ਕਵੀਆਂ ਦੀਆ ਪਤਨੀਆਂ (ਕਹਾਣੀ)

ਬਰਜਿੰਦਰ ਢਿਲੋਂ   

Email: dhillonjs33@yahoo.com
Phone: +1 604 266 7410
Address: 6909 ਗਰਾਨਵਿਲੇ ਸਟਰੀਟ
ਵੈਨਕੂਵਰ ਬੀ.ਸੀ British Columbia Canada
ਬਰਜਿੰਦਰ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇੱਕ ਦਿਨ ਮੇਰੀ ਇੱਕ ਪੁਰਾਣੀ ਜਮਾਤਣ ਗੁਰਦੁਆਰੇ ਮਿਲ ਗਈ। ਮੈ ਤਾਂ ਉਸਨੂੰ ਪਛਾਣ ਲਿਆ ਪਰ ਉਸਨੂੰ ਮੈਨੂੰ ਪਛਾਨਣ'ਚ ਥੋੜੀ੍ਹ ਦੇਰ ਲਗ ਗਈ। ਮੈਨੂੰ ਪਤਾ ਸੀ ਕਿ ਉਸਦਾ ਵਿਆਹ ਇੱਕ ਕਵੀ ਸਾਹਿਬ ਨਾਲ ਹੋਇਆ ਸੀ।  ਮੈ ਗੱਲਾਂ ਗੱਲਾਂ'ਚ ਪੁੱਛਿਆ,  "ਸੁਣਾ ਮਿੰਦੋ, ਤੇਰੇ ਕਵੀ ਸਾਹਿਬ ਦਾ ਕੀ ਹਾਲ ਏ?" ਉਸ ਨੇ ਮੈਨੂੰ ਜਵਾਬ ਨਹੀਂ ਦਿੱਤਾ ਬਲਕਿ ਕਹਿਣ ਲੱਗੀ, 'ਚਰਨੀ ਅਗਲੇ ਐਤਵਾਰ ਸਾਡੀ ਇਸਤਰੀ ਸਭਾ ਦੀ ਮੀਟਿੰਗ ਹੋ ਰਹੀ ਏ। ਤੂੰ ਆ ਜਾਈਂ ਤੈਨੂੰ ਆਪਣੀ ਸਭਾ ਦੀਆਂ ਔਰਤਾਂ ਮਿਲਾਂਵਾਗੀ। ਉਨਾਂ੍ਹ ਔਰਤਾਂ ਦੇ ਪਤੀ ਵੀ ਕਵੀ ਹੀ ਹਨ ਤੇ ਸਭਾ ਦਾ ਨਾਉਂ ਵੀ 'ਕਵੀ  ਪਤਨੀ '  ਹੈ।
"ਤੇਰੀ ਸਭਾ ਦਾ ਨਾਉਂ ਹੀ ਬਹੁਤ ਵਧੀਆ ਹੈ। ਮੈ ਜ਼ਰੁਰ ਆਵਾਂਗੀ। ਆਹ ਲੈ ਮੇਰਾ ਫੋਨ ਨੰਬਰ ਤੇ ਮੈਨੂੰ ਐਡਰੈਸ ਤੇ ਟਾਈਮ ਦੱਸ ਦੇਵੀਂ।"  ਮੈ ਘਰ ਜਾਂਦਿਆਂ ਰਸਤੇ'ਚ ਸੋਚਦੀ ਜਾਂਦੀ ਸੀ ਕਿ ਕਵੀਆਂ ਦੀਆਂ ਪਤਨੀਆਂ ਵੀ ਜਾਂ ਤਾਂ ਕਵਿਤਰੀਆਂ ਬਣ ਜਾਂਦੀਆਂ ਹਨ ਤੇ  ਜਾਂ ਵਿਚਾਰੀਆਂ ਕਿਸੇ ਖੁੱਡੇ ਲੱਗ ਜਾਂਦੀਆਂ ਹਨ। ਅਗਲੇ ਐਤਵਾਰ ਮੈ ਮਿੰਦੋ ਦੇ ਦੱਸੇ ਹੋਏ ਪਤੇ ਤੇ ਪਹੁੰਚ ਗਈ। ਕੋਈ ਅੱਠ ਦੱਸ ਔਰਤਾਂ ਇੱਕ ਸਰਕਲ'ਚ ਕੁਰਸੀਆਂ ਲਗਾਕੇ ਬੈਠ ਗਈਆਂ। ਮੇਰੀ ਸਹੇਲੀ ਨੇ ਮੇਰੀ ਜਾਨ ਪਹਿਚਾਨ ਕਰਵਾਈ ਤੇ ਨਾਲ ਹੀ ਕਹਿ ਦਿੱਤਾ ਕਿ ਮੇਰੀ ਸਹੇਲੀ ਚਰਨੀ ਮੇਰੇ ਕਵੀ ਪਤੀ ਬਾਰੇ ਪੁੱਛ ਰਹੀ ਸੀ। ਉਸ ਵੇਲੇ ਤਾਂ ਮੈ ਇਸਨੂੰ ਕੁਝ ਨਹੀਂ ਕਿਹਾ। ਕਿਉਂਕਿ ਆਪਾਂ ਸਾਰੀਆਂ ਦੇ ਪਤੀ ਕਵੀ ਹਨ, ਇਸ ਲਈ ਆਪਾਂ ਸਾਰੀਆਂ ਕਵੀਆਂ ਦੀਆਂ ਪਤਨੀਆਂ ਹੋਣ ਦੀਆਂ ਕੁਝ ਗੱਲਾਂ ਕਰਾਂਗੇ।  
ਸਭ ਤੋਂ ਪਹਿਲਾਂ ਇੱਕ ਹਰਜੀਤ ਕੌਰ ਬੋਲੀ, " ਕੀ ਦੱਸਾਂ, ਦੇਸ ਵਿੱਚ ਤਾਂ ਮੇਰੇ ਪਤੀ ਨੂੰ ਹਰ ਵੀਕ ਐਂਡ ਅਤੇ ਛੁਟੀ ਵਾਲੇ ਦਿਨ ਕੋਈ ਨਾ ਕੋਈ ਕਵੀ ਸੰਮੇਲਣ ਤੇ ਬੁਲਾ ਲੈਂਦਾ ਸੀ। ਕਨੇਡੇ ਆਉਣ ਦਾ ਇਸਦਾ ਚਿੱਤ ਨਹੀਂ ਸੀ ਕਰਦਾ। ਇਸਦੇ ਖਿਆਲ ਵਿੱਚ ਕਨੇਡੇ ਸਾਰੇ ਅੰਗ੍ਰੇਜ਼ੀ ਬੋਲਦੇ ਹੋਣਗੇ ਤੇ ਇਸ ਦੀਆਂ ਰਚਨਾਵਾਂ ਨੂੰ ਕਉਣ ਚਾਰਾ ਪਾਊ। ਮੈ ਸੋਚਿਆ ਕਨੇਡੇ ਆਕੇ ਇਹ ਬੰਦਾ ਬਣ ਜਾਊ, ਪਰ ਅੱਠਾਂ ਦੱਸਾਂ ਸਾਲਾਂ ਵਿੱਚ ਕਨੇਡੇ ਵੀ ਉਹੀ ਦੇਸ ਵਾਲਾ ਹਾਲ ਹੋ ਗਿਆ ਏ। ਇੱਟ ਪੁਟਿਆਂ ਤਾਂ ਇੱਥੇ ਕਵੀ ਮਿਲ ਜਾਂਦੇ ਹਨ, ਤੇ ਇਹ ਕਿਹੜੇ ਬਾਗ ਦੀ ਮੂਲੀ ਏ।"
ਅਗਲੀ ਬੁਲਾਰੀ ਸੀ ਕਿਸ਼ਨ ਕੌਰ।  ਕਹਿਣ ਲੱਗੀ," ਭੈਣ ਜੀ ਕੀ ਦੱਸਾਂ। ਮੇਰਾ ਪਤੀ ਤਾਂ ਲਿਖਣ ਲਈ ਕਬਰਾਂ ਫੋਲਦਾ ਰਹਿੰਦਾ ਏ। ਕਦੀ ਰਣਜੀਤ ਸਿੰਘ ਨੂੰ ਲੱਭਦਾ ਹੈ। ਕਦੀ ਇਹ ਰਾਣੀ ਜਿੰਦਾਂ ਨੂੰ। ਗਦਰੀ ਬਾਬਿਆਂ ਦੇ ਕਿੱਸੇ ਲਿਖ ਲਿਖ ਕੇ ਤਾਂ ਗਰੰਥ ਲਿਖ ਛੱਡੇ ਨੇ। ਇਨਾਂ੍ਹ ਦੇ ਕਿੱਸੇ ਕਹਾਣੀਆਂ ਨੂੰ ਕਵਿਤਾ ਬਣਾਕੇ ਮੈਨੂੰ ਸੁਣਾ ਸੁਣਾ ਕੇ ਮੇਰਾ ਸਿਰ ਖਾਂਦਾ ਰਹਿੰਦਾ ਏ। ਜੇ ਮੈ ਨਾ ਸੁਣਾ ਤਾਂ ਕਾਪੀ ਪੈਨਸਿਲ ਲੈਕੇ ਬਾਹਰ ਨਿਕਲ ਜਾਂਦਾ  ਏ ਤੇ ਫਿਰ ਸਾਰਾ ਦਿਨ ਘਰ ਨਹੀਂ ਆਉਂਦਾ। ਇਕ ਦਿਨ ਦੀ ਗੱਲ ਸੁਣੋ। ਗੁਸੇ ਹੋਕੇ ਮੇਰੇ ਪਤੀ ਦੇਵ ਬਾਹਰ ਇੱਕ ਖੂਹੀ ਤੇ ਜਾਕੇ ਬੈਠ ਗਏ। ਇੱਕ ਜਵਾਨ ਲੜਕਾ ਵੀ ਉਥੇ ਬੈਠਾ ਸੀ। ਮੇਰਾ ਪਤੀ ਉਸਨੂੰ ਕਹਿਣ ਲੱਗਾ, 'ਯਾਰ, ਮੇਰੀ ਕਵਿਤਾ ਸੁਣ'। ਮੁੰਡੇ ਨੇ ਜਵਾਬ ਨਹੀਂ ਦਿੱਤਾ ਪਰ ਮੇਰਾ ਪਤੀ ਗਲਾ ਫਾੜ ਫਾੜ ਕੇ ਕਵਿਤਾ ਪੜੀ੍ਹ ਗਿਆ। ਥੋੜੀ੍ਹ ਦੇਰ'ਚ ਕਿਸੇ ਦੇ ਖੂਹ'ਚ ਡਿੱਗਣ ਦੀ ਆਵਾਜ਼ ਆਈ। ਕਵੀ ਸਾਹਿਬ ਨੇ ਦੇਖਿਆ ਕਿ ਜਿਹੜਾ ਲੜਕਾ ਉਸ ਕੋਲ ਬੈਠਾ ਸੀ ਉਹੀ ਖੁਹੀ'ਚ ਡਿੱਗ ਗਿਆ ਸੀ। ਕਿਸੇ ਤਰਾਂ ਉਸਨੂੰ ਬਾਹਰ ਕੱਢਿਆ ਗਿਆ। ਮੇਰਾ ਕਵੀ ਪਤੀ ਫਿਰ ਕਵਿਤਾ ਸੁਨਾAਣ ਲੱਗਾ। ਖੂਹ'ਚੋ ਫਿਰ ਡਿੱਗਣ ਦੀ ਆਵਾਜ਼ ਆਈ। ਲੜਕੇ ਨੂੰ ਫਿਰ ਬਾਹਰ ਕਢਿਆ ਗਿਆ, ਬਹੁਤ ਪੁਛਣ ਤੇ ਪਤਾ ਚਲਿਆ ਕਿ ਉਸਦਾ ਵੱਡਾ ਭਰਾ ਵੀ ਕਵੀ ਏ ਤੇ ਹਰ ਵੇਲੇ ਕਵਿਤਾ ਸੁਣਾ ਸੁਣਾ ਉਸਦਾ ਸਿਰ ਖਾਂਦਾ ਰਹਿੰਦਾ ਏ। ਥੋੜਾ੍ਹ ਚੈਨ ਲੈਣ ਲਈ ਬਾਹਰ ਆਇਆ ਸੀ ਕਿ ਅਗੋਂ ਮੇਰੇ ਕੋਲ ਇਹ ਕਵੀ ਮਹਾਸ਼ਿਆਂ ਵੀ ਆ ਕੇ ਕਵਿਤਾ ਸੁਨਾਉਣ ਲੱਗ ਪਏ।"
ਮੈਨੂੰ ਕਵੀਆਂ ਦੀਆਂ ਪਤਨੀਆਂ ਦਾ ਹਾਲ ਸੁਣਕੇ ਬਹੁਤ ਮਜ਼ਾ ਆ ਰਿਹਾ ਸੀ ਤੇ ਤਰਸ ਵੀ। ਅੱਗੋਂ ਇੱਕ ਬੜੀ ਹੀ ਪਿਆਰੀ ਜਿਹੀ ਸੁੰਦਰ ਜਵਾਨ ਔਰਤ ਦੀ ਵਾਰੀ ਸੀ। ਕਹਿਣ ਲੱਗੀ, "ਤੁਸੀਂ ਦੱਸੋ ਭੈਣੋ, ਕੀ ਮੈ ਦੇਖਣ'ਚ ਖੂਬਸੂਰਤ ਨਹੀਂ? ਕੀ ਮੇਰਾ ਰੰਗ ਗੋਰਾ ਨਹੀਂ? ਫਿਰ ਮੇਰਾ ਪਤੀ ਕਈ ਘੰਟੇ ਹਵਾ'ਚ ਕਿਉਂ ਦੇਖਦਾ ਰਹਿੰਦਾ ਏ ਤੇ ਫਿਰ ਲਿਖਣ ਲੱਗ ਜਾਂਦਾ ਏ। ਇੱਕ ਦਿਨ ਕਹਿਣ ਲੱਗਾ, "ਅੱਜ ਸਾਗ ਤੇ ਮੱਕੀ ਦੀ ਰੋਟੀ ਖਾਣ ਦਾ ਚਿੱਤ ਕਰਦਾ ਏ। ਮੈ ਸਬਜ਼ੀ ਮੰਡੀ ਤੋਂ ਸਾਗ ਲਿਆਂਦਾ, ਮੱਕੀ ਦੀ ਰੋਟੀ ਬਣਾਈ, ਜਨਾਬ ਨੇ ਬੜੇ ਸਵਾਦ ਨਾਲ ਖਾਧੀ। ਅੱਗਲੇ ਦਿਨ ਕਹਿਣ ਲੱਗਾ ਤੂੰ ਸਾਗ ਕਦੋਂ ਬਨਾਉਣਾ ਏ। ਦਿਮਾਗ ਤਾਂ ਪਤਾ ਨਹੀ ਕਿਹੜੀਆਂ ਤਿਤਲੀਆਂ ਦੀ ਸੁੰਦਰਤਾ ਲਿਖਣ 'ਚ ਮਗਨ ਰਹਿੰਦਾ ਏ  ਉਸਨੂੰ ਤਾਂ ਪਤਾ ਹੀ ਨਹੀਂ ਖਾਣਾ ਖਾਦਾ ਵੀ ਏ ਕਿ ਨਹੀਂ। ਦਿਲ ਕਰਦਾ ਏ ਡਾਕਟਰ ਨੂੰ ਉਸਦੇ ਪਾਗਲਪਨ ਦਾ ਹਾਲ ਦੱਸਾਂ। ਕਰਾਂ ਤਾਂ ਕੀ ਕਰਾਂ, ਮੈਨੂੰ ਤਾਂ ਸਮਝ ਨਹੀਂ ਆਉਂਦੀ।"
ਪਰੀਤੋ ਆਪਣੀ ਹਾਲਤ ਦੱਸਣ ਲੱਗੀ," ਮੇਰਾ ਪਤੀ ਤਾਂ ਸਵੇਰੇ ਹੀ ਬਰੇਕਫਾਸਟ ਖਾਕੇ ਭੋਰੇ'ਚ ਵੜ ਜਾਂਦਾ ਏ। ਪਤਾ ਨਹੀਂ ਉਹ ਸਾਰਾ ਦਿਨ ਕੀ ਲਿਖਦਾ ਰਹਿੰਦਾ ਏ। ਉਸਨੂੰਂ ਕੁਝ ਪਤਾ ਨਹੀਂ ਮੈ ਜ਼ਿੰਦਾ ਹਾਂ ਕਿ ਮਰ ਗਈ ਹਾਂ। ਕਈ ਵਾਰੀ ਤਾਂ ਉਹ ਲੰਚ ਖਾਣਾ ਹੀ ਭੁਲ ਜਾਦਾ ਏ। ਉਸਦਾ ਕਹਿਣਾ ਏ ਕਿ ਉਹ ਨੱਬੇ ਸਾਲ ਦਾ ਹੋ ਕੇ ਮਰੇਗਾ ਤੇ ਉਸਨ ੇ ਮਰਨ ਤੋਂ ਪਹਿਲਾਂ ਨੱਬੇ ਕਿਤਾਬਾਂ ਲਿਖਣੀਆਂ ਹਨ। ਮੈ ਕਈ ਵਾਰੀ ਕਿਹਾ, ਜਨਾਬ ਤੁਹਾਡੀਆਂ ਕਿਤਾਬਾਂ ਪੜ੍ਹੂਗਾ ਕਉਣ? ਉਸਦਾ ਕਹਿਣਾ ਏ ਕਿ,  "ਕੋਈ ਪੜ੍ਹੇ ਜਾਂ ਨਾ ਪੜੇ ਪਰਵਾਹ ਨਹੀਂ। ਕਵੀਆਂ ਦੀ ਪਰਸ਼ੰਸਾ ਅਕਸਰ ਉਨਾ੍ਹ ਦੇ ਮਰਨ ਤੋਂ ਬਾਅਦ ਹੀ ਹੁੰਦੀ ਹੈ।"
ਵਿਚਾਰੀ ਛਿੰਦੋ ਤੇ ਮੈਨੂੰ ਬਹੁਤ ਤਰਸ ਆ ਰਿਹਾ ਸੀ, ਉਹ ਕਹਿਣ ਲੱਗੀ, "ਕੀ ਕਹਿਣਾ ਏ, ਜਿਸ ਤਨ ਲਾਗੇ ਸੋਈ ਜਾਣੇ। ਕਵੀਆਂ ਦੀ ਕੋਈ ਜਾਤ ਨਾ ਜਾਨੇ। ਮੈ ਤਾਂ ਪਤੀ ਦੇ ਸਾਥ ਨੂੰ ਭਾਲਦੀ ਬੁਢੀ ਹੋ ਗਈ ਆਂ। ਅਕੇਲਾ ਪਨ ਮੈਨੂੰ ਖਾਣ ਨੂੰ ਆਉਂਦਾ ਏ। ਮੇਰਾ ਪਤੀ ਦੇਸ'ਚ  ਫੌਜੀ ਸੀ, ਕਨੇਡੇ ਆ ਕੇ ਲਿਖਣ ਦਾ ਭੂਤ ਚੰਬੜ ਗਿਆ। ਜੇ ਮੈ ਕੂਝ ਕਹਾਂ ਤਾਂ ਫੌਜੀਆਂ ਵਾਲੇ ਰੋਹਬ ਨਾਲ ਮੈਨੂੰ ਡਰਾ ਦਿੰਦਾ ਏ। ਮੈ ਲੰਚ ਤੇ ਡਿਨਰ ਬਣਾਕੇ ਦਰਵਾਜ਼ੇ ਅੱਗੇ ਰੱਖ ਦਿੰਦੀ ਹਾਂ। ਆਪੇ ਖਾ ਕੇ ਭਾਂਡੇ ਬਾਹਰ ਦਰਵਾਜ਼ੇ ਅੱਗੇ ਰੱਖ ਦਿੰਦਾ ਏ। ਮੈਨੂੰ ਤਾਂ ਉਸਦਾ ਮੂੰਹ ਦੇਖਿਆਂ ਵੀ ਕਈ ਕਈ ਦਿਨ ਲੰਘ ਜਾਂਦੇ ਹਨ। ਜੇ ਮੈ ਪੁਛਾਂ ਕਿ ਕੀ ਲਿਖਦੇ ਓ ਤਾਂ ਕਹਿ ਦਿੰਦਾ ਏ ਕਿ ਤੇਰੇ ਕੰਮ ਦੀ ਚੀਜ਼ ਨਹੀਂ। ਇੱਕ ਦਿਨ ਮੈ ਜ਼ਿਦ ਕਰਕੇ ਉਸਦੇ ਨਾਲ ਉਸਦੀ ਕਵੀਆਂ ਦੀ ਸਭਾ'ਚ ਚਲੀ ਗਈ। ਉਸਨੇ ਕਵਿਤਾ ਆਪਣੀ ਪਤਨੀ ਨੂੰ ਸੰਬੋਦਿਤ ਕੀਤੀ ਸੀ, ਪਰ ਆਪਣੀ ਪਤਨੀ ਵੱਲ ਇੱਕ ਵਾਰੀ ਵੀ ਨਹੀਂ ਦੇਖਿਆ। ਮੈ ਵੀ ਦਿਲ'ਚ ਕਿਹਾ 'ਫਿੱਟੇ ਮੂੰਹ ਐਸੇ ਕਵੀ ਤੇ ਉਸਦੀ ਕਵਿਤਾ ਦਾ, ਜਿਹੜੀ ਪਤਨੀ ਨੂੰ ਸੰਬੋਧਿਤ ਕੀਤੀ ਗਈ ਹੋਵੇ, ਤੇ ਲੋਕੀਂ ਅੱਖਾਂ ਫਾੜ ਫਾੜ ਉਸਦੀ ਖੁਸ਼ ਕਿਸਮਤ ਪਤਨੀ ਨੂੰ ਲੱਭ ਰਹੇ ਹੋਣ ਕਿ ਉਸਦੀ ਪਤਨੀ ਹੈ ਕਉਣ। ਸਭਾ'ਚ  ਆਈ ਵੀ ਏ ਕਿ ਨਹੀਂ।"
ਆਖਿਰ ਮੇਰੀ ਸਹੇਲੀ ਮਿੰਦੋ ਦੀ ਵਾਰੀ ਆਈ। ਮੈ ਧਿਆਨ ਨਾਲ ਸੁਨਣ ਲੱਗੀ,  "ਮੇਰਾ ਪਤੀ ਤਾਂ ਕਦੀ ਹਵਾਵਾਂ ਨਾਲ ਗੱਲਾਂ ਕਰਦਾ ਏ, ਕਦੀ ਸਮੁੰਦਰ ਦੀਆਂ ਲਹਿਰਾ'ਚ ਵੜ ਜਾਦਾ ਏ। ਕਦੀ ਸਿਤਾਰੇ ਤੇ ਚੰਦ ਚਾਨਣੀ ਨੂੰ ਫੜ ਲੈਂਦਾ ਏ, ਕਦੀ ਹਜ਼ਾਰਾਂ ਸਾਲ ਪੁਰਾਣੀਆਂ ਰਾਜੇ ਰਾਣੀਆਂ ਨੂੰ ਤੰਗ ਕਰਦਾ ਏ, ਕਦੀ ਹੀਰ ਰਾਂਝਾ ਤੇ ਕਦੀ ਸੋਹਣੀ ਮਹੀਵਾਲ ਦੇ ਪਿੱਛੇ ਦੌੜਦਾ ਏ। ਇੱਕ ਰਾਤ ਤਾਂ ਹੱਦ ਹੋ ਗਈ। ਉਹ ਆਪਣੇ ਸ਼ਾਇਰਾਨਾ ਅੰਦਾਜ਼'ਚ ਰੋਮੀਉ ਬਣਿਆ ਹੋਇਆ ਸੀ। ਪਤਾ ਨਹੀਂ ਲਗਿਆ ਕਿ ਉਸਦੀ ਜੂਲੀਅਟ ਕਉਣ ਸੀ।ਉਸਦੀਆਂ ਇਸ ਤਰਾਂ੍ਹ ਦੀਆਂ ਸੁਫਨਿਆਂ'ਚ ਫਿਰਦੀਆਂ ਸੋਚਾਂ ਮੈਨੂੰਬਹੁਤ ਡਿਸਟਰਬ ਕਰਦੀਆਂ ਹਨ। ਹਰ ਪਤਨੀ ਦੀ ਚਾਹ ਹੁੰਦੀ ਏ ਕਿ ਉਸਦਾ ਪਤੀ ਕੋਈ ਮੁਹੱਬਤ ਦੀ ਗੱਲ ਕਰੇ, ਕੋਈ ਪਤਨੀ ਨਾਲ ਛੇੜ ਛਾੜ ਕਰੇ, ਕੋਈ ਸੈਰ ਸੁਪਾਟੇ ਦੀ ਗੱਲ ਕਰ,ੇ ਪਰ ਮੇਰੇ ਪਤੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੈ ਉਸਦੀ ਪਤਨੀ ਹਾਂ। ਭੇਣੋ, ਇਸ ਇਸਤ੍ਰੀ ਸਭਾ'ਚ ਆ ਕੇ ਥੋੜਾਂ੍ਹ ਮਨ ਬਹਿਲ ਜਾਂਦਾ ਏ, ਨਹੀਂ ਤਾਂ ਮੈ ਸ਼ਾਇਦ ਹੁਣ ਤੱਕ ਪਾਗਲ ਹੋ ਗਈ ਹੁੰਦੀ।"
ਅਖੀਰ'ਚ ਬਲਵੰਤੀ ਦੀ ਵਾਰੀ ਸੀ। ਉਹ ਕਹਿਣ ਲੱਗੀ,"ਮੇਰੇ ਕਵੀ ਦੀ ਹਰ ਜੇਬ'ਚ,  ਕੋਈ ਨਾ ਕੋਈ ਪਰਚੀ ਹੁੰਦੀ ਏ, ਜਿਹੜੀਆਂ ਕਿ ਮੈ ਉਸਦੇ ਕੱਪੜੇ ਧੋਣ ਤੋਂ ਪਹਿਲਾਂ ਜੇਬ'ਚੋਂ ਕੱਢਦੀ ਹਾਂ। ਮੈ ਉਨਾ੍ਹ ਪਰਚੀਆਂ ਤੇ ਲਿਖੀਆਂ ਸਤਰਾਂ ਪੜ੍ਹਦੀ ਹਾਂ। ਇਸ ਲਈ ਨਹੀਂ ਕਿ ਮੈਨੂੰ ਕਵੀ ਮਹੋਦਿਆ ਦੀ ਰਚਨਾ'ਚ ਦਿਲਚਸੈ ਹੈ। ਮੈ ਉਨਾ੍ਹ ਲਿਖੇ ਹੋਏ ਸ਼ਬਦਾਂ'ਚ ਆਪਣਾ ਨਾਉਂ ਭਾਲਦੀ ਹਾਂ। ਕਾਸ਼ ਕਿਤੇ ਲਿਖਿਆ ਹੋਵੇ,
'ਬਲਵੰਤੀ ਮੇਰੀ ਜਾਨ ਹੈ, ਤੂੰ ਹੀ ਮੇਰੀ ਸ਼ਾਨ ਹੈ। 
ਤੂ ਮੇਰੇ ਦਿਲ ਦੀ ਧੜਕਣ, ਤੂੰ ਮੇਰੇ ਸੰਗੀਤ ਦੀ ਸਰਗਮ।
 ਤੂੰ ਹੀ ਮੇਰਾ ਸੰਗੀਤ ਹੈਂ,  ਤੇ ਤੂੰ ਹੀ ਮੇਰਾ ਮਨਮੀਤ ਹੈ। 
ਨਹੀਂ , ਮੇਰੇ ਨਸੀਬ'ਚ ਨਹੀਂ। ਮੇਰੇ ਕਵੀ ਮਹਾਰਾਜ ਤਾਂ ਕੋਈ ਨੀਲੀਆਂ ਅੱਖਾ ਵਾਲੀ, ਲੰਬੇ ਕਾਲੇ ਬਦਲਾਂ'ਚ ਛੁਪਿਆ ਚੰਦ ਜਿਹਾ ਚਿਹਰਾ, ਸਰੂ ਵਰਗੇ ਕੱਦ ਵਾਲੀ ਤੇ ਮੋਰ ਦੀ ਚਾਲ ਤੁਰਣ ਵਾਲੀ ਦੀਆਂ ਤਰੀਫਾ ਕਰਦਾ ਰਹਿੰਦਾ ਏ। ਕਾਸ਼ ਮੈ ਭਾਂਡੇ ਧੋਂਦੀ ਕਿਸੇ ਸੰਗੀਤ ਦੀ ਧੁਣ ਸੁਣ ੁਲਵਾਂ; ਵੈਕਿਊਮ ਚਲਾਂਦੀ ਕੋਈ ਸਰਗਮ ਲੱਭ ਲਵਾਂ; ਕਪੱੜੇ ਧੋਂਦੀ ਮਸ਼ੀਨਾਂ ਦੀ ਆਵਾਜ਼æ'ਚੋਂ ਆਪਣੇ ਕਵੀ ਦੀ ਆਵਾਜ਼ ਸੁਣ ਲਵਾਂ; ਪਰ ਨਹੀਂ, ਉਹ ਤਾਂ ਆਪਣੀ ਖਿਆਲੀ ਦੁਨੀਆਂ'ਚ ਹੀ ਮਸਤ ਰਹਿੰਦਾ ਏ।"
ਮੇਰੇ ਦਿਮਾਗ'ਚ ਕਈ ਚਿਰਾਂ ਤੋਂ ਇਹ ਖਿਆਲ ਉਠ ਰਿਹਾ ਸੀ ਕਿ ਬਹੁਤ ਸਾਰੇ ਕਵੀ ਆਪਣੀਆਂ ਪਤਨੀਆਂ ਨੂੰ ਮੀਟਿੰਗਾਂ'ਚ ਲੈ ਕੇ ਕਿਉਂ ਨਹੀਂ ਜਾਂਦੇ। ਕੀ ਉਹ ਆਪਣੀਆਂ ਰਚਨਾਵਾਂ ਦੀ ਦਾਦ ਪਤਨੀਆਂ ਤੱਕ ਨਹੀਂ ਪਹੁੰਚਾਉਣਾ ਚਾਹੁੰਦੇ? ਕਿਉਂਕਿ ਸਮਾਂ ਬਹੁਤ ਹੋ ਗਿਆ ਸੀ ਤੇ ਇਹ ਕਹਿਕੇ ਸਭਾ ਦਾ ਕਾਰਵਾਂ ਖਤਮ ਹੋ ਗਿਆ ਕਿ ਅਗਲੀ ਵਾਰੀ ਇਸ ਵਿਸ਼ੇ ਤੇ ਬਾਤ ਚੀਤ ਹੋਵੇ ਗੀ।
ਮੈ ਮਿੰਦੋ ਨੂੰ ਯਕੀਨ ਦਿਵਾਇਆ ਕਿ ਮੈ ਸਭਾ ਦੀ ਮੈਂਬਰ ਬਣਾਗੀ । ਮੇਰੇ ਅੰਦਰ ਕਈ ਨਵੇਂ ਸੁਆਲ ਪੈਦਾ ਹੋ ਗਏ ਜਿਹੜੇ ਕਿ ਅਗਲੀ ਮੀਟਿੰਗ'ਚ ਪੁੱਛੇ ਜਾਣ ਲਈ ਮੈ ਆਪਣੇ ਸੁਆਲਾਂ ਦੀ ਪਟਾਰੀ'ਚ ਸਾਂਭ ਲਏ।