ਕੌਰਵ ਸਭਾ (ਕਿਸ਼ਤ-8) (ਨਾਵਲ )

ਮਿੱਤਰ ਸੈਨ ਮੀਤ   

Email: mittersainmeet@hotmail.com
Cell: +91 98556 31777
Address: 610, ਆਈ ਬਲਾਕ, ਭਾਈ ਰਣਧੀਰ ਸਿੰਘ ਨਗਰ
ਲੁਧਿਆਣਾ India
ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


21
ਪੰਕਜ ਦਾ ਮਨ ਉਦਾਸ ਸੀ । ਉਹ ਮਾਇਆ ਨਗਰ ਮੁੜ ਜਾਣਾ ਚਾਹੁੰਦਾ ਸੀ । ਜਿਹੜਾ ਕੰਮ ਇਕ ਰਜਿਸਟਰਾਰ ਨਹੀਂ ਕਰਵਾ ਸਕਿਆ, ਉਹ ਤੀਜੇ ਦਰਜੇ ਦਾ ਮੁਲਾਜ਼ਮ ਕਿਵੇਂ ਕਰਵਾ ਸਕਦਾ ਸੀ ।
ਅਜੇ ਹਿੰਮਤ ਹਾਰਨ ਵਾਲਾ ਨਹੀਂ ਸੀ । ਉਸਨੂੰ ਕਲੈਰੀਕਲ ਸਟਾਫ਼ 'ਤੇ ਭਰੋਸਾ ਸੀ ।
ਜਿਹੜੇ ਕੰਮ ਪ੍ਰਧਾਨ ਮੰਤਰੀ ਨਹੀਂ ਕਰਵਾ ਸਕਦੇ, ਉਹ ਉਨ੍ਹਾਂ ਦੇ ਰਸੋਈਏ ਕਰਵਾ ਦਿੰਦੇ ਹਨ । ਅਜੇ ਲਛਮਣ ਸਿੰਘ ਨੂੰ ਕਈ ਵਾਰ ਪਰਖ ਚੁੱਕਾ ਸੀ । ਕਈ ਔਖੇ ਕੰਮ ਉਸ ਰਾਹੀਂ ਹੋਏ ਸਨ।
ਲਛਮਣ ਸਿੰਘ ਨੂੰ ਫ਼ੋਨ ਨਾ ਕੀਤਾ ਹੁੰਦਾ ਤਾਂ ਹੋਰ ਗੱਲ ਸੀ। ਸਮਾਂ ਲੈ ਕੇ ਨਾ ਜਾਣਾ ਬੇਵਕੂਫ਼ੀ ਸੀ । ਕੇਸ ਨੇ ਕਿਹੜਾ ਹੁਣੇ ਮੁੱਕ ਜਾਣਾ ਸੀ । ਪਤਾ ਨਹੀਂ ਕਿੰਨੇ ਸਾਲ ਚੱਲਣਾ ਸੀ । ਕਈ ਵਾਰ ਉਨ੍ਹਾਂ ਨੂੰ ਹਾਈ ਕੋਰਟ ਆਉਣਾ ਪੈਣਾ ਸੀ । ਛੋਟੇ-ਮੋਟੇ ਕੰਮਾਂ ਲਈ ਇਸੇ
ਨੇ ਕੰਮ ਆਉਣਾ ਸੀ ।
ਅਜਿਹਾ ਕੁਝ ਸਮਝਾ ਕੇ ਅਜੇ ਪੰਕਜ ਨੂੰ ਸੈਕਟਰੀ ਦੇ ਕੁਆਟਰਾਂ ਵੱਲ ਲੈ ਗਿਆ ।
ਨਹਾ-ਧੋ ਕੇ ਸੈਕਟਰੀ ਪਹਿਲਾਂ ਹੀ ਤਿਆਰ ਬੈਠਾ ਸੀ । ਘੁਸਮੁਸਾ ਹੋਣ ਲੱਗਾ ਸੀ ।
ਉਸਦਾ ਦਾਰੂ ਪੀਣ ਦਾ ਸਮਾਂ ਲੰਘ ਰਿਹਾ ਸੀ । ਉਸ ਤੋਂ ਹੋਰ ਉਡੀਕ ਨਹੀਂ ਸੀ ਹੋ ਰਹੀ ।
ਲਛਮਣ ਸਿੰਘ ਦਾ ਕੁਆਟਰ ਛੋਟਾ ਸੀ, ਪਰ ਲੰਮਚਿੜਾ ਵੱਡਾ । ਨੂੰਹਾਂ ਧੀਆਂ ਵਾਲੇ ਘਰ ਵਿਚ ਸ਼ਰਾਬ ਪੀਣ ਤੋਂ ਸ਼ਰਮ ਆਉਂਦੀ ਸੀ । ਬਾਹਰ ਪੀਣੀ ਮਹਿੰਗੀ ਪੈਂਦੀ ਸੀ । ਉਹ ਮੁਰਗ-ਮਸੱਲਮ ਦਾ ਸ਼ੌਕੀਨ ਸੀ । ਘਰੇ ਮੀਟ ਬਣਦਾ ਨਹੀਂ ਸੀ ।
ਅਜੇ ਵਰਗੀ ਅਸਾਮੀ ਦੀ ਉਸਨੂੰ ਬੇ-ਸਬਰੀ ਨਾਲ ਉਡੀਕ ਸੀ । ਰੌਣਕ ਮੇਲੇ ਲਈ ਉਸਨੇ ਆਪਣੇ ਪੜੌਸੀ ਭੋਗਲ ਨੂੰ ਤਿਆਰ ਕਰ ਲਿਆ । ਮੁਫ਼ਤ ਵਿਚ ਉਹ ਵੀ ਗੰਗਾ ਨਹਾ ਲਏਗਾ ।
ਅਜੇ ਕੋਲ ਘਰ ਬੈਠ ਕੇ ਚਾਹ ਪੀਣ ਦਾ ਸਮਾਂ ਨਹੀਂ ਸੀ । ਉਨ੍ਹਾਂ ਨੇ ਸੈਕਟਰੀ ਨੂੰ ਗਲੀਂ ਵਿਚੋਂ ਹੀ ਨਾਲ ਰਲਾ ਲਿਆ ।
"ਜਿਧਰ ਜਾਣਾ ਹੈ ਉਧਰ ਦਾ ਰਸਤਾ ਡਰਾਈਵਰ ਨੂੰ ਦੱਸੀ ਜਾਓ ।" ਗੱਡੀ ਵਿਚ ਬੈਠਦਿਆਂ ਹੀ ਅਜੇ ਨੇ ਸੈਕਟਰੀ ਨੂੰ ਮਰਜ਼ੀ ਦੀ ਥਾਂ ਜਾਣ ਦੀ ਇਜਾਜ਼ਤ ਦੇ ਦਿੱਤੀ ।
ਭੋਗਲ ਪੁਰਾਣੇ ਅੱਡੇ 'ਜ਼ਿਮੀਦਾਰਾ ਢਾਬੇ' 'ਤੇ ਜਾਣਾ ਚਾਹੁੰਦਾ ਸੀ । ਉਥੇ ਖਾਰੇ, ਆਂਡੇ ਅਤੇ ਮੀਟ ਸਭ ਸਸਤਾ ਸੀ । ਬੈਠਣ ਦਾ ਕਿਰਾਇਆ ਨਹੀਂ ਸੀ ਲਿਆ ਜਾਂਦਾ ।
ਭੋਗਲ ਦੇ ਭੋਲੇਪਣ 'ਤੇ ਲਛਮਣ ਸਿੰਘ ਨੂੰ ਤਰਸ ਆਇਆ । ਭੋਗਲ ਸਿੱਖਿਆ ਵਿਭਾਗ ਦਾ ਕਰਮਚਾਰੀ ਸੀ । ਉਸਦੀ ਅਸਾਮੀ ਦੀ ਪਹੁੰਚ ਜ਼ਿਮੀਦਾਰਾ ਢਾਬੇ ਤਕ ਹੁਮਦਿ ਸੀ ।
ਹੁਣ ਉਹ ਹਾਈ ਕੋਰਟ ਦੇ ਚੀਫ਼ ਜਸਟਿਸ ਦੇ ਪ੍ਰਾਈਵੇਟ ਸੈਕਟਰੀ ਨਾਲ ਜਾ ਰਿਹਾ ਸੀ । ਮਾਇਆ ਨਗਰ ਵਰਗੇ ਸ਼ਹਿਰ ਦੀ ਅਮੀਰ ਅਸਾਮੀ ਉਨ੍ਹਾਂ ਦੇ ਨਾਲ ਸੀ । ਅੱਜ ਉਹ ਕਿਸੇ ਆਲੀਸ਼ਾਨ ਹੋਟਲ ਦੀ ਏਅਰ-ਕੰਡੀਸ਼ਨ ਬਾਰ ਵਿਚ ਬੈਠ ਕੇ ਜਸ਼ਨ ਮਨਾਉਣਗੇ ।
ਗੱਡੀ ਉਸਨੇ ਤਿੰਨ ਤਾਰਾ ਹੋਟਲ ਦੇ ਰਾਹ ਪਵਾ ਲਈ ।
"ਚਾਰ ਪੈੱਗ ਪੀਟਰ-ਸਕਾਟ । ਪਹਿਲਾਂ ਇਕ ਚਿਕਨ ਰੋਸਟਡ। ਫੇਰ ਇਕ ਚਿੱਲੀ ਚਿਕਨ। ਦੋ ਪਲੇਟ ਫਿਸ਼ । ਬੋਨ-ਲੈੱਸ !" ਟੇਬਲ ਦੁਆਲੇ ਬੈਠਦੇ ਹੀ ਪਹਿਲਾਂ ਸੈਕਟਰੀ ਨੇ ਵੇਟਰ ਨੂੰ ਆਰਡਰ ਨੋਟ ਕਰਵਾਇਆ । ਫੇਰ ਅਜੇ ਦੇ ਰਾਜਧਾਨੀ ਆਉਣ ਦਾ ਕਾਰਨ ਪੁੱਛਿਆ ।
"ਕਤਲ ਕੇਸ ਦੇ ਮੁਲਜ਼ਮ ਦੀ ਪੇਸ਼ਗੀ ਜ਼ਮਾਨਤ । ਸੈਸ਼ਨ ਜੱਜ ਤਕ ਸਿਫਾਰਸ਼ ।"
ਕੰਮ ਸੁਣਕੇ ਸੈਕਟਰੀ ਦੇ ਰੰਗ ਵਿਚ ਭੰਗ ਪੈ ਗਿਆ ।
ਲਛਮਣ ਸਿੰਘ ਨੇ ਸੋਚਿਆ ਸੀ, ਅਜੇ ਨੇ ਹਾਈ ਕੋਰਟ ਵਿਚ ਕੋਈ ਵਕੀਲ ਕਰਨਾ ਹੋਏਗਾ । ਕਿਸੇ ਪੁਰਾਣੇ ਮੁਕੱਦਮੇ ਦੇ ਫੈਸਲੇ ਦੀ ਨਕਲ ਲੈਣੀ ਹੋਏਗੀ । ਦੋਹਾਂ ਕੰਮਾਂ ਵਿਚ ਉਸਨੂੰ ਕਮਾਈ ਹੋਣੀ ਸੀ । ਵਕੀਲ ਨੇ ਹਿੱਸਾ ਦੇਣਾ ਸੀ । ਨਕਲ ਉਸਨੇ ਆਪਣੇ ਰੋਹਬ
ਨਾਲ ਤਿਆਰ ਕਰਵਾ ਲੈਣੀ ਸੀ । ਕਲਰਕ ਦੇ ਨਾਂ ਦੀ ਫ਼ੀਸ ਆਪਣੀ ਜੇਬ ਵਿਚ ਪਾ ਲੈਣੀ ਸੀ ।
ਮਾਇਆ ਨਗਰ ਵਿਚ ਲਗੇ ਜੱਜਾਂ ਦੀ ਕਦੇ ਕੋਈ ਸ਼ਿਕਾਇਤ ਚੀਫ਼ ਕੋਲ ਨਹੀਂ ਸੀ ਆਈ । ਇਸ ਲਈ ਉਨ੍ਹਾਂ ਨੂੰ ਕਦੇ ਲਛਮਣ ਸਿੰਘ ਦੀ ਲੋੜ ਨਹੀਂ ਸੀ ਪਈ ।
ਸੈਕਟਰੀ ਨੇ ਅਜੇ ਦੇ ਜਿਹੜੇ ਪਹਿਲਾਂ ਦੋ ਕੰਮ ਕਰਵਾਏ ਸਨ, ਉਹ ਦੋਵੇਂ ਜੱਜ ਰਿਸ਼ਵਤਖੋਰੀ ਵਿਚ ਡੂੰਘੇ ਧਸੇ ਹੋਏ ਸਨ । ਉਨ੍ਹਾਂ ਦੀਆਂ ਸ਼ਿਕਾਇਤਾਂ ਚੀਫ਼ ਕੋਲ ਆਉਂਦੀਆਂ ਰਹਿੰਦੀਆਂ ਸਨ । ਮਹੀਨੇ ਵਿਚ ਘੱਧਟੋ-ਘੱਟ ਇਕ ਚੱਕਰ ਉਨ੍ਹਾਂ ਦਾ ਹਾਈ ਕੋਰਟ ਲੱਗਦਾ ਸੀ । ਚੀਫ਼ ਨੂੰ ਮਿਲਣ ਤੋਂ ਪਹਿਲਾਂ ਉਹ ਸੈਕਟਰੀ ਨੂੰ ਮਿਲਦੇ ਸਨ । ਹੋਣ ਵਾਲੀ ਕਾਰਵਾਈ ਦੀ ਸੂਹ ਲੈਂਦੇ ਸਨ । ਸਾਹਿਬ ਦੇ ਮੂਡ ਅਤੇ ਹੋਈ ਸ਼ਿਕਾਇਤ ਦੀ ਗੰਭੀਰਤਾ ਬਾਰੇ ਪੁੱਛਦੇ ਸਨ । ਉਹ ਇਸ ਸੇਵਾ ਕਾਰਨ ਸੈਕਟਰੀ ਦਾ ਅਹਿਸਾਨ ਮੰਨਦੇ ਸਨ । ਉਸਦੇ ਆਖੇ ਛੋਟੇਮੋਟੇ ਕੰਮ ਕਰ ਦਿੰਦੇ ਸਨ ।
ਅੱਜ ਵਾਲਾ ਕੰਮ ਹੋਣ ਵਾਲਾ ਨਹੀਂ ਸੀ । ਪੈੱਗ 'ਤੇ ਪੈੱਗ ਚਾੜ੍ਹਦਾ ਅਤੇ ਹੱਡੀਆਂ ਨੋਚਦਾ ਸੈਕਟਰੀ ਸੋਚ ਰਿਹਾ ਸੀ, ਕਿਵੇਂ ਬਿਨਾਂ ਆਪਣਾ ਪ੍ਰਭਾਵ ਗਵਾਏ ਉਹ ਇਸ ਮੁਸੀਬਤ ਵਿਚੋਂ ਨਿਕਲੇ?
ਪੰਕਜ ਨੇ ਡਰਿੰਕ ਨਹੀਂ ਸੀ ਲਈ । ਮਾਨਸਿਕ ਤਨਾਅ ਕਾਰਨ ਉਸਨੂੰ ਉਬਾਸੀਆਂ ਆ ਰਹੀਆਂ ਸਨ । ਉਸਦਾ ਸਾਰਾ ਸਰੀਰ ਦਰਦ ਕਰ ਰਿਹਾ ਸੀ । ਉਸਦਾ ਗਲਾ ਸੁੱਕ ਰਿਹਾ ਸੀ । ਚਾਰ-ਪੰਜ ਕੋਕ ਉਸਦੀ ਪਿਆਸ ਨਹੀਂ ਸਨ ਬੁਝਾ ਸਕੇ ।
ਅਜੇ ਪੰਕਜ ਦੀ ਬੇਚੈਨੀ ਸਮਝ ਰਿਹਾ ਸੀ । ਉਹ ਵੀ ਜਲਦੀ ਕੋਈ ਸਿੱਟਾ ਕੱਢ ਕੇ ਵਾਪਸ ਮੁੜਨਾ ਚਾਹੁੰਦਾ ਸੀ ।
ਪਰ ਸੈਕਟਰੀ ਖ਼ਾਮੋਸ਼ ਸੀ । ਉਹ ਚਾਰ ਪੈੱਗ ਪੀ ਚੁੱਕਾ ਸੀ । ਮੁਰਗੇ ਅਤੇ ਮੱਛੀ ਦੀਆਂ ਕਈ ਪਲੇਟਾਂ ਆ ਅਤੇ ਜਾ ਚੁੱਕੀਆਂ ਸਨ ।
"ਸਾਡਾ ਕੁਝ ਬਣੇਗਾ?" ਸੈਕਟਰੀ ਦੇ ਖਾਣ-ਪੀਣ ਵੱਲੋਂ ਧਿਆਨ ਤੋੜਨ ਲਈ ਅਜੇ ਨੇ ਖਿਝ ਕੇ ਪੁੱਧਛਿਆ ।
ਸੈਕਟਰੀ ਨੂੰ ਥੋੜ੍ਹਾ-ਥੋੜ੍ਹਾ ਸਰੂਰ ਹੋਣ ਲੱਗਾ ਸੀ । ਪੇਟ ਵਿਚ ਗਏ ਮਸਾਲੇਦਾਰ ਚਿਕਨ ਨੇ ਪੇਟ ਨੂੰ ਅਫਾਰਾ ਲਿਆਉਣਾ ਸ਼ੁਰੂ ਕਰ ਦਿੱਤਾ ਸੀ । ਚਿਕਨ ਅਤੇ ਸੋਢਿਆਂ ਦੀ ਗੈਸ ਨੇ ਉਸਦਾ ਢਿੱਡ ਫੁੱਟਬਾਲ ਵਾਂਗ ਫੁਲਾ ਦਿੱਤਾ । ਉਸਦੀ ਬੈਲਟ ਪੇਟ ਤੋਂ ਖਿਸਕ ਕੇ ਲੱਕ ਕੋਲ ਆ ਗਈ । ਤਰੀ ਦੇ ਧੱਬਿਆਂ ਨੇ ਕਮੀਜ਼ ਉਪਰ ਅੰਡੇਮਾਨ ਨਿਕੋਬਾਰ ਦਾ ਨਕਸ਼ਾ ਉੱਕਰ ਦਿੱਤਾ । ਪੈਂਟ ਅੰਦਰ ਦਿੱਤੀ ਅੱਧੀ ਕਮੀਜ਼ ਬਾਹਰ ਆ ਗਈ ।
ਸੈਕਟਰੀ ਨੂੰ ਪਤਾ ਸੀ, ਉਹ ਅਜੇ ਦਾ ਕੰਮ ਨਹੀਂ ਕਰ ਸਕਦਾ । ਅੱਧ ਵਿਚਕਾਰ ਨਾਂਹ ਕਰਕੇ ਉਹ ਮਹਿਫਲ ਮੁਲਤਵੀ ਨਹੀਂ ਸੀ ਕਰਨਾ ਚਾਹੁੰਦਾ । ਉਹ ਜਲਦੀ-ਜਲਦੀ ਆਪਣਾ ਕੋਟਾ ਪੂਰਾ ਕਰ ਰਿਹਾ ਸੀ ।
ਅਜੇ ਦੇ ਰੁੱਧਖੇਪਨ ਤੇ ਸੈਕਟਰੀ ਨੂੰ ਆਪਣੇ ਆਪ 'ਤੇ ਕਚਿਆਣ ਆਈ । ਦੋ ਘੁੱਟ ਸ਼ਰਾਬ ਖ਼ਾਤਰ ਉਸਦੀ ਬੇਇੱਜ਼ਤੀ ਹੋ ਰਹੀ ਸੀ । ਝੱਟ ਉਸਨੇ ਆਪਣੇ ਡੋਲਦੇ ਮਨ ਨੂੰ ਸੰਭਾਲਿਆ । ਅਜਿਹਾ ਕੁਝ ਹੁੰਦਾ ਰਹਿੰਦਾ ਹੈ । ਉਹ ਫੜ੍ਹ ਮਾਰ ਕੇ ਅਜੇ ਨੂੰ ਪਰਚਾਉਣਾ
ਚਾਹੁੰਦਾ ਸੀ । ਪਰ ਅਜੇ ਕੋਲ ਮੋਬਾਈਲ ਫ਼ੋਨ ਸੀ । ਝੱਟ ਉਸਨੇ ਜੱਜ ਦਾ ਨੰਬਰ ਮਿਲਾ ਕੇ ਸੈਕਟਰੀ ਨੂੰ ਫੜਾ ਦੇਣਾ ਸੀ । ਸੈਕਟਰੀ ਨੂੰ ਖਹਿੜਾ ਛੁਡਾਉਣਾ ਮੁਸ਼ਕਲ ਹੋ ਜਾਣਾ ਸੀ ।
"ਤੂੰ ਫ਼ਿਕਰ ਨਾ ਕਰ । ਸਵੇਰੇ ਕੋਠੀ ਜਾ ਕੇ ਮੈਂ ਚੀਫ਼ ਤੋਂ ਫ਼ੋਨ ਕਰਵਾਵਾਂਗਾ । ਜੇ ਉਹ ਝਿਜਕ ਗਏ, ਮੈਂ ਬੀਬੀ ਦੇ ਪੈਰ ਫੜ ਲਵਾਂਗਾ । ਬੀਬੀ ਮੈਨੂੰ ਨਹੀਂ ਮੋੜ ਸਕਦੀ । ਬੀਬੀ ਦਾ ਕਿਹਾ ਜੱਜ ਨਹੀਂ ਮੋੜ ਸਕਦਾ । ਇੰਝ ਆਪਣਾ ਕੰਮ ਹੋਵੇਗਾ ।"
ਲਗਾਤਾਰ ਦੋ ਵੱਡੇ ਪੈੱਗ ਅੰਦਰ ਜਾਣ ਕਾਰਨ ਉਸਨੂੰ ਕੁਝ ਪਤਾ ਨਹੀਂ ਸੀ, ਉਹ ਕੀ ਬੋਲ ਰਿਹਾ ਸੀ ।
ਪੰਕਜ ਸੈਕਟਰੀ ਦੀਆਂ ਗੱਲਾਂ ਤੋਂ ਉਕਤਾ ਚੁੱਕਾ ਸੀ ।
ਪੰਕਜ ਨੇ ਬਥੇਰੇ ਵਿਉਪਾਰ ਕੀਤੇ ਸਨ । ਸੈਂਕੜੇ ਅਫ਼ਸਰਾਂ ਨਾਲ ਉਸਦੀਆਂ ਅਜਿਹੀਆਂ ਬੈਠਕਾਂ ਹੋਈਆਂ ਸਨ । ਉਹ ਭਾਂਪ ਗਿਆ ਸੀ ਸੈਕਟਰੀ ਦੀ ਝੋਲੀ ਵਿਚ ਦਾਣੇ ਨਹੀਂ ਸਨ । ਸੈਕਟਰੀ ਆਪਣਾ ਪੇਟ ਭਰ ਰਿਹਾ ਸੀ । ਸੈਕਟਰੀ ਦਾ ਇਹੋ ਲਾਹਾ ਪੰਕਜ ਨੂੰ ਚਿੜਾ ਰਿਹਾ ਸੀ ।
ਕਿਸੇ ਹੋਰ ਕੰਮ ਆਏ ਹੁੰਦੇ ਤਾਂ ਪੰਕਜ ਅਜੇ ਨੂੰ ਬਾਹੋਂ ਫੜਕੇ ਖੜ੍ਹਾ ਕਰ ਲੈਂਦਾ ।
ਉਹ ਸੈਕਟਰੀ ਨੂੰ ਹੋਟਲ ਵਿਚ ਛੱਡ ਕੇ ਮਾਇਆ ਨਗਰ ਨੂੰ ਮੁੜ ਜਾਂਦੇ । ਪਰ ਹੁਣ ਉਹ ਫੌਜਦਾਰੀ ਮੁਕੱਦਮੇ ਵਿਚ ਫਸਿਆ ਹੋਇਆ ਸੀ । ਕੋਈ ਵੀ ਨਰਾਜ਼ ਹੋਇਆ ਅਫ਼ਸਰ ਮਹਿੰਗਾ ਪੈ ਸਕਦਾ ਸੀ । ਅਜਿਹਾ ਬੰਦਾ ਕੁਝ ਸੰਵਾਰ ਤਾਂ ਨਹੀਂ ਸੀ ਸਕਦਾ ਪਰ ਵਿਗਾੜ ਜ਼ਰੂਰ ਸਕਦਾ ਸੀ । ਇਸੇ ਡਰ ਕਾਰਨ ਉਹ ਸੈਕਟਰੀ ਦੇ ਨਖ਼ਰੇ ਬਰਦਾਸ਼ਤ ਕਰ ਰਿਹਾ ਸੀ।
ਸੈਕਟਰੀ ਚਾਹੁੰਦਾ ਸੀ, ਖਾਣਾ ਖਾਧਾ ਜਾਵੇ । ਬੱਧਚਿਆਂ ਲਈ ਰਸ-ਮਲਾਈ ਘਰ ਲਿਜਾਈ ਜਾਵੇ ।
"ਸੈਕਟਰੀ ਸਾਹਿਬ ਤੁਸੀਂ ਆਊਟ ਹੋ ਗਏ । ਆਹ ਲਓ ਆਖ਼ਰੀ ਪੈੱਗ ਅਤੇ ਚੱਲੋ ।"
ਸੈਕਟਰੀ ਦੇ ਵੇਟਰ ਨੂੰ ਖਾਣੇ ਦਾ ਆਰਡਰ ਲਿਖਾਉਣ ਤੋਂ ਪਹਿਲਾਂ ਹੀ ਅਜੇ ਨੇ ਮੇਜ਼ 'ਤੇ ਪਿਆ ਆਖ਼ਰੀ ਗਲਾਸ ਸੈਕਟਰੀ ਦੇ ਹੱਥ 'ਚ ਫੜਾ ਕੇ ਆਪਣਾ ਫੈਸਲਾ ਸੁਣਾ ਦਿੱਤਾ ।
ਸੈਕਟਰੀ ਚੁੱਪ ਕਰ ਗਿਆ । ਸ਼ਰਾਬ ਅੰਦਰ ਸੁੱਟੀ ਅਤੇ ਗੁੱਧਸੇ ਹੁੰਦਾ ਉੱਠ ਖੜੋਤਾ ।
ਪੰਕਜ ਨੇ ਕਾਉਂਟਰ 'ਤੇ ਜਾ ਕੇ ਬਿਲ ਚੁਕਾਇਆ ।
ਭੋਗਲ ਨੇ ਸਹਾਰਾ ਦੇ ਕੇ ਸੈਕਟਰੀ ਨੂੰ ਗੱਡੀ ਤਕ ਪਹੁੰਚਾਇਆ ।
ਪਿਛੋਂ ਨੀਰਜ ਦੇ ਫ਼ੋਨ ਆ ਰਹੇ ਸਨ । ਅੱਧੀ ਰਾਤ ਹੋ ਚੁੱਕੀ ਸੀ । ਅਜਿਹੀ ਹਾਲਤ ਵਿੱਚ ਉਸਦਾ ਬਾਹਰ ਰਹਿਣਾ ਠੀਕ ਨਹੀਂ ਸੀ ।
ਸੈਕਟਰੀ ਦਾ ਪਰਿਵਾਰ ਕੁਆਟਰ ਦੇ ਬਾਹਰ ਖੜ੍ਹਾ ਉਸਦਾ ਇੰਤਜ਼ਾਰ ਕਰ ਰਿਹਾ ਸੀ ।
ਸੈਕਟਰੀ ਅਤੇ ਭੋਗਲ ਦੇ ਗੱਡੀਉਂ ਉਤਰਦਿਆਂ ਹੀ ਉਨ੍ਹਾਂ ਗੱਡੀ ਮਾਇਆ ਨਗਰ ਵੱਲ ਦੌੜਾ ਲਈ ।


22
ਸਿੰਗਲੇ ਵਕੀਲ ਦੀਆਂ ਬਾਕੀ ਸਭ ਗੱਲਾਂ ਠੀਕ ਸਨ । ਪਰ ਮੇਲੂ ਦੋਧੀ ਵਾਲੀ ਗੱਲ ਉਸ ਨੂੰ ਜਚੀ ਨਹੀਂ ਸੀ ।
ਨੀਰਜ ਹੋਰੀਂ ਮਾਇਆ ਨਗਰ ਦੇ ਗਿਣਵੇਂ ਸਨਅਤਕਾਰਾਂ ਵਿਚੋਂ ਇਕ ਸਨ । ਉਹ ਅੱਠ ਦਸ ਕਰੋੜ ਦੀ ਜਾਇਦਾਦ ਦੇ ਮਾਲਕ ਸਨ । ਸ਼ਹਿਰ ਵਿਚ ਉਨ੍ਹਾਂ ਦਾ ਹਰ ਤਰ੍ਹਾਂ ਦਾ ਰਸੂਖ ਸੀ । ਸਿਆਸੀ ਬੰਦੇ ਸਵੇਰੇ ਸ਼ਾਮ ਉਨ੍ਹਾਂ ਦੇ ਦਫ਼ਤਰ ਗੇੜਾ ਮਾਰਦੇ ਸਨ । ਹਰ
ਇਲੈਕਸ਼ਨ ਵਿਚ ਹਰ ਸਿਆਸੀ ਪਾਰਟੀ ਉਨ੍ਹਾਂ ਤੋਂ ਚੰਦਾ ਲੈ ਕੇ ਜਾਂਦੀ ਸੀ । ਮਾਇਆ ਨਗਰ ਦੇ ਸਾਰੇ ਅਤੇ ਚੰਡੀਗੜ੍ਹ ਬੈਠੇ ਅੱਧਧੇ ਉੱਚ-ਅਧਿਕਾਰੀ ਉਨ੍ਹਾਂ ਦੇ ਵਾਕਿਫ਼ ਸਨ ।
ਮੋਹਨ ਲਾਲ ਦਾ ਇਹੋ ਵਾਧਾ ਸੀ । ਜਿਸ ਅਫ਼ਸਰ ਨਾਲ ਉਸ ਦੀ ਮੁਲਾਕਾਤ ਹੋ ਗਈ, ਉਸ ਅਫ਼ਸਰ ਦੇ ਜਿੰਨਾ ਚਿਰ ਉਸਦਾ ਘਰ ਆਉਣ-ਜਾਣ ਨਹੀਂ ਸੀ ਬਣਦਾ, ਉਸਨੂੰ ਚੈਨ ਨਹੀਂ ਸੀ ਆਉਂਦੀ । ਅਫ਼ਸਰਾਂ ਦੀਆਂ ਵਿਆਹ-ਸ਼ਾਦੀਆਂ ਵਿਚ ਉਹ ਖੁਲ੍ਹ ਕੇ ਖਰਚ ਕਰਦਾ ਸੀ । ਆਈ.ਏ.ਐਸ. ਅਫ਼ਸਰਾਂ ਦੇ ਵਿਆਹਾਂ ਵਿਚ ਉਹ ਇਕ ਲੱਖ ਰੁਪਏ ਦਾ ਸ਼ਗਨ ਦਿੰਦਾ ਸੀ । ਪੀ.ਸੀ.ਐਸ. ਅਫ਼ਸਰਾਂ ਨੂੰ ਪੰਜਾਹ ਹਜ਼ਾਰ ਦਾ । ਸਰਦੀਆਂ ਵਿਚ ਦੋ ਕੋਟੀਆਂ 'ਮੋਨਟੀ ਕਾਰਲੋ' ਦੀਆਂ ਸਾਹਿਬ ਲਈ ਅਤੇ ਇਕ ਪਸ਼ਮੀਨੇ ਦਾ ਸ਼ਾਲ ਮੈਡਮ ਲਈ ਲੈ ਕੇ ਉਹ ਖ਼ੁਦ ਚੰਡੀਗੜ੍ਹ ਜਾਂਦਾ ਸੀ । ਮਾਇਆ ਨਗਰ ਦੀ ਹੌਜ਼ਰੀ ਦਾ ਸਮਾਨ ਦੁਨੀਆਂ ਭਰ ਵਿਚ ਬਰਾਮਦ ਹੁੰਦਾ ਸੀ । ਕਿਸੇ ਅਫ਼ਸਰ ਨੇ ਬਹੁਤੀ ਖ਼ਰੀਦੋ-ਫ਼ਰੋਖਤ ਕਰਨੀ ਹੋਵੇ, ਉਹ ਉਸ ਨੂੰ ਮਾਇਆ ਨਗਰ ਆਉਣ ਦਾ ਸੱਦਾ ਦਿੰਦਾ ਸੀ । ਅਫ਼ਸਰ ਅਤੇ ਉਨ੍ਹਾਂ ਦੇ ਪਰਿਵਾਰ ਕਈ-ਕਈ ਦਿਨ ਮਾਇਆ ਨਗਰ ਉਨ੍ਹਾਂ ਦੇ ਘਰ ਰਹਿੰਦੇ ਸਨ । ਮੌਜ ਮਸਤੀ ਹੁੰਦੀ ਸੀ ।
ਕਈ ਅਫ਼ਸਰਾਂ ਦੇ ਬੱਚੇ ਨੀਰਜ ਹੋਰਾਂ ਨਾਲ ਇਕੱਠੇ ਖੇਡਦੇ ਰਹੇ ਸਨ । ਬੱਧਚਿਆਂ ਦੇ ਸਬੰਧ ਮਾਪਿਆਂ ਨਾਲੋਂ ਵੀ ਗੂੜ੍ਹੇ ਸਨ ।
ਮੇਲੂ ਰਾਮ ਦੀ ਥਾਂ ਉਹ ਕਿਸੇ ਸਿਆਸੀ ਨੇਤਾ ਜਾਂ ਵੱਡੇ ਅਫ਼ਸਰ ਤੋਂ ਫ਼ੋਨ ਕਰਾਉਣਗੇ ।
ਪਿਛੋਂ ਕੋਠੀ ਜਾ ਕੇ ਫ਼ੀਸ ਦੇ ਆਉਣਗੇ । ਪਹਿਲਾਂ ਵੀ ਉਹ ਆਪਣੇ ਕੰਮ ਇਸੇ ਤਰ੍ਹਾਂ ਕਰਾਉਂਦੇ ਸਨ ।
ਐਮ.ਪੀ. ਸਾਹਿਬ ਪਰਸੋਂ ਦਿੱਲੀ ਗਏ ਸਨ । ਸ਼ਾਇਦ ਵਾਪਸ ਆ ਗਏ ਹੋਣ । ਸ਼ਾਇਦ ਉਨ੍ਹਾਂ ਦੀ ਕਪਤਾਨ ਨਾਲ ਗੱਲ ਹੋ ਗਈ ਹੋਵੇ । ਹੋ ਸਕਦਾ ਹੈ ਉਨ੍ਹਾਂ ਨੇ ਦਿੱਲੀਓਂ ਗ੍ਰਹਿਮੰਤਰੀ ਤੋਂ ਫ਼ੋਨ ਕਰਵਾ ਦਿੱਤਾ ਹੋਵੇ । ਉਹ ਇਸ ਤਰ੍ਹਾਂ ਕਰਨ ਦਾ ਵਾਅਦਾ ਕਰਕੇ ਗਏ
ਸਨ । ਵਾਅਦੇ ਦੇ ਉਹ ਪੱਕੇ ਸਨ । ਲੋਕਾਂ ਨਾਲ ਉਹ ਲੱਖ ਝੂਠੇ ਵਾਅਦੇ ਕਰਦੇ ਹੋਣ । ਉਨ੍ਹਾਂ ਨਾਲ ਉਹ ਹਮੇਸ਼ਾ ਤੋੜ ਨਿਭਾਉਂਦੇ ਸਨ ।
ਦੋ ਕੁ ਸਾਲ ਤੋਂ ਉਨ੍ਹਾਂ ਦੇ ਸਬੰਧ ਘਰੇਲੂ ਬਣ ਗਏ ਸਨ । ਉਨ੍ਹਾਂ ਦੀ ਵਿਉਪਾਰਕ ਸਾਂਝ ਪੀਡੀ ਹੋ ਗਈ ਸੀ ।
ਮੋਹਨ ਲਾਲ ਨੇ ਪਹਿਲਾਂ ਪਟਰੋਲ ਪੰਪ ਲੱਗਾ ਲਿਆ ਸੀ । ਉਸਦਾ ਉਸਨੂੰ ਉੱਚਾ ਮੁੱਲ ਦੇਣਾ ਪਿਆ ਸੀ । ਸਾਲ ਪੰਪ ਚਲਾ ਕੇ ਮੋਹਨ ਲਾਲ ਨੂੰ ਇਸ ਧੰਦੇ ਦੀਆਂ ਬਾਰੀਕੀਆਂ ਅਤੇ ਹੁੰਦੇ ਮੋਟੇ ਮੁਨਾਫ਼ਿਆਂ ਦੀ ਸਮਝ ਆ ਗਈ ਸੀ ।
ਜੇ ਪੰਪ ਸਿੱਧਾ ਪਟਰੋਲ-ਮੰਤਰੀ ਕੋਲੋਂ ਅਤੇ ਜ਼ਮੀਨ ਪੰਜਾਬ ਸਰਕਾਰ ਕੋਲੋਂ ਅਲਾਟ ਹੋ ਜਾਵੇ ਤਾਂ ਪੰਪ ਸੋਨਾ ਉਗਲਣ ਲੱਗ ਸਕਦਾ ਸੀ ।
ਬਾਬੂ ਜੀ ਪਹਿਲੀ ਵਾਰ ਐਮ.ਪੀ. ਬਣੇ ਸਨ । ਕੇਂਦਰ ਵਿਚ ਉਨ੍ਹਾਂ ਦੀ ਸਰਕਾਰ ਪਹਿਲੀ ਵਾਰ ਬਣੀ ਸੀ । ਇਸ ਲਈ ਬਾਬੂ ਜੀ ਨੂੰ ਨਾ ਆਪਣੀਆਂ ਸ਼ਕਤੀਆਂ ਦਾ ਬਹੁਤਾ ਗਿਆਨ ਸੀ, ਨਾ ਉਨ੍ਹਾਂ ਨੂੰ ਕੰਮ ਲੈਣ ਦੀ ਜਾਚ ਸੀ ।
ਮੋਹਨ ਲਾਲ ਨੇ ਪਹਿਲਾਂ ਐਮ.ਪੀ. ਨੂੰ ਮਿਲਦੇ ਕੋਟਿਆਂ ਦਾ ਖ਼ੁਦ ਅਧਿਐਨ ਕੀਤਾ ।
ਫੇਰ ਉਨ੍ਹਾਂ ਬਾਰੇ ਬਾਬੂ ਜੀ ਨੂੰ ਰੋਸ਼ਨੀ ਪਾਈ । ਜਦੋਂ ਬਾਬੂ ਜੀ ਨੂੰ ਸਮਝ ਆਈ ਕਿ ਉਨ੍ਹਾਂ ਕੋਲ ਹਨੂੰਮਾਨ ਵਾਂਗ ਛਾਲ ਮਾਰ ਕੇ ਮਹਾਂ ਸਮੁੰਦਰ ਪਾਰ ਕਰਨ ਦੀ ਤਾਕਤ ਹੈ ਤਾਂ ਉਨ੍ਹਾਂ ਨੇ ਆਪਣੀ ਸਾਰੀ ਤਾਕਤ ਮੋਹਨ ਲਾਲ ਵੱਲ ਝੋਕ ਦਿੱਤੀ । ਬਾਬੂ ਜੀ ਦੇ ਦੋ ਵਾਰ ਫ਼ੋਨ
ਕਰਨ ਨਾਲ ਜੇ ਦੋਹਾਂ ਪਰਿਵਾਰਾਂ ਦੀਆਂ ਪੀੜ੍ਹੀਆਂ ਦੀਆਂ ਰੋਟੀਆਂ ਦਾ ਇੰਤਜ਼ਾਮ ਹੁੰਦਾ ਹੈ ਤਾਂ ਇਸ ਵਿਚ ਬਾਬੂ ਜੀ ਨੂੰ ਕੀ ਇਤਰਾਜ਼ ਹੋ ਸਕਦਾ ਸੀ ।
ਪਟਰੋਲ ਪੰਪ ਦੇ ਇਕ ਸਾਲ ਦਾ ਹਿਸਾਬ ਕਿਤਾਬ ਜਦੋਂ ਮੋਹਨ ਲਾਲ ਨੇ ਬਾਬੂ ਜੀ ਨੂੰ ਦਿਖਾਇਆ ਤਾਂ ਉਨ੍ਹਾਂ ਦੀਆਂ ਅੱਖਾਂ ਖੁਲ੍ਹ ਗਈਆਂ । ਉਨ੍ਹਾਂ ਝੱਟ ਪੈਟਰੋਲੀਅਮ ਮੰਤਰੀ ਨਾਲ ਗੱਲ ਕੀਤੀ । ਜਿੰਨਾ ਚਿਰ ਨਵਾਂ ਪਟਰੋਲ ਪੰਪ ਮਨਜ਼ੂਰ ਨਹੀਂ ਹੋ ਗਿਆ, ਉਹ ਟਿਕ ਕੇ ਨਹੀਂ ਬੈਠੇ ।
ਪਟਰੋਲ ਪੰਪ ਤਾਂ ਅਲਾਟ ਹੋ ਗਿਆ ਪਰ ਇਹ ਲਾਇਆ ਕਿਥੇ ਜਾਵੇ ?
ਪਹਿਲੇ ਦਿਨ ਤੋਂ ਮੋਹਨ ਲਾਲ ਦੀ ਨਜ਼ਰ ਸ਼ਹਿਰ ਦੀ ਹਿੱਕ ਉਪਰ ਖਾਲੀ ਪਏ ਇਕ ਸਰਕਾਰੀ ਪਲਾਟ ਉਪਰ ਟਿਕੀ ਹੋਈ ਸੀ । ਜੇ ਪੰਪ ਇਥੇ ਲਗ ਜਾਵੇ ਤਾਂ ਵਿਕਰੀ ਦਸ ਗੁਣਾ ਵੱਧ ਹੋਣੀ ਸੀ । ਇਹ ਪਲਾਟ ਮਿਲਣਾ ਵੀ ਮਿੱਟੀ ਦੇ ਮੁੱਲ ਸੀ । ਬਜ਼ਾਰ ਦੇ ਭਾਅ ਪਲਾਟ ਖਰੀਦ ਕੇ ਪੰਪ ਲਾਇਆ ਤਾਂ ਪੰਪ ਦੀ ਆਮਦਨ ਨਾਲ ਰਕਮ ਦਾ ਵਿਆਜ ਵੀ ਪੂਰਾ ਨਹੀਂ ਸੀ ਹੋਣਾ ।
ਅਫ਼ਸਰਾਂ ਨੂੰ ਦਾਣੇ ਪਾ ਕੇ ਮੋਹਨ ਲਾਲ ਨੇ ਇਸ ਪਲਾਟ ਦੀ ਅਲਾਟਮੈਂਟ ਦਾ ਜੁਗਾੜ ਸ਼ੁਰੂ ਕੀਤਾ । ਜੋ ਜਿਸ ਤਰ੍ਹਾਂ ਧਿਜਿਆ, ਉਸਨੂੰ ਉਸੇ ਤਰ੍ਹਾਂ ਧਿਜਾਇਆ । ਪੈਸੇ ਵਾਲੇ ਨੂੰ ਪੈਸਾ, ਸ਼ਬਾਬ ਵਾਲੇ ਨੂੰ ਸ਼ਰਾਬ । ਦੋ ਕਰੋੜ ਦਾ ਪਲਾਟ ਉਸਨੇ ਦਸ ਲੱਖ ਵਿਚ ਨੱਧਬੇ ਸਾਲਾ ਪੱਟੇ 'ਤੇ ਲਿਖਵਾ ਲਿਆ ।
ਉਸ ਪਲਾਟ ਦੇ ਆਲੇ-ਦੁਆਲੇ ਸਰਕਾਰੀ ਕੁਆਟਰ ਸਨ । ਪਟਰੋਲ ਪੰਪ ਲੱਗਣ ਨਾਲ ਉਨ੍ਹਾਂ ਦੇ ਘਰਾਂ ਵਿਚ ਪ੍ਰਦੂਸ਼ਣ ਫੈਲਣਾ ਸੀ । ਡਰਾਈਵਰਾਂ ਨੇ ਗੁੰਡਾਗਰਦੀ ਕਰਨੀ ਸੀ ।ਕਾਰਾਂ, ਬੱਸਾਂ ਅਤੇ ਟਰੱਕਾਂ ਦੀ ਭੀੜ ਕਾਰਨ ਜਾਮ ਲਗੇ ਰਹਿਣੇ ਸਨ । ਧੂੜ ਨਾਲ ਉਨ੍ਹਾਂ
ਦੇ ਕੁਆਟਰਾਂ ਦਾ ਰੰਗ ਰੋਗਣ ਮੱਧਮ ਪੈ ਜਾਣਾ ਸੀ । ਪਰਦੇ, ਸ਼ੀਸ਼ੇ ਅਤੇ ਫਰਨੀਚਰ ਨੇ ਬੇਕਾਰ ਹੋ ਜਾਣਾ ਸੀ । ਕੁਆਟਰਾਂ ਵਾਲਿਆਂ ਨੇ ਇਸ ਅਲਾਟਮੈਂਟ ਦਾ ਡਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ।
ਕੁਆਟਰਾਂ ਵਿਚ ਰਹਿੰਦੇ ਬਾਬੂਆਂ ਨੇ ਹੋਏ ਇਕਰਾਰਨਾਮਿਆਂ ਦੀਆਂ ਨਕਲਾਂ ਮਿਸਲਾਂ ਵਿਚੋਂ ਕੱਢਵਾ ਲਈਆਂ । ਉਨ੍ਹਾਂ ਨੇ ਪਟਰੋਲ ਪੰਪ ਦੇ ਮਾਲਕਾਂ ਅਤੇ ਅਫ਼ਸਰਾਂ ਦੀ ਮਿਲੀਭੁਗਤ ਦੇ ਸਬੂਤ ਪ੍ਰੈਸ ਦੇ ਹਵਾਲੇ ਕਰ ਦਿੱਤੇ । ਪ੍ਰੈਸ ਨੇ ਲੂਣ ਮਿਰਚ ਲਾ ਕੇ ਇਸ ਨੂੰ ਸਕੈਂਡਲ ਬਣਾ ਦਿੱਤਾ । ਵਿਰੋਧੀ ਸਿਆਸੀ ਧਿਰ ਨੇ ਕੁਆਟਰਾਂ ਵਾਲਿਆਂ ਦੀ ਪਿੱਠ 'ਤੇ ਹੋਣ ਦਾ ਐਲਾਨ ਕਰ ਦਿੱਤਾ । ਸਾਬਕਾ ਮੰਤਰੀ ਨੇ ਪਟਰੋਲ ਪੰਪ ਵਾਲੀ ਜਗ੍ਹਾ 'ਤੇ ਧਰਨਾ ਮਾਰ ਦਿੱਤਾ। 'ਪਟਰੋਲ ਪੰਪ ਉਸਦੀ ਲਾਸ਼ 'ਤੇ ਬਣੇਗਾ' ਇਹ ਐਲਾਨ ਕਰ ਦਿੱਤਾ ।
ਅਫ਼ਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ । ਉਹ ਆਪਣਾ-ਆਪਣਾ ਬਚਾਅ ਸੋਚਣ ਲਗੇ ।
ਅਲਾਟਮੈਂਟ ਕੈਂਸਲ ਕਰਨ ਦੀ ਯੋਜਨਾ ਬਣਨ ਲੱਗੀ ।
ਮਸਲਾ ਠੰਡਾ ਕਰਨ ਲਈ ਮੋਹਨ ਲਾਲ ਨੇ ਹਾਈ ਕੋਰਟ ਦਾ ਸਹਾਰਾ ਲਿਆ ।
ਅਦਾਲਤ ਨੇ 'ਜੈਸੇ ਥੇ' ਦਾ ਹੁਕਮ ਜਾਰੀ ਕਰ ਦਿੱਤਾ । ਇਹ ਹੁਕਮ ਮੋਹਨ ਲਾਲ ਦੀ ਮਰਜ਼ੀ ਅਨੁਸਾਰ ਹੋਇਆ ਸੀ । ਸਰਕਾਰ ਦੇ ਹੱਥ ਬੱਝ ਗਏ । ਅਲਾਟਮੈਂਟ ਕੈਂਸਲ ਹੋਣੋਂ ਬਚ ਗਈ ।
ਪੰਪ ਚੱਲਣੋਂ ਹੱਟ ਗਿਆ । ਇਸ ਨਾਲ ਲੋਕਾਂ ਦੀ ਤਸੱਲੀ ਹੋ ਗਈ ।
ਸਾਲ ਵਿਚ ਮੋਹਨ ਲਾਲ ਨੇ ਸਭ ਧਿਰਾਂ ਨੂੰ ਠੰਡਾ ਕਰ ਲਿਆ ।
ਸਾਬਕਾ ਮੰਤਰੀ ਨਾਲ ਸਮਝੌਤਾ ਹੋਇਆ ।
ਮੁਹੱਲੇ ਵਾਲਿਆਂ ਨਾਲ ਵਾਅਦਾ ਕੀਤਾ । ਪੰਪ ਕਾਰਾਂ ਟਰੱਕਾਂ ਵਾਲਿਆਂ ਲਈ ਨਹੀਂ ਸੀ ਲਗ ਰਿਹਾ । ਕੇਵਲ ਸਕੂਟਰਾਂ ਵਿਚ ਪਟਰੋਲ ਪੈਣਾ ਸੀ । ਕੋਈ ਗੁੰਡਾਗਰਦੀ ਨਹੀਂ ਹੋ ਸਕਦੀ ।
ਵਾਧੂ ਬਚਦੀ ਥਾਂ ਵਿਚ ਮੋਹਨ ਨੇ ਇਕ ਸ਼ਾਪਿੰਗ ਕੰਪਲੈਕਸ ਖੋਲ੍ਹਣਾ ਸੀ । ਮੁਹੱਲੇ ਵਾਲਿਆਂ ਨੂੰ ਸਸਤਾ ਅਤੇ ਤਾਜ਼ਾ ਸਮਾਨ ਮਿਲਣਾ ਸੀ । ਉਲਟਾ ਕਾਲੋਨੀ ਵਾਲਿਆਂ ਨੂੰ ਸੌਖ ਹੋਣੀ ਸੀ ।
ਚੁੱਪਕੇ ਜਿਹੇ ਰਿੱਟ ਦਾ ਫ਼ੈਸਲਾ ਕਰਵਾ ਲਿਆ । ਰਾਤੋ-ਰਾਤ ਪੰਪ ਚਾਲੂ ਕਰ ਲਿਆ ।
ਪਹਿਲਾਂ ਪੰਪ ਦੋ-ਪਹੀਆ ਵਾਹਨਾਂ ਲਈ ਚੱਲਿਆ । ਇੰਝ ਹਾਈ ਕੋਰਟ ਦੇ ਹੁਕਮ ਅਨੁਸਾਰ ਹੋਇਆ । ਛੇ ਮਹੀਨੇ ਬਾਅਦ ਕਾਰਾਂ ਵਿਚ ਪਟਰੋਲ ਪੈਣ ਲੱਗਾ । ਫੇਰ ਡੀਜ਼ਲ ਆ ਗਿਆ । ਬੱਸਾਂ ਅਤੇ ਟਰੱਕ ਆਉਣ ਲਗੇ । ਨਾਲ ਦੀ ਜਗ੍ਹਾ ਵਿਚ ਵਰਕਸ਼ਾਪ ਬਣ
ਗਈ । ਦੁਕਾਨਾਂ ਖੁਲ੍ਹ ਗਈਆਂ । ਲੋਕਾਂ ਨੂੰ ਜਿਥੇ ਤਕਲੀਫ਼ ਸੀ, ਉੱਥੇ ਅਰਾਮ ਵੀ ਸੀ ।
ਗੱਲ ਆਈ ਗਈ ਹੋ ਗਈ ।
ਪੰਪ ਦੀ ਕਾਮਯਾਬੀ ਬਾਅਦ ਚੁੱਪ-ਚਾਪ ਬਾਬੂ ਜੀ ਨੇ ਮਾਇਆ ਨਗਰ ਲਈ ਤਿੰਨ ਗੈਸ ਏਜੰਸੀਆਂ ਮਨਜ਼ੂਰ ਕਰਵਾ ਲਈਆਂ । ਬਾਕੀ ਦੀਆਂ ਦੋ ਏਜੰਸੀਆਂ ਮੰਤਰਾਲੇ ਅਤੇ ਅਫ਼ਸਰਾਂ ਨੇ ਕਿਸ ਖੂਹ-ਖਾਤੇ ਸੁੱਟੀਆਂ, ਇਸ ਨਾਲ ਬਾਬੂ ਜੀ ਨੂੰ ਕੋਈ ਵਾਸਤਾ ਨਹੀਂ
ਸੀ । ਜਿਹੜੀ ਏਜੰਸੀ ਪੱਛੜੀਆਂ ਸ਼੍ਰੇਣੀਆਂ ਲਈ ਰਾਖਵੀਂ ਸੀ, ਉਹ ਅਸਲ ਵਿੱਚ ਬਾਬੂ ਜੀ ਲਈ ਰਾਖਵੀਂ ਸੀ । ਜਿਸ ਬੰਦੇ ਦੇ ਨਾਂ 'ਤੇ ਉਨ੍ਹਾਂ ਉਂਗਲ ਰੱਖੀ, ਉਹ ਉਸੇ ਨੂੰ ਅਲਾਟ ਹੋ ਗਈ ।
ਇਨ੍ਹਾਂ ਦੋ ਕੰਮਾਂ ਨਾਲ ਬਾਬੂ ਜੀ ਦਾ ਭਵਿੱਖ ਸੁਰੱਧਖਿਅਤ ਹੋ ਗਿਆ । ਇਸ ਆਰਥਿਕ ਸੁਰੱਧਖਿਆ ਕਾਰਨ ਬਾਬੂ ਜੀ ਮੋਹਨ ਲਾਲ ਦੇ ਰਿਣੀ ਸਨ । ਹੁਣ ਪੰਕਜ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਰਿਹਾ ਸੀ ।
ਸੰਸਾਰੀਕਰਨ ਦੇ ਇਸ ਦੌਰ ਵਿਚ ਬਹੁਤ ਸਾਰੀਆਂ ਬਹੁ-ਦੇਸ਼ੀ ਕੰਪਨੀਆਂ ਭਾਰਤ ਵਿਚ ਪੈਰ ਜਮਾਉਣ ਦੇ ਯਤਨ ਕਰ ਰਹੀਆਂ ਸਨ। ਕੇਂਦਰੀ ਸਰਕਾਰ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਤ ਕਰ ਰਹੀ ਸੀ । ਸਨਅਤ ਮੰਤਰੀ ਵਫ਼ਦ ਲੈ ਲੈ ਬਾਹਰਲੇ ਦੇਸ਼ਾਂ ਨੂੰ ਤੁਰੇ ਰਹਿੰਦੇ
ਸਨ । ਕੁਝ ਦੇਸ਼ਾਂ ਦਾ ਚੱਕਰ ਬਾਬੂ ਜੀ ਵੀ ਉਨ੍ਹਾਂ ਨਾਲ ਲਾ ਆਏ ਸਨ । ਅੰਦਰਖਾਤੇ ਬਾਬੂ ਜੀ ਦੀ ਜਪਾਨ ਦੀ ਇਕ ਕੰਪਨੀ ਨਾਲ ਗੱਲ ਚੱਲ ਰਹੀ ਸੀ । ਕੰਪਨੀ ਨੂੰ ਜੇ ਖੁਲ੍ਹੀਆਂ ਰਿਆਇਤਾਂ ਮਿਲ ਜਾਣ ਤਾਂ ਕੰਪਨੀ ਮੋਟਰ-ਸਾਈਕਲਾਂ ਦਾ ਭਾਰੀ ਉਦਯੋਗ ਇਧਰ ਲਾਉਣ ਲਈ ਸੋਚ ਸਕਦੀ ਸੀ । ਬਾਬੂ ਜੀ ਦੀਆਂ ਸੇਵਾਵਾਂ ਦੇ ਇਵਜ ਵਿਚ ਕੰਪਨੀ ਦੇ ਕੁਝ ਹਿੱਧਸੇ ਉਨ੍ਹਾਂ ਨੂੰ ਦਿੱਤੇ ਜਾ ਸਕਦੇ ਸਨ । ਬਾਬੂ ਜੀ ਆਪ ਹਿੱਧਸੇਦਾਰ ਨਹੀਂ ਸਨ ਬਣ ਸਕਦੇ । ਨਾ ਉਨ੍ਹਾਂ ਕੋਲ ਇੰਨੀ ਪੂੰਜੀ ਸੀ । ਆਪਣੀ ਥਾਂ ਉਨ੍ਹਾਂ ਨੇ ਪੰਕਜ ਦਾ ਨਾਂ ਸੁਝਾਇਆ ਸੀ । ਗੱਲ ਸਿਰੇ ਚੜ੍ਹਨ ਵਾਲੀ ਸੀ । ਇਸ ਲਈ ਬਾਬੂ ਜੀ ਦੀ ਇਕ ਟੰਗ ਦਿੱਲੀ ਹੁੰਦੀ ਸੀ ਅਤੇ ਇਕ ਮਾਇਆ ਨਗਰ ।
ਜਰਮਨੀ ਤੋਂ ਇਕ ਪੇਸ਼ਕਸ਼ ਇਕ ਵਿਦੇਸ਼ੀ ਮਿੱਤਰ ਰਾਹੀਂ ਪੰਕਜ ਕੋਲ ਆਈ ਸੀ ।
ਭਾਰਤੀ ਫੌਜ ਆਪਣੀਆਂ ਤੋਪਾਂ ਦੇ ਬਹੁਤ ਸਾਰੇ ਕਲਪੁਰਜ਼ੇ ਅਮਰੀਕਾ ਕੋਲੋਂ ਖਰੀਦੀ ਸੀ । ਜਰਮਨੀ ਦੀ ਇਹ ਕੰਪਨੀ ਉਹੋ ਕਲਪੁਰਜ਼ੇ ਭਾਰਤ ਵਿਚ ਬਨਾਉਣ ਦੀ ਸਮਰੱਥਾ ਰੱਖਦੀ ਸੀ । ਭਾਰਤ ਦੇ ਸੁਰੱਧਖਿਆ ਮੰਤਰਾਲੇ ਵਿਚ ਜੇ ਪਹੁੰਚ ਹੋ ਜਾਵੇ ਤਾਂ ਕੰਪਨੀ ਪੰਕਜ ਨਾਲ ਹਿੱਧਸੇਦਾਰੀ ਰੱਖ ਕੇ ਕੰਮ ਸ਼ੁਰੂ ਕਰ ਸਕਦੀ ਸੀ । ਬਾਬੂ ਜੀ ਇਸ ਪ੍ਰੋਜੈਕਟ ਦੇ ਸਿਰੇ ਚੜ੍ਹ ਜਾਣ ਲਈ ਵੀ ਯਤਨਸ਼ੀਲ ਸਨ । ਇਥੋਂ ਵੀ ਸੋਨੇ ਦੀ ਖਾਣ ਲੱਭ ਸਕਦੀ ਸੀ ।
ਅਜਿਹੇ ਗੂੜ੍ਹੇ ਸੰਬੰਧਾਂ ਦੇ ਹੁੰਦਿਆਂ ਭੀੜ ਪੈਣ 'ਤੇ ਬਾਬੂ ਜੀ ਪੰਕਜ ਹੋਰਾਂ ਨੂੰ ਪਿੱਠ ਕਿਸ ਤਰ੍ਹਾਂ ਦਿਖਾ ਸਕਦੇ ਸਨ ?
ਪੂਰੇ ਮਾਨ ਨਾਲ ਨੀਰਜ ਨੇ ਬਾਬੂ ਜੀ ਨਾਲ ਰਾਬਤਾ ਕਾਇਮ ਕੀਤਾ ।
ਕੋਠੀਉਂ ਪਤਾ ਲੱਗਾ ਉਹ ਦਿੱਲੀਉਂ ਵਾਪਸ ਨਹੀਂ ਆਏ । ਦਿੱਲੀਉਂ ਪਤਾ ਲੱਗਾ, ਉਹ ਕਾਰਜਕਾਰਨੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਬੰਗਲੌਰ ਚਲੇ ਗਏ । ਮੋਬਾਇਲ ਉਥੇ ਚਲਦਾ ਨਹੀਂ ਸੀ । ਦੂਜਾ ਫ਼ੋਨ ਮਿਲਾਇਆ । ਘੰਟੀ ਜਾਂਦੀ ਸੀ ਪਰ ਕੋਈ ਚੁੱਕ ਨਹੀਂ
ਸੀ ਰਿਹਾ ।
ਬਾਬੂ ਜੀ ਨਹੀਂ ਹਨ ਤਾਂ ਨਾ ਸਹੀ, ਚੇਅਰਮੈਨ ਸਾਹਿਬ ਮਾਇਆ ਨਗਰ ਵਿਚ ਸਨ ।
ਉਨ੍ਹਾਂ ਦੀ ਬਾਬੂ ਜੀ ਨਾਲੋਂ ਵੱਧ ਚੱਲਦੀ ਸੀ ।
ਉਹ ਚੇਅਰਮੈਨ ਨਾਲ ਸੰਪਰਕ ਕਰਨ ਲੱਗੇ ।


23
ਚੇਅਰਮੈਨ ਸਾਹਿਬ ਤਿੰਨ ਦਿਨਾਂ ਤੋਂ ਮਾਇਆ ਨਗਰ ਵਿਚ ਡੇਰਾ ਲਾਈ ਬੈਠੇ ਸਨ ।
ਪਾਰਟੀ ਵਰਕਰਾਂ ਦਾ ਕੈਂਪ ਲੱਗਾ ਹੋਇਆ ਸੀ । ਪ੍ਰਬੰਧ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਸਿਰ ਸੀ ।
ਚੇਅਰਮੈਨ ਨੇ ਉਨ੍ਹਾਂ ਨੂੰ ਕੈਂਪ ਵਿਚ ਬੁਲਾ ਲਿਆ । ਉਨ੍ਹਾਂ ਦੇ ਕੈਂਪ ਤੋਂ ਬਾਹਰ ਜਾਣ 'ਤੇ ਮਨਾਹੀ ਸੀ । ਉਨ੍ਹਾਂ ਦੇ ਬਾਹਰ ਜਾਣ ਨਾਲ ਪਾਰਟੀ ਅਨੁਸ਼ਾਸਨ ਭੰਗ ਹੁੰਦਾ ਸੀ । ਕੈਂਪ ਦੀ ਕਾਰਵਾਈ ਵਿਚ ਵਿਘਨ ਪੈਂਦਾ ਸੀ ।
ਚੇਅਰਮੈਨ ਸਾਹਿਬ ਨੇ ਨੀਰਜ ਦੀ ਇਕ ਡਿਊਟੀ ਵੀ ਲਾਈ । ਆਉਂਦਾ ਹੋਇਆ ਉਹ ਕੇਡਟਾਂ ਲਈ ਦੋ ਪੇਟੀਆਂ ਸੇਬ ਅਤੇ ਪੰਜ ਕਿਲੋ ਲੱਡੂ ਲੈਂਦਾ ਆਵੇ । ਸ਼ਾਮ ਦੀ ਰਿਫ਼ਰੈਸ਼ਮੈਂਟ ਮੋਹਨ ਪਰਿਵਾਰ ਵੱਲੋਂ ਹੋਣੀ ਚਾਹੀਦੀ ਸੀ ।
ਦੋ ਚੀਜ਼ਾਂ ਵੱਧ ਲੈ ਕੇ ਉਹ ਝੱਟ ਕੈਂਪ ਪਹੁੰਚ ਗਏ ।
ਕੇਡਟਾਂ ਵਾਲੀ ਵੇਸ-ਭੂਸ਼ਾ ਵਿਚ ਦੇਖ ਕੇ ਕੋਈ ਨਹੀਂ ਸੀ ਕਹਿ ਸਕਦਾ ਕਿ ਇਹ ਨਿੱਕਰ ਬਨੈਣ ਵਾਲਾ ਬੰਦਾ ਦੋ ਵਾਰ ਵਿਧਾਇਕ ਰਹਿ ਚੁੱਕਾ ਸੀ ਅਤੇ ਹੁਣ ਖਾਦੀ ਬੋਰਡ ਵਰਗੇ ਅਦਾਰੇ ਦਾ ਚੇਅਰਮੈਨ ਸੀ । ਉਹ ਕਿਸੇ ਸਕੂਲ ਦਾ ਡਰਿਲ ਮਾਸਟਰ ਲੱਗਦਾ ਸੀ ।
ਨਾਲ ਆਏ ਸਮਾਨ ਨੂੰ ਰਸੋਈ ਵਿਚ ਭਿਜਵਾ ਕੇ ਉਹ ਉਨ੍ਹਾਂ ਨੂੰ ਆਪਣੇ ਦਫ਼ਤਰ ਲੈ ਗਏ। ਦਫ਼ਤਰ ਵਿਚ ਫ਼ੋਨ ਵੀ ਸੀ ਅਤੇ ਫ਼ੋਨ ਕਰਨ ਵਾਲਾ ਨਿੱਜੀ ਸਹਾਇਕ ਵੀ ।
ਕੈਂਪ ਵਾਲੇ ਇਨ੍ਹਾਂ ਦਿਨਾਂ ਵਿਚ ਸਾਧਾਰਨ ਜਨਤਾ ਦਾ ਉਨ੍ਹਾਂ ਨੂੰ ਮਿਲਣਾ ਬੰਦ ਸੀ ।
ਪਰ ਨੀਰਜ ਹੋਰੇ ਸਾਧਾਰਨ ਜਨਤਾ ਨਹੀਂ ਸਨ । ਉਹ ਪਾਰਟੀ ਦੇ ਫਾਈਨੈਂਸਰ ਸਨ । ਹੁਣ ਪਾਰਟੀ ਸੱਤਾ ਵਿਚ ਸੀ । ਕਿਸੇ ਤੋਂ ਵੀ ਫ਼ੋਨ ਕਰਕੇ ਚੰਦਾ ਮੰਗਵਾਇਆ ਜਾ ਸਕਦਾ ਸੀ ।
ਪੰਕਜ ਦੇ ਪਿਤਾ ਜੀ ਉਸ ਸਮੇਂ ਕੈਂਪਾਂ ਦਾ ਸਾਰਾ ਖਰਚਾ ਬਰਦਾਸ਼ਤ ਕਰਿਆ ਕਰਦੇ ਸਨ, ਜਦੋਂ ਲੋਕ ਪਾਰਟੀ ਦਾ ਨਾਂ ਲੈਣੋਂ ਡਰਦੇ ਸਨ । ਜਦੋਂ ਪਾਰਟੀ ਵਿਰੋਧੀ ਧਿਰ ਵਿਚ ਸੀ ਅਤੇ ਚੇਅਰਮੈਨ ਨੂੰ ਬੱਸ, ਟਰੱਕ ਜਾਂ ਰਾਸ਼ਨ-ਪਾਣੀ ਦੀ ਜ਼ਰੂਰਤ ਪੈਂਦੀ ਸੀ, ਮੋਹਨ ਲਾਲ ਅੱਧੇ ਬੋਲ ਉਹ ਲੋੜ ਪੂਰੀ ਕਰਦਾ ਸੀ ।
ਪਾਰਟੀ ਮੋਹਨ ਲਾਲ ਦੇ ਉਸ ਅਹਿਸਾਨ ਨੂੰ ਕਦੇ ਨਹੀਂ ਭੁੱਲ ਸਕਦੀ, ਜਿਹੜਾ ਉਸ ਨੇ ਸਰਵ ਹਿਤਕਾਰੀ ਸਕੂਲ ਖੋਲ੍ਹਣ ਲਈ ਪਾਰਟੀ ਨੂੰ ਲਾਗਤ ਮੁੱਲ 'ਤੇ ਪਲਾਟ ਦੇ ਕੇ ਕੀਤਾ ਸੀ । ਇਹੋ ਨਹੀਂ, ਸਕੂਲ ਚਾਲੂ ਕਰਨ ਲਈ ਦੋ ਕਮਰੇ ਉਸਨੇ ਆਪਣੇ ਖਰਚੇ 'ਤੇ ਬਣਵਾ ਕੇ ਦਿੱਤੇ ਸਨ। ਆਪਣੇ ਪਿਤਾ ਜੀ ਦੀ ਯਾਦ ਵਿੱਚ ਗ਼ਰੀਬ ਹੁਸ਼ਿਆਰ ਬੱਚਿਆਂ ਲਈ ਉਸਨੇ ਵਜ਼ੀਫ਼ੇ ਚਾਲੂ ਕੀਤੇ ਸਨ ।
ਪੁੱਤਰ ਦੋ ਕਦਮ ਅੱਗੇ ਜਾ ਰਹੇ ਸਨ । ਮੋਹਨ ਲਾਲ ਦੀ ਯਾਦ ਵਿਚ ਉਨ੍ਹਾਂ ਨੇ ਸਕੂਲ ਵਿਚ ਅਸੈਂਬਲੀ ਹਾਲ ਬਣਵਾ ਦਿੱਤਾ । ਵਜ਼ੀਫ਼ਿਆਂ ਦੀ ਗਿਣਤੀ ਦੁਗਣੀ ਕਰ ਦਿੱਤੀ ।
ਪਾਰਟੀ ਅਤੇ ਚੇਅਰਮੈਨ ਇਸ ਪਰਿਵਾਰ ਦੇ ਸਦਾ ਰਿਣੀ ਸਨ ।
ਕੈਂਪ ਦੌਰਾਨ ਚੇਅਰਮੈਨ ਬਹੁਤ ਘੱਟ ਲੋਕਾਂ ਨੂੰ ਮਿਲਿਆ ਸੀ । ਇਸ ਲਈ ਨਗਰ ਦੇ ਤਾਜ਼ਾ ਹਾਲਾਤਾਂ ਤੋਂ ਉਹ ਵਾਕਿਫ਼ ਨਹੀਂ ਸੀ । ਅਖ਼ਬਾਰਾਂ ਵਿਚ ਉਸਨੇ ਇਕ ਪਰਿਵਾਰ ਦੇ ਘਰ ਪਈ ਡਕੈਤੀ ਬਾਰੇ ਪੜ੍ਹਿਆ ਸੀ । ਉਹ ਪਰਿਵਾਰ ਨੀਰਜ ਦੇ ਚਾਚੇ ਦਾ ਸੀ, ਇਹ
ਜਾਣ ਕੇ ਚੇਅਰਮੈਨ ਨੂੰ ਡਾਢਾ ਦੁੱਖ ਹੋਇਆ ਸੀ । ਉਹ ਦੁਖੀ ਪਰਿਵਾਰ ਦੀ ਹਰ ਸਹਾਇਤਾ ਲਈ ਤਿਆਰ ਸੀ ।
ਜਦੋਂ ਨੀਰਜ ਨੇ ਉਨ੍ਹਾਂ ਦੇ ਡਕੈਤੀ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਬਾਰੇ ਪੁਲਿਸ ਨੂੰ ਪਏ ਸ਼ੱਕ ਦੀ ਗੱਲ ਤੋਰੀ ਤਾਂ ਚੇਅਰਮੈਨ ਦਾ ਚਿਹਰਾ ਪੀਲਾ ਭੂਕ ਹੋ ਗਿਆ । ਉਸਦੀ ਜ਼ੁਬਾਨ ਤਾਲੂਏ ਨਾਲ ਲੱਗ ਗਈ । ਉਸਨੂੰ ਮਹਿਸੂਸ ਹੋਣ ਲੱਗਾ, ਜਿਵੇਂ ਉਹ ਖ਼ੁਦ ਸਾਜਿਸ਼
ਵਿਚ ਸ਼ਾਮਲ ਹੋਣ ਜਾ ਰਿਹਾ ਸੀ ।
ਚੇਅਰਮੈਨ ਦਾ ਮਨ ਕਾਹਲਾ ਪੈਣ ਲੱਗਾ । ਚੰਗਾ ਸੀ ਹਾਲੇ ਤਕ ਬਹੁਤੇ ਲੋਕਾਂ ਨੂੰ ਉਨ੍ਹਾਂ ਦੀ ਚੇਅਰਮੈਨ ਨਾਲ ਹੋਈ ਮੁਲਾਕਾਤ ਦਾ ਪਤਾ ਨਹੀਂ ਸੀ ਲੱਗਾ । ਅੱਜ ਤਕ ਚੇਅਰਮੈਨ ਦਾ ਦਾਮਨ ਸਾਫ਼ ਰਿਹਾ ਸੀ । ਕਿਧਰੇ ਉਸ ਉਪਰ ਕਾਤਲਾਂ ਦੀ ਮਦਦ ਦਾ ਦੋਸ਼ ਨਾ ਲੱਗ
ਜਾਏ, ਉਹ ਇਸ ਗੱਲ ਤੋਂ ਘਬਰਾ ਰਿਹਾ ਸੀ ।
"ਦੱਧਸੋ ਮੈਂ ਕੀ ਸੇਵਾ ਕਰ ਸਕਦਾ ਹਾਂ । ਮੇਰੀ ਕਲਾਸ ਦਾ ਸਮਾਂ ਹੋਣ ਵਾਲਾ ਹੈ ।"
ਘੜੀ ਵੱਲ ਦੇਖ ਕੇ ਚੇਅਰਮੈਨ ਨੇ ਆਪਣੀ ਬੇਚੈਨੀ ਦਾ ਪ੍ਰਗਟਾਵਾ ਕੀਤਾ ।
"ਬਾਬੂ ਜੀ ਬੰਗਲੌਰ ਗਏ ਹੋਏ ਹਨ । ਤੁਸੀਂ ਕਪਤਾਨ ਨੂੰ ਇਕ ਫ਼ੋਨ ਕਰ ਦਿਓ । ਆਖ ਦੇਵੋ ਅਸੀਂ ਬੇਕਸੂਰ ਹਾਂ । ਪੁਲਿਸ ਸਾਨੂੰ ਤੰਗ ਪ੍ਰੇਸ਼ਾਨ ਨਾ ਕਰੇ ।"
"ਫ਼ੋਨ ਦੀ ਕੀ ਲੋੜ ਹੈ? ਅਜਿਹੀਆਂ ਸਿਫਾਰਸ਼ਾਂ ਫ਼ੋਨ 'ਤੇ ਨਹੀਂ ਕਰੀਦੀਆਂ । ਅਜਿਹੇ ਕੰਮ ਕੋਲ ਬੈਠ ਕੇ ਕਰਾਏ ਜਾਂਦੇ ਹਨ । ਅੱਜ ਕਪਤਾਨ ਨੇ ਕੈਂਪ ਵਿਚ ਆਉਣਾ ਹੈ । ਕੈਡਟਾਂ ਨੂੰ ਸੰਧਬੋਧਨ ਕਰਨ । ਉਸ ਵਕਤ ਮੈਂ ਗੱਲ ਕਰਾਂਗਾ । ਤੁਸੀਂ ਬੇਫਿਕਰ ਰਹੋ । ਕਿਸੇ ਨਾਲ ਧੱਕਾ ਨਹੀਂ ਹੋਏਗਾ ।"
ਆਖਦਾ ਚੇਅਰਮੈਨ ਕੁਰਸੀ ਤੋਂ ਉੱਠ ਖੜੋਤਾ ।
"ਚਾਹ ਪੀ ਕੇ ਜਾਣਾ ।... ਜਾਹ ਕਾਕਾ ਮਹਿਮਾਨਾਂ ਲਈ ਦੋ ਕੱਪ ਚਾਹ ਲਿਆ... ਨਾਲ ਖਾਣ ਨੂੰ ਲਿਆਈਂ ।"
ਦਫ਼ਤਰ ਆਏ ਇਕ ਕੈਡਟ ਨੂੰ ਚਾਹ ਲਿਆਉਣ ਦਾ ਹੁਕਮ ਸੁਣਾ ਕੇ ਉਹ ਤੇਜ਼ਕਦਮੀਂ ਕਲਾਸ ਵੱਲ ਤੁਰ ਪਏ ।
ਚੇਅਰਮੈਨ ਦੀ ਇਸ ਬੇਰੁਖੀ 'ਤੇ ਨੀਰਜ ਦਾ ਚਿਹਰਾ ਉਤਰ ਗਿਆ । ਉਸਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਉਹ ਘੋਰ ਸੰਕਟ ਵਿਚ ਸੀ । ਆਪਣੇ ਪਰਾਏ ਹੁੰਦੇ ਜਾ ਰਹੇ ਸਨ ।
ਗੁੱਧਸੇ ਅਤੇ ਘਬਰਾਹਟ ਕਾਰਨ ਬਿਨਾਂ ਚਾਹ ਦੀ ਉਡੀਕ ਕੀਤੇ ਉਹ ਕੈਂਪ 'ਚੋਂ ਬਾਹਰ ਆ ਗਏ ।
"ਮੈਨੂੰ ਲਗਦਾ ਹੈ ਬਾਬੂ ਜੀ ਜਾਣ ਬੁੱਝ ਕੇ ਬੰਗਲੌਰ ਨੂੰ ਤੁਰ ਗਏ । ਇਸ ਪਾਖੰਡ ਦਾ ਰਵੱਈਆ ਦੇਖ ਲਿਆ ? ਤਿੰਨ ਦਿਨ ਪਹਿਲਾਂ ਸਾਰਾ ਦਿਨ ਮੇਰੇ ਦਫ਼ਤਰ ਵਿਚ ਬੈਠਾ ਰਿਹਾ ਸੀ । ਇਸੇ ਕੈਂਪ ਲਈ ਚੰਦਾ ਲੈਣ ਆਇਆ ਸੀ । ਹੁਣ ਜਿਵੇਂ ਅਸੀਂ ਭਿੱਧਟੇ ਗਏ ਹਾਂ । ਲੱਗਦਾ ਹੈ ਜੇਲ੍ਹ ਯਾਤਰਾ ਕਰਨੀ ਪਏਗੀ ।"
ਡਰ ਨਾਲ ਕੰਬਦਾ ਨੀਰਜ ਮਨ ਦੀ ਭੜਾਸ ਕੱਢ ਰਿਹਾ ਸੀ ।
"ਉਏ ਕੁਝ ਨਹੀਂ ਹੁੰਦਾ। ਪੈਸੇ ਨਾਲ ਸਭ ਠੀਕ ਹੋ ਜਾਵੇਗਾ । ਇਹ ਲਾਲਿਆਂ ਦੀ ਪਾਰਟੀ ਹੈ। ਕਾਰੋਬਾਰ ਲਈ ਠੀਕ ਹਨ । ਲੜਾਈ ਝਗੜੇ ਵਾਲੇ ਕੰਮ ਤੋਂ ਡਰਦੇ ਹਨ । ਤੂੰ ਫਿਕਰ ਨਾ ਕਰ। ਸ਼ਾਮ ਤਕ ਆਪਾਂ ਕੋਈ ਨਾ ਕੋਈ ਰਾਹ ਲੱਭ ਲਵਾਂਗੇ ।"
ਘਬਰਾਹਟ ਕਾਰਨ ਪੁੱਠੇ ਰਾਹ ਪਏ ਨੀਰਜ ਨੂੰ ਬਾਹੋਂ ਫੜਕੇ ਠੀਕ ਰਾਹ ਪਾਉਂਦੇ ਵਿਨੇ ਨੇ ਉਸਨੂੰ ਸਮਝਾਉਣ ਦਾ ਯਤਨ ਕੀਤਾ ।


24
ਥਾਂ-ਥਾਂ ਧੱਕੇ ਖਾਣ ਬਾਅਦ ਨੀਰਜ ਹੋਰਾਂ ਨੂੰ ਸਿੰਗਲੇ ਦੀ ਨਸੀਅਤ ਯਾਦ ਆਈ ।
ਕਚਹਿਰੀਆਂ ਦੇ ਮਾਮਲੇ ਆਪਣੀ ਤਰ੍ਹਾਂ ਦੇ ਹਨ । ਇਨ੍ਹਾਂ ਨੂੰ ਸੁਲਝਾਉਣ ਦਾ ਭੇਤ ਵਕੀਲਾਂ ਨੂੰ ਹੀ ਪਤਾ ਸੀ । ਸ਼ਾਇਦ ਇਸੇ ਲਈ ਵਕੀਲਾਂ ਦੀ ਵੱਖਰੀ ਜਮਾਤ ਬਣਾਈ ਗਈ ਸੀ ।
ਵਕੀਲ ਦੀ ਰਾਏ 'ਤੇ ਅਮਲ ਕਰਦਿਆਂ ਉਨ੍ਹਾਂ ਗੱਡੀ ਮੇਲੂ ਡੇਅਰੀ ਵਾਲੇ ਦੀ ਡੇਅਰੀ ਵੱਲ ਮੋੜ ਲਈ ।
ਮੇਲੂ ਦੁੱਧ ਵਾਲਾ ਹੋਇਆ ਕੌਣ? ਮੇਲੂ ਕੋਲ ਜਾਣ ਤੋਂ ਪਹਿਲਾਂ ਉਸਦਾ ਪਿਛੋਕੜ ਜਾਨਣ ਲਈ ਉਨ੍ਹਾਂ ਨੇ ਕਈ ਫ਼ੋਨ ਘੁਮਾਏ ।
ਬਚਪਨ ਤੋਂ ਮੇਲੂ ਨੂੰ ਪਹਿਲਵਾਨੀ ਦਾ ਸ਼ੌਕ ਸੀ । ਉਸ ਸਮੇਂ ਪੁਲਿਸ ਦਾ ਜੋ ਮੁੱਖ ਸੀ, ਕਦੇ ਉਹ ਵੀ ਪਹਿਲਵਾਨੀ ਕਰਦਾ ਰਿਹਾ ਸੀ । ਪਹਿਲਵਾਨਾਂ ਦੀ ਹਾਲਤ ਸੁਧਾਰਨ ਲਈ ਉਸਨੇ ਪਹਿਲਵਾਨਾਂ ਨੂੰ ਪੁਲਿਸ ਵਿਚ ਭਰਤੀ ਕਰ ਲਿਆ । ਮਸ਼ਕ ਲਈ ਹਰ ਪੁਲਿਸ
ਲਾਇਨ ਵਿਚ ਅਖਾੜਾ ਬਣਾ ਦਿੱਤਾ । ਬਰਾਬਰ ਦੇ ਪਹਿਲਵਾਨਾਂ ਨਾਲ ਜ਼ੋਰ ਕਰਨ ਲਈ ਮੇਲੂ ਅਖਾੜੇ ਜਾਣ ਲੱਗਾ । ਕਿਸੇ ਪੁਲਸੀਏ ਪਹਿਲਵਾਨ ਦਾ ਰੈਂਕ ਇੰਸਪੈਕਟਰ ਸੀ ਅਤੇ ਕਿਸੇ ਦਾ ਡਿਪਟੀ । ਉਹ ਉਸਦੇ ਦੋਸਤ ਬਣਨ ਲੱਗੇ ।
ਸ਼ੁੱਧ ਦੁੱਧ ਪਹਿਲਵਾਨ ਦੀ ਪਹਿਲੀ ਲੋੜ ਹੈ । ਮਾਇਆ ਨਗਰ ਵਿਚ ਸ਼ੁੱਧ ਦੁੱਧ ਦਾ ਕਾਲ ਪਿਆ ਹੋਇਆ ਸੀ । ਪਹਿਲਵਾਨਾਂ ਦੇ ਜ਼ੋਰ ਪਾਉਣ 'ਤੇ ਮੇਲੂ ਨੇ ਆਪਣੇ ਤਬੇਲੇ ਵਿਚ ਮੱਝ ਰੱਖ ਲਈ ।
ਮੇਲੂ ਪਹਿਲਵਾਨ ਸੀ । ਸ਼ੁੱਧ ਦੁੱਧ ਦੀ ਕਦਰ ਜਾਣਦਾ ਸੀ । ਦੁੱਧ ਵਿਚ ਮਿਲਾਵਟ ਕਰਨੀ ਉਸ ਲਈ ਹਰਾਮ ਸੀ । ਇਸ ਸ਼ੁੱਧਤਾ ਨੇ ਇਕ ਪਾਸੇ ਉਸਦਾ ਕਾਰੋਬਾਰ ਟੀਸੀ 'ਤੇ ਪਹੁੰਚਾ ਦਿੱਤਾ, ਦੂਜੇ ਪਾਸੇ ਉਸਦਾ ਪੁਲਿਸ ਵਿਚਲੇ ਮਿੱਤਰਾਂ ਦਾ ਘੇਰਾ ਵਧਾ ਦਿੱਤਾ ।
ਪਹਿਲਾਂ ਅਫ਼ਸਰ ਉਸਦੇ ਦੁੱਧ 'ਤੇ ਵਿਸ਼ਵਾਸ ਕਰਦੇ ਸਨ । ਫੇਰ ਉਸਦੀ ਜ਼ੁਬਾਨ 'ਤੇ ਵਿਸ਼ਵਾਸ ਕਰਨ ਲਗੇ । ਜੋ ਆਖਦਾ ਸੀ, ਸੱਚ ਆਖਦਾ ਸੀ । ਕੋਈ ਲੁਕੋ ਨਹੀਂ, ਕੋਈ ਹੇਰਾਫੇਰੀ ਨਹੀਂ ।
ਇਸੇ ਲਈ ਸਭ ਤੋਂ ਪਹਿਲਾਂ ਮੇਲੂ ਦਾ ਕੰਮ ਹੁੰਦਾ ਸੀ ।
ਮੇਲੂ ਆਖਣ ਨੂੰ ਦੁੱਧ ਵਾਲਾ ਵੱਜਦਾ ਸੀ ਪਰ ਟੌਹਰ-ਟੱਪਾ ਮਿਲਕ ਪਲਾਂਟ ਦੇ ਮਾਲਕਾਂ ਵਰਗਾ ਸੀ ।
ਉਸਦੇ ਸਾਰੇ ਦਫ਼ਤਰ ਵਿਚ ਕਾਲਾ ਸ਼ੀਸ਼ਾ ਲੱਗਿਆ ਹੋਇਆ ਸੀ, ਜਿਹੜਾ ਅਲਮੀਨੀਅਮ ਦੇ ਫਰੇਮ ਵਿਚ ਜੜਿਆ ਹੋਇਆ ਸੀ । ਸਾਰਾ ਫਰਨੀਚਰ ਅਤਿ ਆਧੁਨਿਕ ਸੀ । ਦਫ਼ਤਰ ਵਿਚ ਦੋ ਫ਼ੋਨ, ਇਕ ਟੀ.ਵੀ. ਅਤੇ ਇਕ ਫਰਿਜ ਸੀ ।
ਚਿੱਟੇ ਕੁੜਤੇ ਪਜਾਮੇ ਵਿਚ ਬੈਠੇ ਮੇਲੂ ਦਾ ਚਿਹਰਾ ਦੱਗਦੱਗ ਕਰ ਰਿਹਾ ਸੀ । ਪੰਜ ਤੋਲੇ ਦਾ ਕੜਾ, ਸੋਨੇ ਦੀ ਚੇਨ ਵਾਲੀ ਘੜੀ, ਚਾਰਾਂ ਉਂਗਲਾਂ ਵਿਚ ਨਗਾਂ ਨਾਲ ਜੜੀਆਂ ਤੋਲੇ ਦੀਆਂ ਛਾਪਾਂ ਅਤੇ ਗਲ ਵਿਚ ਸੰਗਲ ਵਰਗੀ ਚੈਨ ਗੋਰੇ ਨਿਸ਼ੋਹ ਮੇਲੂ 'ਤੇ ਅੰਤਾਂ ਦੀ ਫੱਬਦੀ ਸੀ । ਇਕ ਛੋਟਾ ਜਿਹਾ ਮੋਬਾਈਲ ਫ਼ੋਨ ਉਸਨੇ ਹੱਥ ਵਿਚ ਫੜਿਆ ਹੋਇਆ ਸੀ ।
ਮੇਲੂ ਨੇ ਨੀਰਜ ਹੋਰਾਂ ਦਾ ਇਉਂ ਸਵਾਗਤ ਕੀਤਾ, ਜਿਵੇਂ ਉਨ੍ਹਾਂ ਦਾ ਯੁੱਗਾਂ ਤੋਂ ਵਾਕਿਫ਼ ਹੋਵੇ ।
ਸਿੰਗਲੇ ਵਕੀਲ ਦਾ ਨਾਂ ਲੈਂਦਿਆਂ ਹੀ ਉਹ ਨੀਰਜ ਹੋਰਾਂ ਦੇ ਆਉਣ ਦਾ ਮਕਸਦ ਸਮਝ ਗਿਆ । ਲੱਗਦਾ ਸੀ, ਸਿੰਗਲੇ ਦਾ ਫ਼ੋਨ ਆ ਚੁੱਕਾ ਸੀ ।
ਆਪਣੇ ਸੁਭਾਅ ਅਨੁਸਾਰ ਮੇਲੂ ਨੇ ਸਿੱਧੀ ਸਪਾਟ ਗੱਲ ਕਰਨੀ ਸ਼ੁਰੂ ਕੀਤੀ ।
ਆਪਣਾ ਦਸ ਹਜ਼ਾਰ ਫੜ ਕੇ ਉਸਨੇ ਵੱਡੇ ਸਾਰੇ ਖੀਸੇ ਵਿਚ ਪਾ ਲਿਆ ।
ਕਪਤਾਨ ਕੀ ਮੰਗਦਾ ਹੈ? ਇਸਦਾ ਪਤਾ ਗੱਲ ਕਰਨ 'ਤੇ ਲੱਗਣਾ ਸੀ ।
ਮੇਲੂ ਨੇ ਆਪਣੇ ਮੋਬਾਇਲ 'ਤੇ ਕਪਤਾਨ ਨਾਲ ਗੱਲ ਕੀਤੀ । ਫ਼ੋਨ ਕਰਨ ਦਾ ਕਾਰਨ ਦੱਸਿਆ ।
ਕਪਤਾਨ ਕਿਸੇ ਅਹਿਮ ਮੀਟਿੰਗ ਵਿਚ ਸ਼ਾਮਲ ਹੋਣ ਲਈ ਚੰਡੀਗੜ੍ਹ ਜਾ ਰਿਹਾ ਸੀ ।
"ਉਹ ਹੁਣੇ ਆ ਜਾ ਜਾਂ ਕੱਲ੍ਹ ਨੂੰ ਮਿਲੀਂ ।"
ਹੁਣੇ ਮਿਲਣ ਵਿਚ ਭਲਾਈ ਸੀ ।
ਨੀਰਜ ਦਾ ਕਪਤਾਨ ਦੀ ਕੋਠੀ ਜਾਣਾ ਉਚਿਤ ਨਹੀਂ ਸੀ । ਵਿਨੇ ਕੋਠੀ ਜਾ ਸਕਦਾ ਸੀ ।
"ਕੁਝ ਨਾਲ ਲੈ ਕੇ ਆਏ ਹੋ?" ਕੋਠੀ ਜਾਣ ਤੋਂ ਪਹਿਲਾਂ ਮੇਲੂ ਨੇ ਉਨ੍ਹਾਂ ਨੂੰ ਟੋਹਿਆ ।
"ਅੱਧੀ ਪੇਟੀ ਹੈ।"
"ਅੱਧੀ ਨਾਲ ਕੀ ਬਣੂ । ਘੱਧਟੋ-ਘੱਟ ਇਕ ਪੂਰੀ ਕਰੋ । ਚਲੋ ਕੋਈ ਨਹੀਂ, ਰਸਤੇ ਵਿਚ ਫੜ ਲੈਣਾ । ਤੁਹਾਨੂੰ ਕਿਹੜਾ ਰਕਮ ਦਾ ਕੋਈ ਘਾਟਾ ਹੈ ।"
ਮੇਲੂ ਨੇ ਮਾਮਲਾ ਗੁਪਤ ਰੱਖਣ ਦੀ ਨੀਅਤ ਨਾਲ ਨੀਰਜ ਹੋਰਾਂ ਦੀ ਗੱਡੀ ਆਪਣੇ ਗੈਰਜ ਵਿਚ ਲਗਵਾ ਦਿੱਤੀ ।
ਆਪਣੀ ਕਾਲੇ ਸ਼ੀਸ਼ਿਆਂ ਵਾਲੀ 'ਅਸਟੀਮ' ਗੱਡੀ ਕੱਢੀ ਅਤੇ ਦੋਹਾਂ ਨੂੰ ਵਿਚ ਬੈਠਾ ਕੇ ਕਪਤਾਨ ਵੱਲ ਤੁਰ ਪਿਆ ।
ਨੀਰਜ ਨੂੰ ਮਦਾਨ ਦੀ ਕੋਠੀ ਉਤਾਰਿਆ । ਪੰਜਾਹ ਹਜ਼ਾਰ ਮਦਾਨ ਕੋਲੋਂ ਫੜਿਆ ।
ਨਿਸ਼ਚਿਤ ਸਮੇਂ ਤੋਂ ਪੰਜ ਮਿੰਟ ਪਹਿਲਾਂ ਉਹ ਕਪਤਾਨ ਦੀ ਕੋਠੀ ਪਹੁੰਚ ਗਏ ।
ਕਪਤਾਨ ਨੇ ਸਾਰੀ ਗੱਲ ਦੋ ਮਿੰਟਾਂ ਵਿਚ ਮੁਕਾ ਦਿੱਤੀ । ਇਹ ਵਾਰਦਾਤ ਨੀਰਜ ਅਤੇ ਪੰਕਜ ਦੀ ਸ਼ਹਿ 'ਤੇ ਹੋਈ ਸੀ । ਠੇਕੇਦਾਰ ਅਤੇ ਉਸਦੇ ਭਤੀਜੇ ਨੇ ਸਾਰੀ ਕਹਾਣੀ ਟੇਪ ਕਰਵਾ ਦਿੱਤੀ ਸੀ । ਸਬੂਤ ਵਜੋਂ ਟੇਪ ਦੇ ਕੁਝ ਹਿੱਧਸੇ ਕਪਤਾਨ ਨੇ ਉਨ੍ਹਾਂ ਨੂੰ ਸੁਣਾਏ ।
ਬਹੁਤ ਸਾਰੇ ਠੋਸ ਸਬੂਤ ਪੁਲਿਸ ਦੇ ਹੱਥ ਲੱਗ ਚੁੱਕੇ ਸਨ । ਕੁਝ ਸਬੂਤਾਂ ਦਾ ਵੇਰਵਾ ਉਸਨੇ ਵਿਨੇ ਨੂੰ ਦਿੱਤਾ । ਉਹ ਚਾਹੇ ਤਾਂ ਇਸ ਦੀ ਤਸਦੀਕ ਨੀਰਜ ਕੋਲੋਂ ਕਰ ਲਏ ।
ਵਿਨੇ ਨੇ ਨੀਰਜ ਨਾਲ ਫ਼ੋਨ 'ਤੇ ਗੱਲ ਕੀਤੀ । ਹੁਣ ਕੀ ਕੀਤਾ ਜਾਏ?
ਨੀਰਜ ਉੱਚੀ-ਉੱਚੀ ਰੋਣ ਲੱਗਾ । ਕਪਤਾਨ ਜੋ ਆਖ ਰਿਹਾ ਸੀ, ਸੱਚ ਸੀ । ਕਿਸੇ ਨਾ ਕਿਸੇ ਤਰ੍ਹਾਂ ਖਹਿੜਾ ਛੁਡਾਇਆ ਜਾਵੇ ।
ਪੰਜ ਲੱਖ ਵਿਚ ਸੌਦਾ ਤੈਅ ਹੋ ਗਿਆ । ਕੱਲ੍ਹ ਸ਼ਾਮ ਤਕ ਸਾਰੀ ਰਕਮ ਮੇਲੂ ਕੋਲ ਪੁੱਜ ਜਾਣੀ ਚਾਹੀਦੀ ਸੀ ।
ਇਵਜ ਵਿਚ ਕਪਤਾਨ ਅੱਗੇ ਤੋਂ ਉਨ੍ਹਾਂ ਦੀ ਡਟ ਕੇ ਮਦਦ ਕਰੇਗਾ । ਬਹੁਤ ਸਾਰੇ ਸਬੂਤ ਮਿਟਾ ਦਿੱਤੇ ਜਾਣਗੇ । ਗਵਾਹ ਨੀਰਜ ਦੀ ਮਰਜ਼ੀ ਦੇ ਰੱਧਖੇ ਜਾਣਗੇ । ਗਵਾਹੀ ਸਮੇਂ ਉਹ ਮੁੱਕਰ ਜਾਣਗੇ । ਥਾਣੇ ਦਾ ਰਿਕਾਰਡ ਇਸ ਤਰ੍ਹਾਂ ਲਿਖਿਆ ਜਾਏਗਾ ਜਿਹੜਾ ਉਨ੍ਹਾਂ
ਦੇ ਹੱਕ ਵਿਚ ਭੁਗਤੇ । ਹਰ ਦਸਤਾਵੇਜ਼ ਦੀ ਫੋਟੋ-ਕਾਪੀ ਉਨ੍ਹਾਂ ਨੂੰ ਮਿਲਦੀ ਰਹੇਗੀ ।
ਕਪਤਾਨ ਨੇ ਇੱਕ ਸ਼ਰਤ ਵੀ ਰੱਖੀ ।
ਮਾਮਲਾ ਹਰ ਵੱਡੇ ਅਫ਼ਸਰ ਤੋਂ ਲੈ ਕੇ ਮੁੱਖ-ਮੰਤਰੀ ਤਕ ਦੇ ਧਿਆਨ ਵਿਚ ਸੀ ।
ਉਨ੍ਹਾਂ ਤਕ ਸੰਪਰਕ ਪਾਰਟੀ ਨੇ ਆਪ ਕਰਨਾ ਸੀ ।
ਉਪਰੋਂ ਦਬਾਅ ਪੈਣ 'ਤੇ ਲੋਕਾਂ ਦੀਆਂ ਅੱਖਾਂ ਪੂੰਝਣ ਲਈ ਪੁਲਿਸ ਨੂੰ ਥੋੜ੍ਹੀ ਬਹੁਤ ਹਿੱਲਜੁੱਲ ਕਰਨੀ ਪੈ ਸਕਦੀ ਸੀ ।
ਇਕ ਸੁਝਾਅ ਵੀ ਦਿੱਤਾ ।
ਪ੍ਰੈੱਸ ਨੂੰ ਕਾਬੂ ਕਰਨ ਦੀ ਜ਼ਰੂਰਤ ਸੀ । ਅੱਗੋਂ ਤੋਂ ਕਪਤਾਨ ਪ੍ਰੈੱਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੇਗਾ । ਤੱਥ ਤੋੜ-ਮਰੋੜ ਕੇ ਪੇਸ਼ ਕਰੇਗਾ । ਆਏ ਦਿਨ ਬਿਆਨ ਬਦਲੇਗਾ ।
ਦੋਸ਼ੀ ਅਖ਼ਬਾਰਾਂ ਵਿਚ ਛਪਦੀਆਂ ਖ਼ਬਰਾਂ ਦੀ ਕਟਿੰਗ ਸੰਭਾਲ ਕੇ ਰੱਖਣ। ਮੁਕੱਦਮੇ ਦੀ ਸਮਾਇਤ ਸਮੇਂ ਉਨ੍ਹਾਂ ਦੇ ਇਹ ਕੰਮ ਆਉਣਗੀਆਂ ।
ਵੈਸੇ ਕਪਤਾਨ ਦਾ ਆਪਣੇ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਸੀ । ਗੱਲ ਵੱਧਸੋਂ ਬਾਹਰ ਹੁੰਦੀ ਨਜ਼ਰ ਆਈ ਤਾਂ ਕਪਤਾਨ ਨੇ ਅਫ਼ਸਰਾਂ ਨੂੰ ਆਪੇ ਠੱਲ੍ਹ ਲੈਣਾ ਸੀ ।
"ਬਾਕੀ ਫੇਰ ਦੇਖੀ ਜਾਏਗੀ । ਹੁਣ ਜਾਓ ਅਤੇ ਪੇਸ਼ਗੀ ਜ਼ਮਾਨਤ ਦੀ ਕੋਸ਼ਿਸ਼ ਕਰੋ ।"
"ਪੇਸ਼ਗੀ ਜ਼ਮਾਨਤ ਹੋਣ ਤਕ ਪੁਲਿਸ ਹੋਰ ਸਭ ਕੁਝ ਕਰੇਗੀ, ਪਰ ਤੁਹਾਨੂੰ ਗ੍ਰਿਫ਼ਤਾਰ ਨਹੀਂ ਕਰੇਗੀ ।"

 

....ਚਲਦਾ....