ਸਾਡੇ ਦਫਤਰ ਵਿੱਚ ਕੁਲ ਸੋਲ੍ਹਾਂ ਕਰਮਚਾਰੀ ਹਨ। ਸਾਡਾ ਸਭ ਦਾ ਰੁਤਬਾ ਅਤੇ ਕਾਰਜ ਇੱਕੋ ਜਿਹਾ ਹੀ ਹੈ। ਸਭ ਦੇ ਇੱਕ ਹੀ ਗਰੇਡ ਹੋਣ ਕਰਕੇ ਤਨਖਾਹ ਵਿੱਚ ਵੀ ਬਹੁਤਾ ਫਰਕ ਨਹੀਂ ਹੈ। ਜੇ ਕੋਈ ਫਰਕ ਹੈ ਤਾਂ ਉਹ ਹੈ ਸੀਨੀਆਰਟੀ ਕਾਰਨ ਦੋ ਚਾਰ ਵੱਧ ਜਾਂ ਘੱਟ ਲਗੀਆਂ ਇਨਕਰੀਮੈਂਟਾ ਦਾ। ਇਸ ਸੁਭਾਵਿਕ ਫਰਕ ਕਾਰਨ ਸਾਡੇ ਵਿੱਚ ਕੋਈ ਗਰੀਬ ਜਾ ਅਮੀਰ ਹੋਣ ਦਾ ਅਹਿਸਾਸ ਨਾ ਹੋ ਕੇ ਬਰਾਬਰੀ ਦੀ ਹੀ ਭਾਵਨਾ ਹੈ। ਇਕ ਹੋਰ ਖਾਸ ਗਲ ਹੈ ਕਿ ਸਾਡੇ ਵਿੱਚ ਕਿਸੇ ਦੀ ਵੀ ਘਰਵਾਲੀ ਨੋਕਰੀ ਨਹੀਂ ਕਰਦੀ ਅਤੇ ਇਸ ਕਾਰਨ ਵੀ ਸਾਡੇ ਵਿਚੋਂ ਕੋਈ ਜਾਣਾ ਹੰਕਾਰ ਵਿਚ ਨਹੀਂ ਰਹਿੰਦਾ ਕਿ ਉਹਦੀ ਘਰਵਾਲੀ ਫਲਾਨੇ ਸਕੂਲ ਵਿੱਚ ਪ੍ਰਿੰਸੀਪਲ ਲੱਗੀ ਹੋਈ ਹੈ ਅਤੇ ਉਹਨਾਂ ਦੇ ਘਰ ਹਰ ਮਹੀਨੇ ਦੋ ਤਨਖਾਹਾਂ ਆਉਂਦੀਆਂ ਹਨ। ਸਾਡੇ ਸਾਰਿਆਂ ਦੇ ਗਲ ਸਰਦੀਆਂ ਵਿੱਚ ਹੱਥ ਨਾਲ ਉਣੇ ਹੋਏ ਸਵੈਟਰ ਜਾ ਕੋਟੀਆਂ ਹੀ ਹੁੰਦੇ ਹਨ ਕਿਉਂਕਿ ਸਾਡੀਆਂ ਪਤਨੀਆਂ ਗੈਰ ਨੌਕਰੀ ਸ਼ੁਦਾ ਹੋਣ ਕਰਕੇ ਹੱਥ ਨਾਲ ਸਵੈਟਰ ਉਣਨ ਲਈ ਬਥੇਰਾ ਵਿਹਲ ਕੱਢ ਲੈਂਦੀਆਂ ਹਨ। ਘਰ ਵਿੱਚ ਹੀ ਹੱਥ ਨਾਲ ਉਣੇ ਹੋਏ ਸਵੈਟਰ ਪਾਕੇ ਸਾਡੇ ਵਿੱਚ ਹੋਰ ਵੀ ਬਰਾਬਰੀ ਦਾ ਅਹਿਸਾਸ ਰਹਿੰਦਾ ਹੈ ਅਤੇ ਸਾਨੂੰ ਮਹਿੰਗੇ ਬਜਾਰੀ ਸਵੈਟਰ ਕੋਟੀਆਂ ਉੱਤੇ ਖਰਚ ਨਾ ਕਰਕੇ ਬਚਤ ਦੇ ਅਹਿਸਾਸ ਅਤੇ ਮਹਿੰਗਾਈ ਤੋਂ ਬਚੇ ਰਹਿਣ ਕਾਰਨ ਆਪਣੀਆਂ ਪਤਨੀਆਂ ਪ੍ਰਤੀ ਸ਼ੁਕਰਗੁਜਾਰ ਬਣਾਈ ਰੱਖਦਾ ਹੈ। ਇਕ ਬਰਾਬਰੀ ਸਾਡੇ ਵਿੱਚ ਹੋਰ ਵੀ ਹੈ ਉਹ ਇਹ ਕਿ ਸਾਡੇ ਵਿਚ ਇਕ ਨੂੰ ਛੱਡ ਕੇ ਹੋਰ ਕੋਈ ਵੀ ਮੁਲਾਜਮ ਜਿਮੀਦਾਰੇ ਪਿਛੋਕੜ ਦਾ ਨਹੀਂ ਹੈ। ਜਿਮੀਦਾਰੇ ਪਿਛੋਕੜ ਵਾਲੇ ਕਰਮਚਾਰੀ ਅਕਸਰ ਆਪਣੇ ਆਪ ਨੂੰ ਉਚਾ ਹੀ ਸਮਝਦੇ ਹਨ ਅਤੇ ਆਪਣੇ ਹਿੱਸੇ ਦੀ ਜਮੀਨ ਤੋਂ ਆਉਣ ਵਾਲੇ ਹਿੱਸੇ ਠੇਕੇ ਦੀ ਆਮਦਨ ਕਾਰਨ ਅਮੀਰੀ ਦੀਆਂ ਸੱਚੀਆਂ ਝੂਠੀਆਂ ਕਹਾਣੀਆਂ ਸੁਣਾ ਕੇ ਦੂਜਿਆਂ ਨੂੰ ਕੰਗਾਲ ਜਾਂ ਹੀਣਾ ਸਮਝਦੇ ਰਹਿੰਦੇ ਹਨ।
ਸਾਡੇ ਵਿੱਚ ਇਕ ਹੀ ਸਾਥੀ ਜਿਮੀਦਾਰੇ ਪਿਛੋਕੜ ਵਾਲਾ ਹੈ ਅਤੇ ਉਹ ਹੈ ਕਰਨੈਲ ਸਿੰਘ। ਉਹ ਬਹੁਤ ਹੀ ਸਾਊ ਅਤੇ ਘੱਟ ਬੋਲਣ ਵਾਲਾ ਹੈ। ਸਾਡਾ ਸਾਰਿਆਂ ਦਾ ਜਿਮੀਦਾਰਾਂ ਜੱਟਾਂ ਬਾਰੇ ਇਹੋ ਹੀ ਦ੍ਰਿਸ਼ਟੀਕੋਨ ਸੀ ਕਿ ਉਹ ਦੂਜਿਆਂ ਨੂੰ ਦਬਾਅ ਕੇ ਰੱਖਣ ਵਾਲੇ ਸੁਭਾਅ ਵਾਲੇ ਅਤੇ ਕੁਝ ਕੁਝ ਲੜਾਕੇ ਵੀ ਹੁੰਦੇ ਹਨ। ਸਾਡੇ ਵਿੱਚੋਂ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਤਜਰਬਾ ਤਾਂ ਨਹੀਂ ਸੀ ਪਰ ਫਿਰ ਵੀ ਇਹ ਪ੍ਰਭਾਵ ਸੁਣੀਆਂ ਸੁਣਾਈਆਂ ਗੱਲਾਂ ਕਰਕੇ ਬਣਿਆ ਹੋਇਆ ਸੀ। ਸਰਦਾਰ ਕਰਨੈਲ ਸਿੰਘ ਦੇ ਸਾਡੇ ਦਫਤਰ ਵਿੱਚ ਆਉਣ ਨਾਲ ਸਾਨੂੰ ਇਸ ਪ੍ਰਭਾਵ ਅਤੇ ਸੋਚ ਦਾ ਸੁਤੇਸਿੱਧ ਹੀ ਤਿਆਗ ਕਰਨਾ ਪੈ ਗਿਆ ਸੀ।
ਸਰਦਾਰ ਕਰਨੈਲ ਸਿੰਘ ਸਾਡੇ ਦਫਤਰ ਵਿੱਚ ਦੋ ਕੁ ਸਾਲ ਤੋਂ ਸ਼ਾਮਲ ਹੋਇਆ ਸੀ। ਸਾਡੇ ਇੱਕ ਸਾਥੀ ਚੋਪੜਾ ਸਾਹਿਬ ਰਿਟਾਇਰ ਹੋ ਗਏ ਸਨ ਅਤੇ ਉਹਨਾਂ ਦੇ ਥਾਂ ਹੀ ਸਰਦਾਰ ਕਰਨੈਲ ਸਿੰਘ ਨੇ ਜੁਆਇਨ ਕੀਤਾ ਸੀ। ਜਦੋਂ ਸਾਨੂੰ ਪਤਾ ਲੱਗਾ ਕਿ ਸਰਦਾਰ ਕਰਨੈਲ ਸਿੰਘ ਜਿਮੀਦਾਰੇ ਪਿਛੋਕੜ ਦੇ ਹਨ ਤਾਂ ਸਾਨੂੰ ਕਈ ਸ਼ੰਕਾਵਾਂ ਹੋਈਆਂ ਕਿ ਸਾਡੀ ਮਿੱਤਰ ਮੰਡਲੀ ਦਾ ਮਹੋਲ ਕਿਤੇ ਬਦਲ ਨਾ ਜਾਵੇ। ਸਾਡੀਆਂ ਸ਼ੰਕਾਵਾਂ ਨਿਰਮੂਲ ਸਨ ਕਿਉਂਕਿ ਸਰਦਾਰ ਕਰਨੈਲ ਸਿੰਘ ਬਹੁਤ ਹੀ ਮਿੱਠਬੋਲੜਾ, ਠੰਢੇ ਸੁਭਾਅਵਾਲਾ ਅਤੇ ਘੱਟ ਬੋਲਣ ਵਾਲਾ ਸੀ। ਉਹ ਸਾਡੇ ਵਿਚ ਇਵੇਂ ਰਚਮਿੱਚ ਗਿਆ ਜਿਵੇਂ ਪਾਣੀ ਦੀ ਅੱਧੀ ਪੋਣੀ ਭਰੀ ਬਾਲਟੀ ਵਿਚ ਪਾਣੀ ਦਾ ਇਕ ਗਲਾਸ ਹੋਰ ਪੈ ਜਾਣ ਨਾਲ ਕੋਈ ਵਖਰੇਵਾਂ ਨਹੀਂ ਲੱਭਿਆ ਜਾ ਸਕਦਾ।
ਸਾਡੇ ਦਫਤਰ ਬਾਰੇ ਜੇ ਤੁਹਾਨੂੰ ਦਸ ਦਿੱਤਾ ਜਾਵੇ ਤਾਂ ਲਾਭਦਾਇਕ ਰਹੇਗਾ। ਸਾਡਾ ਦਫ਼ਤਰ ਲੁਧਿਆਣਾ ਦੇ ਇਲਾਕੇ ਹੈਬੋਵਾਲ ਵਿਚ ਜੋਸ਼ੀ ਨਗਰ ਵਿੱਚ ਹੈ। ਸਾਨੂੰ ਸਾਰੇ ਦਿਨ ਅਤੇ ਸਾਰਾ ਸਾਲ ਇਕੋ ਜਿਹਾ ਹੀ ਕੰਮ ਕਰਨਾ ਪੈਂਦਾ ਹੈ। ਸਾਰੇ ਪੰਜਾਬ ਦੀਆਂ ਐਕਸਾਈਜ਼ ਦੀਆਂ ਰੀਟਰਨਾਂ ਦੀਆਂ ਨਕਲਾਂ ਸਾਨੂੰ ਭੇਜੀਆਂ ਜਾਂਦੀਆਂ ਹਨ। ਅਸੀਂ ਉਹਨਾਂ ਵਿੱਚ ਆਈਟਮਾਂ ਅਨੁਸਾਰ ਵੱਖੋ-ਵੱਖਰੇ ਖਾਤਿਆਂ ਵਿੱਚ ਚਾੜਕੇ ਮਾਸਿਕ ਸਟੇਟਮੈਂਟਾਂ ਤਿਆਰ ਕਰਕੇ ਸਲਾਨਾ ਰਜਿਸਟਰ ਪੂਰੇ ਕਰਕੇ ਅਲਮਾਰੀਆਂ ਵਿੱਚ ਰੱਖ ਦੇਣੇ ਹੁੰਦੇ ਹਨ। ਸਾਨੂੰ ਵੀ ਕਈ ਵਾਰ ਇਹ ਕੰਮ ਫਜੂਲ ਅਤੇ ਬੇਲੋੜਾ ਹੀ ਲੱਗਿਆ ਹੈ, ਨਾ ਸਾਡੀ ਕਦੇ ਪੁੱਛ ਪੜਤਾਲ ਹੋਈ ਹੈ ਅਤੇ ਨਾ ਹੀ ਕਦੇ ਸਾਡੇ ਕੰਮ ਵਿੱਚ ਕਿਸੇ ਵੱਡੇ ਸਾਹਿਬ ਨੇ ਨੁਕਸ ਕੱਢਿਆ ਹੈ। ਸਾਡੇ ਮਹਿਕਮੇ ਦੇ ਬਾਕੀ ਲੋਕ ਸਾਡੇ ਕੰਮ ਨੂੰ ਫਜੂਲ ਅਤੇ ਘਟੀਆ ਸਮਝਦੇ ਹਨ। ਸ਼ਾਇਦ ਇਸ ਲਈ ਕਿ ਐਕਸਾਈਜ਼ ਦਾ ਮਹਿਕਮਾ ਹੋਣ ਦੇ ਬਾਵਜੂਦ ਸਾਡੇ ਦਫਤਰ ਵਿੱਚ ਉਤਲੀ ਕਮਾਈ ਦੀ ਰਤੀ ਭਰ ਵੀ ਸੰਭਾਵਨਾ ਨਹੀਂ ਹੈ। ਅਸੀਂ ਇਸ ਸਚਾਈ ਤੋਂ ਕਦੇ ਵੀ ਨਹੀਂ ਝੂਰੇ ਕਿਉਂਕਿ ਅਸੀਂ ਸਾਰੇ ਹੀ ਬੜੇ ਡਰਾਕਲ ਹਾਂ ਅਤੇ ਰਿਸ਼ਵਤ ਲੈਣ ਦਾ ਕਦੇ ਵੀ ਹੌਂਸਲਾ ਨਹੀਂ ਕਰ ਸਕਦੇ। ਬਲਕਿ ਅਸੀਂ ਤਾਂ ਇਸ ਤੋਂ ਖੁਸ਼ ਹੀ ਹਾਂ। ਸਾਡੇ ਵਿਚੋਂ ਹਰ ਰੋਜ਼ ਹਰ ਇਕ ਜਾਣਾ ਆਈਆਂ ਸਟੇਟਮੈਂਟਾਂ ਨੂੰ ਵੇਖ ਵੇਖ ਕੇ ਰਜਿਸਟਰ ਦੇ ਦਸ ਪੰਨੇ ਭਰ ਦਿੰਦਾ ਹੈ। ਇਹ ਜਿਵੇਂ ਸਾਡੀ ਕਾਰਜ ਕੁਸ਼ਲਤਾ ਦਾ ਮਾਪਦੰਡ ਹੋਵੇ। ਇਹ ਕੰਮ ਅਸੀਂ ਸੌਖਾ ਹੀ ਕਰ ਲੈਂਦੇ ਹਾਂ ਅਤੇ ਕਦੇ ਵੀ ਸਾਨੂੰ ਕਿਸੇ ਸਾਹਬ ਨੇ ਕੰਮ ਦੇ ਵੱਧ ਜਾਂ ਘੱਟ ਹੋਣ ਬਾਰੇ ਟੋਕਿਆ ਨਹੀਂ ਹੈ। ਸੱਚ ਪੁੱਛੋ ਤਾਂ ਅਸੀਂ ਬਹੁਤ ਹੀ ਸੰਤੁਸ਼ਟ ਹਾਂ ਅਤੇ ਆਪਣੇ ਆਪ ਨੂੰ ਮੌਜਾਂ ਵਿੱਚ ਮਹਿਸੂਸ ਕਰਦੇ ਹਾਂ।
ਸਾਡੇ ਦਫਤਰ ਦੀਆਂ ਕਈ ਘਾਟਾਂ ਹਨ। ਜਿਵੇਂ ਕਿ ਸਾਡੇ ਦਫਤਰ ਵਿੱਚ ਕੈਨਟੀਨ ਨਹੀਂ ਹੈ ਪਰ ਬਾਹਰ ਸੜਕ ਤੇ ਇਕ ਚਾਹ ਦਾ ਖੋਖਾ ਹੈ। ਲੰਚ ਦੀ ਅੱਧੇ ਘੰਟੇ ਦੀ ਛੁੱਟੀ ਸਮੇਂ ਅਸੀਂ ਇਸ ਖੋਖੇ ਤੋਂ ਇਕ- ਇਕ ਕੱਪ ਚਾਹ ਮੰਗਵਾ ਲੈਂਦੇ ਹਾਂ ਅਤੇ ਆਪਣੇ ਰੋਟੀ ਵਾਲੇ ਡੱਬੇ ਖੋਲ ਕੇ ਉਸ ਅਚਾਰ ਨਾਲ ਹੀ ਰੋਟੀ ਖਾਣ ਲੱਗ ਪੈਦੇ ਹਾਂ ਜਿਹੜਾ ਅਚਾਰ ਸਾਡੀਆਂ ਘਰਵਾਲੀਆਂ ਨੇ ਹੀ ਪਾਇਆ ਹੁੰਦਾ ਹੈ। ਘਰਵਾਲੀਆਂ ਦੇ ਉਣੇ ਹੋਏ ਸਵੈਟਰ ਅਤੇ ਪਾਏ ਹੋਏ ਅਚਾਰ ਆਦਿ ਕਾਰਨ ਸਾਡੀ ਜਿੰਦਗੀ ਅਤੇ ਬਜਟ ਨੂੰ ਅਸੀਂ ਹੱਦਾਂ ਵਿੱਚ ਰੱਖਣ ਲਈ ਸਦਾ ਹੀ ਸਫਲ ਰਹੇ ਹਾਂ। ਸਾਡੀਆਂ ਘਰਵਾਲੀਆਂ ਨੂੰ ਵੀ ਸਾਡੇ ਵਾਂਗ ਹੀ ਫੈਸ਼ਨ ਅਤੇ ਸ਼ੁਕੀਨੀ ਦਾ ਰੋਗ ਨਹੀਂ ਲੱਗਾ। ਸਾਡੇ ਦਫਤਰ ਵਿੱਚ ਕੋਈ ਵੀ ਜਨਾਨਾ ਕਰਮਚਾਰੀ ਨਹੀਂ ਹੈ। ਕਿਸੇ ਨੇ ਦੱਸਿਆ ਸੀ ਕਿ ਸਾਡੇ ਦਫਤਰ ਵਿਚ ਇਸਤਰੀ ਕਰਮਚਾਰੀ ਆ ਹੀ ਨਹੀਂ ਸਕਦੀ ਕਿਉਂਕਿ ਇਸਤਰੀ ਕਰਮਚਾਰੀ ਦਾ ਪਤੀ ਸਦਾ ਹੀ ਅਫਸਰ ਹੁੰਦਾ ਹੈ ਅਤੇ ਇਕ ਅਫਸਰ ਆਪਣੀ ਪਤਨੀ ਦੀ ਨਿਯੁਕਤੀ ਇਹੋ ਜਹੇ ਕਬੂਤਰਖਾਨੇ ਦਫਤਰ ਵਿੱਚ ਕਿਉਂ ਹੋਣ ਦੇਵੇਗਾ।ਅਫਸਰਾਂ ਦੀਆਂ ਬੀਬੀਆਂ ਤਾਂ ਚੰਗੇ ਥਾਵਾਂ ਅਤੇ ਚੰਗੇ ਦਫਤਰਾਂ ਦੀ ਹੀ ਸ਼ੋਭਾ ਵਧਾਉਂਦੀਆਂ ਹਨ। ਉਸ ਸਿਆਣੇ ਬੰਦੇ ਨੇ ਇਹ ਵੀ ਦੱਸਿਆ ਸੀ ਕਿ ਅਸੀਂ ਖੁਸ਼ਕਿਸਮਤ ਹਾਂ ਜੋ ਸਾਡੇ ਦਫਤਰ ਵਿੱਚ ਕੋਈ ਇਸਤਰੀ ਕਰਮਚਾਰੀ ਨਹੀਂ ਹੈ ਨਹੀਂ ਤਾਂ ਸਾਡਾ ਖਰਚ ਵੱਧ ਜਾਣਾ ਸੀ। ਉਸ ਨੇ ਹੋਰ ਦੱਸਿਆ ਸੀ ਕਿ ਭਾਵੇਂ ਦਫਤਰ ਵਿੱਚ ਇਕ ਹੀ ਜਨਾਨੀ ਹੋਵੇ ਤਾਂ ਵੀ ਸਾਰੇ ਹੀ ਸਟਾਫ ਨੂੰ ਆਪਣੀ ਜੀਵਨ ਸ਼ੈਲੀ ਬਦਲਣੀ ਪੈਂਦੀ ਹੈ। ਫਿਰ ਆਪੋ ਆਪਣੀ ਜਨਾਨੀ ਦੇ ਹੱਥ ਨਾਲ ਉਣੇ ਸਵੈਟਰਾਂ ਦੀ ਥਾਂ ਮਹਿੰਗੇ ਬਜਾਰੀ ਸਵੈਰਟ ਪਹਿਨਣੇ ਜਰੂਰੀ ਹੋ ਜਾਣੇ ਸਨ। ਪੈਂਟ ਦੀ ਕਰੀਜ ਅਤੇ ਬੂਟਾਂ ਦੀ ਚਮਕ ਵੀ ਜਰੂਰੀ ਹੋ ਜਾਂਦੀ ਹੈ। ਦੁਪਹਿਰ ਨੂੰ ਅਚਾਰ ਨਾਲ ਦੋ ਛੋਟੀਆਂ-ਛੋਟੀਆਂ ਪਰੌਂਠੀਆਂ ਖਾਣ ਤੋਂ ਬਾਅਦ ਤਾਂ ਸੜਕ ਵਾਲੇ ਖੋਖੇ ਤੋਂ ਭੈੜੇ ਜਹੇ ਗਲਾਸ ਵਿਚ ਚਾਹ ਦੇ ਕੱਪ ਨਾਲ ਵੀ ਗੁਜਾਰਾ ਨਹੀਂ ਸੀ ਹੋਣਾ। ਘਰੋਂ ਸਬਜੀ ਅਤੇ ਉਹ ਵੀ ਵਧੀਆ ਟਿਫਨ ਵਿਚ ਲਿਆਉਣੀ ਪੈਣੀ ਸੀ। ਉਸ ਨੇ ਦਾਅਵੇ ਨਾਲ ਕਿਹਾ ਸੀ ਕਿ ਜੇ ਇਕ ਵੀ ਜਨਾਨਾ ਕਰਮਚਾਰੀ ਸਾਡੇ ਦਫਤਰ ਵਿਚ ਆ ਗਈ ਤਾਂ ਉਸ ਨਾਲ ਸਾਡੇ ਸਭਨਾਂ ਦੀਆਂ ਵਹੁਟੀਆਂ ਦੀਆਂ ਮੁਸੀਬਤਾਂ ਦਾ ਅੰਤ ਹੀ ਨਹੀਂ ਰਹੇਗਾ। ਉਸ ਸਿਆਣੇ ਬੰਦੇ ਦੀਆਂ ਗੱਲਾਂ ਸਾਡੇ ਮੰਨਣ ਵਿੱਚ ਆ ਗਈਆਂ ਸਨ ਅਤੇ ਅਸੀਂ ਮਨ ਹੀ ਮਨ ਵਿੱਚ ਅਰਦਾਸ ਕੀਤੀ ਕਿ ਸਾਡੇ ਦਫਤਰ ਵਿੱਚ ਕੋਈ ਇਸਤਰੀ ਕਰਮਚਾਰੀ ਨਾ ਹੀ ਆਵੇ। ਅੱਜ ਤੱਕ ਤਾਂ ਸਾਡੀ ਅਰਦਾਸ ਰੱਬ ਨੇ ਮੰਨੀ ਹੀ ਹੋਈ ਹੈ।
ਸਾਡੀ ਲੰਚ ਬਰੇਕ ਅੱਧੇ ਘੰਟੇ ਦੀ ਹੁੰਦੀ ਹੈ ਪਰ ਅਸੀਂ ਆਪੋ ਆਪਣੀਆਂ ਦੋ ਦੋ ਪਰੌਂਠੀਆਂ ਅਚਾਰ ਅਤੇ ਚਾਹ ਦੇ ਕੱਪ ਨਾਲ ਅੱਠ ਦਸ ਮਿੰਟਾਂ ਵਿੱਚ ਹੀ ਮੁਕਾ ਲੈਂਦੇ ਹਾਂ। ਇਸ ਜਲਦਬਾਜੀ ਦਾ ਕਾਰਨ ਕੇਵਲ ਇਹੋ ਹੀ ਹੈ ਕਿ ਕਿਤੇ ਚਾਹ ਠੰਢੀ ਨਾ ਹੋ ਜਾਵੇ। ਲੰਚ ਤੋਂ ਵਿਹਲੇ ਹੋਕੇ ਸਾਡੇ ਚੋਂ ਕੋਈ ਨਾ ਕੋਈ ਆਪਬੀਤੀ ਸੁਣਾਉਣ ਲੱਗ ਪੈਂਦਾ ਹੈ। ਇਹ ਆਪਬੀਤੀਆਂ ਆਮ ਕਰਕੇ ਸਬਜੀ ਖਰੀਦਣ ਜਾਂ ਸਾਈਕਲ ਦਾ ਪੈਂਚਰ ਲਵਾਉਣ ਸਮੇਂ ਠੱਗੀ ਤੋਂ ਬਚਣ ਸਮੇਂ ਕੀਤੀ ਗਈ ਬਹਾਦਰੀ ਬਾਰੇ ਹੀ ਹੁੰਦੀ ਹੈ। ਸਾਰਿਆਂ ਨੇ ਇਹੋ ਜਹੀ ਬਹਾਦਰੀ ਸੁਣਾਈ ਹੁੰਦੀ ਹੈ ਪਰ ਕਰਨੈਲ ਸਿੰਘ ਨੇ ਕਦੇ ਕੁਝ ਵੀ ਨਹੀਂ ਸੁਣਾਇਆ ਸੀ। ਉਹ ਨੀਵੀਂ ਪਾ ਕੇ ਚੁੱਪ ਚਾਪ ਦੂਜਿਆਂ ਦੀ ਗਲ ਹੀ ਸੁਣਦਾ ਰਹਿੰਦਾ। ਉਸ ਨੇ ਕਦੇ ਵੀ ਦੂਜਿਆਂ ਵਾਂਗ ਆਪਣੀ ਗਲ ਸੁਣਾਉਣ ਦੀ ਉਤਸੁਕਤਾ ਨਹੀਂ ਸੀ ਦਿਖਾਈ ਪਰ ਇੱਕ ਦਿਨ ਤਾਂ ਉਸ ਨੇ ਐਸੀ ਗਲ ਸੁਣਾਈ ਕਿ ਸਾਰੇ ਹੀ ਹੈਰਾਨ ਰਹਿ ਗਏ। ਉਹ ਦਫਤਰ ਦੇ ਕੰਮ ਚੰਡੀਗੜ੍ਹ ਗਿਆ ਸੀ ਅਤੇ ਅਗਲੇ ਦਿਨ ਬਗੈਰ ਛੁੱਟੀ ਲਏ ਉਹ ਦਫਤਰ ਤੋਂ ਗੈਰ ਹਾਜਰ ਸੀ।ਇਸ ਦਾ ਕਾਰਨ ਉਸਤੋਂ ਸਾਡੇ ਇਕ ਮਿੱਤਰ ਨੇ ਲੰਚ ਬਰੇਕ ਦੇ ਵਿਹਲੇ ਟਾਈਮ ਵਿੱਚ ਪੁੱਛ ਲਿਆ ਤਾਂ ਉਸ ਨੇ ਆਪਣੀ ਵਿਥਿਆ ਸ਼ੁਰੂ ਕਰ ਦਿੱਤੀ।ਚੰਗਾ ਹੋਵੇਗਾ ਜੇ ਤੁਸੀਂ ਉਸ ਦੀ ਹੀ ਜਬਾਨੀ ਸੁਣੋ। ਲਉ ਕਰਨੈਲ ਸਿੰਘ ਹਾਜਰ ਹੈ।
"ਤੁਹਾਨੂੰ ਪਤਾ ਹੀ ਹੈ ਕਿ ਆਪਣਾ ਡਾਇਰੈਕਟਰ ਕਿਨਾ ਕਸੂਤਾ ਹੈ। ਮੈਂ ਤਾਂ ਮੁੱਖ ਦਫਤਰ ਸਵੇਰੇ ਨੌ ਵਜੇ ਹੀ ਪਹੁੰਚ ਗਿਆ ਸੀ ਪਰ ਉਹ ਆਪ ਡੇਡ ਵਜੇ ਆਇਆ। ਮੈਂ ਬੜੀ ਮੁਸ਼ਕਲ ਨਾਲ ਦੋ ਵਜੇ ਉਸਦੇ ਸਾਹਮਣੇ ਪੇਸ਼ ਹੋ ਸਕਿਆ ਅਤੇ ਜਿਸ ਕੰਮ ਉਸ ਨੇ ਮੈਨੂੰ ਲਾ ਦਿੱਤਾ ਉਹ ਪੌਣੇ ਅੱਠ ਵਜੇ ਮੁਕਿਆ। ਦਸੰਬਰ ਦਾ ਮਹੀਨਾ, ਗੋਡੇ-ਗੋਡੇ ਠੰਢ। ਫਿਰ ਉਹਨੇ ਮੇਰੇ ਕੰਮ ਦੀ ਚੈਕਿੰਗ ਤੇ ਇਕ ਘੰਟਾ ਲਾ ਦਿੱਤਾ। ਕੰਮ ਘੱਟ ਵੇਖੇ ਟੈਲੀਫੋਨ ਬਹੁਤੇ ਕਰੇ। ਮੈਂ ਭੁੱਖਾ ਤਿਹਾਇਆ, ਡਰਾਂ ਕਿ ਰਾਤ ਕਿਥੇ ਕਟਾਂਗਾ। ਖੈਰ ਮੈਂ ਨੌਂ ਵਜੇ ਵਿਹਲਾ ਹੋ ਕੇ ਬਾਹਰ ਸੜਕ ਤੇ ਆਇਆ ਤੇ ਉਥੇ ਇਕ ਢਾਬੇ ਤੋਂ ਰੋਟੀ ਖਾਧੀ। ਠੰਡ ਨਾਲ ਮੇਰੀ ਜਾਨ ਨਿਕਲਦੀ ਜਾਵੇ। ਮੈਂ ਢਾਬੇ ਵਾਲੇ ਨੂੰ ਪੁਛਿਆ ਕਿ ਲੁਧਿਆਣੇ ਜਾਣ ਦਾ ਕੋਈ ਸਾਧਨ ਬਣ ਸਕਦਾ ਹੈ ਉਸ ਜਵਾਬ ਦਿੱਤਾ ਕਿ ਅੱਜਕਲ ਰੌਲੇ-ਗੌਲੇ ਅਤੇ ਅਤਵਾਦ ਦੇ ਦਿਨਾਂ ਵਿਚ ਬੱਸਾਂ ਤਾਂ ਪੰਜ ਵਜੇ ਤੋਂ ਬਾਅਦ ਚਲਣੀਆਂ ਬੰਦ ਨੇ ਪਰ ਤੁਸੀਂ ਔਹ ਲਾਲ ਬੱਤੀ ਵਾਲੇ ਚੌਂਕ ਉਤੇ ਜਾਕੇ ਆਪਣੀ ਕਿਸਮਤ ਅਜਮਾ ਲਵੋ ਖਵਰੇ ਕੋਈ ਟਰੱਕ ਟੈਂਪੂ ਮਿਲ ਜਾਵੇ। ਮੈਂ ਠੰਢ ਵਿੱਚ ਕੰਬਦਾ ਰੱਬ ਰੱਬ ਕਰਦਾ ਉਸ ਚੌਂਕ ਵਲ ਚਲ ਪਿਆ। ਜਦੋਂ ਉਥੇ ਪਹੁੰਚਣ ਵਾਲਾ ਹੀ ਸੀ ਤਾਂ ਮੈਂ ਵੇਖਿਆ ਕਿ ਇਕ ਜਵਾਨ ਔਰਤ ਜਿਸਦੇ ਮੋਢਿਆਂ ਤੇ ਇਕ ਬੈਗ ਲਟਕ ਰਿਹਾ ਸੀ, ਇਕ ਆ ਰਹੀ ਰੋਡਵੇਜ ਦੀ ਬੱਸ ਨੂੰ ਰੁਕਣ ਦਾ ਇਸ਼ਾਰਾ ਕਰ ਰਹੀ ਸੀ। ਬੱਸ ਰੁੱਕੀ ਅਤੇ ਉਹ ਔਰਤ ਕੰਡਕਟਰ ਦੇ ਖਿੜਕੀ ਖੋਲਣ ਤੇ ਬੱਸ ਵਿੱਚ ਅਗਲੀ ਖਿੜਕੀ ਰਾਹੀਂ ਦਾਖਲ ਹੋ ਗਈ। ਕੰਡਕਟਰ ਡਰਾਈਵਰ ਦੇ ਕੋਲੋਂ ਹੀ ਉਠ ਕੇ ਆਇਆ ਹੋਵੇਗਾ। ਇੰਨੇ ਚਿਰ ਨੂੰ ਮੈਂ ਵੀ ਪਿਛਲੀ ਖਿੜਕੀ ਖੋਲ੍ਹ ਕੇ ਬੱਸ ਵਿਚ ਦਾਖਲ ਹੋ ਗਿਆ।
"ਬੱਸ ਲੁਧਿਆਣੇ ਜਾਵੇਗੀ?" ਮੈਂ ਪੁਛਿਆ
"ਅਸੀਂ ਸਵਾਰੀ ਨਹੀਂ ਲੈਣੀ ਸਰਦਾਰ ਜੀ" ਉਤਰ ਜਾਉ! "ਮੇਰੀ ਗਲ ਦੇ ਜਵਾਬ ਵਿਚ ਕੰਡਕਟਰ ਨੇ ਕਿਹਾ।
"ਭਾਈ ਬੱਸ ਤੇ ਲੁਧਿਆਣਾ ਚੰਡੀਗੜ੍ਹ ਹੀ ਲਿਖਿਆ ਏ, ਰਾਤ ਦਾ ਵੇਲਾ ਆ, ਠੰਢ ਆ, ਮੈਨੂੰ ਲੈ ਚੱਲ, ਜਿੰਨੇ ਪੈਸੇ ਕਹੇਂਗਾ, ਦੇ ਦਵਾਂਗਾ। ਬੱਸ ਚਲਦੀ ਜਾ ਰਹੀ ਸੀ ਅਤੇ ਮੇਰੀ ਕੰਡਕਟਰ ਨਾਲ ਬਹਿਸ ਹੋ ਰਹੀ ਸੀ। ਕੰਡਕਟਰ ਮੇਰੇ ਕੋਲ ਆ ਚੁੱਕਾ ਸੀ ਤੇ ਉਹਦੇ ਮੂੰਹ ਵਿੱਚੋਂ ਮੈਨੂੰ ਸ਼ਰਾਬ ਦੀ ਬਦਬੋਅ ਆਈ।
" ਉਤਰੋ ਜੀ! ਉਤਰੋ!!" ਉਸ ਨੇ ਮੈਨੂੰ ਕਿਹਾ ਅਤੇ ਨਾਲ ਹੀ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ। ਉਹ ਉਸ ਔਰਤ ਨੂੰ ਕੁਝ ਨਹੀਂ ਸੀ ਕਹਿ ਰਿਹਾ ਪਰ ਇਸ ਵਕਤ ਉਹ ਔਰਤ ਵੀ ਘਬਰਾ ਕੇ ਡਰਨ ਲਗ ਪਈ ਮੈਨੂੰ ਮਹਿਸੂਸ ਹੋਈ।
"ਭਾਈ ਸਰਕਾਰੀ ਬੱਸ ਆ, ਮੈਂ ਸਰਕਾਰੀ ਮੁਲਾਜਮਾ ਹਾਂ, ਟਿਕਟ ਲੈਕੇ ਸਫਰ ਕਰਨਾ ਵਾਂ, ਬਸ ਵੀ ਲੁਧਿਆਣੇ ਜਾ ਰਹੀ ਆ। ਤੂੰ ਮੈਨੂੰ ਕਿਉਂ ਉਤਰਨ ਲਈ ਕਹਿ ਰਿਹਾ ਹਾਂ। ਇਕ ਗੱਲ ਦੱਸਣੀ ਮੈਂ ਭੁੱਲ ਗਿਆ ਸੀ ਬੱਸ ਵਿਚ ਡਰਾਈਵਰ, ਕੰਡਕਟਰ, ਉਸ ਔਰਤ ਤੇ ਮੇਰੇ ਬਗੈਰ ਹੋਰ ਕੋਈ ਨਹੀਂ ਸੀ। ਕੰਡਕਟਰ ਬਹਿਸ ਤੋਂ ਝਗੜੇ ਤੱਕ ਪਹੁੰਚਣ ਲਈ ਉਤਰ ਗਿਆ ਸੀ ਪਰ ਡਰਾਈਵਰ ਬਸ ਭਜਾਈ ਲੈ ਜਾ ਰਿਹਾ ਸੀ।
" ਤੁਹਾਨੂੰ ਉਤਰਨਾ ਪਵੇਗਾ, ਸਰਦਾਰ ਜੀ", ਕੰਡਕਟਰ ਨੇ ਬੜੀ ਦ੍ਰਿੜਤਾ ਨਾਲ ਰਿਹਾ। ਮੈਂ ਬਾਹਰ ਵੇਖਿਆ ਬਾਹਰ ਘੁੱਪ ਹਨੇਰਾ ਅਤੇ ਉਜਾੜ ਸੀ। ਬੱਸ ਸ਼ਹਿਰ ਤੋਂ ਬਹੁਤ ਬਾਹਰ ਆ ਚੁੱਕੀ ਸੀ। ਮੈਂ ਵੇਖਿਆ ਉਹ ਔਰਤ ਉਠ ਕੇ ਖੜੀ ਹੋ ਗਈ ਸੀ ਤੇ ਬਹੁਤ ਹੀ ਘਬਰਾਹਟ ਵਿੱਚ ਸਾਡੇ ਕੋਲ ਆ ਕੇ ਖੜੀ ਹੋ ਗਈ ਸੀ। ਉਹਨੂੰ ਕਈ ਤਰ੍ਹਾਂ ਦੇ ਡਰ ਅਤੇ ਤੌਖਲਿਆਂ ਨੇ ਘੇਰ ਲਿਆ ਲਗਦਾ ਸੀ।
"ਤੂੰ ਮੈਨੂੰ ਸਰਕਾਰੀ ਬੱਸ ਚੋਂ ਨਹੀਂ ਉਤਾਰ ਸਕਦਾ ਤੇ ਨਾ ਹੀ ਮੈਂ ਉਤਰਨਾ ਵਾਂ", ਮੈਂ ਵੀ ਪੱਕੀ ਧਾਰ ਲਈ ਤੇ ਇਰਾਦਾ ਬਣਾ ਲਿਆ ਕਿ ਜੇ ਕੰਡਕਟਰ ਹੱਥੋਪਾਈ ਕਰੇਗਾ ਤਾਂ ਮੈਂ ਵੀ ਉਸਦਾ ਬੂਥਾ ਸੇਕ ਦੇਵਾਂਗਾ। ਉਹ ਮੇਰੇ ਮੁਕਾਬਲੇ ਮਾੜੂ ਜਿਹਾ ਸੀ ਪਰ ਸ਼ਰਾਬ ਪੀਤੀ ਹੋਣ ਕਰਕੇ ਸ਼ੇਰ ਬਣਿਆ ਹੋਇਆ ਸੀ। ਮੈਨੂੰ ਕੁਝ ਅੰਦਾਜਾ ਵੀ ਹੋ ਗਿਆ ਕਿ ਡਰਾਈਵਰ ਅਤੇ ਕੰਡਕਟਰ ਦੀ ਨੀਤ ਉਸ ਔਰਤ ਬਾਰੇ ਮਾੜੀ ਸੀ।
" ਸਰਦਾਰ ਜੀ, ਉਤਰ ਜਾਉ। ਇਹ ਬੱਸ ਬਰੇਕ ਡਾਊਨ ਹੈ ਤੇ ਚੰਡੀਗੜ੍ਹ ਦੀ ਵਰਕਸ਼ਾਪ ਤੋਂ ਮੁਰੰਮਤ ਤੋਂ ਬਾਅਦ ਇਹ ਨੂੰ ਲੁਧਿਆਣਾ ਪਹੁੰਚਾਉਣਾ ਏਂ……" ਉਹ ਅੱਗੋਂ ਕੁਝ ਹੋਰ ਕਹਿੰਦਾ, ਉਸੇ ਹੀ ਵਕਤ ਡਰਾਈਵਰ ਦੀ ਅਵਾਜ ਸੁਣੀ, " ਉਏ ਮਹਿੰਦਰਾ! ਬੈਠੇ ਰਹਿਣ ਦੇ, ਅਈਧਰ ਆ.."
ਕੰਡਕਟਰ ਡਰਾਈਵਰ ਕੋਲ ਗਿਆ ਤੇ ਉਹਨਾਂ ਦੀ ਕੁਝ ਗੱਲਬਾਤ ਹੋਈ। ਕੰਡਕਟਰ ਉਥੇ ਹੀ ਬਹਿ ਗਿਆ। ਡਰਾਈਵਰ ਬੱਸ ਨੂੰ ਭਜਾਈ ਜਾ ਰਿਹਾ ਸੀ। ਇਸ ਤਰ੍ਹਾਂ ਅੱਧਾ ਕੁ ਘੰਟਾ ਲੰਘ ਗਿਆ। ਅਚਾਨਕ ਡਰਾਈਵਰ ਨੇ ਇਕ ਹਨੇਰੇ ਜਹੇ ਥਾਂ, ਸੜ੍ਹਕ ਤੋਂ ਪਾਸੇ ਕਰਕੇ ਬਸ ਰੋਕ ਦਿੱਤੀ। ਇਸ ਵਾਰ ਡਰਾਈਵਰ ਮੇਰੇ ਕੋਲ ਆਇਆ।
"ਸਰਦਾਰ ਜੀ, ਜੋ ਅਸੀਂ ਕਰਨਾ ਏਂ, ਉਹਦੇ ਵਿੱਚ ਤੁਸੀਂ ਕੋਈ ਦਖਲ ਨਹੀਂ ਦੇਣਾ। ਚਾਹੋ ਤਾਂ ਤੁਸੀਂ ਵੀ ਕਰ ਸਕਦੇ ਹੋ!" ਡਰਾਈਵਰ ਦੇ ਮੂੰਹ ਚੋਂ ਵੀ ਸ਼ਰਾਬ ਦੀ ਬਦਬੋਅ ਆ ਰਹੀ ਸੀ। ਉਹਦੇ ਪੈਰ ਵੀ ਥਿੜਕ ਰਹੇ ਸਨ। ਉਹ ਡੋਲਦਾ ਹੋਇਆ ਉਸ ਔਰਤ ਵਲ ਵਧਿਆ। ਬਾਹਰ ਦੀਆਂ ਲਾਈਟਾਂ ਬੰਦ ਸਨ ਪਰ ਅੰਦਰ ਇਕ ਹੀ ਛੋਟੀ ਲਾਈਟ ਦੀ ਮਧਮ ਜਹੀ ਰੋਸ਼ਨੀ ਸੀ। ਡਰਾਈਵਰ ਨੇ ਉਸ ਔਰਤ ਦੀ ਬਾਂਹ ਫੜੀ ਤੇ ਉਹਨੇ ਚੀਕ ਮਾਰੀ। ਮੈਂ ਵੀ ਉਠਕੇ ਖੜਾ ਹੋ ਗਿਆ ਸੀ ਤੇ ਡਰਾਈਵਰ ਨੂੰ ਮੈਂ ਪਿਛਾਂਹ ਖਿੱਚਿਆ ਸ਼ਰਾਬ ਪੀਤੀ ਹੋਣ ਕਰਕੇ ਜਾਂ ਮੇਰੇ ਤੋਂ ਮਾੜਾ ਹੋਣ ਕਰਕੇ, ਮੇਰੇ ਖਿੱਚਣ ਨਾਲ ਉਹ ਮੇਰੇ ਸਾਹਮਣੇ ਵਾਲੀਆਂ ਦੋਹਾਂ ਸੀਟਾਂ ਵਿਚਕਾਰ ਤਿਰਛਾ ਡਿਗਦਾ ਮਸਾਂ ਹੀ ਸੰਭਲਿਆ।
"ਸਰਦਾਰ ਜੀ ਕਿਉਂ ਪੰਗਾ ਲੈਂਦੇ ਜੇ, ਕਿਹਾ ਨਾ ਜੋ ਅਸੀਂ ਕਰਨਾ ਵਾਂ ਤੁਸੀਂ ਵੀ ਕਰ ਲਿਉ", ਸੰਭਲਦੇ ਹੋਏ ਡਰਾਈਵਰ ਨੇ ਕਿਹਾ ਤੇ ਫਿਰ ਉਹ ਉਸ ਔਰਤ ਵਲ ਵਧਣ ਲੱਗਾ।
"ਖਬਰਦਾਰ, ਜੇ ਏਹਨੂੰ ਹੱਥ ਲਾਇਆ। ਮਾਰ ਦਊਂਗਾ। ਮੈਂ ਕੜਕ ਕੇ ਕਿਹਾ ਤੇ ਨਾਲ ਹੀ ਡਰਾਈਵਰ ਦੀ ਬਾਂਹ ਫੜਕੇ ਜੋਰ ਨਾਲ ਮਚੋੜੀ ਡਰਾਈਵਰ ਮੇਰੇ ਨਾਲੋਂ ਕਮਜੋਰ ਨਿਕਲਿਆ। ਉਹਨੇ ਹਾਏ ਕੀਤੀ ਤੇ ਬੋਲਿਆ, "ਉਏ ਮਹਿੰਦਰਾ ਕੀ ਵੇਖਦਾ। ਆ ਕਰੀਏ ਏਹਨੂੰ ਸਿੱਧਾ!" ਮੈਂ ਡਰਾਈਵਰ ਦੀ ਬਾਂਹ ਨਾ ਛੱਡੀ ਤੇ ਹੋਰ ਮਚੋੜੀ। ਕੰਡਕਟਰ ਆਕੇ ਮੈਨੂੰ ਮਾਰਨ ਲੱਗਾ ਤਾਂ ਮੈਂ ਉਹਦੇ ਮੂੰਹ ਤੇ ਘਸੁੰਨ ਮਾਰਿਆ ਤੇ ਉਹ ਪਿੱਛਲੀ ਸੀਟ ਵਲ ਡਿਗਦਾ ਡਿਗਦਾ ਮਸਾਂ ਹੀ ਸੰਭਲਿਆ। ਡਰਾਈਵਰ ਆਪਣੀ ਬਾਂਹ ਦੇ ਬਹੁਤਾ ਮਚੋੜੇ ਜਾਣ ਕਾਰਨ ਨਿਕੰਮਾ ਜਿਹਾ ਹੀ ਹੋ ਗਿਆ ਸੀ। ਉਹ ਔਰਤ ਮੇਰੇ ਪਿੱਛੇ ਸੀ ਅਤੇ ਸਾਹਮਣੇ ਕੰਡਕਟਰ ਅਤੇ ਡਰਾਈਵਰ ਸਨ। ਉਹ ਮੇਰੇ ਤੇ ਝਪਟ ਕੇ ਮੈਨੂੰ ਮਾਰਨਾ ਚਾਹੁੰਦੇ ਸਨ ਪਰ ਉਹ ਕਮਜੋਰ ਅਤੇ ਸ਼ਰਾਬ ਪੀਤੀ ਕਾਰਨ ਥਿੜਕ ਰਹੇ ਸਨ। ਸੀਟਾਂ ਦੀ ਰੁਕਾਵਟ ਵੀ ਸੀ।ਮੈਂ ਤੇ ਉਹ ਔਰਤ ਪਿਛਾਂਹ ਹੱਟਕੇ ਪਿੱਛਲੀ ਖਿੜਕੀ ਤੱਕ ਪਹੁੰਚ ਗਏ। ਉਸ ਔਰਤ ਕੋਲੋਂ ਘਬਰਾਹਟ ਕਾਰਨ ਖਿੜਕੀ ਬੜੀ ਹੀ ਮੁਸ਼ਕਲ ਨਾਲ ਖੁਲੀ ਤੇ ਖੋਲਣ ਵਿੱਚ ਦੇਰ ਲੱਗ ਗਈ ਸੀ। ਇਸ ਦੌਰਾਨ ਡਰਾਈਵਰ ਅਤੇ ਕੰਡੱਕਟਰ ਮੇਰੇ ਕੋਲ ਪਹੁੰਚ ਗਏ, ਉਹਨਾਂ ਨੇ ਚਾਰ ਪੰਜ ਘਸੁੰਨ ਮੈਨੂੰ ਮਾਰੇ ਉਹ ਅੱਗੇ ਵਧਦੇ ਹੋਏ ਇਕ ਵਾਰ ਫਿਰ ਸੀਟਾਂ ਵਿੱਚ ਉਲਝ ਗਏ ਤੇ ਮੈਨੂੰ ਮੋਕਾ ਮਿਲ ਗਿਆ। ਮੈਂ ਵੀ ਬੱਸ ਚੋਂ ਬਾਹਰ ਆ ਗਿਆ ਪਰ ਬਸ ਦੀ ਖਿੜਕੀ ਦੀ ਬਾਰੀ ਨਾਲ ਮੇਰਾ ਖੱਬਾ ਮੋਢਾ ਇੰਨੇ ਜੋਰ ਨਾਲ ਟਕਰਾਇਆ ਕਿ ਬਹੁਤ ਸੱਟ ਲਗ ਗਈ। ਮੇਰੀ ਪਤਲੀ ਜਹੀ ਜੈਕਟ ਤੇ ਕਮੀਜ ਦਾ ਲੰਗਾਰ ਲਹਿ ਗਿਆ। ਡਰਾਈਵਰ ਤੇ ਕੰਡੱਕਟਰ ਬਾਹਰ ਨਾ ਆਏ ਪਰ ਉਹ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਰਹੇ। ਮੈਂ ਤੇ ਉਹ ਔਰਤ ਪਿਛਾਂਹ ਹਟਦੇ ਗਏ। ਉਹ ਔਰਤ ਐਨ ਮੇਰੇ ਨਾਲ ਸੱਟੀ ਹੋਈ ਸੀ ਅਤੇ ਰੋ ਰਹੀ ਸੀ। ਕੁਝ ਦੇਰ ਬਾਅਦ ਸਾਨੂੰ ਬੱਸ ਦੇ ਸਟਾਰਟ ਹੋਣ ਦੀ ਅਵਾਜ ਆਈ ਤੇ ਬਸ ਉਥੋਂ ਚਲੀ ਗਈ।
ਹੁਣ ਮਸਲਾ ਬੜਾ ਗੰਭੀਰ ਸੀ। ਰਾਤ ਦਾ ਵਕਤ। ਘੁੱਪ ਹਨੇਰਾ। ਉਜਾੜ ਸੁਨਸਾਨ। ਕਿਥੇ ਜਾਈਏ ਕੀ ਕਰੀਏ। ਸਾਡੇ ਦੋਹਾਂ ਦੇ ਬੈਗ ਬੱਸ ਵਿਚ ਹੀ ਰਹਿ ਗਏ ਸਨ। ਠੰਢ ਬੜੀ ਸੀ। ਮੈਂ ਚਾਰ ਚੁਫੇਰੇ ਵੇਖਿਆ। ਮੇਰੇ ਮੋਢਿਆਂ ਤੇ ਖੱਬੀ ਬਾਹ ਤੇ ਬੱਸ ਦੀ ਖਿੜਕੀ ਤੋਂ ਲੱਗੀ ਸੱਟ ਕਾਰਨ ਤਿੱਖੀ ਪੀੜ੍ਹ ਹੋ ਰਹੀ ਸੀ। ਦੂਰ ਇਸੇ ਹੀ ਸੜਕ ਤੇ ਮੈਨੂੰ ਰੋਸ਼ਨੀ ਨਜਰ ਆਈ। ਅਸੀਂ ਉਧਰ ਚਲ ਪਏ। ਕੋਈ ਇਕ ਕਿਲੋ-ਮੀਟਰ ਚਲਕੇ ਇਕ ਥਾਂ ਆਇਆ। ਇੱਥੇ ਇਕ ਥਾਂ ਸੜ੍ਹਕ ਕਿਨਾਰੇ ਇਕ ਸੰਤ ਬਾਬਾ ਅਖੰਡਪਾਠ ਕਰਵਾ ਰਿਹਾ ਸੀ। ਇਥੇ ਆਕੇ ਅਸੀਂ ਆਪਣੇ ਬਾਰੇ ਕੁਝ ਨਾ ਦੱਸਿਆ ਤੇ ਉਥੇ ਵਰਤਾਈ ਜਾ ਰਹੀ ਗਰਮ ਚਾਹ ਪੀਤੀ। ਫਿਰ ਇਕ ਪ੍ਰਬੰਧਕ ਨੂੰ ਬੇਨਤੀ ਕੀਤੀ ਕਿ ਸਾਡਾ ਕੋਈ ਇੰਤਜਾਮ ਕੀਤਾ ਜਾਵੇ। ਸੰਜੋਗ ਦੀ ਗਲ ਹੈ ਕਿ ਉਸ ਨੇ ਕਿਹਾ ਕਿ ਜੇ ਤੁਸੀਂ ਲੁਧਿਆਣਾ ਜਾਣਾ ਚਾਹੋਂ ਤਾਂ ਉਹ ਕਾਰ ਹੁਣੇ ਹੀ ਚਲਣ ਵਾਲੀ ਹੈ ਤੇ ਜੇ ਰਾਤ ਇਥੇ ਕੱਟਣੀ ਚਾਹੋ ਤਾਂ ਉਸ ਸ਼ਮਿਆਨੇ ਹੇਠ ਜਮੀਨ ਤੇ ਹੀ ਸੌਂਕੇ ਰਾਤ ਕੱਟ ਸਕਦੇ ਹੋ। ਅਸੀਂ ਲੁਧਿਆਣਾ ਜਾਣ ਦਾ ਫੈਸਲਾ ਕੀਤਾ ਤੇ ਪੌਣੇ ਘੰਟੇ ਵਿਚ ਹੀ ਅਸੀਂ ਉਸ ਕਾਰ ਰਾਂਹੀਂ ਲੁਧਿਆਣਾ ਦੇ ਘੰਟਾ ਘਰ ਕੋਲ ਪਹੁੰਚਾ ਦਿੱਤੇ ਗਏ। ਹੁਣ ਕੀ ਕਰੀਏ? ਸੜਕਾਂ ਸੁਨਸਾਨ ਸਨ। ਮੈਂ ਥਕਿਆ ਹੋਇਆ ਸੀ ਅਤੇ ਮੇਰੇ ਮੋਢੇ ਅਤੇ ਬਾਂਹ ਦੀ ਪੀੜ੍ਹ ਤਾਂ ਸਹਾਰੀ ਨਹੀਂ ਸੀ ਜਾ ਰਹੀ। ਠੰਢ, ਥਕਾਵਟ, ਭੁੱਖ ਅਤੇ ਮੇਰੇ ਮੋਢੇ ਦੀ ਪੀੜ੍ਹ ਤਾਂ ਜਾਨ ਹੀ ਕੱਢ ਰਹੀ ਸੀ।
"ਹੁਣ ਕੀ ਕੀਤਾ ਜਾਵੇ? ਉਸ ਔਰਤ ਨੇ ਮੈਨੂੰ ਪੁਛਿਆ। "ਆਉ ਇਧਰ!" ਮੈਂ ਕਿਹਾ ਤੇ ਅਸੀਂ ਇਕ ਹੋਟਲ ਤੇ ਜਾ ਪਹੁੰਚੇ। ਕਾਉਂਟਰ ਤੇ ਕੁਰਸੀ ਤੇ ਹੀ ਸੁੱਤੇ ਕਲਰਕ ਨੂੰ ਜਗਾਇਆ ਤੇ ਇਕ ਕਮਰੇ ਦੀ ਮੰਗ ਕੀਤੀ।
"ਸਿੰਗਲ ਬੈੱਡਰੂਮ ਹੀ ਮਿਲ ਸਕਦਾ ਏ" ਉਸ ਨੇ ਨਿੰਦਰਾਈ ਆਵਾਜ ਵਿਚ ਸਾਨੂੰ ਦੋਹਾਂ ਨੂੰ ਵੇਖ ਕੇ ਕਿਹਾ। ਉਸ ਨੇ ਪੰਜਾਹ ਰੁਪਏ ਮੰਗੇ। ਮੈਂ ਆਪਣੇ ਨਾਲ ਵਾਲੀ ਔਰਤ ਵੱਲ ਵੇਖ ਕੇ ਉਸ ਦੀ ਮਰਜੀ ਜਾ ਇੰਨਕਾਰ ਬਾਰੇ ਜਾਨਣਾ ਚਾਹਿਆ। ਉਹ ਵੀ ਮੇਰੇ ਵਾਂਗ ਹੀ ਥਕੀ ਅਤੇ ਠੰਢ ਨਾਲ ਠੁਰ- ਠੁਰ ਕਰਦੀ ਹੋਈ ਆਪਣਾ ਸ਼ਾਲ ਆਪਣੇ ਉਤੇ ਕਸੀ ਜਾ ਰਹੀ ਸੀ। "ਠੀਕ ਹੈ ਚਲੋ ਜੀ! ਉਸ ਨੇ ਬੋਲ ਕੇ ਵੀ ਮਨਜੂਰੀ ਦੇ ਦਿੱਤੀ ਸੀ। ਫਿਰ ਮੈਂ ਆਪਣੇ ਪਰਸ ਚੋਂ ਕੱਢ ਕੇ ਪੰਜਾਹ ਰੁਪਏ ਫੜਾ ਦਿੱਤੇ। ਉਸ ਔਰਤ ਦਾ ਪਰਸ ਤਾਂ ਬੱਸ ਵਿਚ ਹੀ ਰਹਿ ਗਿਆ ਸੀ। ਅਸੀਂ ਪਹਿਲੇ ਫਲੋਰ ਦੇ ਕਮਰਾ ਨੰ ਸੱਤ ਵਿੱਚ ਪਹੁੰਚੇ। ਮੈਂ ਤਾਂ ਪਈ ਹੋਈ ਕੁੱਟ ਅਤੇ ਮੋਢੇ ਦੀ ਸੱਟ ਕਾਰਨ ਨਿਡਾਲ ਸੀ ਅਤੇ ਝੱਟ ਹੀ ਬੈੱਡ ਤੇ ਡਿੱਗ ਪਿਆ। ਮੈਨੂੰ ਨੀਂਦ ਦਬਾਅ ਰਹੀ ਸੀ। ਉਸ ਔਰਤ ਨੇ ਦਰਵਾਜੇ ਦੀ ਕੁੰਡੀ ਬੰਦ ਕੀਤੀ ਤੇ ਕਹਿਣ ਲੱਗੀ ਕਿ ਤੁਸੀਂ ਸੌਂ ਜਾਉ ਮੈਂ ਬੈਠਾਂਗੀ। ਮੈਂ ਠੰਢ ਨਾਲ ਕੰਬਦਾ ਹੋਇਆ ਵੀ ਸੌਂ ਗਿਆ। ਬੱਸ ਇੰਨਾ ਪਤਾ ਹੈ ਕਿ ਕੁਝ ਦੇਰ ਬਾਅਦ ਮੇਰੇ 'ਤੇ ਇਕ ਸ਼ਾਲ ਪਾ ਦਿੱਤਾ ਗਿਆ। ਫਿਰ ਕੁਝ ਦੇਰ ਬਾਅਦ ਉਹ ਵੀ ਉਸੇ ਹੀ ਬੈਡ ਤੇ ਮੇਰੇ ਨਾਲ ਲੇਟ ਗਈ ਸੀ ਤੇ ਠੰਢ ਨਾਲ ਕੰਬ ਰਹੀ ਸੀ। ਅਚਾਨਕ ਅਸੀਂ ਜੱਫੀਆਂ ਵਿਚ ਕੱਸੇ ਗਏ।
ਸਾਡੇ ਆਪਣੇ ਆਪ ਤੇ ਕੰਟਰੋਲ ਨਾ ਰਿਹਾ ਤੇ ਅਸੀਂ ਪਤਾ ਨਹੀਂ ਕਿਹੜੇ ਸਮੇਂ ਵਰਜਿਤ ਕਾਰਜ ਕਰ ਲਿਆ।
ਸਵੇਰ ਹੋਈ। ਅਸੀਂ ਜਾਗੇ। ਮੈਂ ਉਸ ਤੋਂ ਮੁਆਫੀ ਮੰਗੀ ਤੇ ਕਿਹਾ ਕਿ ਮੈਂ ਉਹਨਾਂ ਤੋਂ ਤਾਂ ਤੁਹਾਡੀ ਇੱਜਤ ਬਚਾਈ ਪਰ ਆਪਣੇ ਆਪ ਤੋਂ ਨਾ ਬਚਾਅ ਸਕਿਆ! ਮੈਂ ਸ਼ਰਮਿੰਦਾ ਹਾਂ।"
ਨਹੀਂ!ਨਹੀਂ!! ਤੁਹਾਡੇ ਤੋਂ ਮੇਰੀ ਇੱਜਤ ਸੁਰਿਖਅਤ ਹੈ। ਤੁਸੀਂ ਮੇਰਾ ਕੁਝ ਨਹੀਂ ਲੁਟਿਆ। ਇਹ ਤਾਂ ਸੁਤੇ ਸਿੱਧ ਹੀ ਪ੍ਰਸਪਰ ਸਮਰਪਣ ਸੀ।" ਉਸ ਕਿਹਾ ਤੇ ਮੈਂ ਨੀਵੀਂ ਪਾ ਲਈ। ਮੈਂ ਉਸ ਵਲ ਵੇਖਣ ਤੋਂ ਅਸਮਰਥ ਸਾਂ।
"ਤੁਸੀਂ ਇੰਨੀ ਰਾਤ ਇਕੱਲੇ ਹੀ ਸਫਰ ਕਰਨ ਬਾਰੇ ਕਿਉਂ ਸੋਚਿਆ?" ਮੈਂ ਨੀਵੀਂ ਪਾਈ ਹੀ ਉਸ ਨੂੰ ਸਾਹਮਣੇ ਖੜੀ ਦੇ ਪੈਰਾਂ ਵੱਲੇ ਦੇਖਦੇ ਨੇ ਪੁਛਿਆ "ਕੀ ਦੱਸਾਂ! ਮੈਂ ਕਾਲਕਾ ਤੋਂ ਚੰਡੀਗੜ੍ਹ ਸੱਤ ਵਜੇ ਸ਼ਾਮ ਆਪਣੇ ਭੈਣ ਭਣਵੀਏ ਦੇ ਘਰ ਪਹੁੰਚੀ ਸੀ। ਮੇਰੀ ਸਲਾਹ ਰਾਤ ਇਥੇ ਰਹਿ ਕੇ ਸਵੇਰੇ ਲੁਧਿਆਣੇ ਬੱਸ ਰਾਹੀਂ ਜਾਣ ਦੀ ਸੀ। ਇਥੇ ਆ ਕੇ ਮੈਨੂੰ ਪਤਾ ਲੱਗਾ ਕੇ ਮੇਰੀ ਭੈਣ ਬਚਿਆਂ ਨਾਲ ਸਾਡੀ ਛੋਟੀ ਭੈਣ ਕੋਲ ਕਰਨਾਲ ਗਈ ਹੋਈ ਸੀ। ਘਰ ਵਿੱਚ ਇਕੱਲਾ ਮੇਰਾ ਜੀਜਾ ਹੀ ਸੀ। ਮੈਨੂੰ ਉਸ ਬਾਰੇ ਸਭ ਪਤਾ ਸੀ ਜੇ ਮੈਂ ਰਾਤ ਉਥੇ ਰਹਿ ਪੈਂਦੀ ਤਾਂ ਮੇਰੇ ਜੀਜੇ ਨੇ ਮੇਰੀ ਇਜਤ ਕਈ ਵਾਰ ਲੁੱਟਣੀ ਸੀ। ਇਹ ਸੋਚ ਕੇ ਮੈਂ ਡਰ ਗਈ ਅਤੇ ਹਰ ਹਾਲਤ ਵਿੱਚ ਉਥੋਂ ਜਾਣ ਬਾਰੇ ਸੋਚਿਆ। ਇਹ ਸੋਚਦਿਆਂ ਹੀ ਮੈਂ ਆਪਣਾ ਪਰਸ ਅਤੇ ਬੈਗ ਚੁਕਿਆ ਅਤੇ ਉਸ ਚੌਂਕ ਵੱਲ ਚਲ ਪਈ ਜਿਥੋਂ ਬੱਸਾਂ ਮਿਲਦੀਆਂ ਸਨ। ਮੈਂ ਇਥੋਂ ਕਈ ਵਾਰ ਬੱਸ ਤੇ ਚੜੀ ਸੀ। ਮੈਨੂੰ ਇਹ ਖਿਆਲ ਹੀ ਨਹੀਂ ਸੀ ਕਿ ਪੰਜਾਬ ਵਿੱਚ ਰੌਲੇਰਪੇ ਕਾਰਨ ਸਰਕਾਰ ਨੇ ੫ ਵਜੇ ਤੋਂ ਬਾਅਦ ਬੱਸਾਂ ਚਲਣੀਆਂ ਬੰਦ ਕੀਤੀਆਂ ਹੋਈਆਂ ਸਨ। ਜਦੋਂ ਮੈਂ ਚੌਂਕ ਤੇ ਪਹੁੰਚੀ ਤਾਂ ਲਾਲ ਬੱਤੀ ਕਾਰਨ ਇਹ ਬੱਸ ਚੌਂਕ ਦੇ ਦੂਜੇ ਪਾਸੇ ਖੜੀ ਸੀ ਅਤੇ ਮੈਂ ਦੂਰੋਂ ਹੀ ਇਸ ਦੇ ਅੱਗੇ ਲੁਧਿਆਣਾ ਲਿਖਿਆ ਹੋਇਆ ਪੜ੍ਹ ਕੇ ਬੇਫਿਕਰ ਹੋ ਗਈ ਸੀ। ਤਾਂ ਹੀ ਤਾਂ ਮੈਂ ਹਰੀ ਬੱਤੀ ਹੋਣ ਤੇ ਇਸ ਬੱਸ ਨੂੰ ਇਸ਼ਾਰਾ ਕੀਤਾ ਅਤੇ ਬੁਰੀ ਨੀਤ ਵਾਲੇ ਡਰਾਈਵਰ ਨੇ ਬੱਸ ਰੋਕ ਦਿੱਤੀ ਸੀ। ਮੇਰੇ ਬੱਸ ਦੇ ਚੜ੍ਹਨ ਨਾਲ ਹੀ ਤੁਸੀਂ ਵੀ ਕੰਡਕਟਰ ਦੇ ਰੋਕਦਿਆਂ ਰੋਕਦਿਆਂ ਚੜ੍ਹ ਗਏ ਸੀ। ਇਸ ਤਰ੍ਹਾਂ ਮੈਂ ਆਪਣੇ ਜੀਜੇ ਤੋਂ ਇਜੱਤ ਬਚਾਉਣ ਲਈ ਭੱਜੀ ਸੀ ਅਤੇ ਜੇ ਤੁਸੀਂ ਨਾ ਹੁੰਦੇ ਤਾਂ ਉਹਨਾਂ ਦਰਿੰਦਿਆਂ ਨੇ ਮੇਰੀ ਇਜੱਤ ਰੋਲ ਦੇਣੀ ਸੀ।" ਇਹ ਆਖਕੇ ਉਹ ਮੇਰੇ ਵੱਲ ਵਧੀ ਅਤੇ ਉਸ ਨੇ ਆਪਣਾ ਸਿਰ ਮੇਰੇ ਸੱਜੇ ਮੋਢੇ ਤੇ ਟਿਕਾ ਦਿੱਤਾ ਜਿੱਸ ਪਾਸੇ ਸੱਟ ਨਹੀਂ ਸੀ ਲੱਗੀ।
"ਹੁਣ ਤੁਸੀਂ ਕਿਧਰ ਜਾਣਾ ਹੈ ਮੈਂ ਪੁਛਿਆ, ਮੈਂ ਜਗਰਾਓਂ ਜਾਵਾਂਗੀ"
ਅਸੀਂ ਹੋਟਲ ਤੋਂ ਚੱਲੇ ਅਤੇ ਮੁੱਖ ਸੜਕ ਤੇ ਆ ਕੇ ਮੈਂ ਉਸ ਨੂੰ ਬੱਸ ਅੱਡੇ ਵੱਲ ਜਾਣ ਵਾਲੇ ਆਟੋ ਤੇ ਬਿੱਠਾ ਦਿੱਤਾ।
ਇਹ ਸੀ ਵਿਥਿਆ ਜੋ ਲੰਚ ਬਰੇਕ ਵਿੱਚ ਕਰਨੈਲ ਸਿੰਘ ਨੇ ਸੁਣਾਈ। ਅਸੀਂ ਪੰਦਰਾਂ ਜਣਿਆ ਨੇ ਬੜੀ ਹੀ ਇਕਾਗਰਤਾ ਨਾਲ ਸੁਣੀ ਅਤੇ ਸਾਡੇ ਮਨਾਂ ਵਿੱਚ ਕਰਨੈਲ ਸਿੰਘ ਦੀ ਸ਼ਰਾਫਤ ਉਵੇਂ ਹੀ ਕਾਇਮ ਰਹੀ ਪਰ ਅਸੀਂ ਉਸ ਦੀ ਬਹਾਦਰੀ ਉੱਤੇ ਕਾਇਲ ਵੀ ਹੋ ਗਏ।