8
ਦੋ ਦਿਨਾਂ ਵਿੱਚ ਹੀ ਕਾਲੀ ਨੇ ਡਿਉਢੀ ਢਾਹ ਕੇ ਮਲਬਾ ਸਾਫ ਕਰ ਦਿੱਤਾ। ਉਹਨੇ ਜਗਹ ਦੀ ਲੰਬਾਈ ਚੌੜਾਈ ਦਾ ਹਿਸਾਬ ਲਾ ਕੇ ਮਕਾਨ ਦਾ ਨਕਸ਼ਾ ਬਣਾ ਲਿਆ: ਅੱਗੇ ਡਿਉਢੀ, ਉਹਦੇ ਪਿੱਛੇ ਵਿਹੜਾ ਜਿਸ ਵਿੱਚ ਇਕ ਪਾਸੇ ਰਸੋਈ, ਦੂਸਰੇ ਪਾਸੇ ਇਕ ਖੂੰਜੇ ਵਿੱਚ ਪੌੜੀ ਅਤੇ ਫਿਰ ਇਕ ਖੁੱਲ੍ਹੀ ਕੋਠੜੀ। ਉਸ ਦਾ ਜੀਅ ਕੀਤਾ ਕਿ ਉਹਦੇ ਘਰ ਵੀ ਉਸ ਤਰ੍ਹਾਂ ਦਾ ਹੀ ਨਲਕਾ ਹੋਵੇ, ਜਿਸ ਤਰ੍ਹਾਂ ਦਾ ਨਲਕਾ ਪਾਦਰੀ ਦੇ ਘਰ ਵਿੱਚ ਹੈ। ਉਹਨੂੰ ਵਾਰ ਵਾਰ ਖਿਆਲ ਆਉਂਦਾ ਕਿ ਕੋਠੜੀ ਉੱਪਰ ਇਕ ਚੁਬਾਰਾ ਵੀ ਹੋਣਾ ਚਾਹੀਦਾ, ਜਿਹਦੇ ਵਿੱਚ ਚਾਰੇ ਪਾਸੀਂ ਰੰਗਦਾਰ ਸੰੀਸਿੰਆਂ ਵਾਲੀਆਂ ਬਾਰੀਆਂ ਹੋਣ ਅਤੇ ਉਹਨਾਂ ਵਿੱਚ ਦੀ ਫਰ ਫਰ ਕਰਦੀ ਹਵਾ ਆਵੇ ਜਾਵੇ। ਕਾਲੀ ਜਦੋਂ ਚੁਬਾਰੇ ਬਾਰੇ ਸੋਚਦਾ ਤਾਂ ਉਹ ਬਿਲਕੁਲ ਅੱਖਾਂ ਦੇ ਸ਼ਾਹਮਣੇ ਆ ਜਾਂਦਾ, ਪਰ ਜਦੋਂ ਉਹ ਉਹਨੂੰ ਕੋਠੜੀ ਦੇ ਉੱਤੇ ਦੇਖਣ ਦੀ ਕੋਸਿੰਸੰ ਕਰਦਾ ਤਾਂ ਉਹ ਉਹਨੂੰ ਦੂਰ ਤੱਕ ਨਜ਼ਰ ਨਾ ਆਉਂਦਾ। ਜਦੋਂ ਉਹਨੂੰ ਯਾਦ ਆਉਂਦਾ ਕਿ ਉਹ ਸਿਰਫ ਬਾਹਰਲੀਆਂ ਕੰਧਾਂ ਹੀ ਪੱਕੀਆਂ ਪਾ ਸਕੂਗਾ ਤਾਂ ਉਹਦੇ ਦਿਲ ਵਿੱਚ ਇਕ ਜਲਣ ਜਿਹੀ ਹੁੰਦੀ। ਪਰ ਨਾਲ ਹੀ ਮਨ ਵਿੱਚ ਸਵਾਲ ਉੱਠਦਾ ਕਿ ਏਨੇ ਰੁਪਈਏ ਕਿੱਥੋਂ ਆਉਣਗੇ। ਇਹ ਸੋਚ ਕੇ ਉਸ ਦਾ ਦਿਲ ਬੈਠਣ ਲੱਗਦਾ ਅਤੇ ਵਾਰ ਵਾਰ ਖਿਆਲ ਆਉਂਦਾ ਕਿ ਉਹਨੇ ਖਾਹਮਖਾਹ ਮਕਾਨ ਢਾਹ ਦਿੱਤਾ। ਜੇ ਹੁਣ ਪੱਕਾ ਨਾ ਬਣਾ ਸਕਿਆ ਤਾਂ ਜਗ-ਹਸ਼ਾਈ ਹੋਊਗੀ।
ਇਸ ਹਨ੍ਹੇਰੇ ਵਿੱਚ ਉਹਨੂੰ ਰੌਸੰਨੀ ਦੀ ਇਕ ਕਿਰਨ ਨਜ਼ਰ ਆਉਂਦੀ ਕਿ ਸ਼ਾਇਦ ਛੱਜੂ ਸ਼ਾਹ ਤੋਂ ਕੁਝ ਪੈਸੇ ਉਧਾਰ ਮਿਲ ਜਾਣ। ਸ਼ਾਇਦ ਉਹ ਉਹਦੇ ਮਨ ਦੀ ਮੁਰਾਦ ਪੂਰੀ ਕਰ ਦੇਵੇ। ਕਾਲੀ ਨੂੰ ਯਾਦ ਆਇਆ ਕਿ ਅਜੇ ਉਸ ਨੇ ਆਪਣੇ ਚਾਚੇ ਦਾ ਲਿਆ ਹੋਇਆ ਉਧਾਰ ਵੀ ਦੇਣਾ ਹੈ। ਇਸ ਉਮੀਦ ਦੇ ਆਸਰੇ ਉਹਨੇ ਸਾਰਾ ਮਕਾਨ ਇਕ ਹੀ ਵਾਰ ਪੱਕਾ ਪਾਉਣ ਦਾ ਇਰਾਦਾ ਕਰ ਲਿਆ ਅਤੇ ਜੇਬ ਵਿੱਚ ਪੰਜਾਹ ਰੁਪਈਏ ਪਾ ਛੱਜੂ ਸ਼ਾਹ ਦੀ ਦੁਕਾਨ ਵਲ ਚਲਾ ਗਿਆ।
ਕਾਲੀ ਛੱਜੂ ਸ਼ਾਹ ਦੀ ਦੁਕਾਨ 'ਤੇ ਪਹੁੰਚਿਆ ਤਾਂ ਚੌਧਰੀ ਹਰਨਾਮ ਸਿੰਘ ਅਤੇ ਹੈਂਬੜਾ ਕਲੋਏ ਦਾ ਜ਼ੈਲਦਾਰ ਫੌਜਾ ਸਿੰਘ ਉੱਥੇ ਬੈਠੇ ਸਨ। ਉਹ ਕਿਸੇ ਭੇਦਭਰੀ ਗੱਲਬਾਤ ਵਿੱਚ ਰੁੱਝੇ ਹੋਏ ਸਨ। ਕਾਲੀ ਨੇ ਤਿੰਨਾਂ ਨੂੰ ਬੰਦਗੀ ਕੀਤੀ। ਚੌਧਰੀ ਹਰਨਾਮ ਸਿੰਘ ਅਤੇ ਜ਼ੈਲਦਾਰ ਫੌਜਾ ਸਿੰਘ ਨੇ ਕਾਲੀ 'ਤੇ ਸਰਸਰੀ ਨਜ਼ਰ ਸੁੱਟੀ ਪਰ ਛੱਜੂ ਸ਼ਾਹ ਨੇ ਉਹਦਾ ਹਾਲ ਚਾਲ ਪੁੱਛਿਆ ਅਤੇ ਖਲ ਵੜੇਵਿਆਂ ਦੀਆਂ ਬੋਰੀਆਂ ਦੇ ਨਾਲ ਵਿਛੇ ਟਾਟ ਦੇ ਟੁੱਕੜੇ 'ਤੇ ਬੈਠਣ ਦਾ ਇਸ਼ਾਰਾ ਕੀਤਾ। ਉਹ ਤਿੰਨੇ ਆਪਸ ਵਿੱਚ ਖੁਸਰ ਫੁਸਰ ਕਰਨ ਲੱਗੇ। ਕਾਲੀ ਪਹਿਲਾਂ ਤਾਂ ਬਿਨਾਂ ਮਤਲਬ ਦੇ ਏਧਰ ਉਧਰ ਦੇਖਦਾ ਰਿਹਾ ਪਰ ਜਦੋਂ ਉਹਨਾਂ ਦੀਆਂ ਗੱਲਾਂ ਵਿੱਚ ਪੈਸਿਆਂ ਦਾ ਵਾਰ ਵਾਰ ਜ਼ਿਕਰ ਆਉਣ ਲੱਗਾ ਤਾਂ ਉਹ ਵੀ ਕੰਨ ਲਾ ਕੇ ਉਹਨਾਂ ਦੀਆਂ ਗੱਲਾਂ ਸੁਣਨ ਦੀ ਕੋਸਿੰਸੰ ਕਰਨ ਲੱਗਾ।
ਜ਼ੈਲਦਾਰ ਫੌਜਾ ਸਿੰਘ ਨੂੰ ਪੈਸਿਆਂ ਦੀ ਜ਼ਰੂਰਤ ਸੀ। ਚੌਧਰੀ ਹਰਨਾਮ ਸਿੰਘ ਸਿਫਾਰਿਸੰ ਲਈ ਨਾਲ ਆਇਆ ਸੀ। ਛੱਜੂ ਸ਼ਾਹ ਨੂੰ ਭਲੀ ਭਾਂਤ ਪਤਾ ਸੀ ਕਿ ਫੌਜਾ ਸਿੰਘ ਜ਼ੈਲਦਾਰੀ ਦੇ ਰੋਅਬ ਵਿੱਚ ਹੈ। ਥਾਣੇ ਕਚਿਹਰੀ ਤੱਕ ਉਸ ਦੀ ਰਸਾਈ ਹੈ। ਜ਼ਿਲਾ ਮੁਖੀ ਨਾਲ ਵੀ ਦੁਆ ਸਲਾਮ ਹੈ। ਛੱਜੂ ਸੰਾਹ ਉਹਨੂੰ ਵੱਡੀ ਰਕਮ ਦੇਣ ਤੋਂ ਘਬਰਾ ਰਿਹਾ ਸੀ ਕਿਉਂਕਿ ਉਹਨੂੰ ਅਸਾਮੀ 'ਤੇ ਵਿਸੰਵਾਸ ਨਹੀਂ ਸੀ। ਪਰ ਉਹ ਬਹਾਨਾ ਇਹ ਬਣਾ ਰਿਹਾ ਸੀ ਕਿ ਉਹਦੇ ਕੋਲ ਏਨੀ ਵੱਡੀ ਰਕਮ ਨਹੀਂ ਹੈ। ਉਹ ਠੋਸ ਜ਼ਮਾਨਤ ਚਾਹੁੰਦਾ ਸੀ ਪਰ ਜ਼ੈਲਦਾਰ ਹੱਥ ਉਧਾਰ ਰਕਮ ਚਾਹੁੰਦਾ ਸੀ। ਜਦੋਂ ਗੱਲ ਲੰਮੀ ਹੋਣ ਲੱਗੀ ਅਤੇ ਛੱਜੂ ਸ਼ਾਹ ਦੱਬੀ ਜ਼ਬਾਨ ਵਿੱਚ ਅਵਿਸੰਵਾਸ ਪ੍ਰਗਟ ਕਰਨ ਲੱਗਾ ਤਾਂ ਚੌਧਰੀ ਹਰਨਾਮ ਸਿੰਘ ਸ਼ਾਹ ਨੂੰ ਸਮਝਾਉਂਦਾ ਹੋਇਆ ਬੋਲਿਆ:
"ਸ਼ਾਹ ਸਰਦਾਰਾਂ ਦੀ ਜ਼ਬਾਨ ਹੀ ਸਾਰਿਆਂ ਤੋਂ ਵੱਡੀ ਜ਼ਮਾਨਤ ਹੁੰਦੀ ਹੈ। ਏਸ ਜ਼ਬਾਨ ਨਾਲ ਵੱਡੇ ਵੱਡੇ ਵਪਾਰ ਅਤੇ ਰਿਸੰਤੇ ਨਾਤੇ ਤਹਿ ਹੁੰਦੇ ਹਨ।"
"ਤੁਹਾਡੀ ਗੱਲ ਸੋਲਾਂ ਆਨੇ ਸੱਚ ਹੈ ਪਰ ਵਿਹਾਰ ਵੀ ਕੋਈ ਚੀਜ਼ ਹੈ।" ਛੱਜੂ ਸ਼ਾਹ ਨੇ ਜੁਆਬ ਦਿੱਤਾ।
ਜ਼ੈਲਦਾਰ ਫੌਜਾ ਸਿੰਘ ਨੇ ਜਦੋਂ ਦੇਖਿਆ ਕਿ ਸ਼ਾਹ ਆਪਣੀ ਗੱਲ 'ਤੇ ਅੜ ਗਿਆ ਹੈ ਤਾਂ ਉਹ ਜ਼ਮਾਨਤ ਦੇਣ ਲਈ ਰਾਜ਼ੀ ਹੋ ਗਿਆ।
"ਸ਼ਾਹ, ਸਾਡੇ ਕੋਲ ਜ਼ਮਾਨਤ ਰੱਖਣ ਲਈ ਇਕ ਹੀ ਚੀਜ਼ ਹੁੰਦੀ ਆ ਅਤੇ ਉਹ ਮੈਂ ਤੇਰੇ ਨਾਂ ਗਹਿਣੇ ਨਹੀਂ ਕਰ ਸਕਦਾ ਕਿਉਂਕਿ ਕਾਨੂੰਨ ਇਜਾਜ਼ਤ ਨਹੀਂ ਦਿੰਦਾ।"
"ਸਰ ਛੋਟੂਰਾਮ ਦੇ ਬਣਾਏ ਹੋਏ ਕਾਨੂੰਨ ਦੀ ਗੱਲ ਕਰਦੈਂ? ਇਸ ਦਾ ਇਲਾਜ ਮੇਰੇ ਕੋਲ ਹੈਗਾ।" ਅਤੇ ਛੱਜੂ ਸ਼ਾਹ ਆਪਣਾ ਮੂੰਹ ਜ਼ੈਲਦਾਰ ਦੇ ਕੰਨ ਦੇ ਲਾਗੇ ਲਿਜਾ ਕੇ ਬੋਲਿਆ:
"ਮੇਰੇ ਰਿਸੰਤੇਦਾਰ ਜ਼ਮੀਨਾਂ ਦੇ ਮਾਲਕ ਹਨ। ਉਹਨਾਂ ਦੇ ਨਾਂ ਤਾਂ ਤੁਹਾਡੀ ਜ਼ਮੀਨ ਗਹਿਣੇ ਰੱਖੀ ਜਾ ਸਕਦੀ ਹੈ। ਚਲੋ ਉਹ ਨਾ ਸਹੀ, ਬਾਬਕ ਵਾਲਾ ਜੱਟ ਜਗਤਾ ਮੇਰਾ ਆਪਣਾ ਆਦਮੀ ਹੈ। ਉਹਦੇ ਨਾਂ ਗਹਿਣੇ ਕਰਵਾ ਦੇਣਾ।"
ਜ਼ੈਲਦਾਰ ਫੌਜਾ ਸਿੰਘ ਅਤੇ ਚੌਧਰੀ ਹਰਨਾਮ ਸਿੰਘ ਥੜ੍ਹੇ ਦੇ ਦੂਸਰੇ ਪਾਸੇ ਚਲੇ ਗਏ ਅਤੇ ਆਪਸ ਵਿੱਚ ਸਲਾਹ ਕਰਨ ਬਾਅਦ ਸ਼ਾਹ ਦੇ ਕੋਲ ਵਾਪਸ ਆ ਗਏ। ਚੌਧਰੀ ਹਰਨਾਮ ਸਿੰਘ ਕਹਿਣ ਲੱਗਾ:
"ਜ਼ੈਲਦਾਰ ਦੀ ਅੱਠ-ਦਸ ਘੁਮਾਂ ਬੰਜਰ ਜ਼ਮੀਨ ਹੈ। ਉਹਦੇ ਵਿੱਚੋਂ ਦੋ ਘੁਮਾਂ ਗਹਿਣੇ ਰੱਖ ਲੈ।"
"ਜੇ ਉਹ ਜ਼ਮੀਨ ਗਹਿਣੇ ਰੱਖਣੀ ਹੈ ਤਾਂ ਸੂਦ ਵੀ ਡਬਲ ਲੱਗੂਗਾ। ਜਿਸ ਜ਼ਮੀਨ ਵਿੱਚ ਘਾਹ ਦਾ ਤਿਨਕਾ ਵੀ ਨਾਂ ਉੱਗਦਾ ਹੋਵੇ, ਉਹਨੂੰ ਗਹਿਣੇ ਰੱਖ ਕੇ ਮੈਂ ਕੀ ਕਮਾਊਂਗਾ?" ਛੱਜੂ ਸ਼ਾਹ ਨੇ ਕਿਹਾ।
ਉਹ ਤਿੰਨੇ ਆਪਸ ਵਿੱਚ ਫਿਰ ਸਲਾਹ ਕਰਨ ਲੱਗੇ ਅਤੇ ਹੌਲੀ ਹੌਲੀ ਉਹਨਾਂ ਦੀ ਅਵਾਜ਼ ਹੌਲੀ ਅਤੇ ਸਿਰ ਹੋਰ ਨੇੜੇ ਹੁੰਦੇ ਗਏ। ਜਦੋਂ ਫੌਜਾ ਸਿੰਘ ਆਪਣੀ ਜ਼ੈਲਦਾਰੀ ਦਾ ਰੋਅਬ ਦਿਖਾਉਣ ਲੱਗਦਾ ਤਾਂ ਸ਼ਾਹ ਏਸ ਤਰ੍ਹਾਂ ਪੈਂਤੜਾ ਬਦਲਦਾ ਕਿ ਜ਼ੈਲਦਾਰ ਨੂੰ ਫਿਰ ਝੁਕਣਾ ਪੈਂਦਾ। ਚੌਧਰੀ ਹਰਨਾਮ ਸਿੰਘ ਜ਼ੈਲਦਾਰ ਨੂੰ ਇਕ ਵਾਰ ਫਿਰ ਥੜ੍ਹੇ ਤੋਂ ਪਰ੍ਹੇ ਲੈ ਗਿਆ ਅਤੇ ਥੋੜ੍ਹੀ ਦੇਰ ਬਾਅਦ ਸ਼ਾਹ ਦੇ ਕੰਨ ਵਿੱਚ ਕੁਝ ਕਿਹਾ। ਸ਼ਾਹ ਨੇ ਕੁਝ ਪਲ ਸੋਚਣ ਤੋਂ ਬਾਅਦ ਚੌਧਰੀ ਤੋਂ ਇਕ ਦੋ ਸਵਾਲ ਪੁੱਛੇ ਅਤੇ ਫਿਰ ਫੈਸਲਾਕੁੰਨ ਅਵਾਜ਼ ਵਿੱਚ ਬੋਲਿਆ:
"ਅੱਛਾ ਜ਼ੈਲਦਾਰ ਸ਼ਾਹਿਬ, ਤੁਸੀਂ ਕੋਈ ਬਿਗਾਨੇ ਤਾਂ ਨਹੀਂ। ਤੁਸੀਂ ਇਲਾਕੇ ਦੇ ਮਾਲਕ ਹੋ। ਤੁਹਾਡੇ ਵਰਗੇ ਚੌਧਰੀਆਂ ਅਤੇ ਸਰਦਾਰਾਂ ਦੇ ਸਹਾਰੇ ਤਾਂ ਅਸੀਂ ਲੋਕ ਪਿੰਡ ਵਿੱਚ ਇੱਜ਼ਤ ਨਾਲ ਦਿਨ ਗੁਜਾਰ ਰਹੇ ਹਾਂ।" ਛੱਜੂ ਸ਼ਾਹ ਨੇ ਇਹ ਕਹਿ ਕੇ ਦੋਨਾਂ ਦੇ ਕੰਨਾਂ ਨੇੜੇ ਮੂੰਹ ਕਰ ਆਪਣਾ ਫੈਸਲਾ ਸੁਣਾ ਦਿੱਤਾ। ਚੌਧਰੀ ਅਤੇ ਜ਼ੈਲਦਾਰ ਦੋਨੋਂ ਚੌਂਕ ਪਏ ਪਰ ਛੱਜੂ ਸ਼ਾਹ ਨੇ ਉਹਨਾਂ ਨੂੰ ਇਕ ਵੀ ਸੰਬਦ ਬੋਲਣ ਦਾ ਮੌਕਾ ਨਹੀਂ ਦਿੱਤਾ। ਉਹ ਆਪਣੀ ਜਿੱਤ 'ਤੇ ਮੁਸਕਰਾਉਂਦਾ ਹੋਇਆ ਬੋਲਿਆ:
"ਤੁਸੀਂ ਹੋਏ ਚੌਧਰੀ ਜ਼ਮੀਨਾਂ ਦੇ ਮਾਲਕ ਅਤੇ ਅਸੀਂ ਹਾਂ ਮਜ਼ਦੂਰ ਹਟਬਾਣੀਏ। ਤੁਹਾਡੇ ਵਰਗੇ ਲੋਕਾਂ ਦੇ ਆਸਰੇ ਦਾਲ ਰੋਟੀ ਚੱਲ ਜਾਂਦੀ ਆ। ਤੁਸੀਂ ਵੱਡੀ ਤੋਂ ਵੱਡੀ ਸੱਟ ਸਹਿ ਸਕਦੇ ਹੋ, ਪਰ ਅਸੀਂ ਲੋਕ ਜੇ ਇਕ ਵਾਰ ਡਿੱਗ ਪਏ ਤਾਂ ਬਸ ਸਾਰੀ ਉਮਰ ਨਹੀਂ ਉੱਠ ਸਕਦੇ।।।। ਕਿਉਂ ਕਾਲੀ?" ਛੱਜੂ ਸ਼ਾਹ ਨੇ ਆਪਣੀ ਗੱਲ ਦੀ ਪੁਸੰਟੀ ਲਈ ਕਾਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ। ਕਾਲੀ ਜੁਆਬ ਵਿੱਚ ਸਿਰਫ ਮੁਸਕਰਾਇਆ। ਉਹਨੂੰ ਛੱਜੂ ਸ਼ਾਹ 'ਤੇ ਗੁੱਸਾ ਆ ਰਿਹਾ ਸੀ ਕਿ ਉਹ ਚੌਧਰੀ ਅਤੇ ਜ਼ੈਲਦਾਰ ਦੇ ਸਾਹਮਣੇ ਆਪਣੇ ਆਪ ਨੂੰ ਏਨਾ ਨਿਗੂਣਾ ਕਿਉਂ ਦਰਸਾ ਰਿਹਾ ਹੈ।
ਮੰਗੂ ਨੇ ਜਦੋਂ ਛੱਜੂ ਸ਼ਾਹ ਨੂੰ ਕਾਲੀ ਨੂੰ ਸੰਬੋਧਨ ਕਰਦਿਆਂ ਦੇਖਿਆ ਤਾਂ ਉਹ ਵੜੇਵਿਆਂ ਦੀ ਬੋਰੀ ਦੇ ਪਿੱਛਿਉਂ ਝਾਕਦਾ ਹੋਇਆ ਬੋਲਿਆ:
"ਸ਼ਾਹ ਜੀ, ਤੁਸੀਂ ਤਾਂ ਸੇਠ ਆਂ ਸੇਠ! ਦੁਨੀਆਂ ਵਿੱਚ ਦੋ ਤਰ੍ਹਾਂ ਦੇ ਹੀ ਤਾਂ ਆਦਮੀ ਹਨ।।। ਇਕ ਚੌਧਰੀ ਅਤੇ ਦੂਸਰੇ ਸੇਠ।" ਉਹ ਠਹਾਕੇ ਮਾਰਨ ਲੱਗਾ।
ਚੌਧਰੀ ਅਤੇ ਜ਼ੈਲਦਾਰ ਇਕ ਵਾਰ ਫਿਰ ਆਪਸ ਵਿੱਚ ਸਲਾਹ ਕਰਨ ਲੱਗੇ। ਚੌਧਰੀ, ਜ਼ੈਲਦਾਰ 'ਤੇ ਸ਼ਾਹ ਦੀ ਗੱਲ ਮੰਨਣ ਲਈ ਜ਼ੋਰ ਪਾ ਰਿਹਾ ਸੀ ਪਰ ਜ਼ੈਲਦਾਰ ਕੁਝ ਹਿਚਕਚਾ ਰਿਹਾ ਸੀ। ਮੰਗੂ ਨੇ ਕਾਲੀ 'ਤੇ ਆਪਣਾ ਰੋਹਬ ਪੂਰੀ ਤਰ੍ਹਾਂ ਪਾਉਣ ਲਈ ਇਸ ਮੌਕੇ ਤੋਂ ਪੂਰਾ ਪੂਰਾ ਫਾਇਦਾ ਉਠਾਉਣਾ ਚਾਹਿਆ। ਉਹ ਇਕ ਵਾਰ ਫਿਰ ਬੋਰੀ ਦੇ ਪਿੱਛਿਉਂ ਸਿਰ ਕੱਢ ਕੇ ਉੱਚੀ ਅਵਾਜ਼ ਵਿੱਚ ਬੋਲਿਆ:
"ਜ਼ੈਲਦਾਰ ਸਾਹਿਬ, ਤੁਸੀਂ ਸ਼ਾਹ ਦੀ ਗੱਲ ਮੰਨ ਲਉ। ਇਸ ਵਿੱਚ ਕੋਈ ਹਰਜ਼ ਨਹੀਂ ਹੈ।"
ਪਰ ਜਦੋਂ ਉਹਨੇ ਦੇਖਿਆ ਕਿ ਉਹਨਾਂ ਵਿੱਚੋਂ ਕਿਸੇ ਨੇ ਵੀ ਉਹਦੀ ਗੱਲ 'ਤੇ ਧਿਆਨ ਨਹੀਂ ਦਿੱਤਾ ਤਾਂ ਉਹ ਬੋਰੀ ਦੇ ਪਿੱਛਿਉਂ ਉੱਠ ਆਇਆ ਅਤੇ ਨੇੜੇ ਆ ਕੇ ਬੋਲਿਆ:
"ਮੇਰੀ ਗੱਲ ਮੰਨੋ ਤਾਂ ਸ਼ਾਹ ਕੋਈ ਨਿਹੱਕ ਗੱਲ ਨਹੀਂ ਕਰ ਰਿਹਾ। ਫਿਰ ਉਹ ਕੋਈ ਗੈਰ ਆਦਮੀ ਤਾਂ ਹੈ ਨਹੀਂ।" ਮੰਗੂ ਨੇ ਜੇਤੂ ਨਿਗਾਹਾਂ ਨਾਲ ਕਾਲੀ ਵਲ ਦੇਖਿਆ। ਜਦੋਂ ਮੰਗੂ ਨੇ ਮਹਿਸੂਸ ਕੀਤਾ ਕਿ ਇਸ ਵਾਰ ਵੀ ਉਹਦੀ ਗੱਲ ਨੂੰ ਅਣਸੁਣੀ ਕਰ ਦਿੱਤਾ ਗਿਆ ਹੈ ਤਾਂ ਉਹ ਉਹਨਾਂ ਵਲ ਇਕ ਕਦਮ ਵਧਾ ਕੇ ਛੱਜੂ ਸ਼ਾਹ ਨੂੰ ਸੰਬੋਧਿਤ ਹੁੰਦਾ ਬੋਲਿਆ:
"ਸ਼ਾਹ ਜੀ, ਤੁਸੀਂ ਹੀ ਥੋੜ੍ਹਾ ਨਰਮ ਹੋ ਜਾਉ।"
ਮੰਗੂ ਨੇ ਅਜੇ ਆਪਣੀ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਚੌਧਰੀ ਹਰਨਾਮ ਸਿੰਘ ਗਰਜਦੀ ਹੋਈ ਅਵਾਜ਼ ਵਿੱਚ ਬੋਲਿਆ:
"ਕੁੱਤੇ ਦੀ ਔਲਾਦ ਚੁੱਪ ਬੈਠ। ਕੁੱਤਾ ਚਮਾਰ ਆਪਣੇ ਆਪ ਨੂੰ ਵੱਡਾ ਪੰਚ ਸਮਝਦਾ।"
ਛੱਜੂ ਸ਼ਾਹ ਵੀ ਮੰਗੂ ਨੂੰ ਝਿੜਕਦਾ ਬੋਲਿਆ:
"ਮੰਗੂ ਕਿਉਂ ਮੂਰਖ ਬਣਦਾ। ਵੱਡਿਆਂ ਦੀਆਂ ਗੱਲਾਂ ਵਿੱਚ ਕਿਉਂ ਦਖਲ ਦਿੰਦਾ।"
ਮੰਗੂ ਖਿਸਿਆਨਾ ਹੋ ਕੇ ਫਿਰ ਵੜੇਵਿਆਂ ਦੀ ਬੋਰੀ ਦੇ ਪਿੱਛੇ ਜਾ ਬੈਠਿਆ ਅਤੇ ਮੂੰਹ ਵਿੱਚ ਹੀ ਬੁੜਬੜਾਉਣ ਲੱਗਾ। ਉਹਨੇ ਕਾਲੀ ਵਲ ਦੇਖਿਆ ਤਾਂ ਉਹਨੂੰ ਮਹਿਸੂਸ ਹੋਇਆ ਜਿਵੇਂ ਉਹ ਉਹਦੇ ਨਿਰਾਦਰ ਤੋਂ ਬਹੁਤ ਖੁਸੰ ਹੋਇਆ ਹੋਵੇ। ਉਹ ਮੂੰਹ ਹੀ ਮੂੰਹ ਵਿੱਚ ਕਾਲੀ ਨੂੰ ਗਾਲ੍ਹਾਂ ਕੱਢਦਾ ਧਮਕੀਆਂ ਦੇਣ ਲੱਗਾ। ਕਾਲੀ ਨੀਵੀਂ ਪਾਈ ਸੋਚ ਰਿਹਾ ਸੀ ਕਿ ਚੌਧਰੀ ਨੇ ਮੰਗੂ ਨੂੰ ਕੁੱਤਾ ਚਮਾਰ ਕਿਉਂ ਕਿਹਾ। ਕਾਲੀ ਗੁੱਸੇ ਨੂੰ ਦਬਾਉਂਦਾ ਜਾਣ ਲਈ ਉੱਠ ਖੜਿਆ। ਪਰ ਛੱਜੂ ਸ਼ਾਹ ਉਹਨੂੰ ਹੱਥ ਨਾਲ ਬੈਠਣ ਦਾ ਇਸ਼ਾਰਾ ਕਰਦਾ ਹੋਇਆ ਬੋਲਿਆ:
"ਬਾਬੂ ਕਾਲੀ ਦਾਸ ਤੂੰ ਕਿੱਥੇ ਚੱਲਿਆਂ? ਬੈਠ ਬੈਠ। ਲੈ ਆਹ ਸਿਗਰਟ ਪੀ।" ਛੱਜੂ ਸ਼ਾਹ ਨੇ ਲੈਂਪ ਦਾ ਸਿਗਰਟ ਅਤੇ ਮਾਚਿਸ ਉਹਦੇ ਵਲ ਸੁੱਟਦੇ ਹੋਏ ਕਿਹਾ। ਕਾਲੀ ਸਿਗਰਟ ਲਾ ਕੇ ਫਿਰ ਬੈਠ ਗਿਆ। ਮੰਗੂ ਆਪਣੇ ਅੰਦਰ-ਹੀ- ਅੰਦਰ ਜ਼ਹਿਰ ਘੋਲਦਾ ਹੋਇਆ ਆਪਣੇ ਨੇੜੇ ਹਫ ਰਹੇ ਸਿੰਕਾਰੀ ਕੁੱਤੇ ਦੇ ਗਲ ਵਿੱਚ ਪਏ ਪਟੇ ਨੂੰ ਕੱਸਣ ਲੱਗਾ।
ਚੌਧਰੀ ਹਰਨਾਮ ਸਿੰਘ ਨੇ ਕੁੱਤੇ ਦੀ ਚੂੰ-ਚੂੰ ਦੀ ਅਵਾਜ਼ ਸੁਣੀ ਤਾਂ ਮੰਗੂ ਨੂੰ ਅਵਾਜ਼ ਦੇ ਕੇ ਕੁੱਤੇ ਦੇ ਗਲ ਦੇ ਪਟੇ ਨੂੰ ਢਿੱਲਾ ਕਰਨ ਲਈ ਕਿਹਾ। ਮੰਗੂ ਬੋਰੀ ਦੇ ਪਿੱਛਿਉਂ ਨਿਕਲ ਕੇ ਬੋਲਿਆ:
"ਪਟਾ ਤਾਂ ਢਿੱਲਾ ਈ ਆ। ਬੈਠਾ ਬੈਠਾ ਤੰਗ ਆ ਗਿਆ ਹੈ।"
"ਤਾਂ ਇਹਨੂੰ ਹਵੇਲੀ ਲੈ ਜਾ ਅਤੇ ਪਟਾ ਲਾਹ ਕੇ ਵੱਡਾ ਗੇਟ ਬੰਦ ਕਰ ਦਈਂ।" ਚੌਧਰੀ ਨੇ ਕਿਹਾ। ਮੰਗੂ ਕੁੱਤੇ ਦੀ ਸੰਗਲੀ ਫੜੀ ਕਾਲੀ ਨੂੰ ਘੂਰਦਾ ਹੋਇਆ ਥੜ੍ਹੇ ਤੋਂ ਹੇਠਾਂ ਉਤਰ ਗਿਆ।
ਜਦੋਂ ਜ਼ੈਲਦਾਰ ਫੌਜਾ ਸਿੰਘ ਅਤੇ ਛੱਜੂ ਸ਼ਾਹ ਦੀ ਗੱਲ ਸਿਰੇ ਚੜ੍ਹਦੀ ਨਜ਼ਰ ਨਾ ਆਈ ਤਾਂ ਚੌਧਰੀ ਹਰਨਾਮ ਸਿੰਘ ਨੇ ਜ਼ੈਲਦਾਰ ਨੂੰ ਕਿਹਾ:
"ਜ਼ੈਲਦਾਰਾ, ਜੇ ਤੁੰ ਆਪਣੀ ਜ਼ਮੀਨ ਗਹਿਣੇ ਨਹੀਂ ਰੱਖਣਾ ਚਾਹੁੰਦਾ ਤਾਂ ਮੈਂ ਆਪਣੀ ਜ਼ਮੀਨ ਰੱਖ ਦਿੰਦਾ। ਜੋ ਕੰਮ ਕਰਨਾ ਉਹ ਕਰਨਾ ਈ ਹੈ। ਦੋ ਜ਼ਰੀਬ ਜ਼ਮੀਨ ਪਿੱਛੇ ਕਿਉਂ ਜਾਨ ਦੇਈ ਜਾਂਦਾ।"
"ਇਹ ਹੈ ਚੌਧਰੀਆਂ ਵਾਲਾ ਜਿਗਰਾ।" ਛੱਜੂ ਸ਼ਾਹ ਨੇ ਖੁਸੰ ਹੁੰਦਿਆਂ ਉੱਚੀ ਅਵਾਜ਼ ਵਿੱਚ ਕਿਹਾ।
"ਜ਼ੈਲਦਾਰ ਜੀ ਮੈਂ ਵਿਆਜ ਵਿੱਚ ਦਮੜੇ ਪਾਈ ਘਟਾ ਦਊਂਗਾ ਪਰ ਮੇਰੀ ਸੰਰਤ ਤੁਹਾਨੂੰ ਮੰਨਣੀ ਹੀ ਪਏਗੀ। ਨੀਤੀ ਦੇ ਉਲਟ ਜਾਣਾ ਮੇਰਾ ਧਰਮ ਨਹੀਂ। ਰੱਬ ਗਵਾਹ ਹੈ, ਮੈਨੂੰ ਆਪਣੀ ਰਕਮ ਅਤੇ ਵਿਆਜ ਦਾ ਫਿਕਰ ਨਹੀਂ, ਮੈਨੂੰ ਤਾਂ ਸਿਰਫ ਤੁਹਾਡੀ ਜ਼ਰੂਰਤ ਅਤੇ ਇਜ਼ਤ ਦਾ ਖਿਆਲ ਹੈ। ਜੀ ਖੋਲ੍ਹ ਕੇ ਖਰਚ ਕਰੋ। ਜੇ ਸਰਦਾਰ ਖਰਚ ਨਹੀਂ ਕਰਨਗੇ ਤਾਂ ਕੀ ਘੁਮਾਰ ਅਤੇ ਚਮਾਰ ਖਰਚ ਕਰਨਗੇ।" ਛੱਜੂ ਸ਼ਾਹ ਨੇ ਆਪਣੇ ਇਕ ਇਕ ਸੰਬਦ 'ਤੇ ਜ਼ੋਰ ਦਿੰਦਿਆ ਕਿਹਾ। ਜ਼ੈਲਦਾਰ ਫੌਜਾ ਸਿੰਘ ਲਈ ਹੁਣ ਕੋਈ ਰਾਹ ਨਾ ਰਿਹਾ। ਚੌਧਰੀ ਹਰਨਾਮ ਸਿੰਘ ਦੇ ਇਸ਼ਾਰੇ 'ਤੇ ਉਹਨੇ ਹਾਂ ਕਹਿ ਦਿੱਤੀ ਅਤੇ ਉਹ ਤਿੰਨੇ ਉੱਠ ਖੜ੍ਹੇ ਹੋਏ। ਛੱਜੂ ਸ਼ਾਹ ਨੇ ਜ਼ੈਲਦਾਰ ਨੂੰ ਕਿਹਾ:
"ਤੁਹਾਨੂੰ ਪਤਾ ਈ ਹੈ ਜੋ ਕਾਗਜ਼ ਪੱਤਰ ਚਾਹੀਦੇ ਨੇ। ਕਿਸੇ ਨੂੰ ਤਹਿਸੀਲ ਭੇਜ ਕੇ ਮੰਗਵਾ ਲੈਣਾ। ਮੈਂ ਏਨੀ ਦੇਰ ਵਿੱਚ ਰਕਮ ਦਾ ਬੰਦੋਬਸਤ ਕਰ ਲਊਂਗਾ।"
ਚੌਧਰੀ ਹਰਨਾਮ ਸਿੰਘ ਅਤੇ ਜ਼ੈਲਦਾਰ ਫੌਜਾ ਸਿੰਘ, ਛੱਜੂ ਸ਼ਾਹ ਨਾਲ ਦਿਨ ਨਿਸੰਚਿਤ ਕਰਕੇ ਥੜ੍ਹੇ ਤੋਂ ਉਤਰਨ ਲੱਗੇ। ਉਹਨਾਂ ਨੂੰ ਜਾਂਦੇ ਦੇਖ ਕਾਲੀ ਵੀ ਖੜ੍ਹਾ ਹੋ ਗਿਆ। ਚੌਧਰੀ ਹਰਨਾਮ ਸਿੰਘ ਨੇ ਉਹਦੀ ਵਲ ਹੋਰ ਧਿਆਨ ਨਾਲ ਦੇਖਿਆ ਅਤੇ ਉਸ ਦੇ ਰਿਸੰਟ ਪੁਸੰਟ ਸਰੀਰ ਅਤੇ ਸਾਫ ਕੱਪੜਿਆਂ ਦਾ ਜਾਇਜ਼ਾ ਲੈਂਦਾ ਹੋਇਆ ਬੋਲਿਆ:
"ਸੁਣਾ ਕਾਲੀ, ਕੀ ਹਾਲ ਹੈ ਤੇਰਾ?"
ਕਾਲੀ ਦੇ ਜੁਆਬ ਦੇਣ ਤੋਂ ਪਹਿਲਾਂ ਹੀ ਛੱਜੂ ਸ਼ਾਹ ਬੋਲ ਪਿਆ:
"ਚੌਧਰੀ, ਕਾਲੀ ਪੱਕਾ ਮਕਾਨ ਪਾ ਰਿਹਾ।"
ਚੌਧਰੀ ਨੇ ਇਕ ਵਾਰ ਫਿਰ ਕਾਲੀ 'ਤੇ ਨਜ਼ਰ ਸੁੱਟੀ ਅਤੇ ਕੁਛ ਕਹੇ ਬਿਨਾਂ ਥੜ੍ਹੇ ਤੋਂ ਹੇਠਾਂ ਉਤਰ ਗਿਆ।
ਜਦੋਂ ਉਹ ਕੁਛ ਦੂਰ ਚਲੇ ਗਏ ਤਾਂ ਛੱਜੂ ਸ਼ਾਹ ਨੇ ਕਾਲੀ ਨੂੰ ਕਿਹਾ:
"ਕੀ ਕੀਤਾ ਜਾਵੇ? ਚੌਧਰੀ ਲੋਕ ਨੇ, ਜ਼ਮੀਨਾਂ ਦੇ ਮਾਲਕ ਹਨ। ਰੁਪਈਆਂ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਤਾਂ ਏਧਰ ਆ ਜਾਂਦੇ ਹੈ। ਇਹਨਾਂ ਦੀ ਜ਼ਰੂਰਤ ਪੂਰੀ ਕਰਨੀ ਹੀ ਪੈਂਦੀ ਹੈ। ਜੇ ਨਾ ਕਰੋ ਤਾਂ ਕਦੇ ਦੁਕਾਨ 'ਤੇ ਡਾਕਾ ਅਤੇ ਕਦੇ ਘਰ ਵਿੱਚ ਚੋਰੀ। ਹੁਣ ਦੋ ਹਜ਼ਾਰ ਮੰਗ ਰਿਹਾ ਸੀ, ਕੁੜੀ ਦੇ ਵਿਆਹ ਲਈ। ਹੱਥ ਉਧਾਰ ਚਾਹੁੰਦਾ ਸੀ। ਇਹ ਤਾਂ ਕਾਗਜ਼ ਪੱਤਰ ਹੁੰਦੇ ਹੋਏ ਰਕਮ ਖਾ ਜਾਂਦੇ ਨੇ, ਹੱਥ ਉਧਾਰ ਲਈ ਹੋਈ ਰਕਮ ਕਦੋਂ ਵਾਪਸ ਕਰਨਗੇ।"
ਕਾਲੀ ਆਪਣੀ ਮਨ ਦੀ ਗੱਲ ਕਹਿਣ ਲਈ ਛੱਜੂ ਸ਼ਾਹ ਦੀ ਹਾਂ ਵਿੱਚ ਹਾਂ ਮਿਲਾਉਂਦਾ ਹੋਇਆ ਬੋਲਿਆ:
"ਸ਼ਾਹ ਜੀ ਇਸ ਦੁਨੀਆਂ 'ਚ ਹਰ ਆਦਮੀ ਜ਼ਰੂਰਤਮੰਦ ਹੈ। ਬੰਦਾ ਹੀ ਬੰਦੇ ਦਾ ਦਾਰੂ ਹੈ। ਇਸ ਇਲਾਕੇ ਵਿੱਚ ਕਿਸੇ ਨੂੰ ਪੈਸੇ ਦੀ ਜ਼ਰੂਰਤ ਪਊਗੀ ਤਾਂ ਤੁਹਾਡੇ ਕੋਲ ਹੀ ਆਊਗਾ।"
"ਬੰਦਾ ਕਿਸੇ ਲਈ ਕੀ ਕਰ ਸਕਦਾ। ਕਰਨ ਵਾਲਾ ਤਾਂ ਰੱਬ ਹੈ। ਬੰਦਾ ਤਾਂ ਸਿਰਫ ਬਹਾਨਾ ਬਣਦਾ ਹੈ।" ਛੱਜੂ ਸ਼ਾਹ ਨੇ ਨਿਮਰਤਾ ਨਾਲ ਕਿਹਾ।
ਕਾਲੀ ਛੱਜੂ ਸ਼ਾਹ ਵਲ ਦੇਖਦਾ ਰਿਹਾ ਕਿ ਆਪਣੇ ਮਨ ਦੀ ਗੱਲ ਕਹਿ ਦੇਵੇ। ਪਰ ਉਹਦੀ ਹਿੰਮਤ ਨਹੀਂ ਪੈ ਰਹੀ ਸੀ। ਆਖਿਰ ਉਹਨੇ ਜੇਬ ਵਿੱਚੋਂ ਪੱਚੀ ਰੁਪਈਏ ਕੱਢੇ ਅਤੇ ਛੱਜੂ ਸ਼ਾਹ ਵਲ ਵਧਾਉਂਦਾ ਬੋਲਿਆ:
"ਏਧਰ ਆਇਆ ਸੀ ਤਾਂ ਕਿ ਤੁਹਾਨੂੰ ਉਹ ਪੈਸੇ ਦਿੰਦਾ ਜਾਂਵਾਂ ਜੋ ਚਾਚੇ ਨੇ ਤੁਹਾਡੇ ਕੋਲੋਂ ਉਧਾਰ ਲਏ ਸੀ।"
ਛੱਜੂ ਸ਼ਾਹ ਯਾਦ ਕਰਦਾ ਹੋਇਆ ਉੱਚੀ ਅਵਾਜ਼ ਵਿੱਚ ਬੋਲਿਆ:
"ਅੱਛਾ-ਅੱਛਾ, ਯਾਦ ਆ ਗਿਆ। ਇਹ ਤਾਂ ਦਸ ਬਾਰਾਂ ਸਾਲ ਪੁਰਾਣੀ ਗੱਲ ਹੈ। ਸ਼ਾਇਦ ਇਸ ਤੋਂ ਵੀ ਪੁਰਾਣੀ ਗੱਲ ਹੋਵੇ।"
"ਉਹ ਤਾਂ ਮੈਨੂੰ ਪਤਾ ਨਹੀਂ। ਤੁਸੀਂ ਪੱਚੀ ਰੁਪਏ ਕਹੇ ਸੀ, ਉਹ ਮੈਂ ਲੈ ਆਇਆਂ।"
"ਪਰ ਇਹਦੇ ਨਾਲ ਵਿਆਜ ਵੀ ਹੋਊਗਾ।।। ਚਲੋ ਬਾਰਾਂ ਸਾਲਾਂ ਦਾ ਨਾ ਸਹੀ, ਛੇ ਸਾਲਾਂ ਦਾ ਹੀ ਦੇ ਦੇ। ਆਪਣੇ ਆਦਮੀ ਨਾਲ ਏਨੀ ਰਿਆਇਤ ਤਾਂ ਕਰਨੀ ਹੀ ਚਾਹੀਦੀ।"
ਛੱਜੂ ਸ਼ਾਹ ਨੇ ਪੱਚੀ ਰੁਪਈਆਂ ਦੇ ਨੋਟ ਤਿੰਨ-ਚਾਰ ਵਾਰ ਉਂਗਲੀਆਂ ਵਿੱਚ ਮਸਲਨ ਤੋਂ ਬਾਅਦ ਕਿਹਾ। ਕਾਲੀ ਵਿਆਜ ਦਾ ਜ਼ਿਕਰ ਸੁਣ ਕੇ ਕੁਛ ਉਦਾਸ ਜਿਹਾ ਹੋ ਗਿਆ ਕਿਉਂਕਿ ਛੱਜੂ ਸ਼ਾਹ ਨੇ ਪਹਿਲਾਂ ਤਾਂ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ। ਕਾਲੀ ਦਿਖਾਵੇ ਲਈ ਖੁਸੰ ਹੋ ਕੇ ਬੋਲਿਆ:
"ਕਿੰਨਾ ਵਿਆਜ ਹੈ ਸ਼ਾਹ ਜੀ?"
"ਸੋਲਾਂ ਰੁਪਈਏ ਹੋਰ ਦੇ ਦੇ। ਉਦਾਂ ਬਣਦੇ ਤਾਂ ਜ਼ਿਆਦਾ।" ਛੱਜੂ ਸ਼ਾਹ ਨੇ ਹਿਸਾਬ ਲਾਉਂਦੇ ਹੋਏ ਕਿਹਾ। ਕਾਲੀ ਨੇ ਉਹਦੇ ਹੱਥ ਵਿੱਚ ਸੋਲਾਂ ਰੁਪਈਏ ਹੋਰ ਫੜਾ ਦਿੱਤੇ। ਉਹਨੇ ਇਹਨਾਂ ਨੋਟਾਂ ਨੂੰ ਵੀ ਤਿੰਨ-ਚਾਰ ਵਾਰ ਗਿਣਿਆ ਅਤੇ ਉਹਨਾਂ ਨੂੰ ਕਮੀਜ਼ ਦੇ ਹੇਠਾਂ ਕੁਰਤੀ ਦੀ ਅੰਦਰਲੀ ਜੇਬ ਵਿੱਚ ਰੱਖ ਕੇ ਬੋਲਿਆ:
"ਪਹਿਲਾਂ ਮਲਕਾ ਦਾ ਚਾਂਦੀ ਦਾ ਰੁਪਈਆ ਚਲਦਾ ਸੀ। ਫਿਰ ਜਾਰਜ ਪੰਚਮ ਦਾ ਚਾਂਦੀ ਦਾ ਰੁਪਈਆ ਆਇਆ। ਜੇਬ ਵਿੱਚ ਦਸ ਰੁਪਈਏ ਵੀ ਹੁੰਦੇ ਤਾਂ ਮਹਿਸੂਸ ਹੁੰਦਾ ਸੀ ਕਿ ਉਸ ਵਿੱਚ ਕੁਛ ਹੈ। ਹੁਣ ਕਾਗਜ਼ ਦੇ ਨੋਟ ਆ ਗਏ ਹਨ। ਜੇਬ ਵਿੱਚ ਹਜ਼ਾਰ ਰੁਪਈਆ ਵੀ ਪਾ ਲਵੋ ਤਾਂ ਖਬਰ ਤੱਕ ਨਹੀਂ ਹੋਊਗੀ।" ਛੱਜੂ ਸ਼ਾਹ ਇਕ ਵਾਰ ਫਿਰ ਕਮੀਜ਼ ਦੇ ਅੰਦਰ ਹੱਥ ਪਾ ਕੇ ਨੋਟਾਂ ਨੂੰ ਟਟੋਲਦਾ ਹੋਇਆ ਬੋਲਿਆ:
"ਏਦਾਂ ਦੀਆਂ ਸਾਮੀਆਂ ਨੂੰ ਤਾਂ ਜ਼ਮਾਨਤ ਦੇ ਬਿਨਾਂ ਰਕਮ ਦੇਣ ਵਿੱਚ ਵੀ ਕੋਈ ਝਿਜਕ ਨਹੀਂ ਹੁੰਦੀ। ਜੇ ਬਾਪ ਉਧਾਰ ਲਾਹੇ ਬਿਨਾਂ ਮਰ ਗਿਆ ਤਾਂ ਪੁੱਤ ਨੇ ਲਾਹ ਦਿੱਤਾ। ਕਈ ਵਾਰ ਤਾਂ ਏਦਾਂ ਵੀ ਹੋਇਆ ਕਿ ਦਾਦੇ ਦਾ ਲਿਆ ਹੋਇਆ ਉਧਾਰ ਪੋਤੇ ਨੇ ਲਾਹਿਆ। ਪਰ ਹੁਣ ਜ਼ਮਾਨਾ ਬਦਲ ਗਿਆ ਹੈ।"
ਛੱਜੂ ਸ਼ਾਹ ਦੀਆਂ ਗੱਲਾਂ ਸੁਣ ਕੇ ਕਾਲੀ ਨੂੰ ਵਿਸੰਵਾਸ ਹੋ ਗਿਆ ਕਿ ਉਹਨੂੰ ਸ਼ਾਹ ਕੋਲੋਂ ਪੈਸੇ ਉਧਾਰ ਮਿਲ ਜਾਣਗੇ। ਉਹ ਕੁਛ ਪਲ ਛੱਜੂ ਸ਼ਾਹ ਵਲ ਦੇਖਦਾ ਰਿਹਾ ਅਤੇ ਫਿਰ ਹੌਲੀ ਅਵਾਜ਼ ਵਿੱਚ ਬੋਲਿਆ:
"ਸ਼ਾਹ ਜੀ।"
"ਕੀ ਗੱਲ ਹੈ ਕਾਲੀ ਦਾਸ?" ਛੱਜੂ ਸ਼ਾਹ ਉਹਦੇ ਮਨ ਦੀ ਗੱਲ ਨੂੰ ਬੁੱਝਣ ਦੀ ਕੋਸਿੰਸੰ ਕਰਦਾ ਹੋਇਆ ਬੋਲਿਆ। ਕਾਲੀ ਨੇ ਰੁਕ-ਰੁਕ ਕੇ ਕਿਹਾ:
"ਸ਼ਾਹ ਜੀ, ਮੈਂ ਸੋਚ ਰਿਹਾਂ ਕਿ ਇਕ ਵਾਰ ਸਾਰੀਆਂ ਕੰਧਾਂ ਪੱਕੀਆਂ ਕਰ ਦੇਵਾਂ। ਵਾਰ ਵਾਰ ਉਧੇੜਨ-ਬਣਾਉਣ ਨਾਲ ਖਰਚ ਵੀ ਜ਼ਿਆਦਾ ਹੋਊਗਾ ਅਤੇ ਮਕਾਨ ਵੀ ਚੰਗਾ ਨਹੀਂ ਬਣੂ।"
"ਜੇ ਏਦਾਂ ਕਰ ਸਕੋ ਤਾਂ ਬਹੁਤ ਚੰਗੀ ਗੱਲ ਹੈ।" ਛੱਜੂ ਸ਼ਾਹ ਨੇ ਜੁਆਬ ਦਿੱਤਾ।
"ਪਰ ਸਾਰੀਆਂ ਕੰਧਾਂ ਨੂੰ ਇਕ ਵਾਰ ਹੀ ਪੱਕੀਆਂ ਕਰਨ ਲਈ ਮੇਰੇ ਕੋਲ ਰਕਮ ਘੱਟ ਹੈ। ਜੇ।।। ਜੇ।।। ਤੁਸੀਂ।।।।" ਕਾਲੀ ਆਪਣੀ ਗੱਲ ਪੂਰੀ ਨਾ ਕਰ ਸਕਿਆ ਅਤੇ ਜਦੋਂ ਛੱਜੂ ਸ਼ਾਹ ਨੇ ਉਹਨੂੰ ਹੌਂਸਲਾ ਦਿੱਤਾ ਤਾਂ ਬਹੁਤ ਤੇਜ਼ ਅਵਾਜ਼ ਵਿੱਚ ਬੋਲਿਆ:
"ਜੇ ਤੁਸੀਂ ਵਿਆਜ 'ਤੇ ਕੁਛ ਪੈਸੇ ਦੇ ਦਿਉ ਤਾਂ ਕੰਮ ਬਣ ਸਕਦਾ।"
"ਕਿੰਨੇ ਰੁਪਈਆਂ ਦੀ ਲੋੜ ਹੋਊਗੀ।"
"ਮੇਰੇ ਕੋਲ ਦੋ-ਢਾਈ ਸੌ ਹੈਗਾ। ਜੇ ਸੌ-ਡੇਢ ਸੌ ਹੋਰ ਮਿਲ ਜਾਵੇ ਤਾਂ ਕੰਮ ਬਣ ਸਕਦਾ।" ਕਾਲੀ ਨੇ ਹਿਸਾਬ ਲਾਉਂਦੇ ਨੇ ਕਿਹਾ।
ਛੱਜੂ ਸ਼ਾਹ ਸੋਚ ਵਿੱਚ ਪੈ ਗਿਆ। ਕਾਲੀ ਸਾਹ ਰੋਕ ਕੇ ਉਹਦੇ ਵਲ ਦੇਖਣ ਲੱਗਾ। ਉਹਦਾ ਦਿਲ, ਦਿਮਾਗ, ਕੰਨ, ਅੱਖਾਂ ਸਭ ਛੱਜੂ ਸ਼ਾਹ ਵਲ ਲੱਗੇ ਹੋਏ ਸਨ।
"ਏਨੀ ਰਕਮ ਦਾ ਬੰਦੋਬਸਤ ਕਿਵੇਂ ਹੋਊਗਾ।"
"ਜੇ ਤੁਸੀਂ ਚਾਹੋ ਤਾਂ ਸਭ ਕੁਛ ਹੋ ਸਕਦਾ। ਮੈਂ ਸਾਲ-ਦੋ-ਸਾਲ ਵਿੱਚ ਵਿਆਜ ਸਮੇਤ ਪੂਰੀ ਰਕਮ ਲਾਹ ਦਊਂਗਾ।"
"ਉਹ ਤਾਂ ਠੀਕ ਆ ਪਰ ਏਨੀ ਰਕਮ ਆਊ ਕਿੱਥੋਂ। ਮੇਰੇ ਕੋਲ ਪੈਸੇ ਹੁੰਦੇ ਤਾਂ ਜ਼ਰੂਰ ਦੇ ਦਿੰਦਾ। ਕਿਸੇ ਹੋਰ ਤੋਂ ਲਿਆ ਕੇ ਦਊਂਗਾ ਤਾਂ ਉਹ ਜ਼ਮਾਨਤ ਮੰਗੂ।" ਛੱਜੂ ਸ਼ਾਹ ਨੇ ਕਿਹਾ।
"ਤੁਹਾਡੇ ਕੋਲ ਪੈਸੇ ਦੀ ਕੀ ਕਮੀ। ਮੇਰਾ ਕੰਮ ਹੋ ਜਾਊ ਤਾਂ ਸਾਰੀ ਉਮਰ ਤੁਹਾਡਾ ਅਹਿਸਾਨ ਮੰਨੂਗਾਂ"
"ਅਹਿਸਾਨ ਦੀ ਤਾਂ ਕੋਈ ਗੱਲ ਨਹੀਂ। ਅੱਜ-ਕੱਲ੍ਹ ਕੰਮ-ਕਾਜ ਤਾਂ ਰਿਹਾ ਨਹੀਂ, ਚਾਰੇ ਪਾਸੀਂ ਮੰਦਾ ਹੀ ਮੰਦਾ ਹੈ। ਪੁਰਾਣੇ ਸਮੇਂ ਹੁਣ ਕਿੱਥੇ। ਦਾਲ-ਰੋਟੀ ਵੀ ਹੁਣ ਮੁਸੰਕਿਲ ਨਾਲ ਚਲਦੀ ਹੈ। ਪੈਸੇ ਕਿੱਦਾਂ ਜਮ੍ਹਾਂ ਹੋਣਗੇ।" ਛੱਜੂ ਸ਼ਾਹ ਅਸਮਾਨ ਵਲ ਦੇਖਦਾ ਹੋਇਆ ਬੋਲਿਆ। ਕਾਲੀ ਨੇ ਆਪਣੀ ਗੱਲ ਫਿਰ ਦੁਹਰਾਈ ਤਾਂ ਛੱਜੂ ਸ਼ਾਹ ਸੋਚ ਵਿੱਚ ਪੈ ਗਿਆ ਅਤੇ ਕੁਛ ਪਲਾਂ ਬਾਅਦ ਭੇਤਭਰੀ ਅਵਾਜ਼ ਵਿੱਚ ਬੋਲਿਆ:
"ਕੋਈ ਜ਼ਮਾਨਤ ਦੇ ਲਾਇਕ ਚੀਜ਼ ਹੈ। ਕੋਈ ਗਹਿਣਾ।।।?"
"ਬਸ ਆਹ ਘੜੀ ਹੈ।" ਕਾਲੀ ਨੇ ਜੇਬ ਵਿੱਚੋਂ ਪੁਰਾਣੀ ਘੜੀ ਕੱਢ ਕੇ ਦਿਖਾਉਂਦਿਆਂ ਕਿਹਾ, ਜਿਹੜੀ ਉਹਨੇ ਪੰਦਰਾਂ ਰੁਪਈਆਂ ਦੀ ਖ੍ਰੀਦੀ ਸੀ।
"ਇਹ ਕਿਸ ਕੰਮ? ਪਿੰਡ ਵਿੱਚ ਘੜੀ ਦਾ ਕੀ ਕੰਮ? ਏਥੇ ਲੋਕ ਦਿਨ ਵਿੱਚ ਪਰਛਾਂਵੇਂ ਅਤੇ ਰਾਤ ਨੂੰ ਤਾਰੇ ਦੇਖ ਕੇ ਸਮੇਂ ਦਾ ਅੰਦਾਜ਼ਾ ਲਾ ਲੈਂਦੇ ਹਨ। ਕੋਈ ਏਦਾਂ ਦੀ ਚੀਜ਼ ਬਾਰੇ ਦੱਸ ਜਿਹੜੀ ਜ਼ਮਾਨਤ ਦੇ ਕੰਮ ਆ ਸਕੇ।" ਛੱਜੂ ਸ਼ਾਹ ਆਪਣੀ ਗੱਲ 'ਤੇ ਜ਼ੋਰ ਦਿੰਦਾ ਹੋਇਆ ਬੋਲਿਆ।
"ਤੁਸੀਂ ਜ਼ੈਲਦਾਰ ਨੂੰ ਦੋ ਹਜ਼ਾਰ ਰੁਪਈਏ ਦੇਣ ਦਾ ਵਚਨ ਦਿੱਤਾ ਹੈ।" ਕਾਲੀ ਨੇ ਤਿੱਖੀ ਅਵਾਜ਼ ਵਿੱਚ ਕਿਹਾ।
"ਉਹਨਾਂ ਦੀ ਗੱਲ ਨਾ ਕਰ। ਉਹ ਮਾਲਿਕ ਲੋਕ ਨੇ। ਜ਼ਿਮੀਂਦਾਰ ਨੇ। ਦੋ ਘੁਮਾ ਜ਼ਮੀਨ ਗਹਿਣੇ ਰੱਖ ਗਿਆ ਹੈ। ਜਦੋਂ ਤੱਕ ਉਹਨਾਂ ਕੋਲ ਜ਼ਮੀਨ ਹੈ ਉਹਨਾਂ ਨੂੰ ਵਿਆਜ 'ਤੇ ਪੈਸਿਆਂ ਦੀ ਕਮੀ ਨਹੀਂ।" ਛੱਜੂ ਸ਼ਾਹ ਨੇ ਆਪਣੇ ਇਕ ਇਕ ਸੰਬਦ 'ਤੇ ਜ਼ੋਰ ਦਿੰਦਿਆਂ ਕਿਹਾ।
ਛੱਜੂ ਸ਼ਾਹ ਦੇ ਸੰਬਦਾਂ ਨੇ ਕਾਲੀ ਦੀਆਂ ਸਾਰੀਆਂ ਉਮੀਦਾਂ ਨੂੰ ਫੂਕ ਮਾਰ ਕੇ ਉੜਾ ਦਿੱਤਾ। ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਸ਼ਾਹ ਨੂੰ ਕੀ ਜੁਆਬ ਦੇਵੇ। ਉਹਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ:
"ਸ਼ਾਹ ਜੀ ਤੁਸੀਂ ਮੇਰੇ ਮਕਾਨ ਦੀ ਜ਼ਮੀਨ ਗਹਿਣੇ ਰੱਖ ਲਵੋ।" ਕਾਲੀ ਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੋਇਆ ਅਤੇ ਉਹਨੂੰ ਇਸ ਤਰ੍ਹਾਂ ਲੱਗਿਆ ਕਿ ਉਹ ਬੂਟਾ ਲਾਉਣ ਤੋਂ ਪਹਿਲਾਂ ਹੀ ਉਹਦੀ ਥਾਂ ਅਮਰਵੇਲ ਦਾ ਬੀ ਪਾ ਰਿਹਾ ਹੈ। ਛੱਜੂ ਸ਼ਾਹ ਕਾਲੀ ਦੀ ਉਦਾਸੀ ਨੂੰ ਭਾਂਪਦਾ ਹੋਇਆ ਬੋਲਿਆ:
"ਕਾਲੀ ਦਾਸ ਜਿਸ ਜ਼ਮੀਨ ਦੀ ਤੂੰ ਗੱਲ ਕਰ ਰਿਹਾਂ ਉਹ ਜ਼ਮੀਨ ਵੀ ਤੇਰੀ ਨਹੀਂ। ਉਹ ਸ਼ਾਮਲਾਤ ਦੀ (ਪਿੰਡ ਦੇ ਜ਼ਿਮੀਂਦਾਰਾਂ ਦੀ ਸਾਂਝੀ ਜ਼ਮੀਨ) ਜ਼ਮੀਨ ਹੈ। ਜਦੋਂ ਤੱਕ ਤੂੰ ਜਾਂ ਤੇਰੇ ਵਾਰਿਸ ਇਸ ਪਿੰਡ ਵਿੱਚ ਰਹੋਗੇ, ਜ਼ਮੀਨ ਦਾ ਉਹ ਟੁਕੜਾ ਰਿਹਾਇਸੰ ਲਈ ਤੁਹਾਡਾ ਹੈ। ਬਾਅਦ ਵਿੱਚ ਉਸ ਦਾ ਮਾਲਕ ਪਿੰਡ ਹੋਊਗਾ। ਉਹ ਤੇਰੀ ਮਲਕੀਅਤ ਵਾਲੀ ਜ਼ਮੀਨ ਨਹੀਂ, ਮੌਰੂਸੀ ਜ਼ਮੀਨ ਹੈ।"
ਛੱਜੂ ਸ਼ਾਹ ਦੀ ਗੱਲ ਸੁਣ ਕੇ ਕਾਲੀ ਦੀ ਰਹਿੰਦੀ-ਸਹਿੰਦੀ ਹਿੰਮਤ ਵੀ ਜੁਆਬ ਦੇ ਗਈ। ਉਹਨੂੰ ਮਹਿਸੂਸ ਹੋਣ ਲੱਗਾ ਕਿ ਪਿੰਡ ਵਿੱਚ ਉਸ ਦੀ ਹਸਤੀ ਸਿਫਰ ਬਰਾਬਰ ਹੈ। ਉਹ ਦੀਆਂ ਅੱਖਾਂ ਅੱਗੇ ਹਨ੍ਹੇਰਾ ਛਾਉਣ ਲੱਗਾ। ਉਹ ਕੁਛ ਦੇਰ ਤੱਕ ਉਸ ਹੀ ਹਾਲਤ ਵਿੱਚ ਬੈਠਾ ਜ਼ਮੀਨ ਨੂੰ ਘੂਰਦਾ ਰਿਹਾ। ਉਹ ਸੌ ਸਾਲਾਂ ਦੇ ਬੁੱਢੇ ਵਾਂਗ ਗੋਡਿਆਂ 'ਤੇ ਹੱਥ ਰੱਖ ਕੇ ਹੌਲੀ ਹੌਲੀ ਉੱਠਿਆ ਅਤੇ ਥੜ੍ਹੇ ਤੋਂ ਹੇਠਾਂ ਉਤਰ ਆਇਆ। ਛੱਜੂ ਸ਼ਾਹ ਉਹਨੂੰ ਦਿਲਾਸਾ ਦਿੰਦਾ ਹੋਇਆ ਬੋਲਿਆ:
"ਕਾਲੀ ਦਾਸ ਨਿਰਾਸੰ ਹੋਣ ਦੀ ਗੱਲ ਨਹੀਂ। ਮੇਰੇ ਕੋਲ ਰੁਪਈਆ ਹੁੰਦਾ ਤਾਂ ਫੌਰਨ ਦੇ ਦਿੰਦਾ। ਜਦੋਂ ਮੈਂ ਤੇਰੇ ਚਾਚੇ ਨੂੰ ਦਿੱਤਾ ਸੀ ਤਾਂ ਤੈਨੂੰ ਦੇਣ ਵਿੱਚ ਕੀ ਹਰਜ ਹੈ।।। ਅਜੇ ਇਕ ਕੰਧ ਹੀ ਪੱਕੀ ਕਰ ਲਉ। ਰੱਬ ਨੇ ਚਾਹਿਆ ਤਾਂ ਦੋ ਸਾਲਾਂ 'ਚ ਉੱਪਰ ਚੁਬਾਰਾ ਵੀ ਬਣ ਜਾਊ।"
ਕਾਲੀ ਥੜ੍ਹੇ ਦੀ ਉਪਰਲੀ ਪੌੜੀ 'ਤੇ ਰੁਕ ਕੇ ਛੱਜੂ ਸ਼ਾਹ ਦੀਆਂ ਗੱਲਾਂ ਸੁਣਨ ਲੱਗਾ। ਜਦੋਂ ਸ਼ਾਹ ਨੇ ਹੁੱਕਾ ਗੁੜਗੁੜਾਉਣਾ ਸੁੰਰੂ ਕਰ ਦਿੱਤਾ ਤਾਂ ਉਹ ਹੇਠਾਂ ਉਤਰ ਹੌਲੀ ਹੌਲੀ ਪੈਰ ਧਰਦਾ ਹੋਇਆ ਆਪਣੇ ਘਰ ਵਲ ਚੱਲ ਪਿਆ। ਉਹਦੇ ਦਿਮਾਗ ਤੋਂ ਮਕਾਨ ਦਾ ਨਕਸ਼ਾ ਉਤਰ ਗਿਆ। ਚਮ੍ਹਾਰਲੀ ਦੇ ਬਾਹਰ ਖੂਹ ਦੇ ਨੇੜੇ ਗੰਦੇ ਪਾਣੀ ਦੀ ਛੱਪੜੀ ਦੇ ਨੇੜੇ ਆ ਕੇ ਉਹ ਰੁਕ ਗਿਆ। ਪਹਿਲਾਂ ਉਹ ਇੱਥੇ ਬਦਬੂ ਤੋਂ ਬਚਣ ਲਈ ਨੱਕ 'ਤੇ ਹੱਥ ਰੱਖ ਲਿਆ ਕਰਦਾ ਸੀ। ਹੁਣ ਉਹਨੇ ਉੱਥੇ ਖੜ੍ਹਾ ਹੋ ਕੇ ਸਾਹ ਨੂੰ ਜ਼ੋਰ ਦੇਣੀ ਅੰਦਰ ਖਿੱਚਿਆ ਅਤੇ ਫਿਰ ਹੌਲੀ ਹੌਲੀ ਛੱਡਦਾ ਹੋਇਆ ਛੱਪੜੀ ਪਾਰ ਕਰਕੇ ਗਲੀ ਵਿੱਚ ਵੜ ਗਿਆ। ਗਲੀ ਵਿੱਚ ਚਿੱਕੜ ਨੂੰ ਪੈਰਾਂ ਹੇਠ ਮਿੱਧਦਾ ਉਹ ਆਪਣੇ ਖੰਡਰ ਦੇ ਸਾਹਮਣੇ ਆ ਖੜਿਆ। ਉਹ ਇਕ ਪਾਸੇ ਪਏ ਬੋਦੇ ਅਤੇ ਪੁਰਾਣੇ ਸੰਹਿਤੀਰਾਂ, ਕੜੀਆਂ ਅਤੇ ਸਿਰਕੀਆਂ ਨੂੰ ਦੇਖ ਕੇ ਭੌਂਚੱਕਾ ਰਹਿ ਗਿਆ। ਉਹਨੇ ਜ਼ਮੀਨ ਦੇ ਛੋਟੇ ਜਿਹੇ ਟੁਕੜੇ ਨੂੰ ਦੇਖਿਆ ਅਤੇ ਮੂੰਹ ਦੂਸਰੇ ਪਾਸੇ ਕਰ ਲਿਆ ਜਿਵੇਂ ਉਸ ਜ਼ਮੀਨ ਨਾਲ ਉਹਦਾ ਕੋਈ ਸੰਬੰਧ ਨਾ ਹੋਵੇ। ਦਿਲ ਵਿੱਚ ਘਿਰਣਾ ਅਤੇ ਬੇਬਸੀ ਨਾਲ ਉਹਦੇ ਮਨ-ਪ੍ਰਾਣ ਸੁੰਗੜਨ ਲੱਗੇ। ਉਹ ਜ਼ਮੀਨ ਦੇ ਟੁਕੜੇ ਨੂੰ ਘੂਰਦਾ ਹੋਇਆ ਸੋਚਣ ਲੱਗਾ ਕਿ ਇਹ ਵੀ ਉਹਦਾ ਨਹੀਂ ਹੈ। ਇਹ ਹੀ ਕੀ, ਇਸ ਮੁਹੱਲੇ 'ਚ ਹਰ ਚੀਜ਼ ਮੌਰੂਸੀ ਹੈ।।। ਚਮਾਰਾਂ ਦੀਆਂ ਔਲਾਦਾਂ ਤੱਕ ਮੌਰੂਸੀ ਹਨ। ਕਾਲੀ ਗਲੀ ਵਿੱਚ ਬੈਠ ਗਿਆ ਅਤੇ ਅੱਖਾਂ ਬੰਦ ਕਰਕੇ ਸਿਰ ਕੰਧ ਦੇ ਨਾਲ ਲਾ ਲਿਆ।
ਉਹਨੂੰ ਦੋ ਅਵਾਜ਼ਾਂ ਸੁਣ ਰਹੀਆਂ ਸਨ। ਇਕ ਬੁੱਢੀ ਅਤੇ ਦੂਸਰੀ ਜਵਾਨ। ਇਕ ਉਮੰਗਾਂ ਭਰੀ ਅਤੇ ਦੂਸਰੀ ਕਿਸੇ ਹੱਦ ਤੱਕ ਨਿਰਾਸੰ। ਉਹ ਧਿਆਨ ਨਾਲ ਦੋਵੇਂ ਅਵਾਜ਼ਾਂ ਨੂੰ ਸੁਣਨ ਲੱਗਾ। ਗਿਆਨੋ ਚਾਚੀ ਨੂੰ ਕਹਿ ਰਹੀ ਸੀ:
"ਚਾਚੀ, ਮਕਾਨ ਬਣ ਜਾਵੇ ਤਾਂ ਕਾਲੀ ਦਾ ਵਿਆਹ ਕਰ ਦਈਂ। ਚੰਗੀ ਜਿਹੀ ਵਹੁਟੀ ਲਿਆਂਈਂ - ਕਾਲੀ ਵਾਂਗ ਲੰਬੀ ਅਤੇ ਤੱਕੜੀ। ਕਿਤਿਉਂ ਕੋਈ ਬੌਣੀ ਨਾ ਫੜ ਲਿਆਂਈਂ। ਘਰ ਵਿੱਚ ਬਹੂ ਆ ਜਾਏ ਤਾਂ ਆਪਣਾ ਚਰਖਾ ਛੱਤ 'ਤੇ ਲੈ ਜਾਈਂ। ਪੀੜੇ 'ਤੇ ਬੈਠੀ ਬੈਠੀ ਰੋਟੀ ਖਾਈਂ।।।।" ਗਿਆਨੋ ਆਪਣੀ ਧੁਨ ਵਿੱਚ ਬੋਲੀ ਜਾ ਰਹੀ ਸੀ ਕਿ ਚਾਚੀ ਉਹਨੂੰ ਪਿਆਰ ਨਾਲ ਝਿੜਕਦੀ ਹੋਈ ਬੋਲੀ:
"ਚੁੱਪ, ਮੁਟਿਆਰ ਕੁੜੀਆਂ ਨਈਂ ਏਦਾਂ ਦੀਆਂ ਗੱਲਾਂ ਕਰਦੀਆਂ।।।।।" ਫਿਰ ਸੋਚਾਂ ਵਿੱਚ ਡੁੱਬੀ ਕਹਿਣ ਲੱਗੀ:
"ਸੰਜੋਗ ਹੋਊ ਤਾਂ ਵਿਆਹ ਵੀ ਹੋ ਜਾਊ। ਹਾਲੇ ਤੱਕ ਤਾਂ ਉਹ ਨਾਂ ਨਹੀਂ ਲੈਣ ਦਿੰਦਾ। ਉਹ ਦੀ ਉਮਰ ਦੇ ਮੁੰਡੇ ਤਾਂ ਚਾਰ ਚਾਰ ਬੱਚਿਆਂ ਦੇ ਬਾਪ ਹਨ।"
ਚਾਚੀ ਅਤੇ ਗਿਆਨੋ ਆਪਣੇ ਆਪਣੇ ਢੰਗ ਨਾਲ ਕਾਲੀ ਬਾਰੇ ਗੱਲਾਂ ਵਿੱਚ ਗੁਆਚੀਆਂ ਹੋਈਆਂ ਸਨ ਕਿ ਉਹਨੇ ਖੰਘ ਕੇ ਦੋਹਾਂ ਦਾ ਧਿਆਨ ਆਪਣੀ ਵਲ ਖਿੱਚ ਲਿਆ। ਗਿਆਨੋ ਸੰਰਮ ਦੇ ਮਾਰੇ ਜ਼ਮੀਨ ਵਿੱਚ ਧਸਦੀ ਜਾ ਰਹੀ ਸੀ। ਪਰ ਜਦੋਂ ਉਹਨੇ ਕਾਲੀ ਨੂੰ ਬਹੁਤ ਉਦਾਸ ਅਤੇ ਨਿਰਾਸੰ ਦੇਖਿਆ ਤਾਂ ਚੌਂਕ ਗਈ ਅਤੇ ਚਾਚੀ ਨੂੰ ਕਿਹਾ:
"ਚਾਚੀ, ਕਾਲੀ ਨੂੰ ਕੀ ਹੋ ਗਿਆ। ਬਹੁਤ ਚੁੱਪ-ਚੁੱਪ ਅਤੇ ਉਦਾਸ ਦਿਸਦਾ।"
"ਕਾਕਾ, ਇਥੇ ਧੁੱਪ ਵਿੱਚ ਕਿਉਂ ਬੈਠਾਂ।" ਚਾਚੀ ਘਬਰਾ ਕੇ ਉੱਠੀ ਅਤੇ ਕਾਲੀ ਦੇ ਕੋਲ ਆ ਕੇ ਬੋਲੀ।
ਚਾਚੀ ਦੀ ਅਵਾਜ਼ ਸੁਣ ਕੇ ਕਾਲੀ ਨੇ ਇਸ ਤਰ੍ਹਾਂ ਅੱਖਾਂ ਖੋਲ੍ਹੀਆਂ ਜਿਵੇਂ ਕੋਈ ਬਹੁਤ ਡਰਾਉਣਾ ਸੁਫਨਾ ਦੇਖਦਾ ਹੋਇਆ ਡਰ ਗਿਆ ਹੋਵੇ। ਕਾਲੀ ਨੇ ਚਾਚੀ ਅਤੇ ਗਿਆਨੋ 'ਤੇ ਸਰਸਰੀ ਜਿਹੀ ਨਜ਼ਰ ਮਾਰੀ ਅਤੇ ਵਿਹੜੇ ਵਿੱਚ ਆ ਕੇ ਨਾਲ ਦੀ ਕੰਧ ਦੇ ਪਰਛਾਵੇਂ ਵਿੱਚ ਬੈਠ ਗਿਆ।
"ਹੋ ਗਿਆ ਬੰਦੋਬਸਤ?"
"ਨਹੀਂ ਹੋਇਆ।" ਕਾਲੀ ਨੇ ਨਿਰਾਸ਼ਾ ਭਰੀ ਅਵਾਜ਼ ਵਿੱਚ ਕਿਹਾ। ਚਾਚੀ ਕੁਛ ਦੇਰ ਤੱਕ ਚੁੱਪ ਬੈਠੀ ਰਹੀ। ਉਸ ਦੇ ਹੱਥਾਂ 'ਚੋਂ ਅਟੇਰਨ ਡਿੱਗ ਪਿਆ। ਉਹਨੇ ਉਹਨੂੰ ਚੁੱਕਣ ਦੀ ਕੋਸਿੰਸੰ ਨਹੀਂ ਕੀਤੀ ਅਤੇ ਕਾਲੀ ਨੂੰ ਦਿਲਾਸਾ ਦਿੰਦੀ ਹੋਈ ਬੋਲੀ:
"ਬੰਦੋਬਸਤ ਨਹੀਂ ਹੋਇਆ ਤਾਂ ਕੋਈ ਹਰਜ ਨਹੀਂ। ਪੂਰਾ ਮਕਾਨ ਨਾ ਸਹੀ, ਕੱਚਾ-ਪੱਕਾ ਮਕਾਨ ਪਾ ਲਵਾਂਗੇ।"
ਕਾਲੀ ਝੁੰਜਲਾਈ ਹੋਈ ਅਵਾਜ਼ ਵਿੱਚ ਬੋਲਿਆ:
"ਚਾਚੀ ਮੈਂ ਖਾਹਮਖਾਹ ਕੋਠਾਂ ਢਾਹ ਦਿੱਤਾ। ਮੇਰੀ ਤਾਂ ਅਕਲ ਮਾਰੀ ਗਈ ਸੀ। ਤੂੰ ਹੀ ਮੈਨੂੰ ਮਨ੍ਹਾ ਕਰ ਦਿੰਦੀ।"
"ਜੋ ਹੋ ਗਿਆ ਸੋ ਹੋ ਗਿਆ। ਹੁਣ ਰੱਬ ਦਾ ਨਾਂ ਲੈ ਕੇ ਕੰਮ ਸੁੰਰੂ ਕਰ ਦੇ। ਜਿੱਦਾਂ ਦਾ ਪਾ ਸਕਾਂਗੇ, ਪਾ ਲਵਾਂਗੇ।"
"ਨਹੀਂ ਚਾਚੀ, ਹੁਣ ਮੈਂ ਪਿੰਡ ਵਿੱਚ ਨਹੀਂ ਰਹੂੰਗਾ। ਤੈਨੂੰ ਵੀ ਨਾਲ ਲੈ ਜਾਊਂਗਾ। ਮੇਰਾ ਇੱਥੇ ਕੀ ਰੱਖਿਆ। ਮੇਰੇ ਇੱਥੇ ਕਿਹੜੇ ਖੇਤ ਬੰਜਰ ਹੋ ਰਹੇ ਨੇ।" ਕਾਲੀ ਨੇ ਬਹੁਤ ਦੁੱਖ ਭਰੀ ਅਵਾਜ਼ ਵਿੱਚ ਕਿਹਾ।
"ਕਾਕਾ, ਇਸ ਬੁਢਾਪੇ ਵਿੱਚ ਮੇਰੀ ਕਿੱਥੇ ਮਿੱਟੀ ਖਰਾਬ ਕਰੂੰਗਾ। ਮੈਂ ਸਾਰੀ ਉਮਰ ਇਸ ਪਿੰਡ ਵਿੱਚ ਲੰਘਾਈ ਹੈ, ਬਾਕੀ ਜਿਹੜੀ ਹੈ ਉਹ ਵੀ ਇੱਥੇ ਕੱਟੂਗੀਂ। ਤੂੰ ਚਲਾ ਗਿਆ ਤਾਂ ਪਿੰਡ ਵਾਲੇ ਮੇਰੇ 'ਤੇ ਚਾਰ ਲੱਕੜੀਆਂ ਪਾ ਕੇ ਸਾੜ-ਫੂਕ ਦੇਣਗੇ।" ਇਹ ਕਹਿੰਦੀ ਹੋਈ ਚਾਚੀ ਰੋਣ ਲੱਗੀ। ਕਾਲੀ ਵੀ ਰੁਆਂਸਾ ਹੋ ਗਿਆ। ਉਹ ਕੁਛ ਚਿਰ ਚੁੱਪ ਰਹਿ ਕੇ ਬੋਲਿਆ:
"ਚਾਚੀ। ਤੂੰ ਹੀ ਦਸ ਹੁਣ ਮੈਂ ਇਸ ਪਿੰਡ ਵਿੱਚ ਕਿਸ ਮੂੰਹ ਨਾਲ ਰਹੂੰਗਾ। ਸਾਰੇ ਪਿੰਡ ਵਿੱਚ ਖਬਰ ਧੁੰਮ ਗਈ ਹੈ ਕਿ ਮੈਂ ਪੱਕਾ ਮਕਾਨ ਪਾ ਰਿਹਾਂ। ਹੁਣ ਕੱਚਾ ਕੋਠਾ ਹੀ ਖੜ੍ਹਾ ਕਰੂੰਗਾਂ ਤਾਂ ਲੋਕ ਕਹਿਣਗੇ ਕਿ ਮਕਾਨ ਢਾਹਿਆ ਤਾਂ ਇਸ ਤੇਜ਼ੀ ਨਾਲ ਸੀ ਜਿਵੇਂ ਉਹਦੀ ਜਗਹ 'ਤੇ ਸੋਨੇ ਦੀ ਲੰਕਾ ਬਣਾਉਣੀ ਹੈ। ਹੁਣ ਫਿਰ ਮਿੱਟੀ ਦੇ ਢੇਲੇ 'ਤੇ ਢੇਲਾ ਰੱਖ ਕੇ ਕੰਧਾਂ ਖੜੀਆਂ ਕਰ ਰਿਹਾ। ਇਹ ਗੱਲਾਂ ਨਹੀਂ ਸੁਣੀਆਂ ਜਾਣਗੀਆਂ।"
ਗਿਆਨੋ ਹੈਰਾਨ ਅਤੇ ਪਰੇਸ਼ਾਨ ਹੋਈ ਕਾਲੀ ਦੀਆਂ ਗੱਲਾਂ ਸੁਣ ਰਹੀ ਸੀ ਅਤੇ ਉਹਨੂੰ ਧਿਆਨ ਨਾਲ ਦੇਖ ਰਹੀ ਸੀ। ਉਹਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕਾਲੀ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਿਹਾ ਹੈ। ਉਹ ਉਤੇਜਿਤ ਅਵਾਜ਼ ਵਿੱਚ ਬੋਲੀ:
"ਇਸ ਵਿੱਚ ਸੰਰਮ ਦੀ ਕਿਹੜੀ ਗੱਲ ਹੈ? ਆਪਣਾ ਮਕਾਨ ਕੋਈ ਜਿਸ ਤਰ੍ਹਾਂ ਦਾ ਮਰਜ਼ੀ ਬਣਾਵੇ।"
ਇਹਨਾਂ ਸੰਬਦਾਂ ਵਿੱਚ ਕੋਈ ਜਾਦੂ ਨਹੀਂ ਸੀ। ਪਰ ਗਿਆਨੋ ਨੇ ਆਪਣੀ ਗੱਲ ਏਨੇ ਵਿਸੰਵਾਸ ਨਾਲ ਕਹੀ ਕਿ ਕਾਲੀ ਹੈਰਾਨ ਜਿਹਾ ਉਹਦੀ ਵਲ ਦੇਖਣ ਲੱਗਾ। ਗਿਆਨੋ ਉਸ ਹੀ ਲਹਿਜੇ ਵਿੱਚ ਬੋਲੀ:
"ਜੇ ਆਦਮੀ ਪਿੰਡ ਦੇ ਲੋਕਾਂ ਦੀ ਮਰਜ਼ੀ ਨਾਲ ਚੱਲਣ ਲੱਗੇ ਤਾਂ ਇਕ ਹੀ ਦਿਨ ਵਿੱਚ ਜਾਂ ਤਾਂ ਉਹਨੂੰ ਪਿੰਡ ਛੱਡਣਾ ਪਊਗਾ ਜਾਂ ਖੂਹ ਵਿੱਚ ਛਾਲ ਮਾਰਨੀ ਪਊਗੀ।" ਕਾਲੀ ਨੂੰ ਇਸ ਸਾਂਵਲੀ, ਨਿੱਗਰ ਜੁੱਸੇ ਵਾਲੀ ਅਤੇ ਸਿਹਤਮੰਦ ਕੁੜੀ ਵਲ ਅਚਾਨਕ ਹੀ ਬਹੁਤ ਜ਼ਿਆਦੀ ਖਿੱਚ ਮਹਿਸੂਸ ਹੋਈ। ਉਸ ਨੇ ਆਪਣੀ ਕਹੀ ਦੇ ਫਾਲੇ ਜਿੱਡੀਆਂ ਲੰਬੀਆਂ ਲੰਬੀਆਂ ਉਂਗਲੀਆਂ ਅਤੇ ਰੰਬੇ ਵਰਗੀਆਂ ਚੌੜੀਆਂ ਹਥੇਲੀਆਂ ਵਲ ਦੇਖਿਆ। ਆਪਣੀ ਚੌੜੀ ਚਕਲੀ ਛਾਤੀ ਵਲ ਦੇਖਿਆ ਅਤੇ ਆਪਣੇ ਮਜ਼ਬੂਤ ਬਾਂਹਾਂ ਨੂੰ ਅਕੜਾਇਆ ਅਤੇ ਮਨ ਹੀ ਮਨ ਵਿੱਚ ਸੋਚਣ ਲੱਗਾ ਕਿ ਉਹ ਚਾਹੇ ਤਾਂ ਧਰਤੀ ਨੂੰ ਇਕ ਸਿਰੇ ਤੋਂ ਫੜ ਕੇ ਉਲਟਾ ਦੇਵੇ। ਕਾਲੀ ਦਾ ਚਿਹਰ ਤਮਤਮਾਉਣ ਲੱਗਾ ਅਤੇ ਉਹ ਚਾਚੀ ਨੂੰ ਬਾਹਾਂ ਵਿੱਚ ਚੁੱਕਦਾ ਹੋਇਆ ਬੋਲਿਆ:
"ਚਾਚੀ ਇੱਥੇ ਰਹੂੰਗਾ ਅਤੇ ਮਕਾਨ ਵੀ ਪੱਕਾ ਹੀ ਬਣਾਊਂਗਾ।।।। ਮੈਂ ਗੜੀ ਦੇ ਭੱਠੇ 'ਤੇ ਜਾ ਕੇ ਇੱਟਾਂ ਲਈ ਕਹਿ ਆਵਾਂ। ਫਿਰ ਛੱਪੜ ਤੋਂ ਮਿੱਟੀ ਢੋਣ ਲਈ ਦੀਨੇ ਘੁੰਮਹਾਰ ਕੋਲ ਵੀ ਜਾਣਾ। ਸੰਤਾ ਸਿੰਘ ਮਿਸਤਰੀ ਨੂੰ ਮਿਲਣਾ।"
ਕਾਲੀ ਨੇ ਮੁਸਕਰਾ ਕੇ ਗਿਆਨੋ ਵਲ ਦੇਖਿਆ ਅਤੇ ਉਹਦੀਆਂ ਝੁਕੀਆਂ ਹੋਈਆਂ ਅੱਖਾਂ ਨੂੰ ਨਿਹਾਰਦਾ ਹੋਇਆ ਗਲੀ ਵਲ ਚਲਾ ਗਿਆ।
--------ਚਲਦਾ--------