ਖਿੱਲਰੇ ਥਾਂ ਥਾਂ ਦੇਖੇ
(ਕਵਿਤਾ)
ਖਿੱਲਰੇ ਥਾਂ ਥਾਂ ਦੇਖੇ ਸੋਹਣੇ ਫੁੱਲ ਗੁਲਾਬ ਦੇ
ਸਫ਼ਿਆਂ ਚ ਮਸਾਂ ਸਜਾਏ ਰੋਂਦੇ ਹਰਫ਼ ਪੰਜਾਬ ਦੇ
ਭੈਣਾਂ ਨੇ ਸਨ ਤੋਰੇ ਖਬਰੇ ਬਾਪੂ ਨੇ ਵਿਦਾ ਕੀਤੇ
ਰਾਤਾਂ ਚ ਸਨ ਅੱਥਰੂ ਲਿਸ਼ਕਦੇ ਮੇਰੀ ਕਿਤਾਬ ਦੇ
ਮਾਵਾਂ ਤੋਂ ਦੂਰ ਵਿਛੜ ਕੇ ਬਚਪਨ ਵਿਸਾਰ ਕੇ
ਉੱਡ ਆਏ ਪ੍ਰਦੇਸ ਕਈ ਸੁਰ ਸਾਜ਼ ਦੇ
ਕਿਹਾ ਸੀ ਦਲਾਲਾਂ ਦਾ ਖਬਰੇ ਡਾਲਰ ਦੇ ਕਿੰਗਰੇ ਸਨ
ਡੁੱਬ ਗਏ ਨੀਲੇ ਸਾਗਰ ਵਿਚ ਕਈ ਗੀਤ ਰਬਾਬ ਦੇ
ਗਿਆ ਜਦੋਂ ਕਈ ਸਾਲਾਂ ਬਾਦ ਬਾਪੂ ਨਾ ਲੱਭਿਆ
ਜੇਬਾਂ ਵਿਚ ਸਨ ਬਚੇ ਹੰਝੂ ਪਿੰਡ ਪਰਤੇ ਨਵਾਬ ਦੇ
ਵਿਹੜਾ ਚੌਕਾ ਸੱਭ ਠੀਕ ਸੀ ਨਿੱਕੇ ਵੀਰਿਆਂ ਵਗੈਰ
ਯਾਰਾਂ ਦੇ ਕੁਝ ਸੁਨੇਹੇ ਸਨ ਖਿੱਲਰੇ ਵਿੱਚ ਯਾਦ ਦੇ
ਇੱਕ ਦਿਨ ਆਇਆ ਪਿੰਡੋਂ ਫ਼ੋਨ ਸੀ ਤੇ ਯਾਰ ਬੋਲਿਆ
ਰਾਤੀਂ ਮਾਂ ਦੇ ਸਾਹ ਬੁਝ ਗਏ ਤੇਰੇ ਜਗਦੇ ਚਿਰਾਗ ਦੇ
ਥੱਕਿਆ ਆਇਆ ਕੰਮ ਤੋਂ ਰਾਤ ਭੁੱਖਾ ਹੀ ਸੌਂ ਗਿਆ
ਹੰਝੂ ਕੱਲ ਓਹਨੇ ਪੀਤੇ ਨਾਲ ਵਧੀਆ ਸ਼ਰਾਬ ਦੇ
ਚਿੜ੍ਹੀਆਂ ਆਈਆਂ ਚੁਗਣ ਭੁੱਲ ਗਈਆਂ ਆਲ੍ਹਣੇ
ਹਵਾ ਸੀ ਏਨੀ ਹੁਸੀਨ ਰੰਗ ਬਦਲ ਗਏ ਅਵਾਜ਼ ਦੇ
ਓਦੇ ਮੱਥੇ ਬਚੀਆਂ ਸੋਚਾਂ ਸਨ ਤੇ ਕਾਲੀਆਂ ਐਨਕਾਂ
ਰਾਹਾਂ ਚ ਕਿਤੇ ਕਿਰ ਗਏ ਸਾਰੇ ਨਖ਼ਰੇ ਸ਼ਬਾਬ ਦੇ
ਹੱਥਾਂ ਚ ਏਨਾ ਸੇਕ ਸੀ ਕਿ ਸਿਵਾ ਜੇਹਾ ਬਲ ਪਿਆ
ਮਸਾਂ ਹੀ ਪਿੰਡ ਪਹੁੰਚੇ ਸਨ ਟੁੱਕੜੇ ਇੱਕ ਖ਼ਾਬ ਦੇ