15
ਅਜੇ ਪੰਕਜ ਨਾਲ ਸਹਿਮਤ ਸੀ ।
ਜ਼ੋਖਮ ਉਠਾਉਣ ਦੀ ਗੁੰਜਾਇਸ਼ ਨਹੀਂ ਸੀ ।
ਪੇਸ਼ਗੀ ਜ਼ਮਾਨਤ ਦੀ ਦਰਖਾਸਤ ਲਾਉਣੀ ਬਣਦੀ ਸੀ । ਜੇ ਮੁਕੱਦਮੇ ਵਿਚ ਨਾਂ ਪੈ ਗਿਆ ਤਾਂ ਪੁਲਿਸ ਦੇ ਚੱਕਰਾਂ ਅਤੇ ਗ੍ਰਿਫਤਾਰੀ ਤੋਂ ਬਚਾਅ ਹੋ ਜਾਏਗਾ । ਨਾਂ ਨਿਕਲ ਗਿਆ ਤਾਂ ਚਾਰ ਪੈਸਿਆਂ ਦੇ ਖਰਚ ਦਾ ਸਵਾਲ ਸੀ । ਅਜਿਹੇ ਮੌਕੇ ਪੈਸਿਆਂ ਬਾਰੇ ਨਹੀਂ
ਸੀ ਸੋਚਿਆ ਜਾ ਸਕਦਾ ।
ਦੀਵਾਨੀ ਮੁਕੱਦਮੇਬਾਜ਼ੀ ਪੰਕਜ ਨੇ ਬਹੁਤ ਕੀਤੀ ਸੀ । ਪਲਾਟਾਂ ਅਤੇ ਜ਼ਮੀਨਾਂ ਦੇ ਕਬਜ਼ੇ ਲੈਣ ਦੇਣ ਕਾਰਨ ਕੋਈ ਨਾ ਕੋਈ ਪੰਗਾ ਪਿਆ ਰਹਿੰਦਾ ਸੀ । ਫੈਕਟਰੀ ਲੱਗੀ ਤਾਂ ਲੇਬਰ ਨਾਲ ਟੇਟਾ ਪੈਣ ਲੱਗਾ । ਲੈਣ ਦੇਣ ਦੇ ਝਗੜੇ ਰਹਿਣ ਲੱਗੇ । ਕਦੇ ਕਿਸੇ ਨੇ ਉਧਾਰ ਮਾਰ ਲਿਆ। ਕਦੇ ਕਿਸੇ ਦਾ ਚੈੱਕ ਕੈਸ਼ ਨਹੀਂ ਹੋਇਆ ।
ਫੌਜਦਾਰੀ ਮੁਕੱਦਮੇ ਦਾ ਸਾਹਮਣਾ ਉਸਨੂੰ ਪਹਿਲੀ ਵਾਰ ਕਰਨਾ ਪੈ ਰਿਹਾ ਸੀ ।
ਅਜੇ ਉਨ੍ਹਾਂ ਦਾ ਰਿਸ਼ਤੇਦਾਰ ਪਿੱਛੋਂ, ਗੂੜ੍ਹਾ ਦੋਸਤ ਅਤੇ ਹਮਰਾਜ਼ ਪਹਿਲਾਂ ਸੀ । ਨਾਲੇ ਉਹ ਕਈ ਫੌਜਦਾਰੀ ਮੁਕੱਦਮੇ ਹੱਡਾਂ 'ਤੇ ਹੰਢਾ ਚੁੱਕਾ ਸੀ ।
ਪਹਿਲੀ ਵਾਰ ਉਸਦਾ ਪੁਲਿਸ ਨਾਲ ਵਾਹ ਉਸ ਸਮੇਂ ਪਿਆ ਸੀ ਜਦੋਂ ਫੈਕਟਰੀ ਵਿਚ ਖੂਹ ਪੁੱਟਦੇ ਸਮੇਂ ਤਿੰਨ ਬੰਦੇ ਮਿੱਟੀ ਹੇਠ ਦੱਬ ਕੇ ਮਰ ਗਏ ਸਨ । ਮਾਮਲਾ ਅਣਗਹਿਲੀ ਅਤੇ ਲਾਪਰਵਾਹੀ ਦਾ ਬਣਦਾ ਸੀ । ਪਰ ਪੁਲਿਸ ਨੇ ਲਾਲਚ ਅਤੇ ਲੇਬਰ ਯੂਨੀਅਨ ਦੇ
ਦਬਾਅ ਵਿੱਚ ਆ ਕੇ ਮੁਕੱਦਮਾ ਕਤਲ ਦਾ ਦਰਜ ਕਰ ਦਿੱਤਾ ਸੀ । ਮਜ਼ਦੂਰਾਂ ਦੇ ਵਾਰਿਸਾਂ ਨੂੰ ਮੁਆਵਜ਼ਾ ਦੇ ਕੇ ਅਜੇ ਨੇ ਸਮਝੌਤਾ ਕਰ ਲਿਆ। ਬਿਨਾਂ ਲੀਡਰਾਂ ਦੀ ਸਹਿਮਤੀ ਦੇ ਹੋਇਆ ਸਮਝੌਤਾ ਲੀਡਰਾਂ ਨੂੰ ਪਸੰਦ ਨਹੀਂ ਸੀ । ਲੀਡਰਾਂ ਨੇ ਅਜੇ ਨੂੰ ਜੇਲ੍ਹ ਭੇਜਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ । ਅਜੇ ਨੇ ਵੀ ਅੜੀ ਫੜ ਲਈ । ਉਹ ਉਮਰ ਕੈਦ ਕੱਟ ਆਏਗਾ । ਸਾਰਾ ਘਰ-ਬਾਰ ਮੁਕੱਦਮੇ ਉਪਰ ਲਾ ਦੇਵੇਗਾ ਪਰ ਲੀਡਰਾਂ ਅੱਗੇ ਨਹੀਂ ਝੁਕੇਗਾ ।
ਇਸ ਲੜਾਈ ਵਿਚ ਉਸ ਨੂੰ ਸੈਸ਼ਨ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤਕ ਦੇ ਦਰਵਾਜ਼ੇ ਖੜਕਾਉਣੇ ਪਏ ।
ਅਜੇ ਦਾ ਉਹੋ ਤਜਰਬਾ ਅਜੇ ਦੇ ਨਾਲ-ਨਾਲ ਉਸਦੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਕੰਮ ਆ ਰਿਹਾ ਸੀ ।
ਮਾਇਆ ਨਗਰ ਦੇ ਸਨਅਤਕਾਰਾਂ ਨੂੰ ਜੇ ਪੁਲਿਸ ਤਕ ਲੋੜ ਪੈਂਦੀ ਸੀ ਤਾਂ ਉਹ ਅਨਿਲ ਜੈਨ ਵੱਲ ਭੱਜਦੇ ਸਨ । ਜੇ ਕਚਹਿਰੀ ਜਾਣ ਦੀ ਨੌਬਤ ਆਉਂਦੀ ਸੀ ਤਾਂ ਅਜੇ ਵੱਲ ਦੌੜਦੇ ਸਨ ।
ਅਜੇ ਦੀ ਫੈਕਟਰੀ ਬੈਠਿਆਂ ਹੀ ਉਨ੍ਹਾਂ ਆਪਣੇ ਇਕ ਦੋ ਹੋਰ ਦੋਸਤਾਂ ਨੂੰ ਫ਼ੋਨ ਕਰ ਦਿੱਤੇ । ਹੋ ਰਹੇ ਵਿਚਾਰ ਵਟਾਂਦਰੇ ਵਿਚ ਉਹ ਵੀ ਆਪਣੇ ਵਿਚਾਰ ਪੇਸ਼ ਕਰਨ ।
ਸ਼ਹਿਰ ਵਿਚ ਦੋ ਚੋਟੀ ਦੇ ਵਕੀਲ ਸਨ। ਨੰਦ ਲਾਲ ਅਤੇ ਮਹਿੰਦਰ ਸਿੰਘ । ਅਜੇ ਦੋਹਾਂ ਨੂੰ ਅਜ਼ਮਾ ਚੁੱਕਾ ਸੀ ।
ਕਾਨੂੰਨ ਦੀ ਜਾਣਕਾਰੀ ਵਿਚ ਮਹਿੰਦਰ ਸਿੰਘ ਨੰਦ ਲਾਲ ਨਾਲੋਂ ਵੱਧ ਮਾਹਿਰ ਸੀ ।
ਪਰ ਉਹ ਇਮਾਨਦਾਰੀ ਵਾਲੀ ਘੋੜੀ ਚੜ੍ਹਿਆ ਹੋਇਆ ਸੀ । ਉਸਦਾ ਵਿਸ਼ਵਾਸ ਅਫ਼ਸਰਾਂ ਨਾਲ ਲੜਨ ਵਿਚ ਜ਼ਿਆਦਾ ਅਤੇ ਮਿਲਵਰਤਣ ਵਿਚ ਘੱਟ ਸੀ । ਅੱਜ ਦਾ ਜ਼ਮਾਨਾ ਹੋਰ ਸੀ । ਅੱਜ-ਕੱਲ੍ਹ ਫੈਸਲੇ ਗੁਣਾਂ ਦੇ ਆਧਾਰ 'ਤੇ ਘੱਟ ਹੋਰ ਗੱਲਾਂ ਦੇ ਆਧਾਰ 'ਤੇ ਜ਼ਿਆਦਾ ਹੁੰਦੇ ਹਨ ।
ਸਾਰੇ ਹਾਲਾਤ ਨੂੰ ਧਿਆਨ ਵਿਚ ਰੱਖ ਕੇ ਅਜੇ ਨੰਦ ਲਾਲ ਨੂੰ ਵਕੀਲ ਕਰਨ ਦੇ ਹੱਕ ਵਿਚ ਸੀ । ਉਹ ਫ਼ੀਸ ਜ਼ਰੂਰ ਠੋਕ ਕੇ ਲੈਂਦਾ ਸੀ ਪਰ ਫ਼ੀਸ ਤੈਅ ਹੋਣ ਬਾਅਦ ਸਾਇਲ ਦੀ ਸਿਰਦਰਦੀ ਮੁੱਕ ਜਾਂਦੀ ਸੀ । ਅਸਾਮੀ ਪੈਸਾ ਖਰਚਣ ਵਾਲੀ ਹੋਵੇ ਉਹ ਕਚਹਿਰੀ ਦੇ ਅਰਦਲੀ ਤੋਂ ਲੈ ਕੇ ਸੁਪਰੀਮ ਕੋਰਟ ਦੇ ਜੱਜ ਤਕ ਦੀ ਆਪੇ ਖਰੀਦੋ-ਫ਼ਰੋਖਤ ਕਰ ਦਿੰਦਾ ਸੀ ।
ਨੰਦ ਲਾਲ ਦੀ ਪੁਲਿਸ ਵਿਭਾਗ ਵਿਚ ਪੂਰੀ ਚੜ੍ਹਤ ਸੀ । ਉਸਦੇ ਫ਼ੋਨ ਉਪਰ ਕੰਮ ਹੁੰਦੇ ਸਨ । ਥਾਣੇਦਾਰ ਮਿਸਲ ਚੁੱਕੀ ਉਸਦੇ ਪਿੱਛੇ-ਪਿੱਛੇ ਘੁੰਮਦੇ ਸਨ । ਇਹ ਮਾਇਆ ਜਾਲ ਉਸਨੇ ਆਪਣੀ ਲਿਆਕਤ ਦੇ ਸਿਰ 'ਤੇ ਬੁਣਿਆ ਸੀ । ਕਦੇ ਕਿਸੇ ਮੰਤਰੀ, ਵਿਧਾਇਕ ਜਾਂ ਪੁਲਿਸ ਅਫ਼ਸਰ ਨੂੰ ਕਚਹਿਰੀ ਦਾ ਮੂੰਹ ਦੇਖਣਾ ਪੈ ਜਾਏ ਤਾਂ ਉਹ ਨੰਦ ਲਾਲ ਵੱਲ ਦੌੜਦਾ ਸੀ । ਉਹ ਲੋਕ ਇਸਨੂੰ ਫ਼ੀਸ ਤਾਂ ਦਿੰਦੇ ਹੀ ਸਨ ਅੜੇ-ਥੁੜੇ ਕੰਮ ਵੀ ਕਰਦੇ ਸਨ ।
ਨੰਦ ਲਾਲ ਦੀ ਉਮਰ ਸੱਤਰ ਦੇ ਕਰੀਬ ਸੀ । ਜਿਹੜੇ ਕਦੇ ਉਸ ਕੋਲ ਮੈਜਿਸਟਰੇਟ ਹੋਇਆ ਕਰਦੇ ਸਨ ਉਹ ਹੁਣ ਹਾਈਕੋਰਟ ਦੇ ਜੱਜ ਸਨ । ਜਿਹੜੇ ਥਾਣੇਦਾਰ ਉਸ ਕੋਲ ਬੈਠ ਕੇ ਗਵਾਹੀਆਂ ਸਮਝਿਆ ਕਰਦੇ ਸਨ ਉਹ ਕਪਤਾਨ ਬਣੇ ਬੈਠੇ ਸਨ । ਪੁਰਾਣੇ ਅਫ਼ਸਰ ਪੁਰਾਣੇ ਮਿੱਤਰਾਂ ਦੀ ਕਦਰ ਕਰਦੇ ਸਨ । ਮੁਕੱਦਮੇ ਦੀਆਂ ਕਈ ਦਿੱਕਤਾਂ ਨੰਦ ਲਾਲ ਦਾ ਨਾਂ ਲੈਣ ਨਾਲ ਹੱਲ ਹੋ ਜਾਂਦੀਆਂ ਸਨ ।
ਇਸ ਲਈ ਅਜੇ ਨੰਦ ਲਾਲ ਤੋਂ ਸਿਵਾ ਕਿਸੇ ਹੋਰ ਵਕੀਲ ਬਾਰੇ ਨਹੀਂ ਸੀ ਸੋਚ ਸਕਦਾ ।
"ਜੇ ਹੋਰ ਕੋਈ ਔਪਸ਼ਨ ਹੈ ਹੀ ਨਹੀਂ ਫੇਰ ਦੇਰ ਕਿਉਂ ਕੀਤੀ ਜਾਵੇ? ਫ਼ੋਨ ਕਰੋ ਅਤੇ ਟਾਇਮ ਲਓ ।"
ਘਬਰਾਇਆ ਨੀਰਜ ਸੋਚ-ਵਿਚਾਰ ਵਿਚ ਸਮਾਂ ਬਰਬਾਦ ਨਹੀਂ ਸੀ ਕਰਨਾ ਚਾਹੁੰਦਾ ।
"ਨੰਦ ਲਾਲ ਦੀ ਫ਼ੀਸ ਹੋਰਾਂ ਨਾਲੋਂ ਵੱਧ ਹੈ ।"
ਅਜੇ ਨੇ ਹੋਣ ਵਾਲੇ ਖ਼ਰਚੇ ਬਾਰੇ ਸੂਚਿਤ ਕਰਨਾ ਆਪਣਾ ਫ਼ਰਜ਼ ਸਮਝਿਆ ।
ਪੰਕਜ ਹੋਰਾਂ ਨੂੰ ਪੈਸੇ ਦੀ ਕੋਈ ਪਰਵਾਹ ਨਹੀਂ ਸੀ । ਅਲਮਾਰੀਆਂ ਨੋਟਾਂ ਨਾਲ ਭਰੀਆਂ ਪਈਆਂ ਸਨ । ਪੈਸਾ ਇੱਜ਼ਤ ਵਧਾਉਣ ਲਈ ਸੀ । ਪੈਸਾ ਬਚਾਉਣ ਲਈ ਇੱਜ਼ਤ ਨਹੀਂ ਸੀ ਗਵਾਈ ਜਾ ਸਕਦੀ । ਉਨ੍ਹਾਂ ਨੂੰ ਹਰ ਹੀਲੇ ਗ੍ਰਿਫ਼ਤਾਰੀ ਤੋਂ ਬਚਣਾ ਚਾਹੀਦਾ ਸੀ । ਇਹ ਸੋਚ ਕੇ ਦੋਹਾਂ ਭਰਾਵਾਂ ਨੇ ਨੰਦ ਲਾਲ ਨੂੰ ਵਕੀਲ ਨਿਯੁਕਤ ਕਰਨ ਦੀ ਤਜਵੀਜ਼ ਮਨਜ਼ੂਰ ਕਰ ਦਿੱਤੀ । ਅਜੇ ਨੇ ਨੰਦ ਲਾਲ ਨਾਲ ਸੰਪਰਕ ਕੀਤਾ ।
ਹਾਲੇ ਉਹ ਕਚਹਿਰੀ ਵਿਚ ਬਹਿਸ ਕਰ ਰਿਹਾ ਸੀ । ਅੱਧੇ ਘੰਟੇ ਬਾਅਦ ਉਸ ਨੇ ਆਪਣੇ ਚੈਂਬਰ ਵਿਚ ਆ ਜਾਣਾ ਸੀ । ਉਹ ਕਚਹਿਰੀ ਆ ਕੇ ਗੱਲ ਕਰ ਲੈਣ ।
ਇਸੇ ਦੌਰਾਨ ਪੰਕਜ ਦਾ ਸਾਲਾ ਆਪਣੇ ਦੋ ਸਾਥੀਆਂ ਨਾਲ ਉਥੇ ਆ ਪੁੱਜਾ ।
ਹੋ ਰਹੇ ਵਿਚਾਰ ਵਟਾਂਦਰੇ ਵਿਚ ਉਹ ਆਪਣੇ ਤਜਰਬੇ ਸਾਂਝੇ ਕਰਨ ਲੱਗਾ ।
"ਕਚਹਿਰੀ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਹੈ । ਪੁਲਿਸ ਉਥੇ ਸਾਰਾ ਦਿਨ ਫਿਰਦੀ ਰਹਿੰਦੀ ਹੈ । ਕਿਸੇ ਵੀ ਸਮੇਂ ਦਬੋਚ ਸਕਦੀ ਹੈ । ਕਿਉਂ ਨਾ ਵਕੀਲ ਨੂੰ ਇਥੇ ਬੁਲਾ ਲਿਆ ਜਾਵੇ?"
ਦੋਬਾਰਾ ਨੰਦ ਲਾਲ ਨੂੰ ਫ਼ੋਨ ਕੀਤਾ ਗਿਆ ।
ਨੰਦ ਲਾਲ ਕਿਸੇ ਦੇ ਘਰ ਜਾ ਕੇ ਸਲਾਹਾਂ ਦੇਣ ਵਾਲਾ ਵਕੀਲ ਨਹੀਂ ਸੀ । ਜਿਸ ਨੂੰ ਪਿਆਸ ਲੱਗੀ ਹੈ ਉਹ ਖੂਹ ਕੋਲ ਆਵੇ ।
ਨੰਦ ਲਾਲ ਦੇ ਕੋਰੇ ਜਵਾਬ ਨਾਲ ਬੈਠੀ ਸਭਾ ਦੇ ਮੈਂਬਰਾਂ ਦੇ ਚਿਹਰੇ ਉੱਤਰ ਗਏ ।
"ਜਿਹੜਾ ਵਕੀਲ ਹੁਣੇ ਗੱਲ ਕਰਨ ਨੂੰ ਤਿਆਰ ਨਹੀਂ ਅਜਿਹੇ ਵਕੀਲ ਨੂੰ ਗੋਲੀ ਮਾਰੋ ।"
ਪੰਕਜ ਦੇ ਸਾਲੇ ਸਤੀਸ਼ ਦੇ ਇਕ ਦੋਸਤ ਨੇ ਮੱਤ ਪ੍ਰਗਟਾਇਆ । ਉਹ ਇਹ ਕੇਸ ਨੰਦ ਲਾਲ ਦੀ ਥਾਂ ਆਪਣੇ ਮਿੱਤਰ ਨੂੰ ਦਿਵਾਉਣਾ ਚਾਹੁੰਦਾ ਸੀ ।
"ਨੰਦ ਲਾਲ ਬੁੱਢਾ ਹੋ ਗਿਆ ਹੈ । ਉਸਦਾ ਕੰਮ ਘਟ ਰਿਹਾ ਹੈ । ਸਿੰਗਲੇ ਦਾ ਕੰਮ ਚੜ੍ਹ ਰਿਹਾ ਹੈ । ਸਿੰਗਲਾ ਮੇਰਾ ਯਾਰ ਹੈ । ਉਸਨੂੰ ਇਥੇ ਬੁਲਾ ਲੈਂਦੇ ਹਾਂ । ਮੈਨੂੰ ਨਾਂਹ ਨਹੀਂ ਕਰੇਗਾ ।" ਵਿਨੇ ਨੇ ਨੰਦ ਲਾਲ ਦੀ ਥਾਂ ਸਿੰਗਲੇ ਵਕੀਲ ਦਾ ਨਾਂ ਪੇਸ਼ ਕੀਤਾ ।
"ਉਹ ਨੰਦ ਲਾਲ ਦਾ ਚੇਲਾ ਹੈ । ਚੇਲੇ ਗੁਰੂਆਂ ਤੋਂ ਅੱਗੇ ਨਹੀਂ ਲੰਘ ਸਕਦੇ । ਵਕੀਲ ਆਪਾਂ ਨੰਦ ਲਾਲ ਨੂੰ ਹੀ ਕਰਾਂਗੇ । ਰਾਏ ਮਸ਼ਵਰੇ ਲਈ ਸਿੰਗਲੇ ਨੂੰ ਬੁਲਾ ਲਓ । ਉਸਨੂੰ ਇਸ ਕੰਮ ਦੀ ਫ਼ੀਸ ਦੇ ਦੇਵਾਂਗੇ ।"
ਅਜੇ ਨੂੰ ਵਿਨੇ ਦੀ ਨੰਦ ਲਾਲ ਦਾ ਨਾਂ ਰੱਦ ਕਰਨ ਦੀ ਤਜਵੀਜ਼ ਚੰਗੀ ਨਹੀਂ ਸੀ ਲੱਗੀ । ਉਸਨੇ ਮੋੜਵਾਂ ਜਵਾਬ ਦੇ ਕੇ ਆਪਣੀ ਤਜਵੀਜ ਬਚਾ ਲਈ। ਨਾਲੇ ਸਿੰਗਲੇ ਨੂੰ ਫ਼ੀਸ ਦੇਣ ਦਾ ਸੁਝਾਅ ਦੇ ਕੇ ਵਿਨੇ ਦੀ ਰੱਖ ਲਈ ।
"ਨੰਦ ਲਾਲ ਲਾਲਚੀ ਸੁਭਾਅ ਦਾ ਬੰਦਾ ਹੈ । ਮੌਕਾ ਦੇਖਣ ਵੀ ਬਾਹਰ ਜਾਂਦਾ ਹੀ ਹੈ । ਬੁਰਕੀ ਸੁੱਧਟੋ ਇਥੇ ਆ ਜਾਏਗਾ ।"
ਸਤੀਸ਼ ਨੰਦ ਲਾਲ ਦਾ ਭੇਤੀ ਸੀ । ਉਸਨੇ ਆਪਣੇ ਤਜਰਬੇ ਦੇ ਆਧਾਰ 'ਤੇ ਨੰਦ ਲਾਲ ਨੂੰ ਇਥੇ ਬੁਲਾਉਣ ਦੀ ਤਜਵੀਜ਼ ਪੇਸ਼ ਕੀਤੀ । ਇਕ ਵਾਰ ਫੇਰ ਫ਼ੋਨ ਮਿਲਾਇਆ ਗਿਆ । ਮੀਟਿੰਗ ਵਿਚ ਸ਼ਾਮਲ ਹੋਣ ਦੀ ਵੱਖਰੀ ਫ਼ੀਸ ਦੇਣ ਦੀ ਪੇਸ਼ਕਸ਼ ਕੀਤੀ ਗਈ ।
"ਪਹਿਲਾਂ ਫ਼ੀਸ ਤੈਅ ਕਰ ਲਓ । ਬਾਕੀ ਫੇਰ ਦੇਖਾਂਗੇ ।"
ਇਸ ਵਾਰ ਨੰਦ ਲਾਲ ਦਾ ਰਵਈਆ ਨਰਮ ਸੀ ।
"ਅੱਗੇ ਕਦੇ ਫ਼ੀਸ ਘੱਟ ਦਿੱਤੀ ਹੈ । ਇਹ ਮੇਰਾ ਆਪਣਾ ਕੰਮ ਹੈ । ਜੋ ਮੰਗੋਗੇ ਮਿਲ ਜਾਏਗਾ । ਆਓ ਸਹੀ ।"
ਅਜੇ ਨੇ ਆਪਣੀ ਦੋਸਤੀ ਦਾ ਅਹਿਸਾਸ ਕਰਾਇਆ ।
"ਮੈਂ ਇਕ ਲੱਖ ਰੁਪਿਆ ਫ਼ੀਸ ਲਵਾਂਗਾ । ਜੇ ਕੇਸ ਲੜਨਾ ਪਿਆ ਫੇਰ ਪੰਜਾਹ ਹਜ਼ਾਰ ਹੋਰ ਲੱਗਣਗੇ । ਜੇ ਸ਼ਰਤ ਮਨਜ਼ੂਰ ਹੋਵੇ ਤਾਂ ਅੱਧੀ ਫ਼ੀਸ ਅਤੇ ਗੱਡੀ ਭੇਜ ਦੇਵੋ ।"
ਨੰਦ ਲਾਲ ਨੇ ਆਪਣੀ ਫ਼ੀਸ ਅਤੇ ਸ਼ਰਤਾਂ ਦੱਸੀਆਂ ।
ਪੰਕਜ ਨੂੰ ਫ਼ੀਸ ਬਹੁਤ ਜ਼ਿਆਦਾ ਲੱਗੀ। ਅੱਗੇ ਕਦੇ ਉਸਨੇ ਵਕੀਲ ਨੂੰ ਪੰਜ ਹਜ਼ਾਰ ਤੋਂ ਵੱਧ ਨਹੀਂ ਸੀ ਦਿੱਤਾ । ਹਾਲੇ ਉਨ੍ਹਾਂ ਨੂੰ ਆਪਣਾ ਨਾਂ ਘੜੀਸੇ ਜਾਣ ਦਾ ਸ਼ੱਕ ਸੀ ।
ਪੁਲਿਸ ਵੱਲੋਂ ਕੋਈ ਇਸ਼ਾਰਾ ਨਹੀਂ ਸੀ । ਹਾਲੇ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਦੇਣੀ ਸੀ । ਇਹ ਕੰਮ ਕਿਸੇ ਛੋਟੇ ਵਕੀਲ ਤੋਂ ਕਰਵਾਇਆ ਜਾ ਸਕਦਾ ਸੀ । ਜੇ ਪੁਲਿਸ ਪਿੱਛੇ ਪੈਣ ਲੱਗੀ ਫੇਰ ਨੰਦ ਲਾਲ ਨੂੰ ਵਕੀਲ ਕੀਤਾ ਜਾ ਸਕਦਾ ਸੀ ।
"ਗੰਢਿਆਂ ਦੇ ਚੋਰ ਵਾਲੀ ਕਰਾਉਣ ਦਾ ਕੋਈ ਫ਼ਾਇਦਾ ਨਹੀਂ । ਕਿਧਰੇ ਇਹ ਨਾ ਹੋਵੇ ਕਿ ਲਾਲਚ-ਵੱਸ ਗੱਠੇ ਵੀ ਖਾਣੇ ਪੈਣ, ਛਿੱਤਰ ਵੀ ਅਤੇ ਅਖ਼ੀਰ ਜੁਰਮਾਨਾ ਵੀ ਭਰਨਾ ਪਵੇ । ਫੇਰ ਕਿਹੜਾ ਨੰਦ ਲਾਲ ਨੇ ਘੱਟ ਫ਼ੀਸ ਲੈ ਲੈਣੀ ਹੈ । ਉਲਟਾ ਉਸਨੇ ਭਾਰਾ ਹੋ ਜਾਣੈ । ਕਿਸੇ ਹੋਰ ਵਕੀਲ ਨੂੰ ਦਿੱਤੀ ਫ਼ੀਸ ਖੂਹ-ਖਾਤੇ ਪੈ ਜਾਣੀ ਹੈ ।"
ਅਜੇ ਨੇ ਇਕ ਵਾਰ ਫੇਰ ਆਪਣਾ ਤਜਰਬਾ ਸਾਂਝਾ ਕੀਤਾ ।
"ਠੀਕ ਹੈ । ਗੱਡੀ ਭੇਜੋ ਅਤੇ ਬੁਲਾਓ । ਸਿੰਗਲੇ ਨੂੰ ਵੀ ਬੁਲਾ ਲਓ । ਇਕ ਅਤੇ ਇਕ ਰਲਕੇ ਗਿਆਰਾਂ ਹੋ ਜਾਣਗੇ ।"
ਨੀਰਜ ਨੇ ਝੱਟ ਫੈਸਲਾ ਸੁਣਾ ਦਿੱਤਾ ।
16
ਸਿੰਗਲਾ ਨੰਦ ਲਾਲ ਨਾਲੋਂ ਪਹਿਲਾਂ ਪੁੱਜ ਗਿਆ ।
ਸਿੰਗਲੇ ਨੂੰ ਕਿਸ ਕੇਸ ਬਾਰੇ ਬੁਲਾਇਆ ਜਾ ਰਿਹਾ ਹੈ ਇਸਦੀ ਜਾਣਕਾਰੀ ਉਸ ਨੂੰ ਪਹਿਲਾਂ ਦੇ ਦਿੱਤੀ ਗਈ ਸੀ । ਉਹ ਜਿੰਨੀ ਜਾਣਕਾਰੀ ਮਿਲ ਸਕਦੀ ਸੀ ਉਨੀ ਲੈ ਆਇਆ ਸੀ ।
ਠੇਕੇਦਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਸੀ । ਮੈਜਿਸਟਰੇਟ ਨੇ ਉਸਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ ।
ਪੁਲਿਸ ਰਿਮਾਂਡ ਹਾਸਲ ਕਰਦੇ ਸਮੇਂ ਪੁਲਿਸ ਨੇ ਜੋ ਦਰਖ਼ਾਸਤ ਦਿੱਤੀ ਸੀ ਉਹ ਸਿੰਗਲਾ ਪੜ੍ਹ ਆਇਆ ਸੀ । ਉਸ ਦਰਖ਼ਾਸਤ ਤੋਂ ਅਜਿਹਾ ਕੋਈ ਸੰਕੇਤ ਨਹੀਂ ਸੀ ਮਿਲਦਾ ਜਿਸ ਤੋਂ ਪੰਕਜ ਹੋਰਾਂ ਦੇ ਸਾਜ਼ਿਸ਼ ਵਿਚ ਸ਼ਾਮਲ ਹੋਣ ਬਾਰੇ ਅੰਦਾਜ਼ਾ ਲਗਦਾ ਹੋਵੇ । ਪੁਲਿਸ
ਨੇ ਬਾਕੀ ਦੋਸ਼ੀਆਂ ਦੇ ਨਾਂ ਪਤੇ ਪੁੱਛਣ ਅਤੇ ਮਾਲ ਬਰਾਮਦ ਕਰਾਉਣ ਲਈ ਪੁਲਿਸ ਰਿਮਾਂਡ ਮੰਗਿਆ ਸੀ ।
ਜਿਸ ਸਰਕਾਰੀ ਵਕੀਲ ਨੇ ਠੇਕੇਦਾਰ ਦਾ ਰਿਮਾਂਡ ਲਿਆ ਸੀ ਉਸ ਨਾਲ ਸਿੰਗਲੇ ਦਾ ਖਾਣ-ਪੀਣ ਸੀ । ਸਿੰਗਲੇ ਨੇ ਉਸ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਸੀ । ਪਰ ਉਹ ਦੂਸਰੀ ਕਚਹਿਰੀ ਵਿਚ ਰੁੱਝਾ ਹੋਇਆ ਸੀ ।
"ਜੇ ਕੁਝ ਖ਼ਰਚ ਕਰਨ ਦੀ ਇਜਾਜ਼ਤ ਹੋਵੇ ਤਾਂ ਮੈਂ ਉਸ ਕੋਲੋਂ ਮਿਸਲ ਦਾ ਹਾਲਚਾਲ ਪੁੱਛ ਸਕਦਾ ਹਾਂ ।"
ਸਿੰਗਲੇ ਨੇ ਸਰਕਾਰੀ ਵਕੀਲ ਦੇ ਖਾਣ-ਪੀਣ ਦੇ ਸੁਭਾਅ ਨੂੰ ਮੁੱਖ ਰੱਖ ਕੇ ਖਰਚੇ ਦੀ ਇਜਾਜ਼ਤ ਮੰਗੀ ।
"ਪੈਸਿਆਂ ਦੀ ਪਰਵਾਹ ਨਾ ਕਰੋ । ਮਸਲਾ ਹੱਲ ਕਰੋ ।" ਨੀਰਜ ਦੇ ਬੋਲਣ ਤੋਂ ਪਹਿਲਾਂ ਹੀ ਵਿਨੇ ਨੇ ਸਿੰਗਲੇ ਨੂੰ ਇਜਾਜ਼ਤ ਦੇ ਦਿੱਤੀ । ਮੋਬਾਇਲ ਫ਼ੋਨ 'ਤੇ ਸਰਕਾਰੀ ਵਕੀਲ ਨਾਲ ਗੱਲ ਹੋਈ ।
ਸਰਕਾਰੀ ਵਕੀਲ ਨੇ ਮਿਸਲ ਗੰਭੀਰਤਾ ਨਾਲ ਨਹੀਂ ਸੀ ਪੜ੍ਹੀ । ਅਦਾਲਤ ਦੇ ਬਾਹਰ ਸਟੂਡੈਂਟ ਯੂਨੀਅਨ ਮੁਜ਼ਾਹਰਾ ਕਰ ਰਹੀ ਸੀ । ਪੱਤਰਕਾਰਾਂ ਦੀ ਟੀਮ ਕੈਮਰੇ ਚੁੱਕੀ ਫਿਰਦੀ ਸੀ । ਮਹਿਲਾ ਮੁਕਤੀ ਸੰਮਤੀ ਆਪਣਾ ਮਜਮਾ ਲਾਈ ਬੈਠੀ ਸੀ । ਪਹਿਲੇ ਦਿਨ ਤੋਂ ਪ੍ਰੈਸ ਇਸ ਘਟਨਾ ਦਾ ਵਿਸਥਾਰ ਦੇ ਰਹੀ ਸੀ । ਰਿਮਾਂਡ ਮਿਲਣਾ ਹੀ ਮਿਲਣਾ ਸੀ । ਸਰਕਾਰੀ ਵਕੀਲ ਨੂੰ ਬਹੁਤੀ ਬਹਿਸ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਸੀ ਹੋਈ । ਇਸ ਲਈ ਉਸਨੇ ਮਿਸਲ ਨਹੀਂ ਸੀ ਘੋਖੀ ।
"ਠੇਕੇਦਾਰ ਨੇ ਆਪਣੇ ਸਾਥੀਆਂ ਦੇ ਨਾਂ ਦੱਸ ਦਿੱਤੇ? ਕਿਸ-ਕਿਸ ਦਾ ਨਾਂ ਲਿਆ ਹੈ? ਕੁਝ ਯਾਦ ਹੈ?"
"ਉਸ ਨੂੰ ਇਕੱਲੇ ਆਪਣੇ ਭਤੀਜੇ ਦੇ ਨਾਂ ਦਾ ਪਤਾ ਸੀ । ਬਾਕੀ ਭਤੀਜੇ ਨੂੰ ਜਾਣਦੇ ਸਨ । ਤੂੰ ਕਿਸ ਦਾ ਪੁੱਛਣਾ ਹੈ? ਸਾਫ਼-ਸਾਫ਼ ਦੱਸ ।"
ਸਿੰਗਲੇ ਨੇ ਅੰਦਾਜ਼ਾ ਲਾਇਆ। ਗੱਲ ਹਾਲੇ ਭਈਆਂ 'ਤੇ ਰੁਕੀ ਹੋਈ ਸੀ । ਪੰਕਜ ਹੋਰਾਂ ਨੂੰ ਕੋਈ ਖ਼ਤਰਾ ਨਹੀਂ ਸੀ ।
"ਯਾਰ ਅਸਲ ਗੱਲ ਇਹ ਹੈ ਕਿ ਵੇਦ ਦਾ ਮੇਰੇ ਦੋਸਤ ਨਾਲ ਦੀਵਾਨੀ ਝਗੜਾ ਚਲਦਾ ਹੈ। ਲਾਲਿਆਂ ਵਾਂਗ ਇਹ ਡਰੀ ਜਾਂਦੇ ਹਨ । ਮੈਂ ਇਨ੍ਹਾਂ ਬਾਰੇ ਪੁੱਛਣਾ ਸੀ ।"
"ਬਾਈ ਜੀ ਸੱਚੀ ਗੱਲ ਇਹ ਹੈ ਕਿ ਮੈਂ ਮਿਸਲ ਦੀਆਂ ਜ਼ਿਮਨੀਆਂ ਨਹੀਂ ਪੜ੍ਹੀਆਂ। ਜੇ ਬਹੁਤੀ ਗੱਲ ਹੈ ਥਾਣੇ ਜਾ ਆਉਂਦਾ ਹਾਂ । ਤੂੰ ਕਿਥੋਂ ਬੋਲਦਾ ਹੈਂ? ਥਾਣੇ ਜਾ ਕੇ ਮੈਂ ਤੇਰੇ ਕੋਲ ਆ ਜਾਂਦਾ ਹਾਂ ।"
ਸਿੰਗਲੇ ਨੇ ਸਰਕਾਰੀ ਵਕੀਲ ਨੂੰ ਮਹਿਫ਼ਲ ਹੋਟਲ ਦਾ ਟਾਇਮ ਦੇ ਦਿੱਤਾ ।
ਪੰਕਜ ਨੂੰ ਰਾਹਤ ਮਹਿਸੂਸ ਹੋਈ । ਹਾਲੇ ਤਕ ਬਚਾਅ ਸੀ ।
ਪਰ ਸਿੰਗਲੇ ਦਾ ਧੁੜਕੂ ਦੂਰ ਨਹੀਂ ਸੀ ਹੋਇਆ । ਲਗਦਾ ਸੀ ਸਰਕਾਰੀ ਵਕੀਲ ਊਟ-ਪਟਾਂਗ ਬੋਲ ਰਿਹਾ ਸੀ । ਉਸਨੇ ਮਿਸਲ ਪੜ੍ਹੀ ਨਹੀਂ ਸੀ । ਉਹ ਦੱਸੇ ਵੀ ਕੀ?
"ਹੋਰ ਕਿਸ ਪਾਸੇ ਸੰਪਰਕ ਕਰੀਏ?" ਸਿੰਗਲਾ ਹਾਲੇ ਸੋਚ ਹੀ ਰਿਹਾ ਸੀ ਕਿ ਬਾਬੂ ਨੰਦ ਲਾਲ ਜੀ ਆ ਧਮਕੇ ।
ਸਿੰਗਲੇ ਨੇ ਖੜ੍ਹਾ ਹੋ ਕੇ ਉਸਦਾ ਸਵਾਗਤ ਕੀਤਾ । ਝੁਕ ਕੇ ਗੋਡੇ ਹੱਥ ਲਾਏ ।
ਫੇਰ ਚੁੱਪ ਕਰਕੇ ਨੰਦ ਲਾਲ ਦੀਆਂ ਤਜਵੀਜ਼ਾਂ ਸੁਣਨ ਲੱਗਾ ।
17
ਨੀਰਜ ਦੇ ਮੂੰਧਹੋਂ ਹੁਣ ਤਕ ਦੀ ਕਹਾਣੀ ਸੁਣ ਕੇ ਨੰਦ ਲਾਲ ਨੇ ਅਗਲੀ ਕਾਰਵਾਈ ਸ਼ੁਰੂ ਕੀਤੀ ।
ਨੰਦ ਲਾਲ ਦੀ ਕਪਤਾਨ ਨਾਲ ਸਿੱਧੀ ਗੱਲ ਸੀ । ਪਰ ਹਾਲੇ ਉਹ ਸਿਰੇ ਦੇ ਡੰਡੇ ਨੂੰ ਹੱਥ ਨਹੀਂ ਸੀ ਪਾਉਣਾ ਚਾਹੁੰਦਾ । ਕਾਰਵਾਈ ਪਹਿਲੇ ਡੰਡੇ ਤੋਂ ਸ਼ੁਰੂ ਹੋਣੀ ਚਾਹੀਦੀ ਸੀ । ਜਾਣਕਾਰੀ ਸਹੀ ਵੀ ਮਿਲਣੀ ਸੀ ਅਤੇ ਸਸਤੀ ਵੀ ।
ਸਭ ਤੋਂ ਪਹਿਲਾਂ ਨੰਦ ਲਾਲ ਨੇ ਥਾਣੇ ਦੇ ਮੁਨਸ਼ੀ ਨੂੰ ਟੋਹਿਆ । ਮੁਨਸ਼ੀ ਥਾਣੇ ਦੀ ਮਾਂ ਵਾਂਗ ਹੁੰਦਾ ਹੈ । ਥਾਣੇ ਵਿਚ ਹੋਣ ਵਾਲੀ ਹਰ ਕਾਰਵਾਈ ਦਾ ਉਸਨੂੰ ਇਲਮ ਹੁੰਦਾ ਹੈ ।
ਮੌਕੇ ਅਤੇ ਦੋਸ਼ੀਆਂ ਕੋਲੋਂ ਬਰਾਮਦ ਹੋਇਆ ਮਾਲ ਮੁਨਸ਼ੀ ਕੋਲ ਜਮ੍ਹਾਂ ਹੁੰਦਾ ਹੈ ।
ਮਾਲ ਫੜਿਆ ਵੱਧ ਹੁੰਦਾ ਹੈ ਪਰ ਕਾਗਜ਼ੀਂ-ਪੱਤਰੀ ਘੱਟ ਦਿਖਾਇਆ ਹੁੰਦਾ ਹੈ । ਢੁਕਵੇਂ ਸਮੇਂ 'ਤੇ ਮਿਸਲ ਦਾ ਢਿੱਡ ਪੂਰਾ ਕੀਤਾ ਜਾਂਦਾ ਹੈ । ਮੁਨਸ਼ੀ ਕੋਲ ਰੱਧਖੇ ਮਾਲ ਕੋਲੋਂ ਇਹ ਪਤਾ ਲਗ ਜਾਂਦਾ ਹੈ ਕਿ ਪੁਲਿਸ ਅੱਗੋਂ ਕੀ ਕਰਨ ਵਾਲੀ ਹੈ?
ਨੰਦ ਲਾਲ ਇਹੋ ਅੰਦਾਜ਼ਾ ਲਾਉਣਾ ਚਾਹੁੰਦਾ ਸੀ ।
"ਮਾਲਖ਼ਾਨੇ ਵਿਚ ਬਹੁਤ ਥੋੜ੍ਹਾ ਮਾਲ ਪੁੱਧਜਿਆ ਹੈ । ਬਹੁਤਾ ਮਾਲ ਕਪਤਾਨ ਨੇ ਆਪਣੇ ਕੋਲ ਰੱਖ ਰੱਧਖਿਆ ਹੈ । ਰਜਿਸਟਰ ਅਤੇ ਰੋਜ਼ਨਾਮਚੇ ਖਾਲੀ ਛੱਡੇ ਗਏ ਹਨ । ਪਤਾ ਨਹੀਂ ਕਪਤਾਨ ਕੀ ਹੁਕਮ ਕਰਦਾ ਹੈ?"
ਨੰਦ ਲਾਲ ਨੂੰ ਲੱਗਾ ਮੁਨਸ਼ੀ ਪੁਲਸੀਏ ਅੰਦਾਜ਼ ਵਿਚ ਗੋਲ-ਮੋਲ ਗੱਲ ਕਰ ਰਿਹਾ ਸੀ ।
ਮੁਨਸ਼ੀ ਹੁਣੇ ਨਮਕ-ਹਰਾਮੀ ਕਰ ਜਾਏਗਾ, ਇਸਦੀ ਨੰਦ ਲਾਲ ਨੂੰ ਆਸ ਨਹੀਂ ਸੀ ।
ਉਸਨੂੰ ਰਿਸ਼ਵਤ ਦੇ ਕੇਸ ਵਿਚੋਂ ਬਰੀ ਹੋਇਆਂ ਹਾਲੇ ਹਫ਼ਤਾ ਵੀ ਨਹੀਂ ਹੋਇਆ । ਜੇ ਨੰਦ ਲਾਲ ਵਿਚ ਨਾ ਪੈਂਦਾ ਤਾਂ ਗਵਾਹਾਂ ਨੇ ਗਵਾਹੀ ਤੋਂ ਇਕ ਇੰਚ ਇਧਰ-ਉਧਰ ਨਹੀਂ ਸੀ ਹੋਣਾ । ਮੁਨਸ਼ੀ ਨੇ ਬਥੇਰਾ ਗਵਾਹਾਂ ਦੇ ਪੈਰੀਂ ਪੱਗ ਰੱਖੀ, ਬਥੇਰੇ ਰਿਸ਼ਤੇਦਾਰ ਢੋਏ, ਪਰ ਉਹ ਭਰੇ ਸੱਥ ਵਿਚ ਹੋਈ ਬੇਇਜ਼ਤੀ ਨੂੰ ਭੁੱਲਣ ਨੂੰ ਤਿਆਰ ਨਹੀਂ ਸਨ । ਮੁਨਸ਼ੀ ਨੇ ਉਨ੍ਹਾਂ ਨਾਲ ਬੁਰੀ ਕੀਤੀ ਸੀ । ਨਾਲੇ ਫ਼ੀਸ ਲੈ ਲਈ, ਨਾਲੇ ਚਾਲੂ ਭੱਠੀ ਫੜਕੇ ਕੇਸ ਬਣਾ ਦਿੱਤਾ, ਨਾਲੇ ਭਰੀ ਪੰਚਾਇਤ ਸਾਹਮਣੇ ਕੁਟਾਈ ਕਰ ਦਿੱਤੀ । ਉਨ੍ਹਾਂ ਦਾ ਗੁੱਸਾ ਤਾਂ ਹੀ ਠੰਡਾ ਹੁੰਦਾ ਸੀ ਜੇ ਮੁਨਸ਼ੀ ਨੂੰ ਸਜ਼ਾ ਹੋਵੇ । ਜਦੋਂ ਮੁਨਸ਼ੀ ਹੰਭ ਗਿਆ ਤਾਂ ਨੰਦ ਲਾਲ ਨੇ ਗਵਾਹਾਂ ਨੂੰ ਮਨਾਉਣ ਵਾਲੀ ਘੁੰਡੀ ਦੱਸੀ । ਮੁਨਸ਼ੀ ਨੇ ਉਹੋ ਬੰਦਾ ਜਾ ਫੜਿਆ । ਅਗਲੀ ਪੇਸ਼ੀ ਗਵਾਹ ਮੁੱਕਰ ਗਏ । ਮੁਨਸ਼ੀ ਬਰੀ ਹੋ ਗਿਆ ।
ਲਗਦਾ ਸੀ ਉਹੋ ਮੁਲਜ਼ਮ ਹੁਣ ਨੰਦ ਲਾਲ ਨੂੰ 'ਹੁਰਰ' ਕਹਿ ਰਿਹਾ ਸੀ ।
"ਪੁੱਤਰਾ ਬਾਪੂ ਨੂੰ ਗੋਲ-ਮੋਲ ਜਵਾਬ ਨਾ ਦੇ । ਜੇ ਅਹਿਸਾਨ ਨਹੀਂ ਮੰਨਣਾ ਤਾਂ ਸ਼ਾਮ ਨੂੰ ਆਪਣੀ ਫ਼ੀਸ ਲੈ ਜਾਈਂ । ਪਰ ਗੱਲ ਸਹੀ ਦੱਸ ।"
ਗੁੱਸੇ 'ਚ ਆਏ ਨੰਦ ਲਾਲ ਨੇ ਮੁਨਸ਼ੀ ਨੂੰ ਝਿੜਕਿਆ । ਮੁਨਸ਼ੀ ਨੇ ਦਸ ਸੌਹਾਂ ਖਾਧੀਆਂ । ਉਹ ਸੱਚ ਬੋਲ ਰਿਹਾ ਸੀ । ਉਸਨੂੰ ਕੁਝ ਪਤਾ ਨਹੀਂ ਸੀ ।
"ਚੰਗਾ ਇਉਂ ਦੱਸ ਬਈ ਸਹੀ ਜਾਣਕਾਰੀ ਕੌਣ ਦੇ ਸਕਦਾ ਹੈ?"
"ਭੁੱਲਰ, ਸਾਹਿਬ ਦਾ ਰੀਡਰ ਹੈ। ਲਿਖਾਪੜ੍ਹੀ ਉਹੋ ਕਰ ਰਿਹਾ ਹੈ । ਉਹੋ ਭੁੱਲਰ ਜਿਸ ਉਪਰ ਰੋਜ਼ਨਾਮਚਾ ਸਾੜਨ ਦਾ ਕੇਸ ਚੱਲ ਰਿਹਾ ਹੈ । ਤੁਸੀਂ ਉਸਦੇ ਵਕੀਲ ਹੋ ।"
ਮੁਨਸ਼ੀ ਨੇ ਰੀਡਰ ਦੇ ਨਾਂ ਦੇ ਨਾਲ-ਨਾਲ ਮੋਬਾਇਲ ਫ਼ੋਨ ਦਾ ਨੰਬਰ ਦੱਸ ਕੇ ਨੰਦ ਲਾਲ ਦੀ ਅੜਚਨ ਅਸਾਨ ਕਰ ਦਿੱਤੀ ।
ਭੁੱਲਰ ਨੇ ਨੰਦ ਲਾਲ ਨੂੰ ਨਿਰਾਸ਼ ਨਹੀਂ ਸੀ ਹੋਣ ਦਿੱਤਾ ।
ਸਰਕਾਰੀ ਵਕੀਲ ਅਤੇ ਮੁਨਸ਼ੀ ਸੱਚ ਬੋਲ ਰਹੇ ਸਨ । ਹਾਲੇ ਤਕ ਜੋ ਕਾਰਵਾਈ ਹੋਈ ਸੀ ਉਹ ਜ਼ੁਬਾਨੀ ਹੋਈ ਸੀ । ਮਿਸਲ ਠੱਪ ਸੀ । ਕੋਈ ਕੁਝ ਦੱਸੇ ਤਾਂ ਕਿਸ ਤਰ੍ਹਾਂ? ਵੈਸੇ ਮਾਮਲਾ ਸ਼ੀਸ਼ੇ ਵਾਂਗ ਸਾਫ਼ ਸੀ । ਪਹਿਲਾਂ ਠੇਕੇਦਾਰ ਮਾਰ ਸਹਿੰਦਾ ਰਿਹਾ । ਉਸ ਨੂੰ ਕੁਰਸੀ ਲਾਈ, ਘੋਟਾ ਲਾਇਆ, ਪੁੱਠਾ ਲਟਕਾਇਆ । ਪਰ ਉਹ ਟਸ ਤੋਂ ਮਸ ਨਾ ਹੋਇਆ । ਅਚਾਨਕ ਜਦੋਂ ਉਸਦਾ ਭਤੀਜਾ
ਪੁਲਿਸ ਦੇ ਹੱਥ ਲਗ ਗਿਆ, ਉਹ ਫੋੜੇ ਵਾਂਗ ਫਿਸ ਪਿਆ ।
ਸ਼ਹਿਰ ਦੇ ਸ਼ੇਰਪੁਰ ਚੌਂਕ ਵਿਚੋਂ ਇਕ ਬੱਸ ਹਰ ਰਾਤ ਬਿਹਾਰ ਨੂੰ ਜਾਂਦੀ ਸੀ । ਬੱਸ ਦੇ ਮਾਲਕਾਂ ਕੋਲ ਰੂਟ ਪਰਮਿਟ ਨਹੀਂ ਸੀ । ਅਫ਼ਸਰਾਂ ਦੀ ਸ਼ਹਿ 'ਤੇ ਕੰਮ ਦੋ ਨੰਬਰ ਵਿਚ ਹੋ ਰਿਹਾ ਸੀ । ਬੱਸ ਵਿਚ ਬਹੁਤੇ ਭਈਏ ਚੜ੍ਹਦੇ ਸਨ । ਬੱਸ ਤੁਰਨ ਤੋਂ ਪਹਿਲਾਂ ਪੁਲਿਸ ਭਈਆਂ ਉਪਰ ਸਰਸਰੀ ਜਿਹੀ ਨਜ਼ਰ ਮਾਰ ਲੈਂਦੀ ਸੀ ।
ਉਸ ਦਿਨ ਇਸ ਵਾਰਦਾਤ ਕਾਰਨ ਪੁਲਿਸ ਨੇ ਸਟੇਸ਼ਨ ਅਤੇ ਬੱਸ ਅੱਡੇ ਉਪਰ ਸਖ਼ਤ ਪਹਿਰਾ ਲਾਇਆ ਹੋਇਆ ਸੀ । ਸ਼ਹਿਰੋਂ ਬਾਹਰ ਜਾਂਦੀ ਹਰ ਕਾਰ, ਬੱਸ ਦੀ ਤਲਾਸ਼ੀ ਹੋ ਰਹੀ ਸੀ ।
ਸ਼ੇਰਪੁਰ ਚੌਂਖੀ ਦਾ ਇੰਚਾਰਜ ਕਪਤਾਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰ ਰਿਹਾ ਸੀ । ਤਲਾਸ਼ੀ ਦੇ ਬਹਾਨੇ ਹਰ ਭਈਏ ਦਾ ਸਮਾਨ ਖੁਲ੍ਹਵਾ ਕੇ ਦਸ ਵੀਹ ਝਾੜ ਰਿਹਾ ਸੀ ।
ਇਕ ਭਈਏ ਨੇ ਜਿਉਂ ਹੀ ਇਕ ਰੰਗਦਾਰ ਟੈਲੀਵਿਜ਼ਨ ਅਤੇ ਇਕ ਵੀ.ਸੀ.ਆਰ. ਬੱਸ ਦੇ ਪਿੱਛੇ ਬਣੇ ਬਾਕਸ ਵਿਚ ਰੱਧਖਿਆ ਝੱਟ ਉਸਨੇ ਭਈਏ ਨੂੰ ਦਬੋਚ ਲਿਆ । ਉਸ ਸਮੇਂ ਉਸਦੀ ਨੀਅਤ ਚਾਰ ਪੈਸੇ ਲੈ ਕੇ ਭਈਏ ਨੂੰ ਛੱਡ ਦੇਣ ਦੀ ਸੀ । ਉਸਨੂੰ ਨਹੀਂ ਸੀ
ਪਤਾ ਕਿ ਵੱਡੀ ਮੱਛੀ ਜਾਲ ਵਿਚ ਫਸ ਚੁੱਕੀ ਸੀ ।
ਬੱਸ ਦੇ ਮਾਲਕਾਂ ਨੇ ਇੰਚਾਰਜ ਦੇ ਇਸ ਰਵੱਈਏ 'ਤੇ ਇਤਰਾਜ਼ ਕੀਤਾ । ਪੁਲਿਸ ਨੂੰ ਫ਼ੀਸ ਇਸੇ ਖੱਜਲ-ਖੁਆਰੀ ਤੋਂ ਬਚਣ ਲਈ ਦਿੱਤੀ ਜਾਂਦੀ ਸੀ । ਜੇ ਸਵਾਰੀਆਂ ਇਸ ਤਰ੍ਹਾਂ ਪ੍ਰੇਸ਼ਾਨ ਹੋਣਗੀਆਂ ਤਾਂ ਕੌਣ ਉਨ੍ਹਾਂ ਦੀ ਬੱਸ ਵਿਚ ਬੈਠੇਗਾ?
ਬੱਸ ਦੇ ਮਾਲਕ ਤੋਂ ਖਹਿੜਾ ਛੁਡਾਉਣ ਲਈ ਚੌਂਕੀ ਇੰਚਾਰਜ ਨੇ ਉਂਝ ਹੀ ਬਹਾਨਾ ਘੜ ਦਿੱਤਾ । ਦੀਪ ਨਗਰ ਹੋਈ ਡਕੈਤੀ ਵਿਚ ਇਹੋ ਜਿਹੇ ਸਮਾਨ ਦੀ ਚੋਰੀ ਹੋਈ ਸੀ ।
ਸਾਹਬਿ ਦੀ ਸਖ਼ਤ ਹਦਾਇਤ ਸੀ । ਇਹੋ ਜਿਹਾ ਸਮਾਨ ਲੈ ਕੇ ਘੁੰਮ ਰਹੇ ਹਰ ਬੰਦੇ ਦੀ ਪੂਰੀ ਘੋਖ ਪੜਤਾਲ ਹੋਵੇ । ਉਹ ਉਸੇ ਹੁਕਮ ਦੀ ਪਾਲਣਾ ਕਰ ਰਿਹਾ ਸੀ ।
ਮਨਘੜਤ ਕਹਾਣੀ ਘੜਦੇ ਇੰਚਾਰਜ ਨੂੰ ਫੁਰਨਾ ਫੁਰਿਆ । ਇਹ ਕਿਧਰੇ ਸੱਚਮੁੱਚ ਉਹੋ ਸਮਾਨ ਨਾ ਹੋਵੇ ।
ਇੰਚਾਰਜ ਨੇ ਭਈਆ ਅਤੇ ਸਮਾਨ ਬੱਸ ਵਿਚੋਂ ਉਤਾਰ ਲਏ । ਉਹ ਬਿਨਾਂ ਪੁੱਛ ਪੜਤਾਲ ਦੇ ਭਈਏ ਨੂੰ ਨਹੀਂ ਛੱਡ ਸਕਦਾ । ਮਾਲਕ ਨੂੰ ਤਕਲੀਫ਼ ਹੈ ਤਾਂ ਕਪਤਾਨ ਨਾਲ ਗੱਲ ਕਰੇ ।
ਮਾਲਕ ਕਿਸੇ ਝੰਜਟ ਵਿਚ ਪੈਣ ਨੂੰ ਤਿਆਰ ਨਹੀਂ ਸੀ । ਭਈਏ ਨੂੰ ਉਤਾਰ ਕੇ ਉਸਨੇ ਬੱਸ ਤੋਰ ਲਈ ।
ਤੀਜੀ ਸ਼ਿਫਟ ਵਿਚ ਭਈਆ ਜੁਰਮ ਦਾ ਇਕਬਾਲ ਕਰਨ ਲੱਗਾ ।
ਆਪਣੇ ਹਿੱਧਸੇ ਆਏ ਗਹਿਣੇ ਅਤੇ ਕੱਪੜੇ ਟਰੰਕ ਵਿਚੋਂ ਕੱਢ ਕੇ ਉਸਨੇ ਪੁਲਿਸ ਦੇ ਹਵਾਲੇ ਕਰ ਦਿੱਤੇ । ਵਾਰਦਾਤ ਸਮੇਂ ਵਰਤੀ ਰਾਡ ਅਤੇ ਆਪਣੇ ਖ਼ੂਨ ਨਾਲ ਲਿਬੜੇ ਕੱਪੜੇ ਉਸਨੇ ਆਪਣੇ ਕੁਆਟਰ ਦੀਆਂ ਪਿਛਲੀਆਂ ਝਾੜੀਆਂ ਵਿਚੋਂ ਬਰਾਮਦ ਕਰਵਾ ਦਿੱਤੇ ।
ਚਾਚੇ ਭਤੀਜੇ ਨੂੰ ਜਦੋਂ ਆਹਮਣੇ-ਸਾਹਮਣੇ ਕੀਤਾ ਗਿਆ ਤਾਂ ਚਾਚੇ ਦੀਆਂ ਨਸਾਂ ਢਿੱਲੀਆਂ ਪੈ ਗਈਆਂ । ਉਸਨੇ ਸਾਜ਼ਿਸ਼ ਦੇ ਸਾਰੇ ਵੇਰਵੇ ਵਿਸਥਾਰ-ਪੂਰਵਕ ਦੱਸ ਦਿੱਤੇ ।
ਪੁਲਿਸ ਦੀ ਇਕ ਪਾਰਟੀ ਦੋਸ਼ੀਆਂ ਨੂੰ ਫੜਨ ਲਈ ਬਿਹਾਰ ਲਈ ਰਵਾਨਾ ਹੋ ਗਈ ਸੀ । ਦੂਜੀ ਪਾਰਟੀ ਪੰਕਜ ਹੋਰਾਂ ਉਪਰ ਨਜ਼ਰ ਰੱਖ ਰਹੀ ਸੀ ।
"ਲੈ ਬਈ ਸੇਠ ਅਜੇ ਕੁਮਾਰ ! ਕਹਾਣੀ ਸਾਫ਼ ਹੋ ਗਈ । ਆਪਣਾ ਨਾਂ ਮਿਸਲ 'ਤੇ ਆ ਚੁੱਕਾ ਹੈ ।"
ਰੀਡਰ ਤੋਂ ਸਾਰਾ ਵੇਰਵਾ ਲੈ ਕੇ ਨੰਦ ਲਾਲ ਦੇ ਚਿਹਰੇ 'ਤੇ ਚਿੰਤਾ ਦੀ ਥਾਂ ਖੁਸ਼ੀ ਦੇ ਚਿੰਨ੍ਹ ਉਭਰੇ ਸਨ । ਉਸਨੂੰ ਆਪਣੀ ਕਾਰਗੁਜ਼ਾਰੀ 'ਤੇ ਫ਼ਖਰ ਹੋ ਰਿਹਾ ਸੀ । ਨੰਦ ਲਾਲ ਜੇ ਸੁਰਾਗ਼ ਨਾ ਕੱਢਦਾ ਤਾਂ ਪੁਲਿਸ ਨੇ ਦੋਹਾਂ ਭਰਾਵਾਂ ਨੂੰ ਸੁੱਧਤਿਆਂ ਨੂੰ ਦਬੋਚ ਲੈਣਾ ਸੀ । ਸਾਲ ਭਰ ਉਨ੍ਹਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈਣੀ ਸੀ ।
ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਹੁਣ ਲਾਉਣੀ ਹੀ ਪੈਣੀ ਸੀ ।
ਦਰਖ਼ਾਸਤ ਦਾ ਮਜ਼ਮੂਨ ਤਿਆਰ ਕਰਨ ਤੋਂ ਪਹਿਲਾਂ ਨੰਦ ਲਾਲ ਨੂੰ ਸਾਰੀ ਵਾਰਦਾਤ ਦਾ ਵੇਰਵਾ ਚਾਹੀਦਾ ਸੀ ।
ਦੋਸ਼ੀਆਂ ਨੇ ਆਪਣੇ ਜੁਰਮ ਦਾ ਇਕਬਾਲ ਕਰਨਾ ਸੀ । ਇਹ ਇਕੱਲੇ ਵਕੀਲ ਦੀ ਹਾਜ਼ਰੀ ਵਿਚ ਹੋਣਾ ਚਾਹੀਦਾ ਸੀ । ਹੋਰਾਂ ਸਾਹਮਣੇ ਕੀਤਾ ਇਕਬਾਲ ਉਨ੍ਹਾਂ ਵਿਰੁੱਧ ਵਰਤਿਆ ਜਾ ਸਕਦਾ ਸੀ ।
ਸੱਚ ਜਾਨਣ ਲਈ ਨੰਦ ਲਾਲ ਦੋਹਾਂ ਭਰਾਵਾਂ ਅਤੇ ਅਜੇ ਨੂੰ ਨਾਲ ਦੇ ਕਮਰੇ ਵਿਚ ਲੈ ਗਿਆ ।
"ਤੁਸੀਂ ਮੁਕੱਦਮੇ ਵਿਚ ਫਸ ਗਏ ਹੋ । ਮੈਂ ਵਕੀਲ ਦੇ ਨਾਤੇ ਤੁਹਾਡਾ ਬਚਾਅ ਕਰਨਾ ਹੈ । ਮੇਰੇ ਕੋਲੋਂ ਗੱਲ ਛੁਪਾਉਣੀ ਨਹੀਂ । ਦਾਈ ਕੋਲੋਂ ਪੇਟ ਨਹੀਂ ਛੁਪਾਇਆ ਜਾ ਸਕਦਾ । ਮੈਂ ਸਾਰੇ ਪੱਖ ਜਾਣ ਕੇ ਹੀ ਕੋਈ ਸਫ਼ਾਈ ਪੱਖ ਘੜ ਸਕਾਂਗਾ । ਇਸ ਲਈ ਸੱਚ-ਸੱਚ
ਦੱਸਣਾ ।"
"ਇਕ ਕਾਨੂੰਨੀ ਨੁਕਤਾ ਹੋਰ ਦੱਸ ਦਿਆਂ । ਕਾਨੂੰਨ ਤੁਹਾਨੂੰ ਮੇਰੇ ਅੱਗੇ ਢਿੱਡ ਫਰੋਲਣ ਦਾ ਹੱਕ ਦਿੰਦਾ ਹੈ । ਮੇਰੇ ਉਪਰ ਕਾਨੂੰਨੀ ਪਾਬੰਦੀ ਹੈ । ਤੁਹਾਡੇ ਇਸ ਇਕਬਾਲ ਨੂੰ ਮੈਂ ਤੁਹਾਡੇ ਵਿਰੁੱਧ ਕਦੇ ਨਹੀਂ ਵਰਤ ਸਕਦਾ । ਤੁਹਾਡਾ ਵਕੀਲ ਨਾ ਰਹਿਣ ਪਿੱਛੋਂ ਵੀ ਨਹੀਂ ।" ਸੱਚ ਇਹ ਸੀ ਕਿ ਪੰਕਜ ਹੋਰਾਂ ਨੇ ਇਕ ਸਾਜ਼ਿਸ਼ ਘੜੀ ਸੀ। ਪਰ ਇਰਾਦਾ ਇਡਾ ਭਾਣਾ ਵਰਤਾਉਣ ਦਾ ਨਹੀਂ ਸੀ । ਉਹ ਮੂੰਹ-ਫੱਟ ਚਾਚੀ ਅਤੇ ਸੱਪ ਵਾਂਗ ਫੱਨ ਚੁੱਕ ਰਹੇ ਕਮਲ ਨੂੰ ਥੋੜ੍ਹਾ ਜਿਹਾ ਸਬਕ ਸਿਖਾਉਣਾ ਚਾਹੁੰਦੇ ਸਨ । ਨਾ ਉਨ੍ਹਾਂ ਨੂੰ ਚਾਚੇ ਨਾਲ ਗਿਲਾ ਸੀ, ਨਾ ਨੇਹਾ ਨਾਲ । ਨੇਹਾ ਦੀ ਇੱਜ਼ਤ ਉਨ੍ਹਾਂ ਦੀ ਇੱਜ਼ਤ ਸੀ ।
ਲਗਦਾ ਸੀ ਠੇਕੇਦਾਰ ਲਾਲਚ ਵਿਚ ਆ ਗਿਆ ਸੀ । ਵਾਅਦੇ ਮੁਤਾਬਕ ਠੇਕੇਦਾਰ ਨੇ ਵਾਰਦਾਤ ਵਿਚ ਸ਼ਾਮਲ ਨਹੀਂ ਸੀ ਹੋਣਾ । ਲੱਗਦਾ ਸੀ ਉਹ ਇਕ ਬੰਦੇ ਦੇ ਪੈਸੇ ਬਚਾਉਣਾ ਚਾਹੁੰਦਾ ਸੀ । ਹਥਿਆਰ ਅਤੇ ਕੱਪੜੇ ਖਰੀਦਣ ਲਈ ਉਸਨੂੰ ਪੰਜ ਹਜ਼ਾਰ ਅਲੱਗ ਦਿੱਤਾ ਗਿਆ ਸੀ । ਲਾਲਚ 'ਚ ਆਏ ਠੇਕੇਦਾਰ ਨੇ ਉਹ ਰਕਮ ਜੇਬ ਵਿਚ ਪਾ ਲਈ ਅਤੇ ਜਾਂਦਾ ਹੋਇਆ ਫੈਕਟਰੀ ਵਿਚੋਂ ਰਾਡ ਚੁੱਕ ਕੇ ਲੈ ਗਿਆ ।
ਕਮਲ ਦਾ ਕਤਲ ਕਿਉਂ ਹੋਇਆ? ਨੇਹਾ ਦੀ ਇੱਜ਼ਤ ਕਿਉਂ ਲੁੱਟੀ ਗਈ? ੀeਸ ਬਾਰੇ ਉਹ ਕੁਝ ਨਹੀਂ ਦੱਸ ਸਕਦੇ । ਇਨ੍ਹਾਂ ਘਟਨਾਵਾਂ 'ਤੇ ਉਨ੍ਹਾਂ ਨੂੰ ਸ਼ਰਮ ਵੀ ਆ ਰਹੀ ਸੀ ਅਤੇ ਪਛਤਾਵਾ ਵੀ ਹੋ ਰਿਹਾ ਸੀ ।
"ਭੈੜੇ ਦਿਨ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੇ । ਜੋ ਹੋਣਾ ਸੀ ਹੋ ਗਿਆ । ਹੁਣ ਭਾਣਾ ਮੰਨੋ । ਮੈਂ ਆਪੇ ਤੁਹਾਡਾ ਬਚਾਅ ਕਰ ਲਵਾਂਗਾ ।"
ਘਬਰਾਏ ਭਰਾਵਾਂ ਦਾ ਹੌਂਸਲਾ ਵਧਾ ਕੇ ਨੰਦ ਲਾਲ ਜ਼ਰੂਰੀ ਕਾਨੂੰਨੀ ਨੁਕਤੇ ਸਮਝਾਉਣ ਲੱਗਾ ।
"ਮੁਕੱਦਮਾ ਲੜਨ ਦੇ ਤਿੰਨ ਸੁਨਹਿਰੀ ਅਸੂਲ ਹਨ । ਇਹ ਯਾਦ ਕਰ ਲਓ । ਮੁਕੱਦਮ ਵਾਲੀ ਜੋਕ ਕਈ ਸਾਲ ਤੁਹਾਡਾ ਖ਼ੂਨ ਪੀਏਗੀ । ਇਹ ਨੁਕਤੇ ਯਾਦ ਰਹੇ ਤਾਂ ਸੌਖ ਰਹੇਗੀ ।"
"ਪਹਿਲਾ ਨੁਕਤਾ ਇਹ ਹੈ ਕਿ ਜਿਸ ਬੰਦੇ ਨੂੰ ਵੀ ਅੱਗੇ ਲਾਓ ਉਸ 'ਤੇ ਪੂਰਾ ਭਰੋਸਾ ਰੱਖੋ । ਇਥੇ ਮਿੰਟ-ਮਿੰਟ 'ਤੇ ਪੈਰ ਤਿਲਕਦਾ ਹੈ । ਕਿਸੇ ਮਦਦ ਕਰ ਰਹੇ ਅਫ਼ਸਰ ਦੀ ਮਜਬੂਰੀ ਹੋ ਜਾਵੇ ਇਹ ਨਾ ਸਮਝਣਾ ਕਿ ਉਹ ਗਦਾਰੀ ਕਰ ਗਿਆ ।
"ਦੂਜਾ ਨੁਕਤਾ ਹੈ ਸਬਰ ਰੱਖਣ ਦਾ । ਫੌਜਦਾਰੀ ਮੁਕੱਦਮਿਆਂ ਵਿਚ ਨਤੀਜੇ ਹੌਲੀਹੌਲੀ ਨਿਕਲਦੇ ਹਨ । ਤੱਤਾ ਲੱਕੋਗੇ ਤਾਂ ਜੀਭ ਸੜੇਗੀ ।
"ਤੀਜਾ ਨੁਕਤਾ ਇਹ ਹੈ ਕਿ ਤੁਹਾਡੇ ਕੋਲ ਪੈਸੇ ਹਨ । ਇਸ ਨੂੰ ਦਿਲ ਖੋਲ੍ਹ ਕੇ ਵਰਤੋ । ਮੁਕੱਦਮੇ ਦੀ ਖੇਡ ਸੱਪ ਸੀੜੀ ਵਾਲੀ ਖੇਡ ਹੈ । ਪਤਾ ਨਹੀਂ ਕਦੋਂ ਬਾਜ਼ੀ ਨੜਿਨਵੇਂ ਦੇ ਹਿੰਸੇ 'ਤੇ ਪੁੱਜ ਕੇ ਜਿੱਤ ਵੱਲ ਜਾਣ ਦੀ ਥਾਂ ਕਿਸੇ ਸੱਪ ਦੇ ਮੂੰਹ ਵਿਚ ਪੈ ਕੇ ਸਿਫ਼ਰ ਵਾਲੇ ਅੰਨ੍ਹੇ ਖੂਹ ਵਿਚ ਜਾ ਡਿੱਗੇ । ਇਹ ਨਾ ਸਮਝਣਾ ਵਿਚਕਾਰਲਾ ਬੰਦਾ ਪੈਸੇ ਆਪ ਖਾ ਗਿਆ । ਹੌਂਸਲਾ ਰੱਖ ਕੇ ਖੇਡ ਇਕ ਵਾਰ ਫੇਰ ਸਿਫ਼ਰ ਤੋਂ ਸ਼ੁਰੂ ਕਰੋ । ਦੇਖਣਾ ਅਖ਼ੀਰ ਕਾਮਯਾਬੀ ਤੁਹਾਡੇ ਪੈਰ ਚੁੰਮੇਗੀ ।"
"ਇਸੇ ਤਰ੍ਹਾਂ ਕਰਾਂਗੇ ।"
ਨੰਦ ਲਾਲ ਦਾ ਉਪਦੇਸ਼ ਪੰਕਜ ਹੋਰਾਂ ਨੂੰ ਅੰਮ੍ਰਿਤ-ਬਾਣੀ ਵਾਂਗ ਲਗ ਰਿਹਾ ਸੀ ।
ਉਨ੍ਹਾਂ ਨੇ ਇਕ-ਇਕ ਨੁਕਤਾ ਗਹੁ ਨਾਲ ਸੁਣਿਆ ਅਤੇ ਆਪਣੇ ਦਿਮਾਗ਼ ਵਾਲੇ ਕੰਪਿਊਟਰ ਵਿਚ 'ਲਾਕ' ਕਰ ਦਿੱਤਾ ।
"ਹੁਣ ਸੁਣੋ ਅਗਲੀ ਗੱਲ । ਮੁਕੱਦਮੇ ਨਾਲ ਸਬੰਧਤ ਹਰ ਅਹਿਲਕਾਰ ਨੂੰ ਮੈਂ ਸੰਭਾਲ ਲਵਾਂਗਾ। ਅਫ਼ਸਰਾਂ ਦੇ ਬੰਦੇ ਦੱਸਾਂਗਾ । ਅਫ਼ਸਰਾਂ ਤਕ ਪਹੁੰਚ ਕਰਨੀ ਤੁਹਾਡਾ ਕੰਮ ਹੈ ।
ਕੋਈ ਹੀਲਾ ਨਾ ਬਣੇ ਹੱਥ ਖੜੇ ਕਰ ਦੇਣਾ । ਫੇਰ ਮੈਂ ਜਾਣਾਂ ਮੇਰਾ ਕੰਮ ਜਾਣੇ ।
"ਸੈਸ਼ਨ ਜੱਜ ਤਕ ਪਹੁੰਚ ਕਰੋ । ਪੁਲਿਸ ਤੇ ਦਬਾਅ ਪਾਓ । ਤੁਹਾਡਾ ਬਹੁਤ ਰਸੂਖ਼ ਹੈ। ਸਿਆਸੀ ਬੰਦੇ ਫੜੋ । ਰਿਸ਼ਤੇਦਾਰ ਅਫ਼ਸਰਾਂ ਤੋਂ ਫ਼ੋਨ ਕਰਾਓ । ਹਾਲੇ ਕੁਝ ਨਹੀਂ ਵਿਗੜਿਆ । ਤਫ਼ਤੀਸ਼ ਇਥੇ ਰੁਕ ਸਕਦੀ ਹੈ ।
"ਠੇਕੇਦਾਰ ਨੇ ਆਪਣਾ ਵਕੀਲ ਇਕ ਭਈਏ ਨੂੰ ਕੀਤਾ ਹੈ ਜਿਸ ਨੇ ਹਿੰਦੀ ਵਿੱਚ ਕਾਨੂੰਨ ਪੜ੍ਹਿਆ ਹੈ । ਪੜ੍ਹਿਆ ਹੈ ਜਾਂ ਉਂਝ ਹੀ ਡਿਗਰੀ ਲੈ ਆਇਆ ਇਹ ਵੀ ਪਤਾ ਨਹੀਂ ਹੈ । ਠੇਕੇਦਾਰ ਦਾ ਮੁਕੱਦਮਾ ਜੇ ਉਸ ਵਕੀਲ ਨੇ ਲੜਿਆ ਤਾਂ ਠੇਕੇਦਾਰ ਨਾਲੋਂ ਵੱਧ ਨੁਕਸਾਨ ਆਪਣਾ ਹੋਵੇਗਾ । ਠੇਕੇਦਾਰ ਦਾ ਹੋਰ ਪੁਲਿਸ ਰਿਮਾਂਡ ਨਾ ਮਿਲੇ ਅਤੇ ਤਫ਼ਤੀਸ਼ ਜਿਥੇ ਹੈ ਉਥੇ ਹੀ ਖੜੋ ਜਾਵੇ ਇਸ ਲਈ ਠੇਕੇਦਾਰ ਵੱਲੋਂ ਉੱਚ-ਕੋਟੀ ਦਾ ਵਕੀਲ ਪੇਸ਼ ਹੋਣਾ ਚਾਹੀਦਾ ਹੈ । ਇਸ ਦਾ ਇੰਤਜ਼ਾਮ ਸਾਨੂੰ ਕਰਨਾ ਚਾਹੀਦਾ ਹੈ ।"
ਨੰਦ ਲਾਲ ਠੇਕੇਦਾਰ ਦਾ ਵਕੀਲ ਨਹੀਂ ਬਣ ਸਕਦਾ । ਉਹ ਪੰਕਜ ਵੱਲੋਂ ਪੇਸ਼ ਹੋਏਗਾ ।
ਠੇਕੇਦਾਰ ਅਤੇ ਪੰਕਜ ਦੋਹਾਂ ਵੱਲੋਂ ਪੇਸ਼ ਹੋਣ ਨਾਲ ਉਨ੍ਹਾਂ ਦੋਹਾਂ ਵਿਚਲੀ ਸਾਜ਼ਿਸ਼ ਜੱਗਰ ਹੋਏਗੀ । ਜੱਜ ਨੂੰ ਸ਼ੱਕ ਹੋਣਾ ਸੀ ਠੇਕੇਦਾਰ ਕੋਲ ਨੰਦ ਲਾਲ ਦੀ ਫ਼ੀਸ ਚੁਕਾਉਣ ਦੀ ਪਰੋਖੋਂ ਕਿਥੋਂ ਆ ਗਈ ? ਉਸਨੇ ਅੰਦਾਜ਼ਾ ਲਾਉਣਾ ਸੀ, ਠੇਕੇਦਾਰ ਦੀ ਫ਼ੀਸ ਪੰਕਜ ਨੇ ਦਿੱਤੀ ਹੋਣੀ ਹੈ । ਇਹ ਸ਼ੱਕ ਉਨ੍ਹਾਂ ਨੇ ਜੱਜ ਦੇ ਦਿਮਾਗ਼ ਵਿਚ ਆਉਣ ਨਹੀਂ ਸੀ ਦੇਣਾ ।
ਠੇਕੇਦਾਰ ਦਾ ਵਕੀਲ ਅਜਿਹਾ ਕੀਤਾ ਜਾਵੇ, ਜਿਸਦਾ ਸਬੰਧ ਨੰਦ ਲਾਲ ਦੇ ਚੈਂਬਰ ਨਾਲ ਨਾ ਹੋਵੇ ।
ਨੰਦ ਲਾਲ ਨੇ ਵਕੀਲ ਦਾ ਨਾਂ ਆਪ ਸੁਝਾਅ ਦਿੱਤਾ । ਬਾਹਰ ਬੈਠਾ ਸਿੰਗਲਾ ਉਸਦਾ ਵਕੀਲ ਹੋਏਗਾ ।
ਠੇਕੇਦਾਰ ਦੇ ਭਤੀਜੇ ਲਈ ਕੋਈ ਤੀਸਰਾ ਵਕੀਲ ਕੀਤਾ ਜਾਵੇ । ਭਤੀਜੇ ਦਾ ਵਕੀਲ ਜੇ ਸਿੰਗਲਾ ਬਣਾਇਆ ਗਿਆ ਤਾਂ ਚਾਚੇ ਭਤੀਜੇ ਦੀ ਸਾਂਝ ਸਾਬਤ ਹੋਏਗੀ ।
ਨੰਦ ਲਾਲ ਦੀਆਂ ਨਸੀਅਤਾਂ ਪੰਕਜ ਹੋਰਾਂ ਨੂੰ ਦੁੱਧ ਘਿਓ ਦੀਆਂ ਨਾਲਾਂ ਵਰਗੀਆਂ ਲੱਗੀਆਂ । ਮਨ ਹੀ ਮਨ ਉਹ ਅਜੇ ਦੀ ਚੋਣ ਦੀ ਦਾਦ ਦੇਣ ਲੱਗੇ । ਉਨ੍ਹਾਂ ਨੂੰ ਯਕੀਨ ਹੋਣ ਲੱਗਾ, ਨੰਦ ਲਾਲ ਦੇ ਹੁੰਦਿਆਂ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਲੱਗਾ ।
ਰਾਹਤ ਮਹਿਸੂਸ ਕਰਦੇ ਨੀਰਜ ਨੇ ਨੰਦ ਲਾਲ ਦੇ ਹਰ ਹੁਕਮ 'ਤੇ ਫੁੱਲ ਚੜ੍ਹਾਉਣ ਦਾ ਵਾਅਦਾ ਕੀਤਾ । ਪੈਸੇ ਦੀ ਉਨ੍ਹਾਂ ਕੋਲ ਕਮੀ ਨਹੀਂ ਸੀ । ਪੈਸਾ ਉਹ ਪਾਣੀ ਵਾਂਗ ਵਹਾ ਦੇਣਗੇ । ਨੰਦ ਲਾਲ ਉਨ੍ਹਾਂ ਦੇ ਮੁਕੱਦਮੇ ਦੀ ਵਾਗਡੋਰ ਸੰਭਾਲੇ । ਉਨ੍ਹਾਂ ਨੂੰ ਮੁਕਤੀ ਦਾ ਰਾਹ
ਦੱਸੇ ।
ਨੰਦ ਲਾਲ ਨੇ ਘੜੀ ਦੇਖੀ । ਉਸਨੂੰ ਫੈਕਟਰੀ ਆਇਆਂ ਦੋ ਘੰਟੇ ਹੋ ਗਏ ਸਨ । ਉਸਦਾ ਕਾਫ਼ੀ ਵਕਤ ਖ਼ਰਚ ਹੋ ਚੁੱਕਾ ਸੀ ।
ਪੰਕਜ ਹੋਰੇ ਪੂਰੀ ਤਰ੍ਹਾਂ ਨੰਦ ਲਾਲ ਉਪਰ ਧਿੱਜ ਚੁੱਕੇ ਸਨ । ਨੰਦ ਲਾਲ ਨੇ ਤਾੜ ਲਿਆ । ਹੁਣ ਤਵਾ ਪੂਰਾ ਗਰਮ ਸੀ । ਰੋਟੀ ਸੇਕ ਲੈਣੀ ਚਾਹੀਦੀ ਸੀ ।
"ਚੰਗਾ ਹੁਣ ਮੈਂ ਚਲਦਾ ਹਾਂ । ਅੱਧੀ ਫ਼ੀਸ ਮੈਨੂੰ ਮਿਲ ਗਈ । ਦਫ਼ਤਰ ਜਾ ਕੇ ਮੈਂ ਅਰਜ਼ੀ-ਪੱਤਰ ਤਿਆਰ ਕਰਦਾ ਹਾਂ । ਘੰਟੇ ਕੁ ਨੂੰ ਆ ਕੇ ਨਾਲੇ ਕਾਗਜ਼ਾਂ-ਪੱਤਰਾਂ 'ਤੇ ਦਸਤਖ਼ਤ ਕਰ ਦੇਣਾ ਨਾਲੇ ਬਾਕੀ ਫ਼ੀਸ ਪੁਜਦੀ ਕਰ ਦੇਣਾ ।"
"ਠੀਕ ਏ ਸਰ !"
"ਇੱਕ ਆਖ਼ਰੀ ਨੁਕਤਾ ਹੋਰ । ਇਥੇ ਇਕ ਸੈਸ਼ਨ ਜੱਜ ਹੈ ਅਤੇ ਪੰਜ ਅਡੀਸ਼ਨਲ ਸੈਸ਼ਨ ਜੱਜ । ਇਕ ਨੂੰ ਛੱਡ ਕੇ ਬਾਕੀ ਸਭ ਨਾਲ ਆਪਣੀ ਸੂਤ ਹੈ । ਜੇ ਦਰਖ਼ਾਸਤ ਉਨ੍ਹਾਂ ਵਿਚੋਂ ਕਿਸੇ ਕੋਲ ਲਗ ਗਈ, ਫੇਰ ਆਪਾਂ ਨੂੰ ਕਿਧਰੇ ਹੋਰ ਜਾਣ ਦੀ ਲੋੜ ਨਹੀਂ ਪੈਣੀ ।
ਤੁਸੀਂ ਕੋਸ਼ਿਸ਼ ਕਰਕੇ ਉਨ੍ਹਾਂ ਵਿਚੋਂ ਕਿਸੇ ਇਕ ਕੋਲ ਲਗਵਾ ਦਿਓ ।"
"ਦੱਸੋ ਕਿਸ ਨੂੰ ਆਖੀਏ?" ਨੀਰਜ ਨੇ ਉਤਾਵਲਾ ਪੈਂਦੇ ਪੁੱਛਿਆ ।
"ਸੈਸ਼ਨ ਜੱਜ ਨੂੰ। ਹੋਰ ਕਿਸ ਨੂੰ ।"
"ਉਸ ਨੂੰ ਕਿਸ ਤੋਂ ਅਖਵਾਈਏ ? ਕਚਹਿਰੀ ਦੇ ਬੰਦਿਆਂ ਨਾਲ ਸਾਡਾ ਵਾਹ ਵਾਸਤਾ ਨਹੀਂ ਹੈ ।" ਸੈਸ਼ਨ ਜੱਜ ਦਾ ਨਾਂ ਸੁਣਦੇ ਹੀ ਦੋਹਾਂ ਭਰਾਵਾਂ ਦੇ ਚਿਹਰੇ ਉੱਤਰ ਗਏ ।
"ਮੈਂ ਮਸਾਂ ਤੁਹਾਡਾ ਮੂਡ ਠੀਕ ਕੀਤਾ ਸੀ । ਤੁਸੀਂ ਫੇਰ ਮੂੰਹ ਲਟਕਾ ਲਏ । ਸੈਸ਼ਨ ਜੱਜ ਤਕ ਪਹੁੰਚ ਨਹੀਂ ਹੁੰਦੀ ਨਾ ਸਹੀ । ਸੁਪਰਡੈਂਟ ਨੂੰ ਟਿਕਾ ਲਓ ।"
ਨੰਦ ਲਾਲ ਹੌਲੀ-ਹੌਲੀ ਆਪਣਾ ਸ਼ਕੰਜਾ ਕੱਸ ਰਿਹਾ ਸੀ ।
"ਤੁਸੀਂ ਸਾਨੂੰ ਚੱਕਰ ਵਿਚ ਨਾ ਪਾਓ। ਆਪੇ ਕਰੋ ਸਭ ਕੁਝ । ਸਾਨੂੰ ਬਸ ਖਰਚਾ ਦੱਸ ਦਿਉ ।" ਅਜੇ ਨੇ ਜੋ ਹੁਣ ਤਕ ਚੁੱਪ ਬੈਠਾ ਸੀ ਦਖਲ ਦਿੱਤਾ । ਇਹੋ ਨੰਦ ਲਾਲ ਚਾਹੁੰਦਾ ਸੀ ।
"ਤੁਸੀਂ ਹੁਕਮ ਕਰੋ ਕਿਸ ਨੂੰ ਕੀ ਦੇਣਾ ਹੈ?" ਨੋਟਾਂ ਵਾਲੀ ਗੁੱਟੀ ਜੇਬ ਵਿਚੋਂ ਕੱਢ ਕੇ ਪੰਕਜ ਨੇ ਪੁੱਛਿਆ ।
ਕੋਈ ਹੋਰ ਵਕੀਲ ਹੋਵੇ ਵੀਹ ਹਜ਼ਾਰ ਦਾ ਬਿੱਲ ਬਣਾ ਦੇਵੇ । ਤੁਸੀਂ ਮੈਨੂੰ ਸਣੇ ਸਰਕਾਰੀ ਵਕੀਲ ਬਾਰਾਂ ਹਜ਼ਾਰ ਦੇ ਦੇਵੋ । ਹਿਸਾਬ ਮਾਵਾਂ ਧੀਆਂ ਦਾ । ਜੋ ਬਚਿਆ ਪੈਸਾ-ਪੈਸਾ ਵਾਪਸ ਹੋ ਜਾਏਗਾ ।"
ਉਂਗਲਾਂ ਦੇ ਪੋਟਿਆਂ 'ਤੇ ਹਿਸਾਬ ਲਾ ਕੇ ਨੰਦ ਲਾਲ ਨੇ ਖਰਚਾ ਜੋੜਿਆ ।
"ਤੁਸੀਂ ਪੈਸੇ ਦੀ ਪਰਵਾਹ ਨਾ ਕਰੋ । ਪੰਜ ਦੀ ਥਾਂ ਪੰਜਾਹ ਖਰਚੋ । ਬੱਸ ਪੁਲਿਸ ਸਾਡੇ ਦਰਾਂ 'ਤੇ ਨਹੀਂ ਆਉਣੀ ਚਾਹੀਦੀ ।"
ਆਖਦੇ ਪੰਕਜ ਨੇ ਬਾਰਾਂ ਦੀ ਥਾਂ ਪੰਦਰਾਂ ਹਜ਼ਾਰ ਨੰਦ ਲਾਲ ਦੇ ਹਵਾਲੇ ਕਰ ਦਿੱਤਾ ।
"ਪੁਲਿਸ ਦੀ ਮਾਂ ਦੀ ਐਸੀ ਤੈਸੀ । ਆ ਜਾਣਾ ਸ਼ਾਮ ਨੂੰ । ਨਾਲੇ ਦਸਤਖ਼ਤ ਕਰ ਦੇਣਾ । ਨਾਲੇ ਫ਼ੀਸ ਪੁਜਦੀ ਕਰ ਦੇਣਾ ।"
ਤੀਜੀ ਵਾਰ ਫ਼ੀਸ ਦੀ ਯਾਦ ਕਰਵਾ ਕੇ ਨੰਦ ਲਾਲ ਬਾਹਰ ਨਿਕਲਿਆ ।
"ਸਿੰਗਲਾ, ਤੂੰ ਠੇਕੇਦਾਰ ਦਾ ਵਕੀਲ ਬਣੀਂ ।"
ਗੇਟ ਤਕ ਛੱਡਣ ਆਏ ਸਿੰਗਲੇ ਨੂੰ ਪਿੱਠ ਥਾਪੜ ਕੇ ਅਸ਼ੀਰਵਾਦ ਦਿੰਦੇ ਨੰਦ ਲਾਲ ਨੇ ਅਹਿਸਾਸ ਕਰਵਾਇਆ ਜਿਵੇਂ ਉਸ ਨੇ ਸਿੰਗਲੇ ਨੂੰ ਇਸ ਕੇਸ ਵਿਚ ਵਕੀਲ ਨਿਯੁਕਤ ਕਰਵਾਇਆ ਸੀ ।
....ਚਲਦਾ....