਸਾਹਿੱਤ ਤੋਂ ਭਰਪੂਰ ਲਾਭ ਉਠਾਉਣਗੇ।  
 ਇਸ ਮੌਕੇ 'ਤੇ ਡਾ. ਗੁਲਜ਼ਾਰ ਪੰਧੇਰ, ਜਨਮੇਜਾ ਸਿੰਘ ਜੌਹਲ, ਸ. ਕਰਮਜੀਤ ਸਿੰਘ ਔਜਲਾ, ਦਲਵੀਰ ਸਿੰਘ ਲੁਧਿਆਣਵੀ, ਜਸਵੰਤ ਸਿੰਘ ਅਮਨ, ਸੁਰਿੰਦਰ ਕੈਲੇ, ਪ੍ਰੋ: ਕੇ ਬੀ ਐਸ ਸੋਢੀ, ਉਘੇ ਗਾਇਕ ਕੇ ਦੀਪ, ਡਾ ਮਿਨਹਾਸ ਆਦਿ ਨੇ ਇਨ੍ਹਾਂ ਪੁਸਤਕਾਂ 'ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਰਹਿ ਕੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਡਾ ਕੈਂਬੋ ਦੀ ਸੱਚੀ-ਸੁੱਚੀ ਮਿਹਨਤ ਦਾ ਫ਼ਲ ਹੈ। ਇਸ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਸਾਹਿਤਕਾਰ, ਵਿਦਵਾਨ ਅਤੇ ਇੰਗਲੈਂਡ ਤੋਂ ਆਏ ਹੋਏ ਸ੍ਰੀਮਤੀ ਕੈਂਬੋ ਇਸ ਸਮਾਗਮ ਦੀ ਸ਼ਾਨੋ-ਸ਼ੌਕਤ ਨੂੰ ਚਾਰ-ਚੰਨ ਲਗਾਉਣ ਲਈ ਹਾਜ਼ਿਰ ਸਨ।