ਸ਼ਬਦਾਂ ਤੇ ਰੰਗਾਂ ਰਾਹੀਂ ਗਿਆਨ ਦੇ ਦੀਵੇ ਬਾਲ਼ਦੇ ਹੋਏ ਅਜਾਇਬ ਚਿੱਤਰਕਾਰ ੩ ਜੁਲਾਈ, ੨੦੧੨ ਨੂੰ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦੇ ਜਾਣ ਨਾਲ ਖਾਸ ਕਰਕੇ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਘਾਟਾ ਪਿਆ। ਇੱਥੋਂ ਤੀਕਰ ਕੇ ਪੰਜਾਬ ਦੇ ਮੁੱਖ-ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੇ ਦੁੱਖ-ਭਰੇ ਸੰਦੇਸ਼ ਵਿਚ ਕਿਹਾ ਸੀ, "ਇਹੋ ਜਿਹੇ ਸ਼ਖ਼ਸ ਬਹੁਤ ਹੀ ਘੱਟ ਹੁੰਦੇ ਨੇ ਜਿਹਨਾਂ ਨੇ ਇੱਕੋ ਸਮੇਂ ਤੇ ਚਿੱਤਰਕਾਰੀ ਅਤੇ ਕਵਿਤਾ ਵਿੱਚ ਨਾਮਣਾ ਖੱਟਿਆ ਹੋਵੇ। ਅਜਾਇਬ ਚਿੱਤਰਕਾਰ ਨੇ ਆਪਣੀ ਕਲਮ ਤੇ ਬੁਰਸ਼ ਰਾਹੀਂ ਪੰਜਾਬੀ ਕਲਾ ਤੇ ਸੱਭਿਆਚਾਰ ਵਿੱਚ ਵੱਡਾ ਯੋਗਦਾਨ ਪਾਇਆ ਹੈ"।
ਅਜਾਇਬ ਚਿੱਤਰਕਾਰ ਉੱਚਕੋਟੀ ਦੇ ਸ਼ਾਇਰ, ਵਾਰਤਾਕਾਰ, ਸੰਪਾਦਕ, ਅਨੁਵਾਦਕ ਅਤੇ ਚਿੱਤਰਕਾਰ ਹੋਏ ਹਨ। ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿਚ ਬੜੀਆਂ ਹੀ ਤੰਗੀਆਂ-ਤੁਰਸ਼ੀਆਂ ਹੰਢਾਈਆਂ। ਪੰਜਾਬੀ ਸ਼ਾਇਰੀ ਦੀ ਸ਼ਾਇਦ ਹੀ ਕੋਈ ਐਸੀ ਮਹਿਫ਼ਲ ਹੋਵੇਗੀ, ਜਿਸ ਵਿਚ ਅਜਾਇਬ ਚਿਤਰਕਾਰ ਨੇ ਸ਼ਿਰਕਤ ਨਾ ਕੀਤੀ ਹੋਵੇ। ਇੱਥੋਂ ਤੀਕਰ ਕਿ ਜਦੋਂ ਉਨ੍ਹਾਂ ਦੀ ਸਿਹਤ 'ਕੱਲਿਆ ਤੁਰਨ ਦੀ ਇਜਾਜ਼ਤ ਨਹੀਂ ਸੀ ਦਿੰਦੀ, ਤਦ ਵੀ ਉਹ ਸਿਰੜੀ ਇਨਸਾਨ ਬੇਟੀ ਦਾ ਸਹਾਰਾ ਲੈ ਕੇ ਪੰਜਾਬੀ ਭਵਨ ਵਿਖੇ ਗ਼ਜ਼ਲ ਮੰਚ ਦੀਆਂ ਇਕੱਤਰਤਾਵਾਂ ਵਿਚ ਹਾਜ਼ਿਰ ਹੋਇਆ ਕਰਦੇ ਸਨ। ਇਕ ਵਾਰ ਸ਼ਿਅਰ ਸੁਣਾ ਰਹੇ ਸਨ, ਅੱਧਾ ਮਿਸਰਾ ਭੁੱਲ ਗਏ, ਪ੍ਰੋ: ਗੁਰਭਜਨ ਗਿੱਲ ਨੇ ਪੂਰਾ ਕੀਤਾ ਸੀ। ਸ਼ਿਅਰ ਸੀ:
ਪਾ ਪਾ ਕੇ ਪਾਣੀ ਪਾਲਣਾ ਫੁੱਲਾਂ ਨੂੰ ਠੀਕ ਹੈ,
ਪਲਦੀ ਨਹੀਂ ਹੈ ਪਰ ਕਲਾ ਦਿਲ ਦੇ ਲਹੂ ਬਗੈਰ।
ਅਜਾਇਬ ਚਿੱਤਰਕਾਰ ਦਾ ਮੇਲ 'ਅਬਦੁਲ ਰਸ਼ੀਦ ਹੈਦਰ' ਨਾਲ ਹੋਇਆ, ਜੋ ਸ਼ਾਇਰ ਵੀ ਸਨ ਤੇ ਚਿੱਤਰਕਾਰ ਵੀ। ਉਨ੍ਹਾਂ ਨੇ ਕਿਹਾ ਸੀ, "ਸ਼ਾਇਰੀ ਲਫ਼ਜ਼ਾਂ ਅਤੇ ਖ਼ਿਆਲਾਂ ਦੇ ਸੁਮੇਲ 'ਚੋਂ ਪੈਦਾ ਹੁੰਦੀ ਹੈ। ਖ਼ਿਆਲ ਨਾਲੋਂ ਵੀ ਵੱਧ ਅਹਿਮੀਅਤ ਖ਼ਿਆਲ ਦੀ ਪੇਸ਼ਕਾਰੀ ਦੀ ਹੁੰਦੀ ਹੈ। ਸ਼ਾਇਰੀ ਵਿਚ ਖ਼ਬਸੂਰਤ ਅੰਦਾਜ਼ ਲਗਾਤਾਰ ਮਿਹਨਤ ਅਤੇ ਰਿਆਜ਼ ਕਰਕੇ ਹੀ ਹਾਸਲ ਕੀਤਾ ਜਾ ਸਕਦਾ ਹੈ"। ਅਜਾਇਬ ਜੀ ਨੇ ਇਹ ਗੱਲ ਪੱਲੇ ਬੰਨ ਲਈ। ਉਨ੍ਹਾਂ ਦਾ ਸ਼ਿਅਰ ਹਾਜ਼ਿਰ ਹੈ:
ਰੰਗ ਖ਼ਸ਼ਬੂ ਦਾ, ਹਵਾ ਦਾ ਜਿਸਮ, ਨਗ਼ਮੇ ਦਾ ਲਿਬਾਸ,
ਲੈ ਕੇ ਅੱਜ ਇਕ ਨਕਸ਼ ਕਰਨਾ ਹੈ ਉਜਾਗਰ ਦੋਸਤੋ।
ਅਜਾਇਬ ਚਿਤਰਕਾਰ ਨੇ ਢੇਰ ਸਾਰੀਆਂ ਪੁਸਤਕਾਂ ਦੀ ਰਚਨਾ ਕੀਤੀ। ਪਹਿਲੀ ਪੁਸਤਕ 'ਦੁਮੇਲ' (੧੯੪੭), ਜਿਸ ਦਾ ਵਰਕਾ-ਵਰਕਾ ਫ਼ਸਾਦਾਂ ਦੀ ਭੇਂਟ ਚੜ੍ਹ ਗਿਆ। 'ਭੁਲੇਖੇ' (੧੯੪੯), 'ਸੱਜਰੀ ਪੈੜ' ਅਤੇ 'ਸੂਰਜ ਮੁਖੀਆ' (੧੯੫੫), 'ਚਾਰ ਜੁਗ' (੧੯੬੦), ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਖੰਡ-ਕਾਵਿ 'ਸੱਚ ਦਾ ਸੂਰਜ' (੧੯੭੪), 'ਆਵਾਜ਼ਾਂ ਦੇ ਰੰਗ' (੧੯੭੬), 'ਨਗ਼ਮੇ ਦਾ ਲਿਬਾਸ' (੧੯੮੨), 'ਖ਼ਾਬਾਂ ਦਾ ਸ਼ਹਿਜ਼ਾਦਾ (ਕ੍ਰਿਸ਼ਨ ਅਦੀਬ)' (੧੯੯੦), 'ਸੁਪਨਿਆਂ ਦਾ ਟਾਪੂ' (੧੯੯੮), 'ਰੰਗ ਸਵੇਰਾ ਸ਼ਾਮਾਂ ਦੇ' (੨੦੦੮), 'ਜ਼ਖ਼ਮੀ ਖ਼ਿਆਲ ਦਾ ਚਿਹਰਾ' ਅਤੇ 'ਪਹਿਲੀ ਕਿਰਨ' ਉਸ ਦੀਆ ਬਿਹਤਰਰੀਨ ਕਵਿਤਾਵਾਂ ਦੀਆ ਪੁਸਤਕਾਂ ਹਨ।
ਪੰਜਾਬੀ ਸਾਹਿਤ ਵਿਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਸ੍ਰੀ ਅਜਾਇਬ ਚਿੱਤ੍ਰਕਾਰ ਨੂੰ ਸਰਕਾਰੀ ਤੇ ਗ਼ੈਰ-ਸਰਕਾਰੀ ਕਈ ਮਾਣ-ਸਨਮਾਨ ਮਿਲੇ ਸਨ। ਸਾਲ ੨੦੦੦ ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਅਜਾਇਬ ਚਿੱਤਰਕਾਰ ਨੂੰ 'ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ' ਪ੍ਰਦਾਨ ਕੀਤਾ ਗਿਆ। 'ਬਾਲ ਦਰਬਾਰ' ਦੀ ਸੰਪਾਦਨਾ ਦੇ ਅਭਿਆਸ ਸਦਕਾ ਹੀ ਉਨ੍ਹਾਂ ਨੇ ਪੰਜਾਹ ਤੋਂ ਵੱਧ ਬਾਲ ਪੁਸਤਕਾਂ ਦੀ ਸਿਰਜਣਾ ਕੀਤੀ। ਇਸ ਘਾਲਣਾ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਅਜਾਇਬ ਚਿੱਤਰਕਾਰ ਨੂੰ 'ਸ਼੍ਰੋਮਣੀ ਬਾਲ ਸਾਹਿਤਕਾਰ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ। 'ਸਾਹਿਤ ਸਮਾਚਾਰ' ਦੀ ਸੰਪਾਦਨਾ ਕਰਕੇ ਉਨ੍ਹਾਂ ਨੂੰ ਵਾਰਤਕ 'ਤੇ ਵੀ ਆਬੂਰ ਹਾਸਲ ਹੋਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਗਈ ਉਨ੍ਹਾਂ ਦੀ ਪੁਸਤਕ 'ਮੇਰੀ ਸਾਹਿਤਕ ਸਵੈ-ਜੀਵਨੀ' ਵਿਚ ਅਜਾਇਬ ਦੀ ਵਾਰਤਕ ਸਿਖਰਾਂ ਨੂੰ ਛੂੰਹਦੀ ਹੈ।
ਚਿੱਤਰਕਾਰੀ ਦੇ ਖੇਤਰ ਵਿਚ ਅਜਾਇਬ ਚਿੱਤਰਕਾਰ ਦੀ ਪੁਸਤਕ 'ਪੰਜਾਬੀ ਚਿਤਰਕਾਰ' ਵਿੱਚ ਪੰਜਾਬ ਦੇ ਪੈਂਤੀ ਚਿੱਤਰਕਾਰਾਂ ਨਾਲ ਸਬੰਧਤ ਲੇਖ ਸ਼ਾਮਿਲ ਹਨ। ਉਹ ਅਜ਼ੀਮ ਸ਼ਾਇਰ ਸੀ ਜਿਸ ਨੇ ਢੇਰ ਸਾਰੀਆਂ ਨਜ਼ਮਾਂ, ਗੀਤਾਂ, ਗ਼ਜ਼ਲਾਂ ਲਿਖਣ ਦੇ ਨਾਲ-ਨਾਲ ਅਨੇਕ ਚਿੱਤਰ ਵੀ ਬਣਾਏ। ਅਨੁਵਾਦ ਦੇ ਖੇਤਰ ਵਿਚ ਵੀ ਜ਼ਿਕਰਯੋਗ ਕਾਰਜ ਕਰਕੇ ਖ਼ੂਬ ਨਾਮਣਾ ਖੱਟਿਆ। ਇਹ ਵੀ ਬੜੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ੧੯੬੦ ਵਿੱਚ ਰਵਿੰਦਰ ਨਾਥ ਟੈਗੋਰ ਦੀ ਪ੍ਰਸਿੱਧ ਪੁਸਤਕ 'ਗੀਤਾਂਜਲੀ' ਦਾ ਅਨੁਵਾਦ ਕੀਤਾ। ਸੰਸਕ੍ਰਿਤ ਦੇ ਪ੍ਰਸਿੱਧ ਲੇਖਕ ਮਹਾਂ ਕਵੀ ਕਾਲੀ ਦਾਸ ਦੀ ਪੁਸਤਕ 'ਗੁਰੂ ਨਾਨਕ ਦੇਵ : ਜੀਵਨ ਤੇ ਰਚਨਾ' ਅਤੇ ਆਪਣੇ ਨਿੱਜੀ ਦੋਸਤ ਪ੍ਰਸਿੱਧ ਉਰਦੂ ਸ਼ਾਇਰ ਕ੍ਰਿਸ਼ਨ ਅਦੀਬ ਦੀ ਪੁਸਤਕ 'ਖ਼ਾਬਾਂ ਦਾ ਸ਼ਹਿਜ਼ਾਦਾ' ਦਾ ਅਨੁਵਾਦ ਵੀ ਕੀਤਾ।
ਸਾਹਿਰ ਲੁਧਿਆਣਵੀ ਨੇ ਆਪਣੇ ਯਾਰ ਦੀ ਪੁਖ਼ਤਾ ਸ਼ਾਇਰੀ ਨੂੰ ਸਲਾਮ ਕਰਦਿਆਂ ਕਿਹਾ ਸੀ, "ਅਜਾਇਬ ਚਿਤ੍ਰਕਾਰ ਆਪਣੀਆਂ ਗ਼ਜ਼ਲਾਂ ਵਿਚ ਜਾਤ ਤੋਂ ਕਾਇਨਾਤ ਵੱਲ ਸਫ਼ਰ ਕਰਦਾ ਮਹਿਸੂਸ ਹੁੰਦਾ ਹੈ। ਉਸ ਦਾ ਸੁਖ਼ਨ ਪੜ੍ਹਨ ਵਾਲੇ ਲਈ ਨਵੀਂ ਤੇ ਸੱਜਰੀ ਜ਼ਿੰਦਗੀ ਦਾ ਪੈਗ਼ਾਮ ਹੈ"।
ਉਰਦੂ ਸ਼ਾਇਰ ਕ੍ਰਿਸ਼ਨ ਅਦੀਬ ਨੇ ਆਪਣੇ ਅਜ਼ੀਮ ਮਿੱਤਰ ਦੀ ਲੇਖਣੀ ਉੱਤੇ ਵੀਚਾਰ ਅਭਿਵਿਅਕਤ ਕਰਦਿਆਂ ਲਿਖਿਆ ਸੀ, "ਬਹੁਤ ਚੁਪ-ਚਾਪ, ਸੰਜੀਦਾ, ਸਾਰੀ ਦੁਨੀਆਂ ਸੇ ਬੇ-ਖ਼ਬਰ, ਸਾਈਕਲ ਚਲਾਨੇ ਵਾਲਾ ਅਜਾਇਬ ਚਿਤ੍ਰਕਾਰ ਜਬ ਅਪਨੀ ਜਾਤ ਕੇ ਗਹਿਰੇ ਸਮੁੰਦਰ ਮੇਂ ਗੋਤਾ-ਜ਼ਨ ਹੋਤਾ ਹੈ ਤੋਂ ਗਜ਼ਲ ਕੇ ਸੁੱਚੇ ਮੋਤੀ ਲੇਕਰ ਆਤਾ ਹੈ। ਮੈਂਨੇ ਉਸੇ ਔਰ ਉਸ ਕੀ ਸ਼ਾਇਰੀ ਕੋ ਬਹੁਤ ਕਰੀਬ ਸੇ ਦੇਖਾ ਹੈ"।
ਸ਼ਾਇਰ ਡਾ. ਰਣਧੀਰ ਸਿੰਘ ਚੰਦ ਨੇ ਆਪਣੇ ਅਜ਼ੀਮ ਸ਼ਾਇਰ ਦੋਸਤ ਅਜਾਇਬ ਚਿਤ੍ਰਕਾਰ ਦੀ ਸ਼ਾਇਰੀ ਉੱਤੇ ਟਿੱਪਣੀ ਕਰਦਿਆਂ ਲਿਖਿਆ ਸੀ, "ਅਜਾਇਬ ਦੀ ਕਾਵਿ-ਰਚਨਾ ਵਿਚ ਕਿਤੇ ਵੀ ਅਪਸਾਰਵਾਦੀ ਰੁਚੀ ਅਥਵਾ ਨਿਰਾਸ਼ਾਵਾਦੀ ਰੁਦਨ ਦਿਖਾਈ ਨਹੀਂ ਦਿੰਦਾ। ਦਿਨਾਂ, ਸ਼ਾਮਾਂ, ਰਾਤਾਂ ਦੀ ਅੱਕਾਸੀ ਕਰਦਾ ਹੋਇਆ ਉਹ ਸ਼ਿਅਰਾਂ ਵਿਚ ਕਾਲਗਤੋ ਚੇਤਨਾ ਦਾ ਪ੍ਰਗਟਾਵਾ ਤਾਂ ਕਰਦਾ ਹੀ ਹੈ, ਨਾਲ ਹੀ ਨਾਲ ਮੁਸ਼ਕਿਲ ਅਤੇ ਦੁੱਖਾਂ ਦਾ ਦਲੇਰੀ ਨਾਲ ਟਾਕਰਾ ਕਰਨ ਦੀ ਉਤੇਜਨਾ ਵੀ ਪ੍ਰਦਾਨ ਕਰਦਾ ਹੈ"।
ਪ੍ਰਸਿੱਧ ਲੇਖਕਾ ਅੰਮ੍ਰਿਤਾ ਪ੍ਰੀਤਮ ਨੇ 'ਭਲੇਖੇ' ਪੁਸਤਕ ਉੱਤੇ ਵੀਚਾਰ ਪ੍ਰਗਟਾਉਂਦਿਆਂ ਲਿਖਿਆ ਸੀ ਕਿ ਭੁਲੇਖੇ ਵਿਚ ਰਸਿਕ ਕਲਮ ਦੇ ਕਲੋਨ ਹਨ, ਜੋ ਕਵੀ ਨੇ ਨਿਵੇਕਲਿਆਂ ਬੈਠ ਕੇ ਸੁੰਦਰ ਲਫ਼ਜ਼ਾਂ ਦੇ ਸੂਖ਼ਮ ਭਾਵਾਂ ਨਾਲ ਕੀਤੇ ਹਨ। ਇਸ਼ਕ ਦੇ ਇਤਿਹਾਸ ਵਿੱਚੋਂ ਸੁਪਨਿਆਂ, ਸੁਹਜਾਂ, ਸੁਗੰਧਾਂ ਦੇ ਵਰਣਨ ਹਨ। ਸਭ ਤੋਂ ਵੱਡਾ ਗੁਣ ਜੋ ਮੈਨੂੰ ਇਸ ਕਵੀ ਵਿਚ ਦਿੱਸਿਆ ਹੈ, ਉਹ ਇਹ ਹੈ ਕਿ ਉਸ ਨੇ ਆਪਣੇ ਜਾਣੇ-ਪਛਾਣੇ ਜਜ਼ਬਿਆਂ ਨੂੰ ਜ਼ੋਰ ਭਰੀ ਬੋਲੀ ਵਿਚ ਆਖਿਆ ਹੈ, 'ਪਿਆਰ ਦੀ ਦਾਅਵਤ ਦੇ ਕੇ, ਕੋਈ ਕਿਉਂ ਭੁੱਖਾਂ ਅਜ਼ਮਾਏ'।
ਪ੍ਰੋ: ਮੋਹਨ ਸਿੰਘ ਵਾਂਗ ਅਜਾਇਬ ਚਿੱਤ੍ਰਕਾਰ ਨੇ ਵੀ ਆਰਥਿਕ ਬਿਖ਼ਮਤਾਵਾਂ ਨੂੰ ਭਲੀ-ਭਾਂਤ ਅਨੁਭਵ ਕਰਦਿਆਂ ਹੋਇਆ ਸਮਾਜਿਕ ਨਾਬਰਾਬਰੀ ਦੇ ਦੁਖਾਂਤ ਨੂੰ ਆਪਣੇ ਬਹੁਤੇ ਸ਼ਿਅਰਾਂ ਦਾ ਵਿਸ਼ਾ ਬਣਾਉਣ ਦਾ ਸਾਹਸ ਕੀਤਾ। ਉਨ੍ਹਾਂ ਦੇ ਵੀਚਾਰਾਂ ਵਿਚ ਠਰੰ੍ਹਮਾ ਸੀ ਤੇ ਪ੍ਰਗਟਾਓ ਵਿੱਚ ਸੂਖ਼ਮਤਾ ਸੀ।
ਸ੍ਰੀ ਅਜਾਇਬ ਚਿਤਰਕਾਰ ਦਾ ਸ਼ੁਮਾਰ ਉਨ੍ਹਾਂ ਦੇ ਸਮਕਾਲੀ ਸ਼ਾਇਰਾਂ ਪ੍ਰਿੰਸੀਪਲ ਤਖ਼ਤ ਸਿੰਘ ਅਤੇ ਦੀਪਕ ਜੈਤੋਈ ਸੰਗ ਕੀਤਾ ਜਾਂਦਾ ਹੈ। ਇਨ੍ਹਾਂ ਤਿੰਨਾਂ ਸ਼ਾਇਰਾਂ ਨੂੰ ਗ਼ਜ਼ਲ ਸਕੂਲ ਦਾ ਮੁਖੀ ਮੰਨਿਆ ਜਾਂਦਾ ਹੈ ਅਤੇ ਗ਼ਜ਼ਲ ਦੇ ਉਪਾਸਕਾਂ ਵੱਲੋਂ ਇਹ ਸ਼ਗਿਰਦੀ ਪਰਵਾਨ ਕੀਤੀ ਗਈ ਹੈ। ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੀ ਅਜਾਇਬ ਚਿੱਤਰਕਾਰ ਦੇ ਨਾਂ 'ਤੇ ਪੰਜਾਬੀ ਸਾਹਿਤ ਵਿੱਚ ਪਾਏ ਵੱਡੇਮੁੱਲੇ ਯੋਗਦਾਨ ਤੇ ਸਮੁੱਚੀ ਰਚਨਾ ਲਈ 'ਸ੍ਰੀ ਅਜਾਇਬ ਚਿੱਤਰਕਾਰ ਪੁਰਸਕਾਰ' ਅਤੇ 'ਬਾਲ ਸਾਹਿਤ ਪੁਰਸਕਾਰ' ਸ਼ੂਰੁ ਕੀਤੇ ਗਏ ਹਨ।
ਜਗਤ-ਪ੍ਰਸਿੱਧ ਪੰਜਾਬੀ ਕਵੀ ਅਤੇ ਚਿੱਤਰਕਾਰ ਦੁਆਰਾ ਬਣਾਏ ਚਿੱਤਰ, ਸ਼ਿਅਰ ਤੇ ਨਜ਼ਮਾਂ ਬੁਝ ਕੇ ਰਾਖ ਹੋਣ ਵਾਲੇ ਨਹੀਂ, ਸਗੋਂ ਹਨੇਰੀਆਂ ਰਾਤਾਂ 'ਚ ਚਾਂਦੀ ਦੀ ਲੀਕ ਬਣ ਕੇ ਰੋਸ਼ਨ ਕਰਨ ਦੀ ਸਮਰੱਥਾ ਰੱਖਦੇ ਹਨ। ਅਜਾਇਬ ਜੀ ਅਕਸਰ ਹੀ ਕਿਹਾ ਕਰਦੇ ਸਨ, "ਜਿਹੜਾ ਸਿਤਮ ਨਾਲ ਲੋਹਾ ਲੈਣ ਦਾ ਜੇਰਾ ਨਹੀਂ ਰੱਖਦਾ, ਉਹ ਕਾਹਦਾ ਲਿਖਾਰੀ ਹੈ?" ਆਉ ਦੇਖਦੇ ਹਾਂ, ਉਨ੍ਹਾਂ ਦੇ ਗ਼ਜ਼ਲ-ਸੰਗ੍ਰਹਿ 'ਆਵਾਜ਼ਾਂ ਦੇ ਰੰਗ' ਚੋਂ ਇਹ ਸ਼ਿਅਰ:
ਪਾਣੀ ਨੂੰ ਅੱਗ ਲਾ ਗਈ, ਸੁਲਫ਼ੇ ਦੀ ਲਾਟ ਬਣ,
ਕੱਪੜੇ ਉਤਾਰ ਝੀਲ ਵਿਚ ਤਰਦੀ ਪਈ ਏ ਸ਼ਾਮ।