ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 3 (ਨਾਵਲ )

ਜਗਦੀਸ਼ ਚੰਦਰ   

Address:
India
ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


6

ਸੂਰਜ ਪੂਰਬ ਵਿੱਚ ਛਾਏ ਹੋਏ ਬੱਦਲਾਂ ਵਿੱਚੋਂ ਰਜ਼ਾਈ 'ਚ ਲੁਕੇ ਬੱਚਿਆਂ ਵਾਂਗ ਝਾਕ ਰਿਹਾ ਸੀ। ਸਵੇਰ ਦੀ ਹਵਾ ਸੁਰਖ ਖੇਤਾਂ ਵਿੱਚ ਹਲਕੀ ਜਿਹੀ ਧੂੜ ਉਡਾਉਂਦੀ ਹੋਈ ਵੱਗ ਰਹੀ ਸੀ। ਚਮ੍ਹਾਰਲੀ ਦੀਆਂ ਔਰਤਾਂ ਅਤੇ ਮੁਟਿਆਰਾਂ ਸਿਰਾਂ 'ਤੇ ਟੋਕਰੇ ਚੁੱਕੀ ਚੌਧਰੀਆਂ ਦੇ ਘਰਾਂ ਅਤੇ ਹਵੇਲੀਆਂ ਤੋਂ ਕੂੜਾ ਅਤੇ ਗੋਹਾ ਚੁੱਕਣ ਲਈ ਘਰਾਂ ਤੋਂ ਨਿਕਲ ਪਈਆਂ ਸਨ। ਚਮ੍ਹਾਰਲੀ ਦੇ ਮਰਦ ਗਜ-ਗਜ ਦੇ ਸਾਫੇ ਬੰਨੀ ਅਤੇ ਲੱਕ ਤੱਕ ਨੀਵੀਆਂ ਕੁੜਤੀਆਂ ਪਾਈ ਹੱਥਾਂ ਵਿੱਚ ਦਾਤੀਆਂ ਜਾਂ ਰੰਬੇ ਲਈ ਖੇਤਾਂ ਵੱਲ ਜਾ ਰਹੇ ਸਨ। 
ਕਾਲੀ ਗਲੀ ਵਿੱਚ ਖੜਾ ਆਪਣੇ ਕੋਠੇ ਨੂੰ ਧਿਆਨ ਨਾਲ ਦੇਖਦਾ ਹੋਇਆ ਨਵੇਂ ਪੱਕੇ ਮਕਾਨ ਦੇ ਨਕਸੰੇ ਬਾਰੇ ਸੋਚ ਰਿਹਾ ਸੀ। ਉਹਨੇ ਚਾਚੀ ਨੂੰ ਨਵਾਂ ਮਕਾਨ ਬਣਾਉਣ ਬਾਰੇ ਰਾਜ਼ੀ ਕਰ ਲਿਆ ਸੀ। ਉਹ ਬਹੁਤ ਖੁਸੰ ਸੀ ਕਿ ਕਾਲੀ ਉਹ ਕੰਮ ਕਰਨ ਜਾ ਰਿਹਾ ਹੈ ਜਿਹੜਾ ਸੱਤਾਂ ਪੀੜੀਆਂ ਤੋਂ ਨਹੀਂ ਹੋ ਸਕਿਆ ਸੀ। ਉਹ ਚਮ੍ਹਾਰਲੀ ਵਿੱਚ ਪਹਿਲਾ ਪੱਕਾ ਮਕਾਨ ਬਣਾ ਰਿਹਾ ਸੀ। ਉਹ ਸਾਰੇ ਇਲਾਕੇ ਵਿੱਚ ਬਾਪ ਦਾਦੇ ਦਾ ਨਾਂ ਉੱਚਾ ਕਰੇਗਾ। ਕੋਈ ਰਾਹੀ ਚੁਬਾਰੇ ਨੂੰ ਦੂਰ ਤੋਂ ਹੀ ਦੇਖ ਕੇ ਪੁੱਛੇਗਾ ਤਾਂ ਲੋਕ ਕਹਿਣਗੇ ਕਿ ਉਹ ਚੁਬਾਰਾ ਮਾਖੇ ਦੇ ਪੁੱਤ ਕਾਲੀ ਦਾ ਆ। 
ਚਾਚੀ ਇਹ ਸੋਚ ਕੇ ਕੁਝ ਉਦਾਸ ਜਿਹੀ ਹੋ ਗਈ। ਉਹ ਮਨ ਹੀ ਮਨ ਵਿੱਚ ਸੋਚਣ ਲੱਗੀ ਕਿ ਕਾਸੰ ਉਹਦਾ ਵੀ ਇਕ ਪੁੱਤ ਜੀਉਂਦਾ ਰਹਿੰਦਾ ਅਤੇ ਉਹ ਵੀ ਚੁਬਾਰਾ ਪਾਉਂਦਾ। ਲੋਕ ਪੁੱਛਦੇ ਤਾਂ ਉਹਨਾਂ ਨੂੰ ਜੁਆਬ ਮਿਲਦਾ ਕਿ ਉਹ ਚੁਬਾਰਾ ਸਿੱਦੂ ਦੇ ਪੁੱਤ ਦਾ ਹੈ। ਚਾਚੀ ਦੀਆਂ ਅੱਖਾਂ ਭਰ ਆਈਆਂ ਅਤੇ ਉਹ ਆਪਣੇ ਪਤੀ ਅਤੇ ਪੰਜ ਪੁੱਤਰਾਂ ਨੂੰ ਯਾਦ ਕਰਕੇ ਖੂਬ ਰੋਈ। ਜਦੋਂ ਉਸਦਾ ਮਨ ਕੁਝ ਹਲਕਾ ਹੋ ਗਿਆ ਤਾਂ ਉਹਨੇ ਆਪਣੇ ਆਪ ਨੂੰ ਇਹ ਸੋਚ ਕੇ ਤਸੱਲੀ ਦਿੱਤੀ ਕਿ ਪੁੱਤ 'ਤੇ ਭਤੀਜੇ ਵਿੱਚ ਕੋਈ ਫਰਕ ਨਹੀਂ ਹੁੰਦਾ। ਅਤੇ ਕਾਲੀ ਤਾਂ ਉਹਦਾ ਹੀ ਪੁੱਤ ਹੈ। ਜੇ ਉਹਨੇ ਉਹਨੂੰ ਜਨਮ ਨਹੀਂ ਦਿੱਤਾ ਤਾਂ ਕੀ ਹੋਇਆ, ਪਾਲਿਆ ਪੋਸਿਆ ਤਾਂ ਹੈ। ਪਿੰਡ ਦੇ ਲੋਕ ਅਜੇ ਵੀ ਇਹ ਹੀ ਕਹਿਣਗੇ ਕਿ ਇਹ ਪ੍ਰਤਾਪੀ ਦੇ ਭਤੀਜੇ ਕਾਲੀ ਦਾ ਚੁਬਾਰਾ ਹੈ।
ਕਾਲੀ ਅੰਦਰ ਆ ਕੇ ਚਾਚੀ ਨੂੰ ਭਾਂਡੇ ਅਤੇ ਹੋਰ ਸਾਮਾਨ ਸਮੇਟਣ ਨੂੰ ਕਹਿ ਕੇ ਆਪ ਛੱਤ 'ਤੇ ਜਾ ਚੜ੍ਹਿਆ। ਉਹਨੇ ਛੱਤ ਅਤੇ ਬਨੇਰਿਆਂ ਨੂੰ ਚੰਗੀ ਤਰ੍ਹਾਂ ਦੇਖਿਆ ਅਤੇ ਹੇਠਾਂ ਉਤਰਕੇ ਸਾਮਾਨ ਕੋਠੜੀ ਵਿੱਚ ਰੱਖਣ ਲੱਗਾ। ਜਦੋਂ ਸਾਰਾ ਸਾਮਾਨ ਬਾਹਰ ਕੱਢ ਲਿਆ ਗਿਆ ਤਾਂ ਚਾਚੀ ਨੇ ਇਕ ਥੰਮੀ ਦੇ ਪਿੱਛਿਉਂ ਇਕ ਪੋਟਲੀ ਕੱਢੀ ਅਤੇ ਉਹਨੂੰ ਆਪਣੇ ਨੇਫੇ ਵਿੱਚ ਲੁਕਾ ਲਿਆ ਅਤੇ ਗਲੀ ਵਿੱਚ ਮੰਜਾ ਡਾਹ ਕੇ ਸੂਤ ਅਟੇਰਨ ਲੱਗੀ।
ਕਾਲੀ ਕਹੀ ਲੈ ਕੇ ਛੱਤ 'ਤੇ ਜਾ ਕੇ  ਛੱਤ ਢਾਹੁਣ ਲੱਗਾ। ਛੱਤ ਉਹਦੇ ਭਾਰ ਅਤੇ ਕਹੀ ਦੇ ਟੱਪਾਂ ਨਾਲ ਕੰਬ ਰਹੀ ਸੀ। ਚਾਚੀ ਥੋੜ੍ਹੇ ਥੋੜ੍ਹੇ ਸਮੇਂ ਪਿੱਛੋਂ ਕਾਲੀ ਨੂੰ ਆਵਾਜ਼ ਮਾਰ ਕੇ ਕਹਿੰਦੀ ਕਿ ਕਹੀ ਸੰਭਾਲ ਕੇ ਚਲਾਈਂ। ਛੱਤ ਬੋਦੀ ਹੈ। ਉਹ ਇਕਦਮ ਹੇਠਾਂ ਨਾ ਆ ਡਿਗੇ।
ਗਲੀ ਦੇ ਸਾਰੇ ਨਿਆਣੇ ਚਾਚੀ ਦੇ ਦੁਆਲੇ ਜਮਾਂ ਹੋ ਗਏ।  ਜਿਹੜੇ ਬੱਚਿਆਂ ਦੀ ਪ੍ਰੀਤੋ ਦੇ ਬੱਚਿਆਂ ਨਾਲ ਦੋਸਤੀ ਸੀ, ਉਹ ਉਹਨਾਂ ਦੇ ਕੋਠੇ ਦੀ ਛੱਤ 'ਤੇ ਬੈਠ ਕੇ ਕਾਲੀ ਨੂੰ ਬਹੁਤ ਨੇੜਿਓਂ ਦੇਖ ਰਹੇ ਸਨ। ਚਾਚੀ ਗਲੀ ਵਿੱਚ ਆਪਣੇ ਦੁਆਲੇ ਮੰਡਰਾ ਰਹੇ ਬੱਚਿਆਂ ਨੂੰ ਝਿੜਕਦੀ ਹੋਈ ਪਰ੍ਹੇ ਰਹਿਣ ਦੀ ਤਾਕੀਦ ਕਰ ਰਹੀ ਸੀ। ਕਾਲੀ ਨੂੰ ਛੱਤ ਢਾਹੁੰਦੇ ਦੇਖ ਗਲੀ ਦੀਆਂ ਕੁਝ ਔਰਤਾਂ ਕੁੱਛੜ ਦੇ ਬੱਚਿਆਂ ਨੂੰ ਲੱਕ ਦੁਆਲੇ ਚੁੱਕੀ ਚਾਚੀ ਦੇ ਨੇੜੇ ਆ ਗਈਆਂ। ਜਿਹੜੀ ਵੀ ਔਰਤ ਕੰਮ-ਧੰਦੇ ਤੋਂ ਵਾਪਸ ਆਉਂਦੀ ਉਹ ਚਾਚੀ ਦੇ ਕੋਲ ਰੁਕ ਕੇ ਛੱਤ ਢਾਹੁਣ ਦਾ ਕਾਰਨ ਪੁੱਛਦੀ। ਚਾਚੀ ਉਹਨੂੰ ਬਹੁਤ ਮਾਣ ਨਾਲ ਦਸਦੀ ਕਿ ਕਾਲੀ ਪੁਰਾਣੇ ਕੋਠਿਆਂ ਦੀ ਥਾਂ ਨਵਾਂ ਮਕਾਨ ਬਣਾਉਣ ਲੱਗਾ। ਗਿਆਨੋ ਪਾਥੀਆਂ ਪੱਥਣ ਲਈ ਆਪਣੀ ਛੱਤ 'ਤੇ ਆਈ ਤਾਂ ਕਾਲੀ ਨੂੰ ਕਹੀ ਚਲਾਉਂਦਾ ਦੇਖ ਕੇ ਸੋਚੀਂ ਪੈ ਗਈ ਕਿ ਉਹ ਆਪਣੇ ਕੋਠੇ ਦੀ ਛੱਤ ਕਿਉਂ ਢਾਹ ਰਿਹਾ। ਉਹ ਟੋਕਰਾ ਸੁੱਟ ਕੇ ਗੋਹੇ ਭਰੇ ਹੱਥਾਂ ਨੂੰ ਮਲਦੀ ਹੋਈ ਚਾਚੀ ਦੇ ਕੋਲ ਔਰਤਾਂ ਦੀ ਭੀੜ ਵਿੱਚ ਆ ਰਲੀ। ਚਾਚੀ ਚਹਿਕ ਚਹਿਕ ਕੇ ਕਹਿ ਰਹੀ ਸੀ:
"ਕਾਲੀ ਕਹਿੰਦਾ ਕਿ ਪੱਕਾ ਮਕਾਨ ਬਣਾਊਂਗਾ। ਉੱਤੇ ਚੁਬਾਰਾ ਪਾਊਗਾ। ਏਨਾ ਉੱਚਾ ਕਿ ਦੋ ਕੋਹਾਂ ਤੋਂ ਨਜ਼ਰ ਆਏ।"
ਗਿਆਨੋ ਬੱਚਿਆਂ ਨੂੰ ਧੱਕਦੀ ਹੋਈ ਚਾਚੀ ਦੇ ਬਿਲਕੁਲ ਕੋਲ ਚਲੀ ਗਈ ਅਤੇ ਗੋਹੇ ਨਾਲ ਲਿਬੜੇ ਹੋਏ ਹੱਥਾਂ ਨਾਲ ਵਾਲ ਠੀਕ ਕਰਦੀ ਬੋਲੀ:
"ਚਾਚੀ, ਚੁਬਾਰੇ ਦੇ ਬਾਹਰ ਚਾਰੇ ਪਾਸੇ ਲਾਲ ਰੰਗ ਕਰਵਾਇਓ। ਫਿਰ ਉਹ ਦੂਰ ਤੋਂ ਬਿਲਕੁਲ ਚੌਧਰੀ ਹਰਨਾਮ ਸਿੰਘ ਦੇ ਚੁਬਾਰੇ ਵਾਂਗ ਦਿਸੂਗਾ।"
ਗਿਆਨੋ ਦਾ ਸੁਝਾਅ ਸੁਣ ਕੇ ਕਈ ਔਰਤਾਂ ਹੱਸ ਪਈਆਂ। ਪ੍ਰੀਤੋ ਘਿਰਣਾ ਭਰੀ ਆਵਾਜ਼ ਵਿੱਚ ਬੋਲੀ:
"ਰੰਡੀ, ਸਲਾਹ ਤਾਂ ਏਦਾਂ ਦਿੰਦੀ ਆ ਜਿਵੇਂ ਕਾਲੀ ਦੇ ਚੁਬਾਰੇ 'ਚ ਇਹਦਾ ਪਲੰਘ ਵਿਛੂਗਾ।"
ਗਿਆਨੋ ਦੀ ਮਾਂ ਜੱਸੋ ਨੇ ਆਪਣੀ ਕੁੜੀ ਦੀ ਆਵਾਜ਼ ਸੁਣੀ ਤਾਂ ਚੀਖਦੀ ਹੋਈ ਬੋਲੀ:
"ਠਹਿਰ ਜਾ ਸਿਰਮੁੰਨੀਏ, ਤੇਰੀਆਂ ਲੱਤਾਂ ਤੋੜਦੀ ਆਂ। ਤੈਨੂੰ ਮੈਂ ਪਾਥੀਆਂ ਪੱਥਣ ਨੂੰ ਕਿਹਾ ਸੀ। ਤੂੰ ਮੇਰੇ ਤੋਂ ਵੀ ਪਹਿਲਾਂ ਇਥੇ ਪਹੁੰਚ ਗਈ।"
ਗਿਆਨੋ ਗੋਹੇ ਭਰੇ ਹੱਥ ਝਟਕਦੀ ਹੋਈ ਆਪਣੇ ਘਰ ਵੱਲ ਦੌੜ ਗਈ ਅਤੇ ਛੱਤ 'ਤੇ ਜਾ ਕੇ ਕਾਲੀ ਨੂੰ ਕਹੀ ਚਲਾਉਂਦੇ ਦੇਖਣ ਲੱਗੀ। ਉਹ ਦੋ ਪਾਥੀਆਂ ਥੱਪ ਲੈਂਦੀ ਅਤੇ ਫਿਰ ਕਾਲੀ ਵੱਲ ਦੇਖਣ ਲੱਗਦੀ। ਉਹਦੇ ਪੁਰਾਣੀ ਟਾਹਲੀ ਦੇ ਰੰਗ ਦੇ ਮਜ਼ਬੂਤ, ਗੁੰਦਵੇਂ ਅਤੇ ਭਰੇ ਹੋਏ ਸਰੀਰ ਤੋਂ ਗਿਆਨੋਂ ਦੀਆਂ ਨਜ਼ਰਾਂ ਹਟਣ ਦਾ ਨਾ ਹੀ ਨਹੀਂ ਲੈਂਦੀਆਂ ਸਨ। ਫਿਰ ਉਹ ਇਕ ਤਰ੍ਹਾਂ ਨਾਲ ਕਾਲੀ ਨਾਲ ਮੁਕਾਬਲਾ ਕਰਨ ਲੱਗੀ। ਉਧਰ ਕਹੀ ਦੀ ਸੱਟ ਪੈਂਦੀ, ਏਧਰ ਉਹ ਪਾਥੀ ਪੱਥ ਕੇ ਸੁੱਟ ਦਿੰਦੀ। ਜਦੋਂ ਕਾਲੀ ਕਹੀ ਛੱਡ ਕੇ ਸੁਸਤਾਉਣ ਲੱਗਦਾ ਤਾਂ ਗਿਆਨੋ ਵੀ ਪਾਥੀਆਂ ਪੱਥਣੀਆਂ ਬੰਦ ਕਰ ਦਿੰਦੀ। ਤੇਜ਼ੀ ਨਾਲ ਉੱਤੇ ਆਉਂਦੇ ਸੂਰਜ ਨੂੰ ਦੇਖ ਕੇ ਜਦੋਂ ਕਾਲੀ ਤੇਜ਼-ਤੇਜ਼ ਕਹੀ ਚਲਾਉਣ ਲੱਗਾ ਤਾਂ ਗਿਆਨੋ ਦੀ ਪਾਥੀਆਂ ਪੱਥਣ ਦੀ ਰਫਤਾਰ ਵੀ ਉਸੇ ਹਿਸਾਬ ਨਾਲ ਵੱਧ ਗਈ। ਗਿਆਨੋ ਨੇ ਪਾਥੀਆਂ ਪੱਥ ਕੇ ਟੋਕਰਾ ਹੇਠਾਂ ਸੁੱਟ ਦਿੱਤਾ ਅਤੇ ਕਾਲੀ ਵੱਲ ਦੇਖ ਕੇ ਭਰਪੂਰ ਅੰਗੜਾਈ ਲਈ। ਟੋਕਰਾ ਡਿਗਣ ਦੀ ਆਵਾਜ਼ ਸੁਣ ਕੇ ਕਾਲੀ ਉਹਦੇ ਵੱਲ ਦੇਖਣ ਲੱਗਾ ਅਤੇ ਉਹਦੀ ਉੱਤੇ ਚੁੱਕੀ ਕਹੀ ਕੁਝ ਪਲਾਂ ਲਈ ਉਸ ਦੇ ਸਿਰ ਉੱਤੇ ਹੀ ਰੁੱਕ ਗਈ। ਗਿਆਨੋ ਨੇ ਹੇਠਾਂ ਆ ਕੇ ਹੱਥ-ਮੂੰਹ ਧੋਤਾ ਅਤੇ ਆਪਣੀ ਮਾਂ ਦੀਆਂ ਆਵਾਜ਼ਾਂ ਨੂੰ ਅਣਸੁਣਿਆ ਕਰਦੀ ਗਲੀ ਵਿੱਚ ਆ ਗਈ।
ਕਾਲੀ ਦੇ ਘਰ ਵੱਲ ਜਾਂਦਿਆਂ ਉਹਨੂੰ ਅਣਜਾਣਿਆਂ ਜਿਹਾ ਡਰ ਲੱਗਣ ਲੱਗਾ। ਕੰਨਾਂ ਵਿੱਚ ਆਪਣੇ ਭਰਾ ਮੰਗੂ ਦੀਆਂ ਝਿੜਕਾਂ ਅਤੇ ਗਾਲ੍ਹਾਂ ਗੂੰਜਣ ਲੱਗੀਆਂ। ਪਰ ਉਹਨੇ ਡਰ ਨੂੰ ਸਿਰ ਹਿਲਾ ਕੇ ਝਟਕ ਦਿੱਤਾ ਅਤੇ ਆਪਣੀ ਕਮੀਜ਼ ਦੀਆਂ ਉੱਪਰ ਚੜ੍ਹਾਈਆਂ ਬਾਹਾਂ ਨੂੰ ਖੋਲ੍ਹਦੀ ਹੋਈ ਚਾਚੀ ਦੇ ਕੋਲ ਆ ਖੜੀ ਹੋਈ।
ਉਸ ਵੇਲੇ ਚਾਚੀ ਦੇ ਕੋਲ ਦੋ ਤਿੰਨ ਬੱਚੇ ਖੇਡ ਰਹੇ ਸਨ ਅਤੇ ਉਹ ਆਰਾਮ ਨਾਲ ਅਟੇਰਨ ਚਲਾ ਰਹੀ ਸੀ। ਗਿਆਨੋ ਨੂੰ ਦੇਖ ਕੇ ਚਾਚੀ ਬੋਲੀ, "ਕੌਣ, ਗਿਆਨੋ ਆਂ?।।। ਏਧਰ ਆ ਮੇਰੇ ਕੋਲ ਬੈਠ।" ਚਾਚੀ ਨੇ ਜ਼ੋਰ ਪਾਉਂਦਿਆਂ ਕਿਹਾ।
"ਚਾਚੀ, ਮੈਂ ਇਥੇ ਹੀ ਠੀਕ ਆਂ," ਗਿਆਨੋ ਸਾਹਮਣੇ ਦੀ ਕੰਧ ਸਹਾਰੇ ਖੜੀ ਕਾਲੀ ਵੱਲ ਦੇਖਦੀ ਹੋਈ ਬੋਲੀ। ਚਾਚੀ ਨੇ ਅਟੇਰਨ ਛੱਡ ਕੇ ਕਿਹਾ:
"ਕਾਲੀ ਪੱਕੀਆਂ ਇੱਟਾਂ ਦਾ ਮਕਾਨ ਬਣਾਉਣ ਲੱਗਾ। ਰੱਬ ਇਹਦੀ ਲੰਮੀ ਉਮਰ ਕਰੇ।"
ਗਿਆਨੋ ਚਾਚੀ ਦੀਆਂ ਗੱਲਾਂ ਤੋਂ ਬੇਪਰਵਾਹ, ਕਾਲੀ ਨੂੰ ਕਹੀ ਚਲਾਉਂਦੇ ਨੂੰ ਦੇਖਦੀ ਰਹੀ। ਥੋੜੀ ਦੇਰ ਬਾਅਦ ਉਹਨੇ ਕਹੀ ਸੁੱਟ ਦਿੱਤੀ ਅਤੇ ਬਨੇਰੇ 'ਤੇ ਝੁਕਦਾ ਹੋਇਆ ਬੋਲਿਆ:
"ਚਾਚੀ, ਥਿਆ ਲੱਗੀ ਆ, ਪਾਣੀ ਦੇਈਂ।"
ਚਾਚੀ ਅਟੇਰਨ ਰੱਖ ਕੇ ਉੱਠਣ ਲੱਗੀ ਤਾਂ ਗਿਆਨੋ ਝੱਟ ਦੇਣੀ ਬੋਲ ਪਈ:
"ਚਾਚੀ, ਠਹਿਰ ਜਾ। ਮੈਂ ਲੱਸੀ ਲਿਆਉਂਦੀ ਆਂ।"
"ਰਹਿਣ ਦੇ ਲੱਸੀ। ਤੇਰੇ ਘਰ 'ਚ ਫਿਰ ਕਲੇਸੰ ਪਊਗਾ।"
ਗਿਆਨੋ ਚਾਚੀ ਦੇ ਰੋਕਦੇ ਰੋਕਦੇ ਆਪਣੇ ਘਰ ਵੱਲ ਦੌੜ ਗਈ। ਕਾਲੀ ਨੇ ਫਿਰ ਪਾਣੀ ਮੰਗਿਆ ਤਾਂ ਚਾਚੀ ਬੋਲੀ:
"ਕਾਕਾ, ਗਿਆਨੋ ਆਪਣੇ ਘਰੋਂ ਤੇਰੇ ਲਈ ਲੱਸੀ ਲੈਣ ਗਈ ਆ। ਬਸ ਆਉਂਦੀ ਈ ਹੋਣੀ ਆਂ।"
ਕਾਲੀ ਗਿਆਨੋ ਦੀ ਉਡੀਕ ਵਿੱਚ ਆਪਣੀਆਂ ਅੱਖਾਂ 'ਤੇ ਹੱਥ ਦੀ ਛੱਤਰੀ ਬਣਾ ਕੇ ਗਲੀ ਵਿੱਚ ਦੇਖਣ ਲੱਗਾ। 
ਥੋੜੀ ਦੇਰ ਵਿੱਚ ਗਿਆਨੋ ਗਾਹੜੀ ਲੱਸੀ ਵਿੱਚ ਲੂਣ ਪਾ ਕੇ ਗੜਬੀ ਭਰ ਲਿਆਈ ਅਤੇ ਚਾਚੀ ਨੂੰ ਫੜਾਉਂਦੀ ਬੋਲੀ:
"ਲੈ ਚਾਚੀ, ਲੱਸੀ। ਲੂਣ ਮੈਂ ਪਾ ਦਿੱਤਾ।"
"ਹੁਣ ਤੂੰ ਹੀ ਪਿਲਾ ਦੇ। ਮੈਂ ਤਾਂ ਉੱਠਦੀ ਉੱਠਦੀ ਟੈਮ ਲਾ ਦਊਂ।" ਚਾਚੀ ਨੇ ਅਟੇਰਨ ਚੁੱਕਦਿਆਂ ਕਿਹਾ।
ਗਿਆਨੋ ਇਕ ਹੱਥ ਵਿੱਚ ਲੱਸੀ ਦੀ ਗੜਬੀ ਅਤੇ ਦੂਜੇ ਹੱਥ ਵਿੱਚ ਪਿੱਤਲ ਦਾ ਗਲਾਸ ਫੜੀ ਪੌੜੀ ਦੇ ਅਖੀਰਲੇ ਡੰਡੇ 'ਤੇ ਜਾ ਖੜੀ ਹੋਈ ਅਤੇ ਝਿਜਕਦਿਆਂ ਲੱਸੀ ਨਾਲ ਭਰਿਆ ਗਲਾਸ ਕਾਲੀ ਦੇ ਹੱਥ ਵਿੱਚ ਫੜਾ ਦਿੱਤਾ। ਕਾਲੀ ਗਟਾਗੱਟ ਲੱਸੀ ਪੀਣ ਲੱਗਾ। ਗਿਆਨੋ ਉਹਦੇ ਤਖਤੇ ਵਾਂਗ ਚੌੜੇ ਚਕਲੇ ਸੀਨੇ 'ਤੇ ਵਾਲਾਂ ਵਿੱਚ ਦੀ ਵਗ ਰਹੀ ਪਸੀਨੇ ਦੀ ਨਦੀ ਨੂੰ ਦੇਖਣ ਲੱਗੀ। ਉਹਦੇ ਸਾਰੇ ਪੱਠੇ ਤਣੇ ਹੋਏ ਸਨ। ਵਾਲਾਂ 'ਤੇ ਮਹੀਨ ਮਿੱਟੀ ਦੇ ਕਣ ਅੰਬਾਂ ਦੇ ਬੂਰ ਵਾਂਗ ਖਿਲਰੇ ਹੋਏ ਸਨ। ਉਹਨੇ ਲੱਸੀ ਪੀ ਕੇ ਗਲਾਸ ਨੀਵਾਂ ਕੀਤਾ ਤਾਂ ਗਿਆਨੋ ਦੀਆਂ ਨਜ਼ਰਾਂ ਵੀ ਨਾਲ ਹੀ ਝੁੱਕ ਗਈਆਂ। ਉਹਨੇ ਦੂਸਰਾ ਗਲਾਸ ਭਰ ਦਿੱਤਾ। ਕਾਲੀ ਚੁਸਕੀਆਂ ਲੈ ਕੇ ਲੱਸੀ ਪੀਂਦਾ ਹੋਇਆ ਬੋਲਿਆ:
"ਏਦਾਂ ਦੀ ਸਵਾਦ ਲੱਸੀ ਜ਼ਿੰਦਗੀ 'ਚ ਪਹਿਲੀ ਵਾਰ ਪੀਤੀ ਆ। ਸੰਹਿਰ 'ਚ ਤਾਂ ਲੱਸੀ ਪੀਣ ਦਾ ਬਿਲਕੁਲ ਮਜ਼ਾ ਨਹੀਂ ਆਉਂਦਾ ਸੀ।"
ਗਿਆਨੋ ਜਵਾਬ ਵਿੱਚ ਮੁਸਕਰਾ ਪਈ ਅਤੇ ਧੀਮੀ ਆਵਾਜ਼ ਵਿੱਚ ਬੋਲੀ:
"ਜੇ ਲੱਸੀ ਪੀਣ ਦਾ ਏਨਾ ਹੀ ਸੰੌਕ ਸੀ ਤਾਂ ਪਿੰਡ ਛੱਡ ਕੇ ਕਿਉਂ ਗਿਆ ਸੀ।"
ਇਹ ਸੁਣ ਕੇ ਕਾਲੀ ਖਿੜਖੜਾ ਕੇ ਹੱਸ ਪਿਆ। ਗਿਆਨੋ ਮੁਸਕਰਾਉਂਦੀ ਹੋਈ ਪੌੜੀਆਂ ਤੋਂ ਹੇਠਾਂ ਉਤਰ ਆਈ ਅਤੇ ਗਲੀ ਵਿੱਚ ਆ ਕੇ ਚਾਚੀ ਦੇ ਪੈਂਦੀ ਬੈਠ ਗਈ।
"ਗਿਆਨੋ, ਏਧਰ ਆ ਕੇ ਆਰਾਮ ਨਾਲ ਬੈਠ।" ਚਾਚੀ ਨੇ ਆਪਣੇ ਸਾਹਮਣੇ ਪਈਆਂ ਸੂਤ ਦੀਆਂ ਅੱਟੀਆਂ ਨੂੰ ਸੰਭਾਲਦੇ ਹੋਏ ਕਿਹਾ।
"ਚਾਚੀ ਮੈਂ ਇਥੇ ਠੀਕ ਆਂ।" ਗਿਆਨੋ ਨੇ ਕਿਹਾ। ਉਹ ਕਦੇ ਕਾਲੀ ਨੂੰ ਕਹੀ ਚਲਾਉਂਦੇ ਨੂੰ ਦੇਖਦੀ ਅਤੇ ਕਦੇ ਅਲਚੇ ਹੋਏ ਸੂਤ ਨੂੰ ਸੂਤ ਕਰਨ ਲਈ ਚਾਚੀ ਦਾ ਹੱਥ ਵਟਾਉਣ ਲੱਗਦੀ।
ਦੁਪਹਿਰ ਤੱਕ ਕਾਲੀ ਨੇ ਛੱਤ ਦਾ ਵੱਡਾ ਹਿੱਸਾ ਡੇਗ ਦਿੱਤਾ। ਜਦੋਂ ਧੁੱਪ ਤੇਜ਼ ਹੋ ਗਈ ਤਾਂ ਉਹ ਹੇਠਾਂ ਆ ਗਿਆ। ਉਸ ਸਮੇਂ ਤੱਕ ਉਸ ਵਲੋਂ ਨਵਾਂ ਪੱਕਾ ਮਕਾਨ ਬਣਾਉਣ ਦੀ ਖਬਰ ਮੁਹੱਲੇ ਵਿੱਚ ਹਰ ਆਦਮੀ ਤੱਕ ਪਹੁੰਚ ਗਈ ਸੀ। ਜੋ ਵੀ ਮਰਦ ਖੇਤਾਂ ਵਿੱਚੋਂ ਘਰ ਵਾਪਸ ਆਉਂਦਾ ਤਾਂ ਉਹਦੇ ਘਰ ਵਾਲੇ ਉਹਨੂੰ ਸਭ ਤੋਂ ਪਹਿਲਾਂ ਇਹ ਹੀ ਦਸਦੇ ਕਿ ਕਾਲੀ ਨਵਾਂ ਪੱਕਾ ਮਕਾਨ ਬਣਾ ਰਿਹਾ ਹੈ। ਉਹ ਖੂਹ ਤੋਂ ਆਉਂਦੇ ਆਉਂਦੇ ਕਾਲੀ ਦੇ ਕੋਲ ਰੁਕਕੇ ਨਵੇਂ ਮਕਾਨ ਬਾਰੇ ਗੱਲਬਾਤ ਕਰਦੇ। ਕਾਲੀ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਅਜੀਬ ਜਿਹੀ ਖੁਸੰੀ ਮਹਿਸੂਸ ਹੁੰਦੀ। 
ਕਾਲੀ ਨੇ ਵੀ ਨਹਾ-ਧੋਕੇ ਰੋਟੀ ਖਾਧੀ ਅਤੇ ਕੋਠੜੀ ਦੇ ਦਰਵਾਜ਼ੇ ਵਿੱਚ ਛੋਟੀ ਮੰਜੀ ਡਾਹ ਕੇ ਲੰਮਾ ਪੈ ਗਿਆ। ਹਵਾ ਦੇ ਬੁੱਲਿਆਂ ਨਾਲ ਛੱਤ ਤੇ ਖਿਲਰੀ ਹੋਈ ਮਿੱਟੀ ਉਡ ਉਡ ਕੇ ਉਹਦੇ ਉੱਪਰ ਡਿੱਗ ਰਹੀ ਸੀ। ਅਸਮਾਨ ਦਾ ਨੀਲਾ ਰੰਗ ਤੇਜ਼ ਧੁੱਪ ਵਿੱਚ ਘੁਲ ਗਿਆ ਸੀ।  ਕਾਲੀ ਦਾ ਮਨ ਚਾਹੁੰਦਾ ਸੀ ਕਿ ਉਹ ਆਪਣੇ ਘਰ ਬਾਰੇ ਕਿਸੇ ਨਾਲ ਗੱਲ ਕਰੇ। ਜਦੋਂ ਇਹ ਖਾਹਿਸੰ ਅਤੇ ਧੁੱਪ ਦੋਵੇਂ ਸਹਿਣੀਆਂ ਔਖੀਆਂ ਹੋ ਗਈਆਂ ਤਾਂ ਉਹ ਛੋਟੀ-ਜਿਹੀ ਮੰਜੀ ਚੁੱਕ ਕੇ ਤਕੀਏ ਵਿੱਚ ਚਲਾ ਗਿਆ।


7

ਚਮ੍ਹਾਰਲੀ ਦੇ ਬਾਹਰ ਚੋਅ ਤੋਂ ਪਾਰ ਸਾਈਂ ਭੁੱਲੇ ਸੰਾਹ ਦਾ ਤਕੀਆ ਸੀ। ਤਕੀਏ ਦੇ ਚਾਰੇ ਪਾਸੀਂ ਟਾਹਲੀ ਦੇ ਦਰੱਖਤ ਅਤੇ ਉੱਚੇ ਸਰਕੰਡਿਆਂ ਦੀ ਸੰਘਣੀ ਵਾੜ ਸੀ। ਇਕ ਪਾਸੇ ਬੋਹੜ  ਦੇ ਦੋ ਦਰੱਖਤ ਸਨ ਅਤੇ ਵਿੱਚ ਸੰਾਇਦ ਇਸ ਪਿੰਡ ਨਾਲੋਂ ਵੀ ਪੁਰਾਣਾ ਬਹੁਤ ਵੱਡਾ ਪਿੱਪਲ ਸੀ। ਇਸ ਦੀਆਂ ਦਾੜੀਆਂ ਝੁਕ ਕੇ ਜ਼ਮੀਨ 'ਤੇ ਆ ਲੱਗੀਆਂ ਸਨ ਅਤੇ ਉਹਨਾਂ ਵਿੱਚੋਂ ਥੋੜ੍ਹੀਆਂ ਨੇ ਜੜ੍ਹਾਂ ਫੜ ਲਈਆਂ ਸਨ।
ਤਕੀਏ ਵਿੱਚ ਇਕ ਪਾਸੇ ਇਕ ਟੁੱਟੀ ਹੋਈ ਪੁਰਾਣੀ ਕਬਰ ਸੀ ਜਿਸ ਦੇ ਬਾਰੇ ਮਸ਼ਹੂਰ ਸੀ ਕਿ ਉਹ ਪਰਮਾਤਮਾ ਨੂੰ ਪਹੁੰਚੇ ਹੋਏ ਫਕੀਰ ਸਾਈਂ ਭੁੱਲੇ ਸੰਾਹ ਦਾ ਮਜਾਰ ਹੈ। ਕਦੇ ਕਦੇ ਕੋਈ ਦੁਖਿਆਰੀ, ਬੀਮਾਰ ਜਾਂ ਗੋਦ ਹਰੀ ਹੋਣ ਦੀ ਕਾਮਨਾ ਪੂਰੀ ਕਰਾਉਣ ਜਾਂ ਦੁਸੰਮਣ ਨੂੰ ਮਾਤ ਦੇਣ ਲਈ ਇਸ ਕਬਰ 'ਤੇ ਸੰਾਮ ਨੂੰ ਸਰ੍ਹੋਂ ਦੇ ਤੇਲ ਦਾ ਦੀਵਾ ਬਾਲ ਜਾਂਦੀ। ਇਹਦੇ ਚਾਰੇ ਪਾਸੀਂ ਤੇਲ ਚੋਣ ਨਾਲ ਵੱਡੇ ਵੱਡੇ ਕਾਲੇ ਅਤੇ ਚਿਕਨੇ ਧੱਬੇ ਪੈ ਗਏ ਸਨ। ਆਸੇ ਪਾਸੇ ਝਾੜੀਆਂ ਦੀ ਸੰਘਣੀ ਵਾੜ ਸੀ ਅਤੇ ਉਹਦੇ ਵਿੱਚ ਦੀ ਮਜਾਰ ਤੱਕ ਜਾਣ ਲਈ ਇਕ ਛੋਟਾ ਜਿਹਾ ਰਸਤਾ ਸੀ। ਮਜਾਰ ਤੋਂ ਹਟਕੇ ਇਕ ਛੋਟਾ ਜਿਹਾ ਪੱਕਾ ਕਮਰਾ ਸੀ ਜਿਸ ਨੂੰ ਮੁੱਦਤ ਪਹਿਲਾਂ ਕਿਸੇ ਨੇ ਮਨੋਕਾਮਨਾ ਪੂਰੀ ਹੋਣ 'ਤੇ ਬਣਵਾਇਆ ਸੀ। ਕਮਰੇ ਦੀ ਛੱਤ ਡਿੱਗ ਚੁੱਕੀ ਸੀ। ਇਸ ਦੇ ਇਕ ਖੂੰਜੇ ਵਿੱਚ ਛੋਟਾ ਜਿਹਾ ਟੋਆ ਸੀ ਜਿਸ ਵਿੱਚ ਦਿਨ ਭਰ ਪਾਥੀਆਂ ਦੀ ਅੱਗ ਸੁਲਗਦੀ ਰਹਿੰਦੀ ਤਾਂ ਕਿ ਹੁੱਕਾ ਪੀਣ ਵਾਲੇ ਲੋਕ ਆਪਣੀਆਂ ਚਿਲਮਾਂ ਭਰ ਸਕਣ। ਕਮਰੇ ਦੇ ਬਾਹਰ ਇਕ ਘੜਾ ਪਿਆ ਸੀ। ਚਮ੍ਹਾਰਲੀ ਦੀਆਂ ਔਰਤਾਂ ਆਉਂਦੀਆਂ-ਜਾਂਦੀਆਂ ਕੁਝ ਪਾਥੀਆਂ ਸੁੱਟ ਜਾਂਦੀਆਂ ਸਨ ਅਤੇ ਘੜੇ ਵਿੱਚ ਪਾਣੀ ਭਰ ਜਾਂਦੀਆਂ ਸਨ। ਚਮ੍ਹਾਰਲੀ ਦੇ ਮਰਦ ਟਾਹਲੀਆਂ ਦੇ ਦਰੱਖਤਾਂ ਹੇਠ ਆਪਣੇ ਪਸੂੰ-ਡੰਗਰ ਬੰਨਦੇ ਸਨ ਅਤੇ ਆਪ ਪਿੱਪਲ ਦੀ ਸੰਘਣੀ ਛਾਂ ਦੇ ਹੇਠ ਮੰਜਾ ਜਾਂ ਕੱਪੜਾ ਵਿਛਾ ਕੇ ਆਰਾਮ ਕਰਦੇ ਸਨ, ਗੱਪਾਂ-ਸੰੱਪਾਂ ਮਾਰਦੇ ਸਨ ਅਤੇ ਤਾਸੰ ਅਤੇ ਬਾਰਾਂ-ਟਾਹਣੀ ਖੇਡਦੇ ਸਨ। 
ਕਾਲੀ ਜਦੋਂ ਆਪਣੀ ਮੰਜੀ ਲੈ ਕੇ ਪਹੁੰਚਿਆ ਤਾਂ ਕਾਫੀ ਰੌਣਕ ਹੋ ਚੁੱਕੀ ਸੀ। ਧੁੱਪ ਦੇ ਸਤਾਏ ਅਤੇ ਥਕਾਵਟ ਨਾਲ ਚੂਰ ਲੋਕ ਸੌਂ ਰਹੇ ਸਨ, ਕੁਛ ਊਂਘ ਰਹੇ ਸਨ। 
ਜੀਤੂ, ਬੰਤੂ, ਸੰਤੂ ਅਤੇ ਬੱਗਾ ਤਾਸੰ ਖੇਡ ਰਹੇ ਸਨ। ਕਾਲੀ ਨੂੰ ਦੇਖਦਿਆਂ ਹੀ ਜੀਤੂ ਨੇ ਅਵਾਜ਼ ਦਿੱਤੀ:
"ਬਾਬੂ ਜੀ, ਏਧਰ ਆ ਜਾਉ।"
ਜੀਤੂ ਕਾਲੀ ਨੂੰ ਉਸ ਦੀ ਚਾਰ ਜਮਾਤਾਂ ਦੀ ਪੜ੍ਹਾਈ ਅਤੇ ਸੰਹਿਰ ਵਿੱਚ ਛੇ ਸਾਲ ਗੁਜਾਰਨ ਕਾਰਨ ਬਾਬੂ ਜੀ ਕਹਿੰਦਾ ਸੀ। ਉਹ ਉਹਨਾਂ ਦੇ ਕੋਲ ਪਹੁੰਚਿਆ ਤਾਂ ਚਾਰਾਂ ਨੇ ਉਹਨੂੰ ਹੱਥੋ-ਹੱਥ ਬੋਚ ਲਿਆ। ਜੀਤੂ ਤਾਸੰ ਦੀ ਗੱੱਡੀ ਦੋਨੋਂ ਹੱਥਾਂ ਵਿੱਚ ਫੜ ਕੇ ਬੋਲਿਆ:
"ਬੰਤਿਆ, ਬਾਬੂ ਜੀ ਪੱਕਾ ਮਕਾਨ ਪਾਉਣ ਲੱਗਾ ਹੈ। ਉੱਪਰ ਚੁਬਾਰਾ ਵੀ ਪਾਊਗਾ। ਹੁਣ ਬਾਜ਼ੀ ਬਾਬੂ ਜੀ ਦੇ ਚੁਬਾਰੇ ਵਿੱਚ ਹੀ ਲੱਗਿਆ ਕਰੂਗੀ।"
ਜੀਤੂ ਦੀ ਗੱਲ ਸੁਣ ਕੇ ਅਤੇ ਕਾਲੀ ਨੂੰ ਉੱਥੇ ਦੇਖ ਕੇ ਬਹੁਤ ਸਾਰੇ ਲੋਕ ਉੱਠ ਕੇ ਉਹਨਾਂ ਦੇ ਕੋਲ ਆ ਗਏ। ਹਰ ਆਦਮੀ ਇੱਟਾਂ, ਗਾਰੇ, ਚੂਨੇ, ਲੱਕੜੀ ਆਦਿ ਬਾਰੇ ਸਲਾਹ ਦੇ ਰਿਹਾ ਸੀ। ਕਾਲੀ ਖੁਸੰੀ ਨਾਲ ਫੁੱਲਿਆ ਨਹੀਂ ਸੀ ਸਮਾ ਰਿਹਾ। ਜੀਤੂ ਨੇ ਤਾਸੰ ਦੀ ਗੱਡੀ ਨੂੰ ਕੱਪੜੇ ਵਿੱਚ ਬੰਨ ਦਿੱਤਾ ਅਤੇ ਆਪਣੀ ਛਾਤੀ 'ਤੇ ਹੱਥ ਰੱਖਦਾ ਹੋਇਆ ਬੋਲਿਆ:
"ਬਾਬੂ ਜੀ, ਮੇਰੀ ਮਦਦ ਦੀ ਜ਼ਰੂਰਤ ਹੋਵੇ ਤਾਂ ਦੱਸ ਦੇਈਂ। ਇਕ ਬਾਰ ਮਕਾਨ ਨੂੰ ਅਸਮਾਨ ਤੱਕ ਚੱਕ ਦਿਆਂਗੇ।" 
ਬਾਬਾ ਫੱਤੂ ਵੀ ਆਪਣੀ ਛੋਟੀ ਜਿਹੀ ਚਿਰਮਰਾਉਂਦੀ ਹੋਈ ਮੰਜੀ ਚੁੱਕ ਕੇ ਉਹਨਾਂ ਦੇ ਨੇੜੇ ਆ ਗਿਆ। ਪਿੰਡ ਵਿੱਚ ਉਸ ਦੀ ਉਮਰ ਦੇ ਬਹੁਤ ਘੱਟ ਲੋਕ ਸਨ। ਕਾਲੀ ਬਾਬੇ ਨੂੰ ਦੇਖ ਕੇ ਉੱਠ ਖੜਾ ਹੋਇਆ ਅਤੇ ਉਸ ਦੀ ਮੰਜੀ ਫੜ ਕੇ ਉਸ ਥਾਂ ਰੱਖ ਦਿੱਤੀ ਜਿੱਥੇ ਬਹੁਤ ਜ਼ਿਆਦਾ ਸੰਘਣੀ ਛਾਂ ਸੀ। ਬਾਬਾ ਫੱਤੂ ਮੰਜੀ 'ਤੇ ਬੈਠ ਕੇ ਬੋਲਿਆ:
"ਕਿਹਦੇ ਮਕਾਨ ਦੀ ਗੱਲ ਕਰ ਰਹੇ ਹੋ?"
"ਬਾਬਾ, ਕਾਲੀ ਨੇ ਮਕਾਨ ਸੁੰਰੂ ਕੀਤਾ।" ਜੀਤੂ ਨੇ ਉੱਚੀ ਅਵਾਜ਼ ਵਿੱਚ ਕਿਹਾ। ਜਦੋਂ ਬਾਬੇ ਫੱਤੂ ਨੇ ਕੰਨ ਨੂੰ ਛੋਂਹਦੇ ਹੋਏ ਹੱਥ ਹਿਲਾਇਆ ਤਾਂ ਉਸ ਨੇ ਹੋਰ ਵੀ ਉੱਚੀ ਅਵਾਜ਼ ਵਿੱਚ ਆਪਣੀ ਗੱਲ ਦੁਹਰਾਈ।
"ਅੱਛਾ, ਅੱਛਾ।" ਬਾਬੇ ਫੱਤੂ ਨੇ ਕਾਲੀ ਵੱਲ ਹੱਥ ਵਧਾਉਂਦਿਆਂ ਕਿਹਾ। ਉਹ ਉਸ ਦੀ ਵੱਲ ਝੁੱਕ ਗਿਆ ਅਤੇ ਬਾਬਾ ਫੱਤੂ ਉਹਦੀ ਪਿੱਠ ਥਾਪੜਦਾ ਬੋਲਿਆ:
" ਇਹ ਤਾਂ ਬਹੁਤ ਹੀ ਚੰਗੀ ਗੱਲ ਆ। ਸਾਰੇ ਮੁਹੱਲੇ ਵਿੱਚ ਇਕ ਵੀ ਪੱਕਾ ਮਕਾਨ ਨਹੀਂ। ਤੇਰਾ ਪੱਕਾ ਮਕਾਨ ਬਣਨ ਨਾਲ ਮੁਹੱਲੇ ਦਾ ਸਿਰ ਉੱਚਾ ਹੋ ਜਾਊ।"
"ਇਹ ਸਭ ਤੁਹਾਡੇ ਵਰਗੇ ਬਜ਼ੁਰਗਾਂ ਦੇ ਪੈਰਾਂ ਦਾ ਪ੍ਰਤਾਪ ਹੈ।"
ਕਾਲੀ ਦੀ ਗੱਲ ਸੁਣਾਈ ਨਾ ਦਿੱਤੀ ਤਾਂ ਉਹ ਆਪਣਾ ਕੰਨ ਉਹਦੀ ਵਲ ਕਰਦਾ ਹੋਇਆ ਬੋਲਿਆ:
"ਮੇਰੇ ਕੰਨਾਂ ਦੇ ਪਰਦੇ ਹਦਵਾਣੇ ਦੇ ਖੱਪਰਾਂ ਵਾਂਗ ਮੋਟੇ ਹੋ ਗਏ ਆ। ਹੁਣ ਬਹੁਤ ਉੱਚਾ ਸੁਣਾਈ ਦੇਣ ਲੱਗ ਪਿਆ।"
ਕਾਲੀ ਨੇ ਆਪਣੀ ਗੱਲ ਦੁਹਰਾਈ ਤਾਂ ਬਾਬੇ ਫੱਤੂ ਦਾ ਪੋਪਲਾ ਮੂੰਹ ਖੁਲ੍ਹ ਗਿਆ ਅਤੇ ਉਹਨੇ ਕਾਲੀ ਦੇ ਸਿਰ 'ਤੇ ਹੱਥ ਫੇਰਦਿਆਂ ਕਿਹਾ:
"ਜੀਂਦਾ ਰਹਿ ਕਾਕਾ, ਤੇਰਾ ਬਾਪ ਤਾਂ ਸਾਰੇ ਅਰਮਾਨ  ਦਿਲ ਵਿੱਚ ਹੀ ਲੈ ਕੇ ਮਰ ਗਿਆ ਸੀ। ਜੇ ਪੱਲੇ ਦੇ ਚਾਰ ਪੈਸੇ ਟਿਕਾਣੇ ਸਿਰ ਖਰਚ ਹੋ ਜਾਣ ਤਾਂ ਸਮਝੋ ਅਰਥ ਆ ਗਏ ਵਰਨਾ ਇਸ ਢਿੱਡ ਦੇ ਦੋਜਖ ਵਿੱਚ ਤਾਂ ਹਰ ਚੀਜ਼ ਜਲ ਕੇ ਭਸਮ ਹੋ ਜਾਂਦੀ ਆ।" ਬਾਬਾ ਫੱਤੂ ਕੁਝ ਦੇਰ ਚੁੱਪ ਰਹਿ ਕੇ ਫੇਰ ਬੋਲਿਆ:
"ਮੈਂ ਵੀ ਜ਼ਿੰਦਗੀ ਵਿੱਚ ਕੋਸਿੰਸੰ ਤਾਂ ਬਹੁਤ ਕੀਤੀ। ਦਿਨ ਰਾਤ ਮਿਹਨਤ ਕੀਤੀ। ਤੜਕੇ ਖੇਤਾਂ ਵਿੱਚ ਕੰਮ ਕੀਤਾ। ਦਿਨ ਵਿੱਚ ਰੱਸੀਆਂ ਵੱਟੀਆਂ, ਤਕਾਲਾਂ ਨੂੰ ਘਾਹ ਖੋਤ ਕੇ ਵੇਚਿਆ। ਰਾਤ ਨੂੰ ਵੀ ਕਿਤੇ ਮਜ਼ਦੂਰੀ ਦਾ ਕੰਮ ਮਿਲ ਗਿਆ ਤਾਂ ਨੀਂਦ ਖਰਾਬ ਕਰਕੇ ਕਰ ਲਿਆ, ਪਰ ਪੱਕਾ ਮਕਾਨ ਬਣਾਉਣ ਦਾ ਅਰਮਾਨ ਪੂਰਾ ਨਾ ਹੋ ਸਕਿਆ।।। ਪਿੰਡ ਵਿੱਚ ਮਿਹਨਤ ਤਾਂ ਹੈ, ਕਮਾਈ ਨਹੀਂ।"
ਅਤੀਤ ਦੀ ਇਕ ਖਾਹਿਸੰ ਨੂੰ ਯਾਦ ਕਰਕੇ ਬਾਬੇ ਫੱਤੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਆਲੇ ਦੁਆਲੇ ਬੈਠੇ ਲੋਕ ਸੋਚ ਵਿੱਚ ਪੈ ਗਏ ਅਤੇ ਕਾਲੀ ਦਾ ਦਿਲ ਵੀ ਭਰ ਆਇਆ।"
"ਮਕਾਨ ਬਣ ਜਾਏ ਤਾਂ ਮੈਨੂੰ ਜ਼ਰੂਰ ਦਿਖਾਉਣਾ।" ਬਾਬੇ ਫੱਤੂ ਨੇ ਆਪਣੇ ਜਜ਼ਬਾਤਾਂ 'ਤੇ ਕਾਬੂ ਪਾਉਂਦੇ ਹੋਏ ਕਿਹਾ।
"ਮਕਾਨ ਹੀ ਤੁਹਾਡਾ ਹੋਊਗਾ, ਬਾਬਾ ਜੀ।"
ਕਾਲੀ ਨੇ ਨਿਮਰਤਾ ਨਾਲ ਕਿਹਾ ਅਤੇ ਬਾਬੇ ਵਲ ਝੁਕਦਾ ਹੋਇਆ ਬੋਲਿਆ:
"ਹਾਲੇ ਤਾਂ ਅਗਲੀ ਕੰਧ ਬਣਾਉਣ ਦਾ ਇਰਾਦਾ। ਬਾਕੀ ਕੰਧਾਂ ਪੱਕੇ ਥੰਮ ਬਣਾ ਕੇ ਕੱਚੀਆਂ ਹੀ ਬਣਾ ਦਊਂਗਾ। ਬਾਅਦ ਵਿੱਚ ਜਦੋਂ ਪੈਸੇ ਹੱਥ ਆ ਜਾਣਗੇ ਤਾਂ ਉਹ ਕੰਧਾਂ ਵੀ ਪੱਕੀਆਂ ਕਰ ਦਊਂ।"
ਕਾਲੀ ਬਾਬੇ ਫੱਤੂ ਨਾਲ ਗੱਲੀਂ ਲੱਗਾ ਹੋਇਆ ਸੀ ਕਿ ਤਕੀਏ ਵਿੱਚ ਇਕ ਪਾਸਿਓਂ ਗਾਲ੍ਹਾਂ ਦੀਆਂ ਅਵਾਜ਼ਾਂ ਆਉਣ ਲੱਗੀਆਂ। ਸਾਰੇ ਲੋਕਾਂ ਦਾ ਧਿਆਨ ਉਸ ਪਾਸੇ ਚਲਾ ਗਿਆ। ਸਾਰੇ ਉਸ ਅਵਾਜ਼ ਨੂੰ ਪਹਿਚਾਣਦੇ ਸਨ; ਉਸ ਅਵਾਜ਼ ਦੇ  ਮਾਲਕ ਨੂੰ ਜਾਣਦੇ ਸਨ। ਮੰਗੂ, ਨਿੱਕੂ ਦੇ ਮੁੰਡੇ ਅਮਰੂ ਨੂੰ ਗਾਲ੍ਹਾਂ ਕੱਢ ਰਿਹਾ ਸੀ ਕਿਉਂਕਿ ਉਹਦੀ ਮੱਝ ਦੀ ਪਿੱਠ 'ਤੇ ਧੁੱਪ ਪੈ ਰਹੀ ਸੀ। ਮੰਗੂ ਉੱਚੀ ਉੱਚੀ ਬੋਲਦਾ ਮੱਝ ਨੂੰ ਛਾਂ ਵਿੱਚ ਬੰਨ ਕੇ ਉੱਥੇ ਆ ਗਿਆ ਜਿੱਥੇ ਸਾਰੇ ਲੋਕ ਬੈਠੇ ਸੀ। ਅਮਰੂ ਉਹਦੇ ਪਿੱਛੇ ਪਿੱਛੇ ਮੰਜੀ ਚੁੱਕੀ ਆ ਰਿਹਾ ਸੀ। ਮੰਗੂ ਕਾਲੀ ਦੇ ਕੋਲ ਆ ਕੇ ਬੋਲਿਆ:
"ਅੱਜ ਛੱਤ 'ਤੇ ਕੀ ਸੰਢੇ ਨੱਚੇ ਸੀ ਜਿਹੜਾ ਉਸ ਦਾ ਇਕ ਹਿੱਸਾ ਡਿਗ ਪਿਆ।"
"ਨਹੀਂ ਮੈਂ ਆਪ ਢਾਇਆ। ਪੱਕਾ ਮਕਾਨ ਪਾ ਰਿਹਾਂ।" ਕਾਲੀ ਨੇ ਵਿਸੰਵਾਸ ਭਰੀ ਅਵਾਜ਼ ਵਿੱਚ ਕਿਹਾ।
"ਕੀ ਕਿਹਾ?" ਮੰਗੂ ਖਿੜਖਿੜਾਕੇ ਹੱਸ ਪਿਆ ਅਤੇ ਇਕ ਪਾਸੇ ਲੰਮੇ ਪਏ ਘੁੰਮਨ ਨੂੰ ਸੰਬੋਧਿਤ ਕਰਦਾ ਹੋਇਆ ਬੋਲਿਆ:
"ਘੁੰਮਨਾ, ਸੁਣਿਆਂ ਤੂੰ? ਕਾਲੀ ਪੱਕਾ ਮਕਾਨ ਪਾ ਰਿਹਾ।"
ਘੁੰਮਨ ਗਰਦਨ ਉੱਪਰ ਚੁੱਕ ਕੇ ਕਮਜ਼ੋਰ ਜਿਹੀ ਅਵਾਜ਼ ਵਿੱਚ ਬੋਲਿਆ:
"ਕੀ ਕਿਹਾ? ਕਾਲੀ ਮਕਾਨ ਪਾ ਰਿਹਾ?"
"ਨਹੀਂ ਹਵੇਲੀ ਬਣਾ ਰਿਹਾ, ਜਿਸ ਵਿੱਚ ਸਾਮੀਆਂ ਅਤੇ ਤੇਰੇ-ਮੇਰੇ ਵਰਗੇ ਕੰਮੀਆਂ ਦੀ ਕਚਹਿਰੀ ਲਾਉਣ ਅਤੇ ਦਾਦ-ਫਰਿਆਦ ਸੁਣਨ ਲਈ ਇਕ ਦੀਵਾਨਖਾਨਾ ਵੀ ਹੋਊਗਾ।" ਮੰਗੂ ਨੇ ਇਹ ਕਹਿ ਕੇ ਕਾਲੀ ਨੂੰ ਕਿਹਾ:
"ਕੀ ਸੰਹਿਰ ਵਿੱਚ ਡਾਕੇ ਮਾਰਦਾ ਰਿਹਾਂ ਜੋ ਪਿੰਡ ਆਉਂਦਿਆਂ ਹੀ ਪੱਕਾ ਮਕਾਨ ਪਾਉਣਾ ਸੁੰਰੂ ਕਰ ਦਿੱਤਾ? ਦੂਜੇ ਪਿੰਡਾਂ ਤੋਂ ਵੀ ਲੋਕ ਸੰਹਿਰ ਰਹਿ ਕੇ ਆਏ ਆ। ਪੱਕਾ ਮਕਾਨ ਤਾਂ ਕੀ, ਕਿਸੇ ਦਾ ਪੱਕਾ ਚੁੱਲ੍ਹਾ ਵੀ ਨਹੀਂ ਬਣਿਆ।"
ਘੁੰਮਨ, ਮੰਗੂ ਦੀ ਹਰ ਗੱਲ 'ਤੇ ਸਿਰ ਹਿਲਾ ਰਿਹਾ ਸੀ। ਮੰਗੂ ਆਪਣੀ  ਗੱਲ ਜਾਰੀ ਰੱਖਦਾ ਹੋਇਆ ਬੋਲਿਆ:
"ਮੇਰੇ ਮਾਮੇ ਦਾ ਸਾਲਾ ਫੌਜ ਵਿੱਚ ਨਾਇਕ ਸੀ - ਸਿਪਾਹੀਆਂ ਦੇ ਉੱਤੇ ਅਫਸਰ। ਸਾਰੀ ਉਮਰ ਵੱਡੇ ਵੱਡੇ ਸੰਹਿਰਾਂ ਵਿੱਚ ਰਿਹਾ। ਏਨੇ ਵੱਡੇ ਵੱਡੇ ਸੰਹਿਰਾਂ ਵਿੱਚ, ਜਿਹਨਾਂ ਵਿੱਚ ਸਾਡੇ ਪਿੰਡ ਵਰਗੇ ਸੈਂਕੜੇ ਪਿੰਡ ਸਮਾ ਜਾਣ। ਦਿੱਲੀ ਦਸੌਰ ਤੱਕ ਉਹ ਘੁੰਮ ਆਇਆ। ਪਰ ਜਦੋਂ ਦਾ ਵਿਚਾਰਾ ਫੌਜ ਵਿੱਚੋਂ ਵਾਪਸ ਆਇਆ, ਰੋਟੀ ਲਈ ਵੀ ਤਰਸ ਰਿਹਾ।"
ਮੰਗੂ ਦੀ ਅਵਾਜ਼ ਸੁਣ ਕੇ ਸੁੱਤੇ ਪਏ ਲੋਕ ਵੀ ਉੱਠ ਪਏ। ਤਾਸੰ ਅਤੇ ਬਾਰਾਂ-ਟਾਹਣੀ ਦੀਆਂ ਬਾਜ਼ੀਆਂ ਠੱਪ ਹੋ ਗਈਆਂ ਅਤੇ ਸਾਰਿਆਂ ਨੂੰ ਵਿਸੰਵਾਸ ਹੋਣ ਲੱਗਾ ਕਿ ਮੰਗੂ ਅਤੇ ਕਾਲੀ ਵਿੱਚ ਝਗੜਾ ਹੋ ਜਾਊਗਾ। ਸਭ ਮਹਿਸੂਸ ਕਰ ਰਹੇ ਸਨ ਕਿ ਮੰਗੂ ਜ਼ਿਆਦਤੀ ਕਰ ਰਿਹਾ ਹੈ ਪਰ ਡਰ ਦੇ ਮਾਰੇ ਚੁੱਪ ਸਨ। ਕਾਲੀ ਕਮਜ਼ੋਰ ਨਹੀਂ ਸੀ; ਉਹਦਾ ਤਕੜਾ ਲੰਮਾ ਸਰੀਰ ਮਕਾਨ ਦੀ ਛੱਤ ਨਾਲ ਲੱਗਦਾ ਸੀ। ਉਹ ਮੰਗੂ ਵਲ ਇਕ ਟਕ ਦੇਖਦਾ ਰਿਹਾ। ਉਹ ਗੱਲ ਟਾਲਣ ਲਈ ਬਾਬੇ ਫੱਤੂ ਨਾਲ ਗੱਲਾਂ ਕਰਨ ਲੱਗਾ। ਪਰ ਮੰਗੂ, ਉਹਦੇ ਮੋਢੇ ਨੂੰ ਝੰਝੜੋਦਾ ਹੋਇਆ ਬੋਲਿਆ:
"ਕਾਲੀ ਪੈਸੇ ਵਾਧੂ ਆ, ਤਾਂ ਕੁਛ ਸਾਨੂੰ ਵੀ ਦੇ ਦੇ।"
"ਕੀ ਉਹਦੀ ਸੰਰਾਬ ਪੀਊਂਗਾ?" ਕਾਲੀ ਨੇ ਗੁੱਸੇ ਵਿੱਚ ਕਿਹਾ।
"ਖਰੀਦ ਕੇ ਤਾਂ ਠੇਕੇ ਦੀ ਸੰਰਾਬ ਪੀਤੀ ਜਾਂਦੀ ਆ ਅਤੇ ਉਹ ਨਾਮਰਦ ਲੋਕ ਪੀਂਦੇ ਆ। ਤੇਰੀ ਕਮਾਈ ਹਰਾਮ ਦੀ ਆ, ਇਸ ਨਾਲ ਤਾਂ ਮੈਂ ਕੁਝ ਹੋਰ ਹੀ ਕਰੂੰਗਾ।" ਮੰਗੂ ਛਾਤੀ ਤਾਣ ਕੇ ਬੋਲਿਆ। ਕਾਲੀ ਨੇ ਉਹਦੀ ਵਲ ਘੂਰ ਕੇ ਦੇਖਿਆ ਤਾਂ ਉਹ ਤਿਣ ਕੇ ਬੋਲਿਆ:
"ਮੇਰੀ ਵਲ ਏਦਾਂ ਦੇਖ ਰਿਹਾ, ਜਿੱਦਾਂ ਮੇਰਾ ਸਾਹ ਪੀ ਜਾਊਗਾ। ਮੰਗੂ ਨਾਲ ਵੈਰ ਪਾ ਕੇ ਇਸ ਮੁਹੱਲੇ ਵਿੱਚ ਕੋਈ ਨਹੀਂ ਰਹਿ ਸਕਦਾ।"
ਮੰਗੂ ਦੀਆਂ ਇਹ ਗੱਲਾਂ ਸੁਣ ਕੇ ਬਾਬਾ ਫੱਤੂ ਚੁੱਪ ਨਾ ਰਹਿ ਸਕਿਆ। ਉਹ ਉਹਨੂੰ ਸਮਝਾਉਂਦਾ ਹੋਇਆ ਬੋਲਿਆ:
"ਮੰਗੂ ਕਿਉਂ ਲਾਗਤ-ਬਾਜ਼ੀ ਦੀ ਗੱਲ ਕਰਦਾਂ। ਖੁਸੰ ਨਹੀਂ ਹੁੰਦਾ ਕਿ ਸਾਡੇ ਮੁਹੱਲੇ ਵਿੱਚ ਵੀ ਇਕ ਏਦਾਂ ਦਾ ਆਦਮੀ ਨਿਕਲ ਆਇਆ ਹੈ ਜੋ ਪੱਕਾ ਮਕਾਨ ਬਣਾ ਪਾ ਰਿਹਾ।"
"ਚੁੱਪ ਰਹਿ ਬੁੱਢਿਆ, ਹਰ ਵੇਲੇ ਟਰ-ਟਰ ਲਾਈ ਰੱਖਦਾਂ।" ਮੰਗੂ ਨੇ ਬਾਬੇ ਫੱਤੂ ਨੂੰ ਝਿੜਕ ਦਿੱਤਾ। ਉਹ ਨਿਮੋਝੂਣਾ ਜਿਹਾ ਹੋ ਕੇ ਸਿੰਕਾਇਤ ਭਰੇ ਲਹਿਜੇ ਵਿੱਚ ਬੋਲਿਆ:
"ਇਸ ਛੋਕਰੇ ਨੂੰ ਨਾ ਵੱਡਿਆ ਦੀ ਇੱਜ਼ਤ ਕਰਨੀ ਆਉਂਦੀ ਆ ਨਾ ਛੋਟਿਆਂ ਦਾ ਲਿਹਾਜ਼ ਸਿੰਕਾਰੀ ਕੁੱਤੇ ਵਾਂਗ ਪੰਜੇ ਝਾੜ ਕੇ ਪਿੱਛੇ ਪੈ ਜਾਂਦਾ।"
ਇਹ ਸੁਣ ਕੇ ਮੰਗੂ ਹੋਰ ਵੀ ਜ਼ਿਆਦਾ ਭੜਕ ਪਿਆ:
"ਚੁੱਪ ਰਹਿ ਬੁੱਢਿਆ, ਤੂੰ ਮੇਰੀ ਇਕ ਧੌਲ ਦੀ ਮਾਰ ਆਂ।"
ਕਾਲੀ ਦੀਆਂ ਅੱਖਾਂ ਵਿੱਚ ਅੰਗਾਰੇ ਚਮਕਣ ਲੱਗੇ। ਉਹਦੀਆਂ ਮੁੱਠੀਆਂ ਬੰਦ ਹੋਣ ਲੱਗੀਆਂ। ਉਹਦੇ ਚਿਹਰੇ ਤੋਂ ਸਾਫ ਪਤਾ ਲੱਗਦਾ ਸੀ ਕਿ ਉਹ ਖੂਨ ਦੇ ਘੁੱਟ ਪੀ ਰਿਹਾ ਹੈ। ਕਾਲੀ ਨੇ ਗੁੱਸੇ ਵਿੱਚ ਕੰਬਦੀ ਹੋਈ ਅਵਾਜ਼ ਵਿੱਚ ਕਿਹਾ:
"ਮੰਗੂ, ਤੂੰ ਮੇਰੇ ਨਾਲ ਗੱਲ ਕਰ ਰਿਹਾ ਸੀ। ਵਿਚਾਲੇ ਬਾਬੇ ਨੂੰ ਕਿਉਂ ਘਸੀਟ ਲਿਆਂਦਾ। ਉਹ ਤੇਰੇ ਪਿਉ ਦੇ ਬਰਾਬਰ ਆ।"
"ਤੇਰੇ ਪਿਉ ਦੇ ਬਰਾਬਰ ਹੋਊ, ਜਿਹਦੀ ਤੂੰ  ਸੰਕਲ ਵੀ ਨਹੀਂ ਦੇਖੀ।" ਮੰਗੂ ਨੇ ਇਹ ਕਹਿ ਤਾਂ ਦਿੱਤਾ ਪਰ ਕਾਲੀ ਦੇ ਸੰੇਰ ਦੇ ਪੰਜਿਆਂ ਵਾਂਗ ਖੁਲ੍ਹੇ ਹੱਥਾਂ ਨੂੰ ਦੇਖ ਕੇ ਡਰ ਜਿਹਾ ਗਿਆ। ਕਈ ਲੋਕਾਂ ਨੇ ਦੱਬੀ ਜ਼ਬਾਨ ਵਿੱਚ ਮੰਗੂ ਨੂੰ ਕਿਹਾ ਕਿ ਉਹ ਇਸ ਝਗੜੇ ਵਿੱਚ ਮਾਂ-ਬਾਪ ਨੂੰ ਵਿੱਚ ਕਿਉਂ ਖਿੱਚ ਲਿਆਇਆ ਹੈ।
ਰੱਖ-ਰਖਾਅ ਕਰਨ ਲਈ ਬਹੁਤ ਸਾਰੇ ਲੋਕ ਇਕੋ ਵਾਰੀ ਬੋਲ ਰਹੇ ਸਨ। ਜੀਤੂ ਚਾਹੁੰਦਾ ਸੀ ਕਿ ਕਾਲੀ ਮੰਗੂ ਨਾਲ ਭਿੜ ਜਾਵੇ ਅਤੇ ਉਸ ਨੂੰ ਕੁੱਟ ਸੁੱਟੇ। ਬਾਬੇ ਫੱਤੂ ਦੇ ਪੱਲੇ ਕੁਝ ਨਹੀਂ ਸੀ  ਪੈ ਰਿਹਾ ਅਤੇ ਉਹ ਬਿਟਰ ਬਿਟਰ ਹਰ ਇਕ ਦੇ ਚਿਹਰੇ ਵਲ ਦੇਖ ਰਿਹਾ ਸੀ। ਉਹਨੇ ਆਪਣੇ ਕੋਲ ਖੜੇ ਜੀਤੂ ਨੂੰ ਪੁੱਛਿਆ ਤਾਂ ਉਹਨੇ ਕੋਈ ਜੁਆਬ ਨਾ ਦਿੱਤਾ। ਬੰਤੂ ਨੂੰ ਪੁੱਛਿਆ ਤਾਂ ਉਹਨੇ 'ਕੁਛ ਨਹੀਂ' ਕਹਿ ਕੇ ਟਾਲ ਦਿੱਤਾ। ਬਾਬੇ ਫੱਤੂ ਨੇ ਵਾਰੀ ਵਾਰੀ ਹਰ ਇਕ ਨੂੰ ਪੁੱਛਿਆ ਪਰ ਕਿਸੇ ਨੇ ਉਸ ਨੂੰ ਕੁਛ ਨਹੀਂ ਦੱਸਿਆ। ਉਹ ਖਿੱਝ ਕੇ ਉੱਚੀ ਅਵਾਜ਼ ਵਿੱਚ ਬੋਲਿਆ:
"ਸਾਰੇ ਜਣੇ ਕਾਵਾਂ ਦੀ ਤਰ੍ਹਾਂ ਕਾਂ ਕਾਂ ਕਰ ਰਹੇ ਆ ਪਰ ਮੈਨੂੰ ਕਹਿੰਦੇ ਆ ਕਿ ਕੋਈ ਗੱਲ ਨਹੀਂ।"
ਬਾਬਾ ਫੱਤੂ ਆਪਣੀ ਲਾਠੀ ਟਟੋਲ ਕੇ ਉੱਠਿਆ, ਪਰ ਕਾਲੀ ਨੇ ਉਹਨੂੰ ਫਿਰ ਮੰਜੇ 'ਤੇ ਬਿਠਾਉਂਦੇ ਹੋਏ ਕਿਹਾ:
"ਬਾਬਾ ਜੀ, ਬੈਠੋ। ਆਰਾਮ ਨਾਲ ਲੰਮੇ ਪਉ। ਗੱਲ ਮੁੱਕ ਗਈ।"
ਮੰਗੂ ਉੱਥੋਂ ਉੱਠ ਕੇ ਪਰ੍ਹੇ ਚਲਾ ਗਿਆ। ਕਾਲੀ ਆਪਣੀ ਮੰਜੀ 'ਤੇ ਆ ਬੈਠਿਆ। ਜੀਤੂ ਉਹਦੀ ਵਲ ਇਕ ਟਕ ਦੇਖਦਾ ਹੋਇਆ ਹੌਲੀ ਅਵਾਜ਼ ਵਿੱਚ ਬੋਲਿਆ:
"ਬਾਬੂ ਜੀ, ਤੂੰ ਤਾਂ ਪੱਕਾਂ ਸੰਹਿਰੀਆ ਬਣ ਕੇ ਆਇਆਂ। ਅੱਜ ਤੂੰ ਬਿਲਕੁਲ ਸੰਹਿਰੀਆਂ ਵਾਂਗ ਲੜਿਆਂ। ਹਵਾਈ ਫੈਰ ਹੀ ਕੀਤੇ। ਮਜ਼ਾ ਤਾਂ ਸੀ ਜੇ ਮੰਗੂ ਦੇ ਸਾਰੇ ਦੰਦ ਉਹਦੀ ਝੋਲੀ ਵਿੱਚ ਪਾ ਦਿੰਦਾ।"
ਕਾਲੀ ਨੇ ਜੀਤੂ ਨੂੰ ਕੋਈ ਜੁਆਬ ਨਾ ਦਿੱਤਾ ਅਤੇ ਤਾਸੰ ਚੁੱਕਦਾ ਹੋਇਆ ਬੋਲਿਆ:
"ਇਕ ਦੋ ਬਾਜ਼ੀਆਂ ਹੋ ਜਾਣ।"
ਜੀਤੂ ਤਾਸੰ ਦੇ ਪੱਤੇ ਫੈਂਟਣ ਲੱਗਾ ਤਾਂ ਬਾਕੀ ਲੋਕ ਵੀ ਉਹਨਾਂ ਦੇ ਕੋਲ ਆ ਗਏ ਅਤੇ ਛੇਤੀਂ ਹੀ, ਹੀ-ਹੀ, ਹੂ-ਹੂ ਕਰਦੇ ਤਾਸੰ ਦੇ ਪੱਤਿਆਂ ਵਿੱਚ ਗੁਆਚ ਗਏ। 
ਜਦੋਂ ਦਿਨ ਢਲ ਗਿਆ ਤਾਂ ਕਾਲੀ ਨੇ ਤਾਸੰ ਜੀਤੂ ਦੇ ਹੱਥ ਫੜਾ ਦਿੱਤੀ ਅਤੇ ਆਪਣੀ ਮੰਜੀ ਚੁੱਕ ਕੇ ਬੋਲਿਆ:
"ਪਰਛਾਵੇਂ ਲੰਮੇ ਹੋ ਗਏ। ਜਾ ਕੇ ਕੰਮ ਸੁੰਰੂ ਕਰਾਂ।"
ਕਾਲੀ ਅਜੇ ਤਕੀਏ ਦੇ ਅੰਦਰ ਹੀ ਸੀ ਕਿ ਮੰਗੂ ਨੇ ਬਾਬੇ ਫੱਤੂ ਦੀ ਮੰਜੀ ਨੂੰ ਠੋਕਰ ਮਾਰਦਿਆਂ ਕਿਹਾ:
"ਬੁੱਢਿਆ ਚੁੱਕ ਮੰਜੀ ਏਥੋਂ। ਕਿੰਨੀ ਜਗਹ ਘੇਰੀ ਹੋਈ ਆ। ਹੁਣ ਤੂੰ ਏਥੇ ਨਾ ਆਇਆ ਕਰ। ਕਾਲੀ ਦੇ ਚੁਬਾਰੇ ਵਿੱਚ ਦੁਪਹਿਰ ਕੱਟਿਆ ਕਰ।"
ਇਹਦੇ ਨਾਲ ਦੋ ਤਿੰਨ ਠਹਾਕੇ ਗੂੰਜ ਉੱਠੇ ਅਤੇ ਕਾਫੀ ਦੂਰ ਤੱਕ ਕਾਲੀ ਦਾ ਪਿੱਛਾ ਕਰਦੇ ਰਹੇ।

--------ਚਲਦਾ--------