ਪੰਜਾਬੀ ਲੋਕ ਗੀਤ - 4
(ਸਾਡਾ ਵਿਰਸਾ )
ਲੋਕ ਗੀਤ
12
ਪਿੱਪਲ ਦਿਆ ਪੱਤਿਆ ਵੇ ਕੇਹੀ ਖੜ ਖੜ ਲਾਈ ਆ
ਪਿੱਪਲ ਦਿਆ ਪੱਤਿਆ ਵੇ ਕੇਹੀ ਖੜ ਖੜ ਲਾਈ ਆ
ਪੱਤ ਝੜੇ ਪੁਰਾਣੇ ਰੁੱਤ ਨਵਿਆਂ ਦੀ ਆਈ ਆ
ਪਿੱਪਲ ਦਿਆ ਪੱਤਿਆ ਵੇ ਕੇਹੀ ਛੋਡੀ ਲਾਲੀ ਆ
ਅਹਿਲ ਜਵਾਨੀ ਢੋਲਾ ਅਸੀਂ ਪੇਕੇ ਗਾਲੀ ਆ
ਪਿੱਪਲ ਦਿਆ ਪੱਤਿਆ ਵੇ ਕੇਹੀ ਛਾਂ ਕੀਤੀ ਆ
ਉਮਰ ਬਸੰਤੀ ਚੰਨਾ ਸਾਡੀ ਐਵੇਂ ਬੀਤੀ ਆ
ਪਿੱਪਲ ਦਿਆ ਪੱਤਿਆ ਵੇ ਕੇਹੀਆਂ ਛਡੀਆਂ ਲਗਰਾਂ ਨੀ
ਢੋਲ ਪਰਦੇਸੀ ਸਈਓ ਕੌਣ ਲਿਆਵੇ ਖ਼ਬਰਾਂ ਨੀ
ਪਿੱਪਲ ਦਿਆ ਪੱਤਿਆ ਤੇਰੇ ਪੱਤ ਨੀ ਸਾਵੇ ਵੇ
ਨਿਤ ਕੁਰਲਾਵਾਂ ਬੀਬਾ, ਮੈਂ ਤੇਰੇ ਹਾਵੇ ਵੇ
13
ਦੁੱਧ ਕੜ੍ਹੇ ਮਲਾਈਆਂ ਜੋਰ ਮਾਹੀਆ
ਦੁੱਧ ਕੜ੍ਹੇ ਮਲਾਈਆਂ ਜੋਰ ਮਾਹੀਆ
ਸੱਸ ਲੜੇ ਪੁੱਤਾਂ ਦੇ ਜੋਰ ਮਾਹੀਆ
ਮੈਂ ਵੀ ਵਸਾਂ ਪਿੱਛੇ ਦੇ ਜੋਰ ਮਾਹੀਆ
ਟੁੱਟ ਜਾਣ ਕੰਨਾਂ ਦੀਆਂ ਵਾਲੀਆਂ
ਮਰ ਜਾਣ ਸਿਖਾਲਣ ਵਾਲੀਆਂ
ਟੁੱਟ ਜਾਏ ਗਲੀ ਦੀ ਗਾਨੀ
ਘਰ ਆਏ ਦਿਲਾਂ ਦਾ ਜਾਨੀ
ਮੈਂ ਘੋਲ ਪਤਾਸੇ ਪੀਨੀ ਆਂ
ਮੈਂ ਮਾਹੀਏ ਬਿਨਾਂ ਨਾ ਜੀਨੀ ਆਂ
ਦੁੱਧ ਕੜ੍ਹੇ ਮਲਾਈਆਂ ਜੋਰ ਮਾਹੀਆ
ਨਣਦ ਲੜੇ ਵੀਰਾਂ ਦੇ ਜੋਰ ਮਾਹੀਆ
ਮੈਂ ਵੀ ਵਸਾਂ ਪਿੱਛੇ ਦੇ ਜੋਰ ਮਾਹੀਆ
ਟੁੱਟ ਜਾਣ ਕੰਨਾਂ ਦੀਆਂ ਵਾਲੀਆਂ
ਮਰ ਜਾਣ ਸਿਖਾਲਣ ਵਾਲੀਆਂ
ਟੁੱਟ ਜਾਏ ਗਲੀ ਦੀ ਗਾਨੀ
ਘਰ ਆਏ ਦਿਲਾਂ ਦਾ ਜਾਨੀ
ਮੈਂ ਘੋਲ ਪਤਾਸੇ ਪੀਨੀ ਆਂ
ਮੈਂ ਮਾਹੀਏ ਬਿਨਾਂ ਨਾ ਜੀਨੀ ਆਂ
14
ਕਣਕਾਂ ਤੇ ਛੋਲਿਆਂ ਦਾ ਖੇਤ
ਕਣਕਾਂ ਤੇ ਛੋਲਿਆਂ ਦਾ ਖੇਤ,
ਹੌਲੀ ਹੌਲੀ ਨਿੱਸਰੇਗਾ ।
ਬਾਬਲ ਧਰਮੀ ਦਾ ਦੇਸ਼,
ਹੌਲੀ ਹੌਲੀ ਵਿੱਸਰੇਗਾ ।
ਮਾਏ ਐਡੇ ਬੋਲ ਨਾ ਬੋਲ,
ਅਸੀਂ ਤੇਰੇ ਨਾ ਆਵਾਂਗੇ ।
ਬਾਬਲ ਧਰਮੀ ਦਾ ਦੇਸ਼,
ਕਦੀ ਫੇਰਾ ਪਾ ਜਾਵਾਂਗੇ ।
ਕਣਕਾਂ ਤੇ ਛੋਲਿਆਂ ਦਾ ਖੇਤ,
ਹੌਲੀ ਹੌਲੀ ਨਿੱਸਰੇਗਾ ।
ਮਾਮੇ ਧਰਮੀ ਦਾ ਦੇਸ਼,
ਹੌਲੀ ਹੌਲੀ ਵਿੱਸਰੇਗਾ ।
ਮਾਮੇ ਐਡੇ ਬੋਲ ਨਾ ਬੋਲ,
ਅਸੀਂ ਤੇਰੇ ਨਾ ਆਵਾਂਗੇ ।
ਮਾਮੇ ਧਰਮੀ ਦਾ ਦੇਸ਼,
ਕਦੀ ਫੇਰਾ ਪਾ ਜਾਵਾਂਗੇ ।
ਕਣਕਾਂ ਤੇ ਛੋਲਿਆਂ ਦਾ ਖੇਤ,
ਹੌਲੀ ਹੌਲੀ ਨਿੱਸਰੇਗਾ ।
ਵੀਰੇ ਧਰਮੀ ਦਾ ਦੇਸ਼,
ਹੌਲੀ ਹੌਲੀ ਵਿੱਸਰੇਗਾ ।
ਭਾਬੋ ਐਡੇ ਬੋਲ ਨਾ ਬੋਲ,
ਅਸੀਂ ਤੇਰੇ ਨਾ ਆਵਾਂਗੇ ।
ਵੀਰੇ ਧਰਮੀ ਦਾ ਦੇਸ਼,
ਕਦੀ ਫੇਰਾ ਪਾ ਜਾਵਾਂਗੇ ।
15
ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇ
ਉੱਚੀ ਗਲੀ ਪਰ ਜਾਂਦਿਆਂ ਵੀਰਾ ਵੇ
ਮੇਰਾ ਵੀਰ ਮਿਲਕੇ ਜਾਣਾ ਵੇ
ਕਿੱਕਣ ਮਿਲਾਂ ਭੈਣੇ ਮੇਰੀਏ ਨੀ
ਮੇਰੇ ਸਾਥੀ ਲੰਘ ਗਏ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ ।
ਸਾਥੀਆਂ ਤੇਰਿਆਂ ਨੂੰ ਬਾਹੋਂ ਫੜਾਂ ਵੇ
ਤੈਨੂੰ ਪਾ ਲਵਾਂ ਘੇਰਾ
ਮੇਰਾ ਵੀਰ ਮਿਲਕੇ ਜਾਣਾ ਵੇ
ਕਿੱਕਣ ਮਿਲਾਂ ਭੈਣਾਂ ਮੇਰੀਏ ਨੀ
ਮੇਰੇ ਸਾਥੀ ਲੰਘ ਗਏ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ ।
ਸਾਥੀਆਂ ਤੇਰਿਆਂ ਨੂੰ ਮੰਜਾ ਪੀੜ੍ਹੀ ਵੇ
ਤੈਨੂੰ ਰਤੜਾ ਪਲੰਘ ਨਮਾਰ
ਮੇਰਾ ਵੀਰ ਮਿਲਕੇ ਜਾਣਾ ਵੇ
ਕਿੱਕਣ ਮਿਲਾਂ ਭੈਣੇ ਮੇਰੀਏ ਨੀ
ਮੇਰੇ ਸਾਥੀ ਲੰਘ ਗਏ ਦੂਰ
ਮੇਰੀ ਭੈਣ ਫੇਰ ਮਿਲਾਂਗੇ ਨੀ ।
ਸਾਥੀਆਂ ਤੇਰਿਆਂ ਨੂੰ ਚੌਲ ਪੂਰਾਂ ਵੇ
ਤੈਨੂੰ ਪੂਰੀ ਪਰਸ਼ਾਦ
ਮੇਰਾ ਵੀਰ ਮਿਲਕੇ ਜਾਣਾ ਵੇ
ਕਿੱਕਣ ਮਿਲਾਂ ਭੈਣੇ ਮੇਰੀਏ ਨੀ
ਸੱਸ ਤੇਰੀ ਨੂੰ ਤਿਉਰ
ਮੇਰੀ ਭੈਣ ਫੇਰ ਮਿਲਾਂਗੇ ਨੀ ।
ਤਿਉਰ ਮੈਂ ਆਪਣੇ ਕੋਲੋਂ ਜੋੜਾਂ ਵੇ
ਕੋਠੀ ਤੇਰਾ ਪਾ ਦਿਆਂ ਨਾਂ
ਮੇਰਾ ਵੀਰ ਮਿਲਕੇ ਜਾਣਾ ਵੇ
ਕਿੱਕਣ ਮਿਲਾਂ ਭੈਣੇ ਮੇਰੀਏ ਨੀ
ਤੋਰੀ ਭਾਬੋ ਲੜੂ ਮੇਰੇ ਨਾਲ
ਮੇਰੀ ਭੈਣ ਫੇਰ ਮਿਲਾਂਗੇ ਨੀ ।
ਭਾਬੋ ਨੂੰ ਨਾ ਦੱਸੀਂ ਮੇਰੇ ਵੀਰਨਾ
ਵੇ ਆਪਣੇ ਦੋਹਾਂ ਦਾ ਪਿਆਰ
ਮੇਰਾ ਵੀਰ ਮਿਲਕੇ ਜਾਣਾ ਵੇ ।
16
ਦੀਵਾ ਬਲੇ ਸਾਰੀ ਰਾਤ
ਦੀਵਾ ਬਲੇ ਸਾਰੀ ਰਾਤ
ਮੇਰਿਆ ਜ਼ਾਲਮਾ
ਦੀਵਾ ਬਲੇ ਸਾਰੀ ਰਾਤ
ਬੱਤੀਆਂ ਬਟਾ ਰਖਦੀ
ਮੇਰਿਆ ਜ਼ਾਲਮਾ
ਦੀਵਾ ਬਲੇ ਸਾਰੀ ਰਾਤ ।
ਆਵੇਗਾ ਤਾਂ ਪੁਛ ਲਵਾਂਗੀ
ਮੇਰਿਆ ਜ਼ਾਲਮਾ
ਕਿਥੇ ਗੁਜ਼ਾਰੀ ਸਾਰੀ ਰਾਤ
ਬੱਤੀਆਂ ਬਟਾ ਰਖਦੀ
ਮੇਰਿਆ ਜ਼ਾਲਮਾ
ਦੀਵਾ ਬਲੇ ਸਾਰੀ ਰਾਤ ।
ਆਵੇਗਾ ਤੇ ਬੁਝ ਲਵਾਂਗੀ
ਮੇਰਿਆ ਜ਼ਾਲਮਾ
ਕਿਥੇ ਗੁਜ਼ਾਰੀ ਸਾਰੀ ਰਾਤ
ਬੱਤੀਆਂ ਬਟਾ ਰਖਦੀ
ਮੇਰਿਆ ਜ਼ਾਲਮਾ
ਦੀਵਾ ਬਲੇ ਸਾਰੀ ਰਾਤ ।
17
ਉੱਡਦਾ ਵੇ ਜਾਵੀਂ ਕਾਵਾਂ
ਉੱਡਦਾ ਵੇ ਜਾਵੀਂ ਕਾਵਾਂ
ਬਹਿੰਦਾ ਜਾਵੀਂ ਵੇ
ਬਹਿੰਦਾ ਤੇ ਜਾਵੀਂ ਮੇਰੇ ਪੇਕੜੇ ।
ਇੱਕ ਨਾ ਦੱਸੀਂ ਮੇਰੀ ਮਾਂ ਰਾਣੀ ਨੂੰ
ਰੋਊਗੀ ਅੜਿਆ ਮੇਰੀਆਂ ਗੁਡੀਆਂ ਫੋਲ ਕੇ ।
ਇੱਕ ਨਾ ਦੱਸੀਂ ਮੇਰੇ ਬਾਪ ਰਾਜੇ ਨੂੰ
ਰੋਊਗਾ ਅੜਿਆ ਭਰੀ ਕਚਹਿਰੀ ਛੋੜ ਕੇ ।
ਇੱਕ ਨਾ ਦੱਸੀਂ ਮੇਰੀ ਮਿੱਠੜੀ ਭੈਣ ਨੂੰ
ਰੋਊਗੀ ਅੜਿਆ ਤ੍ਰਿੰਞਣ ਛੋੜ ਕੇ ।
ਇੱਕ ਨਾ ਦੱਸੀਂ ਮੇਰੀ ਭਾਬੋ ਰਾਣੀ ਨੂੰ
ਹੱਸੂਗੀ ਅੜਿਆ ਉਹ ਪੇਕੇ ਜਾ ਕੇ ।
ਦੱਸੀਂ ਵੇ ਕਾਵਾਂ ਦੱਸੀਂ ਵੀਰ ਮੇਰੇ ਨੂੰ
ਆਊਗਾ ਅੜਿਆ ਨੀਲਾ ਘੋੜਾ ਪੀੜ ਕੇ ।
ਉੱਡਦਾ ਵੇ ਜਾਵੀਂ ਕਾਵਾਂ
ਬਹਿੰਦਾ ਜਾਵੀਂ ਵੇ
ਬਹਿੰਦਾ ਤੇ ਜਾਵੀਂ ਮੇਰੇ ਪੇਕੜੇ ।
18
ਮਾਏ ਪੀਹੜੀ ਬੈਠੀਏ ਨੀ
ਮਾਏ ਪੀਹੜੀ ਬੈਠੀਏ ਨੀ
ਧੀਆਂ ਕਿਉਂ ਦਿੱਤੀਆਂ ਦੂਰ, ਸਾਵਣ ਆਇਆ ।
ਬਾਬਲ ਕੁਰਸੀ ਬੈਠਿਆ ਵੇ
ਧੀਆਂ ਕਿਉਂ ਦਿੱਤੀਆਂ ਦੂਰ, ਸਾਵਣ ਆਇਆ ।
ਸੁਣ ਵੇ ਵੀਰਾ ਰਾਜਿਆ
ਭੈਣਾਂ ਕਿਉਂ ਦਿੱਤੀਆਂ ਦੂਰ, ਸਾਵਣ ਆਇਆ ।
ਪੰਜ ਸੇਰ ਪਿੰਨੀਆਂ ਪਾ ਕੇ, ਮਾਏ ਮੇਰੀਏ
ਵੀਰ ਮੇਰੇ ਨੂੰ ਭੇਜ, ਸਾਵਣ ਆਇਆ ।
ਉੱਚੜੇ ਉੱਚੜੇ ਚੌਂਤੜੇ ਚੜ੍ਹ
ਖੜੀ ਉਡੀਕਾਂ ਰਾਹ, ਸਾਵਣ ਆਇਆ ।
ਕੋਠੇ ਤਾਂ ਚੜ੍ਹ ਕੇ ਕੂਕਦੀ
ਵੇ ਨੀਵੇਂ ਥਾਂ ਖੜਕੇ ਰੋਂਦੀ
ਵੇ ਕਿਤੇ ਦਿਸ ਨਾ ਆਉਂਦਾ
ਬਾਬਲ ਤੇਰਾ ਦੇਸ, ਸਾਵਣ ਆਇਆ ।
ਕੋਠੇ ਤਾਂ ਚੜ੍ਹ ਕੇ ਵੇਖਦੀ
ਨੀ ਮੇਰੀਏ ਰਾਣੀਏਂ ਮਾਂ
ਕੋਈ ਭੌਂ ਵਿੱਚ ਆਉਂਦਾ ਦੂਰ, ਸਾਵਣ ਆਇਆ ।
ਆਉਂਦਾ ਨੀ ਮਾਏ ਆਉਂਦਾ
ਕੋਈ ਵੀਰ ਚੜ੍ਹਿਆ ਸਰਦਾਰ
ਕਿੱਥੇ ਤਾਂ ਰੱਖਾਂ ਗੱਠੜੀ ਨੀ ਰਾਣੀਏਂ ਮਾਂ
ਕਿੱਥੇ ਉਤਾਰਾਂ ਵੀਰ, ਸਾਵਣ ਆਇਆ ।
ਕਿੱਲੀ ਤਾਂ ਟੰਗਾਂ ਗੱਠੜੀ ਮੇਰੀਏ ਰਾਣੀਏਂ ਮਾਂ
ਕੋਈ ਮਹਿਲੀਂ ਉਤਾਰਾਂ ਵੀਰ, ਸਾਵਣ ਆਇਆ ।
ਹੱਸ ਹੱਸ ਖੋਲ੍ਹਾਂ ਗੱਠੜੀ ਮੇਰੀ ਰਾਣੀਏਂ ਮਾਂ
ਕੋਈ ਰੋ ਰੋ ਪੁਛਦੀ ਬਾਤ, ਸਾਵਣ ਆਇਆ ।