ਕੋਈ ਚੰਦ ਤਾਰਿਆਂ ਨਾਲ ਗੱਲਾਂ ਕਿਉਂ ਕਰਦਾ ਹੈ? ਕਿਉਂ ਕੋਈ ਇਨ੍ਹਾਂ ਵੱਲ ਖਿੱਚਿਆ ਜਾਂਦਾ ਹੈ? ਇਸ ਧਰਤੀ ਤੋਂ ਆਪਣੀਆਂ ਨਜ਼ਰਾਂ ਕਿਸੇ ਨੂੰ ਅਸਮਾਨ ਵੱਲ ਕਿਉਂ ਚੁੱਕਣੀਆਂ ਪੈਂਦੀਆਂ ਹਨ? ਕੀ ਇਸ ਮੇਦਨੀ ਉੱਪਰ ਗੱਲਾਂ ਬਾਤਾਂ ਸੁਣਨ ਵਾਲਾ ਕੋਈ ਨਹੀਂ ਲੱਭਦਾ ਜੋ ਚੰਨ ਤਾਰਿਆਂ ਨਾਲ ਗੱਲਾਂ ਕਰਨੀਆਂ ਪੈਂਦੀਆਂ ਹਨ? ਇਨ੍ਹਾਂ ਨੂੰ ਆਪਣਾ ਸਾਥੀ ਬਣਾਉਣਾ ਪੈਂਦਾ ਹੈ? ਇਨ੍ਹਾਂ ਨਾਲ ਗੱਲਾਂ ਕਰਨ ਵਾਲਾ ਤਾਂ ਕੋਈ ਵਿਰਲਾ ਮਾਸੂਮ ਟਾਵਾਂ ਹੀ ਹੁੰਦਾ ਹੈ। ਕੁਦਰਤ ਉਸ ਨੂੰ ਹੀ ਆਪਣੇ ਵੱਲ ਖਿੱਚਾਂ ਪਾਉਂਦੀ ਹੈ ਜੋ ਉਸ ਵਰਗਾ ਨਿਰਛਲ ਤੇ ਮਾਸੂਮ ਹੁੰਦਾ ਹੈ ਤੇ ਲੋੜ ਪੈਣ ਤੇ ਉਸ ਵਾਂਗ ਜੁਲਮ ਕਰਨ ਵਾਲਿਆਂ ਨਾਲ ਵੀ ਟੱਕਰ ਲੈਂਦਾ ਹੈ।
ਉਸ ਦੀ ਇਹ ਤੀਬਰ ਇੱਛਾ ਸੀ ਕਿ ਕੋਈ ਇਸ ਤਰ੍ਹਾਂ ਦਾ ਇਨਸਾਨ ਹੋਵੇ ਜੋ ਕੁਦਰਤ ਵਾਂਗ ਮਾਸੂਮ, ਨਿਰਮਲ, ਨਿਰਛਲ, ਪ੍ਰੇਮ ਨਾਲ ਭਰਪੂਰ ਤੇ ਜੁਲਮ ਦਾ ਡੱਟ ਕੇ ਵਿਰੋਧ ਕਰਨ ਵਾਲਾ ਹੋਵੇ। ਜਿਸ ਵਿੱਚ ਨਫ਼ਰਤ ਦਾ ਇੱਕ ਕਣ ਮਾਤਰ ਵੀ ਨਾ ਹੋਵੇ। ਉਸ ਨੇ ਉੱਚੇ ਅਹੁਦਿਆਂ ਉਪਰ ਬੈਠਿਆਂ ਤੇ ਆਪਣੇ ਆਪ ਨੂੰ ਵੱਡੇ ਕਹਾਉਣ ਵਾਲਿਆਂ ਨੂੰ ਜਾਣਿਆਂ। ਉਸ ਨੇ ਦੇਖਿਆ ਕਿ ਜਿੰਨੇ ਉਹ ਵੱਡੇ ਕਹਾਉਂਦੇ ਹਨ, ਉਨੀ ਉਨ੍ਹਾਂ ਦੀ ਸੰਕੀਰਣ ਸੋਚ ਹੈ। ਉਹ ਆਮ ਲੋਕਾਂ ਵਿੱਚ ਵੀ ਵਿਚਰੀ, ਉਨ੍ਹਾਂ ਵਿੱਚ ਵੀ ਉਸ ਨੇ ਈਰਖਾ, ਸਾੜਾ ਤੇ ਨਫਰਤ ਦਾ ਬੋਲਬਾਲਾ ਵੇਖਿਆ। ਕਿਧਰੇ ਵੀ ਪ੍ਰੇਮ ਦੀ ਝਲਕ ਉਸ ਨੂੰ ਵਿਖਾਈ ਨਾ ਦਿੱਤੀ। ਫੇਰ ਸਾਧੂਆਂ ਸੰਤਾਂ ਵੱਲ ਉਸ ਆਪਣਾ ਮੂੰਹ ਮੋੜਿਆ। ਉਨ੍ਹਾਂ ਦੀ ਸੰਗਤ ਕੀਤੀ ਕਿ ਸ਼ਾਇਦ ਇਨ੍ਹਾਂ ਵਿੱਚ ਹੀ ਉਹ ਸਾਰੇ ਗੁਣ ਹੋਣ। ਬਹੁਤ ਸਾਰੇ ਸਾਧੂ ਸੰਤਾਂ ਦਾ ਆਮ ਲੋਕਾਂ ਨਾਲੋ ਵੀ ਬੁਰਾ ਹਾਲ! ਉਨ੍ਹਾਂ ਦੀ ਕਥਨੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ! ਉਹ ਵੀ ਅਮੀਰਾਂ ਦੇ! ਜਿਥੋਂ ਉਨ੍ਹਾਂ ਨੂੰ ਮਾਇਆਂ ਦੇ ਖੁਲ੍ਹੇ ਗੱਫੇ ਮਿਲਣ ਜਾਂ ਕੋਈ ਹੋਰ ਗਰਜ਼ ਪੂਰੀ ਹੁੰਦੀ ਹੋਵੇ, ਉਨ੍ਹਾਂ ਦੀ ਹੀ ਪੁੱਛ ਗਿੱਛ ਕਰਦੇ ਹਨ। ਸੰਪਟ ਪਾਠ, ਮਹਾਂ ਸੰਪਟ ਪਾਠ, ਉਨ੍ਹਾਂ ਦੇ ਘਰਾਂ ਵਿੱਚ ਹੀ ਹੁੰਦੇ ਹਨ। ਗਰੀਬਾਂ ਨੂੰ ਕੌਣ ਪੁੱਛਦਾ? ਉਸ ਵੇਖਿਆ ਕਿ ਭੁੱਲ ਚੁੱਕੇ ਹਨ ਇਹ ਸਾਧੂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀਆਂ ਇਨ੍ਹਾਂ ਪੰਕਤੀਆਂ ਨੂੰ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿੰਨਾਂ ਕਾਮ, ਕ੍ਰੋਧ, ਲੋਭ, ਮੋਹੁ, ਹੰਕਾਰ ਵਿੱਚ ਇਹ ਫਸੇ ਹੋਏ ਹਨ, ਉੱਨਾ ਇੱਕ ਆਮ ਆਦਮੀ ਨਹੀਂ ਫਸਿਆ ਹੋਇਆ। ਰੱਬ ਦੇ ਨਾਮ ਉਤੇ ਭੋਲੀ ਭਾਲੀ ਜਨਤਾ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ। ਧਾਰਮਿਕ, ਰਾਜਨੀਤਕ ਤੇ ਸਮਾਜ ਸੁਧਾਰਕ ਆਗੂ ਦੋਵੇਂ ਹੱਥਾਂ ਨਾਲ ਲੋਕਾਂ ਨੂੰ ਲੁੱਟੀ ਜਾ ਰਹੇ ਹਨ। ਜਿਨ੍ਹਾਂ ਨੇ ਸਮਾਜ ਨੂੰ ਸੇਧ ਦੇਣੀ ਹੈ ਉਹ ਆਪ ਹੀ ਰਸਤੇ ਤੋਂ ਭਟਕੇ ਹੋਏ ਹਨ।
ਕੁੜੀਆਂ ਨੂੰ ਕੁੱਖਾਂ ਵਿੱਚ ਮਾਰਿਆ ਜਾ ਰਿਹਾ ਹੈ। ਛੋਟੀਆਂ-ਛੋਟੀਆਂ ਬੱਚੀਆਂ ਨਾਲ ਬਲਾਤਕਾਰ ਹੋ ਰਹੇ ਹਨ ਤੇ ਨੌਜਵਾਨ ਕੁੜੀਆਂ ਦੀ ਬੱਸਾਂ ਵਿਚ ਇੱਜਤ ਲੁੱਟ ਲਈ ਜਾਂਦੀ ਹੈ। ਜਿਸ ਨਾਰੀ ਨੇ ਮਰਦ ਨੂੰ ਜਨਮ ਦਿੱਤਾ, ਉਹੀ ਇਸ ਨੂੰ ਜਲੀਲ ਕਰ ਰਹੇ ਹਨ। ਅੱਜ ਉਹ ਨਾਰੀ ਦਾ ਸਤਿਕਾਰ ਕਰਨਾ ਭੁੱਲ ਗਏ ਹਨ। ਉਨ੍ਹਾਂ ਨੂੰ ਨਾਰੀ ਸਿਰਫ ਕਾਮ ਦੀ ਮੂਰਤੀ ਦਿਖਾਈ ਦਿੰਦੀ ਹੈ। ਬਾਬੇ ਨਾਨਕ ਦੀ ਬਾਣੀ ਉਹ ਭੁੱਲ ਗਏ ਜਿਨ੍ਹਾਂ ਨੇ ਫੁਰਮਾਇਆ ਸੀ:-
ਸੋ ਕਿਓ ਮੰਦਾ ਆਖੀਐ ਜਿਤ ਜੰਮਹਿ ਰਾਜਾਨ॥
ਨਸ਼ਿਆਂ ਨੇ ਜਵਾਨੀ ਨੂੰ ਗਾਲ੍ਹ ਦਿੱਤਾ ਹੈ। ਜਵਾਨੀ ਤਾਕਤ ਦਾ ਅਥਾਹ ਸਾਗਰ ਹੁੰਦੀ ਹੈ। ਨੌਜਵਾਨਾਂ ਦੀ ਇਸ ਸ਼ਕਤੀ ਨੂੰ ਸਹੀ ਸੇਧ ਦੇਣ ਵਾਲਾ ਕੋਈ ਨਹੀਂ ਜਿਸ ਕਾਰਣ ਉਨ੍ਹਾਂ ਦੀ ਇਹ ਸ਼ਕਤੀ ਗਲਤ ਕੰਮਾਂ ਵਿੱਚ ਲੱਗ ਰਹੀ ਹੈ। ਮਾਂਵਾਂ ਦੇ ਜਵਾਨ ਪੁੱਤਰਾਂ ਨੂੰ ਸ਼ਰੇਆਮ ਬਜ਼ਾਰਾਂ ਵਿੱਚ ਗੋਲੀਆਂ ਨਾਲ ਵਿੰਨ੍ਹਿਆਂ ਜਾ ਰਿਹਾ ਹੈ। ਕਿਸੇ ਵਿੱਚ ਜੁਰਅਤ ਨਹੀਂ ਕਿ ਮਰਨ ਵਾਲੇ ਨੂੰ ਗੁੰਡਿਆਂ ਤੋਂ ਬਚਾ ਲੈਣ। ਕਈ ਨਸ਼ੱਈ ਆਪਣੇ ਘਰਦਿਆਂ ਦਾ ਹੀ ਕਤਲ ਕਰੀ ਜਾ ਰਹੇ ਹਨ। ਇਨ੍ਹਾਂ ਨਸ਼ਿਆਂ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਕਈ ਡੇਰਿਆਂ ਵਿੱਚ ਵੀ ਨਸ਼ੇ ਵੰਡੇ ਜਾਂਦੇ ਹਨ ਤੇ ਨੌਜਵਾਨ ਇਨ੍ਹਾਂ ਨੂੰ ਬਾਬਿਆਂ ਵਲੋਂ ਦਿੱਤਾ ਗਿਆ ਪ੍ਰਸ਼ਾਦ ਸਮਝਕੇ ਛਕੀ ਜਾਂਦੇ ਹਨ ਤੇ ਆਪਣੀ ਜਵਾਨੀ ਨੂੰ ਤਬਾਹ ਕਰੀ ਜਾਂਦੇ ਹਨ। ਕੌਣ ਉਨ੍ਹਾਂ ਨੂੰ ਇਹ ਗੱਲ ਸਮਝਾਵੇ ਕਿ ਭੋਲਿਓ ਨੌਜਾਵਨੋਂ ! ਜਵਾਨੀ ਤਾਂ ਆਪਣੇ ਆਪ ਵਿੱਚ ਇੱਕ ਨਸ਼ਾ ਹੈ ਭਲਾ ਇਸ ਨੂੰ ਕਿਸੇ ਹੋਰ ਨਸ਼ੇ ਦੀ ਕੀ ਜ਼ਰੂਰਤ ਹੈ।
ਉਸ ਨੇ ਸਮਾਜ ਦੇ ਹਰ ਖੇਤਰ ਵਿਚ ਭ੍ਰਿਸ਼ਟਾਚਾਰ ਫੈਲਿਆ ਦੇਖਿਆ, ਕਿਧਰੇ ਚਲੇ ਜਾਵੋ ਰਿਸ਼ਵਤ ਦਿੱਤੇ ਬਿਨਾਂ ਕੋਈ ਕੰਮ ਸਿਰੇ ਨਹੀਂ ਚੜ੍ਹਦਾ। ਲੋਕ ਮਤਲਬੀ ਤੇ ਸੁਆਰਥੀ ਹੋ ਚੁੱਕੇ ਵੇਖੇ। ਜਦੋਂ ਮਤਲਬ ਪੂਰਾ ਹੋ ਜਾਂਦਾ ਹੈ, ਕੋਈ ਕਿਸੇ ਨੂੰ ਪਛਾਣਦਾ ਨਹੀਂ। ਈਮਾਨਦਾਰ ਤੇ ਮਿਹਨਤੀ ਬੰਦਿਆਂ ਦੀ ਕੋਈ ਪੁੱਛ ਪ੍ਰਤੀਤ ਨਹੀਂ। ਇਸੇ ਲਈ ਨੌਜਵਾਨ ਮੁੰਡੇ ਕੁੜੀਆਂ ਦੀਆਂ ਵਹੀਰਾਂ ਬਾਹਰ ਨੂੰ ਘੱਤੀ ਜਾ ਰਹੀਆਂ ਹਨ। ਪ੍ਰੇਮ ਪਿਆਰ ਖੰਭ ਲਾ ਕੇ ਕਿਧਰੇ ਉਡ ਗਿਆ ਹੈ।
ਉਸ ਨੇ ਸੋਚਿਆ ਕਿ ਇਸ ਬਾਰੇ ਕਿਸੇ ਨਾਲ ਗੱਲ ਕਰਾਂ। ਇਸ ਆਪੋਧਾਪੀ ਦੇ ਸਮੇਂ ਵਿੱਚ ਉਸ ਨੂੰ ਕੋਈ ਆਪਣੀ ਗੱਲ ਸੁਣਨ ਵਾਲਾ ਨਾ ਮਿਲਿਆ। ਜੇ ਕੋਈ ਭੁੱਲ ਭੁਲੇਖੇ ਮਿਲਿਆ ਤਾਂ ਉਸ ਨੇ ਇੱਕੋ ਜੁਆਬ ਦਿੱਤਾ, " ਛੱਡੋ ਜੀ, ਸਾਰੇ ਪਾਸੇ ਇਹੀ ਕੁਝ ਹੋ ਰਿਹਾ ਹੈ, ਆਪਾਂ ਕੀ ਕਰ ਸਕਦੇ ਹਾਂ, ਦੁਨੀਆਂ ਨੇ ਇਵੇਂ ਹੀ ਚੱਲੀ ਜਾਣਾ ਹੈ।"
ਇਹ ਸਾਰਾ ਕੁਝ ਦੇਖ ਕੇ ਉਸ ਦਾ ਹਿਰਦਾ ਵਲੂੰਧਰਿਆ ਜਾਂਦਾ ਤੇ ਉਸ ਦੇ ਅੰਦਰੋ ਹੂਕ ਉਠੱਦੀ, " ਹੇ ਪਰਮਾਤਮਾ! ਤੇਰੀ ਬਣਾਈ æਖਲਕਤ ਵਿਚੋਂ ਪ੍ਰੇਮ-ਪਿਆਰ ਕਿਥੇ ਉੱਡ ਗਿਆ! ਦੁਨੀਆਂ ਨੂੰ ਕੀ ਹੋ ਗਿਆ। ਬਾਬੇ ਨਾਨਕ ਦੀ ਬਾਣੀ ਉਤੇ ਲੋਕ ਅਮਲ ਕਰਨਾ ਕਿਉਂ ਭੁੱਲ ਗਏ।
ਇਸ ਧਰਤੀ ਦੇ ਲੋਕਾਂ ਦੀਆਂ ਸੁਆਰਥੀ ਰੁਚੀਆਂ ਨੂੰ ਵੇਖ ਕੇ ਉਸ ਨੇ ਚੰਦ ਤਾਰਿਆਂ ਨੂੰ ਆਪਣੇ ਪੱਕੇ ਸਾਥੀ ਬਣਾ ਲਿਆ। ਉਹ ਸਵੇਰੇ ਤੜਕਸਾਰ ਤੇ ਰਾਤੀਂ ਘਰ ਦੀ ਛੱਤ ਉਤੇ ਜਾਂਦੀ ਅਤੇ ਤਾਰਿਆਂ ਨਾਲ ਭਰੇ ਅਸਮਾਨ ਤੇ ਚੰਦ ਵੱਲ ਵੇਖ ਕੇ ਉਹਨਾਂ ਨੂੰ ਸ਼ੁਭ ਪ੍ਰਭਾਤ! ਤੇ ਸ਼ੁਭ ਰਾਤਰੀ! ਮੇਰੇ ਸਾਥੀਓ, ਕਹਿੰਦੀ, ਜੀਅ ਭਰਕੇ ਉਨ੍ਹਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਦੀ। ਉਹ ਦੁਨੀਆਂ ਦੇ ਲੋਕਾਂ ਵਾਂਗ ਸਵਾਰਥੀ ਨਹੀਂ ਸਨ। ਉਹ ਬੜੇ ਧਿਆਨ ਤੇ ਪ੍ਰੇਮ ਨਾਲ ਉਸ ਦੀਆਂ ਗੱਲਾਂ ਸੁਣਦੇ। ਕਦੇ ਕਦੇ ਉਹ ਉਨ੍ਹਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਣ ਕੀਤੀ ਆਰਤੀ :
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਮ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥
ਕੈਸੀ ਆਰਤੀ ਹੋਇ॥ ਭਵ ਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਭਰੀ॥
ਸੁਣਾਉਂਦੀ। ਉਸ ਨੂੰ ਲੱਗਦਾ ਕਿ ਉਹ ਆਰਤੀ ਸੁਣ ਕੇ ਅਨੰਦ ਵਿੱਚ ਆ ਕੇ ਬਾਬੇ ਨਾਨਕ ਅੱਗੇ ਝੁੱਕ ਜਾਂਦੇ ਹਨ। ਉਹ ਸੋਚਦੀ ਕਾਸ਼! ਚੰਦ ਤਾਰਿਆਂ ਵਰਗੇ ਲੋਕ ਇਸ ਧਰਤੀ ਦੇ ਹੋਣ।